ਤਖਤ ਲਾਹੌਰ ਨਾਟਕ ਦਾ ਥੀਮਕ ਪਸਾਰ
ਨਾਟਕ ‘ਤਖਤ ਲਾਹੌਰ’ ਪੰਜਾਬ ਦੇ ਲੋਕ ਨਾਇਕ ਦੁੱਲਾ ਭੱਟੀ ਦੇ ਕਿਰਦਾਰ ਅਤੇ ਉਸਦੀ ਸੋਚ ਨੂੰ ਕੇਂਦਰ ਵਿੱਚ ਰੱਖ ਕੇ ਰਚਿਆ ਗਿਆ ਹੈ । ਇਤਿਹਾਸਕਾਰਾਂ ਨੇ ਭਾਵੇਂ ‘ਦੁੱਲੇ’ ਨੂੰ ਇੱਕ ਧਾੜਵੀ ਵਜੋਂ ਚਿਤਰਿਆ ਹੈ , ਪਰ ਪੰਜਾਬ ਦੇ ਲੋਕ ਦੀ ਸਿਮਰਤੀ ਵਿੱਚ ਦੁੱਲਾ ਭੱਟੀ ਦਾ ਜੋ ਬਿੰਬ ਸਮਾਇਆ ਹੋਇਆ ਹੈ ਉਸ ਦੇ ਮੁਤਾਬਿਕ ਉਹ ਇੱਕ ਸਖੀ ਲੁਟੇਰਾ ਸੀ ਜੋ ਅਮੀਰਾਂ ਤੋਂ ਲੁੱਟ ਕੇ ਗਰੀਬਾਂ ਵਿੱਚ ਵੰਡਦਾ ਸੀ । ਲੋਕ ਸਿਮਰਤੀ ਵਿੱਚ ਦੁੱਲਾ ਪੰਜਾਬ ਦੀ ਅਣਖ ਤੇ ਸੱਤਾ ਦੇ ਖਿਲਾਫ਼ ਨਾਬਰੀ ਦੇ ਪ੍ਰਤੀਕ ਵਜੋਂ ਸਮਾਇਆ ਹੋਇਆ ਹੈ । ਸਾਡੇ ਨਾਟਕਕਾਰ ਨਜਮ ਹੁਸੈਨ ਸੱਯਦ ਨੇ ਵੀ ਦੁੱਲੇ ਨੂੰ ਲੋਕ ਨਾਇਕ ਵਜੋਂ ਪੇਸ਼ ਕੀਤਾ ਹੈ । ਨਾਟਕਕਾਰ ਨੇ ਬੜੀ ਸਫ਼ਲਤਾ ਨਾਲ ਬਿਨਾਂ ਨਾਇਕ ਦੇ ਪਾਤਰ ਦੀ ਮਜੂਦਗੀ ਦੇ , ਨਾਇਕ ਦੇ ਬਿੰਬ ਨੂੰ ਉਸਾਰਿਆ ਹੈ ਤੇ ਲੋਕ ਸਿਮਰਤੀ ਵਿੱਚ ਵਸਿਆ ਹੋਇਆ ਦਿਖਾਇਆ ਹੈ ।
ਇਸ ਦੇ ਨਾਲ ਨਾਲ ਹੀ ਇਸ ਨਾਟਕ ਵਿੱਚ , ਨਾਟਕਕਾਰ ਨੇ ਦੁੱਲਾ ਭੱਟੀ ਦੇ ਸਮਕਾਲੀ ਸ਼ਾਇਰ ਸ਼ਾਹ ਹੁਸੈਨ ਦੇ ਕਿਰਦਾਰ ਨੂੰ ਵੀ ਹੁਸੈਨ ਨਾਮੀ ਪਾਤਰ ਰਾਹੀਂ ਪੇਸ਼ ਕੀਤਾ ਹੈ । ਦਹਿਸ਼ਤ ਪਸੰਦ ਅਤੇ ਧਾੜਵੀ ਸਮਝਿਆ ਜਾਣ ਵਾਲਾ ਦੁੱਲਾ ਸੱਤਾ ਦੇ ਦਾਬੇ ਦਾ ਉੱਤਰ ਰੋਹ ਅਤੇ ਵਿਦਰੋਹ ਰਾਹੀਂ ਦਿੰਦਾ ਹੈ , ਜਦੋਂ ਕਿ ਸ਼ਾਹ ਹੁਸੈਨ ਦਾ ਜਵਾਬ ਵਿਚਾਰਧਾਰਾ ਦੇ ਪੱਧਰ ਤੇ ਦਿੰਦਾ ਹੈ । ਉਹ ਸੂਫ਼ੀ ਅਤੇ ਰਹੱਸਵਾਦੀ ਮੁਹਾਵਰੇ ਵਿੱਚ ਸਥਾਪਤੀ ਦੇ ਵਿਰੁੱਧ ਆਵਾਜ਼ ਉਠਾਉਂਦਾ ਹੈ ਤੇ ਉਸਦਾ ਰੂਹਾਨੀ ਫ਼ਲਸਫਾ ਲੋਕ ਪੱਖੀ ਧਰਾਤਲ ਤੇ ਉਸਰਿਆ ਹੋਇਆ ਹੈ ।
“ ਦੁੱਲੇ ਤੇ ਸ਼ਾਹ ਹੁਸੈਨ ਸੰਬੰਧੀ ਉਪਰੋਕਤ ਸਥਾਪਨਾ ਹੀ ਨਜਮ ਹੁਸੈਨ ਸੱਯਦ ਦੇ ਨਾਟਕ ‘ਤਖਤ ਲਾਹੌਰ ਦਾ ਕੇਂਦਰੀ ਧੁਰਾ ਹੈ ।”[1]
ਭਾਵੇਂ ਦੁੱਲਾ ਨਾਟਕ ਦੇ ਮੂਲ ਕਥਾਨਕ ਵਿੱਚ ਪਾਤਰ ਬਣ ਕੇ ਨਹੀਂ ਵਿਚਰਦਾ ਪਰ ਉਸਦੀ ਹੋਂਦ ਦਾ ਪਰਛਾਵਾਂ ‘ਤਖਤ ਲਾਹੌਰ’ ਦੇ ਨਾਟ ਸੰਸਾਰ ਤੇ ਛਾਇਆ ਹੋਇਆ ਹੈ । ਉਹ ਵੱਖ ਵੱਖ ਪਾਤਰਾਂ ਦੀ ਮਨੋਸਥਿਤੀ ਵਿੱਚ ਵਿਚਰਦਾ ਹੈ , ਸੱਤਾ ਤੇ ਇਸਦੇ ਪਿੱਠੂਆਂ ਲਈ ਉਹ ਖੌਫ਼ ਤੇ ਦਹਿਸ਼ਤ ਦਾ ਵਾਵਰੋਲਾ ਹੈ ਜਦੋਂ ਕਿ ਆਮ ਜਨਤਾ ਲਈ ਜਾਂ ਕਿਰਤੀ ਸ਼੍ਰੇਣੀ ਲਈ ਉਹ ਆਦਰਸ਼ ਹੈ ਤੇ ਵਿਦਰੋਹ ਦੀ ਪ੍ਰੇਰਣਾ ਹੈ । ਇਸ ਤਰਾਂ ਨਜਮ ਹੁਸੈਨ ਸੱਯਦ ਨੇ ਤਖਤ ਲਾਹੌਰ ਨਾਟਕ ਵਿੱਚ ਦੁੱਲਾ ਭੱਟੀ ਨੂ ਲੋਕ ਨਾਇਕ ਵਜੋਂ ਪੇਸ਼ ਕੀਤਾ ਹੈ ਤੇ ਸੱਤਾ ਦੇ ਖਿਲਾਫ਼ ਨਾਬਰੀ ਨੂੰ ਨੂੰ ਇਸਦੀ ਮੂਲ ਭਾਵਨਾ ਵਜੋਂ ਸਾਕਾਰ ਕੀਤਾ ਹੈ ।
- ↑ ਡਾ. ਜਗਬੀਰ ਸਿੰਘ , ਤਖਤ ਲਾਹੌਰ (ਭੂਮਿਕਾ), ਪੰਨਾ 9