ਤਾਰਿਆਂ ਦੇ ਨਾਲ ਗੱਲਾਂ ਕਰਦਿਆਂ/ਅੱਖਾਂ ਵਿਚ ਉਨੀਂਦਾ ਰੜਕੇ ਉਮਰਾਂ ਦੇ ਬਨਵਾਸਾਂ ਦਾ
ਦਿੱਖ
6
ਅੱਖਾਂ ਵਿਚ ਉਨੀਂਦਾ ਰੜਕੇ ਉਮਰਾਂ ਦੇ ਬਨਵਾਸਾਂ ਦਾ।
ਫੋੜਾ ਰਿਸਦਾ ਅੰਦਰ ਵੱਲ ਨੂੰ ਬੀਤ ਗਏ ਇਤਿਹਾਸਾਂ ਦਾ।
ਝੱਖੜ ਝਾਂਜਾ ਤੇਜ਼ ਹਨੇਰੀ ਅੱਗ ਬਲੇ ਪਈ ਜੰਗਲ ਵਿਚ,
ਫਿਰ ਵੀ ਬੂਟਾ ਪਾਲ ਰਿਹਾ ਹਾਂ ਰੰਗ ਬਰੰਗੀਆਂ ਆਸਾਂ ਦਾ।
ਅੱਜ ਮੇਰੇ ਨਕਸ਼ਾਂ ਤੇ ਲੀਕਾਂ ਪਾਉਣ ਵਾਲਿਉ ਸੋਚ ਲਵੋ,
ਸਮਾਂ ਆਉਣ 'ਤੇ ਕੌਣ ਚੁਕਾਊ ਲੇਖਾ ਪਈਆਂ ਲਾਸ਼ਾਂ ਦਾ।
ਜਿਹੜੇ ਫੁੱਲਾਂ ਤੇ ਰੰਗਾਂ ਦੇ ਸਿਰ 'ਤੇ ਧਰਤੀ ਮਾਣ ਕਰੇ,
ਉਨ੍ਹਾਂ ਨੂੰ ਅਗਨੀ ਵਿਚ ਸਾੜੇ ਮਾਲਕ ਕੁਝ ਸੁਆਸਾਂ ਦਾ।
ਆਪਣੇ ਪਿੰਡੇ ਸੂਈ ਦੀ ਵੀ ਚੋਭ ਨਹੀਂ ਜਰ ਸਕਦੇ ਹੋ,
ਚੇਤਾ ਅੱਜ ਕਰਾਵਣ ਓਹੀ ਜ਼ਖ਼ਮਾਂ ਦੇ ਅਹਿਸਾਸਾਂ ਦਾ।
ਜਿਸ ਨੇ ਮੇਰੇ ਵੱਸਦੇ ਪਿੰਡ ਨੂੰ ਮਿੱਟੀ ਵਿਚ ਮਿਲਾਇਆ ਹੈ,
ਉਹ ਹੀ ਅੱਜ ਬਿਠਾ ਕੇ ਮੈਨੂੰ ਸਬਕ ਦਏ ਧਰਵਾਸਾਂ ਦਾ।
*