ਸਮੱਗਰੀ 'ਤੇ ਜਾਓ

ਤਾਰਿਆਂ ਦੇ ਨਾਲ ਗੱਲਾਂ ਕਰਦਿਆਂ/ਚੰਡੀਗੜ੍ਹ ਦੇ ਬਾਗ਼ 'ਚ ਜੀਕੂੰ ਖ਼ੁਸ਼ਬੋਹੀਣ ਗੁਲਾਬ ਹੈ

ਵਿਕੀਸਰੋਤ ਤੋਂ
52800ਤਾਰਿਆਂ ਦੇ ਨਾਲ ਗੱਲਾਂ ਕਰਦਿਆਂ — ਚੰਡੀਗੜ੍ਹ ਦੇ ਬਾਗ਼ 'ਚ ਜੀਕੂੰ ਖ਼ੁਸ਼ਬੋਹੀਣ ਗੁਲਾਬ ਹੈਗੁਰਭਜਨ ਗਿੱਲ


———16———

ਚੰਡੀਗੜ੍ਹ ਦੇ ਬਾਗ਼ 'ਚ ਜੀਕੂੰ ਖ਼ੁਸ਼ਬੋਹੀਣ ਗੁਲਾਬ ਹੈ।
ਮੈਨੂੰ ਅੱਜ ਕੱਲ੍ਹ ਏਦਾਂ ਜਾਪੇ ਅਪਣਾ ਦੇਸ ਪੰਜਾਬ ਹੈ।

ਇਸ ਬੂਟੇ ਨੂੰ ਕੰਡਿਆਂ ਤੋਂ ਬਿਨ ਹੋਰ ਤਾਂ ਕੁਝ ਵੀ ਲੱਗਣਾ ਨਾ,
ਫੁੱਲਾਂ ਖ਼ਾਤਰ ਲਾਈ ਜਾਵੇ ਇਹ ਜੋ ਭਤੂਆ ਦਾਬ ਹੈ।

ਮੋਢਿਆਂ ਨਾਲੋਂ ਛਾਂਗੀਆਂ ਬਾਹਾਂ, ਬੇ-ਸਿਰ, ਪੈਰ-ਵਿਹੂਣੇ ਲੋਕ,
ਰੋਜ਼ ਰਾਤ ਨੂੰ ਅੱਜ ਕੱਲ੍ਹ ਮੈਨੂੰ ਦਿਸਦਾ ਏਹੀ ਖ਼੍ਵਾਬ ਹੈ।

ਪਾਟੀਆਂ ਲੀਰਾਂ ਵਾਂਗ ਰੁਲੇ ਨਾ ਇਹਦਾ ਵਰਕਾ ਵਰਕਾ ਵੀ,
ਸਾਂਝ-ਭਰੱਪਣ ਵਾਲੀ ਇਹ ਜੋ ਹੱਥਾਂ ਵਿਚ ਕਿਤਾਬ ਹੈ।

ਜਨਮ ਜ਼ਾਤ ਤੇ ਨਸਲਾਂ ਦੇ ਅਨੁਸਾਰ ਖ਼ੂਨ ਦਾ ਰੰਗ ਹੋਵੇ,
ਏਸ ਸੋਚ ਨੂੰ ਬਦਲੋ ਲੋਕੋ, ਇਹ ਤਾਂ ਗਲਤ ਹਿਸਾਬ ਹੈ।

ਕਿਹੜਾ ਮਾਲੀ ਐਸੀ ਡਾਲੀ ਫਿਰ ਲਾਵੇਗਾ ਘਰ ਸਾਡੇ,
ਜਿਸ ਦੀ ਖ਼ੁਸ਼ਬੋ ਆਪ ਕਹੇਗੀ ਇਹ ਸਾਡਾ ਪੰਜਾਬ ਹੈ।

*