ਤਾਰਿਆਂ ਦੇ ਨਾਲ ਗੱਲਾਂ ਕਰਦਿਆਂ/ਦਿਨ ਭਰ ਜਿਹੜੀ ਰਾਤ ਉਡੀਕਾਂ ਰਾਤ ਪਏ ਘਬਰਾਵਾਂ

ਵਿਕੀਸਰੋਤ ਤੋਂ


———10———

ਦਿਨ ਭਰ ਜਿਹੜੀ ਰਾਤ ਉਡੀਕਾਂ ਰਾਤ ਪਏ ਘਬਰਾਵਾਂ।
ਸਮਝ ਨਹੀਂ ਆਉਂਦੀ ਅੰਨ੍ਹੇ ਖੂਹ 'ਚੋਂ ਕਿਧਰ ਨੂੰ ਮੈਂ ਜਾਵਾਂ।

ਓਸ ਕੁੜੀ ਨੂੰ ਹੁਣ ਹੱਥਾਂ ਦੀ ਮਹਿੰਦੀ ਤੋਂ ਡਰ ਲੱਗੇ,
ਜੀਹਦਾ ਕੰਤ ਜਹਾਜ਼ੇ ਚੜ੍ਹਿਆ ਲੈ ਕੇ ਚਾਰ ਕੁ ਲਾਵਾਂ।

ਬੰਦਿਆਂ ਦਾ ਇਤਬਾਰ ਭਲਾ ਮੈਂ ਕੀ ਕਰਦਾ ਇਸ ਰੁੱਤੇ,
ਰੁੱਖਾਂ ਨਾਲ ਖਲੋਤਾ ਮੈਂ ਹਾਂ ਜਾਂ ਪੱਤ ਵਿਰਲਾ ਟਾਵਾਂ।

ਕੱਲ੍ਹ ਤਿਰਕਾਲੀਂ ਡੁੱਬਦਾ ਸੂਰਜ ਜਾਪ ਰਿਹਾ ਸੀ ਏਦਾਂ,
ਜੀਕਣ ਸਾਮੀ ਘੇਰੀ ਹੋਵੇ ਸਾਡੇ ਪਿੰਡ ਦੇ ਸ਼ਾਹਵਾਂ।

ਕੱਲ੍ਹ ਦਰਿਆ ਸੀ ਚਾਰ ਚੁਫ਼ੇਰੇ ਵਿਚ ਖਲੋਤਾ ਸਾਂ ਮੈਂ,
ਅੱਜ ਮੈਂ ਉਹਦੀ ਰੇਤ 'ਚ ਪੋਟਾ ਪੋਟਾ ਧਸਦਾ ਜਾਵਾਂ।

ਆਪਣੇ ਸ਼ਹਿਰ ਪਰਾਇਆਂ ਵਾਂਗੂੰ ਰੁੱਖ ਘੂਰਦੇ ਮੈਨੂੰ,
ਸ਼ਹਿਰ ਬੇਗ਼ਾਨੇ ਦੇ ਲੋਕੀਂ ਤਾਂ ਹੱਥੀਂ ਕਰਦੇ ਛਾਵਾਂ।

ਤੇਰੀ ਧੁੱਪ ਮੁਬਾਰਕ ਤੈਨੂੰ, ਛਾਂ ਤੇਰੀ ਵੀ ਤੈਨੂੰ,
ਮੈਨੂੰ ਬਹੁਤ ਗੁਜ਼ਾਰੇ ਜੋਗਾ ਆਪਣਾ ਹੀ ਪਰਛਾਵਾਂ।

*