ਤਾਰਿਆਂ ਦੇ ਨਾਲ ਗੱਲਾਂ ਕਰਦਿਆਂ/ਵਗਦਾ ਦਰਿਆ ਓਸ ਕੰਢੇ ਸਾਰੇ ਖੰਡਰ ਯਾਦ ਨੇ

ਵਿਕੀਸਰੋਤ ਤੋਂ


———3———

ਵਗਦਾ ਦਰਿਆ ਓਸ ਕੰਢੇ ਸਾਰੇ ਖੰਡਰ ਯਾਦ ਨੇ।
ਬਚਪਨੇ ਵਿਚ ਜੋ ਉਸਾਰੇ ਕਾਗ਼ਜ਼ੀ ਘਰ ਯਾਦ ਨੇ।

ਇਕ ਦਰਿਆ ਪਾਰ ਕਰਕੇ ਦੂਸਰੇ ਕੰਢੇ ਖਲੋ,
ਪਰਤਦੇ ਯਾਰਾਂ ਦੀਆਂ ਅੱਖਾਂ ਤੇ ਅੱਥਰ ਯਾਦ ਨੇ।

ਚਰਖ਼ੜੀ 'ਤੇ ਰਾਤ ਦਿਨ ਬੇਸ਼ੱਕ ਅਸਾਡਾ ਬੀਤਿਆ,
ਨਿੱਕੇ-ਨਿੱਕੇ ਚਾਅ ਕੁਆਰੇ ਹਾਲੇ ਤੀਕਰ ਯਾਦ ਨੇ।

ਪਹਿਲੇ ਖ਼ਤ ਤੋਂ ਬਾਅਦ ਭਾਵੇਂ ਤੂੰ ਕਦੇ ਲਿਖਿਆ ਨਹੀਂ,
ਉਹ ਪੁਰਾਣੇ ਜਗਦੇ ਬੁਝਦੇ ਸਾਰੇ ਅੱਖਰ ਯਾਦ ਨੇ।

ਦੋਸਤਾਂ ਦੇ ਕੀਮਤੀ ਤੋਹਫ਼ੇ ਮੈਂ ਕਿੱਦਾਂ ਭੁੱਲ ਜਾਂ,
ਤਾਅਨੇ, ਮਿਹਣੇ, ਤੁਹਮਤਾਂ ਸਾਰੇ ਹੀ ਨਸ਼ਤਰ ਯਾਦ ਨੇ।

ਸ਼ਹਿਰ ਦੇ ਜ਼ੰਗਾਲ ਨੇ ਰੂਹਾਂ ਨੂੰ ਭਾਵੇਂ ਖਾ ਲਿਆ,
ਛੋਲਿਆਂ ਦੇ ਖੇਤ ਨੂੰ ਚੁਗਦੇ ਕਬੂਤਰ ਯਾਦ ਨੇ।

ਡੇਰਾ ਬਾਬਾ ਨਾਨਕੋਂ ਕੋਠੇ 'ਤੇ ਚੜ੍ਹ ਕੇ ਦਿਸਣ ਜੋ,
ਜਿਸਮ ਨਾਲੋਂ ਕਤਰ ਕੇ ਸੁੱਟੇ ਗਏ ਪਰ ਯਾਦ ਨੇ।

*