ਸਮੱਗਰੀ 'ਤੇ ਜਾਓ

ਦਿਲ ਹੀ ਤਾਂ ਸੀ/ਸੱਭ ਦੀ ਇੱਕ ਕਹਾਣੀ

ਵਿਕੀਸਰੋਤ ਤੋਂ
32476ਦਿਲ ਹੀ ਤਾਂ ਸੀ — ਸੱਭ ਦੀ ਇੱਕ ਕਹਾਣੀਬਲਬੀਰ ਢਿੱਲੋਂ







ਸੱਭ ਦੀ ਇੱਕ ਕਹਾਣੀ







ਕੰਨ ਪਾੜਵੀਂ ਆਵਾਜ਼ ਤੇ ਬੜੇ ਹਾਰਨ ਵਾਲੀ ਮਟਰ ਬਰੇਕਾਂ ਦੀ ਚੀਕ ਨਾਲ ਸੜਕ ਦੇ ਇਕ ਪਾਸੇ ਆਣ ਖਲੋਤੀ। ਹਾਫ਼ਜ਼ ਮੀਆਂ ਦੀ ਡੰਗੋਰੀ ਹਥੋਂ ਢਹਿ ਪਈ ਅਤੇ ਉਹ ਆਪ ਤ੍ਰਭਕਿਆ ਹੋਇਆ ਥਿੜਕਦਾ ਥਿੜਕਦਾ ਇਕ ਪਾਸੇ ਗੰਦੀ ਵਹਿਣੀ ਵਿਚ ਜਾ ਡਿਗਾ। ਕਾਰ ਵਿਚੋਂ ਕਾਹਲੀ ਨਾਲ ਇਕ ਝਿਲਮਿਲ ਝਿਲਮਿਲ ਕਰਦੇ ਕਪੜਿਆਂ ਵਾਲੀ ਮੁਟਿਆਰ ਨਿਕਲੀ। ਅਗੇ ਵਧ ਕੇ ਉਸ ਕਿੰਨੀਆਂ ਹੀ ਛਾਪਾਂ ਵਾਲਾ ਹੱਥ ਹਾਫ਼ਜ਼ ਮੀਆਂ ਨੂੰ ਪਾ ਕੇ ਵਹਿਣੀ ਚੋਂ ਬਾਹਰ ਕੱਢ ਲਿਆ। ਮੋਟਰ ਮੁੜ ਗਈ, ਬੜੇ ਪਿਆਰ ਨਾਲ ਉਹ ਬੋਲੀ “ਹਾਫ਼ਜ਼ ਮੀਆਂ ਕਹੀਂ ਲਗੀ ਤੋਂ ਨਹੀਂ?" "ਨਹੀਂ" ਹਾਫ਼ਜ਼ ਨੇ ਉਤਰ ਦਿਤਾ ਤੇ ਫਿਰ ਝੱਟ ਹੀ ਪੁਛਿਆ,“ਕੌਣ?" “ਮੇਂ ਮੇਂ" ਇਹ ਆਖ ਕੇ ਉਹ ਹੱਸ ਪਈ ਤੇ ਫਿਰ ਪੁਛਿਆ, “ਹਾਜ਼ਫ਼ ਮੀਆਂ ਤੁਸੀਂ ਕਿਥੇ ਜਾਣਾ ਚਾਹੁੰਦੇ ਹੋ?" "ਸੁਣਿਆ ਸੀ ਏਥੇ ਕੋਈ ਮਸੀਤ ਹੈ?" "ਜੀ ਹਾਂ ਹੈ, ਇਸ ਅਗਲੇ ਮੋੜ ਤੋਂ ਥੋੜ੍ਹਾ ਜਿਹਾ ਸਜੇ ਹੱਥ ਜਾ ਕੇ, ਚਲੋ ਮੈਂ ਤੁਹਾਨੂੰ ਮੋੜ ਤਕ ਕਰ ਆਵਾਂ।” ਹਾਫਜ਼ ਨੇ ਉਸਦੀ ਡੰਗੋਰੀ ਫੜਾ ਕੇ ਉਸ ਹਾਫਜ਼ ਮੀਆਂ ਦਾ ਹੱਥ ਫੜ ਲਿਆ ਅਤੇ ਮੋੜ ਵਲ ਤੁਰ ਪਈ। ਹਾਫਜ਼ ਮੀਆਂ ਚੁਪ ਚਾਪ ਤੁਰਿਆ ਜਾ ਰਿਹਾ ਸੀ ਪਰ ਉਸ ਦਾ ਦਿਲ ਚੁਪ ਨਹੀਂ ਸੀ। ਇਕ ਹੱਲਚੱਲ ਮਚੀ ਹੋਈ ਸੀ ਉਸਦੇ ਅੰਦਰ। ਸ਼ੁਕਰਾਨੇ ਦੇ ਤੇ ਕੁਝ ਪੁਛ ਗਿਛ ਦੇ ਮਿਠੇ ਜਿਹੇ ਚਿੰਨ੍ਹ ਉਸ ਦੇ ਮੂੰਹ ਤੇ ਉਘੜਦੇ ਨਜ਼ਰ ਆ ਰਹੇ ਸਨ। ਨਿਤ ਨਵੀਆਂ ਕਹਾਣੀਆਂ ਸੋਚਣ ਵਾਲਾ ਹਾਫ਼ਜ਼, ਕਿਸੇ ਦੇ ਇਕ ਹੁੰਗਾਰੇ ਤੇ ਸਾਰੀ ਉਮਰ ਕਹਾਣੀ ਸੁਣਾਂਦਾ ਜਾਣ ਵਾਲਾ ਕਹਾਣੀਕਾਰ, ਅਜ ਕਿਸੇ ਦੀ ਕਹਾਣੀ ਸੁਨਣ ਲਈ ਬੇਚੈਨ ਹੋ ਰਿਹਾ ਸੀ। ਮੋੜ ਤੇ ਪੁਜ ਕੇ ਹਾਫ਼ਜ਼ ਨੇ ਉਸਦਾ ਕਿਨੀਆਂ ਛਾਪਾਂ ਵਾਲਾ ਹੱਥ ਆਪਣੇ ਦੋਹਾਂ ਹੱਥਾਂ ਵਿਚ ਘੁਟ ਲਿਆ ਅਤੇ ਬੋਲਿਆ, "ਬੇਟੀ ਤੂੰ ਮੈਨੂੰ ਅੱਜ ਕੁਝ ਦੇ ਚਲੀ ਏਂ।" "ਕੀ? ਹਾਫਜ਼ ਮੀਆਂ।"

"ਬੜਾ ਕੁਝ.....ਉਹ ਸਭ ਕੁਝ ਜੋ ਪਿਛਲੇ ਸਤਾਂ ਸਾਲਾਂ ਵਿਚ ਕੋਈ ਨਾ ਦੇ ਸਕਿਆ। ਮੇਰੀ ਕਹਾਣੀ ਦੇ ਚਲੀਂ ਏ, ਤੂੰ ਮਜ਼ਾਕੜੇ ਹੀ ਆਪਣੇ ਨਾਂ 'ਮੇਂ ਮੇਂ' ਮੈਨੂੰ ਦੱਸ ਦਿੱਤਾ, ਪਰ ਮੇਰੀ ਵੀ ਕੋਈ 'ਮੇਂ ਮੇਂ'..." ਅਤੇ ਇਸ ਤੋਂ ਅਗੇ ਹਾਫ਼ਜ਼ ਮੀਆਂ ਦਾ ਗਲਾ ਰੁਕ ਗਿਆ। ਉਹ ਕੁਝ ਬੋਲ ਨਾ ਸਕਿਆ। ਛਾਪਾਂ ਵਾਲੀ ਮੁਟਿਆਰ ਨੇ ਕਿਹਾ, "ਹਾਫ਼ਜ਼ ਮੀਆਂ ਮੈਂ ਵੀ ਤੁਹਾਡੀ ਕਹਾਣੀ ਸੁਨਣਾਂ ਚਾਹੁੰਦੀ ਹਾਂ ਪਰ.........ਹੁਣ ਨਹੀਂ, ਕੋਈ ਚਾਰ ਵਜੇ ਸ਼ਾਮ ਨੂੰ। ਹੁਣ ਮੇਰਾ ਧੰਦੇ ਦਾ ਵੇਲਾ ਹੈ ਜੇ ਤੁਸੀਂ ਆ ਸਕੋਂ? ਇਹਨਾਂ ਹੀ ਪੌੜੀਆਂ ਕੋਲ ਜਿਥੇ ਮੈਂ ਹੁਣੇ ਸਾਂ, ਪਰ ਤੁਸੀਂ ਕਿਵੇਂ ਆਓਗੇ?" "ਤੂੰ ਫਿਕਰ ਨਾ ਕਰ ਬੇਟੀ ਮੈਂ ਜ਼ਰੂਰ ਆਵਾਂਗਾ, ਮੇਰੀ ਇਹ ਡੰਗੋਰੀ ਹੀ ਮੇਰੀਆਂ ਅਖਾਂ ਨੇ। ਇਹ ਕਈਆਂ ਵਰ੍ਹਿਆਂ ਤੋਂ ਮੇਰੇ ਲਈ ਰਸਤਾ ਲਭਦੀ ਆਈ ਹੈ ਤੇ ਹੁਣ ਵੀ ਜ਼ਰੂਰ ਲਭ ਲਵੇਗੀ।" ਉਹ 'ਅਛਾ' ਕਹਿਕੇ ਚਲੀ ਗਈ। ਹਾਫਜ਼ ਮਸੀਤੇ ਆ ਕੇ ਬੈਠ ਗਿਆ। ਰਾਤ ਦੇ ਨੌਂ ਵੱਜਣ ਵਾਲੇ ਸਨ ਹਾਫਜ਼ ਨੇ ਸਾਰੀ ਰਾਤ ਜਾਗੋ ਮੀਟੀ ਵਿਚ ਕਟੀ ਅਤੇ ਬੇਚੈਨੀ ਨਾਲ ਸ਼ਾਮ ਦੇ ਚਾਰ ਉਡੀਕ ਰਿਹਾ ਸੀ। ਚਾਰ ਵਜਣ ਤੋਂ ਪਹਿਲਾਂ ਹੀ ਉਹ ਉਹਨਾਂ ਪੌੜੀਆਂ ਵਿਚ ਜਾ ਬੈਠਾ। ਇਸ ਮਕਾਨ ਦੇ ਦੋਹੀਂ ਪਾਸੀਂ ਪੌੜੀਆਂ ਸਨ। ਇਕ ਬਾਜ਼ਾਰ ਵਾਲੀਆਂ ਤੇ ਦੂਜੀਆਂ ਗਲੀ ਵਾਲੀਆਂ। ਉਹ ਗਲੀ ਵਾਲੀਆਂ ਪੌੜੀਆਂ ਵਿਚ ਬੈਠਾ ਸੀ। ਏਧਰ ਦੀ ਘਟ ਹੀ ਕੋਈ ਆਦਮੀ ਲੰਘਦਾ ਸੀ, ਕਦੇ ਕਦੇ ਕੋਈ ਕਾਰ ਏਧਰ ਜ਼ਰੂਰ ਆ ਖੜਦੀ ਸੀ। ਏਨੇ ਨੂੰ ਉਹੀ ਮੁਟਿਆਰ ਚੁਬਾਰਿਓਂ ਉਤਰੀ ਅਤੇ ਹਾਫਜ਼ ਮੀਆਂ ਦਾ ਹੱਥ ਫੜ ਕੇ ਉਤੇ ਨਿਜੀ ਕਮਰੇ ਵਿਚ ਲੈ ਗਈ। ਏਥੇ ਇਕ ਵੱਡਾ ਸਾਰਾ ਨਵਾਰੀ ਪਲੰਘ ਪਿਆ ਸੀ ਅਤੇ ਉਤੇ ਇਕ ਰੇਸ਼ਮੀ ਕਢਾਈ ਵਾਲੀ ਚਾਦਰ ਵਿਛੀ ਹੋਈ ਸੀ। ਹਾਫਜ਼ ਮੀਆਂ ਨੂੰ ਉਸ ਉਤੇ ਬਿਠਾ ਕੇ ਕਹਿਣ ਲਗੀ, "ਪਹਿਲਾ ਕੁਝ ਖਾਉ ਪੀਉ ਅਤੇ ਫਿਰ ਆਪਣੀ ਕਹਾਣੀ ਸੁਣਾਉ।" ਹਾਫਜ਼ ਮੀਆਂ ਨੇ ਕੁਝ ਵੀ ਖਾਣ ਪੀਣ ਤੋਂ ਨਾਂਹ ਕਰ ਦਿਤੀ ਤੇ ਕਹਿਣਾ ਸ਼ੁਰੂ ਕਰ ਦਿਤਾ——

"ਬੇਟੀ ਮੇਰੀ ਆਪਣੀ ਕਹਾਣੀ ਤਾਂ ਬੜੀ ਛੋਟੀ ਜਿਹੀ ਹੈ, ਬਸ ਇਹੋ ਹੈ ਕਿ ਮੈਂ ਪਿਛਲੇ ਸੱਤਾਂ ਵਰ੍ਹਿਆਂ ਤੋਂ ਆਪਣੀ 'ਮੇਂ ਮੇਂ' ਨੂੰ ਭਾਲਦਾ ਫਿਰਦਾ ਹਾਂ। ਅਸਲੀ ਕਹਾਣੀ ਤੇ ਉਸ 'ਮੇਂ ਮੇਂ' ਦੀ ਆਪਣੀ ਕਹਾਣੀ ਹੈ ਜੋ ਇਹਨਾਂ ਸੱਤਾਂ ਵਰ੍ਹਿਆਂ ਤੋਂ ਪਹਿਲੇ ਸਤ ਸਾਲਾਂ ਦੀ ਸੀ। ਅਜ ਤੋਂ ਚੌਦਾਂ ਵਰ੍ਹੇ ਪਹਿਲਾਂ ਸਾਡੇ ਪਿੰਡ ਦੇ ਸਕੂਲ ਵਿਚ ਇਕ ਮਾਸਟਰ ਆਇਆ। ਉਸ ਨਾਲ ਇਕ ਛੋਟੀ ਜਿਹੀ ਉਸ ਦੀ ਬੱਚੀ ਸੀ। ਸਕੂਲ ਪਿੰਡ ਦੀ ਮਸੀਤ ਵਿਚ ਹੀ ਸੀ। ਮੈਂ ਮਸੀਤ ਵਿਚ ਰਹਿੰਦਾ ਹੁੰਦਾ ਸਾਂ, ਤੇ ਉਹ ਮਾਸਟਰ ਵੀ। ਮੇਰਾ ਆਪਣਾ ਕੋਈ ਬੱਚਾ ਨਹੀਂ ਸੀ ਇਸ ਲਈ ਮੈਂ ਵੀ ਉਸ ਬੱਚੀ ਨੂੰ ਆਪਣੀ ਬੱਚੀ ਵਾਂਗ ਹੀ ਸਮਝਦਾ ਸਾਂ। ਉਹ ਮਾਸਟਰ ਵੀ ਬੜਾ ਮਿਠ ਬੋਲੜਾ ਸੀ ਅਤੇ ਮੈਨੂੰ ਬੜਾ ਚੰਗਾ ਲੱਗਦਾ ਸੀ। ਮਾਸਟਰ ਪੜ੍ਹਾਣ ਚਲਿਆ ਜਾਂਦਾ ਤੇ ਮੈਂ ਉਸ ਨਿਕੀ ਜਿਹੀ ਜਾਨ ਨਾਲ ਗੱਲਾਂ ਕਰਦਾ, ਉਸ ਨੂੰ ਨਿਕੀਆਂ ਨਿਕੀਆਂ ਕਹਾਣੀਆਂ ਸੁਣਾਂਦਾ ਰਹਿੰਦਾ, ਘੜੀਆਂ ਪਲਾਂ ਵਿਚ ਸਾਡਾ ਦਿਨ ਬੀਤ ਜਾਂਦਾ। ਅੱਲਾ ਦੀ ਮਰਜ਼ੀ ਪਿੰਡ ਵਿਚ ਹੈਜ਼ਾ ਪੈ ਗਿਆ। ਇਹ ਵਬਾ ਏਨੀਂ ਫ਼ੈਲ ਗਈ, ਕਿ ਪਿੰਡ ਵਿਚ ਕਿੰਨੇ ਹੀ ਆਦਮੀ ਮਰ ਗਏ। ਅਤੇ ਇਕ ਦਿਹਾੜੇ ਮੈਂ ਸ਼ਹਿਰ ਤੋਂ ਹੁਕਾ ਤਮਾਕੂ ਲੈ ਕੇ ਆ ਰਿਹਾ ਸਾਂ ਕਿ ਇਕ ਮੁੰਡੇ ਨੇ ਜੋ ਲਾਗਦੇ ਪਿੰਡ ਤੋਂ ਸਾਡੇ ਸਕੂਲ ਵਿਚ ਪੜ੍ਹਨ ਆਉਂਦਾ ਸੀ, ਮੈਨੂੰ ਇਹ ਖਬਰ ਦੱਸੀ ਕਿ ਮਾਸਟਰ ਵੀ ਮਰ ਗਿਆ ਹੈ। ਸੁਣਦਿਆਂ ਸਾਰ ਹੀ ਮੇਰੇ ਉਤੇ ਬਿਜਲੀ ਡਿਗ ਪਈ, ਮੇਰੀਆਂ ਅਖਾਂ ਅਗੇ ਹਨੇਰਾ ਛਾ ਗਿਆ। ਮੈਨੂੰ ਉਸ ਬੱਚੀ ਦਾ ਖਿਆਲ ਆਇਆ ਜਿਸ ਦਾ ਇਸ ਦੁਨੀਆਂ ਵਿਚ ਕੋਈ ਨਹੀਂ ਸੀ ਰਹਿ ਗਿਆ। ਉਹ ਜੰਮਦਿਆਂ ਹੀ ਅਨਾਥ ਹੋ ਗਈ। ਹੁਣ ਉਸ ਨਿਕੀ ਜਿਹੀ ਜਾਨ ਨੂੰ ਕੋਈ ਸਾਂਭਣ ਵਾਲਾ ਨਹੀਂ ਸੀ। ਮੈਂ ਉਸਨੂੰ ਆਪਣੀ ਹਿਕ ਨਾਲ ਲਾ ਲਿਆ। ਮੈਂ ਉਸ ਲਈ ਇਕ ਬਕਰੀ ਮੁਲ ਲੈ ਲਈ। ਉਸ ਦਾ ਦੁਧ ਪੀ ਕੇ ਉਹ ਦਿਨਾਂ ਵਿਚ ਹੀ ਵੱਡੀ ਹੋ ਗਈ।

"ਇਕ ਦਿਨ ਨਾਲ ਦੇ ਪਿੰਡ ਵਿਚ ਮੇਲਾ ਲਗਾ ਤੇ ਪਿੰਡ ਦੀਆਂ ਔਰਤਾਂ ਨਾਲ ਉਹ ਵੀ ਜ਼ਿਦ ਕਰ ਕੇ ਮੇਲੇ ਚਲੀ ਗਈ ਅਤੇ ਮੇਲੇ ਵਿਚੋਂ ਉਹ ਆਪਣੀ ਬਾਂਹ ਤੇ 'ਮੇਂ ਮੇਂ' ਲਿਖਵਾ ਲਿਆਈ। ਪਹਿਲਾਂ ਉਹ ਆਪਣੀ ਬਕਰੀ ਨੂੰ 'ਮੇਂ ਮੇਂ' ਆਖਦੀ ਰਹੀ ਸੀ ਤੇ ਫਿਰ ਉਸ ਨੇ ਆਪਣਾ ਨਾਂ ਵੀ 'ਮੇਂ ਮੇਂ' ਰਖ ਲਿਆ। ਸਾਰੇ ਉਸ ਨੂੰ 'ਮੇਂ ਮੇਂ, ਮੇਂ ਮੇਂ' ਆਖਦੇ ਤੇ ਨਾਲੇ ਬੜਾ ਹਸਦੇ। ਸਾਲ ਮਗਰੋਂ ਮੇਲਾ ਫਿਰ ਆਇਆ ਤੇ ਇਸ ਵਾਰੀ ਵੀ ਉਹ ਮੇਲੇ ਚਲੀ ਗਈ ਤੇ ਮੁੜ ਨਹੀਂ ਆਈ। ਮੈਂ ਉਸ ਨੂੰ ਭਾਲਣ ਦਾ ਬੜਾ ਯਤਨ ਕੀਤਾ। ਪਰ ਮੈਂ ਉਸ ਨੂੰ ਕਿਤੇ ਵੀ ਨਾ ਲਭ ਸਕਿਆ। ਕੋਈ ਆਖਦਾ ਕਿ ਉਹ ਖੂਹ ਖਾਤੇ ਵਿਚ ਡਿਗ ਕੇ ਮਰ ਗਈ ਹੋਵੇਗੀ, ਅਤੇ ਕਿਸੇ ਇਹ ਕਿਹਾ ਕਿ ਮੇਲੇ ਵਿਚੋਂ ਉਸ ਨੂੰ ਠੱਗ ਚੁਕ ਕੇ ਲੈ ਗਏ ਹੋਣਗੇ। ਜਿੰਨੇ ਮੂੰਹ ਉੱਨੀਆਂ ਗਲਾਂ। ਦੂਜੇ ਦਿਨ ਇਸ ਖ਼ਬਰ ਨੇ ਠੱਗਾਂ ਵਾਲੀ ਗੱਲ ਨੂੰ ਸੱਚ ਕਰ ਵਿਖਾਇਆ, ਜਦੋਂ ਇਹ ਪਤਾ ਲਗਾ ਕਿ ਮੇਲੇ ਵਿਚੋਂ ਕਈ ਹੋਰ ਬਚੇ ਗੁੰਮ ਸਨ। ਉਸ ਦਿਨ ਤੋਂ ਮੈਂ ਉਸ ਨੂੰ ਅਜ ਤਕ ਲਭਦਾ ਫਿਰਦਾ ਹਾਂ, ਉਹ ਗਈ ਫਿਰ ਪਰਤੀ ਨਹੀਂ ਅਤੇ ਏਸੇ ਭਾਲ ਵਿਚ ਮੇਰੀਆਂ ਅਖਾਂ ਦੀ ਲੋ ਵੀ ਜਾਂਦੀ ਰਹੀ ਏ। ਕਲ ਜਦੋਂ ਬੇਟੀ ਨੂੰ ਆਪਣਾ ਨਾਂ 'ਮੇਂ ਮੇਂ' ਦਸਿਆ ਤਾਂ ਮੈਂ ਇਉਂ ਜਾਤਾ ਜਿਵੇਂ ਮੇਰੀ 'ਮੇਂ ਮੇਂ' ਮੈਨੂੰ ਮਿਲ ਗਈ ਹੋਵੇ।"

ਹਾਫ਼ਜ਼ ਨੇ ਆਪਣੀ ਸੱਤਾਂ ਸਾਲਾਂ ਦੀ ਕਹਾਣੀ ਥੋੜੇ ਹੋ ਸ਼ਬਦਾਂ ਵਿਚ ਹੀ ਮੁਕਾ ਦਿਤੀ। ਜੇ ਉਹ ਚਾਹੁੰਦਾ ਏਸ ਸਤ ਸਾਲਾਂ ਦੀ ਕਹਾਣੀ ਨੂੰ ਸਤ ਸਾਲ ਹੀ ਸੁਣਾਂਦਾ ਰਹਿੰਦਾ। ਕਿਸੇ ਦੇ ਇਕ ਹੁੰਗਾਰੇ ਤੇ ਸਾਰੀ ਜ਼ਿੰਦਗੀ ੲਸ ਕਹਾਣੀ ਨੂੰ ਜਾਰੀ ਰੱਖ ਸਕਦਾ ਸੀ। ਪਰ ਉਹ ਬੇਚੈਨ ਸੀ ਉਸ ਛਾਪਾਂ ਵਾਲੀ ਕੁੜੀ ਦੀ ਕਹਾਣੀ ਸੁਣਨ ਲਈ। ਹਾਫਜ਼ ਮੀਆਂ ਨੇ ਕੁੜੀ ਦੀ ਕਹਾਣੀ ਸੁਣਨ ਦੀ ਮੰਗ ਕੀਤੀ। ਕੁੜੀ ਨੇ ਕਿਹਾ।

“ਮੈਨੂੰ ਮੇਰੀ ਸਾਰੀ ਕਹਾਣੀ ਦਾ ਤਾਂ ਪਤਾ ਨਹੀਂ, ਜਦੋਂ ਤੋਂ ਯਾਦ ਹੈ ਮੈਂ ਸੁਣਾਂਦੀ ਹਾਂ। ਹੋ ਸਕਦਾ ਹੈ ਏਹਨਾਂ ਸਤਾਂ ਸਾਲਾਂ ਦੀ ਅਧੂਰੀ ਕਹਾਣੀ ਅਗਲੇ ਸਤਾਂ ਸਾਲਾਂ ਵਿਚ ਪੂਰੀ ਹੋ ਜਾਏ! ਹੁਣ ਤੇ ਮੇਰਾ ਨਾਂ ਰਾਮ ਪਿਆਰੀ ਏ ਪਰ ਮੈਨੂੰ ਪਤਾ ਨਹੀਂ ਇਹ ਮੇਰਾ ਨਾਂ ਕਿਸ ਨੇ ਰੱਖਿਆ ਸੀ। ਮੇਰੀ ਬਾਂਹ ਤੇ 'ਮੇਂ ਮੇਂ' ਅਜੇ ਵੀ ਲਿਖਿਆ ਹੋਇਆ ਏ। ਕਈ ਸਾਲ ਪਹਿਲਾਂ ਮੈਂ ਆਗਰੇ ਸ਼ਹਿਰ ਦੇ ਬਾਹਰ ਤਿੰਨ ਮੀਲ ਤੇ ਇਕ ਪਿੰਗਲਵਾੜੇ ਵਿਚ ਰਹਿੰਦੀ ਸਾਂ, ਪਿੰਗਲਵਾੜਾ ਤੇ ਅਨਾਥ ਆਸ਼੍ਰਮ ਕੱਠੇ ਹੀ ਸਨ। ਉਤਲੇ ਵੇਹੜਿਆਂ ਵਿਚ ਪਿੰਗਲੇ, ਕੋਹੜੇ ਤੇ ਅਪਾਹਜ ਰਹਿੰਦੇ ਸਨ। ਥੱਲੇ ਭੋਰਿਆਂ ਵਿਚ ਅਨਾਥ ਬੱਚੇ। ਅਸੀਂ ਕੋਈ ਵੀਹ ਕੁੜੀਆਂ ਹੋਵਾਂਗੀਆਂ। ਕਦੇ ਹੋਰ ਵੀ ਆ ਜਾਂਦੀਆਂ ਪਰ ਪਤਾ ਨਹੀਂ ਕਿਥੋਂ ਆਉਂਦੀਆਂ ਅਤੇ ਚਲੀਆਂ ਜਾਂਦੀਆਂ। ਸਾਨੂੰ ਏਥੇ ਪੜ੍ਹਾਇਆ ਜਾਂਦਾ ਸੀ। ਅਨਾਥ ਆਸ਼੍ਰਮ ਦੇ ਬਾਵਾ ਜੀ ਸਾਨੂੰ ਪੜ੍ਹਾਂਦੇ ਸਨ। ਹਰ ਸਤਵੇਂ ਦਿਨ ਬਾਵਾ ਜੀ ਪਿੰਗਲਵਾੜੇ ਵਿਚ ਇਕ ਲੈਕਚਰ ਦੇਂਦੇ ਸਨ। ਲੈਕਚਰ ਸੁਣਨ ਵਾਸਤੇ ਵੱਡੇ ਵੱਡੇ ਅਮੀਰ ਕਾਰਾਂ ਵਿਚ ਆਉਂਦੇ ਸਨ ਤੇ ਪਿੰਗਲਵਾੜੇ ਦੀ ਮੱਦਤ ਵਾਸਤੇ ਕਾਫ਼ੀ ਰੁਪੈ ਦੇ ਜਾਂਦੇ ਸਨ। ਉਂਵ ਵੀ ਹਰ ਮਹੀਨੇ ਵੱਡੇ ਵੱਡੇ ਦਾਨ ਪਾਤਰ (ਬਕਸੇ) ਖੁਲ੍ਹਦੇ ਸੀ, ਜਿਹੜੇ ਪਿੰਗਲਵਾੜਿਆਂ ਦੀ ਮੱਦਦ ਲਈ ਸ਼ਹਿਰਾਂ ਵਿਚ ਰੱਖੇ ਹੋਏ ਹੁੰਦੇ ਸਨ ਤੇ ਇਹਨਾਂ ਉਤੇ ਦੋ ਤਿੰਨਾਂ ਬੋਲੀਆਂ ਵਿਚ ਲਿਖਿਆ ਹੁੰਦਾ ਸੀ-“ਦਾਨ ਦਿਓ।"

ਇਕ ਦਿਨ ਇਕ ਕੁੜੀ ਨੇ ਮੈਥੋਂ ਪੁਛਿਆ “ਰਾਮ ਪਿਆਰੀ" ਹੁਣ ਮੇਰਾ ਨਾਂ ਰਾਮ ਪਿਆਰੀ ਸੀ, ਤੇਰੇ ਮਾਂ ਪਿਉ ਕਿਥੋਂ ਦੇ ਸਨ?” ਮੈਂ ਜਵਾਬ ਨਾਂਹ ਵਿਚ ਦਿਤਾ। ਮੈਨੂੰ ਪਤਾ ਨਹੀਂ ਸੀ। ਮੈਂ ਉਸ ਕੋਲੋਂ ਉਸਦੇ ਮਾਂ ਪਿਉ ਬਾਰੇ ਪੁਛਿਆ, ਉਸ ਨੂੰ ਵੀ ਪਤਾ ਨਹੀਂ ਸੀ। ਉਸ ਨੇ ਤਾਰਾਂ ਕੋਲੋਂ ਪੁਛਿਆ। ਤਾਰਾਂ ਨੇ ਬਿਮਲਾ ਪਾਸੋਂ, ਕਮਲਾ ਨੇ ਨਿਮੀਂ ਪਾਸੋਂ, ਬੀਨਾ ਨੇ ਵਿਦਿਆ ਕੋਲੋਂ, ਸੀਮਾਂ ਨੇ ਪਾਰਵਤੀ ਕੋਲੋਂ, ਸੀਤਾ ਨੇ ਸਵਿਤਰੀ ਕੋਲੋਂ, ਸਾਰੀਆਂ ਨੇ ਸਾਰੀਆਂ ਕੋਲੋਂ, ਪਰ ਸੱਭ ਦਾ ਇਕੋ ਜਵਾਬ ਸੀ। ਸੱਭ ਦੀ ਇਕ ਕਹਾਣੀ ਸੀ। ਅਗਲੇ ਦਿਨ ਅਸੀਂ ਡਰਦੀਆਂ ਡਰਦੀਆਂ ਬਾਵਾ ਜੀ ਪਾਸੋਂ ਆਪਣੇ ਮਾਂ ਪਿਉ ਬਾਰੇ ਪੁਛਿਆ।

“ਮੇਰੇ ਮਾਂ ਪਿਉ ਕੌਣ ਸਨ? ਮੈਂ ਕਿਥੋਂ ਆਈ ਸਾਂ? ਮੈਂ ਕਿਥੇ ਜੰਮੀ ਸਾਂ? ਮੈਨੂੰ ਏਥੇ ਕੌਣ ਲਿਆਇਆ ਸੀ?" ਬਾਵਾ ਜੀ ਨੇ ਇਕ ਹੀ ਉਤਰ ਨਾਲ ਸੱਭ ਦੇ ਸਵਾਲਾਂ ਦਾ ਜਵਾਬ ਦੇ ਦਿਤਾ, ਕਿ ਸਾਡੇ ਮਾਂ ਪਿਉ ਦਾ ਕੋਈ ਵੀ ਪਤਾ ਨਹੀਂ। ਸਭ ਨਾਜਾਇਜ਼ ਬੱਚੇ ਹਾਂ, ਸਾਡਾ ਏਸ ਬਾਹਰ ਦੀ ਦੁਨੀਆਂ ਵਿਚ ਜੀਣ ਦਾ ਕੋਈ ਅਧੀਕਾਰ ਨਹੀਂ, ਇਹ ਵੀ ਸਮਾਜ ਦੀ ਦਿਆਲਤਾ ਹੈ ਕਿ ਸਾਨੂੰ ਆਸ਼ਰਮਾਂ ਵਿਚ ਪਾਲਿਆ ਜਾਂਦਾ ਹੈ, ਪੜ੍ਹਾਇਆ ਜਾਂਦਾ ਹੈ ਤੇ ਫੇਰ ਚੰਗੇ ਧੰਦੀਂਂ ਲਾਇਆ ਜਾਂਦਾ ਹੈ। ਸਾਡੀ ਸਾਰੀਆਂ ਦੀ ਤਸੱਲੀ ਹੋ ਗਈ। ਅਸੀਂ ਬੜੀਆਂ ਖੁਸ਼ ਸਾਂ। ਸਾਨੂੰ ਚੰਗਾ ਚੋਖਾ ਖਾਣ ਨੂੰ ਮਿਲਦਾ ਸੀ, ਵੰਨ ਸੁਵੰਨਾਂ ਪਹਿਨਣ ਨੂੰ। ਅਸੀਂ ਵੱਡੀਆਂ ਵੱਡੀਆਂ ਹੋ ਗਈਆਂ। ਫੇਰ ਇਕ ਦਿਹਾੜੇ ਦੋ ਵੱਡੇ ਲੋਕ ਸਾਡੇ ਕੋਲ ਆਏ, ਉਹਨਾਂ ਸਾਨੂੰ ਬੜਾ ਨੇੜੇ ਹੋ ਕੇ ਤੱਕਿਆ, ਸਾਡੀਆਂ ਹੱਡੀਆਂ ਦਾ ਮਾਸ ਟੋਹਿਆ, ਸਾਨੂੰ ਆਪਣੇ ਸਾਹਮਣੇ ਤੁਰਾ ਕੇ, ਗਵਾ ਕੇ, ਪੜ੍ਹਾ ਕੇ ਵੇਖਿਆ, ਅਤੇ ਫੇਰ ਸਾਨੂੰ ਇਹ ਆਖਿਆ ਗਿਆ ਕਿ ਸਾਨੂੰ ਹੋਰ ਵਧੇਰੇ ਪੜ੍ਹਾਈ ਵਾਸਤੇ ਸ਼ਹਿਰ ਭੇਜਿਆ ਜਾ ਰਿਹਾ ਹੈ। ਉਹ ਸਾਨੂੰ ਏਥੇ ਲੈ ਆਏ। ਆਓ ਮੀਆਂ ਜੀ, ਮੈਂ ਤੁਹਾਨੂੰ ਉਸ ਪੜ੍ਹਾਈ ਦੇ ਕਮਰੇ ਵਿਚ ਲੈ ਚੱਲਾਂ।” ਉਹ ਹਾਫ਼ਜ਼ ਮੀਆਂ ਨੂੰ ਅੰਦਰੋ ਅੰਦਰੀ ਇਕ ਭੋਰੇ ਜਿਹੇ ਵਿਚ ਲੈ ਗਈ, "ਏਥੇ ਧੰਦਾ ਕਰਨ ਦੇ ਗੁਰ ਸਿਖਾਏ ਜਾਂਦੇ ਹਨ। ਕਿਵੇਂ ਭੁੱਲੇ ਭੱਟਕੇ ਜੁਵਾਨਾਂ ਨੂੰ ਏਸ ਨਰਕ ਦੀ ਅੱਗ ਵਿਚ ਸਾੜਿਆ ਜਾਂਦਾ ਹੈ। ਏਸ ਚਾਰਟ ਤੇ ਲਿਖੇ ਹਨ ਜਾਦੂ ਦੇ ਕੁਝ ਹਰਫ਼, ਜਿਹੜੇ ਦੂਸਰੇ ਦੀ ਜੇਬ ’ਚੋਂ ਪੈਸਾ ਆਪਣੀ ਜੇਬ ਵਿਚ ਲਿਆਉਂਦੇ ਹਨ।" ਫੇਰ ਹਾਫਜ਼ ਦਾ ਹੱਥ ਫੜਕੇ ਉਸ ਦੇ ਹੱਥ ਵਿਚ ਚੰਮ ਦਾ ਬਣਿਆ ਹੋਇਆ ਕੋਟੜਾ ਫੜਾ ਕੇ ਕਹਿਣ ਲੱਗੀ, “ਇਹ ਉਹ ਛਾਂਟਾ ਹੈ ਜੋ ਸਬਕ ਨਾਂ ਸਿਖਣ ਤੇ ਸਾਡੇ ਪਿੰਡੇ ਤੇ ਲਾਸਾਂ ਉਭਾਰਦਾ ਹੈ। ਜੇ ਤੁਹਾਡੀਆਂ ਅਖਾਂ ਵੇਖ ਸਕਦੀਆਂ, ਮੈਂ ਆਪਣੇ ਪਿੰਡੇ ਤੇ ਉਹ ਦਾਗ਼ ਵੀ ਵਿਖਾਉਂਦੀ। ਇਸ ਪੜ੍ਹਾਈ ਨੂੰ ਪੂਰੇ ਕਰਨ ਪਿਛੋਂ ਏਸ ਚੁਬਾਰੇ ਵਿਚ ਆ ਗਈ ਹਾਂ। ਉਹਨਾਂ ਭੋਰਿਆਂ 'ਚੋਂ ਏਹਨਾਂ ਭੋਰਿਆਂ ਵਿਚ, ਅਤੇ ਏਹਨਾਂ ਭੋਰਿਆਂ ’ਚੋਂ ਏਹਨਾਂ ਚੁਬਾਰਿਆਂ ਵਿਚ। ਏਸ ਅੰਦਰਲੀ ਦੁਨੀਆਂ ਤੋਂ ਬਾਹਰਲੀ ਦੁਨੀਆਂ ਕਦੇ ਵੇਖੀ ਨਹੀਂ। ਪਤਾ ਨਹੀਂ ਬਾਹਰ ਦੀ ਦੁਨੀਆਂ ਕਿਹੋ ਜਿਹੀ ਹੈ। ਇਕ ਵਾਰ ਬਾਹਰ ਦੀ ਦੁਨੀਆਂ ਦਾ ਇਕ ਗਭਰੂ ਏਥੇ ਆਇਆ ਸੀ, ਬੜਾ ਚੰਗਾ ਲੱਗਾ ਸੀ ਉਹ ਮੈਨੂੰ, ਬੜੀਆਂ ਪਿਆਰੀਆਂ ਗੱਲਾਂ ਸੁਣਾਈਆਂ ਸਨ ਉਸ ਨੇ। ਮੈਨੂੰ ਅਜੇ ਵੀ ਯਾਦ ਹੈ, ਜਦੋਂ ਉਹ ਆਇਆ ਸੀ ਤੇ ਸਾਰਿਆਂ ਚੁਬਾਰਿਆਂ ਦੀਆਂ ਕੁੜੀਆਂ ਨੇ ਆ ਝੁਰਮਟ ਪਾਇਆ ਸੀ ਉਸ ਦੁਆਲੇ। ਹਾੜਬੂੰ ਹਾੜਬੂੰ ਕਰਦੀਆਂ ਨਜ਼ਰਾਂ ਉਸ ਉਤੇ ਗੱਡੀਆਂ ਗਈਆਂ ਸਨ। ਸਾਰੀਆਂ ਨੇ ਆਪੋ ਆਪਣੇ ਗੁਰ ਵਰਤੇ ਸਨ। ਸਾਰੀਆਂ ਨੇ ਆਪੋ ਆਪਣੇ ਸਰੀਰ ਦੇ ਸੋਹਣੇ ਅੰਗਾਂ ਨੂੰ ਮਟਕਾਇਆ ਸੀ, ਉਸ ਸਾਹਮਣੇ। ਪਰ ਮੈਂ ਕੋਈ ਗੁਰ ਨਹੀਂ ਸੀ ਵਰਤਿਆ। ਮੈਂ ਤੇ ਸਗੋਂ ਸੜ ਗਈ ਸਾਂ ਵੇਖ ਕੇ, ਉਹ ਏਥੇ ਨਰਕ ਵਿਚ ਕਿਉਂ ਆ ਗਿਆ ਸੀ। ਪਰ ਉਸ ਮੈਨੂੰ ਹੀ ਪਸੰਦ ਕਰ ਲਿਆ। ਉਸ ਕਿਹਾ ਸੀ, ਮੈਂ ਉਸ ਨੂੰ ਬੜੀ ਮਾਸੂਮ ਲੱਗੀ ਸਾਂ। ਫੇਰ ਉਸ ਬਾਹਰਲੀ ਦੁਨੀਆਂ ਦੀਆਂ ਗਲਾਂ ਸੁਣਾਈਆਂ। ਮੈਨੂੰ ਉਹ ਆਖਦਾ ਸੀ ਕਿ ਬਾਹਰਲੀ ਦੁਨੀਆਂ ਵਿਚ ਹੁਣ ਕੋਈ ਰੰਡੀ ਨਹੀਂ ਰਹੀ, ਸੱਭ ਕੰਮ ਲੱਗ ਗਈਆਂ ਨੇ, ਕੋਈ ਗੱਡੀਆਂ ਤੇ ਟੀ ਟੀ, ਬੱਸਾਂ ਵਿਚ ਕੰਡੈਕਟਰ, ਟਰੈਕਟਰਾਂ ਤੇ ਡਰਾਈਵਰ। ਉਥੋਂ ਦੇ ਗੱਭਰੂਆਂ ਨੇ ਉਹਨਾਂ ਨਾਲ ਵਿਆਹ ਕੀਤੇ ਹਨ, ਤੇ ਉਹ ਹੁਣ ਮਾਵਾਂ ਬਣ ਗਈਆਂ ਹਨ। ਅਤੇ ਫੇਰ ਉਸ ਕਿਹਾ ਸੀ, ਉਹ ਦਿਨ ਚੜ੍ਹਿਆ ਕਿ ਚੜ੍ਹਿਆ ਜਾਣ ਜਦੋਂ ਤੁਸੀਂ ਵੀ ਮਾਵਾਂ ਬਣੋਗੀਆਂ। ਇਹ ਨਰਕ ਆਪ ਆਪਣੀ ਅੱਗ ਵਿਚ ਸੜਕੇ ਸਵਾਹ ਹੋ ਜਾਏਗਾ। ਤੇ ਮੈਂ ਹੱਸ ਕੇ ਕਿਹਾ ਸੀ “ਫੇਰ ਤੇ ਅਸੀਂ ਵੀ ਇਸ ਨਰਕ ਵਿਚ ਸੜ ਜਾਵਾਂਗੀਆਂ।” ਪਰ ਉਸ ਉੱਤਰ ਦਿਤਾ ਸੀ ਕਿ ਨਹੀਂ ਅੱਗ ਸੋਨੇ ਨੂੰ ਪਿਘਲਾ ਸੱਕਦੀ ਹੈ, ਸ਼ਕਲ ਵਟਾ ਸਕਦੀ ਹੈ, ਪਰ ਸਾੜ ਨਹੀਂ ਸਕਦੀ। ਇਹ ਗਲ ਸੁਣ ਕੇ ਮੈਨੂੰ ਕਿੰਨੀ ਖੁਸ਼ੀ ਹੋਈ ਸੀ, ਪਰ ਹੋਣੀ ਕੰਧ ਪਿਛੇ ਖਲੋਤੀ ਖਿੜ ਖਿੜਾ ਕੇ ਹੱਸ ਰਹੀ ਸੀ। ਇਹ ਸੀ ਸਾਡਾ ਦਲਾਲ "ਹਸ਼ਮਤ"। ਉਹ ਬੰਦੇ ਨੂੰ ਇਉਂ ਮਾਰ ਦੇਂਦਾ ਹੈ ਜਿਵੇਂ ਗਾਜਰ ਮੂਲੀ। ਆਖਦਾ ਹੁੰਦਾ ਹੈ, “ਮੇਰਾ ਚਾਕੂ ਬੰਦੇ ਦੀਆਂ ਆਂਦਰਾਂ ਖਾ ਕੇ ਪੱਲ ਰਿਹਾ ਹੈ।" ਹਸ਼ਮਤ ਆਪਣੇ ਨਾਲ ਦੇ ਗੁੰਡਿਆਂ ਨੂੰ ਨਾਲ ਲਿਆਇਆ ਸੀ। ਓਸ ਅਗੇ ਵੱਧ ਕੇ ਮੇਰੀਆਂ ਅਖਾਂ ਸਾਹਮਣੇ ਉਸ ਗੱਭਰੂ ਦੇ ਢਿਡ ਵਿਚ ਚਾਕੂ ਮਾਰ ਦਿਤਾ। ਪਹਿਲੀ ਵਾਰ ਮੈਂ ਮਹਿਸੂਸ ਕਰਕੇ ਤੜਫ ਉਠੀ ਸਾਂ ਕਿ ਅਜ ਮੇਰਾ ਕੋਈ ਆਪਣਾ ਮੋਇਆ ਹੈ, ਮੈਂ ਮਰ ਗਈ ਹਾਂ, ਮੇਰੀ ਆਤਮਾਂ ਮਰ ਗਈ ਹੈ, ਮੇਰਾ ਭਵਿਸ਼ ਮਰ ਗਿਆ ਹੈ, ਮੇਰੀਆਂ ਆਸਾਂ ਉਮੀਦਾਂ ਸਭੋ ਕੁਛ ਮਰ ਗਿਆ ਹੈ। ਏਸੇ ਲਈ ਮੈਂ ਪੁਲਸ ਨੂੰ ਆਪਣੀ ਗਵਾਹੀ ਮੰਨ ਲਈ ਸੀ। ਪੁਲਸ ਨੇ ਮੈਨੂੰ ਆਪਣੀ ਹਿਫ਼ਾਜ਼ਤ ਵਿਚ ਲੈ ਲਿਆ। ਮੁਕੱਦਮਾ ਚਲਿਆ, ਵਕੀਲ ਕਹਿੰਦਾ ਸੀ, “ਹਸ਼ਮਤ ਜ਼ਰੂਰ ਫਾਂਸੀ ਲਗੇਗਾ",ਲੋਕ ਆਖਦੇ ਸਨ, ਕਚਹਿਰੀ ਦੀਆਂ ਕੰਧਾਂ ਆਖਦੀਆਂ ਸਨ, ਹਸ਼ਮਤ ਫਾਂਸੀ ਦੇ ਤਖਤੇ ਤੇ........। ਫੈਸਲਾ ਸੁਨਣ ਦੀ ਤਾਰੀਖ ਸੀ, ਜੱਜ ਨੇ ਪਤਾ ਨਹੀਂ ਕਿਸਨੂੰ ਅੰਦਰ ਸਦਿਆ ਸੀ। ਫੇਰ ਮੁੜ ਕੇ ਆਕੇ ਉਸ ਹਸ਼ਮਤ ਨੂੰ ਬਰੀ ਦਾ ਹੁਕਮ ਸੁਣਾ ਦਿੱਤਾ। ਸ਼ਾਮ ਨੂੰ ਜੱਜ ਨੇ ਮੈਨੂੰ ਆਪਣੀ ਕੋਠੀ ਸੱਦਿਆ ਤੇ ਕਿਹਾ, "ਮੈਨੂੰ ਬੜਾ ਦੁਖ ਹੈ ਕਿ ਮੈਂ ਤੈਨੂੰ ਪੂਰਾ ਇਨਸਾਫ਼ ਨਹੀਂ ਦੇ ਸੱਕਿਆ ਪਰ ਤੂੰ ਨਹੀਂ ਜਾਣਦੀ ਕਿ ਇਨਸਾਫ਼ ਮੇਰੇ ਹੱਥ ਵਿਚ ਹੈ ਪਰ ਮੈਂ ਕਿਸੇ ਹੋਰ ਦੇ ਹੱਥ ਵਿਚ ਹਾਂ।" ਮੈਨੂੰ ਉਸਦੀ ਇਸ ਗੋਲ ਮੋਲ ਗਲ ਦਾ ਕੋਈ ਪਤਾ ਨਹੀਂ ਸੀ ਲੱਗਾ। ਮੈਨੂੰ ਫੇਰ ਏਹਨਾਂ ਭੋਰਿਆਂ ਵਿਚ ਇਕ ਮਹੀਨਾ ਪੜ੍ਹਨਾ ਪਿਆ। ਇਕ ਮਹੀਨਾ ਮੇਰੇ ਨਾਲ ਕਿਸੇ ਨੂੰ ਬੋਲਣ ਨਾ ਦਿਤਾ ਗਿਆ। ਚਾਰ ਮਹੀਨਿਆਂ ਤੋਂ ਏਸ ਚੁਬਾਰੇ ਵਿਚ ਧੰਦਾ ਕਰ ਰਹੀ ਹਾਂ। ਪੈਸੇ ਕਮਾਂਦੀ ਹਾਂ, ਲੁਟਦੀ ਹਾਂ, ਖੋਹੰਦੀ ਹਾਂ। ਪਰ ਇਹ ਦੌਲਤ ਮੇਰੀ ਨਹੀਂ, ਬੜੀ ਬੀ ਦੀ ਹੈ। ਇਹ ਸੋਨਾ, ਇਹ ਕਪੜੇ ਸੱਭ ਮੇਰੇ ਨਹੀਂ, ਤਾਂ ਮੇਰੇ ਕੋਲ ਵੀ ਨੇ, ਸੋਨਾ ਵੀ ਹੈ, ਪਰ ਇਹ ਉਦੋਂ ਮਿਲਿਆ ਸੀ ਜਦੋਂ ਆਪਣੇ ਸਰੀਰ ਦੀ ਇਕ ਇਕ ਬੂੰਦ ਚੋ ਗਈ ਹੈ। ਚੌਦਾਂ ਸਾਲਾਂ ਵਿਚ ਹੀ ਬੁਢੜੀ ਬਣ ਗਈ ਹਾਂ, ਜ਼ਿੰਦਗੀ ਨਾਲੋਂ ਮੈਂ ਮੌਤ ਨੂੰ ਨੇੜੇ ਸਮਝਦੀ ਹਾਂ।"

ਹਾਫ਼ਜ਼ ਮੀਆਂ ਦੀਆਂ ਅਖਾਂ ਵਿਚੋਂ ਤ੍ਰਿਪ ਤ੍ਰਿਪ ਹੰਝੂ ਵਗ ਰਹੇ ਸਨ। ਬਗ਼ੈਰ ਅੱਖਾਂ ਵਾਲਾ ਹਾਫਜ਼, ਜੋ ਆਪਣੀ ਜ਼ਿੰਦਗੀ ਦੇ ਰਾਹ ਬਿਨਾਂ ਵੇਖਿਆਂ ਲੱਭ ਲੈਂਦਾ ਸੀ,ਬੁੱਝੀਆਂ ਲੋਆਂ ਵਿਚ ਏਸ ਨਰਕ ਦੇ ਨਕਸ਼ੇ ਨੂੰ ਤੱਕ ਰਿਹਾ ਸੀ। ਉਸ ਦੀਆਂ ਲੱਤਾਂ ਕੰਬਣ ਲੱਗ ਪਈਆਂ। ਉਹ ਡਿਗਣ ਹੀ ਵਾਲਾ ਸੀ ਜੇ ਉਸ ਨੂੰ ਉਸ ਦੀ 'ਮੇਂ ਮੇਂ' ਅਗੇ ਵਧ ਕੇ ਆਸਰਾ ਨਾ ਦੇਂਦੀ। ਉਹ ਹਾਫਜ਼ ਨੂੰ ਲੈ ਕੇ ਬਾਹਰ ਨੂੰ ਤੁਰ ਪਈ ਅਤੇ ਨਾਲੇ ਰੋਂਦੀ ਰੋਂਦੀ ਕਹਿਣ ਲੱਗੀ "ਹਾਫਜ਼ ਮੀਆਂ, ਤੂੰ ਮੈਨੂੰ ਪਿਉ ਵਾਂਗ ਪਾਲਿਆ ਸੀ। ਏਥੇ ਕਈਆਂ ਦੇ ਮਾਂ, ਪਿਉ, ਭਰਾ ਉਹਨਾਂ ਦੀ ਖੋਜ ਵਿਚ ਆਉਂਦੇ ਨੇ ਪਰ ਏਹਨਾਂ ਚੁਬਾਰਿਆਂ ਵਿਚ ਆ ਕੇ ਮੁਨਕਰ ਹੋ ਜਾਂਦੇ ਨੇ, ਆਪਣੀਆਂ ਪੇਟੋਂ ਜਾਈਆ ਤੋਂ। ਭਰਾ ਆਪਣੀਆਂ ਭੈਣਾਂ ਤੋਂ ਮੁਨਕਰ ਹੋ ਜਾਂਦੇ ਨੇ।" ਤੇ ਫੇਰ ਉਸ ਦਾ ਗਲਾ ਰੁਕ ਗਿਆ ਅਤੇ ਅਟਕ ਅਟਕ ਕੇ ਬੋਲੀ "ਤੇ........ਫੇਰ........ਹਾਫਜ਼ ਮੀਆਂ........ਉਹ ਪਿਉ......ਉਹ ਭਰਾ.........ਇਹਨਾਂ ਨਾਲ ਦਿਆਂ ਚੁਬਾਰਿਆਂ ਵਿਚ ਹੀ ਖੇਹ ਖਾ ਕੇ ਚਲੇ ਜਾਂਦੇ ਨੇ। ਕਿਤੇ ਤੁਸੀਂ ਵੀ ਮੇਰੇ ਕੋਲੋਂ ਨਫ਼ਰਤ ਤੇ ਨਹੀਂ ਕਰਦੇ?"

ਹਾਫਜ਼ ਕੋਈ ਉੱਤਰ ਨਾ ਦੇ ਸਕਿਆ। ਉਹ ਦੋਵੇਂ ਗਲੀ ਵਾਲੀ ਸੜਕ ਤੇ ਪੁਜ ਗਏ। ਕੰਨ ਪਾੜਵੇਂ ਹਾਰਨ ਵਾਲੀ ਕਾਰ ਆਈ, ਬਰੇਕਾਂ ਲੱਗੀਆਂ, ਹਾਫਜ਼ ਦੀ 'ਮੇਂ ਮੇਂ' ਚਲੀ ਗਈ। ਹਾਫਜ਼ ਚਲਾ ਗਿਆ। ਪਰ ਉਹ ਕਹਾਣੀ ਅਜੇ ਚਲਦੀ ਹੈ। ਰੋਜ਼ ਸ਼ਾਮ ਨੂੰ ਸੂਰਜ ਡੁਬਣ ਤੋਂ ਲੈ ਕੇ ਸੂਰਜ ਨਿਕਲਣ ਤਕ ਸਾਰੀ ਰਾਤ ਬਿਜਲੀ ਦੇ ਰੰਗ ਬਰੰਗੇ ਲਾਟੂਆਂ ਹੇਠ ਚਲਦੀ ਹੈ। ਉਹ ਚਲਦੀ ਹੈ ਕਿਉਂਕਿ ਹਸ਼ਮਤ ਦੇ ਚਾਕੂ ਨੂੰ ਆਦਰਾਂ ਅਜੇ ਖਾਣ ਨੂੰ ਮਿਲਦੀਆਂ ਹਨ। ਉਹ ਚਲਦੀ ਹੈ ਕਿਉਂਕਿ ਇਨਸਾਫ਼ ਦੇ ਹੱਥ ਕਾਰਾਂ ਦੇ ਪਹੀਆਂ ਨਾਲ ਬੱਝੇ ਹੋਏ ਹਨ। ਕਹਾਣੀਕਾਰ ਵਖੋ ਵਖਰੇ ਹਨ, ਪਾਤਰ ਵਖੋ ਵਖਰੇ, ਪਰ ਕਹਾਣੀ ਇਕੋ ਹੀ ਹੈ, ਸੱਭ ਦੀ ਇਕ ਕਹਾਣੀ।