ਦੋਹੜੇ ਹਾਸ਼ਮ ਸ਼ਾਹ

ਵਿਕੀਸਰੋਤ ਤੋਂ
ਇਸ ਉੱਤੇ ਜਾਓ: ਨੇਵੀਗੇਸ਼ਨ, ਖੋਜ

ਹਾਸ਼ਿਮ ਸ਼ਾਹ ਦੇ ਦੋਹੜੇ

ਆਦਮ ਰੂਪ ਜਿਹਿਆ ਤਨ ਕੀਤਾ

ਆਦਮ ਰੂਪ ਜਿਹਿਆ ਤਨ ਕੀਤਾ, ਕੌਣ ਬਣਦਾ ਆਪ ਦੀਵਾਨਾ ।
ਬਿਰਹੋਂ ਭੂਤ ਸ਼ੌਦਾਈ ਕਰਕੇ, ਅਤੇ ਕਰਦਾ ਖ਼ਲਕ ਬੇਗ਼ਾਨਾ ।
ਰਹਿਆ ਇਸ਼ਕ ਪਹਾੜ ਚਿਰੇਂਦਾ, ਅਤੇ ਸੀ ਫ਼ਰਹਾਦ ਨਿਸ਼ਾਨਾ ।
ਸੋਈ ਸ਼ਖ਼ਸ ਬੋਲੇ ਵਿਚ ਮੇਰੇ, ਇਵੇਂ ਹਾਸ਼ਮ ਨਾਮ ਬਹਾਨਾ ।
ਆਦਰ ਭਾਉ ਜਗਤ ਦਾ ਕਰੀਏ

ਆਦਰ ਭਾਉ ਜਗਤ ਦਾ ਕਰੀਏ, ਅਤੇ ਕਸਬੀ ਕਹਿਣ ਰਸੀਲਾ ।
ਜੇ ਕਰ ਦੂਰ ਹਟਾਏ ਲੋਕਾਂ, ਅਤੇ ਕਹਿਣ ਸਵਾਨ ਕੁਤੀਲਾ ।
ਦੇਸ ਤਿਆਗ ਫ਼ਕੀਰੀ ਫੜੀਏ, ਨਹੀਂ ਛੁਟਦਾ ਖੇਸ਼ ਕਬੀਲਾ ।
ਹਾਸ਼ਮ ਖ਼ਿਆਲ ਛੁਟੇ ਨਹੀਂ ਰਾਹੀਂ, ਕੋਈ ਸੌ ਤਦਬੀਰ ਨ ਹੀਲਾ ।
ਆਸ਼ਕ ਆਖ ਦੇਖਾਂ ਕਿਸ ਖ਼ਾਤਰ

ਆਸ਼ਕ ਆਖ ਦੇਖਾਂ ਕਿਸ ਖ਼ਾਤਰ, ਨਿਤ ਚਰਬੀ ਮਾਸ ਸੁਕਾਵਣ ।
ਚਾਹੁਣ ਹਰਫ਼ ਹਿਜਰ ਦਾ ਲਿਖਿਆ, ਉਹ ਕਾਗਜ਼ ਸਾਫ਼ ਬਣਾਵਣ ।
ਰੁਕ ਰੁਕ ਸੂਤ ਪਏ ਮਿਸਤਰ ਦਾ, ਅਤੇ ਸਾਬਤ ਕਲਮ ਚਲਾਵਣ ।
ਹਾਸ਼ਮ ਆਸ਼ਕ ਏਸ ਕਿਤਾਬੋਂ, ਨਿਤ ਸਮਝਿ ਸਲੂਕ ਕਮਾਵਣ ।
ਆਸ਼ਕ ਜੇਡ ਬੇਅਕਲ ਨਾ ਕੋਈ

ਆਸ਼ਕ ਜੇਡ ਬੇਅਕਲ ਨਾ ਕੋਈ, ਜਿਨ ਜਾਣ ਸਮਝ ਨਿੱਤ ਖਪਣਾ ।
ਬੇਦ ਕੁਰਾਨ ਪੜ੍ਹੇ ਜੱਗ ਸਾਰਾ, ਓਸ ਨਾਮ ਜਾਨੀ ਦਾ ਜਪਣਾ ।
ਆਤਸ਼ ਲੈਣ ਬਿਗਾਨੇ ਘਰ ਦੀ, ਤੇ ਫੂਕ ਦੇਵਣ ਘਰ ਅਪਣਾ ।
ਹਾਸ਼ਮ ਸ਼ਾਹ ਕੀ ਹਾਸਲ ਇਸ਼ਕੋਂ, ਐਵੇਂ ਮੁਫ਼ਤ ਬਿਰਹੋਂ ਦਾ ਖਪਣਾ ।
ਆਤਸ਼ ਹੋਣ ਬਿਰਹੋਂ ਦੀ ਆਤਸ਼

ਆਤਸ਼ ਹੋਣ ਬਿਰਹੋਂ ਦੀ ਆਤਸ਼, ਵਿਚ ਤੇਜ਼ੀ ਬਹੁਤ ਪਛਾਤੀ ।
ਸੋਹਣੀ ਰੋਜ਼ ਮਿਲੇ ਤਰ ਨਦੀਆਂ. ਪਰ ਸਰਦ ਨ ਹੋਵੇ ਛਾਤੀ ।
ਓੜਕ ਏਸ ਹਿਜਰ ਦੇ ਸੋਜ਼ੇ, ਉਹ ਬੈਠਿ ਲਹੂ ਵਿਚ ਨ੍ਹਾਤੀ ।
ਹਾਸ਼ਮ ਬਾਝ ਮੁਇਆਂ ਨਹੀਂ ਮਿਲਦਾ, ਅਸਾਂ ਖ਼ੂਬ ਸਹੀ ਕਰ ਜਾਤੀ ।
ਐ ਦਿਲ ! ਦਾਮ ਹਿਰਸ ਦੇ ਫ਼ਸਿਓਂ

ਐ ਦਿਲ ! ਦਾਮ ਹਿਰਸ ਦੇ ਫ਼ਸਿਓਂ, ਤੂੰ ਰਹਿਓਂ ਖ਼ਰਾਬ ਤਦਾਹੀਂ ।
ਆਪਣਾ ਆਪ ਪਛਾਤੋਈ ਹਿਰਸੋਂ, ਤੇ ਯਾਰ ਪਛਾਤੋਈ ਨਾਹੀਂ ।
ਕਾਮਲ ਖ਼ੂਨ ਜਿਗਰ ਦਾ ਖਾ ਹੁਣ, ਅਤੇ ਦਰਦ ਉਨ੍ਹਾਂ ਦਾ ਆਹੀਂ ।
ਹਾਸ਼ਮ ਯਾਰ ਰਹੇ ਜਾਂ ਜਾਏ, ਨਹੀਂ ਇਕ ਘਰ ਲਾਖ ਸਲਾਹੀਂ ।
ਐ ਦਿਲ ! ਦਰਦ ਨਸੀਬ ਤੇਰੇ ਵਿਚ

ਐ ਦਿਲ ! ਦਰਦ ਨਸੀਬ ਤੇਰੇ ਵਿਚ, ਤਾਂ ਮੈਂ ਕੀ ਕਰਾਂ ਬਿਚਾਰਾ ।
ਆਪੇ ਦਰਦ ਸਹੇੜੇਂ ਪਾਈ(ਭਾਈ), ਅਤੇ ਚਾਹੇਂ ਭੀ ਛੁਟਕਾਰਾ ।
ਏਵੇਂ ਹੋਗੁ ਸਆਦਤ ਤੇਰੀ, ਤੂੰ ਕਰ ਦੁਖ ਦਰਦ ਪਿਆਰਾ ।
ਹਾਸ਼ਮ ਪੀੜ ਹਟਾਵੇ ਕਿਧਰੋਂ, ਹੁਣ ਭਾਈ ! ਪਲੀਦ ਨਿਕਾਰਾ ।
ਐ ਦਿਲ ! ਢੂੰਡ ਫਿਰੇ ਜਗ ਪਾਇਆ

ਐ ਦਿਲ ! ਢੂੰਡ ਫਿਰੇ ਜਗ ਪਾਇਆ, ਪਰ ਢੂੰਡਣ ਬਹੁਤ ਔਖੇਰਾ ।
ਬੀਜੇਂ ਦਾਖ ਨ ਹੋਵਣ ਕੰਡੇ, ਤੂੰ ਨਾ ਕਰ ਦੇਖ ਅੰਧੇਰਾ ।
ਕਰ ਕੁਝ ਦਰਦ ਬਿਗਾਨੇ ਦਰਦੋਂ, ਮਤ ਦਰਦ ਕਰੇ ਰੱਬ ਤੇਰਾ ।
ਹਾਸ਼ਮ ਢੂੰਡ ਕਿਵੇਂ ਦਮ ਐਵੇਂ, ਅਜੇ ਹੁਣ ਭੀ ਵਖਤ ਬਤੇਰਾ ।
ਐ ਦਿਲ ! ਤੂੰ ਦਿਲਬਰ ਦੇ ਬਦਲੇ

ਐ ਦਿਲ ! ਤੂੰ ਦਿਲਬਰ ਦੇ ਬਦਲੇ, ਸੌ ਮਿਹਣਾ ਕਰ ਕਰ ਮਾਰੀ ।
ਜਾਂ ਮਨਸੂਰ ਚੜ੍ਹਾਇਆ ਸੂਲੀ, ਇਹ ਗਲ ਲਾਈ ਕਰ ਪਿਆਰੀ ।
ਜੇਹੀ ਸਮਝ ਗਏ ਕਰ ਸੌਦਾ, ਸਭ ਅਪਣੀ ਅਪਣੀ ਵਾਰੀ ।
ਹਾਸ਼ਮ ਹੋਰ ਨਵੇਂ ਗੁਲ ਬੂਟੇ, ਜਦ ਫਿਰੀਆਂ ਹੋਰ ਬਹਾਰੀਂ ।
ਐ ਗੁਲ ! ਮੀਤ ਨ ਜਾਣ ਕਿਸੇ ਨੂੰ

ਐ ਗੁਲ ! ਮੀਤ ਨ ਜਾਣ ਕਿਸੇ ਨੂੰ, ਜਿਹੜਾ ਵੇਖਣ ਆਣ ਖਲੋਵੇ ।
ਅਪਣੀ ਗਰਜ਼ ਸਭੀ ਜਗ ਪਿਆਰੀ, ਸਭ ਤੋੜ ਲਇਆਂ ਖ਼ੁਸ਼ ਹੋਵੇ ।
ਹੈ ਇਕ ਦਰਦ ਤੇਰਾ ਬੁਲਬੁਲ ਨੂੰ, ਜਿਹੜੀ ਹਿਜਰ ਤੇਰੇ ਬਹਿ ਰੋਵੇ ।
ਹਾਸ਼ਮ ਦਰਦ ਹੋਵੇ ਜਿਸ ਤਨ ਨੂੰ, ਸੋਈ ਨਾਲ ਤੇਰੇ ਬਹਿ ਰੋਵੇ ।
ਐਸੇ ਯਾਰ ਮਿਲਣ ਸਬੱਬੀਂ

ਐਸੇ ਯਾਰ ਮਿਲਣ ਸਬੱਬੀਂ, ਜਿਹੜੇ ਕਦੀ ਨ ਮੋੜਨ ਅੱਖੀਂ ।
ਦੇਸ਼ ਬਿਦੇਸ਼ ਨ ਲੱਭਦੇ ਢੂੰਢੇ, ਅਤੇ ਮੁੱਲ ਨ ਆਵਣ ਲੱਖੀਂ ।
ਰੁਲਦੇ ਫਿਰਨ ਜਨੂੰਨ ਲੁਕਾਈ, ਉਹ ਅੱਗ ਛਿਪਾਏ ਕੱਖੀਂ ।
ਪਰ ਉਹ ਭੇਤ ਪਛਾਣਨ ਵਾਲਾ, ਤੂੰ ਹਾਸ਼ਮ ਦਿਲ ਵਿਚ ਰੱਖੀਂ ।
ਅਜ ਇਸ ਰਿਜ਼ਕ ਭਲੇ ਛਬ ਬਾਂਕੀ

ਅਜ ਇਸ ਰਿਜ਼ਕ ਭਲੇ ਛਬ ਬਾਂਕੀ, ਤੈਨੂੰ ਆਖਣ ਲੋਕ ਅਉਤਾਰੀ ।
ਜੇ ਸਿਰ ਦਰਦ ਹੋਵੇ ਜਗ ਸਾਰਾ, ਤੇਰੀ ਆਣ ਕਰੇ ਦਿਲਦਾਰੀ ।
ਐ ਦਿਲ ਜਾਨ ਨਹੀਂ ਬਿਨ ਅਪਣਿਓਂ, ਤੇਰੀ ਤੁਰਸੇ ਕਾਰਗੁਜ਼ਾਰੀ ।
ਹਾਸ਼ਮ ਹੋਗੁ ਖ਼ੁਆਰੀ ਭਲਕੇ, ਤੂੰ ਨ ਕਰ ਹਿਰਸ ਪਿਆਰੀ ।

ਅਪਣੀ ਪੀੜ ਸਭੋ ਜਗ ਫੜਿਆ

ਅਪਣੀ ਪੀੜ ਸਭੋ ਜਗ ਫੜਿਆ, ਕੌਣ ਜਾਣੇ ਹਾਲ ਬੇਗ਼ਾਨਾ ।
ਡੋਬੂ ਘਾਟ ਸੰਜੋਗੀਂ ਮੇਲਾ, ਜਿਹੜਾ ਦਿਸਦਾ ਸਹਜ ਯਰਾਨਾ ।
ਹਿਜਰੀ ਸੋਜ਼ ਜਨੂੰਨੀ ਕਰਦਾ, ਕੌਣ ਬਚਦਾ ਆਪ ਦੀਵਾਨਾ ।
ਹਾਸ਼ਮ ਖ਼ੂਬ ਸਤੀ ਝੱਬ ਮਿਲਿਆ, ਵਿਚ ਕਰਕੇ ਮੌਤ ਬਹਾਨਾ ।
ਔਖਧ ਪੇਸ਼ ਨ ਜਾਵਗੁ ਲੋਕਾ

ਔਖਧ ਪੇਸ਼ ਨ ਜਾਵਗੁ ਲੋਕਾ ! ਬਚ ਰਹਿਓ ਨੈਣਾਂ ਦਿਉਂ ਡੰਗੋਂ ।
ਬਿਰਹੋਂ ਰੋਗ ਕੇਹਾ ਹਤਿਆਰਾ, ਨਹੀਂ ਹੁੰਦਾ ਲਾਖ ਵਿਦੰਗੋਂ ।
ਮਾਸ ਗਿਆ ਜਿੰਦ ਰਹੀ ਨ ਬਾਕੀ, ਅਜੇ ਨਿਕਲੇ ਆਹ ਕਰੰਗੋਂ ।
ਹਾਸ਼ਮ ਏਸ ਹਕੀਕਤ ਤਾਈਂ, ਜਾ ਪੁਛੀਏ ਭੌਰ ਪਤੰਗੋਂ ।
ਬੇਬੁਨਿਆਦ ਜਹਾਨ ਪਛਾਣੇ

ਬੇਬੁਨਿਆਦ ਜਹਾਨ ਪਛਾਣੇ, ਇਤਾਂ ਜੋਸ਼ ਕਰੇ ਦਿਲ ਮੇਰਾ ।
ਚਾਹੇ ਤਰਕ ਕੀਤੀ ਹਰ ਤਰਫ਼ੋਂ, ਅਤੇ ਕਰੇ ਗਿਆਨ ਬਥੇਰਾ ।
ਪਰ ਇਹ ਹਿਰਸ ਹਵਾਇ ਜਹਾਨੀਂ, ਭੈੜਾ ਤੋੜਨ ਬਹੁਤ ਔਖੇਰਾ ।
ਹਾਸ਼ਮ ਨੀਂਦ ਉਖਾੜ ਸਵੇਰੇ, ਨਹੀਂ ਦਿਸਦਾ ਸੂਲ ਬਿਖੇੜਾ ।
ਬੇਬੁਨਿਆਦ ਕਰੇਂ ਬੁਨਿਆਦਾਂ

ਬੇਬੁਨਿਆਦ ਕਰੇਂ ਬੁਨਿਆਦਾਂ, ਤੂੰ ਖੋਲ੍ਹ ਅਕਲ ਦੀ ਤਾਕੀ ।
ਜਿਸ ਦਿਨ ਖ਼ਰਚ ਲਹੇਂਗਾ ਸਾਰੇ, ਇਹ ਖ਼ਰਚੀ ਰਹਗੁ ਨ ਬਾਕੀ ।
ਸੌ ਸਮਿਆਨ ਕਰੇਂ ਖੜਿ ਫ਼ੌਜ਼ਾਂ, ਅਤੇ ਜ਼ਰਾ ਨ ਰਹਸੇਂ ਆਕੀ ।
ਹਾਸ਼ਮ ਸਮਝ ਬਿਹਬੂਦ ਪਿਆਰੇ, ਤੂੰ ਖ਼ਾਕੀ ਹੈਂ ਬਣ ਖ਼ਾਕੀ ।
ਬੇਲੇ ਮਗਰ ਤਿਨ੍ਹਾਂ ਦੇ ਚੀਰੇ

ਬੇਲੇ ਮਗਰ ਤਿਨ੍ਹਾਂ ਦੇ ਚੀਰੇ, ਜੈਂਦਾ ਨਾਮ ਨਾਹੀ ਪੁੱਤ ਕਿਸ ਦਾ ।
ਖੇੜੇ ਛੋੜ ਮਾਹੀ ਦਰ ਪਈਓ, ਕੋਈ ਸ਼ਾਨ ਲਿਬਾਸ ਨ ਜਿਸ ਦਾ ।
ਮਾਏ ! ਬੈਠ ਅੱਖੀਂ ਵਿਚ ਵੇਖੀਂ, ਮੈਨੂੰ ਚਾਕ ਕਿਹਾ ਕੁਝ ਦਿਸਦਾ ।
ਹਾਸ਼ਮ ਪੀੜ ਤਿਸੇ ਤਨ ਹੋਵੇ, ਕੋਈ ਘਾਵ ਦੁਖਾਵੇ ਜਿਸਦਾ ।
ਬੇਸਾਜ਼ਾਂ ਦਾ ਸਾਜ਼ ਹੈ ਸੋਹਣਿਆਂ

ਬੇਸਾਜ਼ਾਂ ਦਾ ਸਾਜ਼ ਹੈ ਸੋਹਣਿਆਂ, ਜਿਨ੍ਹਾਂ ਤਾਣ ਨ ਤਕੀਆ ਕੋਈ ।
ਤੂੰ ਕਰਤਾ ਤਿਨ੍ਹਾਂ ਨੂੰ ਪਾਲੇਂ, ਜਿਨ੍ਹਾਂ ਕੋਲ ਮਿਲੇ ਨ ਢੋਈ ।
ਸੁਣ ਫ਼ਰਿਆਦ ਆ ਗਏ ਦਰ ਤੇਰੇ, ਅਸੀਂ ਆਜ਼ਿਜ਼ ਸਾਥ ਸਥੋਈ ।
ਹਾਸ਼ਮ ਕੂਕ ਕਹੇ ਦਰ ਕਿਸ ਦੇ, ਜੈਂ ਦਾ ਤੈਂ ਬਿਨ ਹੋਰ ਨ ਕੋਈ ।
ਭਾਂਬੜ ਦਰਦ ਹਦਾਯਤ ਵਾਲਾ

ਭਾਂਬੜ ਦਰਦ ਹਦਾਯਤ ਵਾਲਾ, ਜਿਹੜਾ ਪਲ ਪਲ ਬਲ ਬਲ ਬੁਝਦਾ ।
ਘਾਇਲ ਆਪ ਹੋਇਆ ਦੁਖਿਆਰਾ, ਭਲਾ ਹੋਰ ਬੰਨੇ ਕਦ ਰੁਝਦਾ ।
ਮਜਨੂੰ ਸੋਜ਼ ਲੇਲੀ ਦੇ ਜਲਿਆ, ਉਹਨੂੰ ਖਾਣ ਗੋਸ਼ਤ ਕਦ ਸੁਝਦਾ ।
ਹਾਸ਼ਮ ਇਸ਼ਕ ਕਹੇ ਜਗ ਜਿਸ ਨੂੰ, ਭਲਾ ਕੌਣ ਕਿਸੇ ਕੋਲ ਪੁਜਦਾ ।
ਭੁੱਲਾ ਇਸ਼ਕ ਗਿਆ ਜਿਸ ਵਿਹੜੇ

ਭੁੱਲਾ ਇਸ਼ਕ ਗਿਆ ਜਿਸ ਵਿਹੜੇ, ਉਹਦੀ ਸਭ ਜੜ ਮੂਲ ਗਵਾਵੇ ।
ਜਿਉਂ ਬਾਗ਼ਬਾਨ ਸੁੱਟੇ ਕੱਟ ਬੂਟਾ, ਅਤੇ ਭੀ ਸਿਰ ਵਾਰ ਲਗਾਵੇ ।
ਕਿਸਮਤ ਨਾਲ ਹੋਵੇ ਮੁੜ ਹਰਿਆ, ਨਹੀਂ ਮੂਲ ਸੁੱਕੇ ਜੜ ਜਾਵੇ ।
ਹਾਸ਼ਮ ਰਾਹ ਇਸ਼ਕ ਦਾ ਏਹੋ, ਕੋਈ ਭਾਗ ਭਲੇ ਫਲ ਪਾਵੇ ।
ਬਿਰਹੋਂ ਦੂਰ ਅਜ਼ਾਰੀ ਕੀਤੇ

ਬਿਰਹੋਂ ਦੂਰ ਅਜ਼ਾਰੀ ਕੀਤੇ, ਅਸੀਂ ਪ੍ਰੇਮ ਚਿਖਾ ਵਿਚ ਪਾ ਕੇ ।
ਅਫ਼ਲਾਤੂਨ ਨ ਸਮਝੇ ਵੇਦਨ, ਜੇ ਨਬਜ਼ ਫੜੇ ਹੱਥ ਆ ਕੇ ।
ਮਜਨੂੰ ਦੇਖ ਹਵਾਲਤ ਮੇਰੀ, ਉਹ ਰੋਵਣ ਬਹਿ ਗਲ ਲਾ ਕੇ ।
ਹਾਸ਼ਮ ਹਾਲ ਸੱਜਣ ਨੂੰ ਸਾਡਾ, ਭਲਾ ਕੌਣ ਕਹੇ ਸਮਝਾ ਕੇ ।
ਬੋਲੇ ਕਾਗ ਸਵੇਰ ਪਛਾਤੀ

ਬੋਲੇ ਕਾਗ ਸਵੇਰ ਪਛਾਤੀ, ਅਤੇ ਸ਼ੋਰ ਕੀਤਾ ਬਣ ਮੋਰਾਂ ।
ਸੂਰਜ ਸ਼ਮ੍ਹਾਂ ਜਗਤ ਦੀ ਹੋਇਆ, ਅਤੇ ਪਿਆ ਅੰਧੇਰ ਚਕੋਰਾਂ ।
ਖ਼ੂਬੀ ਹੁਸਨ ਅਤੇ ਗੁਲ ਨਾਹੀ, ਵੱਸ ਹੋਰ ਦਿਲਾਂ ਦੀਆਂ ਡੋਰਾਂ ।
ਸਾਧਾਂ ਨਾਲ ਨ ਮਤਲਬ ਹਾਸ਼ਮ, ਜਿਨ੍ਹਾਂ ਗ਼ਰਜ਼ ਬਣੀ ਸੰਗ ਚੋਰਾਂ ।
ਬੂਟੇ ਸੇਬ ਅਨਾਰ ਲਗਾਏ

ਬੂਟੇ ਸੇਬ ਅਨਾਰ ਲਗਾਏ, ਕਰ ਮੁਨਸਫ਼ ਲੋਕ ਗਵਾਹੀ ।
ਆਈ ਜਿਦਿਨ ਬਹਾਰ ਫੁਲਾਂ ਦੀ, ਤਾਂ ਫੁਲ ਹੋਏ ਕਾਹੀਂ ।
ਰਾਧੀ ਦਾਖ ਡਿਠੀ ਕੰਡਿਆਰੀ, ਜਿਹਦੀ ਜ਼ਰਾ ਉਮੀਦ ਨ ਆਹੀ ।
ਹਾਸ਼ਮ ਦੇਖ ਖਿਆਲ ਰੱਬਾਨੀ, ਅਤੇ ਉਸ ਦੀ ਬੇਪਰਵਾਹੀ ।
ਬੁਧ ਸੁਧ ਜਿਨ ਸਮਝੀ ਕੁਝ ਥੋੜੀ

ਬੁਧ ਸੁਧ ਜਿਨ ਸਮਝੀ ਕੁਝ ਥੋੜੀ, ਸੋ ਖਾਂਦਾ ਖ਼ੂਨ ਜਿਗਰ ਦਾ ।
ਜਿਸ ਨੇ ਲਈ ਬਹਾਰ ਵਸਲ ਦੀ, ਸੋ ਹੋਯਾ ਅਸੀਰ ਹਿਜਰ ਦਾ ।
ਤੋਤੀ ਹੁਸਨ ਕਲਾਮ ਨ ਸਿਖਦੀ, ਕਿਉਂ ਪੈਂਦਾ ਨਾਮ ਪਿੰਜਰ ਦਾ ।
ਹਾਸ਼ਮਸ਼ਾਹ ਰਸ ਮੂਲ ਦੁਖਾਂ ਦਾ, ਜਿਸ ਰਸ ਬਦਲੇ ਦੁਖਿ ਮਰਦਾ ।
ਚਾਕਾ ਵੇ ! ਮਤ ਚਾਕਾਂ ਵਾਲੀ

ਚਾਕਾ ਵੇ ! ਮਤ ਚਾਕਾਂ ਵਾਲੀ, ਤੇਰੀ ਦੇਖ ਲਈ ਚਤੁਰਾਈ ।
ਏਹੋ ਇਸ਼ਕ ਕਮਾਵਣ ਸਿਖਿਓਂ, ਤੂੰ ਅੰਗ ਬਿਭੂਤ ਲਗਾਈ ?
ਆਵਾਵਰਦ ਨਮਰਦਾਂ ਵਾਲੀ, ਤੈਨੂੰ ਕਿਨ ਇਹ ਚਾਲ ਸਿਖਾਈ ?
ਹਾਸ਼ਮ ਆਖ ਰਾਂਝਣ ਨੂੰ ਮਿਲ ਕੇ, ਮੈਂ ਵਾਰੀ ਘੋਲ ਘੁਮਾਈ ।
ਚਮਕ ਕਰੋੜ ਮਜਨੂੰਆਂ ਵਾਲੀ

ਚਮਕ ਕਰੋੜ ਮਜਨੂੰਆਂ ਵਾਲੀ, ਜੇ ਤੂੰ ਸਮਝਣ ਲਾਇਕ ਹੋਵੇਂ ।
ਜਿਸ ਤੋਂ ਵਾਰ ਸੁਟੇ ਲਖ ਹਾਸੇ, ਤੂੰ ਰੋਣ ਏਹਾ ਬਹਿ ਰੋਵੇਂ ।
ਵਸਲੋਂ ਆਣ ਹਿਜ਼ਰ ਦੇ ਪਿਆਰੇ, ਅਸਾਂ ਵੇਖ ਡਿਠੇ ਰਸ ਦੋਵੇਂ ।
ਹਾਸ਼ਮ ਤੋੜਿ ਜੰਜ਼ੀਰ ਮਜ਼੍ਹਬ ਦੇ, ਅਤੇ ਹੋ ਨਿਰਵੈਰ ਖਲੋਵੇਂ ।
ਚੰਦਾ ! ਚਮਕ ਵਿਖਾਲ ਨਾ ਸਾਨੂੰ

ਚੰਦਾ ! ਚਮਕ ਵਿਖਾਲ ਨਾ ਸਾਨੂੰ, ਅਤੇ ਨਾ ਕਰ ਮਾਣ ਵਧੇਰਾ ।
ਤੈਂ ਜੇਹੇ ਲੱਖ ਚੜ੍ਹਨ ਅਸਾਂ ਨੂੰ, ਪਰ ਸੱਜਣਾ ਬਾਝ ਹਨੇਰਾ ।
ਜਿਸ ਡਿੱਠਿਆਂ ਦਿਲ ਰੋਸ਼ਨ ਹੋਵੇ, ਉਹ ਹੁਸਨ ਨਹੀਂ ਅੱਜ ਤੇਰਾ ।
ਹਾਸ਼ਮ ਬਾਝ ਤੁਸਾਂ ਦੁੱਖ ਪਾਇਆ, ਝੱਬ ਆ ਮਿਲ ਸਾਜਨ ਮੇਰਾ ।
ਚੰਦਾ ਦੇਖ ਚਕੋਰ ਪੁਕਾਰੇ

ਚੰਦਾ ਦੇਖ ਚਕੋਰ ਪੁਕਾਰੇ, ਤੱਕ ਹਾਲਤ ਖੋਲ੍ਹ ਦਿਲਾਂ ਨੂੰ ।
ਤੂੰ ਸਰਦਾਰ ਸਭੀ ਕੁਝ ਤੇਰਾ, ਏਸ ਸੋਭਾ, ਭਾਉ ਅਸਾਨੂੰ ।
ਜੋੜੀ ਜੋੜ ਦਿਤੀ ਰੱਬ ਸਾਹਿਬ, ਅਤੇ ਜੀਵਾਂ ਦੇਖ ਤੁਸਾਨੂੰ ।
ਹਾਸ਼ਮ ਖ਼ਰਚ ਨਹੀਂ ਕੁਛ ਹੋਂਦਾ, ਭੋਰਾ ਕਰ ਕੁਝ ਯਾਦ ਮਿਤਰਾਂ ਨੂੰ ।
ਚੜ੍ਹਿਆ ਚਾ ਪਪੀਹੇ ਸੁਣ ਕੇ

ਚੜ੍ਹਿਆ ਚਾ ਪਪੀਹੇ ਸੁਣ ਕੇ, ਅਤੇ ਸਾਵਣ ਦੀ ਰੁਤ ਆਈ ।
ਤਰਸਣ ਖਪਣ ਤੇ ਦੁਖ ਪਾਵਣ, ਉਨ ਸਿਕਦਿਆਂ ਉਮਰ ਗਵਾਈ ।
ਨੇੜੇ ਭਾਲ ਪੀਆ ਦਿਲਬਰ ਦੀ, ਉਨੂ ਚਮਕੇ ਚਮਕ ਸਵਾਈ ।
ਹਾਸ਼ਮ ਕੀ ਇਹ ਮਾਣ ਮਿਲਣ ਦਾ, ਜਿਸ ਦਿਸਦੀ ਫੇਰ ਜੁਦਾਈ ।
ਚੋਰ ਚੁਰਾਇ ਲਿਆ ਦਿਲ ਮੇਰਾ

ਚੋਰ ਚੁਰਾਇ ਲਿਆ ਦਿਲ ਮੇਰਾ, ਏਸ ਚੇਟਕ ਚੋਰ ਤੂਫ਼ਾਨੀ ।
ਦਰ ਦਰ ਫਿਰਾਂ ਦੀਵਾਨੀ ਢੂੰਡਾਂ, ਲੋਕ ਆਖਣ 'ਫਿਰੇ ਦੀਵਾਨੀ' ।
ਜਿਸ ਨੂੰ ਜਾ ਪੁਛੀਏ ਸੋਈ ਕਹਿੰਦੀ, ਭੈੜੀ ਫਿਰੇ ਖ਼ਰਾਬ ਦੀਵਾਨੀ ।
ਹਾਸ਼ਮ ਖ਼ੂਬ ਅਸਾਂ ਨਾਲ ਕੀਤੀ, ਤੇਰੇ ਇਸ਼ਕ ਉਤੋਂ ਕੁਰਬਾਨੀ ।
ਚੂਚਕ ਬਾਪ ਉਲਾਂਭਿਓਂ ਡਰ ਕੇ

ਚੂਚਕ ਬਾਪ ਉਲਾਂਭਿਓਂ ਡਰ ਕੇ, ਅਸੀਂ ਸ਼ਹਿਰੋਂ ਮਾਰ ਖਦੇੜੇ ।
ਬੇਇਤਬਾਰ ਹੋਏ ਜਗ ਸਾਰੇ, ਹੁਣ ਕਰਨ ਵਿਆਹ ਨ ਖੇੜੇ ।
ਤਰਸਣ ਨੈਣ ਰਾਂਝਣਾ ! ਤੈਨੂੰ, ਅਸੀਂ ਕਿਉਂ ਤੁਧ ਯਾਰ ਸਹੇੜੇ ।
ਹਾਸ਼ਮ ਕੌਣ ਦਿਲਾਂ ਦੀਆਂ ਜਾਣੇ, ਮੇਰਾ ਸਾਹਿਬ ਨਿਆਂ ਨਿਬੇੜੇ ।
ਦਾਮ ਜ਼ੁਲਫ਼ ਵਿਚ ਬੇਰ ਮੋਤੀ ਜਦ

ਦਾਮ ਜ਼ੁਲਫ਼ ਵਿਚ ਬੇਰ ਮੋਤੀ ਜਦ, ਉਲਟ ਉਲਟ ਵਿਚ ਧਰਦੇ ।
ਹੰਸ ਹਾਥ ਛੁਈਆਂ ਕਰ ਫਸਦੇ, ਅਤੇ ਪਟਕ ਪਟਕ ਸਿਰ ਮਰਦੇ ।
ਖੁੰਨਣ ਜ਼ਖਮ ਘਾਇਲ ਦਿਲ ਦਰਦੀ, ਨਿਤ ਸਹਿਣ ਸੂਲ ਦਿਲਬਰ ਦੇ ।
ਵੇਖੋ ਲੇਖ ਹਾਸ਼ਮ ਮੁਸ਼ਤਾਕਾਂ, ਸੋਹਣੇ ਕਦਰ ਨਹੀਂ ਫਿਰ ਕਰਦੇ ।
ਦੌਲਤ ਮਾਲ ਜਹਾਨ ਪਿਆਰਾ

ਦੌਲਤ ਮਾਲ ਜਹਾਨ ਪਿਆਰਾ, ਅਸਾਂ ਢੂੰਡ ਲੱਧਾ ਇਕ ਪਿਆਰਾ ।
ਸੋ ਭੀ ਲੋਕ ਨ ਦੇਖਣ ਦੇਂਦੇ, ਜਗ ਸੜਦਾ ਹੈਂਸਿਆਰਾ ।
ਦਿਲ ਵਿਚ ਸ਼ੌਕ ਬਖ਼ੀਲ ਚੁਫੇਰੇ, ਮੇਰਾ ਹੋਗੁ ਕਿਵੇਂ ਛੁਟਕਾਰਾ ।
ਹਾਸ਼ਮ ਆਓ ਮਿਲਾਓ ਰਾਂਝਾ, ਮੇਰਾ ਸੁਖ ਦਿਲ ਦਾ ਦੁਖ ਸਾਰਾ ।
ਦੀਪਕ ਦੇਖ ਜਲੇ ਪਰਵਾਨਾ

ਦੀਪਕ ਦੇਖ ਜਲੇ ਪਰਵਾਨਾ, ਉਨ ਇਹ ਕੀ ਮਜ਼੍ਹਬ ਪਛਾਤਾ ।
ਆਸ਼ਕ ਦੀਨ ਨ ਮਜ਼੍ਹਬ ਰਖੇਂਦੇ, ਉਨ੍ਹਾਂ ਵਿਰਦ ਖ਼ੁਦਾ ਕਰ ਜਾਤਾ ।
ਜਿਨ ਇਹ ਇਲਮ ਭੁਲਾਯਾ ਦਿਲ ਤੋਂ, ਉਨ ਲੱਧਾ ਯਾਰ ਗਵਾਤਾ ।
ਹਾਸ਼ਮ ਤਿਨ੍ਹਾਂ ਰੱਬ ਪਛਾਤਾ, ਜਿਨ੍ਹਾਂ ਆਪਣਾ ਆਪ ਪਛਾਤਾ ।
ਦੇਖਣ ਨੈਣ ਨਿਆਜ਼ ਨੈਣਾਂ ਦੀ

ਦੇਖਣ ਨੈਣ ਨਿਆਜ਼ ਨੈਣਾਂ ਦੀ, ਜਦ ਨੈਣ ਨੈਣਾਂ ਵਿਚ ਅਟਕੇ ।
ਨੈਣ ਬੁਰੇ ਨਿਤ ਮਾਰਨ ਚੋਕਾਂ, ਜਦ ਨੈਣ ਨੈਣਾਂ ਵਿਚ ਪਟਕੇ ।
ਕਾਰੀ ਚੋਟ ਨੈਣਾਂ ਨੂੰ ਲੱਗੀ, ਨੈਣ ਹਰਗਿਜ਼ ਰਹਿਣ ਨ ਅਟਕੇ ।
ਹਾਸ਼ਮ ਦੋਸ਼ ਨੈਣਾਂ ਵਿਚ ਨਾਹੀਂ, ਨੈਣ ਦੇਖਿ ਅਦਾਈਂ ਲਟਕੇ ।
ਦੇਖ ਚਕੋਰ ਕਹਿਆ ਇਕ ਮੁਨਸਫ਼

ਦੇਖ ਚਕੋਰ ਕਹਿਆ ਇਕ ਮੁਨਸਫ਼, ਤੈਨੂੰ ਮੂਰਖ਼ ਕਹਾਂ ਸਿਆਣਾ ?
ਉਹ ਚੰਦ ਪ੍ਰਿਥਵੀਪਤਿ ਰਾਜਾ, ਤੂੰ ਪੰਛੀ ਲੋਕ ਨਿਮਾਣਾ ।
ਕਹਿਆ ਚਕੋਰ, 'ਨਹੀਂ ਤੂੰ ਮਹਿਰਮ, ਏਸ ਰਮਜ਼ੋਂ ਜਾਹ ਅਣਜਾਣਾ !
ਹਾਸ਼ਮ ਰਾਜ ਨ ਦਿਸਦਾ ਮੈਨੂੰ, ਮੈਂ ਯਾਰ ਜਾਨੀ ਕਰ ਜਾਣਾ' ।
ਦਿਲਬਰ ਦਾਮ ਵਿਛਾ ਜ਼ੁਲਫ਼ ਦੀ

ਦਿਲਬਰ ਦਾਮ ਵਿਛਾ ਜ਼ੁਲਫ਼ ਦੀ, ਵਿਚ ਚੋਗ ਹੁਸਨ ਦੀ ਪਾਈ ।
ਦੇਖ ਖ਼ੁਰਾਕ ਜਨਾਵਰ ਦਿਲ ਦਾ, ਉਹ ਜਾ ਪਇਆ ਵਿਚ ਫਾਹੀ ।
ਹੈ ਕਿਤ ਹਾਲ ਗ਼ਰੀਬ ਬਿਚਾਰਾ, ਮੁੜ ਦਿਲ ਦੀ ਖ਼ਬਰ ਨ ਆਈ ।
ਹਾਸ਼ਮ ਮੁੜਨ ਮੁਹਾਲ ਤਿਨ੍ਹਾਂ ਨੂੰ, ਜਿਨ੍ਹਾਂ ਨਿਵ ਸਿਰ ਬਾਜ਼ੀ ਲਾਈ ।
ਦਿਲਬਰ ਵੇਖ ਰਿਹਾ ਵਿਚ ਸ਼ੀਸ਼ੇ

ਦਿਲਬਰ ਵੇਖ ਰਿਹਾ ਵਿਚ ਸ਼ੀਸ਼ੇ, ਉਹਨੂੰ ਸੂਰਤਿ ਨਜ਼ਰ ਨ ਆਵੇ ।
ਪਾਣੀ ਦੇ ਵਿਚ ਸਹੀ ਨ ਹੋਵੇ, ਜਦ ਆਈਨਾ ਅਕਸ ਮਿਲਾਵੇ ।
ਦੀਪਕ ਕੋਲ ਚਿਖਾ ਦੇ ਧਰਿਆ, ਉਹਦੀ ਚਮਕ ਚਮਕ ਮਿਲ ਜਾਵੇ ।
ਹਾਸ਼ਮ ਆਪ ਹੋਵੇ ਲਖ ਸ਼ੀਸ਼ਾ, ਉਹਨੂੰ ਸ਼ੀਸ਼ਾ ਕੌਣ ਦਿਖਾਵੇ ।
ਦਿਲਬਰ ਯਾਰ ਫ਼ਿਰਾਕ ਦੇ ਮੇਰੇ

ਦਿਲਬਰ ਯਾਰ ਫ਼ਿਰਾਕ ਦੇ ਮੇਰੇ, ਵਗਦੇ ਨੈਣ ਫੁਹਾਰੇ ।
ਦਿਲ ਦਾ ਖ਼ੂਨ ਵਗੇ ਵਿਚ ਰਲਿਆ, ਜਿਹੜੇ ਚਮਕਣ ਸੁਰਖ਼ ਸਤਾਰੇ ।
ਆਤਸ਼ਬਾਜ਼ ਪ੍ਰੇਮ ਬਣਾਏ, ਫੁਲਝੜੀਆਂ ਨੈਣ ਬਿਚਾਰੇ ।
ਹਾਸ਼ਮ ਖ਼ੂਬ ਤਮਾਸ਼ਾ ਬਣਿਆ, ਹੁਣ ਲਾਇਕ ਯਾਰ ਪਿਆਰੇ ।
ਦਿਲਬਰ ਯਾਰ ਕੇਹਾ ਤੁਧ ਕੀਤਾ

ਦਿਲਬਰ ਯਾਰ ਕੇਹਾ ਤੁਧ ਕੀਤਾ, ਮੇਰੀ ਪਕੜੀ ਜਾਨ ਅਜ਼ਾਬਾਂ ।
ਦਾਰੂ ਦਰਦ ਤੇਰੇ ਦਾ ਨਾ ਹੈ, ਅਸਾਂ ਪੜ੍ਹੀਆਂ ਲਾਖ ਕਿਤਾਬਾਂ ।
ਰੋਵਣ ਜੋਸ਼ ਲਗੇ ਨਿਤ ਅੱਖੀਆਂ, ਜਦ ਭੜਕੀ ਭਾਹ ਕਬਾਬਾਂ ।
ਹਾਸ਼ਮ ਬਹੁਤ ਸਹੇ ਦੁਖ ਪਿਆਰੇ, ਕਦੀ ਆ ਮਿਲ ਦੇਖ ਖ਼ਰਾਬਾਂ ।
ਦਿਲਬਰ ਯਾਰ ਕੇਹੀ ਤੁਧ ਕੀਤੀ

ਦਿਲਬਰ ਯਾਰ ਕੇਹੀ ਤੁਧ ਕੀਤੀ, ਮਿਰੇ ਸਾਸ ਲਬਾਂ ਪਰ ਆਏ ।
ਜ਼ਾਹਰ ਕਰਾਂ ਹੋਵੇ ਜਗ ਰੁਸਵਾ, ਤੇ ਹੁਇਆ ਖਾਮੋਸ਼ ਨ ਜਾਏ ।
ਮੈਂ ਕਰ ਸ਼ਰਮ ਡਰਾਂ ਵਿਚ ਵੇਹੜੇ, ਅਤੇ ਬਿਰਹੋਂ ਢੋਲ ਵਜਾਏ ।
ਹਾਸ਼ਮ ਫੀਲ ਵੜੇ ਜਿਸ ਵੇਹੜੇ, ਭਲਾ ਕਿਚਰਕੁ ਕੋਈ ਲੁਕਾਏ ।
ਦਿਲਬਰ ਯਾਰ ਕਿਹੇ ਦਿਨ ਆਹੇ

ਦਿਲਬਰ ਯਾਰ ਕਿਹੇ ਦਿਨ ਆਹੇ, ਜਦ ਹੱਸ ਹੱਸ ਲੈ ਗਲਿ ਮਿਲਦੇ ।
ਜਿਉਂ ਜਿਉਂ ਬੇਪਰਵਾਹੀ ਕਰਦਾ, ਸਾਨੂੰ ਡਾਹ ਲਗਣ ਤਿਲ ਤਿਲ ਦੇ ।
ਤਸਬੀ ਦੇਖ ਨਾਹੀਂ ਹੱਥ ਸਾਡੇ, ਅਸਾਂ ਦਾਗ਼ ਰਖੇ ਗਿਣ ਦਿਲ ਦੇ ।
ਹਾਸ਼ਮ ਧੋਵਣ ਬਹੁਤ ਔਖੇਰਾ, ਪਰ ਦਾਗ਼ ਨ ਦਿਲ ਤੋਂ ਹਿਲਦੇ ।
ਦਿਲਬਰ ਯਾਰ ਮਹੂਰਤ ਕਰ ਲੈ

ਦਿਲਬਰ ਯਾਰ ਮਹੂਰਤ ਕਰ ਲੈ, ਅੱਜ ਨਾਲਿ ਅਸਾਂ ਮੁਖ ਹੱਸਕੇ ।
ਬਿਜਲੀ ਰੋਜ਼ ਨਹੀਂ ਝੜ ਹੋਵੇ, ਅਤੇ ਮੇਘ ਸਮੇਂ ਵਿਚ ਲਸ਼ਕੇ ।
ਜਾਂ ਮੁੜਿ ਫੇਰਿ ਜਵਾਨੀ ਆਵੇ, ਅਤੇ ਜੀਉ ਲਏ ਮਨ ਵਸ ਕੇ ।
ਹਾਸ਼ਮ ਜਾਣ ਗ਼ਨੀਮਤ ਮਿਲਣਾ, ਮਿਲ ਨਾਲ ਅਸਾਂ ਹੱਸ ਰਸ ਕੇ ।
ਦਿਲਬਰ ਯਾਰ ਨਦੀ ਦੀਆਂ ਲਹਿਰੀਂ

ਦਿਲਬਰ ਯਾਰ ਨਦੀ ਦੀਆਂ ਲਹਿਰੀਂ, ਇਹ ਸਦਾ ਨ ਰਹਿਣ ਇਥਾਈਂ ।
ਤੈਂਡਾ ਇਸ਼ਕ ਮੇਰੀ ਦਿਲਗ਼ੀਰੀ, ਕੋਈ ਲਾਖ ਵਰ੍ਹੇ ਤਕ ਨਾਹੀਂ ।
ਦੋ ਦਿਨ ਭੌਰ ਗੁਲਾਂ ਦਾ ਮੇਲਾ, ਅਤੇ ਆਸ ਉਮੀਦ ਸਰਾਈਂ ।
ਹਾਸ਼ਮ ਪਰ ਕੀ ਦੋਸ਼ ਮਿਤ੍ਰ ਵਿਚ, ਲੇਖ ਅਸਾਡੇ ਨਾਹੀਂ ।
ਦਿਲਬਰ ਯਾਰ ਨ ਦੋਸ਼ ਤੁਸਾਨੂੰ

ਦਿਲਬਰ ਯਾਰ ਨ ਦੋਸ਼ ਤੁਸਾਨੂੰ, ਕੀ ਕਰੀਏ ਸਿਫ਼ਤ ਤੁਸਾਡੀ ।
ਮਿਲੇ ਤੰਬੀਹ ਗ਼ੁਨਾਹਾਂ ਮੂਜਬ, ਇਹ ਸਭ ਤਕਸੀਰ ਅਸਾਡੀ ।
ਮੁਨਸਫ਼ ਦਰਦਮੰਦਾਂ ਦੇ ਨਾਹੀਂ, ਇਹ ਬਾਣ ਤੁਸਾਂ ਵਿਚ ਡਾਢੀ ।
ਗ਼ੈਰਤ ਤੇਗ਼ ਜਿਨ੍ਹਾਂ ਦੀ ਹਾਸ਼ਮ, ਕਿਉਂ ਢੂੰਡਣ ਤੇਗ਼ ਫ਼ੌਲਾਦੀ ।
ਦਿਲਬਰ ਯਾਰ ਨ ਕਰ ਅਲਗਰਜ਼ੀ

ਦਿਲਬਰ ਯਾਰ ਨ ਕਰ ਅਲਗਰਜ਼ੀ, ਇਨ੍ਹਾਂ ਨਾਲ ਨਿਮਾਣਿਆਂ ਯਾਰਾਂ ।
ਇਕ ਜੰਮਦੇ ਇਕ ਮੈਂ ਤੁਧ ਜੇਹੇ, ਕਈ ਰੁਲ ਗਏ ਖ਼ਾਕ ਹਜ਼ਾਰਾਂ ।
ਕਿਚਰਕੁ ਕੂਕ ਪਪੀਹਾ ਕੂਕੇ, ਅਤੇ ਕਿਚਰਕੁ ਪਵਣ ਪੁਹਾਰਾਂ ।
ਹਾਸ਼ਮ ਹੋਸ਼ ਪਕੜ, ਨਹੀਂ ਬੰਦੇ ! ਕੋਈ ਨਿਤ ਨਿਤ ਚੇਤ ਬਹਾਰਾਂ ।
ਦਿਲਬਰ ਯਾਰ ਸ਼ਿੰਗਾਰ ਰੰਗੀਲਾ

ਦਿਲਬਰ ਯਾਰ ਸ਼ਿੰਗਾਰ ਰੰਗੀਲਾ, ਮਤ ਬਾਹਰ ਦੇਖ ਅਸਾਡੇ ।
ਦਿਲ ਬੰਦ ਹੋਇਆ ਨਿਤ ਮਿਲਣ ਤੰਬੀਹਾਂ, ਅਤੇ ਬ੍ਰਿਹੋਂ ਮਗਰ ਪਿਆਦੇ ।
ਦਰਦ ਫ਼ਿਰਾਕ ਤੁਸਾਡੇ ਵਾਲਾ, ਇਹ ਹੋਇਆ ਨਸੀਬ ਅਸਾਡੇ ।
ਹਾਸ਼ਮ ਦੇਖ ਵਜ਼ੀਫ਼ਾ ਆਹੀਂ, ਪਰ ਖ਼ਾਤਰ ਯਾਰ ਤੁਸਾਡੇ ।
ਦਿਲ ਦੇ ਕੋਲ ਅੱਖੀਂ ਨਹੀਂ ਦਿਸਦੇ

ਦਿਲ ਦੇ ਕੋਲ ਅੱਖੀਂ ਨਹੀਂ ਦਿਸਦੇ, ਦਿਲਬਰ ਮੀਤ ਖੜੇ ਦਿਲ ਜਾਨੀ ।
ਆ ਜਾਨੀ ਪਰਦੇਸੀ ਪਿਆਰੇ ! ਤੇਰੇ ਪਲ ਪਲ ਦੇ ਕੁਰਬਾਨੀ ।
ਤੈਂ ਬਿਨ ਦੇਸ ਉਜਾੜਾ ਦਿਸਦਾ, ਜਿਹੜਾ ਆਹਾ ਨੂਰ ਨੂਰਾਨੀ ।
ਹਾਸ਼ਮ ਆਖ ਸੱਜਣ ਨੂੰ ਮਿਲ ਕੇ, ਮੈਂ ਤੁਧ ਦੇ ਬਾਝ ਦੀਵਾਨੀ ।
ਦਿਲ ਦਿਲਗ਼ੀਰ ਹੋਇਆ ਤਕਦੀਰੋਂ

ਦਿਲ ਦਿਲਗ਼ੀਰ ਹੋਇਆ ਤਕਦੀਰੋਂ, ਤੈਨੂੰ ਕੌਣ ਦੇਵੇ ਦਮ ਸੁਖ ਦਾ ।
ਬਹੁਤੇ ਯਾਰ ਬਿਦਰਦ ਲਿਬਾਸੀ, ਕਰ ਗਿਆਨ ਸੁਣਾਵਣ ਮੁਖ ਦਾ ।
ਦਰਦੀ ਦਰਦ ਵੰਡਾਇਆ ਲੋੜਨ, ਹਥੋਂ ਆਣ ਦੁਖਾਵਣ ਦੁਖ ਦਾ ।
ਕਾਮਲ ਯਾਰ ਮਿਲੇ ਕੋਈ ਹਾਸ਼ਮ, ਤਾਂ ਸਰਦ ਹੋਵੇ ਦਮ ਦੁਖ ਦਾ ।
ਦਿਲ ਘਾਇਲ ਦਿਲਬਰ ਨੂੰ ਕਹਿਆ

ਦਿਲ ਘਾਇਲ ਦਿਲਬਰ ਨੂੰ ਕਹਿਆ, ਤੂੰ ਸੁਣ ਜਾਨੀ ਮੇਰਾ ।
ਜੇ ਤੂੰ ਐਬ ਡਿਠਾ ਵਿਚ ਸਾਡੇ, ਅਤੇ ਧਰਿਆ ਪੈਰ ਪਰੇਰਾ ।
ਤੈਂਡੇ ਨਾਲ ਨਹੀਂ ਕੁਝ ਮਤਲਬ, ਸਾਨੂੰ ਸ਼ੌਂਕ ਲੋੜੀਂਦਾ ਤੇਰਾ ।
ਹਾਸ਼ਮ ਰਹਿਗੁ ਕਿਆਮਤ ਤੋੜੀਂ, ਸਾਨੂੰ ਏਹੋ ਦਾਨ ਬਤੇਰਾ ।
ਦਿਲ ਨੂੰ ਬਾਣ ਪਿਆ ਇਕ ਮਾਏ

ਦਿਲ ਨੂੰ ਬਾਣ ਪਿਆ ਇਕ ਮਾਏ ! ਮੈਨੂੰ ਜ਼ਾਹਰ ਮੂਲ ਨ ਹੋਵੇ ।
ਆਪੇ ਬਾਲ ਚਿਖਾ ਵਿਚ ਜਲਦਾ, ਪਰ ਸੇਕ ਲਗੇ ਬਹਿ ਰੋਵੇ ।
ਛਡਦਾ ਬਾਣ ਨ ਜਲਬਲ ਮੁਰਦਾ, ਮੇਰੀ ਜਾਨ ਖਲਾਸੀ ਹੋਵੇ ।
ਹਾਸ਼ਮ ਹਾਲ ਤੱਤੀ ਦਾ ਜਾਣੇ, ਜਿਹੜਾ ਨਾਲ ਲਹੂ ਮੁਖ ਧੋਵੇ ।
ਦਿਲ ਸੋਈ ਜੋ ਸੋਜ਼ ਸੱਜਨ ਦੇ

ਦਿਲ ਸੋਈ ਜੋ ਸੋਜ਼ ਸੱਜਨ ਦੇ, ਨਿਤ ਖ਼ੂਨ ਜਿਗਰ ਦਾ ਪੀਵੇ ।
ਨੈਣ ਸੋਈ ਜੋ ਆਸ ਦਰਸ ਦੀ, ਨਿਤ ਰਹਿਣ ਹਮੇਸ਼ਾ ਖੀਵੇ ।
ਦਿਲ ਬੇਦਰਦ ਬਿਆਧੀਂ ਭਰਿਆ, ਸ਼ਾਲਾ!ਉਹ ਹਰ ਕਿਸੇ ਨ ਥੀਵੇ ।
ਹਾਸ਼ਮ ਸੋ ਦਿਲ ਜਾਣ ਰੰਗੀਲਾ, ਜਿਹੜਾ ਦੇਖ ਦਿਲਾਂ ਵਲ ਜੀਵੇ ।
ਦਿਲ ਤੂੰ ਹੀ ਦਿਲਬਰ ਭੀ ਤੂੰ ਹੀ

ਦਿਲ ਤੂੰ ਹੀ ਦਿਲਬਰ ਭੀ ਤੂੰ ਹੀ, ਅਤੇ ਦੀਦ ਤੂੰ ਹੀ ਦੁਖ ਤੇਰਾ ।
ਨੀਂਦਰ ਭੁੱਖ ਆਰਾਮ ਤੂੰ ਹੀ ਤੂੰ, ਅਤੇ ਤੈਂ ਬਿਨ ਜਗਤ ਅੰਧੇਰਾ ।
ਨੈਣ ਪਰਾਣ ਹਯਾਤੀ ਤੂੰ ਹੀ, ਇਕ ਹਰਫ਼ ਨਹੀਂ ਵਿਚ ਮੇਰਾ ।
ਹਾਸ਼ਮ ਸਾਂਝ ਤੁਸਾਡੇ ਦਮ ਦੀ, ਹੋਰ ਵਸਦਾ ਮੁਲਕ ਬਤੇਰਾ ।
ਦਿਲ ਵਿਚ ਸਬਰ ਹਯਾ ਨ ਮਾਏ

ਦਿਲ ਵਿਚ ਸਬਰ ਹਯਾ ਨ ਮਾਏ ! ਵੰਞ ਖੜਿਆ ਹੋਤਾਂ ਛਲ ਕੇ ।
ਬਾਲਣ ਬਦਨ ਦਲੀਲਾਂ ਆਤਸ਼, ਉਹ ਠਾਂਢ(ਡਾਢ) ਡਿਠੀ ਬਲ ਬਲ ਕੇ ।
ਮਿਤਰਾਂ ਵੇਖ ਕੀਤੀ ਮਿਤ੍ਰਾਈ, ਅਜ ਨਾਲ ਬਲੋਚਾਂ ਰਲ ਕੇ ।
ਹਾਸ਼ਮ ਝਾਗ ਸੱਸੀ ਭੀ ਬਿਪਤਾ, ਜੋ ਮਰਗੁ ਥਲਾਂ ਵਿਚ ਜਲ ਕੇ ।
ਦਿਨ ਵਿਚ ਲਾਖ ਕ੍ਰੋੜ ਚਲਾਵਣ

ਦਿਨ ਵਿਚ ਲਾਖ ਕ੍ਰੋੜ ਚਲਾਵਣ, ਉਨ੍ਹਾਂ ਤਰਕਸ਼ ਤੀਰ ਨ ਮੁਕਦੇ ।
ਖ਼ੂਨੀ ਜ਼ਾਤ ਮਹਿਬੂਬ ਸਿਪਾਹੀ, ਜਿਹੜੇ ਚੋਟੋਂ ਮੂਲ ਨ ਉਕਦੇ ।
ਆਸ਼ਕ ਜਾਨ ਤਲੀ ਪਰ ਧਰ ਕੇ, ਫੇਰ(ਪੈਰ) ਪਿਛਾਂਹ ਨ ਚੁਕਦੇ ।
ਹਾਸ਼ਮ ਫੇਰ ਲਹਿਣ ਪਰ ਆਸ਼ਕ, ਸੁਹਣੇ ਰਹਿਣ ਹਮੇਸ਼ਾਂ ਲੁਕਦੇ ।
ਡਿਠੀ ਕਬਰ ਸਕੰਦਰ ਵਾਲੀ

ਡਿਠੀ ਕਬਰ ਸਕੰਦਰ ਵਾਲੀ, ਉਹ ਖ਼ਾਕ ਪਈ ਚੁਪ ਕੀਤੀ ।
ਅੱਖੀਂ ਮੀਟ ਤਾਂਹੀ ਕੁਝ ਦਿਸਦਾ, ਤੁਧ ਕੌਣ ਸਹੀ ਕਰ ਜਾਤੀ ।
ਹੱਸੇ ਹੋਤ ਨਾ ਆਹੀ ਸੱਸੀ, ਉਹ ਖ਼ੁਆਬ ਆਹੀ ਹੋ ਬੀਤੀ ।
ਹਾਸ਼ਮ ਆਖ ਸੱਜਣ ਕਿਸ ਬਦਲੇ, ਭਲਾ ਬਣ ਬਿਦਰਦ ਅਨੀਤੀ ।
ਦੋ ਦਿਨ ਕੂਕ ਪਪੀਹਾ ਕੂਕੇ

ਦੋ ਦਿਨ ਕੂਕ ਪਪੀਹਾ ਕੂਕੇ, ਉਹਨੂੰ ਬੂੰਦ ਅਕਾਸ਼ੋਂ ਪੈਂਦੀ ।
ਮੇਰੀ ਉਮਰ ਕੂਕੇਂਦਿਆਂ ਗੁਜ਼ਰੀ, ਅਤੇ ਜਾਨ ਸੂਲੀ ਨਿਤ ਸਹਿੰਦੀ ।
ਫਿਰਕਾ ਹੋਰ ਨ ਫਿਰਿਆ ਕੋਈ, ਰਹੀ ਵਾਉ ਇਹੋ ਨਿਤ ਵਹਿੰਦੀ ।
ਹਾਸ਼ਮ ਸਾਸ ਛੁਟਣ ਸੁਖ ਪਾਏ, ਮੇਰੀ ਆਸ ਇਹੋ ਨਿਤ ਰਹਿੰਦੀ ।
ਦੂਰ ਨਿਕਾਬ ਕੀਤਾ ਦਿਲਬਰ ਨੇ

ਦੂਰ ਨਿਕਾਬ ਕੀਤਾ ਦਿਲਬਰ ਨੇ, ਅਤੇ ਚਮਕੀ ਤੇਗ਼ ਮਿਆਨੋਂ ।
ਯਾ ਉਹ ਬਰਕ ਅਬਰ ਸੋਂ ਨਿਕਲੀ, ਯਾ ਹੂਰ ਡਿਗੀ ਅਸਮਾਨੋਂ ।
ਦੇਖ ਸ਼ਹੀਦ ਹੋਇ ਦਿਲ ਘਾਇਲ, ਅਤੇ ਗੁਜ਼ਰੇ ਏਸ ਜਹਾਨੋਂ ।
ਹਾਸ਼ਮ ਜ਼ਾਹਦਾਂ ਜ਼ੁਹਦ ਭੁਲਾਇਆ, ਅਤੇ ਰਹੀ ਕਲਾਮ ਜ਼ਬਾਨੋਂ ।
ਦੋਜ਼ਖ ਦੇ ਵਲ ਨਾਲ ਯਾਰਾਂ ਦੇ

ਦੋਜ਼ਖ ਦੇ ਵਲ ਨਾਲ ਯਾਰਾਂ ਦੇ, ਖ਼ੁਸ਼ ਹੋ ਕੇ ਪਗ ਧਰੀਏ ।
ਜੁਮਲ ਬਹਿਸ਼ਤ ਮਿਲੇ ਬਿਨ ਯਾਰਾਂ, ਤਾਂ ਜ਼ਰਾ ਕਬੂਲ ਨ ਕਰੀਏ ।
ਜੋ ਦਮ ਦੂਰ ਯਾਰਾਂ ਥੀਂ ਹੋਵੇ, ਉਹ ਦੋਜ਼ਖ ਦੇ ਦਮ ਭਰੀਏ ।
ਹਾਸ਼ਮ ਸਾਥ ਯਾਰਾਂ ਦਾ ਕਰੀਏ, ਖ਼ਵਾਹ ਤਰੀਏ ਖ਼ਵਾਹ ਮਰੀਏ ।
ਏਤ ਸਰਾਇ ਮੁਸਾਫ਼ਰਖ਼ਾਨੇ

ਏਤ ਸਰਾਇ ਮੁਸਾਫ਼ਰਖ਼ਾਨੇ, ਕਈ ਆ ਮੁਸਾਫ਼ਰ ਰਹਿੰਦੇ ।
ਰਾਤ ਰਹੇ ਕੋਈ ਇਕ ਪਲ ਠਹਿਰੇ, ਪਰ ਹੋਸ਼ ਆਈ ਉਠ ਬਹਿੰਦੇ ।
ਆਵਣ ਨਾਲ ਹੁਲਾਸ ਹੁਸਨ ਦੇ, ਅਤੇ ਜਾਂਦੇ ਨੀ ਦਿਲ ਦਹਿੰਦੇ ।
ਹਾਸ਼ਮ ਸਮਝਿ ਵਿਹਾਰ ਕਦੀਮੀ, ਅਸੀਂ ਕਾਸ ਪਿਛੇ ਦੁਖ ਸਹਿੰਦੇ ।
ਗਈ ਬਹਾਰ ਖਿਜ਼ਾਂ ਵੀ ਆਈ

ਗਈ ਬਹਾਰ ਖਿਜ਼ਾਂ ਵੀ ਆਈ, ਝੱਬ ਆਓ ਕਦੀ ਘੱਤ ਫੋਰਾ(ਫੇਰਾ) ।
ਚਿਰੀਂ ਵਿਛੁੰਨਿਆਂ ਦੇ ਗਲ ਮਿਲ ਕੇ, ਪਰ ਜ਼ੋਰ ਲਗਾਇਓ ਥੋੜਾ ।
ਕਰਸੀ ਪੀੜ ਕਲੇਜਾ ਦੁਖਸੀ, ਹੋਇਆ ਦਰਦ ਤਿਰੇ ਵਿਚ ਫੋੜਾ ।
ਹਾਸ਼ਮ ਹੋਣ ਪਿਆਰੇ ਦੁਸ਼ਮਣ, ਜਿਹੜੇ ਘੱਤਣ ਦਰਦ ਵਿਛੋੜਾ ।
ਗਹਿਰੀ ਰਾਤਿ ਹਾਥ ਛਿਪ ਜਾਵੇ

ਗਹਿਰੀ ਰਾਤਿ ਹਾਥ ਛਿਪ ਜਾਵੇ, ਅਤੇ ਪੌਣ ਰੂਪ ਜਮ ਸਰਕੇ ।
ਬਿਜਲੀ ਚਮਕ ਚਮਕ ਡਰ ਪਾਵੇ, ਬਰਫ਼ ਸਾਰ-ਮੁੰਹ ਕਰਕੇ ।
ਖ਼ੂਨੀ ਤੇਗ਼ ਤੇਜ਼ ਜਲ ਨਦੀਆਂ, ਓਥੇ ਸ਼ੀਂਹ ਮਰਨ ਡਰ ਡਰਕੇ ।
ਪ੍ਰੀਤ ਰੀਤਿ ਐਸੀ ਕਰ ਹਾਸ਼ਮ, ਸੋਹਣੀ ਫੇਰ ਜਾਵੇ ਨੈਂ ਤਰਕੇ ।
ਗ਼ੈਰਤ ਪਕੜ ਨਾਹੀਂ ਜੇ ਦੇਖੇਂ

ਗ਼ੈਰਤ ਪਕੜ ਨਾਹੀਂ ਜੇ ਦੇਖੇਂ, ਕੋਈ ਕਰ ਦੱਸੋ ਬੁਰਿਆਈ ।
ਕਿਚਰਕੁ ਰਹਿਗੁ ਗ਼ਰੀਬ ਬੇਚਾਰਾ, ਅਤੇ ਕਿਚਰਕੁ ਕਰੇ ਕਮਾਈ ।
ਜਿਥੇ ਅਕਲ ਗਈ ਕਰ ਸੌਦਾ, ਲੱਖ ਏਸ ਸ਼ਹਿਰ ਵਿਚ ਆਈ ।
ਅਪਣੀ ਖ਼ਬਰ ਨਾਹੀਂ ਕੁਛ ਹਾਸ਼ਮ, ਕੀ ਮਤਲਬ ਨਾਲ ਪਰਾਈ ।
ਘਰ ਵਿਚ ਲੱਖ ਦੁਸ਼ਮਣ ਲੱਖ ਦੋਸਤ

ਘਰ ਵਿਚ ਲੱਖ ਦੁਸ਼ਮਣ ਲੱਖ ਦੋਸਤ, ਤੂੰ ਬਾਹਰ ਫਿਰੇਂ ਢੂੰਡੇਂਦਾ ।
ਦਾਅਵਾ ਹਿਰਸ ਗ਼ਰੂਰ ਜਹਾਨੀਂ, ਨਹੀਂ ਘਰ ਵਿਚ ਹੁਕਮ ਮੰਨੇਂਦਾ ।
ਇਹ ਦੁਸ਼ਮਣ ਘਰ ਦੇ ਲਖ ਸੂਲਾਂ, ਨਹੀਂ ਜਿਸ ਲਗ ਸਾਫ਼ ਕਰੇਂਦਾ ।
ਜੀਵੰਦਿਆਂ ਵਿਚ ਜਾਣ ਨ ਹਾਸ਼ਮ, ਜੈਂਦੇ ਘਰ ਵਿਚ ਸ਼ੇਰ ਬੁਕੇਂਦਾ ।
ਗੁਲ ਨੇ ਦਰਦ ਦਿਤਾ ਬੁਲਬੁਲ ਨੂੰ

ਗੁਲ ਨੇ ਦਰਦ ਦਿਤਾ ਬੁਲਬੁਲ ਨੂੰ, ਉਹਦੀ ਆਣ ਕੀਤੀ ਦਿਲਦਾਰੀ ।
ਤੂੰ ਮਹਿਬੂਬ ਕਹਿਆ ਬੁਲਬੁਲ ਨੇ, ਕਿਉਂ ਕਰਨਾ ਹੈਂ ਇੰਤਜ਼ਾਰੀ ।
ਮਾਲੀ ਤੋੜ ਲਵਗੁ ਗੁਲ ਕਹਿਆ, ਅਸਾਂ ਜਦ ਇਹ ਰਾਤ ਗੁਜ਼ਾਰੀ ।
ਹਾਸ਼ਮ ਯਾਦ ਕਰੇਸੀ ਬੁਲਬੁਲ, ਇਹ ਉਲਫ਼ਤ ਬਾਤ ਹਮਾਰੀ ।
ਗੁਲ ਤੇ ਖ਼ਾਰ ਪੈਦਾਇਸ਼ ਇਕਸੇ

ਗੁਲ ਤੇ ਖ਼ਾਰ ਪੈਦਾਇਸ਼ ਇਕਸੇ, ਇਸ ਬਾਗ਼ ਚਮਨ ਦੇ ਦੋਵੀਂ ।
ਇਕ ਸ਼ਬ ਉਮਰ ਗੁਲਾਂ ਦੀ ਓੜਕ, ਅਤੇ ਖ਼ਾਰ ਰਹੇ ਨਿਤ ਓਵੀਂ ।
ਥੋੜਾ ਰਹਿਣ ਕਬੂਲ ਪਿਆਰੇ, ਪਰ ਤੂੰ ਖ਼ਾਰ ਨ ਹੋਵੀਂ ।
ਹਾਸ਼ਮ ਆਣ ਮਿਲੀਂ ਗੁਲ ਹੱਸਕੇ, ਭਾਵੇਂ ਇਕ ਪਲ ਪਾਸ ਖਲੋਵੀਂ ।
ਹਾਕਮ ਹੁਕਮ ਨਸੀਬੋਂ ਕਰਦਾ

ਹਾਕਮ ਹੁਕਮ ਨਸੀਬੋਂ ਕਰਦਾ, ਪਰ ਲਸ਼ਕਰ ਪਾਸ ਖੜੋਵੇ ।
ਘਾਇਲ ਇਸ਼ਕ ਦਿਲਾਂ ਨੂੰ ਕਰਦਾ, ਪਰ ਨੈਣ ਵਸੀਲਾ ਹੋਵੇ ।
ਹੈ ਤਕਦੀਰ ਵੱਲੋਂ ਸਭ ਲਿਖਿਆ, ਪਰ ਬਿਨ ਅਸਬਾਬ ਨ ਹੋਵੇ ।
ਹਾਸ਼ਮ ਬਾਝ ਤੁਲਹਾ ਨਹੀਂ ਬੇੜੀ, ਅਤੇ ਪਾਸ ਨਦੀ ਬਹਿ ਰੋਵੇ ।
ਹਰ ਹਰ ਪੋਸਤ ਦੇ ਵਿਚ ਦੋਸਤ

ਹਰ ਹਰ ਪੋਸਤ ਦੇ ਵਿਚ ਦੋਸਤ, ਉਹ ਦੋਸਤ ਰੂਪ ਵਟਾਵੇ ।
ਦੋਸਤ ਤੀਕ ਨਾ ਪਹੁੰਚੇ ਕੋਈ, ਇਹ ਪੋਸਤ ਚਾਇ ਭੁਲਾਵੇ ।
ਦੋਸਤ ਖ਼ਾਸ ਪਛਾਣੇ ਤਾਂਹੀ, ਜਦ ਪੋਸਤ ਖ਼ਾਕ ਰੁਲਾਵੇ ।
ਹਾਸ਼ਮ ਸ਼ਾਹ ਜਦ ਦੋਸਤ ਪਾਵੇ, ਤਦ ਪੋਸਤ ਵਲ ਕਦ ਜਾਵੇ ।
ਹਾਸ਼ਮ ਨਾਮ ਰਖਾਇਆ ਉਸ ਨੇ

ਹਾਸ਼ਮ ਨਾਮ ਰਖਾਇਆ ਉਸ ਨੇ, ਇਕ ਦਮੜੀ ਪਾਸ ਨ ਜਿਸਦੇ ।
ਆਜ਼ਿਜ਼ ਹਾਲ ਹਵਾਲ ਨ ਕੋਈ, ਕੀ ਵਸਫ਼ ਸੁਣਾਏ ਤਿਸਦੇ ।
ਤਨ ਪਿੰਜਰ ਦਿਲ ਘਾਇਲ ਜ਼ਖਮੀ, ਅਤੇ ਨੈਣ ਭਰੇ ਨਿਤ ਦਿਸਦੇ ।
ਪਰ ਹਾਸ਼ਮ ਨੂੰ ਹਸ਼ਮਤ ਏਹੋ, ਹੋਰ ਕਰਮ ਵੰਡਾਏ ਕਿਸ ਦੇ ।
ਹੀਰੇ ! ਲਾਜ ਸਿਆਲਾਂ ਲਾਹਿਆ

ਹੀਰੇ ! ਲਾਜ ਸਿਆਲਾਂ ਲਾਹਿਆ, ਤੁਧ ਯਾਰ ਬਣਾਇਆ ਪਾਲੀ ।
ਚੋਬਰ ਕਰਨ ਮਜ਼ਾਖਾਂ ਤੈਨੂੰ, 'ਔਹ ਹੀਰ ਚਕੇਟੇ ਵਾਲੀ' ।
'ਹੀਰ ਕਦੀਮੀ ਓਹੀ ਵੇ ਲੋਕਾ ! ਅਤੇ ਮੈਂ ਕਦੋਂ ਲੱਜ ਵਾਲੀ ।
ਰਾਂਝਾ ਐਬ ਛੁਪਾਵੇ ਹਾਸ਼ਮ, ਮੇਰਾ ਦੀਨ ਦੁਨੀ ਦਾ ਵਾਲੀ' ।
ਹੇ ਗੁਲ ! ਮੀਤ ਨਹੀਂ ਇਹ ਬੂਟਾ

ਹੇ ਗੁਲ ! ਮੀਤ ਨਹੀਂ ਇਹ ਬੂਟਾ, ਤੂੰ ਨ ਕਰ ਲਾਡ ਇਵੇਹੇ ।
ਇਹ ਕਪਟੀ ਸੁੱਕ ਗਿਆ ਨ ਮੂਲੇ, ਕਈ ਤੋੜ ਲਏ ਤੁਧ ਜੇਹੇ ।
ਰੋ ਪਿਆਰੀ ਬੁਲਬੁਲ ਗੁਲ ਮਿਲ ਕੇ, ਕਦ ਮਿਲਸਣ ਯਾਰ ਅਜੇਹੇ ।
ਹਾਸ਼ਮਸ਼ਾਹ ਅਸਰਾਫ਼ ਕਮੀਨਾ, ਕਿਉਂ ਇਤ ਬਿਧ ਆਣ ਦਸੇਹੇ ।
ਹੁਣ ਤੂੰ ਆਉ ਨ ਆ ਅਸਾਥੀਂ

ਹੁਣ ਤੂੰ ਆਉ ਨ ਆ ਅਸਾਥੀਂ, ਕੋਈ ਆਪੇ ਆਣ ਮਿਲੇਸੀ ।
ਜਿਸ ਦਿਨ ਮੌਤ ਖੜਿਗੁ ਵਿਚ ਕਬਰੇ, ਸਿਰ ਸੌ ਮਣ ਭਾਰ ਪਵੇਸੀ ।
ਤਿਸ ਦਿਨ ਕਰੇਂ ਕਬਰ ਵਲ ਫੇਰਾ, ਤੇਰਾ ਰਾਹ ਸ਼ਹੀਦ ਤਕੇਸੀ ।
ਹਾਸ਼ਮੁ ਹੋਗੁ ਅਹਿਸਾਨ ਤੁਸਾਡਾ, ਮੇਰਾ ਹਰ ਦਮ ਸ਼ੁਕਰ ਕਰੇਸੀ ।
ਇਹ ਅਫ਼ਸੋਸ ਰਹਿਗੁ ਦਿਲ ਮੇਰੇ

ਇਹ ਅਫ਼ਸੋਸ ਰਹਿਗੁ ਦਿਲ ਮੇਰੇ, ਤੇ ਜਾਗੁ ਨ ਕਦੀ ਕਦਾਹੀਂ ।
ਦਿਲਬਰ ਦੇ ਹਥ ਦਿਲ ਮੇਰਾ ਲੈ, ਮੇਰੀ ਕਦਰ ਪਛਾਤੋਸੁ ਨਾਹੀਂ ।
ਬੇਪ੍ਰਵਾਹ ਸ਼ਨਾਸ ਨ ਉਸ ਨੂੰ, ਯਾ ਮੈਂ ਕੁਛ ਹੋਗੁ ਗ਼ੁਨਾਹੀਂ ।
ਹਾਸ਼ਮ ਇਹ ਗੱਲ ਕਤਅ ਨ ਕੀਤੀ, ਭਰਮ ਰਹਿਆ ਮਨ ਮਾਹੀਂ ।
ਇਹ ਅੱਖੀਂ ਬਿਨ ਫ਼ੌਜ ਹੁਸਨ ਦੀ

ਇਹ ਅੱਖੀਂ ਬਿਨ ਫ਼ੌਜ ਹੁਸਨ ਦੀ, ਸੁੱਤੀ ਕਲਾ ਜਗਾਵਣ ।
ਅਕਲਮੰਦਾਂ ਨੂੰ ਕਰ ਮਨਸੂਬੇ, ਵਸ ਬਿਦਰਦਾਂ ਪਾਵਣ ।
ਹਾਕਮ ਹੁਕਮ ਕਰਨ ਬਿਨ ਲਸ਼ਕਰ, ਬੇਤਕਸੀਰ ਕੁਹਾਵਣ ।
ਹਾਸ਼ਮ ਮਨ ਨ ਆਣੀਂ ਅੱਖੀਂ, ਮਤ ਸੂਲੀ ਪਕੜ ਚੜ੍ਹਾਵਣ ।

ਇਹ ਦਿਲ ਖ਼ੁਆਰ ਕਰੇ ਨਿਤ ਮੈਨੂੰ

ਇਹ ਦਿਲ ਖ਼ੁਆਰ ਕਰੇ ਨਿਤ ਮੈਨੂੰ, ਇਸ ਹੋਸ਼ ਗਵਾਇਆ ਮੇਰਾ ।
ਜਿਉਂ ਦਰਿਆ ਹਮੇਸ਼ਾ ਢਾਹਵੇ, ਨਿਤ ਅਪਣਾ ਆਪ ਚੌਫੇਰਾ ।
ਅਪਣੀ ਖ਼ਬਰ ਨਹੀਂ ਇਸ ਦਿਲ ਨੂੰ, ਜਿਉਂ ਦੀਪਕ ਮਗਰ ਅੰਨ੍ਹੇਰਾ ।
ਹਾਸ਼ਮ ਯਾਰ ਮਿਲੇ ਤੁਧ ਆਖਾਂ, ਅਸਾਂ ਖ਼ੂਬ ਡਿਠਾ ਸੁਖ ਤੇਰਾ ।
ਇਕ ਬਹਿ ਕੋਲ ਖ਼ੁਸ਼ਾਮਦ ਕਰਦੇ

ਇਕ ਬਹਿ ਕੋਲ ਖ਼ੁਸ਼ਾਮਦ ਕਰਦੇ, ਪਰ ਗ਼ਰਜ਼ੀ ਹੋਣ ਕਮੀਨੇ ।
ਇਕ ਬੇਪਰਵਾਹ ਨ ਪਾਸ ਖੜੋਵਣ, ਪਰ ਹੋਵਣ ਯਾਰ ਨਗੀਨੇ ।
ਕੂੰਜਾਂ ਵਾਂਗੁ ਹਜ਼ਾਰ ਕੋਹਾਂ ਤੇ, ਉਨ੍ਹਾਂ ਸ਼ੌਕ ਵਖੋ ਵਖ ਸੀਨੇ ।
ਹਾਸ਼ਮ ਸਾਜਣ ਕੋਲ ਹਮੇਸ਼ਾਂ, ਭਾਵੇਂ ਵਿਛੜੇ ਹੋਣ ਮਹੀਨੇ ।
ਇਕਨਾ ਕੋਲ ਹੁਸਨ ਚਤੁਰਾਈ

ਇਕਨਾ ਕੋਲ ਹੁਸਨ ਚਤੁਰਾਈ, ਇਕ ਘਾਇਲ ਯਾਰ ਦੀਵਾਨੇ ।
ਇਕਨਾ ਪਾਸ ਕੂਤ ਨਾ ਸ਼ਬ ਦਾ, ਇਕ ਬਖਸ਼ਣ ਰੋਜ਼ ਖ਼ਜ਼ਾਨੇ ।
ਇਕਨਾ ਦਰਦ ਹਮੇਸ਼ਾ ਆਹੀਂ, ਇਕ ਗਾਵਣ ਨਾਲ ਤਰਾਨੇ ।
ਹਾਸ਼ਮ ਖ਼ੁਆਬ ਚਮਨ ਦੀ ਲਹਿਰੀਂ, ਗਏ ਫਿਰ ਫਿਰ ਕਈ ਜ਼ਮਾਨੇ ।1
ਇਕਨਾ ਰੋਗ ਸਰੀਰਾਂ ਉਪਜੇ

ਇਕਨਾ ਰੋਗ ਸਰੀਰਾਂ ਉਪਜੇ, ਇਕ ਦਿਲ ਦੇ ਵਹਿਮ ਅਜ਼ਾਰੀ ।
ਵਹਿਮ ਖ਼ਿਆਲ ਦਲੀਲਾਂ ਕੀਤਾ, ਉਹਨੂੰ ਕਾਮਲ ਰੋਗ ਬੀਮਾਰੀ ।
ਜੋ ਦਿਲ ਗ਼ਰਕ ਦਲੀਲੀਂ ਹੋਇਆ, ਉਹਨੂੰ ਸਾਸ ਨਿਬਾਹੁਣ ਭਾਰੀ ।
ਹਾਸ਼ਮ ਦਿਲ ਬੇਦਰਦ ਵਟਾਏ, ਕੋਈ ਗਾਹਕ ਮਿਲੇ ਬਿਆਪਾਰੀ ।1
ਇਕ ਪਲ ਹਿਜਰ ਨਹੀਂ ਸਹਿ ਸਕਦਾ

ਇਕ ਪਲ ਹਿਜਰ ਨਹੀਂ ਸਹਿ ਸਕਦਾ, ਤਿਸ ਆਵੇ ਪੇਸ਼ ਜੁਦਾਈ ।
ਦਿਲ ਨੂੰ ਸਬਰ ਅਰਾਮ ਨ ਆਵੇ, ਦੂਜਾ ਦੁਰ ਦੁਰ ਕਰੇ ਲੁਕਾਈ ।
ਦਿਲ ਨੂੰ ਸਿਕਲ ਹੋਵੇ ਹਰ ਤਰਫ਼ੋਂ, ਤਦ ਪਕੜੇ ਐਨ ਸਫ਼ਾਈ ।
ਤਾਂ ਕੁਝ ਬਣੇ ਆਈਨਾ ਹਾਸ਼ਮ, ਅਤੇ ਸਮਝੇ ਭੇਤ ਇਲਾਹੀ ।1
ਇਕਸੇ ਤਾਰ ਬਹਾਰ ਨਾ ਰਹਿੰਦੀ

ਇਕਸੇ ਤਾਰ ਬਹਾਰ ਨਾ ਰਹਿੰਦੀ, ਨਹੀਂ ਇਕਸੇ ਤੌਰ ਜ਼ਮਾਨਾ ।
ਹਰ ਦਿਨ ਚਾਲ ਨਹੀਂ ਅਲਬੇਲੀ, ਨਹੀਂ ਹਰ ਦਮ ਜ਼ੋਰ ਜਵਾਨਾ ।
ਰੋਵਣ ਸੋਗ ਹਮੇਸ਼ ਨਾ ਹੋਵੇ, ਨਹੀਂ ਨਿੱਤ ਨਿੱਤ ਰਾਗ ਸ਼ਹਾਨਾ ।
ਹਾਸ਼ਮ ਬੈਠ ਗਈਆਂ ਲੱਖ ਡਾਰਾਂ, ਇਹ ਜਗਤ ਮੁਸਾਫ਼ਰਖਾਨਾ ।
ਇਕਸੇ ਥਾਉਂ ਨ ਵਗਦੀਆਂ ਨਦੀਆਂ

ਇਕਸੇ ਥਾਉਂ ਨ ਵਗਦੀਆਂ ਨਦੀਆਂ, ਨਹੀਂ ਇਕਸੇ ਤੌਰ ਲੁਕਾਈ ।
ਐ ਦਿਲ ! ਪਕੜ ਦਲੇਰੀ ਦਿਲ ਦੀ, ਕਰ ਸੋਚ ਵਿਚਾਰ ਨ ਕਾਈ ।
ਰਲ ਮਿਲ ਬਹਿਣ ਹਮੇਸ਼ ਨ ਦੇਂਦਾ, ਕਿਉਂ ਨਿਤ ਰਹਿਗੁ ਜੁਦਾਈ ।
ਹਾਸ਼ਮ ਫ਼ਤ੍ਹੇ ਅਸਾਨ ਤਿਨ੍ਹਾਂ ਨੂੰ, ਜਿਨ੍ਹਾਂ ਹਿੰਮਤ ਯਾਰ ਬਣਾਈ ।
ਇਨ੍ਹੀਂ ਅੱਖੀਂ ਰੱਬ ਨਜ਼ਰ ਨ ਆਵੇ

ਇਨ੍ਹੀਂ ਅੱਖੀਂ ਰੱਬ ਨਜ਼ਰ ਨ ਆਵੇ, ਰੱਬ ਹੋਰ ਅੱਖੀਂ ਮਨ ਮਾਹੀਂ ।
ਦਹਸਿਰ ਬਿੰਸਤ ਅੱਖੀਂ ਹੱਥ ਆਇਆ, ਪਰ ਰਾਮ ਪਛਾਤੋਸੁ ਨਾਹੀਂ ।
ਜਿਤ ਵਲ ਉਲਟ ਪਵੇ ਰੁਖ ਦਿਲ ਦਾ, ਏਹ ਨੈਣ ਪ੍ਰਾਣ ਤਦਾਹੀਂ ।
ਹਾਸ਼ਮ ਦੋਸ਼ ਨੈਣਾਂ ਨੂੰ ਕੇਹਾ, ਇਸ ਦਿਲ ਦੀਆਂ ਦੂਰ ਨਿਗਾਹੀਂ ।
ਇਸ਼ਕਾ ! ਬਾਲ ਚਿਖਾ ਵਿਚ ਪਾਵੇਂ

ਇਸ਼ਕਾ ! ਬਾਲ ਚਿਖਾ ਵਿਚ ਪਾਵੇਂ, ਤਾਂ ਮੈਂ ਅੰਗ ਨ ਮੋੜਾਂ ਜ਼ੱਰਰਾ ।
ਮੁਖ ਮੋੜਾਂ ਤੇ ਕਾਫ਼ਰ ਥੀਵਾਂ, ਜੇ ਸੀਸ ਧਰਾਵੇਂ ਅੱਰਰਾ ।
ਸ਼ੌਕ ਸ਼ਰਾਬ ਪਿਲਾਇਓਈ ਮੈਨੂੰ, ਹੁਣ ਹੋਇਆ ਮਸਤ ਮੁਕੱਰਰਾ ।
ਹਾਸ਼ਮ ਨਹੀਂ, ਰਹਿਓ ਹੁਣ ਤੂੰ ਹੀ, ਹੁਣ ਮੈਂ ਵਿਚ 'ਮੈਂ' ਨ ਜ਼ਰਰਾ ।
ਇਸ਼ਕਾ ! ਲੱਖ ਔਗੁਣ ਵਿਚ ਤੇਰੇ

ਇਸ਼ਕਾ ! ਲੱਖ ਔਗੁਣ ਵਿਚ ਤੇਰੇ, ਕੋਈ ਇਕ ਦੋ ਚਾਰ ਨ ਪਾਏ ।
ਇਕ ਗੁਣ ਹੈ ਐਸਾ ਵਿਚ ਤੇਰੇ, ਜਿਸ ਸਭ ਇਹ ਐਬ ਛਿਪਾਏ ।
ਜਿਤ ਵਲ ਧਿਆਨ ਕਰੇਂ ਨਹੀਂ ਹਟਦਾ, ਬਿਨ ਮਤਲਬ ਸਿਰ ਪਹੁੰਚਾਏ ।
ਹਾਸ਼ਮ ਏਸ ਪਿਛੇ ਦਿਲ ਘਾਇਲ, ਤੇਰੇ ਹੋਇ ਗ਼ੁਲਾਮ ਵਿਕਾਏ ।
ਇਸ਼ਕ ਅਸਾਂ ਨਾਲ ਐਸੀ ਕੀਤੀ

ਇਸ਼ਕ ਅਸਾਂ ਨਾਲ ਐਸੀ ਕੀਤੀ, ਜਿਉਂ ਰੁੱਖਾਂ ਨਾਲ ਪਾਲਾ ।
ਧਿਰ ਧਿਰ ਹੋਏ ਗ਼ੁਨਾਹੀ ਕਮਲੇ, ਮੈਨੂੰ ਮਿਲਦਾ ਦੇਸ-ਨਿਕਾਲਾ ।
ਇਨ ਬਿਰਹੋਂ ਛਲੀਏ ਵਲ ਲੀਤਾ, ਮੈਂ ਜਾਣਾਂ ਇਸ਼ਕ ਸੁਖਾਲਾ ।
ਹਾਸ਼ਮ ਯਾਰ ਸੱਜਣ ਦੇ ਕਾਰਣ, ਅਸਾਂ ਪੀਤਾ ਜ਼ਹਿਰ ਪਿਆਲਾ ।
ਜਾਂ ਫ਼ਰਹਾਦ ਵਿਖੇ ਤੂੰ ਆਇਓਂ

ਜਾਂ ਫ਼ਰਹਾਦ ਵਿਖੇ ਤੂੰ ਆਇਓਂ, ਉਹਤੋਂ ਜਾ ਪਹਾੜ ਚਿਰਾਇਓ ।
ਮੇਰੇ ਪੈਰ ਜੰਜ਼ੀਰ ਹਯਾ ਦਾ, ਉਹਨੂੰ ਮੂਲ ਨਾ ਚਾਇ ਤੁੜਾਇਓ ।
ਇਸ਼ਕਾ ! ਜ਼ੋਰ ਨਹੀਂ ਵਿਚ ਤੇਰੇ, ਸੱਚ ਆਖ ਬੁਢੇਪਾ ਆਇਓ ?
ਹਾਸ਼ਮ ਲੋਕ ਕਰਨ ਗ਼ਮ ਐਵੇਂ, ਅਸਾਂ ਭੇਤ ਤੇਰਾ ਹੁਣ ਪਾਇਓ ।
ਜਾਨੀ ਜੀਵਨ ਚਾਰ ਦਿਹਾੜੇ

ਜਾਨੀ ਜੀਵਨ ਚਾਰ ਦਿਹਾੜੇ, ਇਹ ਸਦਾ ਨ ਰਹਿਣ ਬਹਾਰੀਂ ।
ਏਸ ਚਮਨ ਵਿਚ ਫਿਰ ਫਿਰ ਗਈਆਂ, ਕੋਟ ਬੇਅੰਤ ਸ਼ੁਮਾਰੀਂ ।
ਮੈਂ ਤੂੰ ਕੌਣ ਵਿਚਾਰੇ ਕਿਸ ਦੇ, ਕਿਸ ਗਿਣਤੀ ਲਾਖ ਹਜ਼ਾਰੀਂ ।
ਹਾਸ਼ਮ ਖ਼ੁਆਬ ਹਯਾਤੀ ਬਦਲੇ, ਤੂੰ ਕੌਲ ਕਰਾਰ ਨ ਹਾਰੀਂ ।
ਜਾਨੀ ਯਾਰ ਨ ਹਾਸਲ ਹੋਂਦੇ

ਜਾਨੀ ਯਾਰ ਨ ਹਾਸਲ ਹੋਂਦੇ, ਫਿਰ ਲਾਖ ਕਰੋੜੀਂ ਮੁਲ ਨੂੰ ।
ਦੇਖ ਦੀਦਾਰ ਕੋਈ ਦਮ ਲਾਹਾ, ਅਤੇ ਜਾਣ ਗ਼ਨੀਮਤ ਗੁਲ ਨੂੰ ।
ਓੜਕ ਤੋੜ ਲੇਜਾਵਗੁ ਮਾਲੀ, ਅਤੇ ਸੋਗ ਪਵਗੁ ਬੁਲਬੁਲ ਨੂੰ ।
ਹਾਸ਼ਮ ਯਾਰ ਮਿਲੇ ਗਲ ਹੱਸਕੇ, ਕੋਈ ਅਜ ਨਹੀਂ ਤੁਧ ਤੁਲ ਨੂੰ ।
ਜਾਨ ਜਹਾਨ ਦੋਵੇਂ ਦਮ ਕੋਈ

ਜਾਨ ਜਹਾਨ ਦੋਵੇਂ ਦਮ ਕੋਈ, ਅਤੇ ਹਿਰਸ ਹਜ਼ਾਰ ਚੁਫੇਰੇ ।
ਮਾਰਨ ਰਾਹ ਸਿਧਾਵਣ ਰਾਤੀਂ, ਅਤੇ ਫ਼ੌਜ ਰਹੇ ਨਿਤ ਨੇੜੇ ।
ਸਾਬਤ ਜਾਨ ਜੁ ਮਾਲ ਦਿਸੀਵੇ, ਅਸੀਂ ਆਣ ਮੁਸਾਫ਼ਰ ਘੇਰੇ ।
ਹਾਸ਼ਮ ਆਪ ਕਰਗੁ ਸੋਈ ਹੋਸੀ, ਹੋਰ ਵਸ ਨਹੀਂ ਕੁਝ ਮੇਰੇ ।
ਜਬ ਲਗ ਮਿਲੀ ਨ ਤੈਨੂੰ ਜਾਗ੍ਹਾ

ਜਬ ਲਗ ਮਿਲੀ ਨ ਤੈਨੂੰ ਜਾਗ੍ਹਾ, ਮੈਂ ਹੀਰ ਆਹੀ ਅਲਬੇਲੀ ।
ਹੁਣ ਮੈਂ ਚੋਰ ਹੋਈ ਜਗ ਸਾਰੇ, ਮੇਰਾ ਤੈਂ ਬਿਨ ਹੋਰ ਨ ਬੇਲੀ ।
ਚਾਕਾ ! ਚਾਕ ਮੇਰਾ ਦਿਲ ਕਰਕੇ, ਹੁਣ ਮਤ ਜਾ ਛੋੜ ਇਕੇਲੀ ।
ਹਾਸ਼ਮ ਦੇਣ ਉਲਾਂਭਾ ਮਾਪੇ, 'ਹੋਈ ਹੀਰ ਰਾਂਝਣ ਦੀ ਚੇਲੀ ।
ਜਦ ਇਹ ਖ਼ਾਕ ਰਿਹਾ ਤਨ ਮੇਰਾ

ਜਦ ਇਹ ਖ਼ਾਕ ਰਿਹਾ ਤਨ ਮੇਰਾ, ਤੁਧ ਦੁਖ ਸੁਖ ਮੂਲ ਨ ਆਹਾ ।
ਭੀ ਮੁੜ ਖ਼ਾਕ ਹੋਈ ਸੀ ਓਵੇਂ, ਕੋਈ ਰੋਜ਼ ਮਿਲਣ ਦਾ ਲਾਹਾ ।
ਆਉ ਜਾਨੀ ! ਗਲ ਲੱਗ ਅਸਾਡੇ, ਤੇਰਾ ਇਸ਼ਕ ਪਿਆ ਗਲਿ ਫਾਹਾ ।
ਹਾਸ਼ਮ ਹੋਗੁ ਸਨਾਸ਼ ਮੁਇਆਂ ਦੀ, ਸੁਣ ਦਿਲਬਰ ਬੇਪਰਵਾਹਾ ।
ਜੈਂ ਦੁਖ, ਪ੍ਰੇਮ ਤਿਨ੍ਹੇ ਹੱਥਿ ਆਇਆ

ਜੈਂ ਦੁਖ, ਪ੍ਰੇਮ ਤਿਨ੍ਹੇ ਹੱਥਿ ਆਇਆ, ਇਸ ਦਿਲਬਰ ਦੀ ਸਰਕਾਰੋਂ ।
ਖ਼ੁਸ਼ ਦਿਲ ਹੋ ਕਰ ਸ਼ੁਕਰ ਖ਼ੁਦਾ ਦਾ, ਹੁਣ ਬਚਿਓਂ ਲਾਖ ਅਜ਼ਾਰੋਂ ।
ਇਕ ਦੁਖ ਤੋਂ ਦੁਖ ਜਾਣ ਹਜ਼ਾਰਾਂ, ਦੇਖ ਹਾਸਲ ਏਸ ਪਿਆਰੋਂ ।
ਹਾਸ਼ਮ ਸ਼ਾਹ ਦੁਖ ਢੂੰਡ ਇਸ਼ਕ ਦਾ, ਇਸ ਕਾਮਲ ਪਾਸ ਹਜ਼ਾਰੋਂ ।
ਜਿਸ ਦਾ ਦਰਦ ਤਿਸੇ ਹੱਥ ਦਾਰੂ

ਜਿਸ ਦਾ ਦਰਦ ਤਿਸੇ ਹੱਥ ਦਾਰੂ, ਹੋਰ ਕੌਣ ਤਬੀਬ ਗੰਵਾਵੇ ।
ਕੂਕ ਦਿਲਾ ! ਕੋਈ ਕੂਕ ਕਹਿਰ ਦੀ, ਮਤ ਸਾਹਿਬ ਜੇ ਸੁਣ ਪਾਵੇ ।
ਮੁੱਦਤਾਂ ਗੁਜ਼ਰ ਗਈਆਂ ਮੁਖ ਡਿਠਿਆਂ, ਮੇਰਾ ਦਿਲਬਰ ਨਜ਼ਰ ਨ ਆਵੇ ।
ਹਾਸ਼ਮੁ ਹੋਗੁ ਕੋਈ ਦਿਨ ਐਸਾ, ਮੇਰਾ ਦਿਲਬਰ ਲਏ ਕਲਾਵੇ ।
ਜਿਸ ਦਿਨ ਸ਼ਹਿਰ ਮਹਿਬੂਬਾਂ ਵਾਲੇ

ਜਿਸ ਦਿਨ ਸ਼ਹਿਰ ਮਹਿਬੂਬਾਂ ਵਾਲੇ, ਕੋਈ ਆਸ਼ਕ ਪੈਰ ਧਰੇਂਦਾ ।
ਜਾਨ ਖ਼ੁਰਾਕ ਬਣਾਵੇ ਗ਼ਮ ਦੀ, ਅਤੇ ਪਲ ਪਲ ਸੂਲ ਸਹੇਂਦਾ ।
ਸੀਸ ਉਤਾਰ ਪਿਆਲਾ ਕਰਕੇ, ਅਤੇ ਲੈ ਹੱਥਿ ਭੀਖ ਮੰਗੇਂਦਾ ।
ਹਾਸ਼ਮ ਤਰਸ ਮਹਿਬੂਬਾਂ ਆਵੇ, ਅਤੇ ਤਾਂ ਕੁਝ ਖ਼ੈਰ ਪਵੇਂਦਾ ।
ਜਿਸ ਦਿਨ ਤੋੜ ਮੁਰਾਦਾਂ ਟੁਰਸੈਂ

ਜਿਸ ਦਿਨ ਤੋੜ ਮੁਰਾਦਾਂ ਟੁਰਸੈਂ, ਉਹ ਰੋਜ਼ ਵਿਸਾਰ ਨ ਭਾਈ ।
ਸੱਥਰ ਘੱਤ ਮੈਦਾਨੇ ਬਹਿਸਨ, ਜਦ ਖੇਸ਼ ਕਬੀਲਾ ਮਾਈ ।
ਹੁਣ ਜਿਥੇ ਦੁਖ ਫੋਲੇਂ ਅਪਣਾ, ਫਿਰ ਸੋ ਧਿਰ ਰਹਗੁ ਨ ਕਾਈ ।
ਹਾਸ਼ਮ ਨੌਬਤ ਵਾਰੀ ਅਪਣੀ, ਫਿਰ ਕਿਨ ਕਿਨ ਨਹੀਂ ਵਜਾਈ ।
ਜਿਸ ਘਰ ਵਿਚ ਹੋਵੇ ਦੁਖਿਆਰਾ

ਜਿਸ ਘਰ ਵਿਚ ਹੋਵੇ ਦੁਖਿਆਰਾ, ਉਹਦੇ ਸਭ ਘਰ ਦੇ ਦੁਖ ਪਾਵਣ ।
ਪਲਕੁ ਵਿਸਾਹ ਕਰੇਨ ਨ ਤਿਸਦਾ, ਅਤੇ ਔਖਧਿ ਵੈਦ ਪੁਛਾਵਣ ।
ਜਿਸ ਤਨ ਵਿਚ ਹੋਵੇ ਦਿਲ ਘਾਇਲ, ਭਲਾ ਸੋ ਤਨ ਕੀ ਸੁਖ ਪਾਵਣ ।
ਹਾਸ਼ਮ ਦਰਦ ਅਜੀਜ਼ ਆਸ਼ਕ ਨੂੰ, ਜਿਹੜੇ ਸੌ ਸੁਖ ਘੋਲ ਘੁਮਾਵਣ ।
ਜਿਸ ਜਾਨੀ ਬਣਿਆ ਜਗ ਜਾਣੇ

ਜਿਸ ਜਾਨੀ ਬਣਿਆ ਜਗ ਜਾਣੇ, ਤੂੰ ਜਾਣ ਸੋਈ ਦਿਲ ਜਾਨੀ ।
ਕਿਸ ਦੇ ਨਾਲ ਬਣੇ ਅਣਬਣਤੀ, ਛਡ ਮੀਤ ! ਇਹ ਪ੍ਰੀਤਿ ਜਹਾਨੀ ।
ਭਲਕੇ ਵਾਉ ਖਿਜ਼ਾਂ ਦੀ ਵਗਸੀ, ਨਾ ਰਖਸੀ ਨਾਮ ਨਿਸ਼ਾਨੀ ।
ਦਮ-ਖ਼ੁਦ ਹੋ ਕਰ ਜਾਹ ਦਮ ਪੂਰੇ, ਤੂੰ ਹਾਸ਼ਮ ਦੀ ਜ਼ਿੰਦਗਾਨੀ !
ਜਿਸ ਨੇ ਇਹ ਗੱਲ ਪੁਖ਼ਤਾ ਜਾਣੀਂ

ਜਿਸ ਨੇ ਇਹ ਗੱਲ ਪੁਖ਼ਤਾ ਜਾਣੀਂ, ਉਹ ਖ਼ਾਮ ਹੋਇਆ ਵਿਚ ਖ਼ੇਸ਼ਾਂ ।
ਲੱਜ਼ਤ ਹਿਜਰ ਵਸਲ ਦੀ ਦੇਖੀ, ਅਤੇ ਕੀਤਾ ਹਾਲ ਪਰੇਸ਼ਾਂ ।
ਬਿਰਹੋਂ ਜ਼ੰਬੂਰ ਚੜ੍ਹੇ ਹਰ ਤਰਫ਼ੋਂ, ਉਹਨੂੰ ਲਾਖ ਲਗਾਵਣ ਨੈਅਸ਼ਾਂ ।
ਹਾਸ਼ਮ ਹਉਂ ਕੁਰਬਾਨ ਉਨ੍ਹਾਂ ਦੇ, ਜਿਹੜੇ ਸਾਹਿਬ ਦਰਦ ਹਮੇਸ਼ਾਂ ।
ਜਿਸ ਨੂੰ ਤਲਬ ਹੋਵੇ ਜਿਸ ਦਿਲ ਦੀ

ਜਿਸ ਨੂੰ ਤਲਬ ਹੋਵੇ ਜਿਸ ਦਿਲ ਦੀ, ਨਹੀਂ ਹਟਦਾ ਲਾਖ ਹਟਾਏ ।
ਤਿਸ ਦੇ ਬਾਝ ਨ ਹੋਸੁ ਤਸੱਲੀ, ਭਾਵੇਂ ਸੌ ਕਰ ਗਿਆਨ ਸੁਣਾਏ ।
ਮਜਨੂੰ ਬਾਝ ਲੇਲੀ ਖ਼ੁਸ਼ ਨਾਹੀਂ, ਭਾਵੇਂ ਰੱਬ ਨੂੰ ਜਾ ਮਿਲਾਏ ।
ਹਾਸ਼ਮ ਜਾਨ ਮੁਰਾਦ ਇਸ਼ਕ ਦੀ, ਉਹਨੂੰ ਅੱਖੀਂ ਯਾਰ ਦਿਖਾਏ ।
ਜਿਸ ਵਿਚ ਚਿਣਗ ਬਿਰਹੋਂ ਦੀ ਪਈਆ

ਜਿਸ ਵਿਚ ਚਿਣਗ ਬਿਰਹੋਂ ਦੀ ਪਈਆ, ਤਿਸ ਨਾਲ ਲਹੂ ਮੁਖ ਧੋਤਾ ।
ਸ਼ਮ੍ਹਾਂ ਜਮਾਲ ਡਿਠਾ ਪਰਵਾਨੇ, ਅਤੇ ਆਣ ਸ਼ਹੀਦ ਖੜੋਤਾ ।
ਜਾਂ ਮਨਸੂਰ ਹੋਇਆ ਮਦ ਮਾਤਾ, ਤਦ ਸੂਲੀ ਨਾਲ ਪਰੋਤਾ ।
ਹਾਸ਼ਮ ਇਸ਼ਕ ਅਜੇਹਾ ਮਿਲਿਆ, ਜਿਸ ਦੀਨ ਮਜ਼੍ਹਬ ਸਭ ਧੋਤਾ ।
ਜਿਥੇ ਬੈਠ ਕਹਾਂ ਦੁਖ ਦਿਲ ਦਾ

ਜਿਥੇ ਬੈਠ ਕਹਾਂ ਦੁਖ ਦਿਲ ਦਾ, ਮੈਨੂੰ ਘਾਇਲ ਮਿਲੇ ਨ ਕੋਈ ।
ਜਿਸ ਨੂੰ ਕੂਕ ਕਹਾਂ ਸੋਈ ਆਖੇ, 'ਭੈੜੀ ਲਾਹ ਪਰੇ ਮੁਖ ਲੋਈ' ।
ਤੇਰਾ ਹੁਸਨ ਮੇਰੀ ਦਿਲਗ਼ੀਰੀ, ਸਭ ਜਗ ਵਿਚ ਜ਼ਾਹਰ ਹੋਈ ।
ਹਾਸ਼ਮ ਇਹ ਅਹਿਸਾਨ ਜਾਨੀ ਦਾ, ਸਾਨੂੰ ਕਿਤ ਵਲ ਮਿਲੇ ਨ ਢੋਈ ।
ਜਿਤ ਵਾਸ ਕਦੀਮ ਕਮੀਨਾ ਕੀਤਾ

ਜਿਤ ਵਾਸ ਕਦੀਮ ਕਮੀਨਾ ਕੀਤਾ, ਭੈੜਾ ਫੜਿਆ ਸੋਗ ਉਦਾਸੀ ।
ਕਿਸਮਤ ਆਣ ਸੁਤੀ ਨਹੀਂ ਸਮਝੇ, ਫੇਰ ਕਿਤ ਵਲ ਟੋਰ ਲੈ ਜਾਸੀ ।
ਚਾਵੜ ਚਾ ਮੁਸਾਫ਼ਰ ਕਹਿਆ, 'ਜੇਹੜਾ ਆਣ ਲੱਤਾ ਸ਼ਬ ਵਾਸੀ ।
ਹਾਸ਼ਮ ਸਮਝ, ਨ ਕਰ ਤੂੰ ਦ੍ਹਾਵਾ, ਮਤ ਹੋਰ ਪਵੇ ਗਲਿ ਫਾਸੀ' ।
ਜੀਉ ਜਾਨੀ ਤਨ ਮਨ ਵਿਚ ਜਾਨੀ

ਜੀਉ ਜਾਨੀ ਤਨ ਮਨ ਵਿਚ ਜਾਨੀ, ਮੈਨੂੰ ਸਭ ਜਾਨੀ ਦਿਸ ਆਵੇ ।
ਹਰਦਮ ਦਰਦ ਜ਼ਬਾਨ ਜਾਨੀ ਦਾ, ਹੋਰ ਸੁਖ਼ਨ ਕਲਾਮ ਨ ਭਾਵੇ ।
ਪਰ ਜਾਨੀ ਜ਼ਾਹਰ ਬਿਨ ਮਿਲਿਆਂ, ਇਨ੍ਹਾਂ ਅੱਖੀਆਂ ਚੈਨ ਨ ਆਵੇ ।
ਹਾਸ਼ਮ ਆਖ ਦਮਾਂ ਦਿਆਂ ਰੁੱਠਿਆਂ, ਪਰ ਕੌਣ ਗੱਲੀਂ ਪਰਚਾਵੇ ।
ਜਿਉਂ ਜਿਉਂ ਬਖ਼ੀਲ ਚੁਫ਼ੇਰੇ ਫਿਰਦੇ

ਜਿਉਂ ਜਿਉਂ ਬਖ਼ੀਲ ਚੁਫ਼ੇਰੇ ਫਿਰਦੇ, ਅਤੇ ਜ਼ੋਰ ਪਿਆ ਜਗ ਲਾਵੇ ।
ਤਿਉਂ ਤਿਉਂ ਦਰਦ ਹੋਵੇ ਨਿਤ ਪੁਖ਼ਤਾ, ਉਹਨੂੰ ਔਖਧ ਵਾਂਗੁ ਸੁਖਾਵੇ ।
ਤੇਰਾ ਦਰਦ ਮੇਰੇ ਵਿਚ ਸੀਨੇ, ਮੇਰੀ ਜਿੰਦ ਜਾਵੇ ਤਦ ਜਾਵੇ ।
ਹਾਸ਼ਮ ਮਿਲਣ ਹਰਾਮ ਤਿਨ੍ਹਾਂ ਨੂੰ, ਜਿਹੜਾ ਦੁਖ ਤੇਰੇ ਦੁਖ ਪਾਵੇ ।
ਜਿਉਂ ਜਿਉਂ ਨਫਸ ਮੋੜੇ ਤਕਦੀਰੋਂ

ਜਿਉਂ ਜਿਉਂ ਨਫਸ ਮੋੜੇ ਤਕਦੀਰੋਂ, ਤਿਉਂ ਤਿਉਂ ਇਹ ਮਨ ਭੂਲੇ ।
ਜੰਮਦਾ ਉਠ ਅੜਾਵਨ ਲਗਦਾ, ਫਿਰਿ ਭਾਰ ਨ ਟਲਦਾ ਮੂਲੇ ।
ਹੋਣੀ ਹੋਗੁ ਸੋਈ ਕੁਝ ਹੋਸੀ, ਕੋਈ ਲਾਖ ਪਿਆ ਸਿਰ ਝੂਲੇ ।
ਹਾਸ਼ਮਸ਼ਾਹ ਕਰ ਸਬਰ ਬਤੇਰਾ, ਤੈਨੂੰ ਖ਼ੈਰ ਪਵਗੁ ਇਤ ਸੂਲੇ ।
ਜੋ ਹੱਡ ਦੁਧ ਮਲਾਈਂ ਪਾਲੇ

ਜੋ ਹੱਡ ਦੁਧ ਮਲਾਈਂ ਪਾਲੇ, ਤੂੰ ਖੋਹ ਖੱਸ ਮਾਲ ਬੇਗ਼ਾਨਾ ।
ਇਕ ਦਿਨ ਲੋਕ ਤਮਾਸ਼ੇ ਕਾਰਣ, ਤੇਰੇ ਧਰਸਨ ਹਾਡ ਨਿਸ਼ਾਨਾ ।
ਤੂੰਹੀ ਨਾਲ ਆਈ ਕਰ ਟੋਟੇ, ਵਿਚ ਧਰ ਕੇ ਇਸ਼ਕ ਬਹਾਨਾ ।
ਹਾਸ਼ਮ ਜਾਨ ਕਹੇ ਤੁਧ ਕੀਤਾ, ਇਹ ਜਗਤ ਮੁਸਾਫ਼ਰਖ਼ਾਨਾ ।
ਕਾਰੀ ਰੋਗ ਬੀਮਾਰੀ ਭਾਰੀ

ਕਾਰੀ ਰੋਗ ਬੀਮਾਰੀ ਭਾਰੀ, ਮੇਰੀ ਕੋਈ ਨ ਕਰਦਾ ਕਾਰੀ ।
ਹਾਰੀ ਉਮਰ ਜਵਾਨੀ ਸਾਰੀ, ਤੇਰੀ ਸੂਰਤ ਤੋਂ ਬਲਿਹਾਰੀ ।
ਡਾਰੀ ਲੋਗ ਕਹਿਣ ਬੁਰਿਆਰੀ, ਭੈੜੀ ਕੂੰਜ ਫਿਰੇ ਬਿਨ ਡਾਰੀਂ ।
ਵਾਰੀ ਘੋਲ ਘੁਮਾਈ ਹਾਸ਼ਮ, ਮੇਰੀ ਬਾਤ ਪੁਛੇਂ ਇਕ ਵਾਰੀ ।
ਕਾਬਲ ਕਦਰ ਮਹਿਬੂਬ ਜੇ ਹੋਵੇ

ਕਾਬਲ ਕਦਰ ਮਹਿਬੂਬ ਜੇ ਹੋਵੇ, ਤਾਂ ਆਸ਼ਕ ਨੂੰ ਲੈ ਤਰਦਾ ।
ਸਾਬਤ ਚਸ਼ਮ ਰਹੇ ਦਿਲਬਰ ਦੀ, ਤਾਂ ਦੇਖੋ ਆਸ਼ਕ ਮਰਦਾ ।
ਇਕ ਚਾਹੇ ਇਕ ਮੂਲ ਨ ਚਾਹੇ, ਉਹ ਹਰਗਿਜ਼ ਨੇਹੁੰ ਨ ਸਰਦਾ ।
ਹਾਸ਼ਮ ਮੂਲ ਨ ਮਰੇ ਸਿਪਾਹੀ, ਜਿਥੇ ਕਦਰ ਨਹੀਂ ਕੋਈ ਕਰਦਾ ।
ਕਾਫ਼ਰ ਕਹਿਰ ਨਜ਼ੂਲ ਵਿਛੋੜਾ

ਕਾਫ਼ਰ ਕਹਿਰ ਨਜ਼ੂਲ ਵਿਛੋੜਾ, ਇਸ ਦਿਲਬਰ ਯਾਰ ਸੱਜਣ ਦਾ ।
ਤਰਸਣ ਨੈਣ ਨਹੀਂ ਵਸ ਚੱਲਦਾ, ਅਤੇ ਦਿਲ ਵਿਚ ਸ਼ੌਕ ਮਿਲਣ ਦਾ ।
ਜ਼ਹਿਮਤ ਏਸ ਨਹੀਂ ਭਰਵਾਸਾ, ਮੈਨੂੰ ਇਕ ਦਿਨ ਹੋਰ ਬਚਣ ਦਾ ।
ਹਾਸ਼ਮ ਬਾਝ ਅਮਲ ਮਰ ਜਾਂਦਾ, ਭੈੜਾ ਅਮਲੀ ਏਸ ਮਿਲਣ ਦਾ ।
ਕਾਫ਼ਰ ਨੈਣ ਭਰੇ ਦਿਲ ਡੰਗਣ

ਕਾਫ਼ਰ ਨੈਣ ਭਰੇ ਦਿਲ ਡੰਗਣ, ਜਿਹੜੇ ਦਿਸਣ ਬਾਲ ਇਆਣੇ ।
ਚਾਮਲ ਚੜ੍ਹਨ ਕਰਨ ਨਿਤ ਸ਼ੋਖੀ, ਅਤੇ ਸੌਦਾ ਕਰਨ ਧਿਙਾਣੇ ।
ਹਾਸੀ ਪਾ ਦਿਤੀ ਗਲ ਫਾਂਸੀ, ਹੁਣ ਰੋਂਦੀ ਵਖਤ ਵਿਹਾਣੇ ।
ਹਾਸ਼ਮ ਦੇਖ ਉਨ੍ਹਾਂ ਨੈਣਾਂ ਨੂੰ, ਕੋਈ ਜਾਣੇ ਬਹੁਤ ਨਿਮਾਣੇ ।
ਕਰ ਅਫ਼ਸੋਸ ਕਹਿਆ ਦਿਲ ਘਾਇਲ

ਕਰ ਅਫ਼ਸੋਸ ਕਹਿਆ ਦਿਲ ਘਾਇਲ, ਜਦ ਡਿਠੋ ਸੁ ਚੰਦ ਉਜਾਲਾ ।
ਸੁਣ ਚੰਦਾ ! ਬੁਲਬੁਲ ਦੇ ਵਿਛੜੇ, ਤੈਨੂੰ ਦਾਗ਼ ਪਿਆ ਗੁਲਲਾਲਾ ।
ਲਾਖ ਚਕੋਰ ਗਏ ਮਰ ਆਸ਼ਕ, ਤੂੰ ਅਜੇ ਨ ਹੋਇਓਂ ਕਾਲਾ ।
ਹਾਸ਼ਮ ਮਿਲਣ ਦਰੁਸਤ ਤਿਨ੍ਹਾਂ ਨੂੰ, ਜਿਨ੍ਹਾਂ ਵਿਛੜਨ ਜ਼ਹਿਰ ਪਿਆਲਾ ।
ਕਰਦੀ ਖ਼ਾਕ ਤੁਹਾਡੇ ਦਰ ਦੀ

ਕਰਦੀ ਖ਼ਾਕ ਤੁਹਾਡੇ ਦਰ ਦੀ, ਸਭ ਦੂਰ ਅੱਖੀਂ ਦੇ ਪਰਦੇ ।
ਕਿਤ ਬਿਧਿ ਖ਼ਾਕ ਅਸਾਂ ਹੱਥ ਆਵੇ, ਭਲਾ ਆਖ ਦਿਤੇ ਬਿਨ ਸਿਰ ਦੇ ।
ਕੀ ਸੁਨਿਆਰ ਪਹਾਰਯੋਂ ਕੂੜਾ, ਭੈੜੇ ਦੇਣ ਨਹੀਂ ਇਹ ਜ਼ਰ ਦੇ ।
ਹਾਸ਼ਮ ਪਹੁੰਚ ਹੋਵੇ ਦਰ ਤੋੜੀਂ, ਅਤੇ ਆਸ਼ਕ ਕਿਉਂ ਜਲ ਮਰਦੇ ।
ਕਰੇ ਖ਼ਰਾਬ ਫ਼ਕੀਰੀ ਤਾਈਂ

ਕਰੇ ਖ਼ਰਾਬ ਫ਼ਕੀਰੀ ਤਾਈਂ, ਇਹ ਦਾਨਸ਼ ਦੂਰੰਦੇਸ਼ੀ ।
ਚਸ਼ਮ ਪਰ ਆਬ ਜਿਗਰ ਪਰ ਆਤਸ਼, ਇਹ ਹਰਫ਼ ਦੁਵੇਂ ਦਰਵੇਸ਼ੀ ।
ਨੀਂਦ ਹਰਮ ਖ਼ੁਸ਼ੀ ਵਿਚ ਸੁਫ਼ਨੇ, ਇਹ ਰਹੇ ਤਰੀਕ ਹਮੇਸ਼ੀ ।
ਬਣੇ ਫ਼ਕੀਰ ਤਾਂ ਸਮਝੇ ਹਾਸ਼ਮ, ਇਹ ਰਸਮ ਕਲੰਦਰ ਕੈਸੀ ।
ਕਰਿ ਕਰਿ ਸਮਝ ਰਹਿਆ ਵਿਚ ਹੈਰਤ

ਕਰਿ ਕਰਿ ਸਮਝ ਰਹਿਆ ਵਿਚ ਹੈਰਤ, ਮੈਨੂੰ ਦਿਲ ਦਾ ਭੇਤ ਨ ਆਵੇ ।
ਕਦੀ ਤਾਂ ਤਖ਼ਤ ਬਹੇ ਬਣ ਹਾਕਮ, ਅਤੇ ਕਦੀ ਕੰਗਾਲ ਕਹਾਵੇ ।
(ਕਦੀ)ਸਖ਼ਤ ਬਿਜ਼ਾਰ ਹੋਵੇ ਖ਼ੁਦ ਜਿਸਮੋਂ, ਸਭ ਕਿਛੁ ਖਾਕ ਮਿਲਾਵੇ ।
ਦੀਗਰ ਕੌਣ ਕਹੇ ਮੈਂ ਹਾਸ਼ਮ, ਜਿਹੜਾ ਰੋਜ਼ ਦੁਕਾਨ ਚਲਾਵੇ ।
ਕੌਣ ਜਨੂੰਨ ਸੱਸੀ ਵਿਚ ਵੜਿਆ

ਕੌਣ ਜਨੂੰਨ ਸੱਸੀ ਵਿਚ ਵੜਿਆ, ਉਠ ਨੱਠੀ ਸ਼ਹਿਰ ਭੰਬੋਰੋਂ ।
ਪੰਛੀ ਰੂਹ ਸੱਸੀ ਦਾ ਭੜਕੇ, ਉਹ ਬਾਜ਼ ਗਿਆ ਛੁਟ ਡੋਰੋਂ ।
ਤਪਦੀ ਖ਼ਾਕ ਉਤੇ ਥਲ ਚੀਰੇ, ਅਤੇ ਸਾਂਝ ਟੁਟੀ ਦਿਲ ਹੋਰੋਂ ।
ਹਾਸ਼ਮ ਯਾਰ ਮਿਲੇ ਮਿਲ ਬੈਠੀ, ਉਨ ਲਾਲ ਲੱਧਾ ਇਸ ਗੋਰੋਂ ।
ਕੌਣ ਕਬੂਲ ਖ਼ਰਾਬੀ ਕਰਦਾ

ਕੌਣ ਕਬੂਲ ਖ਼ਰਾਬੀ ਕਰਦਾ, ਪਰ ਲੇਖ ਖ਼ਰਾਬ ਕਰਾਵੇ ।
ਕਿਸ ਦਾ ਜੀਉ ਨ ਰਾਜ ਕਰਨ ਦਾ, ਪਰ ਕਿਸਮਤ ਭੀਖ ਮੰਗਾਵੇ ।
ਆਪਣੇ ਹਾਥ ਨ ਸੂਲ ਸਹੀ ਦੀ, ਪਰ ਸੂਲੀ ਲੇਖ ਸਹਾਵੇ ।
ਖ਼ੁਸ਼ ਹੋ ਦੇਖ ਸਬਰ ਕਰ ਹਾਸ਼ਮ, ਤੈਨੂੰ ਜੋ ਕੁਝ ਲੇਖ ਦਿਖਾਵੇ ।
ਕੇਹੀ ਬਾਣ ਪਈ ਇਸ ਦਿਲ ਨੂੰ

ਕੇਹੀ ਬਾਣ ਪਈ ਇਸ ਦਿਲ ਨੂੰ, ਭੈੜਾ ਡਿਠਿਆਂ ਬਾਝ ਨ ਜੀਵੇ ।
ਜਿਉਂ ਕਰ ਮਗਸ ਸ਼ਕਰ ਦੇ ਪੀੜੇ, ਉਹ ਵਸ ਕਰ ਜੁਦਾ ਨ ਥੀਵੇ ।
ਆਖ ਦੇਖਾਂ ਕੀ ਹਾਸਲ ਦਿਲ ਨੂੰ, ਭੈੜਾ ਤਪਿਆ ਰੋਜ਼ ਦਸੀਵੇ ।
ਹਾਸ਼ਮ ਇਸ਼ਕ ਕੀਤਾ ਦਿਲ ਦੁਸ਼ਮਣ, ਭਲਾ ਕੌਣ ਇਲਾਜ ਕਜੀਵੇ ।
ਕੇਹੀ ਪ੍ਰੇਮ ਜੜੀ ਸਿਰ ਪਾਈ

ਕੇਹੀ ਪ੍ਰੇਮ ਜੜੀ ਸਿਰ ਪਾਈ, ਮੇਰਾ ਦਿਲ ਜਾਨੀ ਖੱਸ ਲੀਤਾ ।
ਨੈਣਾ ਨੱਕ ਸੂਈ ਦੇ ਵਾਂਗੂ, ਮੇਰਾ ਦਿਲ ਸੋਹਣੇ ਨਾਲ ਸੀਤਾ ।
ਮਾਏ ਭੂਤ ਬਿਰਹੋਂ ਦਾ ਮੈਨੂੰ, ਜਿਨ 'ਮਜਨੂੰ' ਮੁਝ ਨੂੰ ਕੀਤਾ ।
ਹਾਸ਼ਮ ਜੀਵਣ ਬਚਣ ਔਖੇਰਾ, ਜਿਨ ਜ਼ਹਿਰ ਪਿਆਲਾ ਪੀਤਾ ।
ਖ਼ੁਦੀ ਗੁਮਾਨ ਨਫ਼ਸ ਦੀਆਂ ਫੌਜਾਂ

ਖ਼ੁਦੀ ਗੁਮਾਨ ਨਫ਼ਸ ਦੀਆਂ ਫੌਜਾਂ, ਨਿਤ ਦੂਧ ਉਨ੍ਹਾਂ ਮੁਖ ਚੋਵੇ ।
ਲਖ ਬਰਸਾਂ ਤਕ ਜੀਵੇ ਕੋਈ, ਅਤੇ ਲਖ ਫ਼ੌਜਾਂ ਖੜਿ ਢੋਵੇ ।
ਕਰੇ ਮੁਹਿੰਮ ਲੜੇ ਦਿਨ ਰਾਤੀਂ, ਤਾਂ ਰਈਅਤ ਨ ਹੋਵੇ ।
ਕਰੜੀ ਕੈਦ ਨਫ਼ਸ ਦੀ ਹਾਸ਼ਮ, ਏਥੇ ਹਰ ਇਕ ਅਟਕ ਖਲੋਵੇ ।
ਕਿਸ ਕਿਸ ਤਰਫ਼ ਨਹੀਂ ਦਿਲ ਫਿਰਦਾ

ਕਿਸ ਕਿਸ ਤਰਫ਼ ਨਹੀਂ ਦਿਲ ਫਿਰਦਾ, ਅਤੇ ਕੀ ਕੁਝ ਜ਼ੋਰ ਨ ਲਾਵੇ ।
ਪਲ ਵਿਚ ਲਾਖ ਕਰੋੜ ਦਲੀਲਾਂ, ਇਕ ਢਾਹਵੇ ਹੋਰ ਲਿਆਵੇ ।
ਪਰ ਤਕਦੀਰ ਹੋਵੇ ਜਦ ਉਲਟੀ, ਅਤੇ ਪੇਸ਼ ਕੋਈ ਨ ਜਾਵੇ ।
ਹਾਸ਼ਮ ਨਾਲ ਹਿਮਾਇਤ ਅਜ਼ਲੀ, ਹਰ ਇਕ ਚਤੁਰ ਕਹਾਵੇ ।
ਕਿਥੇ ਸ਼ਾਹ ਸਕੰਦਰ ਦਾਰਾ

ਕਿਥੇ ਸ਼ਾਹ ਸਕੰਦਰ ਦਾਰਾ, ਅਤੇ ਜਾਮ ਗਿਆ ਕਿਤ ਜਮ ਦਾ ।
ਥਿੜਕਨ ਦੇਉ ਜਿਨ੍ਹਾਂ ਦੀ ਤੇਗ਼ੋਂ, ਅਤੇ ਧੌਲ ਪਿਆ ਨਿਤ ਕੰਬਦਾ ।
ਢੂੰਡਿਆਂ ਖ਼ਾਕ ਤਿਨ੍ਹਾਂ ਨਹੀਂ ਲਭਦੀ, ਇਹ ਜਗਤ ਬੁਰਾ ਘਰ ਗ਼ਮ ਦਾ ।
ਹਾਸ਼ਮ ਜਾਨ ਗ਼ਨੀਮਤ ਦਮ ਨੂੰ, ਭਲਾ ਕਿਆ ਭਰਵਾਸਾ ਦਮ ਦਾ ।
ਕਿੱਥੇ ਤਖ਼ਤ ਹਜ਼ਾਰਾ ਮਾਏ

ਕਿੱਥੇ ਤਖ਼ਤ ਹਜ਼ਾਰਾ ਮਾਏ ! ਅਤੇ ਝੰਗ ਸਿਆਲ ਕਿਥਾਹੀਂ ।
ਰਾਂਝਾ ਲੇਖ ਹੀਰੇ ਦੇ ਲਿਖਿਆ, ਤਾਂ ਆਣ ਮਿਲਾਇਆ ਸਾਈਂ ।
ਮਤੀਂ ਦੇਣ ਨ ਮੁੜਸਣ ਮਾਏ ! ਜਿਹੜੇ ਲੇਖ ਤੱਤੀ ਦੇ ਆਹੀਂ ।
ਹਾਸ਼ਮ ਡੋਰ ਫੜੇ ਹੱਥ ਕੋਈ, ਦੋਸ਼ ਅਸਾਂ ਵਿਚ ਨਾਹੀਂ ।
ਕਿਤ ਵਲ ਯਾਰ ਗਏ ਦਿਲ ਜਾਨੀ

ਕਿਤ ਵਲ ਯਾਰ ਗਏ ਦਿਲ ਜਾਨੀ, ਜਿਹੜੇ ਰੋਵਣ ਦੂਰ ਗਿਆਂ ਨੂੰ ।
ਜੀਵੰਦਿਆਂ ਦੀ ਬਾਤ ਨ ਪੁਛਦੇ, ਕੀ ਕਰਸਨ ਯਾਦ ਮੁਇਆਂ ਨੂੰ ।
ਸੱਜਣ ਯਾਦ ਪਵਣ ਦੁਖ ਬਣਿਆਂ, ਵਿਚ ਬਿਪਤਾ ਵਖਤ ਪਇਆਂ ਨੂੰ ।
ਐਸੇ ਯਾਰ ਮਿਲਣ ਸਬੱਬੀਂ, ਪਰ ਹਾਸ਼ਮ ਅਸਾਂ ਜਿਹਿਆਂ ਨੂੰ ।
ਕਿਉਂ ਜੰਮੀਓਂ ਕਿਉਂ ਫੇਰ ਵਿਆਹੀਓਂ

ਕਿਉਂ ਜੰਮੀਓਂ ਕਿਉਂ ਫੇਰ ਵਿਆਹੀਓਂ, ਜੰਮਦੀ ਮਾਰ ਨ ਸੁੱਟੀ ।
ਦੇਖ ਹੁਣ ਹਾਲ ਸੱਸੀ ਦਾ ਮਾਏ ! ਮੈਂ ਫਿਰਾਂ ਪਲਾਂ(ਥਲਾਂ) ਵਿਚ ਲੁੱਟੀ ।
ਬੇਤਕਸੀਰ ਬੇਦੋਸ਼ੀ ਆਜ਼ਿਜ, ਮੈਂ ਆਣ ਬਲੋਚਾਂ ਲੁੱਟੀ ।
ਹਾਸ਼ਮ ਜਾਨ ਗਵਾਈਆ ਸੱਸੀ, ਪਰ ਆਸ ਉਮੈਦ ਨ ਟੁੱਟੀ ।
ਕਿਉਂ ਤਲਵਾਰ ਵਿਛੋੜੇ ਵਾਲੀ

ਕਿਉਂ ਤਲਵਾਰ ਵਿਛੋੜੇ ਵਾਲੀ, ਤੂੰ ਹਰਦਮ ਸਾਣ ਚੜ੍ਹਾਵੇਂ ।
ਤੈਥੇ ਜ਼ੋਰ ਨਹੀਂ, ਬਿਨ ਤੇਗ਼ੋਂ, ਤੂੰ ਐਵੇਂ ਮਾਰਿ ਗਵਾਵੇਂ ।
ਆਸ਼ਕ ਨਾਲ ਨਹੀਂ ਸਿਰ ਰੱਖਦੇ, ਤੂੰ ਕਿਸ ਪਰ ਤੇਗ਼ ਉਠਾਵੇਂ ।
ਹਾਸ਼ਮ ਬੋਲ ਨਹੀਂ, ਮਤ ਬੋਲੇਂ, ਕੋਈ ਹੋਰ ਨਸੀਹਤ ਪਾਵੇਂ ।
ਕੋਈ ਮੁਲ ਨਹੀਂ ਬਿਨ ਪਾਰਖੁ

ਕੋਈ ਮੁਲ ਨਹੀਂ ਬਿਨ ਪਾਰਖੁ, ਲਖ ਪਾਰਸ ਉੱਚ ਕਹਾਵੇ ।
ਹੋਵੇ ਮੁੱਲ ਮਲੂਮ ਲੇਲੀ ਦਾ, ਪਰ ਜੇ ਮਜਨੂੰ ਮੁਲ ਪਾਵੇ ।
ਕੀਮਤ ਕਦਰ ਸ਼ਨਾਸ਼ ਗੁਲਾਂ ਦੀ, ਕੋਈ ਭਵਰੋਂ ਜਾਇ ਪੁਛਾਵੇ ।
ਹਾਸ਼ਮ ਬਾਝ ਪਛਾਨਣ ਵਾਲੇ, ਕੋਈ ਕੀ ਗੁਣ ਕੱਢ ਦਿਖਾਵੇ ।
ਕੁਝ ਤਕਸੀਰ ਅਸਾਥੋਂ ਹੋਈ

ਕੁਝ ਤਕਸੀਰ ਅਸਾਥੋਂ ਹੋਈ, ਜੋ ਯਾਰ ਸੱਜਣ ਚਿਤ ਲਾਇਆ ।
ਯਾ ਕੁਛ ਵਾਉ ਵਗੀ ਕਲਿਯੁਗ ਦੀ, ਕੋਈ ਝੁਲਕ ਮਿਤਰ ਦਿਲ ਆਇਆ ।
ਦਿਲ ਬੇਦਰਦ ਤਬੀਬਾਂ ਕੀਤਾ, ਜੋ ਘਾਇਲ ਚਾਇ ਭੁਲਾਇਆ ।
ਹਾਸ਼ਮ ਜਾਨ ਸਆਦਤ ਏਵੇਂ, ਜੋ ਯਾਰ ਸੱਜਣ ਮਨ ਭਾਇਆ ।
ਕੁਲ ਲਾਜ ਕਬੀਲਾ ਤੇ ਮਾਂ ਪਿਊ

ਕੁਲ ਲਾਜ ਕਬੀਲਾ ਤੇ ਮਾਂ ਪਿਊ, ਅਸਾਂ ਦਿਤਾ ਛੋੜ ਤਿਨ੍ਹਾਂ ਨੂੰ ।
ਕਰੰਗ ਸਰੀਰ ਹੋਇਆ ਗ਼ਮ ਤੇਰੇ, ਅਸਾਂ ਮੰਨੀ ਜਾਨ ਤੁਸਾਂ ਨੂੰ ।
ਕਿਉਂ ਇਸ਼ਕਾ ! ਕੀ ਮੰਗਨਾਈ ਮੈਥੋਂ, ਹੁਣ ਸੱਚ ਕਹਿ ਆਖ ਅਸਾਂ ਨੂੰ ।
ਹਾਸ਼ਮ ਸਾਸ ਹੋਏ ਕਮ ਤੇਰੇ, ਕੀ ਕਰਸੇਂ ਯਾਦ ਮੁਇਆਂ ਨੂੰ ?
ਲਬ ਖ਼ੁਸ਼ਕੀ ਮੂੰਹ ਜ਼ਰਦੀ ਵਰਤੀ

ਲਬ ਖ਼ੁਸ਼ਕੀ ਮੂੰਹ ਜ਼ਰਦੀ ਵਰਤੀ, ਅਤੇ ਖ਼ੂਨ ਦਿਸੇ ਵਿਚ ਨੈਣਾਂ ।
ਗੁਲ ਨੇ ਦੇਖ ਕਿਹਾ ਬੁਲਬੁਲ ਨੂੰ, 'ਸੱਚ ਹਾਲ ਅਸਾਥੀਂ ਕਹਿਣਾ' ।
ਬੁਲਬੁਲ ਰੋ ਕਿਹਾ, 'ਦੁਖ ਤੇਰੇ, ਸਾਨੂੰ ਸੂਲ ਪਵਗੁ ਹੁਣ ਸਹਿਣਾ' ।
ਹਾਸ਼ਮ ਫੇਰ ਕਹਿਆ ਗੁਲ ਹੱਸਕੇ, 'ਭਲਾ ਆਖ ਸਦਾ ਤੁਧ ਰਹਿਣਾ' ।
ਲੋਕਾਂ ਭਾਣੇ ਵਸਤੀ ਵਸਦੀ

ਲੋਕਾਂ ਭਾਣੇ ਵਸਤੀ ਵਸਦੀ, ਅਤੇ ਸਭ ਜਗ ਆਖੇ ਵਸਦੀ ।
ਆ ਵਸਤੀ ਤਨ ਮਨ ਦੀ ਵਸਤੀ, ਅਤੇ ਦਿਲ ਮੇਰੇ ਦੀ ਵਸਦੀ ।
ਜਿਸ ਵਸਤੀ ਨਾਲ ਨ ਵਸਤੀ ਸਾਨੂੰ, ਉਸ ਵਸਤੀ ਨਾਲ ਨ ਵਸਦੀ ।
ਹਾਸ਼ਮ ਯਾਰ ਮਿਲੇ ਵਿਚ ਬੇਲੇ, ਉਹ ਬਾਗ ਬਹਾਰੀਂ ਵਸਦੀ ।
ਮਾਏ ! ਦਰਦ ਫ਼ਿਰਾਕ ਮਾਹੀ ਦੇ

ਮਾਏ ! ਦਰਦ ਫ਼ਿਰਾਕ ਮਾਹੀ ਦੇ, ਅਜ ਬਾਲ ਚਿਖਾ ਵਿਚ ਪਾਈ ।
ਸੋਜ਼ ਫ਼ਿਰਾਕ ਦੀਵਾਨੀ ਕੀਤੀ, ਮੇਰੀ ਜਾਨ ਲਬਾਂ ਪਰ ਆਈ ।
ਗ਼ਰਜ਼ੀ ਯਾਰ ਦੁਖਾਂ ਤੋਂ ਡਰਿਆ, ਮੁੜ ਵਾਤ ਨ ਪੁਛੀਆ ਕਾਈ ।
ਹਾਸ਼ਮ ਬਾਝ ਲਗੇ ਤਨ ਆਪਣੇ, ਕੌਣ ਜਾਣੇ ਪੀੜ ਪਰਾਈ ।
ਮੈਨੂੰ ਖ਼ਬਰ ਨਹੀਂ ਦਿਲ ਮੇਰਾ

ਮੈਨੂੰ ਖ਼ਬਰ ਨਹੀਂ ਦਿਲ ਮੇਰਾ, ਕਿਸ ਜਾਗ੍ਹਾ ਵਿਚ ਵਸਦਾ ?
ਅਚਰਜ ਦੇਖ, ਇਸ਼ਕ ਨੂੰ ਯਾਰੋ ! ਭਲਾ ਕੌਣ ਕੋਈ ਜਾ ਦੱਸਦਾ ।
ਨਾ ਉਹ ਦਾਮ ਵਿਛਾਈ ਦਿਸਦੀ, ਜਿਤ ਜਾ ਮੇਰਾ ਦਿਲ ਫੱਸਦਾ ।
ਹਾਸ਼ਮ ਬਹੁਤ ਦੇਵੇ ਦੁਖ ਪਿਆਰਾ, ਦਿਲ ਫੇਰ ਉਤੇ ਵਲ ਨੱਸਦਾ ।
ਮੈਂ ਵਿਚ ਦੋਸ਼ ਨਹੀਂ ਕੁਝ ਮੂਲੋਂ

ਮੈਂ ਵਿਚ ਦੋਸ਼ ਨਹੀਂ ਕੁਝ ਮੂਲੋਂ, ਮੈਨੂੰ ਲਿਖਿਆ ਲੇਖ ਭੁਲਾਵੇ ।
ਜਿਸ ਨੂੰ ਨਫਰ ਕੀਤਾ ਤਕਦੀਰੋਂ, ਉਹਨੂੰ ਸਾਹਿਬ ਕੌਣ ਬਣਾਵੇ ।
ਮੈਂ ਗੁੱਡੀ ਆਂ ਹਥ ਡੋਰ ਖਿਡਾਰੀ, ਮੈਨੂੰ ਖੁਆਹਸ਼ ਨਾਲ ਫਿਰਾਵੇ ।
ਹਾਸ਼ਮ ਨਰਦ ਹੋਵੇ ਵਸ ਪਾਸੇ, ਉਹਨੂੰ ਪਰਤ ਪਵੇ ਵਸ ਆਵੇ ।
ਮੈਂ ਵਿਚ ਤੈਂ ਵਿਚ ਸਾਹਿਬ ਮੇਰੇ

ਮੈਂ ਵਿਚ ਤੈਂ ਵਿਚ ਸਾਹਿਬ ਮੇਰੇ, ਮੈਨੂੰ ਫ਼ਰਕ ਇਹੋ ਦਿਸ ਆਵੇ ।
ਕਰਾਂ ਗੁਨਾਹ ਕਰੋੜ ਹਮੇਸ਼ਾਂ, ਮੈਨੂੰ ਜ਼ਰਾ ਹਯਾ ਨ ਆਵੇ ।
ਭੀ ਦੁਰਕਾਰ ਨ ਸੁਟਦਾ ਦਰ ਤੋਂ, ਅਤੇ ਪਾਲੇ, ਐਬ ਛੁਪਾਵੇ ।
ਹਾਸ਼ਮ ਦੇਖ ਛੰਨਾਰ ਸੁਹਾਗਣਿ, ਉਹਦਾ ਪਾਪ ਸਭੇ ਛਿਪ ਜਾਵੇ ।
ਮਜਨੂੰ ਹੋਇ ਬਹਾਂ ਦਿਨ ਇਕਸੇ

ਮਜਨੂੰ ਹੋਇ ਬਹਾਂ ਦਿਨ ਇਕਸੇ, ਜੇ ਯਾਰ ਲੇਲੀ ਹੱਥ ਆਵੇ ।
ਕਾਮਲ ਯਾਰ ਬੇਸਿਦਕ ਆਸ਼ਕ ਨੂੰ, ਉਹ ਸਾਦਕ ਚਾ ਬਣਾਵੇ ।
ਨਾਕਸ ਤਬਅ ਮਹਿਬੂਬ ਜੇ ਹੋਵੇ, ਕੀ ਆਸ਼ਕ ਇਸ਼ਕ ਕਮਾਵੇ ।
ਹਾਸ਼ਮ ਆਸ਼ਕ ਹੋਣ ਸੁਖਾਲਾ, ਪਰ ਹੋਇਆ ਮਹਿਬੂਬ ਨ ਜਾਵੇ ।
ਮਜਨੂੰ ਕੂਕ ਕੂੰਜਾਂ ਦੀ ਸੁਣ ਕੇ

ਮਜਨੂੰ ਕੂਕ ਕੂੰਜਾਂ ਦੀ ਸੁਣ ਕੇ, ਉਸ ਕਹਿਆ, 'ਦੁਖ ਨ ਫੋਲੋ ।
ਦੁਖ ਜਰ ਕੇ ਮਰ ਮਰ ਕੇ ਡਰ ਕੇ, ਤੁਸੀਂ ਯਾਰ ਸੱਜਣ ਨੂੰ ਟੋਲੋ ।
ਝੱਬ ਦੇ ਕੂਕ ਤੁਸਾਡੀ ਸੁਣਸੀ, ਪਰ ਜੇ ਕੁਝ ਮੂੰਹੋਂ ਨ ਬੋਲੋ ।
ਹਾਸ਼ਮ ਯਾਰ ਚੜ੍ਹਾਵਗੁ ਸੂਲੀ, ਤੁਸੀਂ ਕਹਿਣ ਪ੍ਰੇਮ ਨ ਖੋਲ੍ਹੋ' ।
ਮਜਨੂੰ ਵੇਖਿ ਲਹੂ ਭਰ ਰੋਇਆ

ਮਜਨੂੰ ਵੇਖਿ ਲਹੂ ਭਰ ਰੋਇਆ, ਜਦ ਮੁਇਆ ਪਤੰਗ ਸਿਪਾਹੀ ।
ਸ਼ਾਬਾਸ਼ ! ਯਾਰ ਮਿਲਿਓਂ ਇਕ ਵਾਰੀ, ਮੁੜ ਸਹੀ ਨ ਪੀੜ ਜੁਦਾਈ ।
ਅਸੀਂ ਖ਼ਰਾਬ ਹੋਏ ਮਿਲ ਵਿਛੜੇ, ਹੁਣ ਫਿਰਾਂ ਖ਼ਰਾਬ ਜੁਦਾਈ ।
ਹਾਸ਼ਮ ਵੇਖ ਮੁਇਆ ਦਿਲ ਜਲਿਆ, ਇਨ੍ਹਾਂ ਕੀ ਸਿਰ ਪੋਤ ਉਠਾਈ ।
ਮਾਉ ਬੈਠ ਸੱਸੀ ਨੂੰ ਆਖੇ

ਮਾਉ ਬੈਠ ਸੱਸੀ ਨੂੰ ਆਖੇ, 'ਕਿਉਂ ਕਮਲੀ ਫਿਰੇਂ ਦੀਵਾਨੀ' ?
'ਮਾਏ ਰੋਗ ਲਗੇ ਤਾਂ ਜਾਣਂੇ, ਕੀ ਜਾਣੇਂ ਪੀੜ ਬੇਗ਼ਾਨੀ ।
ਜਿਸ ਦੇ ਨਾਲ ਮੇਰੀ ਜਿੰਦ ਅਟਕੀ, ਸੋਈ ਛੋੜ ਗਿਆ ਦਿਲ ਜਾਨੀ ।
ਹਾਸ਼ਮ ਸਬਰ ਨ ਆਵੇ ਦਿਲ ਨੂੰ, ਮੇਰੀ ਵਿਸਰੀ ਹੋਸ਼ ਜਹਾਨੀਂ' ।
ਮਰ ਮਰ ਲਾਖ ਗਏ ਨਹੀਂ ਸਮਝੇ

ਮਰ ਮਰ ਲਾਖ ਗਏ ਨਹੀਂ ਸਮਝੇ, ਵਿਚ ਝੰਗ ਸਿਆਲ ਸਲੇਟੀ ।
ਹੀਰ ਜਹਾਨ ਸੁੱਤੀ ਜਗ ਜਾਣੇ, ਜਦ ਬਣੀ ਅਨਾਥ ਚਕੇਟੀ ।
ਪਾਰਸ ਇਸ਼ਕ ਜਿਨ੍ਹਾਂ ਨੂੰ ਮਿਲਿਆ, ਉਹਦੀ ਜਾਤ ਸ਼ਕਲ ਸਭ ਮੇਟੀ ।
ਹਾਸ਼ਮ ਹੀਰ ਬਣੀ ਜਗ-ਮਾਤਾ, ਭਲਾ ਕੌਣ ਕੰਗਾਲ ਜਟੇਟੀ ।
ਮੇਘਲਿਆ ਵੱਸ ਭਾਗੀਂ ਭਰਿਆ

ਮੇਘਲਿਆ ਵੱਸ ਭਾਗੀਂ ਭਰਿਆ, ਤੁਧ ਔਝੜ ਦੇਸ ਵਸਾਏ ।
ਭਲਕੇ ਫੇਰ ਕਰੀਂ ਝੜ ਏਵੇਂ, ਮੇਰਾ ਪੀਆ ਪਰਦੇਸ ਨਾ ਜਾਏ ।
ਕਦ ਅਸਬਾਬ ਅਜੇਹੇ ਮਿਲਸਣ, ਕੋਈ ਕਿਸਮਤ ਆਣ ਮਿਲਾਏ ।
ਹਾਸ਼ਮ ਜਾਣ ਮਿਲਣ ਦਾ ਲਾਹਾ, ਫੇਰ ਵਿਛੜੇ ਕੌਣ ਮਿਲਾਏ ।
ਮੇਹਨਤ ਫੇਰਿ ਮੁੜੇ ਕੁਝ ਸਾਡੀ

ਮੇਹਨਤ ਫੇਰਿ ਮੁੜੇ ਕੁਝ ਸਾਡੀ, ਜੇ ਆਣ ਦੇਖੇ ਜਿਨ ਲਾਈ ।
ਜਿਉਂ ਜਿਉਂ ਜ਼ਰਦ ਹੋਇਆ ਰੰਗ ਮੇਰਾ, ਮੈਨੂੰ ਹੱਸਦੀ ਦੇਖ ਲੁਕਾਈ ।
ਰੌਸ਼ਨ ਵਾਂਗੁ ਮਹਿਬੂਬਾਂ ਨਾਹੀਂ, ਜੋ ਕਿਸਮਤ ਹੋਸੁ ਸਵਾਈ ।
ਹਾਸ਼ਮ ਸ਼ਾਹ ਪਰ ਸੀਰਤ ਪਾਵੇ, ਜਿਸ ਸੂਰਤ ਖ਼ਾਕ ਰੁਲਾਈ ।
ਮੇਵੇਦਾਰ ਦਰਖ਼ਤ ਮੇਵੇ ਦੇ

ਮੇਵੇਦਾਰ ਦਰਖ਼ਤ ਮੇਵੇ ਦੇ, ਜਿਸ ਦਿਲ ਨੂੰ ਹਿਰਸ ਨ ਕਾਈ ।
ਖ਼ਾਤਰ ਓਸ ਪਿਆ ਉਸ ਝੁਕਣਾ, ਸਿਰ ਭਾਰੀ ਪੋਤ ਉਠਾਈ ।
ਸਰੂ ਕਬੂਲ ਨ ਕੀਤਾ ਮੇਵਾ, ਉਨੂੰ ਹਰਜ ਮਰਜ਼ ਨਹੀਂ ਕਾਈ ।
ਹਾਸ਼ਮ ਹਿਰਸ ਲਗਾ ਨ ਕਾਈ, ਅਤੇ ਸਰੂ ਹੋਇਆ ਉਹ ਭਾਈ ।
ਮੂਰਖ ਲੋਕ ਸਦਾ ਸੁਖ ਸੌਂਦੇ

ਮੂਰਖ ਲੋਕ ਸਦਾ ਸੁਖ ਸੌਂਦੇ ਅਤੇ ਕਮਾਵਣ ਪੈਸਾ ।
ਨਾ ਕੁਛ ਊਚ ਨਾ ਨੀਚ ਪਛਾਨਣ ਅਤੇ ਪ੍ਰੇਮ ਨਾ ਜਾਨਣ ਕੈਸਾ ।
ਸ਼ਾਲਾ! ਨਿਜ ਹੋਵੇ ਚਤੁਰਾਈ, ਸਾਨੂੰ ਖੁਆਰ ਕੀਤਾ ਤੁਧ ਐਸਾ ।
ਹਾਸ਼ਮ ਕਾਟ ਪ੍ਰੇਮ ਕਰੇਂਦਾ, ਜਿਸ ਹੋਸ਼ ਹੋਵੇ ਵਿਚ ਜੈਸਾ ।
ਮੁੱਦਤ ਹਿਰਸ ਜਹਾਨੇ ਵਾਲਾ

ਮੁੱਦਤ ਹਿਰਸ ਜਹਾਨੇ ਵਾਲਾ, ਮੈਂ ਦਿਲ ਵਿਚ ਬਾਗ਼ ਲਗਾਇਆ ।
ਓੜਕ ਬਾਗ਼ ਹੋਇਆ ਪਰਵਰਦਾ, ਅਤੇ ਨਾਲ ਗੁਲਾਂ ਸਭ ਛਾਇਆ ।
ਜਾ ਮੈਂ ਮੁਸ਼ਕ ਲਿਆ ਹਰ ਗੁਲ ਥੋਂ, ਅਤੇ ਭੇਤ ਚਮਨ ਦਾ ਆਇਆ ।
ਹਾਸ਼ਮ ਬੇਬੁਨਿਆਦੀ ਵਾਲਾ, ਮੈਨੂੰ ਮੁਸ਼ਕ ਗੁਲਾਂ ਥੋਂ ਆਇਆ ।
ਮੁਸ਼ਕਲ ਨੇਹੁ ਲਗਾਵਣ ਹੋਇਆ

ਮੁਸ਼ਕਲ ਨੇਹੁ ਲਗਾਵਣ ਹੋਇਆ, ਮੈਨੂੰ ਧਿਰ ਧਿਰ ਲਾਖ ਨਿਹੋਰਾ ।
ਸਿਰ ਗੱਠੜੀ ਲਖ ਕੋਸ ਟਿਕਾਣਾ, ਅਤੇ ਤਨ ਵਿਚ ਤਨਕ ਨ ਜ਼ੋਰਾ ।
ਦਿਲਬਰ ਯਾਰ ਬਣੀ ਗੱਲ ਔਖੀ, ਮੈਨੂੰ ਬਹਿਣ ਨ ਮਿਲਦਾ ਭੋਰਾ ।
'ਹਾਸ਼ਮ ਨੇਹੁੰ ਨ ਲਾਈਓ ਕੋਈ', ਕੋਈ ਦੇਵੇ ਸ਼ਹਿਰ ਢੰਡੋਰਾ ।
ਨ ਬਣ ਸ਼ੇਖ ਮਸ਼ਾਇਖ ਪਿਆਰੇ

ਨ ਬਣ ਸ਼ੇਖ ਮਸ਼ਾਇਖ ਪਿਆਰੇ, ਨ ਪਹਿਨ ਲਿਬਾਸ ਫ਼ਕਰ ਦਾ ।
ਬਣ ਘਾਇਲ ਮਰ ਦਿਲ ਦੀ ਪੀੜੇ, ਇਹ ਤਿਉਂ ਤਿਉਂ ਦਾਮ ਮਕਰ ਦਾ ।
ਤੋੜ ਖ਼ੁਦੀ ਖ਼ੁਦਬੀਨੀ ਨਫ਼ਸੋਂ, ਅਤੇ ਚਾਕਰ ਰਹਿ ਦਿਲਬਰ ਦਾ ।
ਹਾਸ਼ਮ ਦਰਦ ਜਿਗਰ ਵਿਚ ਬੂਟਾ, ਕਰ ਗਿਰੀਆ ਨਾਲ ਪ੍ਰਵਰਦਾ ।
ਨਦੀਆਂ ਨੀਰ ਰਹਿਣ ਨਿਤ ਤਾਰੂ

ਨਦੀਆਂ ਨੀਰ ਰਹਿਣ ਨਿਤ ਤਾਰੂ, ਇਹ ਕਦੀ ਨ ਹੋਵਣ ਹਲਕੇ ।
ਜੋ ਜਲ ਅੱਜ ਗਿਆ ਇਸ ਰਾਹੀਂ, ਸੋ ਫੇਰ ਨ ਆਵੇ ਭਲਕੇ ।
ਏਵੇਂ ਰਹਿਗੁ ਜਹਾਨ ਵਸੇਂਦਾ, ਪਰ ਅਸੀਂ ਨ ਰਹਿਸਾਂ ਰਲਕੇ ।
ਹਾਸ਼ਮ ਕੌਣ ਕਰਗੁ ਦਿਲਬਰੀਆਂ, ਇਸ ਖ਼ਾਕ ਮਿੱਟੀ ਵਿਚ ਰਲਕੇ ।
ਨਹੀਂ ਕਬੂਲ ਇਬਾਦਤ ਤੇਰੀ

ਨਹੀਂ ਕਬੂਲ ਇਬਾਦਤ ਤੇਰੀ, ਤੂੰ ਜਬ ਲਗ ਪਾਕ ਨ ਹੋਵੇਂ ।
ਆਮਲ ਖ਼ਾਕ ਪਵੇ ਮੁਲ ਤੇਰਾ, ਪਰ ਜਬ ਲਗ ਖ਼ਾਕ ਨ ਹੋਵੇਂ ।
ਨਹੀਂ ਬੇਬਾਕ ਕਦੀ ਹਰ ਤਰਫ਼ੋਂ, ਜਦ ਬੇਇਤਫ਼ਾਕ ਨ ਹੋਵੇਂ ।
ਹਾਸ਼ਮ ਕੀ ਮੁਸ਼ਤਾਕ ਇਸ਼ਕ ਦਾ, ਭਲਾ ਜਾਂ ਸਿਰ ਤਾਕ ਨ ਹੋਵੇਂ ।
ਨ ਕਰ ਹੋਰ ਇਲਾਜ ਤਬੀਬਾ !

ਨ ਕਰ ਹੋਰ ਇਲਾਜ ਤਬੀਬਾ ! ਮੈਨੂੰ ਫ਼ਰਕ ਨਹੀਂ ਇਕ ਤਿਲ ਦਾ ।
ਦਾਰੂ ਸੇਕ ਲਗੇ ਜਲ ਜਾਇ, ਜਦ ਭੜਕ ਉਠੇ ਦੁਖ ਦਿਲ ਦਾ ।
ਮਾਏ ! ਮਗਰ ਹਰੌਲ ਇਸ਼ਕ ਦਾ, ਮੈਨੂੰ ਪਲਕੁ ਟਿਕਾਉ ਨ ਮਿਲਦਾ ।
ਹਾਸ਼ਮ ਸ਼ੌਕ ਬਥੇਰਾ ਦਿਲ ਨੂੰ, ਪਰ ਹਰਗਿਜ਼ ਰਿਜ਼ਕ ਨ ਹਿਲਦਾ ।
ਨ ਕੁਝ ਮਿਥੀ ਨ ਮਿਥ ਕੇ ਟੁਰਿਆ

ਨ ਕੁਝ ਮਿਥੀ ਨ ਮਿਥ ਕੇ ਟੁਰਿਆ, ਅਸੀਂ ਟੋਰ ਦਿਤੇ ਟੁਰ ਆਏ ।
ਬੀਤਣ ਜੋਗ ਨ ਮਿਥਕੇ ਬੀਤੇ, ਉਨ ਆਪੇ ਚਾ ਬਹਾਏ ।
ਕੁਛ ਮਾਲੂਮ ਨਹੀਂ ਇਹ ਹਿਕਮਤਿ, ਫਿਰ ਕਿਤ ਵਲ ਤੋੜ ਲਿਜਾਏ ।
ਹਾਸ਼ਮ ਆਪ ਕਰੇ ਸਭ ਕਾਰਾਂ, ਵਿਚ ਹਿਕਮਤ ਅਸੀਂ ਬਣਾਏ ।
ਓਸ ਗਲੀ ਦਿਲਬਰ ਦੀ ਜਾਈਏ

ਓਸ ਗਲੀ ਦਿਲਬਰ ਦੀ ਜਾਈਏ, ਪਰ ਅਸਪ ਜਨੂੰਨੀ ਚੜ੍ਹ ਕੇ ।
ਦੁਖਾਂ ਨਾਲ ਖੜਾਂ ਹਮ ਰਾਹੀ, ਅਤੇ ਨਾਲ ਸੁਖਾਂ ਦੇ ਲੜ ਕੇ ।
ਆਖਣ ਲੋਕ ਦੀਵਾਨਾ ਆਇਆ, ਅਤੇ ਢੋਲ ਵਜਾਵਣ ਰਲ ਕੇ ।
ਹਾਸ਼ਮ ਖ਼ੂਬ ਹੋਏ ਦਿਲ ਰਾਜ਼ੀ, ਭਾਈ ਓਸ ਗਲੀ ਵਿਚ ਵੜ ਕੇ ।
ਪਲ ਪਲ ਸ਼ੌਕ ਜ਼ਿਆਦਾ ਹੋਵੇ

ਪਲ ਪਲ ਸ਼ੌਕ ਜ਼ਿਆਦਾ ਹੋਵੇ, ਦਿਲ ਰਖਦਾ ਪੈਰ ਅਗਾਹਾਂ ।
ਦਿਨ ਦਿਨ ਉਮਰ ਨਿਖੁਟਦੀ ਜਾਵੇ, ਉਹਦੀ ਮੁੜਦੀ ਵਾਗ ਪਿਛਾਹਾਂ ।
ਦੋਵੇਂ ਥੋਕ ਨਹੀਂ ਵਸ ਮੇਰੇ, ਇਹੋ ਬਣੀ ਲਚਾਰ ਅਸਾਹਾਂ ।
ਕੀ ਸਿਰ ਕਾਜ ਹੋਵੇ ਕਹਿ ਹਾਸ਼ਮ, ਜਿਥੇ ਇਕ ਘਰ ਲਾਖ ਸਲਾਹਾਂ ।
ਪਾਂਧੀ ! ਮੰਨ ਸਵਾਲ ਅਸਾਡਾ

ਪਾਂਧੀ ! ਮੰਨ ਸਵਾਲ ਅਸਾਡਾ, ਝੱਬ ਘਿੰਨ ਸੰਨੇਹਾ ਜਾਈਂ ।
ਮੇਹੀਂ ਚਾਰੇ ਤੇ ਚਾਕ ਸਦਾਵੇ, ਵਿਚ ਬੇਲੇ ਬਰਬਰ ਕਾਹੀਂ ।
ਤੱਤੀ ਹੀਰ ਉਡੀਕੇ ਤੈਨੂੰ, ਔਹ ਵਾਲ ਖੁਲ੍ਹੇ ਵਿਚ ਰਾਹੀਂ ।
ਹਾਸ਼ਮ ਆਉ ਨ ਆਉ ਅਸਾਥੇ, ਪਰ ਮਨੋਂ ਵਿਸਾਰੀਂ ਨਾਹੀਂ ।
ਪਾਰਸ ਨਾਲ ਮਿਲੇ ਰੰਗ ਬਦਲੇ

ਪਾਰਸ ਨਾਲ ਮਿਲੇ ਰੰਗ ਬਦਲੇ, ਕਰਨ ਆਸ਼ਕ ਸਾਫ਼ ਨਿਗਾਹੋਂ ।
ਜਿਸ ਜਾ ਸੈਰ ਕਰਨ ਨਿਤ ਆਸ਼ਕ, ਉਹ ਦੂਰ ਮਕਾਨ ਫਨਾਹੋਂ ।
ਦਿਲਬਰ ਲਿਖ ਤਸਵੀਰ ਆਸ਼ਕ ਦੀ, ਹੋਵੇਂ ਮੁਹਕਮ ਕੋਟ ਪਨਾਹੋਂ ।
ਹਾਸ਼ਮ ਪਾਕ ਘਣੇ ਲਖ ਦਫਤਰ, ਕਰਨ ਆਸ਼ਕ ਪਾਕ ਗ਼ੁਨਾਹੋਂ ।
ਫਲਿਆ ਬਾਗ਼ ਲਗੇ ਟੁਰ ਆਵਨ

ਫਲਿਆ ਬਾਗ਼ ਲਗੇ ਟੁਰ ਆਵਨ, ਕਈ ਪੰਛੀ ਲਾਖ ਹਜ਼ਾਰਾਂ ।
ਇਕ ਬੋਲਣ ਇਕ ਖਾਵਣ ਮੇਵੇ, ਇਕ ਬੰਨ੍ਹ ਬੰਨ੍ਹ ਬਹਿਣ ਕਤਾਰਾਂ ।
ਹਾਕਰ ਮਾਰ ਉੜਾ ਨ ਮਾਲੀ ! ਬਣ ਆਸ਼ਕ ਵੇਖ ਦੀਦਾਰਾਂ ।
ਹਾਸ਼ਮ ਬਾਗ਼ ਸੰਭਾਲੀਂ ਅਪਣਾ, ਜਦ ਫਿਰਸਨ ਹੋਰ ਬਹਾਰਾਂ ।
ਪੁਛਿ ਪੁਛਿ ਪਵੇ ਨ ਬਿਪਤਾ ਮੂਲੇ

ਪੁਛਿ ਪੁਛਿ ਪਵੇ ਨ ਬਿਪਤਾ ਮੂਲੇ, ਅਤੇ ਪੁਛਿ ਪੁਛਿ ਹੋਣ ਨ ਰੋਗੀ ।
ਲਿਖਿਆ ਲੇਖ ਕਰੇ ਸਰਗਰਦਾਂ, ਕਿਆ ਜੋਗੀ ਕਿਆ ਭੋਗੀ ।
ਸੋ ਕਿਸ ਤੌਰ ਬਣੇ ਸੁਖਿਆਰਾ, ਜਿਸ ਲੇਖ ਲਿਖਾਇਆ ਸੋਗੀ ।
ਹਾਸ਼ਮ ਲੇਖ ਬਣਾਵੇ ਜੋਗੀ, ਅਤੇ ਲੇਖ ਬਣਾਵੇ ਸੋਗੀ ।
ਰੱਬ ਦਾ ਆਸ਼ਕ ਹੋਣ ਸੁਖਾਲਾ

ਰੱਬ ਦਾ ਆਸ਼ਕ ਹੋਣ ਸੁਖਾਲਾ, ਇਹ ਬਹੁਤ ਸੁਖਾਲੀ ਬਾਜ਼ੀ ।
ਗੋਸ਼ਾ ਪਕੜ ਰਹੇ ਹੋ ਸਾਬਰ, ਫੜ ਤਸਬੀ ਬਣੇ ਨਿਮਾਜ਼ੀ ।
ਸੁਖ ਆਰਾਮ ਜਗਤ ਵਿਚ ਸ਼ੋਭਾ, ਅਤੇ ਦੇਖ ਹੋਵੇ ਜਗ ਰਾਜ਼ੀ ।
ਹਾਸ਼ਮ ਖ਼ਾਕ ਰੁਲਾਵੇ ਗਲੀਆਂ, ਇਹ ਕਾਫ਼ਰ ਇਸ਼ਕ ਮਜ਼ਾਜੀ ।
ਰਹੇ ਬੁਝਾਇ ਨ ਬੁਝੀ ਮੂਲੋਂ

ਰਹੇ ਬੁਝਾਇ ਨ ਬੁਝੀ ਮੂਲੋਂ, ਖ਼ਬਰ ਲੁਕਾਈ ਅੱਖੀਂ ।
ਓੜਕ ਭੜਕ ਉਠੀ ਨਹੀਂ ਰਹੀਆ, ਇਹ ਅੱਗ ਛੁਪਾਈ ਕੱਖੀਂ ।
ਹੁਣ ਭੜਕੇ ਮੁੜ ਦੇਖਾਂ ਬੁਝੇ, ਤਾਂ ਦੋਜ਼ਖ ਪੈਸਨ ਅੱਖੀਂ ।
ਹਾਸ਼ਮ ਹੋਣ ਸ਼ਹੀਦ ਸ਼ਹਾਦਤ, ਜਿਨ੍ਹਾਂ ਜ਼ਹਿਰ ਇਸ਼ਕ ਦੀ ਚੱਖੀ ।
ਰਾਹੀ ! ਯਾਰ ਰਾਂਝਣ ਨੂੰ ਆਖੀਂ

ਰਾਹੀ ! ਯਾਰ ਰਾਂਝਣ ਨੂੰ ਆਖੀਂ, ਕੋਈ ਹਾਲ ਅਸਾਡੇ ਦਰਦੋਂ ।
ਜਿਚਰਗੁ ਜੋਗ ਕਮਾਵੇਂ ਜੇ ਤੂੰ, ਜਾਨ ਤਲੀ ਪਰ ਧਰਦੋਂ ।
ਮਿਰਜ਼ੇ ਯਾਰ ਵਾਂਗੂੰ ਦਿਨ ਇਕਸੇ, ਯਾ ਮਿਲਦੋਂ ਯਾ ਮਰਦੋਂ ।
ਹਾਸ਼ਮ ਸ਼ਾਹ ਅਜ ਜਾਨ ਬਚਾਵੇਂ, ਜਾਂ ਤੂੰ ਨੇਹੁੰ ਨ ਕਰਦੋਂ ।
ਰੱਖੀਂ ਲਾਜ ਨਿਲਾਜ ਨ ਹੋਵੀਂ

ਰੱਖੀਂ ਲਾਜ ਨਿਲਾਜ ਨ ਹੋਵੀਂ, ਇਥੇ ਪੈਰ ਪਿਛਾਂਹ ਨ ਧਰਨਾ ।
ਜ਼ਹਿਰ ਖ਼ੁਰਾਕ ਬਣਾਈ ਆਪੇ, ਅਤੇ ਮਰਨ ਕੋਲੋਂ ਕਿਉਂ ਡਰਨਾ ।
ਚਮਕੀ ਚਿਖਾ ਇਸ਼ਕ ਦੀ ਪਿਆਰੇ, ਇਥੇ ਸਾਬਤ ਹੋ ਜਲਿ ਮਰਨਾ ।
ਹਾਸ਼ਮ ਇਹੋ ਕਮਾਲ ਇਸ਼ਕ ਦਾ, ਜੋ ਸੀਸ ਅਗਾਂਹਾਂ ਧਰਨਾ ।
ਰਾਂਝਾ ਹੀਰ ਨੇ ਰੱਬ ਕਰ ਜਾਤਾ

ਰਾਂਝਾ ਹੀਰ ਨੇ ਰੱਬ ਕਰ ਜਾਤਾ, ਲੋਕ ਦੇਇ ਨਸੀਹਤ ਥੱਕੇ ।
ਆਵਾਜ਼ੁਰਦ ਚਕੇਟੇ ਆਖਣ, ਮੈਨੂੰ ਖੇਸ਼ ਕਬੀਲਾ ਸਕੇ ।
ਕਾਬਾ ਤਖ਼ਤ ਹਜ਼ਾਰਾ ਮਾਏ ! ਲੋਕ ਟੁਰ ਟੁਰ ਜਾਵਣ ਮੱਕੇ ।
ਹਾਸ਼ਮ ਆਖ ਹਟਾਉ ਨ ਸਾਨੂੰ, ਅਗੇ ਮਿਲਣ ਚੁਫੇਰਿਓਂ ਧੱਕੇ ।
ਰਾਂਝਾ ਯਾਰ ਗ਼ਰੀਬ ਹੀਰੇ ਦਾ

ਰਾਂਝਾ ਯਾਰ ਗ਼ਰੀਬ ਹੀਰੇ ਦਾ, ਓਨ ਕੰਨ ਪੜਵਾਏ ਤਾਹੀਂ ।
ਸਾਹਿਬ ਜ਼ੋਰ ਨ ਆਜਿਜ਼ ਹੁੰਦੇ, ਉਹ ਜ਼ੋਰ ਕਰਨ ਸਭ ਥਾਈਂ ।
ਉਹੋ ਇਸ਼ਕ ਕਮਾਯਾ ਮਿਰਜ਼ੇ, ਪਰ ਆਜਿਜ਼ ਨਿਵਿਓ ਨਾਹੀਂ ।
ਹਾਸ਼ਮ ਇਸ਼ਕ ਕੰਗਾਲਾਂ ਵਾਲਾ, ਨਿਤ ਰੋਵਣ ਮਾਰਨ ਆਹੀਂ ।
ਰੋ ਰੋ ਨਾਲ ਫੁਹਾਰ ਨੈਣਾਂ ਦੀ

ਰੋ ਰੋ ਨਾਲ ਫੁਹਾਰ ਨੈਣਾਂ ਦੀ, ਮੈਂ ਨਿਤ ਰੱਖਾਂ ਝੜ ਲਾਈਂ ।
ਜਾਤੋ ਮੂਲ ਨਹੀਂ ਕਿਤ ਪਾਣੀ, ਹੱਥੋਂ ਗ਼ਮ ਦੀ ਵੇਲ ਵਧਾਈ ।
ਆਤਸ਼ ਸੋਜ਼ ਹਿਜਰ ਦੇ ਵਾਲੀ, ਮੈਂ ਚਾਹਾਂ ਚਾ ਬੁਝਾਈ ।
ਹਾਸ਼ਮ ਖ਼ਬਰ ਨਹੀਂ ਫਲ ਕੇਹਾ, ਇਸ ਵੇਲ ਪਵੇ ਰੁਤ ਆਈ ।
ਰਾਵਤ ਫੀਲ ਨਿਸ਼ਾਨਾਂ ਵਾਲੇ

ਰਾਵਤ ਫੀਲ ਨਿਸ਼ਾਨਾਂ ਵਾਲੇ, ਲਖ ਵਸਦੇ ਕੋਈ ਨ ਤੱਕੇ ।
ਚਾਕ ਚੁਗਾਵੇ ਮੱਝੀਂ ਸੋਈ, ਵੇਖ ਜਹਾਨ ਨ ਸੱਕੇ ।
ਮਾਉ ਰੋਜ਼ ਦੇਵੇ ਲੱਖ ਤਾਅਨੇ, ਅਤੇ ਬਾਪ ਦਿਵਾਵੇ ਧੱਕੇ ।
ਰਾਂਝਾ ਮਾਣ ਨਿਮਾਣੀ ਹਾਸ਼ਮ, ਉਹਨੂੰ ਰੱਬ ਸਲਾਮਤ ਰੱਖੇ ।
ਰੋਵਣ ਨੈਣ ਜਿਨ੍ਹਾਂ ਦੇ ਕਾਰਣ

ਰੋਵਣ ਨੈਣ ਜਿਨ੍ਹਾਂ ਦੇ ਕਾਰਣ, ਸੋ ਸਿਕਦਿਆਂ ਮਿਲਣ ਕਦਾਹੀਂ ।
ਜਿਨ੍ਹਾਂ ਨਾਲ ਨ ਮਤਲਬ ਕੋਈ, ਸੋ ਦਿਸਣ ਸੰਝ ਸਬਾਹੀਂ ।
ਤਰਸਣ ਨੈਣ ਨ ਚਲਦੇ ਜ਼ੋਰੇ, ਮੇਰੇ ਦਿਲ ਵਿਚ ਭੜਕਣ ਭਾਹੀਂ ।
ਹਾਸ਼ਮ ਆਖ ਲਚਾਰ ਕੀ ਕਰੀਏ, ਇਹੋ ਵਿਰਦ ਅਸਾਡਾ ਆਹੀਂ ।
ਰੁੱਖਾਂ ਪੌਣ ਪਰਿੰਦਾਂ ਡਿਠੀ

ਰੁੱਖਾਂ ਪੌਣ ਪਰਿੰਦਾਂ ਡਿਠੀ, ਜੋ ਨਾਲ ਯੂਸਫ਼ ਦੇ ਬੀਤੀ ।
ਪਾਸ ਯਕੂਬ ਯੂਸਫ਼ ਦੀ ਬਿਰਥਾ, ਪਰ ਕਿਸੇ ਬੇਦਰਦ ਨ ਕੀਤੀ ।
ਹੋਤ ਬਿਹੋਸ਼ ਸੱਸੀ ਦੇ ਹਾਲੋਂ, ਉਨ ਜ਼ਹਿਰ ਥਲਾਂ ਵਿਚ ਪੀਤੀ ।
ਹਾਸ਼ਮ ਕਿਸ ਕਿਸ ਨਾਲ ਨ ਕੀਤੀ, ਇਸ ਬ੍ਰਿਹੋਂ ਬਿਦਰਦ ਅਨੀਤੀ ।
ਰੁਖ਼ਸਤ ਹੋ ਗੁਲ ਗਏ ਚਮਨ ਥੋਂ

ਰੁਖ਼ਸਤ ਹੋ ਗੁਲ ਗਏ ਚਮਨ ਥੋਂ, ਅਤੇ ਸਿਹਨ ਸੰਭਾਲੇ ਖਾਰਾਂ ।
ਕਊਆ ਨਜ਼ਰ ਨ ਆਵੇ ਕੋਈ, ਜਿਥੇ ਬੁਲਬੁਲ ਸਾਹਨ ਹਜ਼ਾਰਾਂ ।
ਕਰ ਲੈ ਯਾਦ ਸਗੂਫ਼ਾ ਸਬਜ਼ੀ, ਅਤੇ ਉਹ ਖ਼ੁਸ਼-ਰੋਜ਼ ਬਹਾਰਾਂ ।
ਹਾਸ਼ਮ ਸੋਜ਼ ਅੱਖੀਂ ਵਿਚ ਆਵੇ, ਦੇਖੋ ਬਰਸਨ ਅਬਰ ਬਹਾਰਾਂ ।
ਸਾਜਣ ਤੌਕ ਜੰਜ਼ੀਰਾਂ ਬਾਝੋਂ

ਸਾਜਣ ਤੌਕ ਜੰਜ਼ੀਰਾਂ ਬਾਝੋਂ, ਜਿੰਦ ਕਰਦੇ ਕੈਦ ਸਵਾਈ ।
ਜਿਸ ਦੇ ਭਾਗ ਨਸੀਬੋਂ ਜਾਹਨ, ਸੋ ਪੈਂਦਾ ਨੀਂਦ ਪਰਾਈ ।
ਲੱਖ ਲੱਖ ਐਬ ਮਿਲਣ ਵਿਚ ਉਠਦੇ, ਸਿਰ ਤੁਹਮਤ ਵੈਰ ਜੁਦਾਈ ।
ਹਾਸ਼ਮ ਇਸ਼ਕ ਖਰਾਬ ਕਰੇਂਦਾ, ਅਤੇ ਵਸਦੀ ਲਾਖ ਲੁਕਾਈ ।
ਸਾਬਤ ਹੋ ਜਿਸ ਦਰਸ ਇਸ਼ਕ ਦੇ

ਸਾਬਤ ਹੋ ਜਿਸ ਦਰਸ ਇਸ਼ਕ ਦੇ, ਲਿਆ ਹਰਫ਼ ਹਕੀਕਤ ਵਾਲਾ ।
ਹੋ ਬੇਜ਼ਾਰ ਗਿਆ ਸਭ ਇਲਮੋਂ, ਅਤੇ ਤਸਬੀ ਰਹੀ ਨ ਮਾਲਾ ।
ਨ ਉਹ ਸੁਘੜ ਨ ਮੂਰਖ ਹੋਇਆ, ਉਨ ਫੜਿਆ ਪੰਥ ਨਿਰਾਲਾ ।
ਹਾਸ਼ਮ ਜ਼ੁਹਦ ਇਬਾਦਤ ਕੋਲੋਂ, ਉਨ ਮਤਲਬ ਲਿਆ ਸੁਖਾਲਾ ।
ਸਾਹਿਬ ਦਰਦ ਹਮੇਸ਼ਾ ਦਰਦੀ

ਸਾਹਿਬ ਦਰਦ ਹਮੇਸ਼ਾ ਦਰਦੀ, ਜਿਨ੍ਹਾਂ ਦਰਦ ਰਹੇ ਨਿਤ ਮਗਰੇ ।
ਸਾਜਨ ਹੋਣ ਤਬੀਬ ਦੁਖਾਂ ਦੇ, ਜਿਹੜੇ ਰੋਗ ਗਵਾਵਣ ਸਗਰੇ ।
ਪਰ ਇਹ ਨੈਣ ਜਿਵੇਂ ਜਿਉਂ ਦੇਖਣ, ਭੈੜੇ ਤਿਉਂ ਤਿਉਂ ਹੋਣ ਬਿਸਬਰੇ ।
ਹਾਸ਼ਮ ਨੈਣ ਹਮੇਸ਼ ਅਜ਼ਾਰੀ, ਜਿਹੜੇ ਜਾ ਪਏ ਵਿਚ ਕਬਰੇ ।
ਸਾਹਿਬ ਹੁਸਨ ਡਿਠੇ ਸਭ ਖੋਟੇ

ਸਾਹਿਬ ਹੁਸਨ ਡਿਠੇ ਸਭ ਖੋਟੇ, ਅਤੇ ਖੋਟ ਕਮਾਵਣ ਸਾਰਾ ।
ਪਰ ਇਹ ਮੋੜ ਰਹੇ ਨਹੀਂ ਮੁੜਦਾ, ਭੈੜਾ ਮੂਰਖ ਮਨ ਹਤਿਆਰਾ ।
ਹਠ ਤਪ ਦੇਖਦਿਆਂ ਨੱਸ ਜਾਵੇ, ਉਥੇ ਜਤ ਸਤ ਕੌਣ ਬਿਚਾਰਾ ।
ਹਾਸ਼ਮ ਹੁਸਨ ਬਲਾ ਗਜ਼ਬ ਦੀ, ਪਰ ਓੜਕ ਝੂਠ ਪਸਾਰਾ ।
ਸਈਓ ਨੀ ! ਮਗ਼ਰੂਰ ਨ ਹੋਈਓ

ਸਈਓ ਨੀ ! ਮਗ਼ਰੂਰ ਨ ਹੋਈਓ, ਤੁਸਾਂ ਕਿਉਂ ਘਰ ਬਾਰ ਭੁਲਾਏ ।
ਮਾਪੇ ਲਾਡ ਲਡਾਵਣ ਸਾਨੂੰ, ਪਰ ਕਾਰਣ ਦੇਣ ਪਰਾਏ ।
ਈਹੋ ਛੋੜ ਗਈਆਂ ਕੁਲ ਵੇਹੜਾ, ਜਿਨ੍ਹਾਂ ਜਾ ਘਰ ਹੋਰ ਬਣਾਏ ।
ਹਾਸ਼ਮ ਜਾਨ ਢੂੰਡਾਊ ਸਾਡੀ, ਕੋਈ ਅੱਜ ਆਏ ਕੱਲ ਆਏ ।
ਸੰਭਲ ਖੇਤ ਮੀਆਂ ! ਇਸ਼ਕੇ ਦਾ

ਸੰਭਲ ਖੇਤ ਮੀਆਂ ! ਇਸ਼ਕੇ ਦਾ, ਹੁਣ ਨਿਕਲੀ ਤੇਗ਼ ਮਿਆਨੋਂ ।
ਖਾ ਮਰ ਜ਼ਹਿਰ ਪਿਆਰੀ ਕਰਕੇ, ਜੇ ਲਈ ਹਈ ਏਸ ਦੁਕਾਨੋਂ ।
ਸਿਰ ਦੇਵਣ ਦਾ ਸਾਕ ਇਸ਼ਕ ਦਾ, ਹੋਰ ਨਫ਼ਾ ਨ ਅਕਲ ਗਿਆਨੋਂ ।
ਹਾਸ਼ਮ ਬਾਝ ਮੁਇਆਂ ਨਹੀਂ ਬਣਦੀ, ਅਸਾਂ ਡਿੱਠਾ ਵੇਦ ਕੁਰਾਨੋਂ ।
ਸਰਦੀ ਮਾਰ ਰਖੀ ਪਰ ਸੋਹਣੀ

ਸਰਦੀ ਮਾਰ ਰਖੀ ਪਰ ਸੋਹਣੀ, ਬਾਝ ਮੁਇਆਂ ਨਹੀਂ ਸਰਦੀ ।
ਦਰਦੀ ਦਰਦ ਫ਼ਿਰਾਕ ਰੰਞਾਣੀ, ਮੈਂ ਖ਼ਾਕ ਤੁਸਾਡੇ ਦਰ ਦੀ ।
ਜਰਦੀ ਜਾਨ ਜਿਗਰ ਵਿਚ ਪੀੜਾਂ, ਮੈਂ ਵਾਂਙ ਚਿਖਾ ਦੇ ਜਲਦੀ ।
ਭਰਦੀ ਨੈਣ ਤੱਤੀ ਨਿਤ ਹਾਸ਼ਮ, ਮੈਂ ਬਾਝ ਤੁਸਾਂ ਦੁਖ ਭਰਦੀ ।
ਸੱਸੀ ਪਲਕ ਨ ਹੱਸੀ ਦਿਸੀ

ਸੱਸੀ ਪਲਕ ਨ ਹੱਸੀ ਦਿਸੀ, ਜਿਹੜੀ ਕੁੱਠੀ ਤੇਗ਼ ਨਜ਼ਰ ਦੀ ।
ਸੁਣ ਲੋਕਾ ! ਕੋਈ ਮੇਰਾ ਹੋਕਾ, ਮੈਂ ਮੁੱਠੀ ਨੀਂਦ ਫ਼ਜ਼ਰ ਦੀ ।
ਹਾਏ ! ਮੈਂ ਮਰ ਜਾਂਦੀ ਜੰਮਦੀ, ਕਿਉਂ ਸਹਿੰਦੀ ਸੂਲ ਹਿਜਰ ਦੀ ।
ਹਾਸ਼ਮ ਲੇਖ ਸੱਸੀ ਦੇ ਆਹੇ, ਇਹੋ ਕਿਸਮਤ ਕਲਮ ਕਹਿਰ ਦੀ ।
ਸੌ ਆਫ਼ਤ ਲੱਖ ਘੁੰਮਣਵਾਣੀ

ਸੌ ਆਫ਼ਤ ਲੱਖ ਘੁੰਮਣਵਾਣੀ, ਇਸ ਪ੍ਰੇਮ ਨਦੀ ਵਿਚ ਵੜਿਆਂ ।
ਖ਼ਾਸੇ ਯਾਰ ਨ ਉਤਰੇ ਕੋਈ, ਬਿਨ ਸਾਦਕ ਸਿਦਕ ਨ ਤਰਿਆ ।
ਦਿਲਬਰ ਯਾਰ ਵਿਸਾਰੀਂ ਨਾਹੀਂ, ਅਸਾਂ ਦਰਦਮੰਦਾਂ ਦੁਖ ਭਰਿਆਂ ।
ਹਾਸ਼ਮ ਤਾਂਘ ਨ ਜਾਵਗੁ ਤੈਂਡੀ, ਮੇਰੇ ਏਸ ਦਿਲੋਂ ਬਿਨ ਮਰਿਆਂ ।1
ਸੌ ਦੁਖ ਮੇਰੀ ਜਿੰਦ ਨਿਤ ਜਰਦੀ

ਸੌ ਦੁਖ ਮੇਰੀ ਜਿੰਦ ਨਿਤ ਜਰਦੀ, ਜਿਹੜਾ ਪਲਕੁ ਨ ਜਾਵੇ ਜਰਿਆ ।
ਜਾਰੀ ਜ਼ਖਮ ਜਿਗਰ ਦਾ ਹੋਇਆ, ਦੇਖਿ ਖ਼ੂਨ ਅੱਖੀਂ ਵਿਚ ਭਰਿਆ ।
ਮੇਰਾ ਹਾਲ ਪਛਾਣੇ ਮਜਨੂੰ, ਜਿਨ ਸੌ ਦੁਖ ਲੇਲਾਂ (ਦਾ) ਜਰਿਆ ।
ਹਾਸ਼ਮੁ ਯਾਰ ਮਿਲਗੁ ਕਿ ਨਾਹੀ, ਮੇਰਾ ਹਿਜਰ ਵਲੋਂ ਦਿਲ ਡਰਿਆ ।
ਸਾਵਣ ਦੀ ਘਟ ਦੇਖ ਪਪੀਹਾ

ਸਾਵਣ ਦੀ ਘਟ ਦੇਖ ਪਪੀਹਾ, ਉਹ ਰੋਇ ਕਹੇ ਦੁਖ ਬੈਨੋਂ ।
'ਸੁਣ ਤੂੰ ਯਾਰ ! ਪਿਟਣ ਕੁਰਲਾਵਣ, ਇਹ ਭਾ ਪਿਆ ਨਿਤ ਮੈਂ ਨੋਂ ।
ਪਰ ਗਰਜਨ ਬਰਸਨ ਅੱਜ ਵਾਲਾ, ਮੁੜ ਹਾਥ ਨ ਆਵਗੁ ਤੈਂ ਨੋਂ ।
ਹਾਸ਼ਮ ਕਰ ਅਹਿਸਾਨ ਮਿੱਤ੍ਰਾਂ ਸਿਰ, ਅਤੇ ਕਰ ਸਕਣਾ ਫੇਰ ਕੈਂ ਨੋਂ' ।
ਸ਼ੀਰੀਂ ਨਾਮ ਧਰਾਇਆ ਸ਼ੀਰੀਂ

ਸ਼ੀਰੀਂ ਨਾਮ ਧਰਾਇਆ ਸ਼ੀਰੀਂ, ਪਰ ਕੌੜੀ ਜ਼ਹਿਰ ਹਮੇਸ਼ਾ ।
ਦੇਂਦੀ ਜ਼ਹਿਰ ਪਿਆਲਾ ਭਰ ਕੇ, ਨਿਤ ਖ਼ੂਨ ਕਰਨ ਦਾ ਪੇਸ਼ਾ ।
ਇਕ ਘੁੱਟ ਲੈ ਫ਼ਰਹਾਦ ਵਿਚਾਰਾ, ਉਹ ਮਾਰ ਮੋਇਆ ਸਿਰ ਤੇਸਾ ।
ਹਾਸ਼ਮ ਪਿਆਰ ਮਹਿਬੂਬਾਂ ਵਾਲਾ, ਅਤੇ ਗੱਲ ਗੱਲ ਦਾ ਰਗ ਰੇਸਾ ।
ਸਿਦਕ ਮਲਾਹ ਸਮੁੰਦਰ ਤਾਰੇ

ਸਿਦਕ ਮਲਾਹ ਸਮੁੰਦਰ ਤਾਰੇ, ਜਿਥੇ ਪੰਛੀ ਪਾਰ ਨ ਹੋਵੇ ।
ਜਿਸ ਦਾ ਥਾਉਂ ਮਕਾਨ ਨ ਰੱਬ ਦਾ, ਤਿਸ ਜਾ ਹਜ਼ੂਰ ਖਲੋਵੇ ।
ਓੜਕ ਮੁਲ ਪਵੇ ਜੇਹੜਾ ਮੋਤੀ, ਨਿਤ ਮਿਜ਼ਗ਼ਾਂ ਨਾਲ ਪਰੋਵੇ ।
ਹਾਸ਼ਮ ਤਾਂਘ ਹੋਵੇ ਜਿਸ ਦਿਲ ਦੀ, ਓਹੀ ਜਦ ਕਦ ਹਾਸਲ ਹੋਵੇ ।
ਸਿਰ ਸਿਰ ਰਿਜ਼ਕ ਜਿਨ੍ਹਾਂ ਦਾ ਲਿਖਿਆ

ਸਿਰ ਸਿਰ ਰਿਜ਼ਕ ਜਿਨ੍ਹਾਂ ਦਾ ਲਿਖਿਆ, ਸੋਈ ਸਿਰ ਸਿਰ ਉਮਰ ਲਿਖਾਏ ।
ਨਾ ਉਹ ਘਟੇ ਘਟਾਏ ਮੂਲੋਂ, ਨ ਉਹ ਵਧੇ ਵਧਾਏ ।
ਕਰ ਗੁਜ਼ਰਾਨ ਉਤੇ ਵਲ ਜਾਸੀ, ਮੁੜ ਫੇਰ ਉਤੇ ਚਿਤ ਜਾਏ ।
ਕੀ ਸਿਰ ਭਾਰ ਪਿਆ ਮਿਤ੍ਰਾਂ ਦੇ, ਉਨ੍ਹਾਂ ਮਨ ਤੋਂ ਚਾ ਭੁਲਾਏ ।
ਸੋ ਭਲਵਾਨ ਬਹਾਦਰ ਨਾਹੀਂ

ਸੋ ਭਲਵਾਨ ਬਹਾਦਰ ਨਾਹੀਂ, ਜੇਹੜੇ ਢਾਹ ਲੈਣ ਕੁਝ ਮਸਤਾਂ ।
ਸਾਹਿਬ ਜ਼ੋਰ ਹੋਵੇ ਜਗ ਜਾਣੇ, ਜੇਹੜੇ ਦਿਲ ਨੂੰ ਦੇਣ ਸ਼ਿਕਸ਼ਤਾਂ ।
ਮੂਲ ਗਵਾ ਲਿਆ ਮੈਂ ਜੇਹੀਆਂ, ਅਸਾਂ ਸ਼ਹਿਵਤ ਹਿਰਸ-ਪ੍ਰਸਤਾਂ ।
ਸਾਹਿਬ ਮਗਜ਼ ਰਸੀਲੇ ਹਾਸ਼ਮ, ਜਿਹੜੇ ਕਰ ਕਰ ਬਹਿਣ ਨਿਸ਼ਸਤਾਂ ।
ਸੂਲਾਂ ਸੱਲੀ ਤੇ ਦਰਦਾਂ ਮੱਲੀ

ਸੂਲਾਂ ਸੱਲੀ ਤੇ ਦਰਦਾਂ ਮੱਲੀ, ਮੈਂ ਫਿਰਾਂ ਦੀਵਾਨੀ ਝੱਲੀ ।
ਬਿਰਹੋਂ ਲੁੱਟੀ ਤੇ ਸਾਥੋਂ ਟੁੱਟੀ, ਮੈਂ ਕਮਲੀ ਫਿਰਾਂ ਇਕੱਲੀ ।
ਮਜਨੂੰ ਜਾ ਮੋਇਆ ਜਿਸ ਵਿਹੜੇ, ਮੈਂ ਮੌਤ ਵਿਹਾਜਣ ਚੱਲੀ ।
ਹਾਸ਼ਮ ਯਾਰ ਮਿਲੇ ਲੱਖ ਪਾਵਾਂ, ਮੇਰੀ ਮਿਹਨਤ ਪਵੇ ਸਵੱਲੀ ।
ਸੋਜ਼ ਫ਼ਿਰਾਕ ਨਸੀਬ ਅਸਾਡੇ

ਸੋਜ਼ ਫ਼ਿਰਾਕ ਨਸੀਬ ਅਸਾਡੇ, ਅਸੀਂ ਭਾ ਪਇਆ ਦੁਖ ਭਰਸਾਂ ।
ਜੇ ਦਿਨ ਰਾਤ ਰਹਾਂ ਵਿਚ ਜਲ ਦੇ, ਅਤੇ ਵਾਂਗ ਪਪੀਹੇ ਤਰਸਾਂ ।
ਕਰ ਤਕਬੀਰ ਹੋਵੇ ਛੁਟਕਾਰਾ, ਮਤ ਮੌਤ ਹਰਾਮ ਨ ਮਰਸਾਂ ।
ਹਾਸ਼ਮ ਤਲਬ ਰਹੇ ਜਿੰਦ ਜਾਏ, ਤਾਂ ਮੈਂ ਸ਼ੁਕਰ ਹਜ਼ਾਰਾਂ ਕਰਸਾਂ ।
ਸੁੰਦਰ ਸੁਘੜ ਰਸੀਲੇ ਰਸੀਏ

ਸੁੰਦਰ ਸੁਘੜ ਰਸੀਲੇ ਰਸੀਏ, ਕਈ ਕੋਟ ਜਗਤ ਵਿਚ ਆਏ ।
ਲਖ ਹਾਥੀ ਲਖ ਲਸ਼ਕਰ ਘੋੜੇ, ਵਿਚ ਏਸ ਜ਼ਿਮੀਨ ਸਮਾਏ ।
ਪਲ ਛਲ ਖ਼ੁਆਬ ਖ਼ਿਆਲ ਵਸੇਰਾ, ਕੋਈ ਕਾਸ ਪਿਛੇ ਭੁਲ ਜਾਏ ।
ਹਾਸ਼ਮ ਕਿਸ ਜੀਵਨ ਭਰਵਾਸੇ, ਅਸੀਂ ਮਿਤਰਾਂ ਚਾ ਭੁਲਾਏ ।
ਸੁਣ ਜਾਨੀ ! ਤੈਨੂੰ ਲਿਖ ਜਾਨੀ

ਸੁਣ ਜਾਨੀ ! ਤੈਨੂੰ ਲਿਖ ਜਾਨੀ, ਪਰ ਜਾਨ ਨਹੀਂ ਵਲ ਜਾਨੀ ।
ਕਿਸ ਨੂੰ ਹੋਗੁ ਸ਼ਨਾਸ ਅਜੇਹਾ, ਜੇਹੜੀ ਹੋਗੁ ਖ਼ਰਾਬ ਦੀਵਾਨੀ ।
ਤੇਰੇ ਸ਼ੌਕ ਪਿਛੇ ਦਿਲ ਮੇਰੇ, ਸਭ ਜਾਣੀ ਖ਼ਲਕ ਬੇਗਾਨੀ ।
ਹਾਸ਼ਮ ਵਾਰ ਸੁਟੀ ਜਿੰਦ ਮੇਰੀ, ਤੇਰੇ ਇਸ਼ਕ ਉਤੋਂ ਕੁਰਬਾਨੀ ।
ਸੁਣ ਇਸ਼ਕਾ ! ਜੇਹੀ ਤੁਧ ਨੇ ਕੀਤੀ

ਸੁਣ ਇਸ਼ਕਾ ! ਜੇਹੀ ਤੁਧ ਨੇ ਕੀਤੀ, ਤੂੰ ਰੋਜ਼ ਸਤਾਵੇਂ ਮੈਨੂੰ ।
ਇਕ ਵਾਰੀ ਨਿਤ ਆਵੇਂ ਮੇਰੇ, ਮੈਂ ਖ਼ੂਬ ਰੁਲਾਵਾਂ ਤੈਨੂੰ ।
ਤੇਰੇ ਜੇਡ ਬੇਵਫ਼ਾ ਨ ਕੋਈ, ਮੈਂ ਕੂਕ ਸੁਣਾਵਾਂ ਕੈਂ ਨੂੰ ।
ਹਾਸ਼ਮ ਖ਼ੁਆਰ ਕਰੇਂ ਜਗ ਸਾਰੇ, ਤੂੰ ਯਾਰ ਬਣਾਵੇਂ ਜੈਂ ਨੂੰ ।
ਸੁੱਟਾਂ ਵਾਰ ਬਹਿਸ਼ਤਾਂ ਲੋਕਾਂ

ਸੁੱਟਾਂ ਵਾਰ ਬਹਿਸ਼ਤਾਂ ਲੋਕਾਂ, ਜੇ ਰੀਸ ਕਰਨ ਦਿਲਬਰ ਦੀ ।
ਦੋਜ਼ਖ ਕੌਣ ਕਰੇਨ ਬਰਾਬਰ, ਇਸ ਆਤਸ਼ ਸੋਜ਼ ਹਿਜਰ ਦੀ ।
ਦੋਵੇਂ ਥੋਕ ਨਹੀਂ ਵਸ ਮੇਰੇ, ਮੈਂ ਗਰਦ ਤੁਸਾਡੇ ਦਰ ਦੀ ।
ਹਾਸ਼ਮ ਰਾਹ ਅਜੇਹੇ ਪਾਈ, ਮੈਂ ਇਸ਼ਕ ਤੇਰੇ ਦੀ ਬਰਦੀ ।
ਤਾਂ ਜਾਣੇ ਦਿਲ ਹੋਵੇ ਜਾਨੀ

ਤਾਂ ਜਾਣੇ ਦਿਲ ਹੋਵੇ ਜਾਨੀ, ਜਦ ਜਾਨ ਜਾਨੀ ਵਲ ਹਾਰੇ ।
ਹਿਕਮਤਿ ਜਾਣ ਸਿਪਾਹੀ ਵਾਲੀ, ਜੋ ਆਪ ਮਰੇ ਸੋਈ ਮਾਰੇ ।
ਕਿਸ ਨੂੰ ਪਾਰ ਕਰੇ ਮਨਤਾਰੂ, ਜਿਹੜਾ ਆਪ ਤਰੇ ਸੋਈ ਤਾਰੇ ।
ਹਾਸ਼ਮ ਵੈਲ ਕਦੀਮ ਕਮੀਨਾ, ਅਸਾਂ ਜਾਚ ਡਿਠਾ ਦਿਨ ਚਾਰੇ ।
ਤੈਂਡਾ ਇਸ਼ਕ ਕਸਾਈ ਵੜਿਆ

ਤੈਂਡਾ ਇਸ਼ਕ ਕਸਾਈ ਵੜਿਆ, ਜਿਨ ਨਾਲ ਸੂਲਾਂ ਦਿਲ ਭਰਿਆ ।
ਇਕ ਦਿਨ ਬਰਸ ਜੇਹਾ ਹੋ ਬੀਤੇ, ਮੈਂ ਉਮਰ ਵਲੋਂ ਬਹੁ ਡਰਿਆ ।
ਦਿਲਬਰ ਯਾਰ ਡਿਠੇ ਮੁਖ ਤੇਰਾ, ਮੇਰਾ ਤਨ ਮਨ ਥੀਵੇ ਹਰਿਆ ।
ਹਾਸ਼ਮ ਸ਼ਾਹ ਉਡੀਕੇ ਤੇਰਾ, ਕਦੀ ਆ ਮਿਲ ਭਾਗੀਂ ਭਰਿਆ ।
ਤੈਨੂੰ ਹੁਸਨ ਖ਼ਰਾਬ ਕਰੇਂਦਾ

ਤੈਨੂੰ ਹੁਸਨ ਖ਼ਰਾਬ ਕਰੇਂਦਾ ਅਤੇ ਮੈਨੂੰ ਸਮਝ ਸਤਾਇਆ ।
ਜਿਉਂ ਜਿਉਂ ਆਣ ਹੁਸਨ ਦੀ ਸਮਝਾਂ, ਮੈਨੂੰ ਉਠਦਾ ਸੂਲ ਸਵਾਇਆ ।
ਸਭੇ ਦਰਦ ਡਿਠੇ ਸਭ ਦੁਖੀਏ, ਜਿਨ੍ਹਾਂ ਸਮਝ ਸਮਝ ਦੁਖ ਲਾਇਆ ।
ਆਤਸ਼ ਸਮਝ ਜਿਨ੍ਹਾਂ ਵਿਚ ਹਾਸ਼ਮ, ਉਨ੍ਹਾਂ ਆਪਣਾ ਆਪ ਜਲਾਇਆ ।
ਤਨ ਦੀ ਚਿਖਾ ਬਣਾਵੇ ਦੀਪਕ

ਤਨ ਦੀ ਚਿਖਾ ਬਣਾਵੇ ਦੀਪਕ, ਤਾਂ ਆਣ ਜਲਣ ਪਰਵਾਨੇ ।
ਭਾਂਬੜ ਹੋਰ ਹਜ਼ਾਰਾਂ ਦਿਸਦੇ, ਪਰ ਓਸ ਪਤੰਗ ਦੀਵਾਨੇ ।
ਆਪਣਾ ਆਪ ਬਣਾਵੇ ਕੋਲੇ, ਸੋ ਕਰੇ ਕਬਾਬ ਬਿਗ਼ਾਨੇ ।
ਹਾਸ਼ਮ ਰਾਹ ਦਿਲਾਂ ਦੇ ਦਿਲ ਵਿਚ, ਹੋਰ ਜਾਦੂ ਸਿਹਰ ਬਹਾਨੇ ।1
ਤਾਂਹੀ ਰਹੀ ਕੁਚੱਜੀ ਕਮਲੀ

ਤਾਂਹੀ ਰਹੀ ਕੁਚੱਜੀ ਕਮਲੀ, ਮੈਂ ਜਾਇ ਕੁਰਾਹੀਂ ਵੱਤੀ ।
ਕਿਉਂ ਕਰ ਕਹੇ ਨ ਸਾਸ ਅਸਾਨੂੰ, 'ਨਿਜ ਆਵੇਂ ਔਤ ਨਿਖੱਤੀ' ।
ਕੁੜੀਆਂ ਦਾਜ ਬਣਾ ਲਿਓ ਈ, ਮੈਂ ਚਰਖੇ ਤੰਦ ਨ ਘੱਤੀ ।
ਹਾਸ਼ਮ ਕੌਂਤ ਵਸਾਵਣ ਪੈਸੀ, ਮੈਂ ਹੋਵਾਂ ਲਾਖ ਕੁਪੱਤੀ ।
ਤਨ ਪਿੰਜਰ ਦਿਲ ਘਾਇਲ ਕੈਦੀ

ਤਨ ਪਿੰਜਰ ਦਿਲ ਘਾਇਲ ਕੈਦੀ, ਮੈਨੂੰ ਸਾਬਤ ਦੇਖ ਨ ਫਿਰਦੀ ।
ਬੇਪਰਵਾਹੀ ਤੇ ਜ਼ਾਲਮ ਫਾਹੀ, ਮੈਨੂੰ ਰੜਕੇ ਸਾਂਗ ਨਜ਼ਰ ਦੀ ।
ਝਿੜਕਣ ਲੋਕ ਨ ਥੰਮਣ ਮਾਪੇ, ਮੈਂ ਕਮਲੀ ਕਿਸੇ ਨ ਧਿਰ ਦੀ ।
ਸਾਹਿਬ ਦਰਦ ਮਿਲੇ ਕੋਈ ਹਾਸ਼ਮ, ਮੇਰੀ ਸਮਝੇ ਪੀੜ ਹਿਜਰ ਦੀ ।
ਤਨ ਟੁਟਦਾ ਮਨ ਤਪਦਾ ਮਾਏ

ਤਨ ਟੁਟਦਾ ਮਨ ਤਪਦਾ ਮਾਏ ! ਮੈਨੂੰ ਅੱਖੀਂ ਪੀੜ ਵੇਖਣ ਦੀ ।
ਇਕ ਪਲ ਸਹਿਣ ਵਿਛੋੜਾ ਭਾਰੀ, ਕੇਹੀ ਪਈਆ ਬਾਣ ਮਿਲਣ ਦੀ ।
ਏਹੀਉ ਵਿਰਦ ਇਬਾਦਤ ਮੇਰੀ, ਤਰਸਣ ਜਲਣ ਬਲਣ ਦੀ ।
ਹਾਸ਼ਮੁ ਹੋਗੁ ਕਬੂਲ ਤਦਾਹੀਂ, ਜਦ ਫਿਰਗੁ ਦਲੀਲ ਸੱਜਣ ਦੀ ।
ਤਸਬੀ ਬਹੁਤ ਭੁਵਾਵਣ ਕਸਬੀ

ਤਸਬੀ ਬਹੁਤ ਭੁਵਾਵਣ ਕਸਬੀ, ਜਿਨ੍ਹਾਂ ਦਾਮ ਫ਼ਰੇਬ ਵਿਛਾਇਆ ।
ਕਰ ਕਰ ਗਿਆਨ ਸੁਣਾਉਣ ਸਿਆਣੇ, ਨਾ ਇਤ ਬਿਧ ਸ਼ੇਖ ਕਹਾਇਆ ।
ਮਤਲਬ ਜੋ ਇਸ ਰਾਹ ਇਲਾਹੀ, ਉਨ੍ਹਾਂ ਹਰਗਿਜ਼ ਮੂਲ ਨਾ ਪਾਇਆ ।
ਹਾਸ਼ਮ ਸਮਝ ਰਸਾਇਣ ਵਾਲੇ, ਕਦੀ ਆਪਣਾ ਆਪ ਲਖਾਇਆ ।
ਤੂੰ ਹੈਂ ਯਾਰ ਤੂੰ ਹੈਂ ਦੁਖਦਾਈ

ਤੂੰ ਹੈਂ ਯਾਰ ਤੂੰ ਹੈਂ ਦੁਖਦਾਈ, ਅਤੇ ਦਰਦ ਧੁਖੇ ਨਿਤ ਤੇਰਾ ।
ਪਰਸੋਂ ਆਖ ਲਗਾਈਓਈ ਬਰਸੋਂ, ਅਤੇ ਬੈਠ ਰਹਿਓਂ ਘਤ ਡੇਰਾ ।
ਕੌਲ ਕਰਾਰ ਸੰਭਾਲ ਪਿਆਰੇ, ਅਤੇ ਆਉ ਕਦੀ ਘੱਤ ਫੇਰਾ ।
ਹਾਸ਼ਮ ਬਾਝ ਤੁਸਾਂ ਸੁਖ ਨਾਹੀਂ, ਹੋਰ ਵਸਦਾ ਮੁਲਖ ਬਤੇਰਾ ।
ਤੋੜਿ ਜੰਜ਼ੀਰ ਸ਼ਰੀਅਤ ਨਸਦਾ

ਤੋੜਿ ਜੰਜ਼ੀਰ ਸ਼ਰੀਅਤ ਨਸਦਾ, ਜਦ ਰਚਦਾ ਇਸ਼ਕ ਮਜਾਜ਼ੀ ।
ਦਿਲ ਨੂੰ ਚੋਟ ਲਗੀ ਜਿਸ ਦਿਨ ਦੀ, ਅਸਾਂ ਖ਼ੂਬ ਸਿਖੀ ਰਿੰਦਬਾਜ਼ੀ ।
ਭੱਜ ਭੱਜ ਰੂਹ ਵੜੇ ਬੁਤਖ਼ਾਨੇ, ਅਤੇ ਜ਼ਾਹਰ ਜਿਸਮ ਨਿਮਾਜ਼ੀ ।
ਹਾਸ਼ਮ ਖ਼ੂਬ ਪੜ੍ਹਾਇਆ ਦਿਲ ਨੂੰ, ਇਸ ਬੈਠ ਇਸ਼ਕ ਦੇ ਕਾਜ਼ੀ ।
ਟੁੱਟਾ ਮਾਣ ਪਏ ਪਰ-ਮੁਲਕੀਂ

ਟੁੱਟਾ ਮਾਣ ਪਏ ਪਰ-ਮੁਲਕੀਂ, ਰੱਬ ਸੁੱਟੇ ਦੂਰ ਦੁਰਾਡੇ ।
ਕਿਸਮਤ ਖ਼ਿਆਲ ਪਈ ਬਣ ਦੁਸ਼ਮਣ, ਹੁਣ ਕੀ ਵੱਸ ਯਾਰ ਅਸਾਡੇ ।
ਦਿਲਬਰ ਯਾਰ ਵਿਸਾਰੀਂ ਨਾਹੀਂ, ਅਸੀਂ ਜਿਤ ਕਿਤ ਹਾਲ ਤੁਸਾਡੇ ।
ਆਜ਼ਿਜ਼ ਲੋਕ ਨਿਮਾਣੇ ਹਾਸ਼ਮ, ਨਹੀਂ ਸ਼ਿਰਕਤ ਨਾਲ ਖ਼ੁਦਾ ਦੇ ।
ਵਾਰ ਸੁਟਾਂ ਮੈਂ 'ਮੈਂ' ਹੁਣ ਲੋਕਾ

ਵਾਰ ਸੁਟਾਂ ਮੈਂ 'ਮੈਂ' ਹੁਣ ਲੋਕਾ ! ਜਿਨ੍ਹਾਂ ਰਾਂਝਣ ਖੜਿਆ ਬੇਲੇ ।
ਨਦੀਆਂ ਨਾਲੇ ਤੇ ਬਿਸੀਅਰ ਕਾਲੇ, ਅਤੇ ਬੇਲੇ ਸ਼ੇਰ ਬਘੇਲੇ ।
ਅੱਖੀਂ ਯਾਰ ਦਿਸੇ ਘਰ ਆਵੇ, ਭੈੜੀ ਰਾਤ ਪਵਗੁ ਕਿਸ ਵੇਲੇ ।
ਹਾਸ਼ਮ ਮਾਣ ਹਯਾਤੀ ਮੇਰੀ, ਰੱਬ ਚਾਕ ਸਲਾਮਤ ਮੇਲੇ ।
ਵਗ ਵਾਏ ! ਪਰ ਸੁਆਰਥ ਭਰੀਏ

ਵਗ ਵਾਏ ! ਪਰ ਸੁਆਰਥ ਭਰੀਏ, ਤੂੰ ਜਾਈਂ ਤਖਤ ਹਜ਼ਾਰੇ ।
ਆਖੀਂ ਯਾਰ ਰਾਂਝਣ ਨੂੰ ਮਿਲਕੇ, ਅਸੀਂ ਤੂੰ ਕਿਉਂ ਮਨੋ ਵਿਸਾਰੇ ।
ਬੱਸ ਹੁਣ ਨੇਹੁੰ ਕਮਾ ਲਇਓਈ, ਇਹੋ ਚਾ ਆਹਾ ਦਿਨ ਚਾਰੇ ।
ਹਾਸ਼ਮ ਏਸ ਮੁਹੱਬਤ ਬਦਲੇ, ਸਾਨੂੰ ਖੁਆਰ ਕੀਤਾ ਜੱਗ ਸਾਰੇ ।
ਵਗ ਵਾਏ ! ਵੰਞ ਤਖ਼ਤ ਹਜ਼ਾਰੇ

ਵਗ ਵਾਏ ! ਵੰਞ ਤਖ਼ਤ ਹਜ਼ਾਰੇ, ਵਲ ਜਾਈਂ ਬੱਰਾ ਖ਼ੁਦਾਈ ।
ਹੀਰ ਨਿਲਾਜ ਨਿਮਾਣੀ ਵਲ ਦਾ, ਕੋਈ ਦਈਂ ਸੁਨੇਹਾ ਜਾਈ ।
ਦੋ ਦਿਨ ਚਾਰ ਮਹੀਂ ਮੀਆਂ ਰਾਂਝਾ, ਤੁਧ ਕੀਤੀ ਬਹੁਤ ਕਮਾਈ ।
ਹਾਸ਼ਮ ਸਾਰ ਦੁਖਾਂ ਦੀ ਜਾਣੇ, ਜਿਨ੍ਹਾਂ ਦਿਨ ਦਿਨ ਚੋਟ ਸਵਾਈ ।
ਵੇਦ ਕਿਤੇਬ ਪੜ੍ਹਨ ਚਤੁਰਾਈ

ਵੇਦ ਕਿਤੇਬ ਪੜ੍ਹਨ ਚਤੁਰਾਈ, ਅਤੇ ਜਪ ਤਪ ਸਾਧੁ ਬਣਾਵੇ ।
ਭਗਵੇਂ ਭੇਸ ਕਰਨ ਕਿਸ ਕਾਰਣ, ਉਹ ਮੰਦਾ ਖੋਟ ਲੁਕਾਵੇ ।
ਮੂਰਖ ਜਾ ਵੜੇ ਉਸ ਵਿਹੜੇ, ਅਤੇ ਔਖਧ ਜਨਮ ਗਵਾਵੇ ।
ਹਾਸ਼ਮ ਮੁਕਤ ਨਸੀਬ ਜਿਨ੍ਹਾਂ ਦੇ, ਸੋਈ ਦਰਦਮੰਦਾਂ ਵਲ ਆਵੇ ।
ਵਿਛੜੇ ਯਾਰ ਨ ਹੋਸੁ ਅੰਦੇਸ਼ਾ

ਵਿਛੜੇ ਯਾਰ ਨ ਹੋਸੁ ਅੰਦੇਸ਼ਾ, ਭੈੜਾ ਖੋਟਾ ਯਾਰ ਅਨੀਤੀ ।
ਮੂਰਖ ਯਾਰ ਪਿਛੇ ਜਲ ਮਰਨਾ, ਕਿਨ ਆਸ਼ਕ ਇਹ ਗੱਲ ਕੀਤੀ ।
ਜਿਨ ਹਥ ਨਾਲ ਬਿਮੁਨਸਫ ਜੋੜੇ, ਉਨ ਜਦ ਕਦ ਖੇਲ ਨ ਜੀਤੀ ।
ਹਾਸ਼ਮ ਨੇਹੁੰ ਟੁਟੇ ਤਿਸ ਯਾਰੋਂ, ਏਹੋ ਲਾਖ ਵੱਟੀ ਸੁਖ ਬੀਤੀ ।
ਵਾਰਸ ਬਣ ਬੈਠੀ ਜੋ ਆਹੀ

ਵਾਰਸ ਬਣ ਬੈਠੀ ਜੋ ਆਹੀ, ਅਤੇ ਏਸ ਸੁਹਾਵੇ ਘਰ ਦੀ ।
ਓੜਕ ਦੇਸ ਨਿਕਾਲਾ ਮਿਲਿਆ, ਗਈ ਹਾਥ ਮੱਥੇ ਪਰ ਧਰਦੀ ।
ਸੰਭਲ ਸੀਸ ਗੁੰਦਾਵੀਂ ਮੁਈਏ ! ਕੋਈ ਪਰਤੀਤ ਨਹੀਂ ਇਸ ਦਰ ਦੀ ।
ਹਾਸ਼ਮ ਹੋਈ ਸੁਹਾਗਣਿ ਵਿਰਲੀ, ਅਤੇ ਤਾਣ ਰਹੇ ਸਭ ਕਰਦੀ ।
ਯਾ ਕਰ ਹਾਰ ਸ਼ਿੰਗਾਰ ਪਿਆਰੇ

ਯਾ ਕਰ ਹਾਰ ਸ਼ਿੰਗਾਰ ਪਿਆਰੇ, ਸਿਖ ਨਾਜ਼ ਨਿਆਜ਼ ਜ਼ਨਾਨੀਂ ।
ਯਾ ਬਣ ਮਰਦ ਫ਼ਤ੍ਹੇ ਕਰ ਦੁਸ਼ਮਣ, ਘੱਤ ਸਿਰ ਵਿਚ ਖ਼ਾਕ ਮੈਦਾਨੀਂ ।
ਯਾ ਕਰ ਸਬਰ ਫ਼ਕੀਰੀ ਫੜਕੇ, ਛਡ ਹਿਰਸ ਹਵਾਇ ਜਹਾਨੀਂ ।
ਹਾਸ਼ਮ ਕੀ ਖ਼ੁਸ਼ ਹੋਣ ਪਿਆਰੇ, ਭਲਾ ਹਿੰਮਤ ਦੇਖ ਬੇਗ਼ਾਨੀ ।
ਜ਼ਹਿਮਤ ਤਾਪ ਸਰਾਪੋਂ ਬਚਦੇ

ਜ਼ਹਿਮਤ ਤਾਪ ਸਰਾਪੋਂ ਬਚਦੇ, ਅਤੇ ਜ਼ਾਲਮ ਡਾਹ ਮਿਤਰਾਂ ਦੇ ।
ਦਾਰੂ ਬਾਝ ਦੀਦਾਰ ਜਾਨੀ ਦੇ, ਅਸਾਂ ਬਹੁਤ ਡਿਠੇ ਮਰ ਜਾਂਦੇ ।
ਪਲਕੁ ਦੀਦਾਰ ਨ ਹਾਸਲ ਹੋਵੇ, ਤਾਂ ਪਏ ਮੁਰਦੇ ਮਰਿਆਂ ਦੇ ।
ਹਾਸ਼ਮ ਸ਼ਾਹ ਸ਼ਹੀਦ ਨੈਣਾਂ ਦੇ, ਸੋਈ ਹੋਣ ਨਸੀਬ ਜਿਨ੍ਹਾਂ ਦੇ ।
ਜ਼ੁਹਦ ਇਬਾਦਤ ਚਾਹੇ ਦੇਖੇ

ਜ਼ੁਹਦ ਇਬਾਦਤ ਚਾਹੇ ਦੇਖੇ, ਨਹੀਂ ਹਰਗਿਜ਼ ਧਿਆਨ ਨ ਕਰਦਾ ।
ਸ਼ਾਹ ਮਨਸੂਰ ਚੜ੍ਹਾਇਆ ਸੂਲੀ, ਅਤੇ ਯੂਸਫ਼ ਕੀਤੋ ਸੂ ਬਰਦਾ ।
ਕਿਸ ਗੱਲ ਦੇ ਵਿਚ ਰਾਜ਼ੀ ਹੋਵੇ, ਕੋਈ ਭੇਤ ਨਹੀਂ ਇਸ ਦਰ ਦਾ ।
ਹਾਸ਼ਮ ਬੇਪਰਵਾਹੀ ਕੋਲੋਂ, ਮੇਰਾ ਹਰ ਵੇਲੇ ਜੀ ਡਰਦਾ ।