ਸਮੱਗਰੀ 'ਤੇ ਜਾਓ

ਨਵਾਂ ਮਾਸਟਰ/ਹੂਰਾਂ

ਵਿਕੀਸਰੋਤ ਤੋਂ
58732ਨਵਾਂ ਮਾਸਟਰ — ਹੂਰਾਂਪਾਂਧੀ ਸਤਿਨਾਮ ਸਿੰਘ

ਹੂਰਾਂ

੧੯੪੪
ਹੂਰਾਂ

ਨਿਆਣੇ ਉਸ ਨੂੰ ਮਦਾਰੀ ਆਖਦੇ ਸਨ, ਪਰ ਸਿਆਣਿਆਂ ਦੀ ਨਜ਼ਰ ਵਿਚ ਉਹ ਮਹਾਨ ਮਦਾਰੀ ਰੱਬ ਦੇ ਨਿਕੇ ਜਿਹੇ ਸੁਪਨੇ ਦਾ ਇਕ ਪਾਤਰ ਸੀ। ਰਬ ਸੁਤਾ ਪਿਆ ਹੈ।' ਉਹ ਆਖਦੇ ਸਨ, ‘ਇਹ ਬ੍ਰਹਮੰਡ ਉਸ ਦਾ ਸੁਫਨਾ ਹੈ, ਅਤੇ ਉਸ ਦੀ ਦੁਨੀਆਂ ਕੋਈ ਹੋਰ ਹੀ ਹੈ।'

ਉਹਨਾਂ ਨੇ ਮਹਾਨ ਮਦਾਰੀ ਕਦੀ ਨਹੀਂ ਸੀ ਵੇਖਿਆ, ਪਰ ਉਸ ਦਾ ਖੇਲ ਨਿਤ ਵੇਖਦੇ ਸਨ। ਉਹਨਾਂ ਦੀ ਚਾਹ ਜੁਗਾਂ ਤੋਂ ਅਪੂਰਨ ਸੀ। ਪਰ ਉਹ ਇਸ ਮਧਰੇ, ਮਧਰੀ ਪੱਖੀ ਹਾਰ ਸਫੈਦ ਦਾੜ੍ਹੀ ਅਤੇ ਨਿੱਕੀਆਂ ਨਿੱਕੀਆਂ ਗੋਲ ਬਾਜ਼-ਅਖਾਂ ਵਾਲੇ ਮਦਾਰੀ ਨੂੰ ਪ੍ਰਤੱਖ ਵੇਖ ਸਕਦੇ ਸਨ। ਉਸ ਦੀ ਡੰਕ ਨਿਆਣਿਆਂ ਅਤੇ ਸਿਆਣਿਆਂ ਨੂੰ ਘਰਾਂ 'ਚੋਂ ਗਲੀ ਜਾਂ ਬਜ਼ਾਰ ਵਿਚ ਧੂਹ ਲਿਆਉਂਦੀ ਸੀ। ਉਹ ਉਸ ਦੇ ਜਾਦੂ ਦੇ ਡੰਡੇ ਦੀਆਂ ਬਰਕਤਾਂ ਵੇਖ ਕੇ ਪਰਚ ਜਾਂਦੇ ਸਨ, ਅਤੇ ਮਹਾਨ ਮਦਾਰੀ ਨੂੰ ਵਿਸਾਰਨ ਦੀ ਕੋਸ਼ਿਸ਼ ਕਰਦੇ ਸਨ। ਇਹ ਮਦਾਰੀ ਉਹਨਾਂ ਦੀਆਂ ਅੱਖਾਂ ਸਾਹਮਣੇ ਜ਼ਾਹਰਾ ਸੀ, ਅਤੇ ਭਾਵੇਂ ਉਹ ਫਾਨੀ ਇਨਸਾਨ ਹੀ ਸੀ, ਪਰ ਚੰਗਾ ਸੀ; ਕੁਝ ਕੁ ਉਹਨਾਂ ਜਿਹਾ, ਨਾਲੇ ਦਿਸਦਾ ਸੁਣਦਾ ਅਤੇ ਕਹਿੰਦਾ ਜੁ ਸੀ।

ਉਸ ਦੇ ਇਕੋ ਇਕ ਨਿਕੇ ਜਿਹੇ ਪੁਤਰ ਦਾ ਨਾਂ ਤਾਂ ਕੁਝ ਹੋਰ ਹੀ ਸੀ, ਅਤੇ ਸ਼ਾਇਦ ਹੈ ਵੀ ਨਹੀਂ ਹੈ, ਪਰ ਲੋਕਾਂ ਨੂੰ ਪਲ ਭਰ ਲਈ ਖੁਸ਼ ਕਰਕੇ ਉਹਨਾਂ ਪਾਸੋਂ ਪੈਸੇ ਮੰਗਣ ਵਾਸਤੇ ਉਹ ਉਸ ਨੂੰ ਜਮੂਰਾ ਆਖਦਾ ਸੀ। ਸ਼ਾਇਦ ਉਸ ਦਾ ਨਿਕੇ ਹੁੰਦਿਆਂ ਆਪਣਾ ਨਾਂ ਵੀ ਇਹੋ ਹੀ ਸੀ, ਕਿਉਂਕਿ ਉਸ ਦਾ ਬਾਪੂ ਵੀ ਮਦਾਰੀ ਹੀ ਸੀ। ਉਸ ਨੂੰ ਅਤੇ ਉਸ ਦੇ ਵਡੇਰਿਆਂ ਨੂੰ ਇਸ ਨਾਂ ਦੇ ਅਰਥ ਜਾਨਣ ਦੀ ਲੋੜ ਕਦੀ ਨਹੀਂ ਸੀ ਭਾਸੀ, ਪਰ ਉਹ ਜਾਣਦੇ ਸਨ ਇਸ ਨਾਂ ਨਾਲ ਕੁਝ ਪੈਸੇ ਮੰਗੇ ਜਾ ਸਕਦੇ ਸਨ। ਅਤੇ ਪੈਸੇ ਮੰਗਣਾ ਹੀ ਉਹਨਾਂ ਦੀ ਕਾਰ ਸੀ।

ਮਦਾਰੀ ਸ਼ਹਿਰ ਦੀਆਂ ਭੀੜੀਆਂ ਭੀੜੀਆਂ ਗਲੀਆਂ ਵਿਚ ਜਾ ਕੇ ਲੋਕਾਂ ਨੂੰ ਆਪਣੀਆਂ ਮਦਾਰੀਆਂ ਵਿਖਾਉਂਦਾ। ਉਸ ਦੀ ਬੰਸਰੀ ਅਤੇ ਡੁਗਡੁਗੀ ਦੀ ਅਵਾਜ਼ ਸੁਣ ਕੇ ਨਿਆਣੇ ਅਤੇ ਸਿਆਣੇ ਘਰਾਂ ਵਿਚੋਂ ਨਿਕਲ ਉਸ ਵਲ ਦੌੜਦੇ ਜਿਵੇਂ ਮਾਲਕਣ ਦੀ 'ਆਹ, ਆਹ' ਸੁਣ ਕੇ ਦੂਰ ਨੇੜੇ ਚੁਗਦੇ ਕੁੱਕੜ, ਕੁੱਕੜੀਆਂ ਅਤੇ ਚੂਚੇ ਦਾਣੇ ਚੁਗਣ ਵਾਸਤੇ ਉਸ ਵਲ ਦੌੜਦੇ ਹਨ। ਮਦਾਰੀ ਆਪਣੀਆਂ ਮਦਾਰੀਆਂ ਵਿਖਾਉਂਦਾ। ਲੋਕ ਵੇਖਦੇ, ਅਤੇ ਸਭ ਤੋਂ ਪਿਛੋਂ ਜਮੂਰਾ ਹਥ ਜੋੜ ਕੇ ਵੇਖਣ ਵਾਲਿਆਂ ਨੂੰ ਸਲਾਮਾਂ ਕਰਦਾ, ਰਬ ਦਾ ਭੈ ਦੇ ਪੈਸਿਆਂ ਲਈ ਹਥ ਅਡਦਾ। ਕੰਮ ਕਰਨ ਤੋਂ ਮਗਰੋਂ ਵੀ ਆਪਣਾ ਹਕ ਲੈਣ ਵਾਸਤੇ ਉਹ ਰਬ ਦੀ ਗਵਾਹੀ ਜ਼ਰੂਰੀ ਸਮਝਦਾ ਸੀ। ਸ਼ਾਇਦ ਉਸ ਦਾ ਅਤੇ ਉਸਦਿਆਂ ਦਾ ਭਰੋਸਾ ਸੀ ਲੋਕਾਂ ਨੂੰ ਰਬ ਦੇ ਨਾਂ ਤੇ ਦਇਆਵਾਨ ਬਣਾਇਆ ਜਾ ਸਕਦਾ ਸੀ, ਭਾਵੇਂ ਉਹ ਆਪਣੀ ਨਿੱਤ ਵਰਤੋਂ ਵਿਚ ਬੇਲਿਹਾਜ਼, ਖੁਦ ਗਰਜ਼, ਗਰੱਸੂ ਅਤੇ ਲਾਲਚੀ ਹੀ ਸਨ ਅਤੇ ਭਾਈਚਾਰੇ ਵਿਚ ਜੰਮ ਪਲ ਕੇ ਰਹਿੰਦਿਆਂ ਹੋਇਆਂ ਵੀ ਭਾਈ-ਖੋਰ ਹੀ ਸਨ।

ਪੈਸੇ ਦੀ ਮੰਗ ਸੁਣ ਕੇ ਅਧਿਓਂ ਬਹੁਤੇ ਤਮਾਸ਼ਬੀਨ ਤਾਂ ਸਹਿਜੇ ਨਾਲ ਤੁਰ ਜਾਂਦੇ, ਜਿਵੇਂ ਵਕਤ ਦੇ ਬੜੇ ਕਦਰ ਦਾਨ ਹੁੰਦੇ ਹਨ, ਅਤੇ ਇਹੋ ਜਿਹੇ ਵਿਹਲਿਆਂ ਦੇ ਕੰਮਾਂ ਵਿਚ ਦਿਲਚਸਪੀ ਨਹੀਂ ਰਖਦੇ; ਪਰ ਉਹ ਇਸ ਵਾਸਤੇ ਲਗੀ ਭੀੜ ਵਿਚ ਵੜ ਆਏ ਸਨ ਕਿ ਆਮ-ਵਾਕਫ਼ੀ ਵਧਾਉਣੀ ਮਨੁੱਖ ਦਾ ਅਸਲਾ ਗਿਣਦੇ ਸਨ। ਪਰ ਕੁਝ ਥੋੜੇ ਜਿਹੇ ਪੈਸਾ ਪੈਸਾ, ਧੇਲਾ ਧੇਲਾ ਉਸ ਵਲ ਸੁਟ ਦਿੰਦੇ ਅਤੇ ਕਈ ਹਮਾਤੜ ਹਮਦਰਦੀ ਵਜੋਂ ਹੀ ਖੜੋਤੇ ਰਹਿੰਦੇ ਕਿਉਂਕਿ ਅੱਡਿਆਂ ਹਥਾਂ ਵਿਚ ਤਾਂਬੇ ਦਾ ਸਿੱਕਾ ਡਿਗਣ ਤੇ ਜਮੂਰਾ ਆਖਦਾ ਸੀ, 'ਦੇਣ ਵਾਲੇ ਦਾ ਵੀ ਭਲਾ, ਨਾ ਦੇਣ ਵਾਲੇ ਦਾ ਵੀ ਭਲਾ।' ਪਰ ਨਾ ਦੇਣ ਵਾਲਿਆਂ ਦੀਆਂ ਅੱਖਾਂ ਕੁਝ ਕੁਝ ਸ਼ਰਮ ਨਾਲ ਬੰਦ ਹੋ ਜਾਂਦੀਆਂ ਅਤੇ ਧੌਣਾਂ ਸ਼ਰਮ ਨਾਲ ਭਾਰੇ ਹੋਏ ਸਿਰ ਦਾ ਭਾਰ ਨਾ ਸਹਾਰਦੀਆਂ ਹੋਈਆਂ ਅਗਾਂਹ ਨੂੰ ਝੁਕ ਜਾਂਦੀਆਂ। ਉਹ ਤਾਂ ਮੁਫ਼ਤੋ ਮੁਫ਼ਤ ਤਮਾਸ਼ਾ ਵੇਖ ਕੇ ਹੀ ਧੰਨਵਾਦੀ ਸਨ, ਅਤੇ ਮੁਫ਼ਤੋ ਮੁਫ਼ਤ 'ਭਲਾ' ਕਿਵੇਂ ਸਹਾਰ ਸਕਦੇ ਸਨ।

ਕਦੀ ਕਿਸੇ ਗਲੀ ਵਿਚ ਅਤੇ ਕਦੀ ਕਿਸੇ ਬਜ਼ਾਰ ਵਿਚ, ਜਿਥੋਂ ਵੀ ਉਸ ਨੂੰ ਕਾਫੀ ਪੈਸਿਆਂ ਦੀ ਆਸ ਹੁੰਦੀ, ਮਦਾਰੀ ਆਪਣੀ ਸਾਲਾਂ ਬੱਧੀ ਪੁਰਾਣੀ ਤਪੜੀ ਵਿਛਾ ਦਿੰਦਾ। ਤਪੜੀ ਦੇ ਇਕ ਸਿਰੇ ਤੇ ਵੰਝ ਦੀ ਵੰਝਲੀ ਦੇ ਨਾਲ ਇਕ ਡੁਗਡੁਗੀ ਰਖੀ ਹੁੰਦੀ ਸੀ ਅਤੇ ਦੂਸਰੀ ਨੁਕਰੇ ਮੈਲਾ ਅਤੇ ਥਾਂ ਥਾਂ ਟਾਕੀਆਂ ਲਗਿਆਂ ਗੁਣਾਂ ਦਾ ਗੁਥਲਾ, ਜਿਸ ਵਿਚ ਟੁਟੇ ਹੋਏ ਚਾਕੂ, ਤਾਰਾਂ, ਸੂਈਆਂ, ਪਥਰ ਦੇ ਗੋਲ ਗੋਲ ਗੀਟੇ, ਲੋਹੇ ਦੀਆਂ ਗੋਲੀਆਂ, ਲੀਰਾਂ, ਇਕ ਫੁੱਟ ਕੁ ਲੰਮਾ ਟਾਹਲੀ ਦਾ ਗੋਲ ਡੰਡਾ ਜਿਸ ਨੂੰ ਉਹ ਜਾਦੂ ਦਾ ਡੰਡਾ ਆਖਦਾ ਸੀ, ਡਬੇ ਡਬੀਆਂ, ਕਚ ਦੇ ਟੋਟੇ ਅਤੇ ਹੋਰ ਨਿਕੁੜ-ਸੁਕੜ ਹੁੰਦਾ ਸੀ, ਇਹ ਕੁਝ ਉਸ ਦਾ ਸਮਾਨ ਸੀ।

ਉਸ ਦੇ ਤਮਾਸ਼ੇ ਕਾਲੇ ਇਲਮ ਤੋਂ ਲੈ ਕੇ ਹਥ ਦੀ ਸਫਾਈ 'ਚੋਂ ਹੁੰਦੇ ਹੋਏ ਜਮੂਰੇ ਦੇ ਨਾਟਕ ਤਕ ਆ ਅਪੜਦੇ ਸਨ। ਪਰ ਇਹਨਾਂ ਸਾਰੀਆਂ ਮਦਾਰੀਆਂ ਨੂੰ ਸੁਰ ਤਾਲ ਵਿਚ ਵਿਚਰਾਉਣ ਵਾਸਤੇ ਉਸ ਦੀ ਖਬੇ ਹਥ ਵਿਚ ਫੜੀ ਡੁਗਡੁਗੀ ਅਤੇ ਜਾਦੂ ਦਾ ਡੰਡਾ ਆਪਣੀ ਸ਼ਕਤੀ ਲਾਗੂ ਕਰਦੇ ਰਹਿੰਦੇ ਸਨ।

ਇਕ ਦੇ ਦੋ, ਦੋ ਦੇ ਚਾਰ ਅਤੇ ਚਾਰ ਦੇ ਅੱਠ ਰੁਪਏ ਬਣਾਉਣੇ ਤਾਂ ਉਸਦੇ ਖਬੇ ਹਥ ਦਾ ਕਰਤਬ ਸੀ। ਖਬੇ ਹਥ ਦੀ ਤਲੀ ਵਿਚ ਚਾਂਦੀ ਦਾ ਰੁਪਿਆ ਰਖ ਕੇ ਉਹ ਮੁਠ ਮੀਟ ਲੈਂਦਾ, ਦੂਜੇ ਹਥ ਨਾਲ ਜ਼ਮੀਨ ਤੋਂ ਮਿਟੀ ਦੀ ਚੁਟਕੀ ਹੂੰਜਕੇ ਮੁਠ ਵਿਚ ਪਾਕੇ ਉਪਰ ਜਾਦੂ ਦਾ ਡੰਡਾ ਵਾਰਦਾ।..... ਅਤੇ ਰੁਪਿਆ ਇਕ ਤੋਂ ਦੋ ਹੋ ਜਾਂਦਾ। ਇਹ ਕਰਤਬ ਵੇਖ ਕੇ ਕਈ ਸਿਰੜ੍ਹੀ ਬੜਬੜਾਉਂਦੇ, "ਜੇ ਇਦਾਂ ਹੋ ਸਕਦਾ, ਤਾਂ ਇਸ ਨੂੰ ਮੰਗਣ ਦੀ ਕੀ ਲੋੜ ਸੀ।"

ਮਦਾਰੀ ਰੁਪਏ ਬਣਾਉਂਦਾ, ਪਗ ਪਾੜ ਕੇ ਮੁੜ ਸਾਬਤ ਕਰਦਾ, ਸੂਲਾਂ ਦੇ ਗੁਛੇ ਮੂੰਹ 'ਚੋਂ ਕਢਦਾ, ਡਬੀ ਵਿਚੋਂ ਮੁੰਦਰੀ ਅਲੋਪ ਕਰ ਦਿੰਦਾ ਅਤੇ ਮਾਲਕ ਦੀ ਜੇਬ ’ਚੋਂ ਜਾ ਕਢਦਾ। ਪਰ ਉਸਦੇ ਤਮਾਸ਼ੇ ਦਾ ਸਭ ਤੋਂ ਦਿਲ ਖਿਚਵਾਂ ਹਿਸਾ ਸਭ ਤੋਂ ਅਖੀਰ ਸ਼ੁਰੂ ਹੁੰਦਾ। ਇਹ ਇਕ ਤਰ੍ਹਾਂ ਦਾ ਇਕਾਂਗੀ ਹੁੰਦਾ ਸੀ ਜਿਸ ਦਾ ਦੂਜਾ ਪਾਤਰ ਜਮੂਰਾ ਬਣਦਾ।

ਮਦਾਰੀ ਦਾ ਕੰਮ ਉਸ ਨੇ ਆਪਣੇ ਬਾਪੂ ਤੋਂ ਸਿਖਿਆ ਸੀ ਅਤੇ ਉਸਦੇ ਬਾਪੂ ਨੇ ਆਪਣੇ ਬਾਪੂ ਪਾਸੋਂ, ਇਵੇਂ ਹੀ ਉਹ ਇਹ ਕੰਮ ਆਪਣੇ ਪੁਤ ਜਮੂਰੇ ਨੂੰ ਸਿਖਾ ਰਿਹਾ ਸੀ। ਉਹ ਆਖਦਾ, "ਹੱਛਾ ਪੁਤ ਜਮੂਰਿਆ ਤੇਰਾ ਕੀ ਨਾਂ ਏ?"

"ਜਮੂਰਾ!" ਉਹ ਤਿੱਖੀ ਅਵਾਜ਼ ਵਿਚ ਆਖਦਾ।

"ਜਮੂਰਿਆ, ਭੇਡ ਵਡੀ ਕਿ ਲੇਲਾ?' ਉਹ ਪੁਛਦਾ।

'ਲੇਲਾ'। ਉਹ ਜਵਾਬ ਦਿੰਦਾ। ਜਿਵੇਂ ਉਹ ਕੋਈ ਤਜਰਬਾਕਾਰ ਜੀਵ ਗਿਆਨੀ ਹੁੰਦਾ ਹੈ, ਅਤੇ ਬਚੇ ਨੂੰ ਮਨੁਖ ਦਾ ਬਾਪ ਸਿਧ ਕਰ ਸਕਦਾ ਹੈ।

'ਗੁਰੂ ਵਡਾ ਕਿ ਚੇਲਾ?'

'ਚੇਲਾ'।

'ਪਿਉ ਵਡਾ ਕਿ ਪੁੱਤ?"

'ਪੁਤ'।

ਅਤੇ ਇਸ ਸਚਾਈ ਦੀ ਤਸਦੀਕ ਵਾਸਤੇ ਮਦਾਰੀ ਸੁਆਲ ਕਰਦਾ, 'ਤੂੰ ਵੜਾ ਕਿ ਮੈਂ?'

"ਮੈਂ!" ਜਮੂਰਾ ਬੇ ਸੰਕਚ ਉਤਰ ਦਿੰਦਾ। ਅਤੇ ਸਾਰੇ ਤਮਾਸ਼ਬੀਨ ਖਿੜ ਖਿੜਾ ਕੇ ਹੱਸ ਪੈਂਦੇ। ਅਤੇ ਮਦਾਰੀ ਆਪਣੇ ਇਸ ਨਿਕੇ ਜਿਹੇ ਇਕਾਂਗੀ ਦਾ ਅਸਰ ਤਮਾਸ਼ਬੀਨਾਂ ਦੇ ਖਿੜ ਰਹੇ ਚਿਹਰਿਆਂ ਤੋਂ ਮਿਣਨ ਦੀ ਕੋਸ਼ਿਸ਼ ਕਰਦਾ।

'ਨਾ ਪੁਤ ਮੈਂ ਵਡਾ'। ਮਦਾਰੀ ਉਸ ਨੂੰ ਸਮਝਾਉਣ ਦਾ ਯਤਨ ਕਰਦਾ ਹੈ।

'ਨਾ ਪੁਤ ਮੈਂ ਵਡਾ।' ਅਗੋਂ ਜਮੂਰਾ ਤੋਤੇ ਵਾਂਗੂੰ ਜਵਾਬ ਦਿੰਦਾ।

'ਨਾ ਪੁਤ ਮੈਂ ਤੇਰਾ ਪਿਓ।'

'ਨਾ ਪੁੱਤ ਮੈਂ ਤੇਰਾ ਪਿਓ।' ਜਮੂਰਾ, ਸੁੱਕੀ ਹੋਈ ਰੋਟੀ ਦੇ ਟੁਕੜੇ ਨੂੰ ਆਪਣੀਆਂ ਨਿੱਕੀਆਂ ਦੁਧ ਦੀਆਂ ਦੰਦੀਆਂ ਨਾਲ ਤੋੜਦਾ ਹੋਇਆ ਅਭੋਲ ਹੀ ਆਖਦਾ।

'ਉਹ ਕਿੱਦਾਂ?"

'ਇਹ ਉਨੀ ਸੌ ਚੁਤਾਲੀ ਹੈ।' ਜਮੂਰਾ ਕਹਿੰਦਾ, ਅਤੇ ਸਾਰੇ ਲੋਕੀ ਹਸ ਪੈਂਦੇ। ਮਦਾਰੀ ਆਪਣੀ ਸਫਲਤਾ ਤੋਂ ਖੁਸ਼ ਹੋ ਕੇ ਜਮੂਰੇ ਨੂੰ ਪਿਆਰ ਨਾਲ ਤਾਅਨੇ ਜਿਹੇ ਨਾਲ, ਆਪਣੀ ਅਵਾਜ਼ ਵਿਗਾੜ ਕੇ ਅਤੇ ਕੁਝ ਕੁਝ ਮੂੰਹ ਨੂੰ ਚਿਬ ਖੜਿਬਾ ਕਰਕੇ, 'ਸ਼ਾਵਾਸ਼ੇ ਜਣੀ ਦਿਆ ਬੱਚਿਆ, ਕਹਿ ਦਿੰਦਾ।

ਜਣੀ ਦਿਆ ਬਚਿਆ ਉਹ ਆਖਦਾ ਅਤੇ ਉਸਦੇ ਸਾਮ੍ਹਣੇ ਵੀਹਾਂ ਕੁ ਸਾਲਾਂ ਦੀ ਇਕ ਮੁਟਿਆਰ ਆ ਜਾਂਦੀ। ਛੇ ਸਾਲ ਪਹਿਲਾਂ ਦਾ ਬੀਤਿਆ ਹੋਇਆ ਜ਼ਮਾਨਾ ਧੁੰਦਲੀਆਂ ਤਸਵੀਰਾਂ ਬਣ ਕੇ ਉਸ ਦੇ ਬੱਤੀਆਂ ਸਾਲਾਂ ਦੇ ਪੁਰਾਣੇ ਦਿਮਾਗ ਦੀਆਂ ਉਂਗੜ ਦੁਗੜੀਆਂ ਕੰਧਾਂ ਤੇ ਆਉਂਦਾ ਅਤੇ ਪਲ ਦੀ ਪਲ ਵਿਚ ਹੀ ਮਿਟ ਜਾਂਦਾ। ਉਸ ਦੇ ਅਜ ਦੇ ਖ਼ਿਆਲਾਂ ਦਾ ਅਤੇ ਛੇ ਸਾਲ ਪਹਿਲਾਂ ਦੇ ਖ਼ਿਆਲਾਂ ਦਾ ਜ਼ਮੀਨ ਅਸਮਾਨ ਦਾ ਫਰਕ ਸੀ। ਜ਼ਨਾਨੀਆਂ ਨੂੰ ਉਹ ਕੈਰੀਆਂ ਅੱਖਾਂ ਨਾਲ ਵੇਖਣ ਲਗ ਪਿਆ ਸੀ, 'ਔਰਤ ਸ਼ੈਤਾਨ ਦਾ ਰੂਪ ਹੈ', ਉਸ ਦਾ ਵਿਸ਼ਵਾਸ ਬਣ ਚੁਕਾ ਸੀ; ਮੁਕਤੀ ਹਾਸਲ ਕਰਨ ਵਾਸਤੇ ਉਸ ਤੋਂ ਬਚਣ ਦੀ ਲੋੜ ਹੈ।' ਪਰ ਮੁਕਤੀ ਕੀ ਹੈ? ਇਸ ਬਾਰੇ ਉਸ ਕਦੀ ਨਹੀਂ ਸੀ ਸੋਚਿਆ। ਜੇ ਸੋਚਦਾ ਵੀ ਤਾਂ ਮਜ਼੍ਹਬੀ ਗੋਰਖ ਧੰਦੇ ਵਿਚ ਫਸ ਕੇ ਰਹਿ ਜਾਂਦਾ। ਕਿਉਂਕਿ ਆਪਣੇ ਮਜ਼੍ਹਬ ਬਾਰੇ ਉਸ ਨੂੰ ਯਕੀਨ ਨਹੀਂ ਸੀ।

ਉਸ ਦੇ ਵਡੇਰੇ ਸ਼ਇਦ ਕਦੀ ਦੇਵੀਆਂ ਦੀ ਪੂਜਾ ਕਰਦੇ ਸਨ। ਕਿਉਂਕਿ ਉਸ ਨੇ ਆਪਣੀ ਕੁਲ ਦੀਆਂ ਕਥਾਵਾਂ ਸੁਣੀਆਂ ਹੋਈਆਂ ਸਨ। ਇਸ ਬਾਰੇ ਉਸ ਨੂੰ ਕੋਈ ਸ਼ਕ ਨਹੀਂ ਸੀ। ਪਰ ਉਸ ਨੇ ਕਈ ਵਡੇਰੇ ਕਬਰਾਂ ਅਤੇ ਪੀਰਾਂ ਦੇ ਜਾਂਦੇ ਵੀ ਸੁਣੇ ਸਨ। ਅਤੇ ਉਸ ਦਾ ਬਾਪੂ ਉਸ ਨੂੰ ਬਾਬਾ ਆਦਮ ਅਤੇ ਮਾਈ ਹਵਾੱ ਦੀਆਂ ਸਾਖੀਆਂ ਵੀ ਸੁਣਾਇਆ ਕਰਦਾ ਸੀ।

ਉਸ ਨੂੰ ਆਪਣੇ ਮਜ਼੍ਹਬ ਬਾਰੇ ਕੋਈ ਬਝਵਾਂ ਯਕੀਨ ਨਹੀਂ ਸੀ। ਪਰ ਔਰਤ ਸ਼ੈਤਾਨ ਅਤੇ ਮੁਕਤੀ ਇਹ ਤਿੰਨੇ ਨਾਂਵ ਹੀ ਲੈ ਦੇ ਕੇ ਉਸ ਦੇ ਮਨ ਵਿਚ ਬਾਕੀ ਰਹਿ ਗਏ ਸਨ। ਇਕ ਮਰਦ ਔਰਤ ਹੰਡਾਉਣ ਪਿੱਛੋਂ ਸਿਰਫ ਮੁਕਤੀ ਦੀ ਹੀ ਆਸ ਰਖ ਸਕਦਾ ਹੈ। ਅਤੇ ਮੁਕਤੀ ਹਾਸਲ ਕਰਨ ਵਾਸਤੇ ਮਦਾਰੀ ਔਰਤ ਦਾ ਤਿਆਗ ਹੀ ਸਿਧਾ ਰਾਹ ਸਮਝ ਸਕਿਆ ਸੀ। ਉਹ ਔਰਤ ਤੋਂ ਬਚਣ ਦੀ ਕੋਸ਼ਿਸ਼ ਕਰਦਾ ਸੀ।

ਉਹ ਗਰੀਬ ਸੀ। ਗਰੀਬ ਦੌਲਤ ਹਾਸਲ ਨਹੀਂ ਕਰ ਸਕਦੇ, ਪਰ ਮੁਕਤੀ ਤਾਂ ਪਾਪਤ ਕਰ ਸਕਦੇ ਹਨ। ਮੁਕਤੀ ਦੇ ਖਿਆਲ ਨਾਲ ਉਸਦਾ ਗ਼ਮਾਂ ਨਾਲ ਬੁੱਢਾ ਹੋਇਆ ਚਿਹਰਾ ਖਿੜ ਜਾਂਦਾ। ਉਸ ਦੀਆਂ ਅਖਾਂ ਵਿਚ ਇਕ ਚਮਕ ਜਿਹੀ ਆ ਜਾਂਦੀ ਅਤੇ ਉਸ ਨੂੰ ਆਪਣੀ ਰੂਹ ਅਕਾਸ਼ ਵਿਚ ਉਡਦੀ ਜਾਪਦੀ।

ਉਹ ਜ਼ਨਾਨੀ ਜ਼ਾਤ ਤੋਂ ਨਫਰਤ ਕਰਦਾ ਸੀ।

ਅਤੇ ਉਸ ਤੋਂ ਦੂਰ ਰਹਿਣ ਦੀ ਕੋਸ਼ਿਸ਼ ਕਰਦਾ ਸੀ।

ਮਦਾਰੀ ਦੀ ਖ਼ਾਹਸ਼ ਸੀ ਜਮੂਰਾ ਵੀ ਔਰਤ ਦੀ ਦਲਦਲ ਵਿਚ ਨਾ ਖੁਬ੍ਹੇ। ਅਤੇ ਉਹ ਵੀ ਮੁਕਤੀ ਲੈ ਸਕੇ। ਉਹ ਗ਼ਰੀਬ ਸਨ। ਇਸ ਲਈ ਉਹ ਖੁਸ਼ ਸੀ। ਜਿਸ ਰਬ ਨੇ ਅਸਾਂ ਨੂੰ ਮਾਇਆ ਜਾਲ ਵਿਚ ਨਹੀਂ ਸੀ ਫਸਾਇਆ, ਉਹ ਆਪੇ ਔਰਤ ਤੋਂ ਵੀ ਬਚਾਈ ਰਖੇਗਾ, ਉਹ ਆਖਿਆ ਕਰਦਾ ਸੀ, ਅਤੇ ਅਸੀਂ ਮੁਕਤ ਹੋ ਜਾਵਾਂਗੇ। ਉਚਿਆਂ ਉਚਿਆਂ ਮਕਾਨਾਂ ਦੀਆਂ ਬਾਰੀਆਂ ਵਿਚ ਵੇਖ ਕੇ ਉਹ ਇਕ ਫਿਕੀ ਹਾਸੀ ਹਸ ਛਡਦਾ। ਢਿਡ ਦੀ ਅਗ ਨੂੰ ਬਲਦਿਆਂ ਰਖਣ ਵਾਸਤੇ ਰੋਟੀ ਦੀ ਲੋੜ ਹੈ, ਰੋਟੀ ਪੈਸਿਆਂ ਬਾਝ ਨਹੀਂ ਮਿਲਦੀ ਅਤੇ ਪੈਸੇ ਲੋਕਾਂ ਨੂੰ ਖੁਸ਼ ਕੀਤੇ ਬਿਨਾਂ ਹਥ ਨਹੀਂ ਆਉਂਦੇ। ਇਸ ਲਈ ਭਾਵੇਂ ਉਹ ਔਰਤ ਨੂੰ ਚੰਗਾ ਨਹੀਂ ਸੀ ਸਮਝਦਾ, ਫਿਰ ਵੀ ਜਮੂਰੇ ਨੂੰ ਪੁਛਦਾ

'ਜਮੂਰਿਆ ਤੇਰੀਆਂ ਕਿੰਨੀਆਂ ਕੁ ਵਹੁਟੀਆਂ ਨੇ?'

'ਦੋ।'

'ਉਹਨਾਂ ਦੇ ਨਾਂ ਕੀ ਕੀ ਨੇ?'

'ਚਿਣਗੋ, ਮਿਣਗੋ।' ਸਤਾਂ ਸਾਲਾਂ ਦਾ ਜਮੂਰਾ ਜਵਾਬ ਦਿੰਦਾ।

'ਉਹਨਾਂ ਨੂੰ ਕੀ ਖਵਾਉਂਦਾ ਹੁੰਨਾ ਏਂ?'

'ਕਣਕ ਦੀ ਰੋਟੀ।'

'ਆਪ ਕੀ ਖਾਨਾ ਏਂ?'

'ਛਾਣ ਦੀ ਰੋਟੀ।'

'ਉਹਨਾਂ ਨੂੰ ਕਿਥੇ ਸੁਆਉਨਾ ਹੁੰਨਾ ਏਂ?'

'ਪਲੰਘ ਤੇ।' ਜਮੂਰਾ ਆਖਦਾ। ਭਾਵੇਂ ਉਸ ਨੇ ਉਸ ਦੇ ਬਾਪੂ ਨੇ ਅਤੇ ਉਸ ਦੇ ਦਾਦੇ ਨੇ ਹਾਲੀ ਪਰਾਲੀ ਤੇ ਸੌਣਾ ਹੀ ਸਿਖਿਆ ਸੀ।

'ਤੇ ਆਪ?' ਮਦਾਰੀ ਪੁਛਦਾ।

'ਤੂੜੀ ਵਿਚ।' ਹਰ ਵਾਰੀ ਜਮੂਰਾ ਇਵੇਂ ਹੀ ਆਖਦਾ।

'ਕਿਉਂ?'

"ਮੈਂ ਪਛਮੀ ਵਾ ਭਖਦਾ ਹਾਂ।' ਜਮੂਰਾ ਦਸਦਾ, ਕਿਉਂਕਿ ਉਸ ਨੂੰ ਇਹੋ ਹੀ ਸਿਖਾਇਆ ਗਿਆ ਸੀ। ਉਸ ਦੇ ਪਿਓ ਨੇ ਵੀ ਇਹੋ ਹੀ ਸਿਖਿਆ ਸੀ, ਪਰ ਪਿਓ ਅਤੇ ਪੁਤ ਨੂੰ ਇਸ ਦੇ ਅਰਥ ਨਹੀਂ ਸਨ ਆਉਂਦੇ। ਉਹ ਇੰਨਾ ਹੀ ਜਾਣਦੇ ਸਨ ਕਿ ਲੋਕ ਹਸ ਪੈਂਦੇ ਹਨ। ਉਹਨਾਂ ਦੀ ਜ਼ਿੰਦਗੀ ਦਾ ਮਨੋਰਥ ਲੋਕਾਂ ਨੂੰ ਖੁਸ਼ ਕਰਨਾ ਤੋਂ ਮੁਕਤ ਹੋਣਾ ਹੀ ਸੀ । ਪਰ ਉਹ ਆਪ ਖੁਸ਼ੀ ਤੋਂ ਵਾਂਜੇ ਹੋਏ ਸਨ। ਜਮੂਰਾ ਪੰਜ ਪੰਜ ਮੰਜ਼ਲੇ ਮਕਾਨਾਂ ਦੀਆਂ ਚੋਟੀਆਂ ਨੂੰ ਮੂੰਹ ਉਤਾਂਹ ਚੁਕੀ ਵੇਖਦਾ ਤੁਰਿਆ ਜਾ ਰਿਹਾ ਹੁੰਦਾ ਅਤੇ ਠੇਡਾ ਵਜਕੇ ਡਿਗ ਪੈਂਦਾ। ਪਰ ਮਦਾਰੀ ਇਹਨਾਂ ਮਕਾਨਾਂ ਵਲ ਨਹੀਂ ਸੀ ਵੇਖਦਾ। ਉਹ ਵੀ ਜਮੂਰੇ ਵਾਂਗੂ ਠੇਡੇ ਖਾ ਚੁਕਾ ਸੀ। ਉਹ ਆਪਣੇ ਪੈਰਾਂ ਵਲ ਵੇਖਣ ਵਿਚ ਹੀ ਜਵਾਬ ਸਮਝਦਾ ਸੀ। ਉਸਦੇ ਖ਼ਿਆਲਾਂ ਦੀ ਵਿਸ਼ਾਲਤਾ ਉਸ ਦੀਆਂ ਅੱਖਾਂ ਤੋਂ ਲੈ ਕੇ ਉਸ ਦੇ ਪੈਰਾਂ ਦੇ ਅੰਗੂਠਿਆਂ ਦੇ ਨੌਹਾਂ ਤਕ ਹੀ ਸੀ। ਮਦਾਰੀ ਨੇ ਇਕ ਵਾਰੀ ਆਪਣੇ ਬਾਪੂ ਤੋਂ ਪੁਛਿਆ ਸੀ, 'ਅਸੀਂ ਗਰੀਬ ਕਿਉਂ ਹਾਂ?' ਤੇ ਜਵਾਬ ਮਿਲਿਆ ਸੀ, 'ਅਸੀਂ ਗੁਲਾਮ ਹਾਂ।' ਕੀਹਦੇ ਗੁਲਾਮ? ਮਦਾਰੀ ਦਾ ਬਾਪੂ ਇਹ ਨਹੀਂ ਸੀ ਜਾਣਦਾ; ਪਰ ਉਸ ਵੇਲੇ ਉਸ ਦੀਆਂ ਨਿਗਾਹਾਂ ਇਕ ਹਰੇ ਰੰਗ ਦੇ ਬੰਗਲੇ ਵਲ ਉਠੀਆਂ ਸਨ। ਉਸ ਦਾ ਸਰੀਰ ਕੰਬ ਗਿਆ ਸੀ ਤੇ ਮੂੰਹੋਂ ਇਕ ਠੰਡਾ ਸਾਹ ਵੀ ਨਿਕਲਿਆ ਸੀ ਨਾਲ ਹੀ ਹਰੇ ਰੰਗ ਦੇ ਬੰਗਲੇ ਵਿਚੋਂ ਦੋ ਲਾਲ ਸੂਹੇ ਗੋਰੇ ਰੰਗ ਦੇ ਬੱਚੇ, ਨਿਕਰ ਕੋਟਾਂ ਵਿਚ ਵਲ੍ਹੇਟੇ ਹੋਏ ਇਕ ਦੂਜੇ ਦੇ ਪਿਛੇ ਭਜ ਗਏ ਸਨ।

ਜਣੀ ਦਿਆ ਬੱਚਿਆ ਉਹ ਆਖਦਾ ਤੇ ਉਸਦੇ ਸਾਹਮਣੇ ਵੀਹਾਂ ਕੁ ਸਾਲਾਂ ਦੀ ਇਕ ਮੁਟਿਆਰ ਆ ਜਾਂਦੀ।

ਵੀਹਾਂ ਕੁ ਸਾਲਾਂ ਦੀ ਮੁਟਿਆਰ ਸ਼ਾਨੋਂ, ਇਹਨਾਂ ਦੀ ਟਪਰੀ ਦੇ ਇਕ ਵਾਸੀ ਦੀ ਧੀ ਸੀ। ਮਦਾਰੀ ਪੰਝੀ ਸਾਲਾਂ ਦਾ ਸੀ ਤਾਂ ਸ਼ਾਨੋ ਦਾ ਵਿਆਹ ਉਸ ਨਾਲ ਹੋ ਗਿਆ ਸੀ। ਮਦਾਰੀ ਘਟ ਖੁਰਾਕ ਮਿਲਣ ਕਰਕੇ ਸਰੀਰ ਦਾ ਮਾੜਾ ਹੀ ਸੀ ਤੇ ਇਸ ਵਾਸਤੇ ਉਸ ਦੀ ਸ਼ਕਲ ਕੁਝ ਕੋਝੀ ਹੀ ਰਹਿ ਗਈ ਸੀ ਪਰ ਅਜੇ ਸ਼ਾਨੋਂ ਬਰਸਾਤੀ ਮਕਈ ਦੇ ਟਾਂਡੇ ਨਾਲ ਸੂਤ ਕੱਤਦੀ ਛੱਲੀ ਹੀ ਸੀ। ਗਰੀਬ ਵੀ ਸੁਹੱਣਪ ਪਿਆਰਦੇ ਹਨ। ਸ਼ਾਨੋਂ ਸੋਹਣੀ ਸੀ ਮਦਾਰੀ ਉਸ ਨੂੰ ਦਿਲੋਂ ਚਾਹੁੰਦਾ ਸੀ। ਉਸ ਦੀ ਹਰ ਗੱਲ ਮੰਨਦਾ ਸੀ। ਸ਼ਹਿਰੋਂ ਵਾਪਸ ਆਉਂਦਿਆਂ ਹੋਇਆਂ ਉਹ ਸ਼ਾਨੋਂ ਲਈ ਕਦੀ ਰੰਗਲੀ ਦਾਤਣ, ਕਦੀ ਸੁਰਮਾ ਤੇ ਕਦੀ ਪੈਸੇ ਵਾਲੀ ਨੌਹਾਂ ਨੂੰ ਲਾਉਣ ਵਾਲੀ ਲਾਲ ਜਿਹੀ ਸ਼ੀਸ਼ੀ ਖਰੀਦ ਲਿਆਉਂਦਾ। ਉਹ ਸ਼ਾਨੋਂ ਨੂੰ ਹਰ ਤਰ੍ਹਾਂ ਖੁਸ਼ ਰਖਣ ਦੀ ਕੋਸ਼ਸ਼ ਕਰਦਾ। ਛਾਹ ਵੇਲੇ ਤੋਂ ਲੈ ਕੇ ਸੰਧਿਆ ਤਕ ਉਹ ਸ਼ਹਿਰ ਦੀਆਂ ਗਲੀਆਂ ਕੱਛਦਾ ਰਹਿੰਦਾ, ਜ਼ਿਆਦਾ ਤੋਂ ਜ਼ਿਆਦਾ ਪੈਸੇ ਇਕੱਠੇ ਕਰਦਾ ਅਤੇ ਫੇਰ ਸਾਰੇ ਦਿਨ ਦੀ ਕਮਾਈ ਹਸਦਿਆਂ ਹਸਦਿਆਂ ਸ਼ਾਨੋਂ ਦੇ ਹੱਥ ਤੇ ਧਰ ਦਿੰਦਾ।

ਪਿਆਰ ਪੈਸਿਆਂ ਤੋਂ ਨਹੀਂ ਮੁਲ ਵਿਕਦਾ। ਪਿਆਰ ਵਾਸਤੇ ਪਿਆਰ ਦੀ ਲੋੜ ਹੈ। ਪਿਆਰ ਸੁਹਣਪ ਨੂੰ ਵੇਖ ਕੇ ਹੀ ਉਪਜਦਾ ਹੈ, ਸੁਹਣਪ ਪੈਸੇ ਦਾ ਭਾਈ ਬੰਦ ਹੈ।

ਮਦਾਰੀ ਸ਼ਾਨੋਂ ਨੂੰ ਪਿਆਰ ਕਰਦਾ ਸੀ। ਉਹ ਗਰੀਬ ਸੀ। ਖੁਰਾਕ ਪੂਰੀ ਨਹੀਂ ਸੀ ਮਿਲਦੀ, ਉਹ ਕਮਜ਼ੋਰ ਸੀ, ਕੋਝਾ ਸੀ ਪਰ ਠੰਢੇ ਹਵਾ ਦੇ ਇਕੋ ਇਕ ਬੁਲੇ ਨਾਲ ਸਰੂਰ ਵਿਚ ਆ ਜਾਣ ਵਾਲੀ ਸ਼ਾਨੋਂ ਖ਼ੂਬਸੂਰਤੀ ਚਾਹੁੰਦੀ ਸੀ। ਉਸ ਨੂੰ ਮਦਾਰੀ ਦਾ ਵਿੰਗਿਆਂ ਟੇਢਿਆਂ ਵੱਟਾਂ ਵਾਲਾ ਚਿਹਰਾ ਵੇਖ ਕੇ ਡਰ ਲਗਦਾ ਸੀ, ਉਹ ਉਸ ਤੋਂ ਦੂਰ ਭਜ ਜਾਣਾ ਚਾਹੁੰਦੀ ਸੀ, ਉਥੇ ਜਿਥੇ ਮਦਾਰੀ ਵਰਗੇ ਕੋਝੇ ਛੱਡ ਸ਼ੇਰੂ ਵਰਗੇ ਜਵਾਨ ਗੱਜਦੇ ਹੋਣ।

ਸ਼ਾਨੋਂ ਅਜ ਤੋਂ ਛੇ ਸਾਲ ਪਹਿਲਾਂ ਮਦਾਰੀ ਨੂੰ ਛੱਡ ਕੇ ਸ਼ੇਰੂ ਨਾਲ ਤੁਰ ਗਈ ਸੀ। ਜਮੂਰਾ, ਸ਼ਾਨੋਂ ਤੇ ਮਦਾਰੀ ਦਾ ਪੁਤ, ਸੱਤਾਂ ਸਾਲਾਂ ਦਾ ਹੋ ਚੁਕਾ ਸੀ। ਮਦਾਰੀ ਦੇ ਦਿਲ ਤੇ ਕਾਰੀ ਸੱਟ ਵੱਜੀ ਅਤੇ ਉਹ ਔਰਤਾਂ ਨੂੰ ਬੁਰਾ ਜਾਨਣ ਲਗ ਪਿਆ। ਆਪਣੀ ਟੱਪਰੀ ਦੀ ਹਰ ਇਕ ਜ਼ਨਾਨੀ ਨੂੰ ਉਹ ਸ਼ੱਕ ਦੀਆਂ ਨਜ਼ਰਾਂ ਨਾਲ ਵੇਖਦਾ, ਹਰ ਕਿਸੇ ਵਿਚ ਉਸ ਨੂੰ ਸ਼ਾਨੋਂ ਹੀ ਜਾਪਦੀ ਤੇ ਹਰ ਮਰਦ ਵਿਚ ਸ਼ੇਰੂ ਨਜ਼ਰੀਂ ਆਉਂਦਾ। ਮਦਾਰੀ ਆਪਣੇ ਜਮੂਰੇ ਨੂੰ ਵੀ ਮਾਇਆਂ ਤੋਂ ਤੇ ਜ਼ਨਾਨੀਆਂ ਤੋਂ ਦੂਰ ਰਹਿਣਾ ਸਿਖਾਉਂਦਾ। ਜਮੂਰੇ ਨੂੰ ਪੈਸਾ ਫੜਾ ਕੇ ਦੂਰ ਸੁਟ ਦੇਣ ਵਾਸਤੇ ਆਖਦਾ। ਨਿੱਕੀਆਂ ਨਿੱਕੀਆਂ ਕੁੜੀਆਂ ਨਾਲ ਖੇਡਣੋਂ ਵਰਜਦਾ।

ਇਕ ਵਾਰੀ ਜਮੂਰੇ ਨੇ ਪੁਛਿਆ 'ਬਾਪੂ, ਮਾਂ ਕਿਥੇ ਏ?'

'ਕਾਕਾ ਤੇਰੀ ਮਾਂ ਕੋਈ ਨਹੀਂ ਹੈਗੀ' ਮਦਾਰੀ ਨੇ ਉੱਤਰ ਦਿੱਤਾ।

'ਕਿਉਂ? ਮੈਂ ਨਹੀਂ ਊਂ ਤੇਰੇ ਨਾਲ ਬੋਲਣਾ, ਵੇਖ ਖਾਂ ਮੱਟੀ ਦੀ, ਛਨੋਂ ਦੀ, ਭਾਨੇ ਦੀ ਤੇ ਕਰਤਾਰੇ ਦੀ ਮਾਂ ਹੈਗੀ ਏ, ਤੂੰ ਮੈਨੂੰ ਵੀ ਇਕ ਮਾਂ ਲਿਆ ਦੇ ਖਾਂ।'

'ਬੀਬੇ ਕਾਕੇ ਮਾਵਾਂ ਨੂੰ ਨਹੀਂ ਯਾਦ ਕਰਿਆ ਕਰਦੇ ਮਦਾਰੀ ਜਮੂਰੇ ਦੇ ਨਿੱਕੇ ਨਿੱਕੇ ਹੱਥ ਆਪਣੇ ਖਰਵੇ ਹੱਥਾਂ ਵਿਚ ਘੁਟਦਾ ਹੋਇਆ ਬੋਲਿਆ।

'ਹਾਂ ਤੇ ਬਾਪੂ ਤੂੰ ਕਿਉਂ ਧਰਤੀ ਮਾਤਾ, ਧਰਤੀ ਮਾਤਾ ਕਰਦਾ ਰਹਿੰਦਾ ਹੈਂ?' ਜਮੂਰੇ ਨੇ ਲਾਡ ਨਾਲ ਪੁਛਿਆ।

'ਜਾਹ ਜਾ ਕੇ ਖੇਡ ਇਦਾਂ ਦੀਆਂ ਗੱਲਾਂ ਨਹੀਂ ਕਰੀਦੀਆਂ ਮਦਾਰੀ ਨੇ ਗੱਲ ਟਾਲਦਿਆਂ ਹੋਇਆਂ ਕਿਹਾ।

ਇਕ ਵਾਰੀ ਇਕ ਸਾਧੂ ਨੇ ਮਦਾਰੀ ਨੂੰ ਦਸਿਆ ਸੀ ਕਿ 'ਨਿਰਵਾਨ ਹਾਸਲ ਕਰਨੇ ਕਾ ਪਹਿਲਾ ਸਾਧਨ ਔਰਤ ਸੇ ਦੂਰ ਰਹਿਨਾ ਹੈ, ਔਰ ਦੂਸਰਾ ਸਾਧਨ ਮਾਇਆ ਕੇ ਜਾਲ ਸੇ ਬਚਨਾ ਹੈ। ਮੋਹ ਮਾਇਆ ਕੇ ਜਾਲ ਕੇ ਤੋੜਨੇ ਕੇ ਲੀਏ ਮਨੁੱਖ ਕੋ ਵਿਸ਼ਵਾਸ ਦ੍ਰਿੜ ਹੋਣਾ ਚਾਹੀਏ। ਅਪਨੇ ਚੰਚਲ ਮਨ ਕੋ ਦਬਾ ਕਰ ਰਖਣਾ ਚਾਹੀਏ। ਯਿਹ ਮਨ ਬਹੁਤ ਬਿਕਾਰੀ ਹੈ। ਥਾਏ ਥਾਏ ਪਰ ਲਾਲਚ ਮੇਂ ਆ ਕਰ ਫਿਸਲ ਜਾਤਾ ਹੈ। ਅਪਨੀ ਪਸ਼ੂ ਕਾਮਨਾਓਂ ਪਰ ਕਾਬੂ ਪਾ ਲੇਨੇ ਵਾਲਾ ਮਾਨੁੱਖ ਅਮਰ ਹੋ ਜਾਤਾ ਹੈ।'

* * * * *

ਮਦਾਰੀ ਦਿਨੋਂ ਦਿਨ ਬੁੱਢਾ ਹੋ ਰਿਹਾ ਸੀ। ਜਮੂਰਾ ਜਵਾਨੀ ਵਲ ਛੇਤੀ ਛੇਤੀ ਪੈਰ ਪੁਟ ਰਿਹਾ ਸੀ। ਮਦਾਰੀ ਨੇ ਜਮੂਰੇ ਨੂੰ ਦਸਿਆ ਸੀ ਕਿ ਔਰਤ ਤੋਂ ਬਚਣ ਦਾ ਸੌਖਾ ਢੰਗ, ਉਸ ਨੂੰ ਮਾਂ ਭੈਣ ਸਮਝਣਾ ਹੈ। ਔਰਤ ਦੇ ਪੈਰਾਂ ਵਲ ਵੇਖਣਾ ਚਾਹੀਦਾ ਹੈ ਅਤੇ ਕਦੀ ਵੀ ਉਸ ਦੀਆਂ ਅੱਖਾਂ ਵਿਕ ਤੱਕਣਾ ਨਹੀਂ ਚਾਹੀਦਾ।

ਜਮੂਰਾ ਆਪਣੇ ਬਾਪੂ ਦੀ ਸਿਖਿਆ ਤੇ ਅਮਲ ਕਰਦਾ ਰਿਹਾ। ਉਹਨਾਂ ਦੀ ਟਪਰੀ ਵਿਚ ਬੰਤੋ, ਪਾਰੋ, ਜਾਨਾਂ ਅਤੇ ਕਈ ਹੋਰ ਮੁਟਿਆਰਾਂ ਰਹਿੰਦੀਆਂ ਸਨ। ਜਮੂਰਾ ਉਹਨਾਂ ਨੂੰ ਕਿਸੇ ਇਕ ਦੇ ਚਿਹਰੇ ਤੋਂ ਵੀ ਪਛਾਣ ਕੇ ਨਹੀਂ ਸੀ ਦੱਸ ਸਕਦਾ। ਇਸ ਕੰਮ ਵਾਸਤੇ ਉਸ ਨੂੰ ਉਹਨਾ ਦੇ ਪੈਰਾਂ ਦੀ ਬਨਾਵਟ, ਤੋਰ, ਪੈਰਾਂ ਦੀਆਂ ਉਂਗਲਾਂ ਅਤੇ ਨੌਹਾਂ ਤੋਂ ਕੰਮ ਲੈਣਾ ਪੈਂਦਾ ਸੀ।

ਇਕ ਦਿਨ ਉਹ ਸ਼ਹਿਰੋਂ ਆ ਰਿਹਾ ਸੀ ਤੇ ਨਿਤ ਵਾਂਗੂੰ ਮਦਾਰੀ ਆਪਣੇ ਜਵਾਨ ਪੁਤ ਨੂੰ ਸਿਖਿਆ ਦੇ ਰਿਹਾ ਸੀ ਪੁਤ,ਇਹ ਦੁਨੀਆ ਫਾਨੀ ਹੈ। ਇਸ ਦੁਨੀਆ ਤੋਂ ਪਿਛੋਂ ਸਵਰਗ ਆਉਂਦਾ ਹੈ, ਜਿਹੜਾ ਬੰਦਾ ਇਸ ਦੁਨੀਆ ਦੇ ਐਸ਼ ਆਰਾਮ ਛਡ ਕੇ ਰਬ ਦੀ ਬੰਦਗੀ ਕਰਦਾ ਹੈ, ਉਹ ਬੰਦਾ ਹੀ ਸਵਰਗਾਂ ਵਿਚ ਵੜ ਸਕਦਾ ਹੈ ਅਤੇ ਕੋਲ ਇਕ ਸਾਈਂ ਕਹਿੰਦਾ ਸੀ ਕਿ ਜਿਹੜਾ ਇਸ ਜਨਮ ਵਿਚ ਇਸਤ੍ਰੀ ਤਿਆਗ ਕਰੇ, ਉਸ ਨੂੰ ਬਹਿਸ਼ਤਾਂ ਵਿਚ ਹੂਰਾਂ ਮਿਲਦੀਆਂ ਹਨ।'

..... ਹੂਰਾਂ ਮਿਲਦੀਆਂ ਹਨ....... ਜਮੂਰਾ ਸੋਚਾਂ ਵਿਚ ਪੈ ਗਿਆ। ਉਸ ਨੇ ਤਾਂ ਕਿਸੇ ਕੁੜੀ ਦਾ ਮੂੰਹ ਤਕ ਨਹੀਂ ਸੀ ਗਹੁ ਨਾਲ ਤੱਕਿਆ। ਉਹ ਹੂਰਾਂ ਦਾ ਤਸੱਵਰ ਕਿੱਦਾਂ ਕਰ ਸਕਦਾ ਸੀ? 'ਬਾਪੂ! ਜੇਕਰ ਰੱਬ ਦੇ ਬਹਿਸ਼ਤਾਂ ਵਿਚ ਹੂਰਾਂ ਹਨ ਤਾਂ ਦੁਨੀਆ ਤੇ ਔਰਤਾਂ ਦੀ ਕੀ ਲੋੜ ਪਈ ਸੀ?' ਜਮੂਰੇ ਨੇ ਗੰਭੀਰ ਹੋ ਕੇ ਪੁਛਿਆ।

ਮਦਾਰੀ ਕੁਝ ਚਿਰ ਲਈ ਚੁਪ ਹੋ ਗਿਆ। ਉਸ ਨੇ ਜਮੂਰੇ ਦੇ ਸ਼ਾਂਤ ਮੁੰਹ ਵਲ ਵੇਖਿਆ। ਉਸ ਨੇ ਜਮੂਰੇ ਦਾ ਦਿਲ ਪੜ੍ਹਨਾ ਚਾਹਿਆ ਪਰ ਅਸਮਰਥ, ਕਿਉਂਕਿ ਉਹ ਬੁਢਾ ਸੀ ਤੇ ਉਹ ਜਵਾਨ। ਉਹਦਾ ਦਿਲ ਹੋਰ ਤੇ ਉਹਦਾ ਹੋਰ।

'ਕੀ ਹੂਰਾਂ ਔਰਤਾਂ ਦੀ ਕਿਸਮ ਦੀਆਂ ਨਹੀਂ ਹੁੰਦੀਆਂ?" ਜਮੂਰਾ ਫਿਰ ਬੋਲਿਆ।

'ਹਾਂ, ਹੁੰਦੀਆਂ ਹਨ' ਮਦਾਰੀ ਬੋਲਿਆ।

'ਤਾਂ ਜੇਕਰ ਰੱਬ ਬਹਿਬਤਾਂ ਵਿਚ ਆਪ ਹੀ ਸਾਨੂੰ ਔਰਤ ਵਲ ਲਾਵੇਗਾ ਤਾਂ ਅਸੀਂ ਇਹਨਾਂ ਦੁਨੀਆ ਦੀਆਂ ਔਰਤਾਂ ਨੂੰ ਕਿਉਂ ਨਾ ਛੋਹੀਏ। ਆਖਰ ਜੇਕਰ ਇਹ ਬੰਦੇ ਦੀ ਮੁਕਤੀ ਵਿਚ ਰੁਕਾਵਟ ਹਨ ਤਾਂ ਇਹ ਰੱਬ ਨੇ ਪੈਦਾ ਹੀ ਕਿਉਂ ਕੀਤੀਆਂ, ਨਾਲੇ ਬਾਪ ਤੂੰ ਆਪੇ ਕਿਹਾ ਕਰਦਾ ਹੈਂ ਕਿ ਰਬ ਉਹੋ ਕੁਝ ਬਣਾਉਂਦਾ ਤੇ ਕਰਦਾ ਹੈ ਜੋ ਠੀਕ ਹੋਵੇ। ਤਾਂ ਫੇਰ ਇਹ ਔਰਤਾਂ ਬਹਿਸ਼ਤ ਦੇ ਰਾਹ ਵਿਚ ਕਿਵੇਂ ਰੋੜਾ ਹੋਈਆਂ?' ਜਮੂਰੇ ਦੀ ਇਸ ਦਲੀਲ ਦਾ ਜਵਾਬ ਮਦਾਰੀ ਪਾਸ ਕੋਈ ਨਹੀਂ ਸੀ। ਉਸ ਨੇ ਡੁਬ ਰਹੇ ਸੂਰਜ ਵਲ ਇਕ ਸਰਸਰੀ ਨਜ਼ਰ ਨਾਲ ਵੇਖਿਆ ਤੇ ਠੰਢਾ ਸਾਹ ਭਰਿਆ।

'ਬਾਪੂ’, ਜਮੂਰਾ ਬੋਲਿਆ, ਕੱਲ ਦੋ ਬਾਬੂ ਗੱਲਾਂ ਕਰਦੇ ਜਾਂਦੇ ਸਨ ਕਿ ਹੂਰਾਂ ਹਾਰਾਂ ਕੋਈ ਨਹੀਂ ਹੁੰਦੀਆਂ। ਇਹ ਤਾਂ ਬੰਦੇ ਦੀਆਂ ਰੰਗੀਨ ਖ਼ਿਆਲੀਆਂ ਨੇ ਅਤੇ ਉਹਨਾਂ ਇਹ ਵੀ ਕਿਹਾ ਸੀ ਕਿ ਜਿਨ੍ਹਾਂ ਬੰਦਿਆਂ ਨੂੰ ਵਹੁਟੀਆਂ ਨਸੀਬ ਨਹੀਂ ਹੁੰਦਿਆਂ, ਉਹ ਬਹਿਸ਼ਤਾਂ ਵਿਚ ਮਿਲਣ ਵਾਲੀਆਂ ਫ਼ਰਜ਼ੀ ਹੂਰਾਂ ਦੇ ਤਸੱਵਰ ਵਿਚ ਹੀ ਆਪਣੇ ਦਿਲ ਦੀ ਖੁਸ਼ੀ ਪੂਰੀ ਕਰ ਲੈਂਦੇ ਹਨ।'

ਮਦਾਰੀ ਨੂੰ ਇਸ ਗੱਲ ਤੇ ਖਿਝ ਆ ਗਈ ਵਹੁਟੀਆਂ ਨਸੀਬ ਨਹੀਂ ਹੁੰਦੀਆਂ ਉਸ ਨੂੰ ਆਪਣੀ ਸ਼ਾਨੋ ਯਾਦ ਆ ਗਈ। 'ਜਮੂਰਿਆ!' ਮਦਾਰੀ ਬੋਲਿਆ, ਅਗੇ ਤੋਂ ਮੈਂ ਇਕੱਲਾ ਹੀ ਸ਼ਹਿਰ ਜਾਇਆ ਕਰਾਂਗਾ। ਤੂੰ ਦੋ ਪੱਠਾਂ ਮੁਲ ਲੈ ਲੈ ਤੇ ਬਾਹਰ ਚਰਾਂਦ ਵਿਚ ਚਾਰਦਾ ਰਿਹਾ ਕਰ।' ਮਦਾਰੀ ਨੂੰ ਡਰ ਭਾਸਣ ਲਗ ਪਿਆ ਸੀ ਕਿ ਜੇਕਰ ਜਮੂਰਾ ਨਿਤ ਬਾਬੂਆਂ ਦੀਆਂ ਚਟਪਟੀਆਂ ਗੱਲਾਂ ਸੁਣਦਾ ਰਿਹਾ ਤਾਂ ਉਹ ਜ਼ਰੂਰ ਮੁਕਤੀ ਤੋਂ ਵਾਂਝਿਆਂ ਰਹਿ ਜਾਵੇਗਾ, ਇਸ ਲਈ ਉਸ ਨੇ ਜਮੂਰੇ ਨੂੰ ਇਕ ਬੱਕਰੀ ਤੇ ਇਕ ਪੱਠ ਲੈ ਦਿਤੀ।

ਮਦਾਰੀ ਸਵੇਰੇ ਉਠ ਕੇ ਆਪਣਾ ਗੁਣਾਂ ਦਾ ਗੁਥਲਾ ਤੇ ਤਪੜੀ ਲੈ ਕੇ ਸ਼ਹਿਰ ਨੂੰ ਤੁਰ ਜਾਂਦਾ ਅਤੇ ਜਮੂਰਾ ਬਕਰੀ ਤੇ ਪੱਠ ਨੂੰ ਨਹਿਰ ਵਲ ਲੈ ਤੁਰਦਾ। ਬੱਕਰੀ ਤੇ ਪਠ ਖਤਾਨਾਂ ਵਿਚੋਂ ਹਰਾ ਹਰਾ ਘਾਹ, ਮਲ੍ਹੇ ਚੁਗਦੀਆਂ ਰਹਿੰਦੀਆਂ ਅਤੇ ਜਮੂਰਾ ਕਦੀ ਨਹਿਰ ਵਿਚ ਤਰਨ ਲੱਗ ਪੈਂਦਾ, ਕਦੇ ਕਿਸੇ ਟਾਹਲੀ ਦੀ ਛਾਵੇਂ ਦੁਪਹਿਰ ਗੁਜ਼ਾਰ ਦਿੰਦਾ। ਬੱਕਰੀ ਕੁਝ ਬੁਢੀ ਹੋ ਚੁਕੀ ਸੀ ਅਤੇ ਪਠ ਹਾਲਾਂ ਦੋ ਸਾਲਾਂ ਦੀ ਹੀ ਸੀ। ਜਦੋਂ ਜਮੂਰਾ ਨਹਿਰ ਵਿਚ ਨ੍ਹਾ ਨ੍ਹਾ ਕੇ ਤੇ ਟਾਹਲੀ ਦੀ ਛਾਵੇਂ ਸੌਂ ਸੌ ਕੇ ਥੱਕ ਜਾਂਦਾ ਤਾਂ ਉਹ ਬੇਰੀਆਂ ਨਾਲੋਂ ਹਰੇ ਹਰੇ, ਲਵੇ ਲਵੇ, ਕੂਲੇ ਕੂਲੇ ਪਤੇ ਧਰੂ ਲਿਆਉਂਦਾ ਅਤੇ ਪੱਠ ਨੂੰ ਕੋਲ ਸੱਦ ਕੇ ਖਵਾਉਣ ਲਗ ਜਾਂਦਾ। ਉਸ ਨੂੰ ਪਠ ਦੀ ਕੂਲੀ ਕੂਲੀ ਥੋਥਨੀ ਤੇ ਹਥ ਫੇਰਨ ਵਿਚ ਸਵਾਦ ਜਿਹਾ ਆਉਂਦਾ ਸੀ। ਉਹ ਪੱਠ ਦੇ ਮੁਲੈਮ ਪਿੰਡੇ ਤੇ ਪਿਆਰ ਨਾਲ ਹਥ ਫੇਰਦਾ ਰਹਿੰਦਾ। ਕਦੀ ਕਦਾਈਂ ਜੇਕਰ ਬੁਢੀ ਬਕਰੀ ਪੱਠ ਅਗੇ ਪਏ ਹੋਏ ਕੂਲੇ ਕੂਲੇ ਪਤੇ ਖਾਣ ਆਉਂਦੀ ਤਾਂ ਜਮੂਰਾ ਉਸ ਨੂੰ ਆਪਣੀ ਪਤਲੀ ਜਿਹੀ ਟਾਹਲੀ ਦੀ ਛਮਕ ਨਾਲ ਡਰਾ ਕੇ ਦੂਰ ਕਰ ਦਿੰਦਾ। ਉਸ ਨੂੰ ਬੁਢੀ ਮਰੀਅਲ ਜੇਹੀ ਬਕਰੀ ਚੰਗੀ ਨਹੀਂ ਸੀ ਲਗਦੀ, ਪੱਠ ਦਾ ਨਵਾਂ ਨਵਾਂ ਲਿਸ਼ਕਵਾਂ ਪਿੰਡਾ ਬੁਢੀ ਬਕਰੀ ਦੇ ਮੁਕਾਬਲੇ ਤੇ ਕਿਤੇ ਸੋਹਣਾ ਸੀ।

ਜਮੂਰੇ ਵਲ ਵੇਖ ਕੇ ਉਨ੍ਹਾਂ ਦੀ ਟਪਰੀ ਵਿਚੋਂ ਸੰਤੂ ਨੇ ਵੀ ਦੋ ਬਕਰੀਆਂ ਲੈ ਆਂਦੀਆਂ। ਜਮੂਰਾ ਤੇ ਸੰਤੂ ਦੋਵੇਂ ਜਣੇ ਨਹਿਰ ਦੇ ਕੰਢੇ ਤੇ ਬਕਰੀਆਂ ਚਾਰਦੇ ਰਹਿੰਦੇ ਅਤੇ ਹਸ ਖੇਡ ਕੇ ਦਿਨ ਬਿਤਾ ਦਿੰਦੇ। ਇਕ ਦਿਨ ਜਮੂਰਾ ਸੰਤੂ ਨਾਲੋਂ ਪਹਿਲਾਂ ਨਹਿਰ ਤੇ ਆ ਗਿਆ। ਪਲ ਕੁ ਮਗਰੋਂ ਸੰਤੂ ਦੀਆਂ ਬਕਰੀਆਂ ਉਸ ਦੀ ਵਡੀ ਭੈਣ ਪਾਰੋ ਹਿਕੀ ਲਈ ਆ ਰਹੀ ਸੀ। ਜਮੂਰਾ ਦੂਰੋਂ ਹੀ ਉਸ ਵਲ ਬੜੇ ਗਹੁ ਨਾਲ ਵੇਖਣ ਲਗ ਪਿਆ। ਘੜੀ ਕੁ ਮਗਰੋਂ ਉਸ ਨੂੰ ਆਪਣੇ ਬਾਪੂ ਦੀ ਨਸੀਹਤਔਰਤ ਦੇ ਪੈਰਾਂ ਵਲ ਵੇਖਣਾ ਚਾਹੀਦਾ ਹੈ ਯਾਦ ਆ ਗਈ। ਉਸ ਨੇ ਮੂੰਹ ਦੂਜੇ ਪਾਸੇ ਕਰ ਲਿਆ।

'ਜਮੂਰਿਆ!' ਪਾਰੋ ਨੇ ਜਮੂਰੇ ਕੋਲ ਪੁਜ ਕੇ ਆਖਿਆ।

'ਹਾਂ' ਉਹ ਉਸ ਦੇ ਪੈਰਾਂ ਵਲ ਵੇਖ ਰਿਹਾ ਸੀ।

'ਐਧਰ ਤਕ' ਪਾਰੋ ਬੋਲੀ।

ਜਮੂਰੇ ਨੇ ਨਜ਼ਰਾਂ ਤਾਂਹ ਚੁਕੀਆਂ ਅਤੇ ਉਸ ਨੇ ਪਾਰੋ ਦੀਆਂ ਮੋਟੀਆਂ ਮੋਟੀਆਂ ਅੱਖਾਂ ਵਿਚ ਵੇਖਿਆ। ਜਮੂਰੇ ਨੂੰ ਇਕ ਝੁਣਝੁਣੀ ਜਿਹੀ ਆ ਗਈ। ਉਸ ਦਾ ਸਿਰ ਭੌਂ ਗਿਆ। ਉਸ ਦੇ ਕੰਨਾਂ ਵਿਚ ਆਪਣੇ ਬਾਪੂ ਦੇ ਲਫਜ਼ ਗੂੰਜਣ ਲੱਗ ਪਏ ਔਰਤ ਤੋਂ ਬਚਣ ਲਈ ਉਸਦੇ ਪੈਰਾਂ ਵਲ ਹੀ ਵੇਖਣਾ ਚਾਹੀਦਾ ਹੈ ਉਹ ਫੇਰ ਪਾਰੋ ਦੇ ਪੈਰਾਂ ਵਲ ਵੇਖਣ ਲੱਗ ਪਿਆ।

'ਮੇਰੀਆਂ ਬਕਰੀਆਂ ਵੀ ਅਜ ਤੂੰ ਹੀ ਚਾਰ ਦੇ' ਪਾਰੋ ਬੋਲੀ, 'ਸੰਤੂ ਨੂੰ ਅਜ ਸ਼ਹਿਰ ਜਾਣਾ ਪੈ ਗਿਆ ਹੈ ਅਤੇ ਮੁੜਦੀ ਬਾਕੀ ਇਹਨਾਂ ਨੂੰ ਸਾਡੇ ਵਾੜੇ ਡੱਕ ਜਾਈਂ।'

ਜਮੂਰੇ ਨੇ 'ਹੱਛਾ' ਕਿਹਾ ਤੇ ਪਾਰੋ ਵਾਪਸ ਘਰ ਮੁੜ ਗਈ। ਜਮੂਰਾ ਉਸ ਵਾਪਸ ਜਾ ਰਹੀ ਨੂੰ ਬੜੇ ਧਿਆਨ ਨਾਲ ਵੇਖਦਾ ਰਿਹਾ। ਉਸ ਦੇ ਦਿਮਾਗ਼ ਵਿਚ ਪਾਰੋ ਦੀਆਂ ਅੱਖਾਂ ਦੀ ਅਮਿੱਟ ਤਸਵੀਰ ਬਣ ਚੁਕੀ ਸੀ। ਬੰਦੇ ਨੇ ਤਾਂ ਔਰਤ ਤੋਂ ਦੂਰ ਰਹਿਕੇ ਮੁਕਤੀ ਲੈ ਲਈ ਪਰ ਔਰਤ ਕਿੱਦਾਂ ਮੁਕਤੀ ਪਾ ਸਕਦੀ ਹੈ? ਉਹ ਸੋਚ ਰਿਹਾ ਸੀ 'ਕੀ ਮੁਕਤੀ ਸਿਰਫ ਬੰਦਿਆਂ ਲਈ ਹੀ ਬਣੀ ਹੈ ਅਤੇ ਬੁਢੀਆਂ ਲਈ ਨਹੀਂ?' ਉਸਨੂੰ ਇਸ ਸਵਾਲ ਦਾ ਹਲ ਨਹੀਂ ਸੀ ਮਿਲ ਰਿਹਾ। ਸਾਰੀ ਦਿਹਾੜੀ ਉਹ ਪਾਰੋ ਦੇ ਪੈਰਾਂ ਦੀ ਥਾਂ ਉਸ ਦੀਆਂ ਅੱਖਾਂ ਦੀ ਤਸਵੀਰ ਆਪਣੇ ਦਿਮਾਗ਼ ਵਿਚ ਬਣਾਉਂਦਾ ਰਿਹਾ। ਹੁਣ ਉਹ ਪਾਰੋ ਨੂੰ ਉਸ ਦੀਆਂ ਅੱਖਾਂ ਵੇਖ ਕੇ ਵੀ ਪਛਾਣ ਸਕਦਾ ਸੀ।

ਸ਼ਾਮ ਨੂੰ ਉਹ ਵਾਪਸ ਟੱਪਰੀ ਵਲ ਆਇਆ ਅਤੇ ਸੰਤੂ ਦੀਆਂ ਬਕਰੀਆਂ ਉਸ ਦੇ ਵਾੜੇ ਵਿਚ ਦੇ ਕੇ ਆਪਣੀ ਝੁਗੀ ਵਲ ਤੁਰ ਗਿਆ। ਅਗੇ ਉਸ ਦਾ ਬਾਪੂ ਵੀ ਬੈਠਾ ਸੀ। ਉਸ ਨੇ ਪੁਛਿਆ।

'ਇਕੱਲੇ ਦਾ ਦਿਲ ਤਾਂ ਨਹੀਂ ਓਦਰ ਜਾਂਦਾ?'

'ਨਹੀਂ, ਹੁਣ ਨਾਲ ਸੰਤੂ ਜੁ ਹੁੰਦਾ ਏ' ਜਮੂਰੇ ਨੇ ਕਿਹਾ, 'ਪਰ...।'

'ਪਰ ਕੀ?' ਮਦਾਰੀ ਨੇ ਕਿਹਾ।

ਉਹ ਅਜ ਨਹੀਂ ਸੀ ਆਇਆ। ਪਾਰੋ ਉਹਦੀਆਂ ਬਕਰੀਆਂ ਨਾਲ ਜਾ ਕੇ ਰਲਾ ਆਈ ਸੀ।

'ਪਾਰੋ!' ਮਦਾਰੀ ਨੇ ਹੈਰਾਨ ਹੋ ਕੇ ਪੁਛਿਆ, ਉਹ ਕਿੰਨਾ ਕੁ ਚਿਰ ਤੇਰੇ ਕੋਲ ਖਲੋਤੀ ਸੀ। ਮਦਾਰੀ ਸ਼ੱਕ ਦੀਆਂ ਨਜ਼ਰਾਂ ਨਾਲ ਉਸ ਵਲ ਵੇਖ ਰਿਹਾ ਸੀ।

'ਪਲ ਦੀ ਪਲ, ਤੇ ਫੇਰ ਉਹ ਮੁੜ ਆਈ ਸੀ।'

ਬੁਢਾ ਮਦਾਰੀ ਸੋਚਾਂ ਵਿਚ ਵਹਿ ਗਿਆ। ਉਸ ਨੂੰ ਉਸ ਦੀਆਂ ਸਭ ਕੋਸ਼ਿਸ਼ਾਂ ਨਿਸਫਲ ਜਾਪਣ ਲੱਗ ਪਈਆਂ।

'ਸੰਤੂ ਭਲਕੇ ਆਵੇਗਾ' ਜਮੂਰਾ ਬੋਲਿਆ।

ਮਦਾਰੀ ਦੇ ਦਿਲ ਨੂੰ ਢਾਰਸ ਹੋਈ। ਉਸ ਨੇ ਰੱਬ ਦਾ ਸ਼ੁਕਰ ਕੀਤਾ ਕਿ ਪਾਰੋ ਉਥੇ ਜਮੂਰੇ ਪਾਸ ਬਹੁਤਾ ਚਿਰ ਨਹੀਂ ਸੀ ਠਹਿਰੀ।

ਦੂਜੇ ਦਿਨ ਫੇਰ ਪਾਰੋ ਬਕਰੀਆਂ ਲੈ ਕੇ ਆਈ। ਅਜ ਉਹ ਕੱਲ ਵਾਂਗੂੰ ਵਾਪਸ ਨਾ ਗਈ ਸਗੋਂ ਜਮੂਰੇ ਦੇ ਨਾਲ ਹੀ ਬਕਰੀਆਂ ਚਾਰਨ ਲੱਗ ਪਈ। ਪਾਰੋ ਜਮੂਰੇ ਨਾਲ ਗੱਲਾਂ ਕਰਨੀਆਂ ਚਾਹੁੰਦੀ ਸੀ ਪਰ ਜਮੂਰਾ ਉਸ ਤੋਂ ਦੂਰ ਦੂਰ ਭੱਜਦਾ ਸੀ, ਅਖ਼ੀਰ ਦੋਵੇਂ ਜਣੇ ਇਕ ਟਾਹਲੀ ਥਲੇ ਬੈਠ ਗਏ। ਪਾਰੋ ਦਾ ਮੂੰਹ ਟੱਪਰੀ ਵਲ ਸੀ। ਜਮੂਰੇ ਨੇ ਆਪਣਾ ਮੂੰਹ ਨਹਿਰ ਵਲ ਕਰ ਲਿਆ। ਇਕ ਬਕਰੀ ਚਰਦੀ ਚਰਦੀ ਦੂਰ ਨਿਕਲ ਗਈ ਸੀ। ਪਾਰੋ ਭੱਜੀ ਭੱਜੀ ਗਈ ਅਤੇ ਉਸ ਨੂੰ ਛੇਹ ਛੇਹ ਕਰ ਕੇ ਵਾਪਸ ਲਿਆਉਣ ਲੱਗੀ ਪਰ ਬਕਰੀ ਉਸ ਦੇ ਅਗੇ ਭੱਜ ਗਈ। ਬਕਰੀ ਅਗੇ ਅਗੇ ਸੀ ਤੇ ਪਾਰੋ ਪਿਛੇ ਪਿਛੇ। ਬਕਰੀ ਇਕ ਮਲ੍ਹੇ ਦੇ ਉਤੋਂ ਦੀ ਹੋ ਕੇ ਇਕ ਦਮ ਵਾਪਸ ਮੁੜੀ। ਪਾਰੋ ਮੁੜਨ ਲੱਗੀ ਤਾਂ ਉਸ ਦਾ ਪੈਰ ਆਪਣੇ ਘਗਰੇ ਵਿਚ ਅੜ ਗਿਆ ਤੇ ਉਹ ਡਿੱਗ ਪਈ। ਇਕ ਰੋੜ ਉਸ ਦੇ ਮੱਥੇ ਵਿਚ ਖੁਭ ਗਿਆ ਅਤੇ ਲਹੂ ਵਗਣ ਲਗ ਪਿਆ। ਪਾਰੋ ਹਫਦੀ ਹਫਦੀ ਆਈ ਅਤੇ ਜਮੂਰੇ ਦੇ ਸਾਂਮ੍ਹਣੇ ਇਕ ਦਮ ਥੱਕ ਟੁਟ ਕੇ ਲੇਟ ਗਈ।

ਜਮੂਰਾ ਨਿਰਵਾਰ ਦੇ ਚਾਹਵਾਨ ਮਦਾਰੀ ਦਾ ਪੁੱਤ ਡੌਰ ਭੌਰਿਆਂ ਵਾਂਗੂੰ ਪਾਰੋ ਵਲ ਵੇਖ ਰਿਹਾ ਸੀ। ਉਸ ਦੀ ਨਜ਼ਰ ਮੱਥੇ ਵਿਚੋਂ ਵਗ ਰਹੇ ਲਹੂ ਤੋਂ ਹੋ ਕੇ ਪੈਰਾਂ ਵਲ ਨੂੰ ਤੁਰਨ ਲਗੀਆਂ। ਪਾਰੋ ਜ਼ੋਰ ਦਾ ਸਾਹ ਲੈ ਰਹੀ ਸੀ। ਉਸ ਦੀ ਰੰਗ ਬਰੰਗੀ ਲਾਲ ਤੇ ਕਾਲੀ ਕੁੜੜੀ ਦੇ ਬਟਨ ਖੁਲ੍ਹ ਗਏ ਸਨ ਅਤੇ ਉਸ ਦੀ ਕਣਕ ਭਿੰਨੀ ਹਿੱਕ ਧਕ ਧਕ ਕਰ ਰਹੀ ਸੀ। ਜਮੂਰੇ ਦੀ ਨਜ਼ਰ ਅਗੇ ਧੁੰਦ ਸੀ, ਉਸ ਦਾ ਸਰੀਰ ਕੰਬ ਰਿਹਾ ਸੀ। ਉਸ ਦੇ ਦਿਮਾਗ ਵਿਚ ਕੀੜੀਆਂ ਤੁਰਨ ਲੱਗ ਪਈਆਂ। ਬਹਿਸ਼ਤਾਂ ਦਾ ਨਕਸ਼ਾ ਓਸ ਦੀਆਂ ਅੱਖਾਂ ਅਗੇ ਫਿਰ ਗਿਆ। ਉਸ ਨੂੰ ਕਈ ਜਤੀ ਸਤੀ ਉਥੇ ਬੈਠੇ ਦਿੱਸੇ, ਜਿੰਨ੍ਹਾਂ ਵਿਚ ਉਹਦਾ ਬਾਪੂ ਵੀ ਸੀ। ਸਾਮ੍ਹਣੇ ਹੂਰਾਂ ਨਾਚ ਕਰ ਰਹੀਆਂ ਸਨ। ਉਹਨਾਂ ਹੂਰਾਂ ਵਿਚ ਉਸ ਨੂੰ ਪਾਰੋ ਦਾ ਰੂਪ ਦਿਸਿਆ। ਉਸ ਦੀ ਅੱਧ ਕਜੀ ਛਾਤੀ ਵਲ ਉਸ ਦਾ ਬਾਪ ਬੜੀਆਂ ਸਧਰਾਈਆਂ ਨਜ਼ਰਾਂ ਨਾਲ ਤਕ ਰਿਹਾ ਸੀ।

ਪਾਰੋ ਨੇ ਪੀੜ ਵਿਚ ਹਾਏ ਆਖੀ ਤੇ ਜਮੂਰੇ ਦਾ ਬਹਿਸ਼ਤਾਂ ਦਾ ਚਿੱਤਰ ਅਲੋਪ ਹੋ ਗਿਆ। ਉਸ ਦੇ ਸਾਹਮਣੇ ਪਾਰੋ ਲੰਮੀ ਪਈ ਹੋਈ ਸੀ ਤੇ ਓਵੇਂ ਹੀ ਉਸ ਦੇ ਮੱਥੇ ਵਿਚੋਂ ਲਹੂ ਨਿਕਲ ਰਿਹਾ ਸੀ। ਜਮੂਰੇ ਨੇ ਛੇਤੀ ਨਾਲ ਆਪਣੀ ਪੱਗ ਦਾ ਪੱਲਾ ਪਾੜ ਕੇ ਨਹਿਰ ਵਿਚੋਂ ਗਿੱਲਾ ਕਰ ਪਾਰੋ ਦੇ ਮੱਥੇ ਤੇ ਬੰਨ੍ਹ ਦਿਤਾ। ਟਾਕੀ ਨੂੰ ਗੰਢ ਦੇਣ ਲਗਿਆਂ ਉਹ ਥਲੇ ਝੁਕਿਆ। ਪਾਰੋ ਦਾ ਤੱਤਾ ਤੱਤਾ ਸਾਹ ਉਸ ਦੇ ਮੱਥੇ ਨਾਲ ਵਜਿਆ, ਪੱਟੀ ਬੰਨ੍ਹਾ ਕੇ ਪਾਰੋ ਉਠ ਬੈਠੀ।

ਹੁਣ ਪਾਰੋ ਤੇ ਜਮੂਰਾ ਦੋਵੇਂ ਜਣੇ ਰਲ ਕੇ ਹਰ ਰੋਜ਼ ਬਕਰੀਆਂ ਚਾਰਿਆ ਕਰਦੇ ਸਨ। ਜਮੂਰੇ ਨੇ ਕਦੀ ਵੀ ਆਪਣੇ ਬਾਪੂ ਨੂੰ ਇਹ ਨਹੀਂ ਸੀ ਦਸਿਆ ਕਿ ਸੰਤੂ ਹੁਣ ਨਹੀਂ ਆਇਆ ਕਰਦਾ। ਦਿਨ ਗੁਜ਼ਰਦੇ ਗਏ, ਪਾਰੋ ਤੇ ਜਮੂਰਾ ਇਕ ਦੂਜੇ ਦੇ ਨੇੜੇ ਹੁੰਦੇ ਗਏ। ਜਮੂਰਾ ਪਾਰੋ ਨੂੰ ਆਉਣ ਵਾਲੇ ਬਹਿਸ਼ਤ ਵਿਚ ਮਿਲਣ ਵਾਲੀਆਂ ਹੂਰਾਂ ਤੋਂ ਕੁਰਬਾਨ ਨਹੀਂ ਸੀ ਕਰਨਾ ਚਾਹੁੰਦਾ। ਉਸ ਨੂੰ ਆਪਣੇ ਬੁਢੇ ਬਾਪੂ ਦੀਆਂ ਗੱਲਾਂ ਓਪਰੀਆਂ ਓਪਰੀਆਂ ਜਾਪਦੀਆਂ ਸਨ।

ਮਦਾਰੀ ਦੀ ਟਪਰੀ ਨੇ ਦੂਜੇ ਕਿਸੇ ਹੋਰ ਥਾਵੇਂ ਜਾ ਕੇ ਡੇਰਾ ਕਰਨਾ ਸੀ। ਲਾਗੇ ਤਾਗੇ ਘਾਹ ਪੱਠਾ ਮੁਕ ਚੁਕਾ ਸੀ। ਮਦਾਰੀ ਨੇ ਤੇ ਜਮੂਰੇ ਨੇ ਅਜੇ ਇਕ ਦੋ ਦਿਨ ਇਸੇ ਪਹਿਲੀ ਥਾਵੇਂ ਹੀ ਕਟਣੇ ਸਨ। ਮਦਾਰੀ ਨੂੰ ਕੁਝ ਦਿਨਾਂ ਤੋਂ ਬੁਖਾਰ ਆ ਰਿਹਾ ਸੀ। ਉਸ ਦੀ ਛਾਤੀ ਖੰਘ ਦੀ ਜ਼ਿਆਦਤੀ ਕਰ ਕੇ ਸੜਦੀ ਰਹਿੰਦੀ ਸੀ। ਉਸ ਦੀਆਂ ਅੱਖਾਂ ਕੁਝ ਕਮਜ਼ੋਰ ਹੋ ਗਈਆਂ ਸਨ। ਬਹੁਤ ਥੋੜੇ ਜਿਹੇ ਕੰਮ ਕਰਨ ਪਿਛੋਂ ਉਸ ਨੂੰ ਬਹੁਤ ਸਾਹ ਚੜ੍ਹ ਜਾਂਦਾ ਸੀ। ਕਦੀ ਕਦੀ ਉਸ ਨੂੰ ਅਜਿਹਾ ਦੌਰਾ ਪੈਂਦਾ ਕਿ ਉਹ ਘੰਟਿਆਂ ਬੱਧੀ ਬੇਸੁਰਤ ਹੋ ਜਾਂਦਾ। ਜਮੂਰਾ ਉਸਦੀ ਛਾਤੀ ਘੁਟਦਾ, ਤਲੀਆਂ ਝਸਦਾ, ਪਟ ਨੱਪਦਾ ਤੇ ਫੇਰ ਜਾ ਕੇ ਉਸ ਨੂੰ ਕੁਝ ਸੁਰਤ ਆਉਂਦੀ।

ਸ਼ਾਨੋ ਨੂੰ ਗਿਆਂ ਵੀਹ ਸਾਲ ਹੋ ਚੁਕੇ ਸਨ।

ਪਾਰੋ ਦੇ ਮੱਥੇ ਵਿਚੋਂ ਲਹੂ ਨਿਕਲੇ ਨੂੰ ਤਿੰਨਾਂ ਸਾਲਾਂ ਦਾ ਸਮਾਂ ਗੁਜ਼ਰ ਚੁਕਾ ਸੀ।

ਸਵੇਰ ਤੋਂ ਹੀ ਅਸਮਾਨ ਤੇ ਕਾਲੀਆਂ ਕਾਲੀਆਂ ਬਦਲੀਆਂ ਘਿਰ ਆਈਆਂ ਸਨ। ਠੰਢੀ ਠੰਢੀ ਹਵਾ ਦੇ ਬੁੱਲੇ ਝੋਨਿਆਂ ਦੇ ਉਤੋਂ ਦੀ ਹੋ ਕੇ ਸ਼ਹਿਰ ਦੇ ਪੰਜ ਪੰਜ ਮੰਜ਼ਲੇ ਮਕਾਨਾਂ ਦੀਆਂ ਚੋਟੀਆਂ ਨੂੰ ਚੁੰਮ ਕੇ, ਮਦਾਰੀ ਦੀ ਝੁਗੀ ਦੀਆਂ ਕਾਨੀਆਂ ਦੇ ਵਿਚੋਂ ਦੀ ਪੁਣੀਦੇ ਜਾ ਰਹੇ ਸਨ।

ਮਦਾਰੀ ਦੀ ਹਾਲਤ ਕੁਝ ਠੀਕ ਸੀ। ਇਸ ਲਈ ਜਮੂਰਾ ਬਕਰੀਆਂ ਲੈ ਕੇ ਨਹਿਰ ਵਲ ਤੁਰ ਗਿਆ। ਪਾਰੋ ਵੀ ਉਥੇ ਪੁਜੀ ਹੋਈ ਸੀ। ਦੁਪਹਿਰ ਦੇ ਵੇਲੇ ਮੀੰਹ ਪੈ ਗਿਆ। ਚਾਰੇ ਪਾਸੇ ਗਿਟੇ ਗਿਟੇ ਪਾਣੀ ਖਲੋ ਗਿਆ। ਕਾਨਿਆਂ ਦੀਆਂ ਝੁਗੀਆਂ ਤੇ ਪਈ ਹੋਈ ਮਿੱਟੀ ਧੁਪ ਚੁਕੀ ਸੀ ਤੇ ਉਹ ਸੰਝ ਦੇ ਪਲਾਤੇ ਚਾਨਣੇ ਵਿਚ ਚਮਕ ਰਹੀਆਂ ਸਨ।

ਬੁਢਾ ਮਦਾਰੀ ਬਿਮਾਰੀ ਦਾ ਸ਼ਿਕਾਰ, ਪਾਟੀ ਹੋਈ ਚਾਦਰ ਦੀ ਬੁਕਲ ਮਾਰੀ ਝੁਗੀ ਦੇ ਬਾਹਰ ਬੈਠਾ ਠੰਢੀ ਹਵਾ ਭਖ ਰਿਹਾ ਸੀ। ਉਸ ਦੀਆਂ ਨਜ਼ਰਾਂ ਦੂਰ ਨਹਿਰ ਵਲ ਗਡੀਆਂ ਸਨ; ਬਕਰੀਆਂ ਸਹਿਜ ਸਹਿਜ ਟਪਰੀ ਵਲ ਨੂੰ ਆ ਰਹੀਆਂ ਸਨ; ਪਰ ਉਹਨਾਂ ਦੇ ਮਗਰ ਆਜੜੀ ਕੋਈ ਨਹੀਂ ਸੀ। ਬਕਰੀਆਂ ਹੋਰ ਨੇੜੇ ਆ ਗਈਆਂ। ਮਦਾਰੀ ਦਾ ਤੌਖਲਾ ਵਧ ਗਿਆ। ਜਮੂਰਾ ਕਿਥੇ ਗਿਆ? ਉਸ ਨੂੰ ਕੁਝ ਨਹੀਂ ਸੀ ਸੁਝਦਾ। ਉਹ ਖੰਘਦਾ ਖੰਘਦਾ ਉਠਿਆ ਤੇ ਸੰਤੁ ਦੇ ਘਰ ਵਲ ਤੁਰ ਪਿਆ। ਉਸ ਸੰਤੂ ਨੂੰ ਆਵਾਜ਼ ਮਾਰੀ।

'ਦਾਦਾ ਕੀ ਆ' ਸੰਤੂ ਨੇ ਪੁਛਿਆ।

'ਕਾਕਾ ਜਮੂਰਾ ਕਿਥੇ ਗਿਆ ਏ?' ਮਦਾਰੀ ਦੀ ਖੰਘ ਵਧ ਰਹੀ ਸੀ।

ਉਹ ਬਕਰੀਆਂ ਲੈ ਕੇ ਨਹਿਰ ਤੇ ਗਿਆ ਹੋਣਾ ਏਂ।

ਤੇ ਤੂੰ...... ਨਹੀਂ ਗਿਆ। ਮਦਾਰੀ ਨੇ ਹੈਰਾਨ ਹੋ ਕੇ ਪੁਛਿਆ।

'ਨਹੀਂ ਸਾਡੀਆਂ ਬਕਰੀਆਂ ਤਾਂ ਦੋ ਤਿੰਨਾਂ ਸਾਲਾਂ ਤੋਂ ਪਾਰੋ ਚਾਰ ਲਿਆਉਂਦੀ ਹੈ।' ਸੰਤੂ ਨੇ ਦਸਿਆ।

ਮਦਾਰੀ ਦੇ ਪੈਰਾਂ ਥਲਿਓਂ ਧਰਤੀ ਸਰਕਣ ਲਗ ਪਈ। ਉਸ ਦੀਆਂ ਅੱਖਾਂ ਅੱਗੇ ਹਨੇਰਾ ਪਸਰ ਗਿਆ। ਖੰਘ ਦਾ ਦੌਰਾ ਤੇਜ਼ ਹੋ ਚੁੱਕਾ ਸੀ ਤੇ ਕੁਝ ਠੰਢ ਹੋਣ ਕਰ ਕੇ ਉਸ ਦੀ ਛਾਤੀ ਸੜਨ ਲਗ ਪਈ ਸੀ। ਉਸ ਦੀਆਂ ਲਤਾਂ ਜਵਾਬ ਦੇ ਗਈਆਂ ਉਹ ਉਥੇ ਹੀ ਲੇਟ ਗਿਆ। ਛਾਤੀ ਵਿਚ ਹੋ ਰਹੀ ਦਰਦ ਦੀਆਂ ਚੀਸਾਂ ਨੇ ਉਸ ਨੂੰ ਬੇ-ਸੁਰਤ ਕਰ ਦਿਤਾ।

'ਜਮੂਰਿਆ..... ਪਾਰੋ........... ਮੁਕਤੀ..........।' ਉਹ ਬੁੜਬੁੜਾਇਆ।

ਸੰਤੂ ਦੀਆਂ ਬਕਰੀਆਂ ਆਪਣੇ ਵਾੜੇ ਵਿਚ ਚਲੀਆਂ ਗਈਆਂ ਅਤੇ ਜਮੂਰੇ ਦੀ ਬਕਰੀਆਂ ਉਹਦੀ ਝੁਗੀ ਵਲ ਤੁਰ ਪਈਆਂ, ਪਰ ਆਜੜੀ ਨਾ ਆਏ।

ਸ਼ਾਨੋ ਨੂੰ ਗਿਆਂ ਵੀਹ ਸਾਲ ਹੋ ਚੁਕੇ ਸਨ।

ਜਮੂਰਾ ਸਵੇਰ ਦਾ ਗਿਆ ਵਾਪਸ ਨਹੀਂ ਸੀ ਆਇਆ।

ਮਦਾਰੀ ਦੀ ਸੜ ਰਹੀ ਛਾਤੀ ਨੂੰ ਨਪ ਘੁਟ ਕੇ ਆਰਾਮ ਪੁਚਾਉਣ ਵਾਲਾ ਕੋਈ ਨਹੀਂ ਸੀ।

ਮੁਕਤੀ.... ਇਕ ਮਧਮ ਜਿਹੀ ਆਵਾਜ਼ ਮਦਾਰੀ ਦੇ ਮੂੰਹੋਂ ਨਿਕਲੀ ਅਤੇ ਠੰਢੀ ਹਵਾ ਦੇ ਬੁਲੇ ਨਾਲ ਨਹਿਰ ਵਲ ਨੂੰ ਉਡ ਗਈ। ਮਦਾਰੀ ਸਦਾ ਲਈ ਇਹ ਦੁਨੀਆ ਛੱਡ ਚੁਕਾ ਸੀ।

ਮਦਾਰੀ ਸੁਤੇ ਹੋਏ ਮਹਾਂ ਮਦਾਰੀ ਰੱਬ, ਮੁਕਤੀ ਦੇ ਦਾਤੇ ਦੇ ਸੁਪਨੇ ਦਾ ਇਕ ਪਾਤਰ ਆਪਣਾ ਪਾਰਟ ਅਦਾ ਕਰ ਚੁਕਾ ਸੀ।