ਸਮੱਗਰੀ 'ਤੇ ਜਾਓ

ਨਵੀਨ ਦੁਨੀਆਂ

ਵਿਕੀਸਰੋਤ ਤੋਂ

ਸਭ ਹੱਕ ਕਰਤਾ ਦੇ ਰਾਖਵੇਂ ਹਨ। ਨਵੀਂ ਦੁਨੀਆਂ ਤੂ ਕਹਾਣੀ ਸੰਗ੍ਰਹਿ 1 - ਲੇਖਕਸਵਰਾਜ ਸਿੰਘ ‘ਪ੍ਰੀਤ’ ਬੀ. ਏ. ਗਿ: ਕਿਰਪਾਲ ਕੌਰ ‘ਸਰੋਜ’ (ਐਸ ‘ਪ੍ਰੀਤ’ ਬੀ ਏ) (ਮਲਾਇਆ) ਪ੍ਰਕਾਸ਼ਕ:ਭਾਈ ਜਵਾਹਰ ਸਿੰਘ ਕਿਰਪਾਲ ਸਿੰਘ ਬਜ਼ਾਰ ਮਾਈ ਸੇਵਾਂ ਅੰਮ੍ਰਿਤਸਰ। ਏਜੰਟ:-ਪ੍ਰੀਤਮ ਬੂਕ ਸਟਾਲ ੩੬੪ ਲਾਜਪਤ ਰਾਇ ਮਾਰਕੀਟ ਦਿੱਲੀ ਪਹਿਲੀ ਵਾਰ ੧੦੦੦ ਮੂਲ ੨) 24649 ਕਵਲ ਇਸ ਐਡੀਸ਼ਨ ਦੇ ਪ੍ਰਕਾਸ਼ਕ ਭਾਈ ਜਵਾਹਰ ਸਿੰਘ ਕਿਰਪਾਲ ਸਿੰਘ ਪੁਸਤਕਾਂ ਵਾਲੇ, ਬਜ਼ਾਰ ਮਾਈ ਸੇਵਾਂ, ਅੰਮ੍ਰਿਤਸਰ। ਜੁਲਾਈ ੧੬੫੬ "ਗੁਰਬਾਣੀ ਪ੍ਰੈਸ ਬਾਗ ਜਲ੍ਹਿਆਂ ਵਾਲਾ ਅੰਮ੍ਰਿਤਸਰ ਵਿਚ ਛਪੀ।

ਤਤਕਰਾ

ਕੌਣ? ਕਿਥੇ!
ਨਾਚੀ
ਦਹੇਜ ੨੪
ਨਵ-ਜੀਵਨ ੪੧
ਤਲਾਸ਼ ੫੧
ਬਾਗੀ ਪ੍ਰੀਤ ਦਾ ਬਦਲਾ ੬੧
ਰਿਕਸ਼ੇ ਵਾਲਾ ੭੭
ਸਾਂਝੀ ਦੁਨੀਆਂ ੧੦੦
ਇਨਕਲਾਬ ੧੧੦
ਭਿਖਾਰੀ ਦੀ ਦੁਨੀਆਂ ੧੨੧
ਨੂਰਾਂ ੧੩੧
ਮਨਸੂਰ ੧੪੩
ਕੌੜੇ ਘੁੱਟ ਮਿੱਧੀ ਕਲੀ ੧੫੧
ਕਪਤਾਨ ੧੫੮
ਪਹਿਲੀ ਮੁਲਾਕਾਂਤ ੧੭੯

ਮੁਖ-ਬੰਧ

ਵੀਰ ਸਵਰਾਜ ਸਿੰਘ 'ਪ੍ਰੀਤ' ਬੀ. ਏ. ਤੇ ਬੀਬੀ ਕਿਰਪਾਲ ਕੌਰ ‘ਸਰੋਜ’ ਨੂੰ ਮੈਂ ਕਾਫੀ ਚਿਰ ਤੋਂ ਜਾਣਦੀ ਹਾਂ। ਇਨ੍ਹਾਂ ਦੀਆਂ ਕਹਾਣੀਆਂ ਕਈ ਪੰਜਾਬੀ ਪੱਤਰਾਂ ਵਿਚ ਸਮੇਂ ਸਮੇਂ ਛਪਦੀਆਂ ਰਹੀਆਂ ਹਨ। ਅਜ ਏਹ ਦੋਵੇਂ ਨੌਜਵਾਨ ਲੇਖਕ ਇਕ ਕਹਾਣੀ ਸੰਗ੍ਰਿਹ ਲੈਕੇ ਪੰਜਾਬੀ ਸਾਹਿਤ ਪ੍ਰੇਮੀਆਂ ਦੀ ਸੇਵਾ ਵਿਚ ਹਾਜ਼ਰ ਹੋ ਰਹੇ ਹਨ ਤੇ ਇਨ੍ਹਾਂ ਦੀ ਪਾਠਕਾਂ ਨਾਲ ਜਾਣ ਪਛਾਣ ਕਰਾਉਣ ਵਿਚ ਮੈਂ ਬੜੀ ਖੁਸ਼ੀ ਮਹਿਸੂਸ ਕਰਦੀ ਹਾਂ।

ਅਜ ਦੇ ਬਦਲ ਰਹੇ ਸਮੇਂ ਵਿਚ ਮਨੁੱਖ ਦੇ ਨਾਲ ਨਾਲ ਸਾਹਿਤ ਵਿਚ ਵੀ ਤਬਦੀਲੀ ਆ ਰਹੀ ਹੈ। ਪਹਿਲੇ ਸਹਿਤ ਮਨੁੱਖ ਦੇ ਦਿਲ ਪ੍ਰਚਾਉਣ ਦਾ ਸਾਧਨ ਸਮਝਿਆ ਜਾਂਦਾ ਸੀ ਤੇ ਫਿਰ ਸਮੇਂ ਦੇ ਨਾਲ ਨਾਲ ਸਹਿਤ ਨੇ ਵੀ ਪਲਟਾ ਖਾਧਾ ਤੇ ਸਹਿਤ ਕੇਵਲ ਦਿਲ-ਪ੍ਰਚਾਹਵੇ ਦਾ ਸਾਧਨ ਨ ਰਹਿ ਕੇ ਮਨੁੱਖੀ ਜੀਵਨ ਦੀ ਜਿਊਂਦੀ ਜਾਗਦੀ ਤਸਵੀਰ ਬਣ ਗਿਆ।

ਸੰਗ੍ਰਿਹ ਵਿਚ ਦਿਤੀਆਂ ਸਾਰੀਆਂ ਕਹਾਣੀਆਂ ਦਾ ਮੁਖ ਮੰਤਵ ਸਮਾਜ ਵਿਚ ਹੋ ਰਹੇ ਇਸਤ੍ਰੀ ਨਾਲ ਜ਼ੁਲਮ ਦੀ ਤਸਵੀਰ ਖਿਚੀ ਗਈ ਹੈ, ਗ਼ਰੀਬਾਂ ਦੇ ਹੌਕਿਆਂ ਦੀ ਆਵਾਜ਼ ਕਹਾਣੀਆਂ ਵਿਚ ਗੂੰਜਦੀ ਪ੍ਰਤੀਤ ਹੁੰਦੀ ਹੈ, ਸਮਾਜ ਦੇ ਠੇਕੇਦਾਰਾਂ ਦੀਆਂ ਨਾ-ਜਾਇਜ਼ ਹਰਕਤਾਂ ਤੇ ਸਮਾਜ ਦੇ ਆਗੂ ਬਣਨ ਦੇ ਦਾਹਵਿਆਂ ਨੂੰ ਬੜੇ ਸੁੱਚਜੇ ਢੰਗ ਨਾਲ ਭੰਡਿਆ ਗਿਆ ਹੈ।

'ਨਾਚੀ' ਕਹਾਣੀ ਦੀ ਨਾਇਕਾ ਸਮਾਜ ਦੇ ਕੋਹਲੂ ਵਿਚ ਪੀਸੀ ਹੋਈ ਇਕ ਜਿਊਂਦੀ ਜਾਗਦੀ ਤਸਵੀਰ ਹੈ, ਜਿਸ ਨੂੰ , ਪਿਆਰ' ਵਰਗੇ ਪਵਿਤਰ ਜਜ਼ਬੇ ਦੇ ਨਾਮ ਹੇਠ ਘਰੋਂ ਬੇ-ਘਰ ਕਰ ਦਿਤਾ ਗਿਆ ਤੇ ਫਿਰ ਦੁਨੀਆਂ ਨੇ ਉਸ ਨੂੰ 'ਵੇਸਵਾ' ਬਣਨ ਤੇ ਮਜਬੂਰ ਕੀਤਾ। 'ਨੂਰਾਂ' ਕਹਾਣੀ ਵੀ ਇਸੇ ਕਿਸਮ ਦੀ ਹੈ ਜਿਸ ਵਿਚ ਇਕ ਵੇਸਵਾ ਦੀ ਲੜਕੀ ਨੂੰ ਵੇਸਵਾ ਬਣਨ ਤੇ ਮਜਬੂਰ ਕੀਤਾ ਜਾਂਦਾ ਹੈ ਭਾਵੇਂ ਉਹ ਕਿਤਨਾ ਵੀ ਇਸ ਨਰਕੀ ਦੁਨੀਆਂ ਵਲੋਂ ਦੂਰ ਰਹਿਣਾ ਚਾਹੇ। 'ਦਹੇਜ਼' ਕਹਾਣੀ ਵਿਚ ਨੌਜਵਾਨਾਂ ਦੀ 'ਦਾਜ ਭੁਖ' ਨੂੰ ਬੜੇ ਸੱਚਜੇ ਢੰਗ ਨਾਲ ਲੇਖਕਾ ਬਿਆਨ ਕਰਦੀ ਹੈ। 'ਨਵ-ਜੀਵਨ, ਤਲਾਸ਼, ਬਾਗੀ ਪ੍ਰੀਤ ਦਾ ਬਦਲਾ, ਇਨਕਲਾਬ, ਮਿੱਧੀ ਕਲੀ, ਸਾਂਝੀ ਦੁਨੀਆਂ, ਕੌੜੇ ਘੁੱਟ ਤੇ ਹੋਰ ਕਹਾਣੀਆਂ ਵਿਚ ਵੀ ਲੇਖਕਾਂ ਨੇ ਬੜਾ ਕੁਝ ਦਸਣ ਦਾ ਯਤਨ ਕੀਤਾ ਹੈ।

ਕਹਾਣੀਆਂ ਦੇ ਪਲਾਟ ਬੜੇ ਸਾਧਾਰਨ ਤੇ ਆਮ ਜੀਵਨ ਵਿਚੋਂ ਲਏ ਗਏ ਹਨ, ਬੋਲੀ ਜਨ ਸਧਾਰਨ ਦੀ ਲਿਖੀ ਗਈ ਹੈ ਤੇ ਭਾਵ ਬੜੇ ਪ੍ਰਤੱਖ ਹਨ।

ਅਜ ਮੈਨੂੰ ਪਾਠਕਾਂ ਦੇ ਹਥਾਂ ਵਿਚ ਇਸ ਪੁਸਤਕ ਨੂੰ ਦੇਂਦਿਆ ਬੜੀ ਖੁਸ਼ੀ ਹੋ ਰਹੀ ਹੈ ਤੇ ਆਸ ਹੈ ਕਿ ਪਾਠਕ ਇਨ੍ਹਾਂ ਕਹਾਣੀਆਂ ਵਿਚੋਂ ਜ਼ਰੂਰ ਕੁਝ ਨਾ ਕੁਝ ਪ੍ਰਾਪਤ ਕਰਨਗੇ ਤੇ 'ਪ੍ਰੀਤ' ਤੇ 'ਸਰੋਜ' ਜੀ ਦਾ ਉਤਸ਼ਾਹ ਵਧਾਉਣਗੇ, ਤਾਂ ਜੋ ਇਹ ਵਧ ਚੜ ਕੇ ਸਮਾਜ ਤੇ ਪੰਜਾਬੀ ਬੋਲੀ ਦੀ ਸੇਵਾ ਕਰਦੇ ਰਹਿਣ।

ਅੰਮ੍ਰਿਤਸਰ
ਮਿਤੀ ੨੧-੭-੫੬

ਧਰਮ ਕੌਰ ‘ਅੰਮ੍ਰਿਤ` ਬੀ, ਏ.
-: ਐਡੀਟਰ:-
ਰਸਾਲਾ ਕੋਮਲ ਸੰਸਾਰ, ਅੰਮ੍ਰਿਤਸਰ

ਪੰਨਾ

ਪਹਿਲੀ ਹਿੰਮਤ

ਮੈਂ ਕੋਈ ਚਾਰ ਪੰਜ ਸਾਲਾਂ ਤੋਂ ਕਹਾਣੀਆਂ ਲਿਖ ਰਿਹਾਂ ਹਾਂ ਤੇ ਇਸ ਸਮੇਂ ਵਿਚ ਲਿਖੀਆਂ ਕੁਝ ਕਹਾਣੀਆਂ ਦੀ ਚੋਣ ਦਾ ਇਹ ਸੰਗ੍ਰਿਹ 'ਨਵੀਂ ਦੁਨੀਆ' ਪਾਠਕਾਂ ਪਾਸ ਪੇਸ਼ ਕਰਦਾ ਹਾਂ! ਇਸ ਸੰਗਿਹ ਵਿਚ ਗਿ: ਕਿਰਪਾਲ ਕੌਰ ‘ਸਰੋਜ' ਮਲਾਇਆ ਦੀਆਂ ਵੀ ਕੁਝ ਕਹਾਣੀਆ ਹਨ। ਇਹ ਕਹਾਣੀਆਂ ਮੈਂ ਆਪਣੇ ਆਲੇ ਦੁਆਲੇ ਤੋਂ ਪ੍ਰਭਾਵਤ ਹੋਕੇ ਲਿਖੀਆਂ ਹਨ। ਜੋ ਕੁਝ ਮੈਂ ਆਪਣੇ ਆਸੇ ਪਾਸੇ ਤਕਿਆ, ਸੁਣਿਆਂ ਤੇ ਮਹਿਸੂਸ ਕੀਤਾ, ਉਸਨੂੰ ਇਨ੍ਹਾਂ ਕਹਾਣੀਆਂ ਵਿਚ ਦਰਸਾਉਣ ਦੀ ਕੋਸ਼ਿਸ਼ ਕੀਤੀ ਹੈ।

ਅਜ ਪੰਜਾਬੀ ਕਹਾਣੀ ਕਲਾ ਬੜੀ ਤੇਜ਼ੀ ਨਾਲ ਤਰਕੀ ਕਰ ਰਹੀ ਹੈ ਤੇ ਇਸ ਦੀ ਉਨਤੀ ਦਿਨ-ਬ-ਦਿਨ ਹੋ ਰਹੀ ਹੈ। ਕਈ ਵਡੇ ਵਡੇ ਲੇਖਕ ਪੰਜਾਬੀ ਕਹਾਣੀ ਕਲਾ ਨੂੰ ਉਚ ਚੋਟੀ ਤੇ ਲਿਜਾਣ ਦੀ ਕੋਸ਼ਿਸ਼ ਕਰ ਰਹੇ ਹਨ।

ਇਕ ਗਲ ਦਾ ਮੈਨੂੰ ਬਹੁਤ ਦੁਖ ਹੈ ਤੇ ਇਹੋ ਦੁਖ ਮੇਰੀ ਆਤਮਾ ਤੇ ਭਾਰ ਪਾਈ ਰਖਦਾ ਹੈ ਕਿ ਅਜ ਕਲ ਦੇ ਕੁਝ ਪ੍ਰਸਿਧ ਲੇਖਕ, ਜੇਹੜੇ ਕੁਝ ਕਿਤਾਬਾਂ ਲਿਖ ਚੁਕੇ ਹਨ ਤੇ ਪੰਜਾਬੀ ਸਾਹਿਤ ਵਿਚ ਜਿੰਨਾਂ ਨੂੰ ਪ੍ਰਸਿਧਤਾ ਪ੍ਰਾਪਤ ਹੋ ਚੁਕੀ ਹੈ ਤੇ ਜਿਨ੍ਹਾਂ ਨੂੰ ਆਪਣੀ ਜ਼ਿੰਦਗੀ ਦੇ ਮੁਢਲੇ ਪੜਾਹ ਵਿਚ ਬਹੁਤ ਜ਼ਬਰਦਸਤ ਕੌੜੇ ਤਜਰਬੇ ਹੋਏ, ਰਾਹ ਰਾਹ ਤੇ ਠੋਕਰਾਂ ਖਾਧੀਆਂ, ਨਵੇਂ ਪੁੰਘਰ ਰਹੇ ਲਿਖਾਰੀਆਂ ਨੂੰ ਬੁਰੀ ਤਰ੍ਹਾਂ ਲਿਤਾੜਨ ਦੀ ਕੋਸ਼ਿਸ਼ ਕਰਦੇ ਹਨ। ਜੇ ਕੋਈ ਨਵਾਂ ਲਿਖਾਰੀ ਬੜੀਆਂ ਚਾਹਾਂ ਤੇ ਉਮੰਗਾਂ ਨਾਲ ਉਨ੍ਹਾਂ ਲਿਖਾਰੀਆਂ ਕੋਲੋਂ ਕੁਝ ਪ੍ਰਾਪਤ ਕਰਨ ਜਾਂਦਾ ਹੈ ਤਾਂ ਬੁਰੀ ਤਰ੍ਹਾਂ ਕੁਚਲਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ।

ਮੈਂ ਉਨ੍ਹਾਂ ਲੇਖਕਾਂ ਪਾਸ ਬੇਨਤੀ ਕਰਦਾ ਹਾਂ ਕਿ ਇਹ ਉਨ੍ਹਾਂ ਦਾ ਇਖਲਾਕੀ ਫਰਜ਼ ਹੈ ਕਿ ਉਹ ਨਵੇਂ ਪੁੰਘਰ ਰਹੇ ਲੇਖਕਾਂ ਦੀ ਹੌਂਸਲਾ ਅਫਜ਼ਾਈ ਕਰਨ ਨਾ ਕਿ ਦੁਰਕਾਰ ਦੇਣ।

ਮੈਂ ਬੀਬੀ ਧਰਮ ਕੌਰ ‘ਅੰਮ੍ਰਿਤ’ ਜੀ. ਬੀ. ਏ. ਦਾ ਅਤਿ ਧੰਨਵਾਦੀ ਹਾਂ ਜਿਨ੍ਹਾਂ ਇਸ ਸੰਗ੍ਰਹਿ ਦਾ ਮੁਖ ਬੰਧ ਲਿਖਣ ਦੀ ਖੇਚਲ ਕੀਤੀ। ਮੈਂ ਸ: ਅਰਜਨ ਸਿੰਘ ‘ਗਰੋਵਰ' ਬੀ. ਏ. ਦਾ ਵੀ ਦਿਲੋਂ ਧੰਨਵਾਦੀ ਹਾਂ, ਜਿਨ੍ਹਾਂ ਮੇਰੀ ਬਹੁਤ ਹਦ ਤਕ ਮਦਦ ਕੀਤੀ।

ਮੈਂ ਆਪਣੇ ਮੰਨਤਵ ਵਿਚ ਕਿਥੋਂ ਤਕ ਸਫਲ ਰਿਹਾ ਹਾਂ, ਇਹ ਸਭ ਪਾਠਕਾਂ ਤੇ ਨਿਰਭਰ ਹੈ। ਫਿਰ ਵੀ ਮੈਂ ਜਿਥੋਂ ਕਿਥੋਂ ਭੁਲਿਆਂ, ਭਟਕਿਆ ਤੇ ਖੁੰਝਿਆ ਹੋਵਾਂ, ਮੈਨੂੰ ਰਾਏ ਦੇਣ ਦੀ ਖੇਚਲ ਕਰਨੀ, ਧੰਨਵਾਦੀ ਹੋਵਾਂਗਾ, ਕਿਉਂਕਿ ਮੈਂ ਹਾਲੇ ਹੋਰ ਅਗੇ ਵਧਣਾ ਹੈ..... ਹੋਰ ਲਿਖਣਾ ਹੈ....।

ਅੰਮ੍ਰਿਤਸਰ ੨੩ ੭, ੫੬.

ਸਵਰਾਜ ਸਿੰਘ ‘ਪ੍ਰੀਤ` ਬੀ. ਏ. (ਐਸ ਪ੍ਰੀਤ ਬੀ. ਏ)

ਕੁਝ ਆਪਣੀ ਵਲੋਂ

‘ਨਵੀਂ ਦੁਨੀਆਂ' ਨੂੰ ਪਾਠਕਾਂ ਸਾਹਮਣੇ ਪੇਸ਼ ਕਰਕੇ ਮੈਂ ਬੜਾ ਫਖ਼ਰ ਮਹਿਸੂਸ ਕਰਦੀ ਹਾਂ। ਇਸ ਕਹਾਣੀ ਸੰਗ੍ਰਿਹ ਨੂੰ ਅਸਾਂ ਬੜਿਆਂ ਚਾਵਾਂ ਮਲਹਾਰਾਂ ਨਾਲ ਸ਼ਿੰਗਾਰਿਆ ਹੈ। ਅਜ ਦੀ ਦੁਨੀਆਂ ਵਿਚ ਗਰੀਬ ਅਤੇ ਅਮੀਰ ਵਿਚ ਇਤਨਾ ਫਰਕ ਕਿਉਂ? ਅਮੀਰ ਬਹੁਤੇ ਅਮੀਰ, ਤੇ ਗਰੀਬ ਬਹੁਤੇ ਗਰੀਬ ਹਨ। ਅਸੀਂ ਅਜੇਹੇ ਪਾਤਰਾਂ ਨੂੰ ‘ਨਵੀਂ ਦੁਨੀਆਂ' ਵਿਚ ਬੜੇ ਪਿਆਰ ਨਾਲ ਥਾਂ ਦਿਤੀ ਹੈ, ਪਰ ਸਮਾਜ ਦੇ ਕੋਝੇ ਅੰਗਾਂ ਨੂੰ ‘ਨਵੀਂ ਦੁਨੀਆਂ' ਤੋਂ ਦੂਰ ਰਖਣ ਦੀ ਕੋਸ਼ਿਸ਼ ਕੀਤੀ ਹੈ।

ਅਜ ਕਲ ਮੈਂ ਦੁਨੀਆਂ ਦੀ ਇਕ ਨੁਕਰੇ, ਪੰਜਾਬ ਦੀ ਧਰਤੀ ਤੋਂ ਬਹੁਤ ਦੂਰ ਮਲਾਇਆ ਦੇ ਸ਼ਹਿਰ ਕੁਆਲਾ ਲੰਪਰ ਵਿਚ ਨਿਵਾਸ ਰਖਦੀ ਹਾਂ, ਜਿਥੇ ਪੰਜਾਬੀ ਪੜੇ ਲਿਖੇ ਬਹੁਤ ਘਟ ਹਨ। ਇਸ ਲਈ ਕਿਤਾਬ ਵਿਚ ਦਿਤੀਆਂ ਕਹਾਣੀਆਂ ਵਿਚ ਜਿਥੋਂ ਵੀ ਮੈਂ ਖੁੰਝੀ ਹੋਵਾਂ, ਮੁਆਫ ਕਰਣਾ ਤੇ ਸੁਝਾਅ ਦੇਣ ਦੀ ਖੇਚਲ ਕਰਨੀ।

ਸਾਡੀ ਸਾਂਝੀ ਰਚਨਾ ‘ਨਵੀਂ ਦੁਨੀਆਂ' ਅਜ ਤੁਹਾਡੇ ਹਥਾਂ ਵਿੱਚ ਹੈ। ਸਫਲ ਹੈ ਜਾਂ ਅਸਫਲ, ਇਹ ਸਭ ਕੁਝ ਤੁਹਾਡੇ ਉਤੇ ਨਿਰਭਰ ਹੈ। ਮੈਂ ਪਾਠਕਾਂ ਵਲੋਂ ਆਏ ਸੁਝਾਵਾਂ ਦਾ ਬੜੀ ਖੁਸ਼ੀ ਨਾਲ ਸਵਾਗਤ ਕਰਾਂਗੀ।

ਕੁਆਲਾ ਲੰਪਰ, ਮਲਾਇਆ

ਗਿ: ਕਿਰਪਾਲ ਕੌਰ 'ਸਰੋਜ’

੧੮. ੭. ੫੬.
ਨਾਚੀ

"ਸਰਦਾਰ ਜੀ ਕੋਈ ਮਾਲ ਚਾਹੀਦਾ ਏ?"

ਮੇਰੇ ਕੰਨਾਂ ਵਿਚ ਅਚਾਨਕ ਆਵਾਜ਼ ਆਈ, ਮੈਂ ਤੁਰਦਾ ਤੁਰਦਾ ਖਲੋ ਗਿਆ, ਪਿਛੇ ਮੁੜਕੇ ਵੇਖਿਆ ਇਕ ਅਧਖੜ ਉਮਰ ਦਾ ਆਦਮੀ ਮੇਰੇ ਵਲ ਆਸ ਭਰਪੂਰ ਨਜ਼ਰਾਂ ਨਾਲ ਵੇਖ ਰਿਹਾ ਸੀ। ਮੈਂ ਹੈਰਾਨ ਸਾਂ ਕਿ ਇਸ ਪੁਰਸ਼ ਨੇ ਮੈਨੂੰ ਕਿਹੋ ਜਿਹਾ ਮਾਲ ਖ੍ਰੀਦਣ ਲਈ ਕਿਹਾ ਹੈ, ਮੈਂ ਕੁਝ ਨਾ ਸਮਝ ਸਕਿਆ ਤੇ ਅੰਤ ਮੈਂ ਉਸ ਕੋਲੋਂ ਪੁਛ ਹੀ ਲਿਆ, ਕਿਹੋ ਜਿਹਾ ਮਾਲ?"

"ਬੜਾ ਸ਼ਾਨਦਾਰ!" ਉਸਦੇ ਮੂੰਹ ਵਿਚੋਂ ਹੌਲੀ ਜਹੀ ਆਵਾਜ਼ ਆਈ।

"ਬੜਾ ਸ਼ਾਨਦਾਰ" ਮੈਂ ਦਿਲ ਹੀ ਦਿਲ ਵਿਚ ਦਹੁਰਾਇਆ। ਮੈਂ ਸੋਚਿਆ ਉਹ ਕਿਹੋ ਜਿਹਾ "ਮਾਲ" ਹੈ, ਜੋ ਬਹੁਤ ਵਧੀਆ ਤੇ ਸੁੰਦਰ ਹੈ ਤੇ ਜਿਸ ਨੂੰ ਲੈਣ ਲਈ ਮੈਨੂੰ ਕਿਹਾ ਗਿਆ ਹੈ,ਪਰ ਮੈਨੂੰ ਕੋਈ ਚੀਜ਼ ਨਜ਼ਰ ਨਹੀਂ ਸੀ ਆ ਰਹੀ ਜਿਸ ਤੋਂ ਮੈਂ ਕੁਝ ਅੰਦਾਜ਼ਾ ਲਾ ਸਕਾਂ। ਅੰਤ ਮੈਂ ਉਸ ਨੂੰ ਫਿਰ ਪੁਛਿਆ, "ਮਿਸਟਰ ਮੇਰੀ ਸਮਝ ਵਿਚ ਕੁਝ ਨਹੀਂ ਆਇਆ, ਕੇਹੜਾ ਮਾਲ ਏ ਤੇਰੇ ਕੋਲ, ਵਿਖਾ ਜ਼ਰਾ?" "ਵਾਹ ਸਰਦਾਰ ਸਾਹਿਬ!" ਉਹ ਉਚੀ ਸਾਰੀ ਹਸ ਪਿਆ, "ਤੁਸੀਂ ਬੜੇ ਭੋਲੇ ਹੋ ਸ਼ਾਇਦ ਤੁਹਾਨੂੰ ਇਹ ਨਹੀਂ ਪਤਾ ਕਿ ਤੁਸੀਂ ਕਿਥੇ ਫਿਰ ਰਹੇ ਹੋ, ਸਰਦਾਰ ਜੀ ਇਹ ਹੀਰਾ ਮੰਡੀ ਹੈ, ਹੀਰਾ ਮੰਡੀ।"

ਉਸ ਇਕੋ ਸਾਹ ਵਿਚ ਸਭ ਕੁਝ ਕਹਿ ਦਿਤਾ। ਹੀਰਾ ਮੰਡੀ ਦਾ ਨਾਮ ਤਾਂ ਮੈਂ ਪਹਿਲੇ ਵੀ ਸੁਣਿਆ ਹੋਇਆ ਸੀ, ਪਰ ਮੈਨੂੰ ਇਹ ਨਹੀਂ ਸੀ ਪਤਾ ਕਿ ਉਥੇ ਕਿਹੋ ਜਿਹੇ ‘ਹੀਰਿਆਂ' ਦਾ ਵਪਾਰ ਹੁੰਦਾ ਹੈ।

"ਮਿਸਟਰ ਇਥੇ ਕੀ ਵਿਕਦਾ ਏ?" ਮੈਂ ਉਸ ਤੋਂ ਭੋਲੇ ਭਾਅ ਹੀ ਪੁਛ ਲਿਆ।

"ਇਨਸਾਨ ਦੀ ਮਨ ਮਰਜੀ ਦਾ ਮਾਲ।" ਉਹ ਜ਼ਰਾ ਖੁਲਕੇ ਬੋਲਿਆ।

"ਬਈ, ਜ਼ਰਾ ਖੋਲਕੇ ਦਸ, ਬੁਝਾਰਤਾਂ ਨਾ ਪਾ, ਮੇਰੇ ਪਲੇ ਕੁਝ ਨਹੀਂ ਪਿਆ।" ਮੈਂ ਹਾਰ ਮੰਨ ਲਈ।

"ਸਰਦਾਰ ਜੀ ਮਲੂਮ ਹੁੰਦਾ ਏ ਤੁਸੀਂ ਹਾਲੇ ਬਿਲਕੁਲ ਅਨਜਾਣ ਹੋ, ਆਉ ਮੇਰੇ ਨਾਲ।"

ਉਹ ਮੇਰੇ ਅੱਗੇ ਅਗੇ ਤੁਰਨ ਲਗ ਪਿਆ ਤੇ ਮੈਂ ਪਿਛੇ ਪਿਛੇ। ਥੋੜਾ ਜਿਹਾ ਬਜ਼ਾਰ ਵਿਚੋਂ ਅਗੇ ਜਾਕੇ ਉਹ ਇਕ ਗਲੀ ਵਲ ਮੁੜਿਆ। ਮੈਂ ਉਸ ਦੇ ਪਿਛੇ ਪਿਛੇ ਜਾ ਰਿਹਾ ਸਾਂ। ਦਿਲ ਕਿਸੇ ਅਨੋਖੇ "ਮਾਲ" ਨੂੰ ਵੇਖਣ ਲਈ ਉਤਾਵਲਾ ਹੋ ਰਿਹਾ ਸੀ। ਗਲੀ ਦੇ ਬਹੁਤ ਸਾਰਾ ਅਗੇ ਜਾਕੇ ਉਹ ਇਕ ਮਕਾਨ ਦੇ ਅਗੇ ਜਾਕੇ ਰੁਕਿਆ ਤੇ ਫਿਰ ਮੈਨੂੰ ਪਿਛੇ ਪਿਛੇ ਆਉਣ ਦਾ ਇਸ਼ਾਰਾ ਕਰਕੇ ਅੰਦਰ ਵੜ ਗਿਆ। ਮੈਂ ਵੀ ਉਸ ਮਕਾਨ ਵਿਚ ਜਾ ਪਹੁੰਚਿਆ। ਅੰਦਰ ਵੇਹੜੇ ਵਿਚ ਪਹੁੰਚਕੇ ਉਸ ਪਿਛੇ ਮੁੜ ਕੇ ਮੇਰੇ ਵਲ ਵੇਖਿਆ ਤੇ ਫਿਰ ਸਾਹਮਣੇ ਕਮਰੇ ਵਲ ਹਥ ਕਰਦਾ ਹੋਇਆ ਕਹਿਣ ਲਗਾ, "ਉਸ ਕਮਰੇ ਵਿਚ ਹੈ ਸਾਡਾ "ਮਾਲ" ਜਾਕੇ ਵੇਖ ਲਵੋ, ਸ਼ਾਇਦ ਤੁਹਾਡੀ ਪਸੰਦ ਦਾ ਹੀ ਹੋਵੇ?"

ਤੇ ਉਸ ਮੈਨੂੰ ਹਥ ਨਾਲ ਉਸ ਕਮਰੇ ਵਲ ਤੋਰ ਦਿਤਾ। ਮੈਂ ਜ਼ਰਾ ਡਰ ਗਿਆ, "ਕਿਧਰੇ ਇਹ ਬਦਮਾਸ਼ ਉਚਕਾ ਹੀ ਨਾ ਹੋਵੇ" ਮੈਂ ਦਿਲ ਵਿਚ ਸੋਚਿਆ। ਪਿਛੇ ਮੁੜਕੇ ਵੇਖਿਆ, ਉਹ ਗ਼ਾਇਬ ਸੀ ਦਿਲ ਵਿੱਚ ਹੋਰ ਡਰ ਪੈਂਦਾ ਹੋ ਗਿਆ ਤੇ ਕਿਸੇ ਮੁਸੀਬਤ ਦੇ ਆਉਣ ਦੀ ਸੂਚੀ ਦੇਣ ਲਗਾ। ਹੁਣ ਮੈਨੂੰ ਪਕਾ ਯਕੀਨ ਹੋ ਗਿਆ ਕਿ ਉਹ ਕੋਈ ਬਦਮਾਸ਼ ਹੈ ਤੇ ਮੈਨੂੰ ਲੁਟਣ ਲਈ ਹੀ ਉਸਨੇ ਇਹ ਜਾਲ ਵਿਛਾਇਆ ਹੈ, ਸਰਦੀ ਹੁੰਦੇ ਹੋਏ ਵੀ ਮੇਰੇ ਮਥੇ ਤੇ ਪਸੀਨੇ ਦੀਆਂ ਬੂੰਦਾਂ ਸਾਫ ਪ੍ਰਤੀਤ ਹੋ ਰਹੀਆਂ ਸਨ। ਫਿਰ ਮੈਂ ਦਿਲ ਨੂੰ ਜ਼ਰਾ ਪੱਕਾ ਕਰਕੇ ਅਗੇ ਵਧਿਆ ਤੇ ਦਰਵਾਜ਼ੇ ਨੂੰ ਹੌਲੀ ਜਹੀ ਖੋਲ ਦਿਤਾ। ਕੀ ਵੇਖਦਾ ਹਾਂ ਕਿ ਇਕ ਸਤਾਰਾਂ ਅਠਾਰਾਂ ਵਰਿਆਂ ਦੀ ਨੌਜਵਾਨ ਲੜਕੀ ਸਾਹਮਣੇ ਤਕੀਏ ਨਾਲ ਢਾਸਣਾ ਲਾਕੇ ਬੈਠੀ ਕੁਝ ਖਾ ਰਹੀ ਸੀ। ਮੈਂ ਝਿਜਕਿਆ ਤੇ ਪਿਛੇ ਨੂੰ ਹੋ ਗਿਆ। ਉਹ ਮੇਰੇ ਵਲ ਤਕੀ ਤੇ ਫਿਰ ਬੜੇ ਨਰਮ ਲਹਿਜੇ ਵਿਚ ਬੋਲੀ "ਆ ਜਾਉ ਸਰਦਾਰ ਜੀ।"

ਮੈਂ ਡਰਿਆ, "ਮੈਂ ਕੇਹੜੀ ਬਿਪਤਾ ਵਿਚ ਫਸ ਗਿਆ ਹਾਂ, ਹੇ ਰਬਾ! ਮੈਨੂੰ ਬਚਾਈ" ਮੈਂ ਦਿਲ ਹੀ ਦਿਲ ਵਿਚ ਪਰਮਾਤਮਾ ਅਗੇ ਪ੍ਰਾਰਥਨਾ ਕਰ ਰਿਹਾ ਸਾਂ। ਮੇਰੇ ਦਿਲ ਵਿਚ ਆਇਆ ਕਿ ਮੈਂ ਉਥੋਂ ਇਕ ਦਮ ਭੜਕੇ ਬਾਹਰ ਨਿਕਲ ਜਾਵਾਂ ਤੇ ਰਾਤ ਦੇ ਹਨੇਰੇ ਵਿਚ ਅਲੋਪ ਹੋ ਜਾਵਾਂ। ਪਿਛੇ ਮੁੜਿਆ, ਪਰ ਬਦ-ਕਿਸਮਤੀ ਨਾਲ ਬਾਹਰ ਵਾਲਾ ਬੂਹਾ ਬੰਦ ਸੀ। ਮੈਂ ਹੋਰ ਘਾਬਰਿਆ ਤੇ ਫਿਰ ਹੌਲੀ ਹੌਲੀ ਉਸ ਦਰਵਾਜ਼ੇ ਕੋਲ ਆ ਗਿਆ ਤੇ ਪਤਾ ਨਹੀਂ ਕੇਹੜੇ ਵੇਲੇ ਮੇਰੇ ਮੂੰਹੋਂ ਆਪ ਮੁਹਾਰੇ ਹੀ ਨਿਕਲ ਗਿਆ, ਮੈਂ......ਮੈਂ ਕਿਹਾ.....ਮੈਂ ਕਿਹਾ ਜੀ......ਉਹ.....ਉਹ.....ਸਾਹਿਬ ਕਿਥੇ ਨੇ?"

"ਕੇਹੜੇ?" ਉਹ ਮੇਰੀ ਘਬਰਾਹਟ ਨੂੰ ਜਾਣ ਗਈ।

"ਉਹ.....ਉਹੋ.....ਜੇਹੜੇ..... ਜੇਹੜੇ ਮੈਨੂੰ..... ਜੇਹੜੇ ਮੈਨੂੰ ਇਥੇ ਲਿਆਏ ਸਨ।" ਮੇਰੀ ਜ਼ਬਾਨ ਥਿੜਕ ਰਹੀ ਸੀ।

"ਉਨ੍ਹਾਂ ਦੀ ਹੁਣ ਕੀ ਲੋੜ ਏ, ਅੰਦਰ ਲੰਘ ਆਉ।"

ਮੈਂ ਹੈਰਾਨ ਸਾਂ ਜੇ ਉਸ ਆਦਮੀ ਦੀ ਕੋਈ ਲੋੜ ਨਹੀਂ ਫਿਰ ਇਸ ਦੀ ਕੀ ਲੋੜ ਹੈ? ਕਿਹੋ ਜਹੀ ਇਸਤ੍ਰੀ ਹੈ ਇਹ?

"ਲੰਘ ਆਉ ਨਾ ਅੰਦਰ।" ਉਸ ਬੜੇ ਮਿਠੇ ਲਹਿਜੇ ਵਿਚ ਫਿਰ ਕਿਹਾ।

ਮੈਂ ਸ਼ਸ਼ੋਪਨ ਵਿਚ ਪੈ ਗਿਆ ਨਾ ਤਾਂ ਮੈਂ ਬਾਹਰ ਜਾ ਸਕਦਾ ਸਾਂ ਤੇ ਨਾ ਹੀ ਅੰਦਰ ਜਾਣ ਨੂੰ ਮੇਰਾ ਜੀਅ ਕਰਦਾ ਸੀ। ਮੈਨੂੰ ਕੁਝ ਸਮਝ ਨਹੀਂ ਸੀ ਆ ਰਿਹਾ। ਦਿਮਾਗ ਮੇਰਾ ਇਸ ਤਰ੍ਹਾਂ ਘੁੰਮ ਰਿਹਾ ਸੀ ਜਿਵੇਂ ਜ਼ਮੀਨ ਤੇ ਲਾਟੂ। ਮੈਨੂੰ ਆਪਣੇ ਆਪ ਵਿਚ ਇਸ ਤਰ੍ਹਾਂ ਪ੍ਰਤੀਤ ਹੋਇਆ ਜਿਵੇਂ ਮੈਂ ਉਸ ਜਗ੍ਹਾ ਤੇ ਖਲੋਤਾ ਹਾਂ ਜਿਥੇ ਤਾਂ ਇਕ ਪਾਸੇ ਬਹੁਤ ਵਡੀ ਡੂੰਘੀ ਖਾਈ ਹੋਵੇ ਤੇ ਦੂਜੇ ਪਾਸੇ ਇਕ ਬੜਾ ਵਡਾ ਦਰਿਆ ਸ਼ਾਂ ਸ਼ਾਂ ਕਰਦਾ ਵਗ ਰਿਹਾ ਹੋਵੇ। ਜੇ ਅਗੇ ਵਧਾਂ ਤਾਂ ਖਾਈ ਵਿਚ ਡਿਗਦਾ ਹਾਂ, ਤੇ ਜੇ ਪਿਛੇ ਹਟਾਂ ਤਾਂ ਦਰਿਆ ਦੀਆਂ ਤੂਫਾਨੀ ਲਹਿਰਾਂ ਮੈਨੂੰ ਆਪਣੀ ਗੋਦ ਵਿਚ ਲੈਂਦੀਆਂ ਹਨ।

ਪੰਜ ਮਿੰਟ ਬੀਤ ਗਏ, ਪਰ ਮੇਰੀ ਹਾਲਤ ਹੋਰ ਭੈੜੀ ਹੁੰਦੀ ਗਈ। ਅਚਾਨਕ ਉਹ ਲੜਕੀ ਉਠੀ ਤੇ ਮੈਨੂੰ ਬਾਹੋਂ ਫੜਕੇ ਅੰਦਰ ਲੈ ਗਈ ਤੇ ਜ਼ਮੀਨ ਉਤੇ ਵਿਛੇ ਹੋਏ ਕਲੀਨ ਤੇ ਬਿਠਾ ਦਿਤਾ।

"ਮਲੂਮ ਹੁੰਦਾ ਏ ਤੁਸੀਂ ਬੜੇ ਡਰਾਕਲ ਹੋ?" ਉਹ ਬੈਠਦੇ ਹੋਏ ਬੋਲੀ।

"ਜੀ.....ਜੀ......ਹਾਂ.....ਹਾਂ....?" ਤੇ ਮੇਰੇ ਮੂੰਹੋਂ ਹੋਰ ਕੁਝ ਨਾ ਨਿਕਲ ਸਕਿਆ।

"ਡਰੋ ਨਾ ਮੈਂ ਕੋਈ ਆਦਮਖੋਰ ਤਾਂ ਨਹੀਂ, ਮੈਂ ਵੀ ਤੁਹਾਡੇ ਵਰਗੀ ਲਹੂ ਮਾਸ ਦੀ ਬਣੀ ਹੋਈ ਹਾਂ।" ਉਸ ਮੈਂਨੂੰ ਤਸਲੀ ਦਿਤੀ।

ਮੈਂ ਕੁਝ ਕੁਝ ਸੰਭਲਿਆ ਤੇ ਫਿਰ ਪਤਾ ਨਹੀਂ ਮੈਨੂੰ ਕੀ ਸੂਬਿਆ ਤੋ ਮੈਂ ਉਸ ਨੂੰ ਹੌਲੀ ਜਹੀ ਪੁੱਛਿਆ, "ਤੁਸੀਂ ਕੌਣ ਹੋ?"

"ਆ....ਹਾਂ ....ਹਾ....ਹਾਂ....ਵਾਹ ਸਰਦਾਰ ਜੀ ਬੜੇ ਅਜੀਬ ਆਦਮੀ ਹੋ, ਮੇਰੇ ਕੋਲ ਆਕੇ ਮੈਨੂੰ ਹੀ ਪੁਛਦੇ ਹੋ, ਮੈਂ ਕੌਣ ਹਾਂ।" ਉਹ ਉਚੀ ਉਚੀ ਹੱਸ ਰਹੀ ਸੀ।

"ਤੁਹਾਡਾ ਮਤਲਬ?" ਮੈਂ ਉਸਦੇ ਅਚਾਨਕ ਹਾਸੇ ਦਾ ਮਤਲਬ ਨਾ ਸਮਝਦਾ ਹੋਇਆ ਪੁਛਿਆ।

"ਮਤਲਬ ਕੋਈ ਖਾਸ ਨਹੀਂ, ਜਿਸ ਤਰ੍ਹਾਂ ਤੁਸੀਂ ਇਨਸਾਨ ਹੋ, ਉਸੇ ਤਰ੍ਹਾਂ ਦੀ ਮੈਂ ਹਾਂ, ਪਰ ਤੁਹਾਡੇ ਤੇ ਮੇਰੇ ਵਿਚ ਇਕ ਕੁਦਰਤੀ ਫਰਕ ਹੈ ਕਿ ਤੁਸੀਂ ਇਕ ਆਦਮੀ ਹੋ ਤੇ ਮੈਂ ਇਕ ਇਸਤ੍ਰੀ, ਇਕ ਵੇਸਵਾ, ਇਕ ਨਾਚੀ।"

"ਵੇਸਵਾ" ਲਫਜ਼ ਦੇ ਮੇਰੇ ਕੰਨ ਵਿਚ ਪੈਣ ਦੀ ਦੇਰ ਸੀ ਕਿ ਮੈਂ ਹੋਰ ਘਾਬਰ ਗਿਆ। ਹੁਣ ਮੈਨੂੰ ਪੂਰੀ ਤਰ੍ਹਾਂ ਉਸ ਆਦਮੀ ਦੇ "ਮਾਲ" ਦੀ ਸਮਝ ਆ ਗਈ ਸੀ। ਮੈਂ ਪੁਛਿਆ, "ਉਹ ਆਦਮੀ ਕੌਣ ਸੀ?"

"ਮੇਰਾ ਦਲਾਲ।" ਉਸਨੇ ਨਿਝਕ ਹੋਕੇ ਕਹਿ ਦਿਤਾ।

ਚੁਬਾਰਿਆਂ ਤੇ ਬੈਠਣ ਵਾਲੀਆਂ ਦੇ ਵਿਰੁਧ ਮੇਰੇ ਦਿਲ ਵਿਚ ਇਹ ਗਲ ਪਹਿਲੋਂ ਹੀ ਸਮਾ ਚੁਕੀ ਸੀ ਕਿ ਇਨ੍ਹਾਂ ਦੀ ਆਪਣੀ ਤਾਂ ਇਜ਼ਤ ਹੁੰਦੀ ਹੀ ਨਹੀਂ ਤੇ ਸ਼ਰੀਫ਼ਾਂ ਦੀ ਇਜ਼ਤ ਲਾਹੁਣ ਤੋਂ ਝਕਦੀਆਂ ਨਹੀਂ।

"ਕੇਹੜੇ ਵਹਿਮਾਂ ਵਿਚ ਪੈ ਗਏ ਹੋ, ਨਾਚ ਦੇਖੋਗੇ ਜਾਂ ਗਾਣਾ ਸੁਣੋਗੇ ਤੇ ਜਾਂ ਕੁਝ ਹੋਰ...? ਉਸ ਨੇ ਬੜੀ ਨਰਮੀ ਨਾਲ ਕਿਹਾ।

ਮੈਂ ਚੁਪ ਰਿਹਾ, ਕਹਿ ਕੀ ਸਕਦਾ ਸਾਂ? ਨਾ ਤਾਂ ਮੈਂ ਨਾਚ ਦੇਖਣ ਆਇਆ ਸਾਂ ਤੇ ਨਾ ਹੀ ਗਾਣਾ ਸੁਨਣ। ਪਤਾ ਨਹੀਂ ਕਿਉਂ ਮੇਰੇ ਮੂੰਹ ਚੋਂ ਇਕ ਲਫਜ਼ ਤਕ ਨਹੀਂ ਸੀ ਨਿਕਲ ਰਿਹਾ। ਮੈਨੂੰ ਇਦਾਂ ਲਗਦਾ ਸੀ ਜਿਵੇਂ ਹੈ ਜਿਵੇਂ ਕਿਸੇ ਨੇ ਮੇਰੀ ਜੀਬ ਨੂੰ ਚਾਕੂ ਨਾਲ ਕੱਟ ਦਿੱਤਾ ਹੋਵੇ ਤੇ ਮੈਂ ਗੂੰਗਾ ਹੋ ਗਿਆ ਹੋਵਾਂ। "ਮੈਂ ਕਿਹਾ ਸਰਦਾਰ ਜੀ, ਇਹ ਕੋਈ ਮੰਦਰ ਜਾਂ ਧਰਮਸਾਲਾ ਤਾਂ ਨਹੀਂ, ਜਿਥੇ ਜਿਨਾਂ ਚਿਰ ਚਾਹੋ ਬੈਠੇ ਰਹੋ, ਇਹ ਵਪਾਰੀ ਦੀ ਦੁਕਾਨ ਹੈ, ਸੌਦਾ ਲਵੋ ਤੇ ਰਾਹ ਫੜੋ।" ਉਸਨੇ ਬੜੇ ਖਰਵੇ ਲਹਿਜੇ ਵਿਚ ਕਿਹਾ।

"ਨਾ ਤਾਂ ਮੈਂ ਨਾਚ ਵੇਖਣ-ਆਇਆ ਹਾਂ ਤੇ ਨਾ ਹੀ ਗਾਣਾ ਸੁਣਨ।" ਮੇਰੇ ਮੂੰਹੋਂ ਆਪੇ ਹੀ ਸਚ ਸਚ ਨਿਕਲ ਗਿਆ।

"ਤੇ ਹੋਰ ਕੀ ਕਰਨ ਆਏ ਹੋ?"ਉਸਦੇ ਮੂੰਹ ਤੇ ਗੁਸੇ ਦੇ ਚਿੰਨ ਸਨ।

ਮੈਂ ਇਥੇ ਕੀ ਕਰਨ ਆਇਆ ਸਾਂ, ਇਸ ਦਾ ਮੈਨੂੰ ਵੀ ਪਤਾ ਨਹੀਂ ਤੇ ਫਿਰ ਮੈਂ ਜਵਾਬ ਵੀ ਕੀ ਦੇਂਦਾ, ਚੁਪ ਹੀ ਬੈਠਾ ਰਿਹਾ।

"ਕੀ ਪਏ ਸੋਕਦੇ ਹੋ?"

"ਜੀ.....ਜੀ......ਕੁਝ ਨਹੀਂ।"

"ਜ਼ਰੂਰ ਕਿਸੇ ਡੂੰਘੀ ਸੋਚ ਵਿਚ ਹੋ?

"ਨਹੀਂ.....ਨਹੀਂ.....", ਪਰ ਮੈਂ ਕੁਝ ਨ ਬੋਲ ਸਕਿਆ।

"ਸਚ ਕਹਿੰਦੇ ਹੋ?"

"ਬਿਲਕੁਲ ਸਚ।"

"ਨਹੀਂ, ਸ਼ਾਇਦ ਝੂਠ ਵਰਗਾ ਸਚ?"

"ਝੂਠ ਵਰਗਾ ਸਚ ਕੇਹੜਾ ਹੁੰਦਾ ਏ?"

ਮੈਨੂੰ ਕੀ ਪਤਾ, ਆਪਣੇ ਦਿਲ ਕੋਲੋਂ ਪੁਛੋ। ਜਦ ਤੋਂ ਕਿਸਮਤ ਤੇ ਸਮਾਜ ਨੇ ਇਹ ਕੰਮ ਕਰਨ ਤੇ ਮਜ਼ਬੂਰ ਕੀਤਾ ਹੈ, ਮੈਂ ਤਾਂ ਹਮੇਸ਼ਾਂ ਝੂਠ ਵਾਲਾ ਸਚ ਹੀ ਬੋਲਦੀ ਹਾਂ।"

"ਕੀ ਤੁਸੀਂ ਇਹ ਕੰਮ ਜਾਣ ਬੁਝਕੇ ਨਹੀਂ ਕਰਦੇ?"ਮੈਂ ਹੈਰਾਨ ਹੋਕੇ ਪੁਛਿਆ।

"ਨਹੀਂ।"

"ਫੇਰ ਤੁਸੀਂ ਛਡ ਕਿਉਂ ਨਹੀਂ ਦੇਂਦੇ?" "ਦੁਨੀਆਂ ਵਿਚ ਕੁਝ ਕੰਮ ਅਜੇਹੇ ਵੀ ਹੁੰਦੇ ਹਨ, ਜਿਸ ਦੇ ਕਰਨ ਲਈ ਇਨਸਾਨ ਦਾ ਦਿਲ ਨਹੀਂ ਮੰਨਦਾ, ਪਰ ਮਜਬੂਰਨ ਕਰਨੇ ਹੀ ਪੈਂਦੇ ਹਨ।"

"ਇਸ ਦਾ ਮਤਲਬ ਇਹ ਤੁਹਾਡਾ ਜਦੀ ਪੇਸ਼ਾ ਨਹੀਂ?"

"ਜੀ ਨਹੀਂ।"

ਮੈਂ ਚੁਪ ਹੋ ਗਿਆ ਤੇ ਸੋਚਣ ਲਗਾ ‘ਪਤਾ ਨਹੀਂ ਇਸਨੂੰ ਅਜੇਹਾ ਕੰਮ ਕਿਉਂ ਮਜਬੂਰੀ ਕਰਨਾ ਪੈ ਰਿਹਾ ਹੈ। ਕੀ ਇਹ ਸਮਾਜ ਦੇ ਦੁਖੋਂ ਤੰਗ ਆਕੇ ਤਾਂ ਅਜੇਹਾ ਕੰਮ ਕਰਨ ਤੇ ਮਜਬੂਰ ਨਹੀਂ ਹੋ ਗਈ।'

ਮੇਰੇ ਦਿਲ ਵਿਚ ਸ਼ੰਕਾ ਪੈਦਾ ਹੋ ਗਿਆ ਤੇ ਫਿਰ ਮੈਂ ਪੁਛਿਆ, "ਤੁਹਾਡਾ ਨਾਮ"?

"ਜੀ ਨਵਾਂ ਨਾਮ ਮਿਸ ਜ਼ੋਹਰਾ।"

"ਤੇ ਪੁਰਾਣਾ?"

"ਛਡੋ ਉਹ ਕੀ ਪੁਛਦੇ ਹੋ।"

"ਨਹੀਂ ਦਸ ਦਿਉਂ।"

'ਕੈਲਾਸ਼।'

‘ਕੈਲਾਸ਼’ ਨਾਮ ਤਾਂ ਕਿਸੇ ਹਿੰਦੂ ਘਰਾਣੇ ਦੀ ਲੜਕੀ ਦਾ ਹੋ ਸਕਦਾ ਹੈ, ਮੈਂ ਦਿਲ ਵਿਚ ਸੋਚਿਆ ਤੇ ਫਿਰ ਪੁਛਿਆ, "ਕੀ ਤੁਸੀਂ ਮੈਨੂੰ ਆਪਣੇ ਬਾਰੇ ਕੁਝ ਦਸ ਸਕਦੇ ਹੋ?'

‘ਛਡੋ ਇਨਾਂ ਫਜ਼ੂਲ ਗਲਾਂ ਨੂੰ, ਵਕਤ ਗੁਜ਼ਰਦਾ ਜਾ ਰਿਹਾ ਹੈ, ਦਸੋ ਗਾਣਾ ਸੁਣਾਵਾਂ ਜਾਂ ਨਾਚ ਦੇਖੋਗੇ'। ਉਸਨੇ ਗਲ ਨੂੰ ਲੁਕਾਣ ਦਾ ਯਤਨ ਕੀਤਾ।

‘ਮੈਂ ਕੁਝ ਨਹੀਂ ਸੁਣਨਾ।' ਮੈਂ ਪਕੇ ਇਰਾਦੇ ਨਾਲ ਕਿਹਾ।

‘ਤੇ ਫਿਰ ਇਥੇ ਕੀ ਕਰਨ ਆਏ ਹੋ।' ਉਸ ਫਿਰ ਪਹਿਲੇ ਵਰਗਾ ਸੁਆਲ ਕੀਤਾ। ‘ਆਇਆ ਤਾਂ ਮੈਂ ਕਿਸੇ ਕੰਮ ਲਈ ਵੀ ਨਹੀਂ ਸਾਂ, ਪਰ ਇਥੇ ਆਕੇ ਮੈਨੂੰ ਤੁਹਾਡੀਆਂ ਗਲਾਂ ਤੋਂ ਮਹਿਸੂਸ ਹੋਇਆ ਹੈ ਕਿ ਤੁਹਾਡੇ ਨਾਲ ਕੋਈ ਵਡਾ ਜ਼ੁਲਮ ਹੋਇਆ ਹੈ। ਮੈਂ ਚਾਹੁੰਦਾ ਹਾਂ ਕਿ ਤੁਸੀਂ ਮੈਨੂੰ ਆਪਣੇ ਜੀਵਨ ਬਾਰੇ ਕੁਝ ਜ਼ਰੂਰ ਦਸੋ। ਮੈਂ ਸਾਫ ਸਾਫ ਕਹਿ ਦਿਤਾ।

‘ਛਡੋ ਪਰੇ ਜਾਣਕੇ ਕੀ ਕਰੋਗੇ।'

‘ਨਹੀਂ ਤੁਸੀਂ ਜ਼ਰੂਰ ਦਸੋ।' ਮਾਂ ਜ਼ਿਦ ਕੀਤੀ।

'ਨਹੀਂ......ਨਹੀਂ......ਤੁਸੀਂ ਜ਼ਿਦ ਨ ਕਰੋ, ਮੇਰਾ ਦਿਲ ਨਾ ਦੁਖਾਉ।' ਉਸ ਦੀਆਂ ਅਖਾਂ ਵਿਚ ਅਥਰੂ ਸਨ।

ਮੈਂ ਸ਼ਰਮਿੰਦਾ ਹਾਂ, ਮੇਰੇ ਕਾਰਨ ਤੁਹਾਨੂੰ ਬਹੁਤ ਦੁਖ ਹੋਇਆ ਹੈ, ਪਰ ਜੇ ਥੋੜੀ ਕਿਰਪਾ ਕਰ ਦਿਓ ਤਾਂ ...........।' ਤੇ ਮੈਂ ਅਗੇ ਨਾ ਬੋਲਿਆ

ਉਹ ਚੁਪ ਰਹੀ।

ਤੇ ਫਿਰ ਕਹਿਣ ਲੱਗੀ:-

‘ਮੈਂ ਇਕ ਚੰਗੇ ਹਿੰਦੂ ਘਰਾਣੇ ਦੀ ਲੜਕੀ ਹਾਂ, ਮੇਰੇ ਪਿਤਾ ਜੀ ਅੰਮ੍ਰਿਤਸਰ ਵਿਚ ਚਾਹ ਦਾ ਵਪਾਰ ਕਰਦੇ ਸਨ। ਸਾਡੇ ਘਰ ਦੇ ਸਾਹਮਣੇ ਇਕ ਲੜਕਾ ਰਹਿੰਦਾ ਸੀ,ਜੋ ਮੇਰੇ ਨਾਲ ਦਸਵੀਂ ਜਮਾਤ ਵਿਚ ਪੜਦਾ ਸੀ। ਮੈਂ ਤੁਹਾਨੂੰ ਆਪਣੀ ਕਹਾਣੀ ਬਹੁਤ ਵਿਸਥਾਰ ਨਾਲ ਨਹੀਂ ਸੁਣਾਵਾਂਗੀ। ਹਾਂ, ਉਹ ਲੜਕਾ ਮੇਰੇ ਨਾਲ ਪਿਆਰ ਦਾ ਸਵਾਂਗ ਭਰਦਾ ਸੀ। ਮੇਰੇ ਦਿਲ ਵਿਚ ਵੀ ਪਿਆਰ ਦੇ ਜਜ਼ਬੇ ਦੀ ਉਨਸ ਪੈਦਾ ਹੋਈ ਤੇ ਮੈਂ ਇਸ ਦੀਆਂ ਚਾਲਾਂ ਵਿਚ ਆ ਗਈ। ਅਸੀਂ ਰੋਜ ਮਿਲਦੇ ਤੇ ਫਿਰ ਇਕ ਦਿਨ ਇਕਠਾ ਜੀਵਨ ਗੁਜ਼ਾਰਨ ਦਾ ਵਾਇਦਾ ਹੋਇਆ, ਜੀਵਨ ਮਰਨ ਦੀ ਸਾਂਝ ਅਸਾਂ ਪਾ ਲਈ।

ਕੁਝ ਚਿਰ ਬਾਦ ਮੇਰੇ ਘਰ ਵਾਲਿਆਂ ਨੂੰ ਪਤਾ ਲਗ ਗਿਆ ' ਤੇ ਮੇਰਾ ਉਸ ਨਾਲ ਮਿਲਣਾ ਬਿਲਕੁਲ ਬੰਦ ਕਰ ਦਿਤਾ। ਸ਼ਰਮ ਨੇ ਮੇਰੀ ਜ਼ਬਾਨ ਬੰਦ ਕਰ ਦਿਤੀ ਤੇ ਹਯਾ ਨੇ ਅਖਾਂ ਨੂੰ ਨੀਵੀਆਂ ਕਰ ਦਿਤਾ।

ਅੰਤ ਇਕ ਦਿਨ ਅਸੀਂ ਕਿਸੇ ਤਰਾਂ, ਮਿਲੇ ਤੇ ਸ਼ਹਿਰੋਂ ਭਜ ਜਾਣ ਦਾ ਫੈਸਲਾ ਕੀਤਾ।

ਰਾਤ ਦੇ ਤਕਰੀਬਨ ਇਕ ਵਜੇ ਜਦ ਘਰ ਵਾਲੇ ਘੂਕ ਸੁਤੇ ਪਏ ਸਨ, ਕੋਈ ਪੰਜ ਹਜ਼ਾਰ ਰੁਪਿਆ ਨਕਦ ਤੇ ਚਾਰ ਕੁ ਹਜ਼ਾਰ ਰੁਪੈ ਦੇ ਗਹਿਣੇ ਆਦਿ ਲੈਕੇ ਮੈਂ ਘਰੋਂ ਚੁੱਪ ਚੁਪੀਤੀ ਨਿਕਲ ਆਈ। ਗਲੀ ਦੀ ਮੋੜ ਤੇ ਉਹ ਖਲੋਤਾ ਮੇਰੀ ਇੰਤਜ਼ਾਰ ਕਰ ਰਿਹਾ ਸੀ। ਅਸੀਂ ਸਿਧਾ ਸਟੇਸ਼ਨ ਤੇ ਪੁਜੇ ਤੇ ਬੰਬਈ ਦੀ ਟਿਕਟ ਕਟਵਾ ਲਈ।

ਬੰਬਈ ਪਹੁੰਚਕੇ ਅਸੀਂ ਇਕ ਹੋਟਲ ਵਿਚ ਕਮਰਾ ਕਰਾਏ ਤੇ ਲੈ ਲਿਆ ਤੇ ਫਿਰ ਦੂਜੇ ਦਿਨ ਸਭ ਤੋਂ ਪਹਿਲਾਂ ਮੰਦਰ ਵਿਚ ਜਾਕੇ ਹਿੰਦੂ ਮਰਯਾਦਾ ਅਨੁਸਾਰ ਸ਼ਾਦੀ ਕਰ ਲਈ। ਕੁਝ ਦਿਨਾਂ ਬਾਦ ਅਸਾਂ ਇਕ ਮਕਾਨ ਕਰਾਏ ਤੇ ਲੈ ਲਿਆ। ਦੋ ਮਹੀਨੇ ਤਾਂ ਬੜੇ ਚੰਗੇ ਗੁਜ਼ਰੇ, ਬੜੀਆਂ ਐਸ਼ਾਂ ਕੀਤੀਆਂ। ਪੈਸੇ ਦਿਨ-ਬ- ਦਿਨ ਮੁਕਦੇ ਗਏ ਤੇ ਜਦ ਮੈਂ ਉਸ ਨੂੰ ਕੋਈ ਕੰਮ ਕਰਨ ਲਈ ਕਹਿੰਦੀ ਤਾਂ ਹਰ ਵੇਲੇ ਇਕੋ ਹੀ ਜਵਾਬ ਮਿਲਦਾ, "ਹਾਲੇ ਕੁਝ ਹੋਰ ਐਸ਼ ਤਾਂ ਕਰ ਲਈਏ, ਸਾਰੀ ਉਮਰ ਕੰਮ ਕਰਨ ਵਾਸਤੇ ਹੀ ਪਈ ਹੈ।"

ਮੈਂ ਚੁਪ ਹੋ ਜਾਂਦੀ, ਹਾਂ ਉਹਨਾਂ ਦਿਨਾਂ ਵਿਚ ਮੈਨੂੰ ਦੂਜਾ ਮਹੀਨਾ ਜਾਂਦਾ ਸੀ। ਇਕ ਨਵੇਂ ਆਉਣ ਵਾਲੇ ਜੀਅ ਨੂੰ ਵੇਖਣ ਲਈ ਮੇਰਾ ਦਿਲ ਉਤਾਵਲਾ ਹੋ ਹੋ ਪੈਂਦਾ, ਮੈਂ ਦਿਲ ਹੀ ਦਿਲ ਵਿਚ ਉਸ ਦੀ ਸ਼ਕਲ ਸੂਰਤ ਚਿਤਰਦੀ, ਉਸ ਦੇ ਨਾਮ ਦੀ ਚੋਣ ਕਰਦੀ, ਉਸ ਲਈ ਚੀਜ਼ਾਂ ਬਣਾ ਬਣਾ ਕੇ ਰਖਦੀ ਤੇ ਪਤਾ ਨਹੀਂ ਕੀ ਕੀ ਮੈਂ ਉਸ ਲਈ ਸੋਚਦੀ ਰਹਿੰਦੀ।

ਪੈਸੇ ਖਤਮ ਹੋਣ ਤੇ ਆ ਗਏ, ਪਰ ਉਸ ਨੇ ਕੋਈ ਕੰਮ ਧੰਦਾ ਨਾ ਕੀਤਾ। ਸਾਰਾ ਦਿਨ ਘਰ ਲੰਮਾ ਪਿਆ ਰਹਿੰਦਾ ਤੇ ਜਾਂ ਦੇਹ ਚੁਪ ਕਰ ਗਈ। ਉਸ ਦੀਆਂ ਅਖਾਂ ਵਿਚੋਂ ਹੰਝੂ ਲਗਾਤਾਰ ਵਗ ਰਹੇ ਸਨ। ਮੇਰੇ ਮੂੰਹੋਂ ਨਿਕਲਿਆਂ ‘ਹਾਂ..ਹਾਂ... ਤਾਂ ਕੀ ਹੋਇਆ ਹੈ ਤਾਂ ਜਾਂ ਫਿਰ ਬਜ਼ਾਰ ਵਿਚ ਸਾਰਾ ਸਾਰਾ ਦਿਨ ਫਿਰਦਾ ਰਹਿੰਦਾ। ਕੰਮ ਕਰਨ ਨੂੰ ਉਸਦਾ ਬਿਲਕੁਲ ਦਿਲ ਨਾ ਕਰਦਾ ਤੇ ਇਕ ਦਿਨ ਉਹ ਇਕ ਲੇਡੀ ਡਾਕਟਰ ਨੂੰ ਲੈ ਆਇਆ ਤੇ ਮੈਂਨੂੰ ਹਮਲ ਡਿਗਾਣ ਲਈ ਕਿਹਾ। ਮੈਂ ਬੜੀ ਰੋਈ, ਕੁਰਲਾਈ, ਨੰਨੀ ਜ਼ਿੰਦਗੀ ਦੇ ਵਾਸਤੇ ਪਾਏ, ਪਰ ਉਸ ਕੁਝ ਨਾ ਸੁਣਿਆਂ ਤੇ ਅੰਤ ਇਕ ਨੰਨਾਂ ਜ਼ਿੰਦਗੀ ਦਾ ਖੂਨ ਕਰ ਦਿਤਾ ਗਿਆ। ਹੁਣ ਉਸ ਹਰ ਵੇਲੇ ਮੇਰੇ ਨਾਲ ਲੜਨਾ ਸ਼ੁਰੂ ਕਰ ਦਿਤਾ, ਗਲ ਗਲ ਤੇ ਝਗੜਨ ਲਗ ਪੈਂਦਾ, ਕੋਈ ਗਲ ਕਰੋ ਮਾਰਨ ਪੈਂਦਾ। ਪੈਸੇ ਤਕਰੀਬਨ ਖਤਮ ਹੋ ਗਏ ਸਨ ਤੇ ਗਹਿਣੇ ਵੇਚ ਖਰਚ ਚਲ ਰਿਹਾ ਸੀ। ਪਰ ਖਾਂਦਿਆਂ ਖਾਂਦਿਆਂ ਤਾਂ ਖੂਹ ਵੀ ਖਾਲੀ ਹੋ ਜਾਂਦੇ ਹਨ। ਹੁਣ ਉਸ ਨੂੰ ਹੋਰ ਐਬਾਂ ਦੇ ਨਾਲ ਨਾਲ ਜੂਆ ਖੇਡਣ ਦੀ ਆਦਤ ਵੀ ਪੈ ਗਈ। ਹੋਰ ਆਦਮੀਆਂ ਘਰ ਲਿਆਕੇ ਜੂਆ ਖੇਡਦਾ ਰਹਿੰਦਾ, ਸ਼ਰਾਬ ਦੇ ਦੌਰ ਚਲਦੇ ਫਿਰ ਨਸ਼ੇ ਵਿਚ ਚੂਰ ਹੋਕੇ ਉਹ ਮੇਰੇ ਤੇ ਆ ਪੈਂਦਾ। ਇਕ ਦਿਨ ਉਸ ਨੇ ਕੇਵਲ ਪੰਜਾਂ ਰੁਪਿਆਂ ਦੇ ਬਦਲੇ ਮੈਨੂੰ ਇਕ ਘੰਟੇ ਲਈ ਵੇਚ ਦਿਤਾ। ਮੈਂ ਬੜੇ ਵਾਸਤੇ ਪਾਏ, ਆਪਣੇ ਪਿਆਰ ਦੀ ਸੌਂਹ ਪਾਈ, ਪਰ ਉਸ ਮਿਟੀ ਦੇ ਮਾਧੋ ਤੇ ਕੋਈ ਅਸਰ ਨਾ ਹੋਇਆ। ਹੁਣ ਉਹ ਆਪਣੇ ਨਾਲ ਵੰਨ-ਸੁ-ਵੰਨ ਆਦਮੀ ਲਿਆਂਦਾ ਤੇ ਆਪਣੇ ਸਾਹਮਣੇ ਮੇਰੇ ਕੋਲੋਂਪੇਸ਼ਾ ਕਰਵਾਂਦਾ ਪਹਿਲੇ ਇਕ ਜਾਂ ਦੋ, ਫਿਰ ਚਾਰ ਚਾਰ ਜਾਂ ਪੰਜ ਪੰਜ ' ਤੇ ਆ ਦਸ ਦਸ ਆਦਮੀ ਰੋਜ਼ ਆਉਣੇ ਸ਼ੁਰੂ ਹੋ ਗਏ। ਮੇਰੇ ਸਰੀਰ ' ਕੁਚਲ ੨ ਕੇ ਤੇ ਛਾਤੀਆਂ ਨੂੰ ਪਰੋੜ ਮਰੋੜ ਕੇ ਤੇ ਪਾਸੇ ਭੰਨ ਤੋ -੧੮ਕੇ ਉਹ ਆਪਣੇ ਆਪਣੇ ਘਰਾਂ ਨੂੰ ਚਲੇ ਜਾਂਦੇ ਤੇ ਉਹਨਾਂ ਪੈਸਿਆਂ ਨਾਲ ਉਹ ਜੂਆ ਖੇਡਦਾ, ਸ਼ਰਾਬ ਪੀਂਦਾ ਤੇ ਰੰਡੀਆਂ ਕੋਲ ਜਾਂਦਾ। ਰਾਤ ਨੂੰ ਘਰ ਆਉਂਦਾ ਤਾਂ ਸ਼ਰਾਬ ਦੇ ਨਸ਼ੇ ਵਿਚ ਪਾਗਲ ਹੋਇਆ। ਮੈਨੂੰ ਉਹ ਇਕ ਪੈਸਾ ਤਕ ਨਾ ਦੇਂਦਾ। ਕਈ ਕਈ ਦਿਨ ਮੈਨੂੰ ਰੋਟੀ ਵੀ ਨਸੀਬ ਨਾ ਹੁੰਦੀ। ਮੈਂ ਜ਼ਿੰਦਗੀ ਦੇ ਹਥੋਂ ਤੰਗ ਆ ਗਈ ਘਰੋਂ ਨਿਕਲ ਜਾਣ ਦਾ ਖਿਆਲ ਆਂਦਾ ਤਾਂ ਮੈਂ ਸੋਚਦੀ 'ਜਾਵਾਂਗੀ ਕਿਥੇ, ਕੀ ਘਰ ਵਾਲੇ ਮੈਨੂੰ ਮੂੰਹ ਕਾਲੀ ਨੂੰ ਘਰ ਵਾੜਨ ਗੇ' ਤੇ ਫਿਰ ਇਕ ਦਿਨ ਆਤਮਘਾਤ ਕਰਨ ਲਈ ਮੈਂ ਛਤ ਨੂੰ ਰਸੀ ਪਾਈ ਹੀ ਸੀ ਕਿ ਉਹ ਆ ਗਿਆ।

ਮੈਂ ਬੜਾ ਦੁਖੀ ਜੀਵਨ ਗੁਜ਼ਾਰ ਰਹੀ ਸਾਂ। ਉਸ ਨੂੰ ਮੇਰੀ ਇਸ ਹਾਲਤ ਤੇ ਵੀ ਸਬਰ ਨਾ ਆਇਆ ਤੇ ਉਸ ਨੇ ਮੈਨੂੰ ਇਕ ਬੁਢੀ ਵੇਸਵਾ ਕੋਲ ਦੋ ਸੌ ਰੁਪੈ ਤੇ ਵੇਚ ਦਿਤਾ ਤੇ ਉਹ ਬੁਢੀ ਫਫੇ ਕੁਟਣ ਮੈਨੂੰ ਆਪਣੇ ਨਾਲ ਲੈ ਗਈ।

ਮੈਂ ਉਸ ਬੁਢੀ ਅਗੇ ਬੜੇ ਹਥ ਜੋੜੇ, ਹਾੜੇ ਕਢੇ, ਵਾਸਤੇ ਪਾਏ, ਤਰਲੇ ਲੈ ਲੈ ਕੇ ਉਸ ਅਗੇ ਵਾਸਤੇ ਪਾਏ, ਰੋ ਰੋ ਕੇ ਅਖਾਂ ਲਾਲ ਸੁਰਖ ਕਰ ਲਈਆਂ, ਮਥੇ ਟੇਕ ਟੇਕ ਕੇ ਉਸ ਅਗੇ ਬੇਨਤੀ ਕੀਤੀ ਕਿ ਉਹ ਮੇਰੇ ਕੋਲੋਂ ਪੇਸ਼ਾ ਨਾ ਕਰਵਾਏ, ਹੋਰ ਜੋ ਕੁਝ ਉਹ ਚਾਹੇਗੀ ਮੈਂ ਕਰਾਂਗੀ, ਬਹੁਤ ਗਿੜਗੜਾਈ ਪਰ ਅਸਰ ਉਲਟਾ ਹੀ ਹੋਇਆ। ਫਿਰ ਉਸ ਮੈਨੂੰ ਨਾਚ ਗਾਣਾ ਸਿਖਾਇਆ ਤੋਂ ਉਹ ਮੈਨੂੰ ਹਰ ਰੋਜ਼ ਆਪਣੇ ਅਡੇ ਤੇ ਲੈ ਜਾਂਦੀ। ਉਥੋਂ ਮੈਂ ਗਾਣੇ ਗਾਂਦੀ, ਨਾਚ ਕਰਦੀ ਤੇ ਸਮਾਜ ਦੇ ਠੇਕੇਦਾਰਾਂ ਦਾ ਦਿਲ ਪਰਚਾਂਦੀ ਤੇ ਫਿਰ ਰਾਤ ਨੂੰ ਯਾਰਾਂ ਵਜੇ ਤੋਂ ਬਾਦ ਉਹ ਮੇਰੇ ਸਰੀਰ ਨੂੰ ਵੇਚਦੀ ਤੇ ਅਜ ਤੁਸੀਂ ਵੀ ਉਸੇ ਬੁਢੀ ਦੇ ਅਡੇ ਤੇ ਬੈਠੇ ਹੋ, ਇਹ ਜੇ ਮੇਰੀ ਕਹਾਣੀ, ਸੁਣ ਲਈ ਜੇ ਨਾ।'

ਉਹ ਚੁਪ ਹੋ ਗਈ ਤੇ ਮੈਂ ਸੁੰਨ ਹੋਇਆ ਬੈਠਾ ਸਾਂ। ਉਸ ਦੀ ਦਰਦ ਭਰੀ ਕਹਾਣੀ ਸੁਣ ਕੇ ਮੇਰਾ ਦਿਲ ਬਹੁਤ ਦੁਖੀ ਹੋਇਆ।

'ਉਸ ਮੁੰਡੇ ਦਾ ਨਾਮ?' ਅਚਾਨਕ ਮੈਂ ਉਸ ਨੂੰ ਪੁੱਛਿਆ।

'ਛਡੋ ਕੀ ਪੁਛਦੇ ਹੋ ਉਸ ਦੁਸ਼ਟ ਦਾ ਨਾਮ?' ਉਸ ਅਥਰੂ ਪੂੰਜਦੇ ਜਵਾਬ ਦਿਤਾ।

'ਫੇਰ ਵੀ?’

‘ਰਾਜਿੰਦਰ, ਚੌਂਕ ਮੰਨਾ ਸਿੰਘ ਵਿਚ ਰਹਿੰਦੇ ਸਨ।'

‘ਹੈਂ! ਰਾਜਿੰਦਰ, ਲਾਲਾ ਹੀਰਾ ਲਾਲ ਦਾ ਪੁਤਰ?'

‘ਜੀ ਹਾਂ।'

‘ਲਾਹਨਤ ਹੈ ਤੇਰੀ ਕਰਤੂਤ ਤੇ ਰਾਜਿੰਦਰ।'

‘ਕੀ ਤੁਸੀਂ ਉਸ ਨੂੰ ਜਾਣਦੇ ਹੋ?' ਉਹ ਹੈਰਾਨ ਹੋ ਗਈ।

‘ਜੀ ਹਾਂ, ਉਹ ਮੇਰਾ ਦੋਸਤ ਸੀ।' ਮੈਂ ਸ਼ਰਮਿੰਦਾ ਹੋ ਗਿਆ।

‘ਸ਼ਾਇਦ ਤੁਸੀਂ ਵੀ ਆਪਣੇ ਦੋਸਤ ਵਰਗੇ ਤਾਂ ਨਹੀਂ? ਉਸ ਤਾਹਨਾ ਮਾਰਿਆ।

‘ਨਹੀਂ, ਨਹੀਂ ਕੈਲਾਸ਼ ਪੰਜੇ ਉਂਗਲਾਂ ਇਕੋ ਜਹੀਆਂ ਨਹੀਂ ਹੁੰਦੀਆਂ।' ਮੇਰਾ ਹਿਰਦਾ ਕੁਰਲਾ ਉਠਿਆ।

ਮੈਂ ਚੁਪ ਹੋ ਗਿਆ ਤੇ ਕੰਧ ਨਾਲ ਢਾਸਣਾ ਲਾ ਲਿਆ। ਮੈਂ ਪੱਥਰ ਦੇ ਬੁਤ ਦੀ ਤਰਾਂ ਸਿਰ ਨਿਵਾਂ ਸੁਟੀ ਹੇਠਾਂ ਵੇਖ ਰਿਹਾ ਸਾਂ। ਮੈਨੂੰ ਇਸ ਤਰਾਂ ਲਗ ਰਿਹਾ ਸੀ ਜਿਵੇਂ ਮੇਰੇ ਅੰਦਰ ਅਗ ਦੇ ਭਾਂਬੜ ਬਲ ਰਹੇ ਹੋਣ ਤੇ ਮੈਂ ਆਪਣੇ ਆਪ ਨੂੰ ਸੜਦਾ ਪ੍ਰਤੀਤ ਕਰ ਰਿਹਾ ਹੋਵਾਂ। ਕੈਲਾਸ਼ ਸਾਹਮਣੇ ਕੰਧ ਵਲ ਟਿਕ ਟਿਕੀ ਲਾ ਕੇ ਵੇਖ ਰਹੀ ਸੀ। ਕਮਰੇ ਵਿਚ ਲਗੀ ਘੜੀ ਨੇ ਅਚਾਨਕ ਰਾਤ ਦੇ ਬਾਰਾਂ ਵਜਾਏ। ਮੈਨੂੰ ਬਿਲਕੁਲ ਚੁਪ ਚੁਪੀਤਾ ਬੈਠਾ ਦੇਖਕੇ ਕੈਲਾਸ਼ ਬੋਲੀ ‘ਹੋਰ ਕੋਈ ਸੇਵਾ ਸਰਦਾਰ ਜੀ?'

‘ਧੰਨਵਾਦ, ਤੁਹਾਨੂੰ ਅਜ ਮੇਰੇ ਕਾਰਨ ਬੜੀ ਤਕਲੀਫ ਹੋਈ ਹੈ, ਮੈਂ ਬੜਾ ਸ਼ਰਮਿੰਦਾ ਹਾਂ।' ਮੈਂ ਸਿਰ ਉਚਾ ਕਰਕੇ ਜਵਾਬ ਦਿਤਾ ਤੇ ਉਸ ਦੇ ਮੂੰਹ ਵਲ ਚਕਿਆ ਰੌ ਰੋ ਕੇ ਉਸ ਦੀਆਂ ਅਖਾਂ ਲਾਲ ਸੁਰਖ ਹੋਈਆਂ ਪਈਆਂ ਸਨ ਤੇ ਗਲ੍ਹਾਂ ਫੁਲੀਆਂ ਫੁਲੀਆਂ ਜਾਪਦੀਆਂ ਸਨ। ਮੈਂ ਦਿਲ ਹੀ ਦਿਲ ਵਿਚ ਸੋਚਿਆ ਪਤਾ ਨਹੀਂ ਇਸ ਵਰਗੀਆਂ ਹੋਰ ਕਿਤਨੀਆਂ ਹੀ ਨੌਜਵਾਨ ਜਿੰਦੜੀਆਂ ਸਮਾਜ ਦੇ ਲਗੇ ਕੋਹਲੂ ਵਿਚ ਪੀਸੀਆਂ ਜਾ ਰਹੀਆਂ ਹਨ। ਮੈਂ ਆਪਣੇ ਮਨ ਵਿਚ ਸਮਾਜ ਦੇ ਉਨ੍ਹਾਂ ਨੌਜਵਾਨਾਂ ਨੂੰ, ਜੋ ਪਿਆਰ ਦੇ ਪਵਿਤਰ ਜਜ਼ਬੇ ਦੇ ਨਾਮ ਤੇ ਕਾਮ ਵਾਸ ਹੋਕੇ ਭੋਲੀਆਂ ੨ ਜਿੰਦੜੀਆਂ ਨਾਲ ਜੋ ਕੁਕਰਮ ਕਰਦੇ ਹਨ ਤੇ ਉਨ੍ਹਾਂ ਨੂੰ ਲਾਰੇ ਲਾ ਲਾ ਕੇ ਤੇ ਝਸ ਦੇ ਦੇ ਕੇ ਘਰੋਂ ਬੇਘਰ ਕਰਦੇ ਹਨ, ਲਾਹਨਤਾਂ ਪਾ ਰਿਹਾਂ ਸਾਂ ਕਿ ਅਚਾਨਕ ਮੈਨੂੰ ਕੁਝ ਫੁਰਿਆ ਤੇ ਖੁਸ਼ੀ ਨਾਲ ਮੇਰਾ ਮੂੰਹ ਚਮਕ ਉਠਿਆ, ਮੈਨੂੰ ਇਸ ਤਰਾਂ ਪ੍ਰਤੀਤ ਹੋਇਆ ਜਿਵੇਂ ਬਹੁਤੇ ਚਿਰ ਤੋਂ ਗਵਾਚੀ ਕੋਈ ਚੀਜ਼ ਮੈਨੂੰ ਲਭ ਪਈ ਹੋਵੇ ਤੇ ਮੈਂ ਉਸ ਨੂੰ ਮੁੜ ਪ੍ਰਾਪਤ ਕਰਕੇ ਬੜਾ ਖੁਸ਼ ਹੋ ਰਿਹਾ ਹੋਵਾਂ। ਮੈਂ ਪੁੱਛਿਆ, 'ਕੀ ਤੁਸੀਂ ਇਸ ਕੰਮ ਨੂੰ ਛਡ ਨਹੀਂ ਸਕਦੇ?'

'ਸਰਦਾਰ ਜੀ ਛਡਕੇ ਭੁਖਾ ਮਰਨਾ ਹੈ।' ਉਸ ਮੇਰੇ ਵਲ ਤਕਦੇ ਹੋਏ ਇਕ ਉਚੀ ਸਾਰੀ ਆਹ ਭਰਦੇ ਕਿਹਾ।

‘ਮੈਂ ਚਾਹੁੰਦਾ ਹਾਂ, ਤੁਹਾਨੂੰ ਮੁੜ ਤੁਹਾਡੇ ਪਹਿਲੇ ਜੀਵਨ ਵਿਚ ਲੈ ਜਾਵਾਂ।' ਮੇਰੇ ਮੂੰਹੋਂ ਆਪ ਮੁਹਾਰੇ ਨਿਕਲ ਗਿਆ।

'ਆ......ਹਾ.......ਹਾ......ਹਾ......ਸਰਦਾਰ ਜੀ ਤੁਸੀਂ ਭੋਲੀਆਂ ਗਲਾਂ ਕਰਦੇ ਹੋ, ਭਲਾ ਮੇਰੇ ਵਰਗੀ ਅਪਵਿਤ੍ਰ ਲੜਕੀ ਲਈ ਤੁਹਾਡੇ ਸਮਾਜ ਵਿਚ ਕੋਈ ਥਾਂ ਹੈ। ਕੀ ਮਾਤਾ ਪਿਤਾ ਮੈਨੂੰ ਇਸ ਹਾਲਤ ਵਿਚ ਆਪਣੇ ਘਰ ਰਖ ਲੈਣਗੇ? ਇਹ ਕਦੀ ਨਹੀਂ ਹੋ ਸਕਦਾ ਸਰਦਾਰ ਜੀ, ਇਹ ਬਿਲਕੁਲ ਨਾ-ਮੁਮਕਿਨ ਹੈ।' ਉਹ ਇਕੋ ਸਾਹ ਸਭ ਕੁਝ ਕਹਿ ਗਈ।

'ਨਹੀਂ ਕੈਲਾਸ਼ ਤੂੰ ਭੁਲਦੀ ਏਂ, ਤੂੰ ਮੇਰੀਆਂ ਨਜ਼ਰਾਂ ਵਿਚ ਉਤਨੀ ਹੀ ਪਵਿਤ੍ਰ ਹੈਂ ਜਿਤਨਾ ਗੰਗਾ ਦਾ ਜਲ। ਤੂੰ ਇਹ ਕੰਮ ਕੋਈ ਜਾਣ ਬੁਝਕੇ ਥੋੜਾ ਹੀ ਕੀਤਾ ਹੈ, ਇਹ ਸਭ ਕੁਝ ਤੇਰੇ ਕੋਲੋਂ ਮਜਬੂਰਨ ਕਰਵਾਇਆ ਗਿਆ ਹੈ। ਮੈਂ ਤੈਨੂੰ ਤੇਰੇ ਮਾਪਿਆਂ ਕੋਲ ਛਡ ਆਵਾਂਗਾ, ਤੈਨੂੰ ਕੋਈ ਫਿਕਰ ਨਹੀਂ ਕਰਨਾ ਚਾਹੀਦਾ, ਮੈਂ ਸਭ ਕੁਝ ਠੀਕ ਕਰ ਲਵਾਂਗਾ, ਚਲ ਉਠ ਚਲੀਏ।' ਮੈਂ ਬੜੇ ਹੌਂਸਲੇ ਨਾਲ ਕਿਹਾ।

‘ਨਹੀਂ ਸਰਦਾਰ ਜੀ, ਮੈਂ ਅਭਾਗਣ ਜਾਕੇ ਆਪਣੇ ਮਾਪਿਆਂ ਨੂੰ ਹੋਰ ਦੁਖੀ ਨਹੀਂ ਕਰਨਾ ਚਾਹੁੰਦੀ, ਉਹ ਅਗੇ ਹੀ ਮੇਰੇ ਕੋਲੋਂ ਬਹੁਤ ਦੁਖੀ ਹੋਣ ਗੇ। ਮੈਂ ਤਾਂ ਉਨ੍ਹਾਂ ਦੇ ਭਾਵ ਦੀ ਮਰ ਚੁਕੀ ਹਾਂ। ਜੇ ਮੈਂ ਉਨ੍ਹਾਂ ਕੋਲ ਚਲੀ ਗਈ ਤਾਂ ਸਮਾਜ ਦੇ ਠੇਕੇਦਾਰ ਉਹਨਾਂ ਨੂੰ ਰਾਹ ਰਾਹ ਤੇ ਬੋਲੀਆਂ ਮਾਰਨਗੇ ਕਦਮ ਕਦਮ ਤੇ ਟਿਚਕਰਾਂ ਕਰਨਗੇ।' ਉਸ ਬੜੀ ਤਸਲੀ ਨਾਲ ਕਿਹਾ।

‘ਕੈਲਾਸ਼ ਤੂੰ ਭੁਲਦੀ ਏਂ, ਭਲਾ ਦਸ ਸਮਾਜ ਕਿਸ ਬਲਾ ਦਾ ਨਾਮ ਹੈ। ਅਸੀਂ ਤੁਸੀਂ ਜਦੋਂ ਆਪਸ ਵਿਚ ਮਿਲਕੇ ਰਹਿੰਦੇ ਹਾਂ ਤਾਂ ਉਸ ਇਕਠ ਨੂੰ ਅਸੀਂ ਸਮਾਜ ਕਹਿ ਲੈਂਦੇ ਹਾਂ, ਤੇ ਫਿਰ ਸਮਾਜ ਤੇ ਸਾਡੇ ਵਿਚ ਕੀ ਫਰਕ ਹੋਇਆ, ਇਕੋ ਦਰਖਤ ਦੇ ਦੋ ਟਾਹਣ। ਤੈਨੂੰ ਬਿਲਕੁਲ ਨਹੀਂ ਡਰਨਾ ਚਾਹੀਦਾ, ਮੈਂ ਰਾਹ ਰਾਹ ਤੇ ਤੇਰਾ ਮਦਦਗਾਰ ਸਾਬਤ ਹੋਵਾਂਗਾ, ਕਦਮ ਕਦਮ ਤੇ ਤੇਰਾ ਸਾਥ ਦੇਵਾਂਗਾ ਚਲ ਉਠ ਛੇਤੀ ਕਰ ਚਲੀਏ।' ਮੈਂ ਉਸ ਨੂੰ ਬਾਂਹੋਂ ਫੜਕੇ ਉਚਾ ਕਰਕੇ ਕਿਹਾ।

ਉਹ ਚੁਪ ਕਰਕੇ ਕਠਪੁਤਲੀ ਦੀ ਤਰਾਂ ਨਾਲ ਦੇ ਕਮਰੇ ਵਿਚ ਚਲੀ ਗਈ ਤੇ ਪੰਜਾਂ ਮਿੰਟਾਂ ਬਾਦ ਕਪੜੇ ਬਦਲਕੇ ਉਸੇ ਕਮਰੇ ਵਿਚ ਆ ਗਈ। ਉਸ ਵਲ ਵੇਖਿਆ, ਸ਼ਾਂਤੀ ਉਸ ਦੇ ਚਿਹਰੇ ਤੇ ਝਲਕ ਰਹੀ ਸੀ, ਬਿਲਕੁਲ ਦੇਵੀ ਜਾਪਦੀ ਸੀ ਉਹ ਉਸ ਵੇਲੇ।

‘ਚਲੀਏ ਕੈਲਾਸ਼?’ ਮੈਂ ਕਿਹਾ।

'ਜਿਦਾਂ ਤੁਹਾਡੀ ਮਰਜ਼ੀ ਸਰਦਾਰ ਜੀ, ਤੁਸੀਂ ਤਾਂ ਮੇਰੇ ਲਈ ਫਰਿਸ਼ਤੇ ਬਣਕੇ ਆਏ ਹੋ, ਜਿਥੇ ਤੁਸੀਂ ਜਾਓਗੇ, ਮੈਂ ਤੁਹਾਡੇ ਨਾਲ ਤਿਆਰ ਹਾਂ।'

ਉਹ ਚਪਲ ਪਾਕੇ ਮੇਰੇ ਨਾਲ ਕਮਰੇ ਵਿਚੋਂ ਬਾਹਰ ਨਿਕਲੀ, ਵੇਹੜਾ ਪਾਰ ਕਰਕੇ ਜਦ ਅਸੀਂ ਦਰਵਾਜ਼ੇ ਕੋਲ ਪਹੁੰਚੇ ਤਾਂ ਉਥੇ ਇਕ ਬੁਢੀ ਬੈਠੀ ਸੀ। ਕੈਲਾਸ਼ ਨੇ ਉਸ ਨੂੰ ਕਿਹਾ, 'ਅੰਮਾਂ ਮੈਂ ਇਨ੍ਹਾਂ ਨਾਲ ਆਪਣੇ ਸਿਰੇ ਵਾਲੇ ਮਕਾਨ ਵਿਚ ਚਲਦੀ ਹਾਂ, ਤੁਸੀਂ ਸਾਜ਼ ਸੰਭਾਲ ਕੇ ਉਥੇ ਆ ਜਾਓ।'

ਤੇ ਅਸੀਂ ਦੋਵੇ ਮਕਾਨ ਤੋਂ ਬਾਹਰ ਨਿਕਲ ਗਏ ਤੇ ਰਾਤ ਦੇ ਹਨੇਰੇ ਵਿਚ ਅਲੋਪ ਹੋ ਗਏ।

"ਪ੍ਰੀਤ"

ਦਹੇਜ

‘ਪ੍ਰੀਤ ਵੇਖ! ਬਰਾਤ ਆ ਗਈ ਏ।

'ਬਰਾਤ ਆ ਗਈ?'

‘ਹਾਂ ਔਹ ਵੇਖ.......!’

'ਦੂਲਾ ਕਿਹੜਾ ਏ?'

‘ਔਹ ਸਿਹਰਿਆਂ ਵਾਲਾ...ਲੰਮਾਂ ਜੇਹਾ, ਭਾਰਾ ਜੇਹਾ, ਗੋਰਾ ਤੇ ਸੁਣੇਖਾ ਜਿਹਾ!' ਜਿੰਦੀ ਨੇ ਲਾੜੇ ਦੀਆਂ ਸਾਰੀਆਂ ਨਿਸ਼ਾਨੀਆਂ ਕਹਿ ਸੁਣਾਈਆਂ ਅਤੇ ਮੁਸਕਰਾ ਪਈ।

‘ਜਿੰਦੀਏ! ਦੂਲਾ ਤਾਂ ਬੜਾ ਸੁਹਣਾ ਏ।'

‘ਤੇ ਸਾਡੀ ਕੁੜੀ ਕਿਹੜੀ ਕੋਝੀ ਏ।' ਜਿੰਦੀ ਨੇ ਮੂੰਹ ਮਰੋੜਦਿਆਂ ਕਿਹਾ। ਦੋਵੇਂ ਹਸ ਪਈਆਂ ਅਤੇ ਬਰਾਤ ਵੇਖਣ ਲਈ ਭੀੜ ਨੂੰ ਚੀਰਦੀਆਂ ਵੇਹੜੇ ਦੀ ਇਕ ਨੁਕਰੇ ਆ ਖਲੋਤੀਆਂ।

ਬਰਾਤ ਵੇਹੜੇ ਵਿਚ ਆ ਪਹੁੰਚੀ। ਸ਼ਹਿਨਾਈਆਂ ਵਜੀਆਂ, ਵਾਜੇ ਵਜੇ ਅਤੇ ਬੜੀ ਸ਼ਾਨ ਨਾਲ ਜੰਞ ਦਾ ਉਤਾਰਾ ਕੋਠੀ ਦੇ ਇਕ ਹਿਸੇ ਵਿਚ ਕੀਤਾ ਗਿਆ। ਕੁੜੀਆਂ ਨੇ ਗੀਤ ਗਾਏ, ਜ਼ਨਾਨੀਆਂ ਨੇ ਵੀ ਦਿਲ ਖੁਸ਼ ਕੀਤਾ ਅਤੇ ਰਾਤ ਦੇ ਖਾਣੇ ਦੇ ਆਹਰ ਵਿਚ ਰੁਝ ਗਈਆਂ ਕੋਠੀ ਦੀ ਚਹਿਲ ਪਹਿਲ ਵਧਦੀ ਹੀ ਗਈ। ਆਏ ਹੋਏ ਮੇਲ ਦੀ ਕਾਵਾਂ ਰੌਲੀ ਅਤੇ ਮਹਿਮਾਨਾਂ ਦੀ ਆਵਾ ਜਾਈ ਹੋਰ ਵੀ ਦਿਲ ਖਿਚਵੀਂ ਲਗਦੀ ਸੀ।

ਵਿਆਹ ਵਾਲੇ ਸਭ ਦਰਸ਼ਕਾਂ ਨੂੰ ਪਤਾ ਸੀ ਕਿ ਰਾਤ ਨੂੰ ਇਕ ਸ਼ਾਨਦਾਰ ਮਹਿਫਲ ਸਜੇਗੀ, ਗੀਤਾਂ ਦੀ ਮਲਕਾ ਪ੍ਰੀਤ ਗਾ ਗਾ ਕੇ ਸਭਨਾ ਨੂੰ ਮਸਤ ਕਰ ਦੇਵੇਗੀ। ਨਾਚ ਅਤੇ ਸੰਗੀਤ ਦੀ ਮਹਿਫਿਲ ਨੂੰ ਚਾਰ ਚੰਨ ਲਾਏਗੀ। ਜਿਸ ਜਿਸ ਪ੍ਰੀਤ ਦੇ ਗੀਤ ਸੁਣੇ ਹੋਏ ਸਨ, ਉਹ ਉਸ ਦੇ ਸੁਰੀਲੇ ਗਲੇ ਨੂੰ ਭੁੱਲੇ ਨਹੀਂ ਸਨ ਜਿਸ ਕਰਕੇ ਰਾਤ ਨੂੰ ਹੋਣ ਵਾਲੀ ਮਹਿਫਿਲ ਦੀ ਉਡੀਕ ਹਰ ਇਕ ਨੂੰ ਸਤਾ ਰਹੀ ਸੀ।

ਘੜੀਆਂ ਅਤੇ ਪਲ ਗਿਣਦਿਆਂ ਮਹਿਫਿਲ ਵਾਲਾ ਸਮਾਂ ਆ ਗਿਆ। ਖਾਓ ਪੀਏ ਤੋਂ ਵਿਹਲਿਆਂ ਹੋ ਕੇ ਸਾਰਿਆਂ ਨੇ ਵਡੇ ਹਾਲ ਵਿਚ ਇਕਠਿਆਂ ਹੋਣਾ ਸ਼ੁਰੂ ਕਰ ਦਿਤਾ। ਇਕ ਇਕ ਕਰ ਕੇ ਹਾਲ ਖਚਾ ਖਚ ਭਰ ਗਿਆ। ਇਕ ਭਾਰੀ ਜੇਹੀ ਗੂੰਜ ਹਾਲ ਨੂੰ ਕੰਬਾ ਰਹੀ ਸੀ। ਮਹਿਮਾਨਾਂ ਲਈ ਵਖਰੀ ਜਗਾ ਅਤੇ ਬਰਾਤ ਲਈ ਵਖਰੀ ਥਾਂ ਬਣਾ ਕੇ ਪਰੋਗਰਾਮ ਸ਼ੁਰੂ ਕੀਤਾ ਗਿਆ। ਸਭ ਤੋਂ ਪਹਿਲਾਂ ਸੇਠ ਰੱਖਾ ਰਾਮ ਨੇ ਆਪਣੀ ਲੜਕੀ ਦੀ ਸ਼ਾਦੀ ਦੀ ਮਹਾਨਤਾ ਦਸਦਿਆਂ ਕਿਹਾ ‘ਮੈੰ’ ਅਜ ਸੰਤੋਸ਼ ਦੀ ਸ਼ਾਦੀ ਵਿਚ ਏਨਾ ਖੁਸ਼ ਹਾਂ ਕਿ ਮੈਨੂੰ ਪਤਾ ਨਹੀਂ ਲਗਦਾ। ਮੈਂ ਆਪਣੀ ਲੜਕੀ ਦੀ ਸ਼ਾਦੀ ਕਰ ਰਿਹਾ ਹਾਂ ਕਿ ਲੜਕੇ ਦੀ। ਇਸੇ ਖੁਸ਼ੀ ਵਿਚ ਮੈਂ ਇਸ ਮਹਿਫਿਲ ਨੂੰ ਜਮਾਣ ਦੀ ਕੋਸ਼ਿਸ਼ ਕੀਤੀ ਹੈ।' ਸੇਠ ਸਾਹਿਬ ਕੁਝ ਸੋਚ ਕੇ ਫਿਰ ਬੋਲੇ ‘ਭਾਵੇਂ ਸਾਡੇ ਸਮਾਜ ਵਿਚ ਲੜਕਿਆਂ ਦੇ ਵਿਆਹਵਾਂ ਨੂੰ ਜ਼ਿਆਦਾ ਵਿਸ਼ੇਸ਼ਤਾ ਦਿਤੀ ਜਾਂਦੀ ਹੈ, ਪਰ ਮੈਂ ਚਾਹੁੰਦਾ ਹਾਂ ਕਿ ਲੜਕੀਆਂ ਦੀਆਂ ਰੀਝਾਂ ਵੀ ਪੂਰੀਆਂ ਕੀਤੀਆਂ ਜਾਣੀਆਂ ਚਾਹੀਦੀਆਂ ਹਨ।' ਰੱਖਾ ਰਾਮ ਜੀ ਫੇਰ ਜ਼ਰਾ ਠਹਿਰੇ ਅਤੇ ਸੰਤੋਸ਼ ਦੇ ਸਜੇ ਪਾਸੇ ਬੈਠੀ ਪ੍ਰੀਤ ਵਲ ਤਕ ਕੇ ਫਿਰ ਬੋਲੇ ਮੈਂ ਬਹੁਤਾ ਕੁਝ ਨਾ ਕਹਿੰਦਾ ਹੋਇਆ, ਅਗਲਾ ਪਰੋਗ੍ਰਾਮ ਸ਼ੁਰੂ ਕਰਦਾ ਹਾਂ। ਸਭ ਤੋਂ ਪਹਿਲਾਂ ਪ੍ਰੀਤ ਆਪ ਹੁਰਾਂ ਨੂੰ ਇਕ ਗੀਤ ਸੁਣਾਵੇਗੀ। ਕਹਿਕੇ ਸੇਠ ਸਾਹਿਬ ਕੁਰਸੀ ਵਿਚ ਧਸ ਕੇ ਬੈਠ ਗਏ। ਪ੍ਰੀਤ ਆਪਣੇ ਥਾਂ ਉਠ ਕੇ ਖਲੋ ਗਈ। ਉਸ ਚਿਹਰੇ ਤੇ ਉਸਦੀ ਗੁਲਾਬੀ ਚੁੰਨੀ ਦਾ ਥੋੜਾ ਥੋੜਾ ਪਰਦਾ ਜੇਹਾ ਸੀ। ਜਿਸ ਕਰਕੇ ਸਪਸ਼ਟ ਤੌਰ ਤੇ ਉਸਦੇ ਨਕਸ਼ ਦਿਖਾਈ ਨਹੀਂ ਸਨ ਦੇ ਰਹੇ। ਭਾਵੇਂ ਬਿਜਲੀ ਦੀ ਰੋਸ਼ਨੀ ਕਾਫੀ ਸੀ, ਪਰ ਉਹ ਫਿਰ ਵੀ ਚੰਗੀ ਤਰਾਂ ਦਿਖਾਈ ਨਹੀਂ ਸੀ ਦਿੰਦੀ, ਮਹਿਮਾਨ ਅਤੇ ਬਰਾਤ ਦੇ ਆਦਮੀਆਂ ਨੇ ਪ੍ਰੀਤ ਵਲ ਗਹੁ ਨਾਲ ਤੱਕਿਆ। ਉਹ ਗਾ ਰਹੀ ਸੀ।

ਤੁਮ ਪਾਸ਼ ਆ ਰਹੇ ਹੋ, ਮੈਂ ਦੂਰ ਜਾ ਰਹੀ ਹੂੰ।

ਮੁਸ਼ਕਿਲ ਸੇ ਯਾਦ ਆਈ,ਅਬ ਫਿਰ ਭੁਲਾਰਹੀ ਹੂੰ।'

ਪ੍ਰੀਤ ਨੇ ਇਨ੍ਹਾਂ ਤੁਕਾਂ ਨੂੰ ਦੋ ਚਾਰ ਵਾਰ ਦੁਹਰਾਇਆ। ਉਸ ਦੇ ਗਲੇ ਦਾ ਸੁਰੀਲਾਪਨ ਡਾਢਾ ਦਿਲ ਚੀਰਵਾਂ ਸੀ ਪਰ ਲੋਕ ਹੈਰਾਨ ਸਨ ‘ਅਜ ਪ੍ਰੀਤ ਏਨੀ ਉਦਾਸ ਕਿਉਂ ਏ?' ਉਹ ਸਦਾ ਪਰੋਗ੍ਰਾਮ ਦੇ ਅਨੁਸਾਰ ਢੁਕਵੇਂ ਗੀਤ ਗਾਉਣ ਵਾਲੀ ਅਜ ਵਿਆਹ ਜੇਹੀ ਖੁਸ਼ੀ ਵਿਚ ਵੀ ਰੋਂਦੂ ਜੇਹਾ ਗੀਤ ਅਲਾਪ ਰਹੀ ਸੀ। ਭਾਵੇਂ ਕੁਝ ਵੀ ਸੀ ਪ੍ਰੀਤ ਦੇ ਅਗਲੇ ਬੋਲਾਂ ਨੂੰ ਸਰੋਤੇ ਉਚੇ ਹੋ ਹੋ ਉਡੀਕ ਰਹੇ ਸਨ। ਉਹ ਗਾਈ ਜਾ ਰਹੀ ਸੀ।

‘ਤੁਮ ਹੋ ਪਰਾਏ ਆਖਿਰ, ਮੈਂ ਆਪਨਾ ਜਤਾ ਰਹੀ ਹੂੰ।

ਜ਼ਿੰਦਗੀ ਕੇ ਮੇਲੇ, ਮੈਂ ਆਜ ਛੁੜਾ ਰਹੀ ਹੂੰ।

ਥੀ ਏਕ ਹੀ ਚਾਹਤ, ਕਿ ਤੁਝ ਕੋ ਦੇਖ ਲੂੰ।

ਅਬ ਦੇਖਨੇ ਕੇ ਬਾਅਦ, ਦਿਲ ਕੋ ਜਲਾ ਰਹੀ ਹੂੰ।'

ਤੁਮ ਪਾਸ ਆ ਰਹੇ ਹੋ ਮੈਂ... ..........।

ਪ੍ਰੀਤ ਦੇ ਵਿਅੰਗ ਨੂੰ ਕੋਈ ਨਾ ਸਮਝ ਸਕਿਆ। ਉਸ ਨੇ ਆਪਣੇ ਗੀਤ ਦੇ ਨਸ਼ਤਰ ਨਾਲ ਆਪਣੇ ਸੀਨੇ ਦਾ ਚੀਰ ਫਾੜ ਕਰ ਕੇ ਦੁਨੀਆਂ ਅਗੇ ਰਖ ਦਿਤਾ ਪਰ ਦੁਨੀਆਂ ਨੇ ਕਿਸੇ ਮੌਜ ਵਿਚ ਉਸ ਦੇ ਰੇਤ ਦੇ ਹੰਝੂ ਕਿਰਦੇ ਨਾ ਵੇਖੇ। ਇਕ ਜਿੰਦੀ ਹੀ ਸੀ ਜਿਹੜੀ ਪ੍ਰੀਤ ਦੇ ਇਸ਼ਾਰਿਆਂ ਦੀ ਲੰਮੀ ਕਹਾਣੀ ਸਮਝ ਰਹੀ ਸੀ। ਭਾਵੇਂ ਉਹ ਨਹੀਂ ਸੀ ਚਾਹੁੰਦੀ ਕਿ ਪ੍ਰੀਤ ਇੰਜ ਲੋਕਾਂ ਦੇ ਵਿਚ ਆਪਣਾ ਪਾਗਲ ਪਨ ਖਿਲਾਰੇ ਪਰ ਉਹ, ਉਸ ਦੇ ਵਹਿੰਦੇ ਦਰਦ ਦੇ ਵਹਿਣਾਂ ਅਗੇ ਆਪਣੇ ਖਿਆਲਾਂ ਨੂੰ ਰੁੜ੍ਹਦੇ ਵੇਖ ਰਹੀ ਸੀ। ਜਿੰਦੀ ਆਪਣੇ ਆਪ ਵਿਚ ਉਹ ਤਾਕਤ ਮਹਿਸੂਸ ਨਹੀਂ ਸੀ ਕਰ ਰਹੀ ਜਿਸ ਨਾਲ ਕਿ ਉਹ ਪ੍ਰੀਤ ਨੂੰ ਇੰਜ,ਕਰਨੋ ਰੋਕ ਸਕੇ।

ਪੀਤ ਗਾ ਕੇ ਬੈਠ ਗਈ। ਤਾੜੀਆਂ ਨਾਲ ਹਾਲ ਗੂੰਜ ਉਠਿਆ। ਪਰ ਲੋਕਾਂ ਵਿਚ ਇਕ ਤਰਾਂ ਦੀ ਘੁਸਰ ਮੁਸਰ ਜੇਹੀ ਹੋ ਰਹੀ ਸੀ। ਕੋਈ ਕਹਿੰਦਾ, ‘ਆਖਰ ਮਾਲਿਕ ਦੀ ਯਾਦ ਆ ਗਈ ਹੋਵੇਗੀ। ਵਿਧਵਾਵਾਂ ਦੀ ਖੁਸ਼ੀ ਵੀ ਹੰਝੂਆਂ ਨਾਲ ਭਰੀ ਹੁੰਦੀ ਏ।' ਇਕ ਨੇ ਕਿਹਾ। ਦੂਜਾ ਵੀ ਬੋਲਿਆ ‘ਪਈ ਜਿਸ ਤਨ ਲਗੇ ਸੋਈ ਜਾਣੈ। ਅਸੀਂ ਲਖ ਪਏ ਖੁਸ਼ੀਆਂ ਮਨਾਈਏ ਉਹ ਤਾਂ ਆਖਰ ਦੁਖਿਆਰੀ ਹੀ ਹੈ ਨਾ?' ਤੇ ਇਸ ਤਰਾਂ ਲੋਕ ਚਰਚਾ ਛੇੜ ਬੈਠੇ। ਅਗਲੀ ਵਾਰੀ ਜਿੰਦੀ ਦੀ ਸੀ। ਸੇਠ ਸਾਹਿਬ ਨੇ ਜਿੰਦੀ ਦਾ ਨਾਮ ਲੈਂਦਿਆਂ ਕਿਹਾ, ‘ਹੁਣ ਮਿਸ ਜਿੰਦੀ ਜੰਦਰਾ ਖੋਲੇ ਗੀ।' ਸਾਰੇ ਹਸ ਪਏ ਅਤੇ ਜਿੰਦੀ ਨੇ ਗੀਤ ਸ਼ੁਰੂ ਕਰ ਦਿਤਾ। ਉਹ ਆਮ ਤੌਰ ਤੇ ਛੋਟੇ ਗੀਤ ਗਾਇਆ ਕਰਦੀ ਸੀ ਜਿਸ ਕਰਕੇ ਉਹ ਜਲਦੀ ਹੀ ਗਾ ਕੇ ਬੈਠ ਗਈ। ਫੇਰ ਤਾੜੀਆਂ ਵਜੀਆਂ ਅਤੇ ਅਗਲੀ ਵਾਰੀ ਦੀ ਉਡੀਕ ਵਿਚ ਸਾਰੇ ਚੁਪ ਹੋ ਗਏ। ਮਹਿਫਿਲ ਦੀ ਰੌਣਕ ਵਧ ਰਹੀ ਸੀ ਪਰ ਪ੍ਰੀਤ ਏਧਰੋਂ ਬਿਲਕੁਲ ਬੇਖਬਰ ਸੋਚਾਂ ਦੇ ਵਹਿਣਾਂ ਵਿਚ ਰੁੜ੍ਹੀ ਹੋਈ ਸੀ। ਕਦੀ ਕਦੀ ਲਾਹੜੇ ਦੇ ਚਿਹਰੇ ਤੇ ਗੱਡੀ ਜਾਂਦੀ। ਉਸ ਦੀ ਨਜ਼ਰ ਕਦੀ ਕਦੀ ਲਾਹੜੇ ਦੇ ਚਿਹਰੇ ਤੇ ਗੱਡੀ ਜਾਂਦੀ। ਉਹ ਅਣਚਾਹੇ ਹੀ ਨਜ਼ਰ ਟਿਕਾਕੇ ਤਕਦੀ ਰਹਿੰਦੀ ਤੇ ਜਦ ਵੇਖਦੀ ਕਿ ਲਾੜੇ ਦਾ ਧਿਆਨ ਵੀ ਉਸੇ ਵਲ ਏ ਤਾਂ ਸ਼ਰਮ ਨਾਲ ਸਿਰ ਨੀਵਾਂ ਕਰ ਲੈਂਦੀ, ਫਿਰ ਜਦ ਉਤਾਂਹ ਤਕਦੀ ਤਾਂ ਦੂਲੇ ਦੀ ਨਿਗ੍ਹਾ ਇਸੇ ਤੇ ਟਿਕੀ ਹੁੰਦੀ। ਇਹ ਹੋਰ ਵੀ ਘਬਰਾਂਦੀ। ਸੰਤੋਸ਼ ਘਬਰਾਹਟ ਦਾ ਕਾਰਨ ਪੁਛਦੀ ਤਾਂ ਕਹਿ ਦਿੰਦੀ। 'ਸਿਰ ਦਰਦ ਹੋ ਰਹੀ ਏ।' ਸੰਤੋਸ਼ ਜਦ ਦੁਆਈ ਖਾਣ ਲਈ ਕਹਿੰਦੀ ਤਾਂ ਉਹ 'ਮੈਨੂੰ ਦੁਆਈ ਖਾਣ ਦੀ ਆਦਤ ਨਹੀਂ,' ਕਹਿ ਕੇ ਟਾਲ ਦਿੰਦੀ।

ਮਹਿਮਾਨਾਂ ਦੇ ਗੋਲ ਤੇਰੇ ਘੇਰੇ ਵਿਚ ਇਸ ਵਕਤ ਮੁਲਾਏ ਦੀ ਮਸ਼ਹੂਰ ਡਾਨਸਰ ਦਾ ਨਾਚ ਹੋ ਰਿਹਾ ਸੀ। ਤਾਲ ਦੇ ਨਾਲ ਨਾਲ ਉਸ ਦੇ ਪੈਰ ਉਠਦੇ ਸਨ। ਉਸ ਦੇ ਹਥਾਂ ਦੀ ਹਰਕਤ ਬੜੀ ਸੁਹਣੀ ਲਗਦੀ ਸੀ। ਉਸ ਦੀਆਂ ਅਖ-ਪਤਲੀਆਂ ਜਦ ਏਧਰ ਓਧਰ ਘੁੰਮਦੀਆਂ ਤਾਂ ਅਜੀਬ ਨਜ਼ਾਰਾ ਬੰਨਦੀਆਂ। ਉਸ ਦੀ ਲੰਮੀ ਜੇਹੀ ਘਗਰੀ ਦਾ ਜਦ ਕੋਈ ਹਿਸਾ ਮਹਿਮਾਨਾਂ ਜਾਂ ਜਾਂਞੀਆਂ ਦੇ ਪੈਰਾਂ ਨੂੰ ਛੂਹ ਜਾਂਦਾ ਤਾਂ ਸਾਰਿਆਂ ਦੀਆਂ ਨਜ਼ਰਾਂ ਘਗਰੀ ਦੇ ਕਿਨਾਰਿਆਂ ਤੇ ਟਿਕ ਜਾਂਦੀਆਂ। ਕੁਝ ਕੁ ਸਮੇਂ ਲਈ ਨਾਚ ਦਾ ਰਸ ਬਝਾ ਰਿਹਾ, ਪਰ ਜਦ ਡਾਨਸਰ ਰੁਕ ਗਈ ਤਾਂ ਕੁਝ ਚਿਰ ਲਈ ਚੁਪ ਛਾਈ ਰਹੀ ਫਿਰ ਅਗਲਾ ਪ੍ਰੋਗਰਾਮ ਸ਼ੁਰੂ ਕੀਤਾ ਗਿਆ। ਦਰਸ਼ਕਾਂ ਦੀ ਮੰਗ ਸੀ ਕਿ ਸੰਤੋਸ਼ ਵੀ ਆਪਣੀ ਸ਼ਾਦੀ ਦੀ ਖੁਸ਼ੀ ਵਿਚ ਕੁਝ ਨਾ ਕੁਝ ਬੋਲੇ। ਭਾਵੇਂ ਸੰਤੋਸ਼ ਨੇ ਆਪਣੀ ਸੰਗ ਪ੍ਰਗਟ ਕਰਦਿਆਂ ਜ਼ਿੱਦ ਕੀਤੀ ਪਰ ਸਹੇਲੀਆਂ ਦੀ ਚਾਹ ਅਗੇ ਉਸ ਦੀ ਜ਼ਿੱਦ ਨੂੰ ਝੁਕਣਾ ਪਿਆ। ਸੇਠ ਸਾਹਿਬ ਨੇ ਵੀ ਆਪਣੀ ਬੱਚੀ ਨੂੰ ਕੁਝ ਬੋਲਣ ਲਈ ਕਿਹਾ ਅਤੇ ਉਹ ਉਠ ਕੇ ਖਲੋ ਗਈ। ਉਸ ਦੇ ਬੋਲਾਂ ਵਿਚ ਕੰਬਣੀ ਜੇਹੀ ਸੀ। ਉਸ ਦੀ ਅਵਾਜ਼ ਵਿਚ ਘਬਰਾਹਟ ਅਤੇ ਖਿਆਲਾਂ ਦੀ ਲੜੀ ਵਿਚ ਥਰਥਰਾਹਟ ਸੀ। ਉਸ ਨੂੰ ਪਤਾ ਨਹੀਂ ਸੀ ਲਗਦਾ ਕਿ ਉਹ ਲਾੜੇ ਨੂੰ ਜਾਂ ਮਹਿਮਾਨਾਂ ਨੂੰ ਸੰਬੋਧਨ ਕਰੇ ਜਾਂ ਗੀਤ ਗਾ ਕੇ ਹੀ ਕੰਮ ਖਤਮ ਕਰੇ ਤੇ ਜਾਂ ਦੋ ਚਾਰ ਲਫਜ਼ਾਂ ਨਾਲ ਹੀ ਕੰਮ ਸਾਰ ਦੇਵੇ। ਉਹ ਅਟਕ ਅਟਕ ਕੇ ਬੋਲ ਰਹੀ ਸੀ। ਪਤਾ ਨਹੀਂ ਉਸ ਵਿਚ ਸ਼ਕਤੀ ਕਿਥੋਂ ਆ ਗਈ ਉਸਨੇ ਗਲਾ ਸਾਫ ਕਰਦਿਆਂ ਗੀਤ ਗਾਉਣ ਵਾਲੀ ਸੁਰ ਵਿਚ ਕੁਝ ਧੀਰੇ ੨ ਅਲਾਪਿਆ ਅਤੇ ਗਾਣਾ ਸ਼ੁਰੂ ਕਰ ਦਿਤਾ।

'ਸਾਜਨ ਹਮਰੇ ਦੁਆਰ, ਮੇਰੇ ਦਿਲਦਾਰ'

ਦੁਨੀਆਂ ਮੇਂ ਆਈ ਬਹਾਰ।' ਤੇ ਇਸੇ ਤਰਾਂ ਉਹ ਅਗਲੇ ਬੰਦ ਗਾਈ ਗਈ, ਉਸ ਦੀ ਆਵਾਜ਼ ਵਿਚ ਜਾਦੂ ਸੀ ਜੋ ਸਾਰੇ ਮਹਿਮਾਨ ਮਸਤੀ ਵਿਚ ਝੂਮ ਰਹੇ ਸਨ। ਦੂਲੇ ਦੀਆਂ ਨਜ਼ਰਾਂ ਨੀਵੀਆਂ ਸਨ, ਉਹ ਕੁਝ ਕੁਝ ਘਬਰਾਇਆ ਹੋਇਆ ਦਿਖਾਈ ਦੇ ਰਿਹਾ ਸੀ। ਉਸ ਦੇ ਚਿਹਰੇ ਤੇ ਪਸੀਨਾ ਆਇਆ ਹੋਇਆ ਸੀ। ਉਹ ਕਦੀ ਕਦੀ ਰੁਮਾਲ ਨਾਲ ਆਪਣਾ ਮੂੰਹ ਸਾਫ ਕਰ ਲੈਂਦਾ ਤੇ ਇਸੇ ਬਹਾਨੇ ਸੰਤੋਸ਼ ਦੇ ਚਿਹਰੇ ਤੇ ਡੂੰਘੀ ਜੇਹੀ ਨਜ਼ਰ ਮਾਰ ਲੈਂਦਾ। ਉਸ ਦਾ ਦਿਲ ਖੁਸ਼ੀ ਵਿਚ ਖੀਵਾ ਸੀ। ਉਹ ਆਪਣੇ ਆਪ ਨੂੰ ਇਕ ਖੁਸ਼ ਕਿਸਮਤ ਆਦਮੀ ਸਮਝ ਰਿਹਾ ਸੀ। ਉਹ ਮਹਿਫਿਲ ਦੇ ਸਭ ਅੰਗ ਨੂੰ ਭੁਲ ਕੇ ਆਪਣੇ ਖਿਆਲਾਂ ਵਿਚ ਮਸਤ ਸੀ ਜਦ ਸੰਤੋਸ਼ ਗਾ ਕੇ ਬੈਠ ਗਈ ਅਗਲੀ ਮੰਗ ਬਰਾਤੀਆਂ ਲਈ ਸੀ। ਸਾਰਿਆਂ ਨੂੰ ਆਪੋ ਆਪਣੀ ਪੈ ਗਈ। ਉਹਨਾਂ ਵਿਚ ਹਲ ਚਲ ਜੇਹੀ ਮਚ ਗਈ। ਏਥੇ ਬਜ਼ੁਰਗਾਂ ਦੇ ਗਿਆਨ ਗੋਸ਼ਟ ਕੰਮ ਨਹੀਂ ਸਨ ਆ ਸਕਦੇ ਜਿਸ ਕਰਕੇ ਬਰਾਤ ਵਿਚ ਆਏ ਸਿਆਣੇ ਜੇਹੇ ਆਦਮੀ ਤਾਂ ਚੁਪ ਰਹੇ ਪਰ ਨੌਂ ਜਵਾਨਾਂ ਨੂੰ ਆਪਣਾ ਫਰਜ਼ ਨਿਭਾਉਣਾ ਪੈਣਾ ਸੀ। ਕੁਝ ਕੁ ਘੁਸਰ ਮੁਸਰ ਤੋਂ ਬਾਅਦ ਸਾਰੀ ਗਲ ਦੂਹਲੇ ਤੇ ਸੁਣੀ ਗਈ। ਉਹ ਕੁਝ ਕੁ ਨਾਂਹ ਨੁਕਰ ਕਰਕੇ ਬਚਣਾ ਚਾਹੁੰਦਾ ਸੀ ਪਰ ਸਾਰਿਆਂ ਦੇ ਕਹਿਣ ਕਰਕੇ ਉਸ ਨੂੰ ਉਠਣਾ ਪਿਆ। ਤਾਲੀਆਂ ਨਾਲ ਕਮਰਾ ਗੂੰਜ ਉਠਿਆ। ਸਭ ਅਖਾਂ ਦੂਹਲੇ ਦੇ ਚਿਹਰੇ ਤੇ ਗੱਡੀਆਂ ਹੋਈਆਂ ਸਨ। ਲੋਕ ਬੇਸਬਰੀ ਨਾਲ ਲਾੜੇ ਦੇ ਬੋਲਾਂ ਨੂੰ ਉਡੀਕ ਰਹੇ ਸਨ। ਉਸ ਨੇ ਬੋਲਣਾ ਸ਼ੁਰੂ ਕੀਤਾ- "ਮੈਂ ਗੀਤਾਂ ਦਾ ਬੜਾ ਚਾਹਵਾਨ ਹਾਂ। ਜਿਸ ਕਰਕੇ ਗੀਤ ਗਾ ਕੇ ਸੁਣਾਵਾਂਗਾ। ਤੇ ਉਸ ਦੇ ਭਾਰੇ ਜਹੇ ਗਲੇ 'ਚੋਂ ਗੀਤ ਫੁਟ ਰਿਹਾ ਸੀ। ਉਹ ਗੀਤਾਂ ਵਿਚ ਬੜਾ ਮਾਹਰ ਜਾਪਦਾ ਸੀ। ਜਿਸ ਕਰਕੇ ਉਸ ਦੇ ਗਲੇ ਵਿਚ ਸੋਜ਼ ਸੀ। ਸ਼ਬਦਾਂ ਵਿਚ ਰਸ ਅਤੇ ਲੈਅ ਇਕਸਾਰ ਸੀ। ਉਸਦਾ ਗੀਤ ਏਨਾ ਲੰਮਾ ਨਹੀਂ ਸੀ ਇਸ ਲਈ ਉਹ ਜਲਦੀ ਹੀ ਬੈਠ ਗਿਆ। ਹਾਲ ਫਿਰ ਤਾਲੀਆਂ ਨਾਲ ਗੂੰਜ ਉਠਿਆ ਅਤੇ ਰਾਤ ਕਾਫੀ ਹੋ ਜਾਣ ਕਰਕੇ ਮਹਿਫਿਲ ਦੇ ਸਭ ਮਹਿਮਾਨ ਕਿਰਨੀ ਕਿਰਨੀ ਹੋਣ ਲਗ ਪਏ। ਸੇਠ ਸਾਹਿਬ ਨੇ ਸਭਨਾਂ ਦਾ ਧੰਨਵਾਦ ਕੀਤਾ ਅਤੇ ਆਪ ਬਰਾਤੀਆਂ ਨੂੰ ਨਾਲ ਲੈ ਕੇ ਅਰਾਮ ਕਮਰਿਆਂ ਵਲ ਚਲੇ ਗਏ।

ਪ੍ਰੀਤ ਦੇ ਦਿਲ ਤੇ ਜਿਵੇਂ ਮਣਾਂ ਮੂੰਹੀਂ ਬੋਝ ਜਹਾ ਪਿਆ ਸੀ। ਉਹ ਹੌਲੇ ੨ ਕਦਮ ਪੁਟਦੀ ਬਾਹਰ ਹੋ ਗਈ। ਜਿੰਦੀ ਉਸ ਦੇ ਨਾਲ ੨ ਜਾ ਰਹੀ ਸੀ। ਸੰਤੋਸ਼ ਤੇ ਉਸ ਦੀਆਂ ਸਹੇਲੀਆਂ ਉਹਨਾਂ ਦੇ ਬਿਲਕੁਲ ਅਗੇ ੨ ਸਨ। ਕੁੜੀਆਂ ਆਪਣੀਆਂ ਗਲਾਂ ਵਿਚ ਮਸਤ ਸਨ। ਪ੍ਰੀਤ ਨੇ ਜਿੰਦੀ ਨੂੰ ਹਨੇਰੇ ਵਿਚ ਲਿਜਾ ਕੇ ਕੁਝ ਕਿਹਾ ਅਤੇ ਦੋਵੇਂ ਵਖ ਹੋ ਗਈਆਂ।

ਪਲ ਦੇ ਪਲ ਲਈ ਬਿਸਤਰਿਆਂ ਦਾ ਰੌਲਾ ਪੈਂਦਾ ਰਿਹਾ ਫਿਰ ਸਾਰੇ ਆਪਣੇ ਆਪਣੀ ਥਾਂ ਅਰਾਮ ਲਈ ਪੈ ਗਏ। ਪ੍ਰੀਤ ਪੋਲੇ ੨ ਪੈਰ ਪੁਟਦੀ ਬਰਾਤੀਆਂ ਦੇ ਕਮਰੇ ਵਲ ਜਾ ਰਹੀ ਸੀ। ਉਸ ਨੇ ਅਰਾਮ ਕਮਰਿਆਂ ਪਾਸ ਪਹੁੰਚ ਕੇ ਦਰਵਾਜ਼ਿਆਂ ਅੰਦਰ ਸਰਸਰੀ ਨਜ਼ਰ ਮਾਰੀ। ਉਹ ਕਿਸੇ ਨੂੰ ਢੂੰਡ ਰਹੀ ਜਾਪਦੀ ਸੀ। ਦੂਜੇ ਪਲ ਉਸਦੇ ਚਿਹਰੇ ਤੇ ਢੂੰਡ ਦੀ ਸਫਲਤਾ ਡਲ੍ਹਕਾਂ ਮਾਰਨ ਲਗੀ। ਉਸ ਨੇ ਦੂਹਲੇ ਵਾਲੇ ਕਮਰੇ ਦੇ ਬੂਹੇ ਅਗੇ ਖਲੋ ਕੇ ਨੀਝ ਲਾਂਦਿਆਂ ਅੰਦਰ ਤਕਿਆ ਸਭ ਬਰਾਤੀ ਸੁਤੇ ਹੋਏ ਸਨ। ਉਹ ਚੁਪ ਚਾਪ ਅੰਦਰ ਚਲੀ ਗਈ। ਦੂਹਲੇ ਦੇ ਬਿਸਤਰੇ ਕੋਲ ਜਾ ਕੇ ਖਲੋ ਗਈ। ਉਹ ਅਜੇ ਜਾਗ ਰਿਹਾ ਸੀ ਜਿਸ ਕਰਕੇ ਉਹ ਪ੍ਰੀਤ ਨੂੰ ਵੇਖਦਿਆਂ ਹੀ ਉਠ ਕੇ ਬੈਠ ਗਿਆ — 'ਤੁਸੀਂ ਕੌਣ ਹੋ? ਕੀ ਗਲ ਏ?" ਉਸ ਨੇ ਪੁਛਿਆ। ਉਹ ਸਮਝਦਾ ਸੀ ਸ਼ਾਇਦ ਕੋਈ ਸ਼ੈਤਾਨ ਕੁੜੀ ਕਿਸੇ ਸ਼ਰਾਰਤ ਲਈ ਆਈ ਏ, ਪਰ ਜਦ ਉਸ ਨੇ ਪ੍ਰੀਤ ਦੇ ਚਿਹਰੇ ਤੇ ਗੰਭੀਰ ਭਾਵ ਵੇਖੇ ਤਾਂ ਉਹ ਵੀ ਸੰਜੀਦਾ ਜਿਹਾ ਹੋ ਗਿਆ।

"ਮੈਂ ... ... ... ਮੈਂ ਤੁਹਾਨੂੰ ਮਿਲਣ ਆਈ ਆਂ।" ਪ੍ਰੀਤ ਨੇ ਕਿਹਾ।

"ਮੈਨੂੰ ਮਿਲਣ? ਤੂੰ ਕੌਣ ਏਂ-ਕੀ ਨਾਂ ਏ?" ਉਹ ਬੋਲਿਆ।

"ਹਾਂ ਤੁਹਾਨੂੰ ਮਿਲਣ ਵਾਲੀ ਮੈਂ ਗਰੀਬ ... ... ... ...। ਕਿਰਪਾਲ। ਕੀ ਤੁਸਾਂ ਮੈਨੂੰ ਪਛਾਣਿਆਂ ਨਹੀਂ?

"ਹੈਂ? ਕੌਣ ... ... ... ...? ਮੈਨੂੰ ਸਮਝ ਨਹੀਂ ਆ ਰਹੀ।"

"ਕਿਰਪਾਲ! ਮੈਨੂੰ ਪਾਗਲ ਨਾ ਕਰੋ। ਤੁਸੀਂ ਮੈਨੂੰ ਪਛਾਣ ਨਹੀਂ ਸਕੇ?"

"ਨਹੀਂ, ਨਹੀਂ, ਮੈਂ ਪਛਾਣ ਨਹੀਂ ਸਕਦਾ।"

"ਹੇ ਈਸ਼ਵਰ! ਇਹ ਮੈਂ ਕੀ ਸੁਣ ਰਹੀ ਹਾਂ।"

"ਜੇ ਮੁਆਮਲਾ ਲੰਬਾ ਏ ਤਾਂ ਸਾਨੂੰ ਬਾਹਰ ਜਾਣਾ ਚਾਹੀਦਾ ਏ।"

"ਹਾਂ! ਬਾਹਰ ਚਲੋ, ਬੇਬੇ ਕੋਈ ਜਾਗ ਪਏ ਗਾ ਮੈਂ! ਤੁਹਾਨੂੰ ਦਸਾਂਗੀ। ਮੈਂ ਕੌਣ ਹਾਂ?" ਪ੍ਰੀਤ ਉਸ ਦੇ ਮਗਰ ਮਗਰ ਤੁਰ ਪਈ। ਦੋਵੇਂ ਅੰਬੀਆਂ ਦੇ ਬੂਟੇ ਕੋਲ ਜਾ ਖਲੋਤੇ। ਭਾਵੇਂ ਏਥੇ ਵੀ ਬਿਜਲੀ ਦੀ ਰੌਸ਼ਨੀ ਪੈ ਰਹੀ ਸੀ ਪਰ ਏਥੇ ਇਹਨਾਂ ਨੂੰ ਕੋਈ ਦੇਖ ਨਹੀਂ ਸੀ ਸਕਦਾ।

"ਕਿਰਪਾਲ! ਤੁਹਾਨੂੰ ਇਹ ਸੁਣ ਕੇ ਬੜਾ ਦੁਖ ਲਗੇਗਾ ਕਿ ਮੈਂ ਤੁਹਾਡੀ ਪਹਿਲੀ ਪਤਨੀ ਪ੍ਰੀਤ... ... ...।"

"ਹੈਂ ... ... ...ਪ੍ਰੀ... ...ਤ... ... ... ਪ੍ਰੀਤ?" ਉਹ ਘਬਰਾ ਗਿਆ।

"ਹਾਂ... ... ...ਉਹੀ ਪ੍ਰੀਤ ਜਿਹੜੀ ਆਪਣੇ ਥੋੜੇ ਜੇਹੇ ਦਾਜ ਨਾਲ, ਤੁਹਾਡੇ ਪ੍ਰਵਾਰ ਨੂੰ ਸੰਤੁਸ਼ਟ ਨਹੀਂ ਸੀ ਕਰ ਸਕੀ। ਮੇਰੇ ਗਰੀਬ ਪਿਤਾ ਵਿਚ ਏਨੀ ਸਮਰੱਥਾ ਨਹੀਂ ਸੀ ਕਿ ਉਹ ਮੱਝਾਂ ਮਕਾਨ, ਮੋਟਰਾਂ ਜਾਂ ਨਕਦੀ ਰੁਪੈਆ ਦੇ ਸਕਦਾ। ਮੇਰੇ ਦਾਜ਼ ਵਿਚ ਉਸ ਗਰੀਬ ਪਿਤਾ ਨੇ ਆਪਣੀ ਇਕਲੌਤੀ ਬੱਚੀ ਦਾ ਹੀ ਦਾਨ ਦਿਤਾ ਸੀ।' ਪ੍ਰੀਤ ਦੇ ਹੰਝੂ ਪੈ ਰਹੀ ਰੌਸ਼ਨੀ ਨਾਲ ਚਮਕਦੇ ਦਿਖਾਈ ਦੇ ਰਹੇ ਸਨ। ਉਸ ਦੀਆਂ ਨਜ਼ਰਾਂ ਕਿਰਪਾਲ ਦੇ ਚਿਹਰੇ ਤੇ ਗੱਡੀਆਂ ਹੋਈਆਂ ਸਨ। ਉਹ ਇਸ ਦੀਆਂ ਅੱਖਾਂ ਵਿਚ ਕੁਝ ਢੂੰਡ ਰਹੀ ਸੀ। ਉਹ ਜਾਨਣਾ ਚਾਹੁੰਦੀ ਸੀ, ਸਵਰਾਜ ਦੇ ਚਿਹਰੇ ਤੇ ਕੀ ਭਾਵ ਹਨ।

"ਪ੍ਰੀਤ! ਇਹ ਪੁਰਾਣੀਆਂ ਗਲਾਂ ਨੇ। ਜਿਹੜੀਆਂ ਮੈਂ ਸੁਣਨੀਆਂ ਨਹੀਂ ਚਾਹੁੰਦਾ। ਤੂੰ ਮੇਰੀ ਇਸ ਵਕਤ ਕੁਝ ਨਹੀਂ ਲਗਦੀ। ਏਥੋਂ ਜਲਦੀ ਚਲੀ ਜਾਹ। ਕੀ ਤੂੰ ਇਹੋ ਅਗ ਉਗਲਨ ਆਈ ਸੈਂ? ਜਾਣਦੀ ਨਹੀਂ ਤੂੰ ਕਿਸ ਨਾਲ ਗਲ ਕਰ ਰਹੀ ਏਂ?’ ਤੇ ਪਤਾ ਨਹੀਂ ਸਵਰਾਜ ਹੋਰ ਕੀ ਕੀ ਕੁਝ ਕਹਿ ਜਾਂਦਾ ਜੇਕਰ ਪ੍ਰੀਤ ਨੂੰ ਇਹ ਯਾਦ ਨਾ ਕਰਵਾਂਦੀ ਕਿ ਉਹ ਕਿਸ ਜਗ੍ਹਾ ਤੇ ਖਲੋਤੇ ਹਨ।

"ਹਾਂ! ਇਹ ਪੁਰਾਣੀਆਂ ਗਲਾਂ ਨੇ ਤੁਸੀਂ ਜਮ ਜਮ ਨਾ ਸੁਣੋ ਅਮੀਰਾਂ ਦੀ ਜ਼ਿੰਦਗੀ ਵਿਚ ਇਹੋ ਜਹੀਆਂ ਘਟਨਾਵਾਂ ਰੋਜ਼ ਰੋਜ਼ ਵਾਪਰਦੀਆਂ ਹਨ। ਤੁਸੀਂ ਲੋਕ ਕੀ ਜਾਣੇ, ਗਰੀਬਾਂ ਦੇ ਦੁਖ ਕਿਹੋ ਜੇਹੇ ਹੁੰਦੇ ਨੇ। ਅਮੀਰਾਂ ਦੀ ਅਮੀਰੀ ਦੇ ਪਰਦੇ ਹੇਠ ਲਖਾਂ ਗੁਨਾਹ ਢਕੇ ਜਾ ਸਕਦੇ ਨੇ ਪਰ ਗਰੀਬਾਂ ਦੀਆਂ ਨਿਕੀਆਂ ਨਿਕੀਆਂ ਗਲਤੀਆਂ ਵੀ ਪਾਪ ਦੇ ਰੂਪ ਵਿਚ ਤਪਦਿਕ ਦੀ ਬੀਮਾਰ ਵਾਂਗ ਫੈਲ ਜਾਂਦੀਆਂ ਨੇ। ਪ੍ਰੀਤ ਦਾ ਕਾਲਜਾ ਪਾਟ ਕੇ ਦੋ ਹੋ ਚੁਕਾ ਸੀ। ਉਹ ਅਤਿ ਦੁਖੀ ਸੀ। ਉਹ ਕੀ ਆਸਾਂ ਲੈ ਕੇ ਕਿਰਪਾਲ ਦੇ ਦੁਆਰੇ ਤਕ ਪਹੁੰਚੀ ਸੀ ਪਰ ਕਿਰਪਾਲ ਦੇ ਸਖਤ ਬੋਲਾਂ ਨੇ ਪ੍ਰੀਤ ਦਾ ਕੋਮਲ ਹਿਰਦਾ ਸਾੜ ਕੇ ਸੁਆਹ ਕਰ ਦਿਤਾ। ਕ੍ਰਿਪਾਲ ਵਲ ਉਸ ਦੀ ਪਿਠ ਸੀ। ਸ਼ਾਇਦ ਉਹ ਉਸਦਾ ਚਿਹਰਾ ਨਹੀਂ ਸੀ ਦੇਖਣਾ ਚਾਹੁੰਦੀ ਉਹ ਬੋਲੀ ਗਈ।

"ਹਾਂ, ਮੈਂ ਤੁਹਾਡੀ ਕੁਝ ਨਹੀਂ ਲਗਦੀ, ਕਿਉਂਕਿ ਮੈਂ ਢੇਰ ਸਾਰਾ ਦਾਜ ਨਹੀਂ ਲਿਆ ਸਕੀ। ਤੁਸੀਂ ਲੋਕ ਸਰੀਰਾਂ ਨੂੰ ਨਹੀਂ ਪਰਨਾਂਦੇ, ਬਲਕਿ ਦਾਜ ਨਾਲ ਵਿਆਹ ਕਰਵਾਂਦੇ ਹੋ। ਦਾਜ ਦੇ ਭੁਖੇ, ਜਦ ਇਕ ਦਾ ਦਾਜ ਖਤਮ ਹੋ ਜਾਂਦਾ ਏ, ਦੂਜੀ ਦੀ ਭਾਲ ਵਿਚ ਨਿਕਲ ਤੁਰਦੇ ਹੋ, ਉਹ ਜ਼ਰਾ ਥੋੜਾ ਹੋਵੇ ਤਾਂ ਤੀਜੀ ਜ਼ਿੰਦਗੀ ਦੇ ਮੁਲ ਲਈ ਸ਼ਰਤਾਂ ਬੰਨ੍ਹ ਧਰਦੇ ਹੋ ਇਵੇਂ ਹੀ, ਇਕ ਇਕ ਅਮੀਰ ਛੋਕਰਾ ਪਤਾ ਨਹੀਂ ਜਵਾਨੀਆਂ ਆਪਣੀ ਅਮੀਰੀ ਸ਼ਾਨ ਹੇਠ ਰੋਲਦਾ ਏ। ਮੈਂ ਬਗਵਾਤ ਕਰਾਂਗੀ। ਮਾਪਿਆਂ ਨੂੰ ਇਸ ਗਲ ਦੀ ਸੂਝ ਕਰਾਵਾਂਗੀ। ਕਿਰਪਾਲ! ਤੁਸੀਂ ਇਸ ਤੋਂ ਅਗਲਾ ਕਦਮ ਪੁਟਣ ਤੋਂ ਪਹਿਲਾਂ ਕਿਸੇ ਨਤੀਜੇ ਨੂੰ ਰੋਸ਼ਨ ਹੁੰਦਾ ਵੇਖੋਗੇ।' ਤੇ ਜਦ ਪ੍ਰੀਤ ਨੇ ਇਹ ਕਹਿੰਦਿਆਂ ਹੋਇਆਂ ਕਿਰਪਾਲ ਨੂੰ ਅੰਤਮ ਵਿਦਾਇਗੀ ਲਈ ਤਕਣਾ ਚਾਹਿਆ ਤਾਂ ਉਹ ਉਥੇ ਨਹੀਂ ਸੀ। ਪਤਾ ਨਹੀਂ ਕਦੋਂ ਕੁ ਦਾ ਉਹ ਉਥੋਂ ਜਾ ਚੁਕਾ ਸੀ। ਪ੍ਰੀਤ ਦੇ ਦਿਲ ਤੇ ਦੂਹਰੀ ਸਟ ਵੱਜੀ, ਜਿਵੇਂ ਕੱਚ ਟੁਟ ਕੇ ਉਸਦੇ ਸੀਨੇ ਵਿਚ ਖੁਭ ਗਿਆ ਹੋਵੇ। ਉਹ ਉਥੇ ਹੀ ਕਾਲਜਾ ਨੱਪ ਕੇ ਬੈਠ ਗਈ। ਉਸ ਦਾ ਸਿਰ ਜਿਵੇਂ ਪਾਟ ਰਿਹਾ ਹੋਵੇ। ਉਹ ਝੰਝਲਾ ਉਠੀ। ਉਸ ਦੇ ਅੰਗ ਅੰਗ ਵਿਚ ਅਣਖ ਦੀਆਂ ਲਾਟਾਂ ਬਲ ਰਹੀਆਂ ਸਨ, ਉਹ ਕੋਈ ਫੈਸਲਾ ਕਰਕੇ ਉਠੀ ਅਤੇ ਹੌਲੀ ਹੌਲੀ ਕਦਮ ਪੁਟਦੀ ਵੇਹੜਾ ਲੰਘ ਰਹੀ ਸੀ। ਉਸ ਏਧਰ ਓਧਰ ਝੁਕਿਆ ਸ਼ਾਇਦ ਜਿੰਦੀ ਨੂੰ ਵੇਖਣ ਲਈ, ਪਰ ਉਹ ਕਿਧਰੇ ਨਜ਼ਰੀ ਨਾ ਪਈ। ਪ੍ਰੀਤ ਆਪਣੇ ਘਰ ਬੜੀ ਮੁਸ਼ਕਿਲ ਨਾਲ ਪਹੁੰਚੀ। ਉਸ ਦਾ ਬੁਢਾ ਬਾਪੂ ਉਡੀਕ ਉਡੀਕ ਥੱਕ ਗਿਆ ਸੀ। ਉਸ ਦੀਆਂ ਅਖਾਂ ਵਿਚ ਨੀਂਦ ਨਹੀਂ ਸੀ ਅਤੇ ਸ਼ਰੀਰ ਵਿਚ ਚੈਨ ਨਹੀਂ ਸੀ, ਪਰ ਜਦ ਉਸ ਨੇ ਪ੍ਰੀਤ ਨੂੰ ਬਰੂਹਾਂ ਵਿਚ ਖਲੋਤੀ ਰੁਕਿਆ ਤਾਂ ਸੁਖ ਦਾ ਸਾਹ ਲੈਂਦਿਆਂ ਬੋਲ ਉਠਿਆ ... ...।

"ਬੇਟਾ! ਦੂਜਾ ਪਹਿਰ ਬੀਤ ਰਿਹਾ ਏ। ਮੈਂ ਕਦੋਂ ਦਾ ਉਡੀਕ ਰਿਹਾਂ। ਏਨਾ ਚਿਰ ਕਿਉਂ .. ... ...?'

"ਬਾਪੂ! ਮੈਨੂੰ ਬਹੁਤ ਸਾਰਾ ਪਿਆਰ ਕਰੋ। ਮੇਰਾ ਅੰਦਰ ਈਰਖਾ ਨਾਲ ਸੜ ਰਿਹਾ ਹੈ। ਮੈਂ ਜੀਉਂਦੀ ਨਹੀਂ ਰਹਾਂਗੀ। ਮੈਨੂੰ ਹੌਂਸਲਾ ਦਿਓ। ਬਾਪੂ ... ... ...।" ਪ੍ਰੀਤ ਆਪਣੇ ਪਿਤਾ ਦੀ ਝੋਲੀ ਵਿਚ ਢਹਿਕੇ ਉਚੇ ਉਚੇ ਸਾਹ ਭਰ ਰਹੀ ਸੀ।

"ਇਹ ਕੀ ਬੱਚੀ? ਕੀ ਹੋ ਗਿਆ ਮੇਰੀ ਮੁੰਨਾ ਨੂੰ! ਬੇਟੀ! ਕਿਥੋਂ ਆਈ ਏਂ? ਵਿਆਹ ਵਾਲੇ ਘਰ ਨਹੀਂ ਸੈਂ ਗਈ?"

ਬੁਢੇ ਦੇ ਚਿਹਰੇ ਤੇ ਹੈਰਾਨੀ ਜੇਹੀ ਦੇ ਭਾਵ ਸਨ। ਉਸ ਕਈ ਪ੍ਰਸ਼ਨ ਕੀਤੇ।

"ਬਾਪੂ! ਉਹੋ ਕਿਰਪਾਲ ਜਿਸ ਦੇ ਲੜ ਕਦੀ ਤੁਸਾਂ ਮੈਨੂੰ ਲਾਇਆ ਸੀ, ਅਜ ਸੰਤੋਸ਼ ਨੂੰ ਵਿਆਹੁਣ ਆ ਢੁਕਿਆ ਏ। ਉਸ ਨੂੰ ਮੈਂ ਮਿਲੀ ਸਾਂ। ਉਹ ਮੈਨੂੰ ਬੜੀ ਬੁਰੀ ਤਰਾਂ ਠੁਕਰਾਕੇ ਚਲਾ ਗਿਆ ਬਾਪੂ!... ... ... ... ਹੁਣ ਮੈਨੂੰ ... ... ...ਕੋਈ ਆਸ ਨਹੀਂ ਰਹੀ।" ਪ੍ਰੀਤ ਜਿਵੇਂ ਪਾਗਲ ਹੋ ਗਈ ਹੋਵੇ। ਉਹ ਬਚਿਆਂ ਵਾਂਗ ਫਰਿਆਦਾਂ ਕਰ ਰਹੀ ਸੀ। ਉਹ ਕਮਲੀ ਇਹ ਨਹੀਂ ਸੀ ਜਾਣਦੀ ਕਿ ਕਿਸੇ ਅਮੀਰ ਦੀ ਠੁਕਰਾਈ ਹੋਈ ਕੂੰਜ ਫਿਰ ਕਦੀ ਆਪਣੀ ਡਾਰ ਨਾਲ ਨਹੀਂ ਮਿਲ ਸਕਦੀ ਹੈ।

"ਪ੍ਰੀਤ ਬੱਚੀ! ਤੂੰ ਇਹ ਕੀ ਕੀਤਾ। ਉਸ ਨੂੰ ਕਿਉਂ ਮਿਲੀ ਬੇਟਾ! ਤੂੰ ਇਹ ਨਹੀਂ ਸੀ ਜਾਣਦੀ ਕਿ ਅਮੀਰਾਂ ਦੇ ਦਿਲਾਂ ਵਿਚ ਗਰੀਬਾਂ ਦੇ ਹੰਝੂਆਂ ਲਈ ਥਾਂ ਨਹੀਂ ਹੁੰਦੀ ਸਾਡੇ ਦਰਦ ਉਤੇ ਉਹਨਾਂ ਦਾ ਹਾਸਾ ਉਡਦਾ ਏ। ਸਾਨੂੰ ਹਸਦਿਆਂ ਵੇਖ ਉਹ ਕਰਿਝਦੇ ਨੇ। ਕਿਰਪਾਲ ਨਾਲ ਹੁਣ ਸਾਡਾ ਕਾਹਦਾ ਰਿਸ਼ਤਾ! ਪਾਗਲ ਕਿਸੇ ਥਾਂ ਦੀ ... ... ...।" ਬੁਢੇ ਦਾ ਝੁਰੜਿਆ ਚਿਹਰਾ ਕੰਬ ਰਿਹਾ ਸੀ। ਉਸ ਦੇ ਖਰ੍ਹਵੇਂ ਹਥ ਮੀਟੇ ਹੋਏ ਸਨ। ਵਿੰਗੇ ਜੇਹੇ ਸਰੀਰ ਵਿਚ ਕਈ ਹਰਕਤਾਂ ਸਨ। ਅਖਾਂ ਦੀ ਮਾੜੀ ਜੇਹੀ ਲੋਅ ਨੂੰ ਹੰਝੂਆਂ ਨੇ ਕੜਿਆ ਹੋਇਆ ਸੀ। ਸੁਕੇ ਹੋਏ ਬੁਲ੍ਹਾਂ ਤੇ ਵੀ ਕੰਬਣੀ ਸੀ। ਪ੍ਰੀਤ ਨੇ ਜਦ ਪਿਤਾ ਦਾ ਇਹ ਹਾਲ ਵੇਖਿਆ ਤਾਂ ਦਿਲ ਵਿਚ ਪਛਤਾਈ। "ਮੈਂ ਬਾਪੂ ਨੂੰ ਕਾਹਨੂੰ ਦਸਿਆ?" ਉਸ ਨੇ ਦਿਲ ਵਿਚ ਸੋਚਿਆ ਅਤੇ ਦਿਲਾਸਾ ਦਿੰਦੀ ਬਿਸਤਰੇ ਵਿਚ ਪੈ ਗਈ।

ਰਾਤ ਦਾ ਰਹਿੰਦਾ ਬਾਕੀ ਹਿਸਾ ਪ੍ਰੀਤ ਨੇ ਸੋਚਾਂ ਵਿਚ ਬਿਤਾਇਆ ਅਤੇ ਸਵੇਰ ਹੁੰਦਿਆਂ ਹੀ ਬਿਸਤਰੇ ਠੀਕ ਕਰਕੇ ਮਕਾਨ ਦੀ ਉਤਲੀ ਛਤ ਤੇ ਚਲੀ ਗਈ। ਬੁਢੇ ਨੂੰ ਪਤਾ ਸੀ, ਉਸ ਦੀ ਬਚੀ ਵਿਆਹ ਨਹੀਂ ਵੇਖੇਗੀ। ਜਿਸ ਕਰਕੇ ਜਦ ਵੀ ਕੋਈ ਕੁੜੀ ਪ੍ਰੀਤ ਨੂੰ ਲੈਣ ਆਉਂਦੀ ਤਾਂ ਕਹਿ ਦਿੰਦਾ, "ਪ੍ਰੀਤ ਦੀ ਮਾਸੀ ਰਾਤੀਂ ਆ ਕੇ ਉਸ ਨੂੰ ਲੈ ਗਈ ਏ।" ਭਾਵੇਂ ਬ੍ਰਿਧ ਨੂੰ ਇਹ ਕੋਰਾ ਝੂਠ ਬੋਲਣ ਵੇਲੇ ਬੜਾ ਦੁਖੀ ਹੋਣਾ ਪੈਂਦਾ ਪਰ ਆਪਣੀ ਬੱਚੀ ਦੀ ਖੁਸ਼ੀ ਲਈ ਉਹ ਇਦੂੰ ਵੀ ਵਡੇ ਪਾਪ ਕਰ ਸਕਦਾ ਸੀ।

ਸ਼ਹਿਨਾਈਆਂ ਦੀ ਅਵਾਜ਼ ਪ੍ਰੀਤ ਦੇ ਕੰਨਾਂ ਨਾਲ ਟਕਰਾਈ। ਉਸ ਦੇ ਬੁਢੇ ਬਾਪੂ ਨੇ ਵੀ ਆਵਾਜ਼ ਨੂੰ ਸੁਣਿਆਂ ਅਤੇ ਸੀਨੇ ਤੇ ਪਥਰ ਰਖਕੇ ਤੁਰਿਆ ਫਿਰਦਾ ਰਿਹਾ।

ਦੁਨੀਆਂ ਦੇ ਭਾਰੇ ਇਕਠ ਵਿਚ ਕਿਰਪਾਲ ਨੇ ਪ੍ਰੀਤ ਨੂੰ ਪਰਨਾਇਆ ਸੀ ਅਤੇ ਅਜ ਫਿਰ ਬੇ-ਗਿਣਤ ਮਹਿਮਾਨ ਉਸ ਦਾ ਵਿਆਹ ਵੇਖ ਰਹੇ ਸਨ। ਪ੍ਰੀਤ ਦੇ ਸੀਨੇ ਤੇ ਜਿਵੇਂ ਕੋਈ ਤੀਰ ਚਲਾ ਰਿਹਾ ਹੋਵੇ। ਉਹ ਤੜਪ ਰਹੀ ਸੀ। ਉਹ ਮਚ ਰਹੀ ਸੀ। "ਕਿਰਪਾਲ ਆਪਣੀ ਇਕ ਜੀਉਂਦੀ ਪਤਨੀ ਦੇ ਹੁੰਦਿਆਂ ਹੋਰ ਵਿਆਹ ਕਰਵਾ ਰਿਹਾ ਏ, ਪਰ ਕਿਸੇ ਕੁੜੀ ਨੂੰ ਸਮਾਜ ਵਿਚ ਕੋਈ ਹੱਕ ਨਹੀਂ ਹੈ ਕਿ ਆਪਣੇ ਐਬੀ ਪਤੀ ਨੂੰ ਵੀ ਛਡ ਕੇ ਹੋਰ ਸਾਥੀ ਚੁਣ ਸਕੇ, ਹੇ ਪ੍ਰਭੂ! ਇਹ ਕਿਹੋ ਜਿਹਾ ਇਨਸਾਫ ਹੈ?' ਉਸ ਦੇ ਚਿਹਰੇ ਦਾ ਰੰਗ ਪੀਲਾ ਪੈ ਚੁਕਾ ਸੀ ਅਖਾਂ ਵੀ ਕਾਫੀ ਭਾਰੀਆਂ ਸਨ, ਖਿਲਰੇ ਕੇਸ ਕਿਸੇ ਲੰਮੇ ਦਰਦ ਦਾ ਸੁਨੇਹਾ ਦੇ ਰਹੇ ਸਨ।

ਪ੍ਰੀਤ ਦੇ ਕਮਰੇ ਦੀ ਹਰ ਚੀਜ਼ ਤੇ ਸੁਸਤੀ ਛਾਈ ਹੋਈ ਸੀ। ਹਰ ਚੀਜ਼ ਕੋਈ ਰੋਂਦੀ, ਤੜਪਦੀ ਤੇ ਫਰਯਾਦ ਕਰਦੀ ਜਾਪਦੀ ਸੀ। "ਹਰ ਦਰਦ ਪਿਛੇ ਖੁਸ਼ੀ ਦੇ ਹੰਝੂ ਅਵੱਸ਼ ਛਲਕਿਆ ਕਰਦੇ ਨੇ ਬੇਟਾ।" ਪ੍ਰੀਤ ਦੇ ਬੁਢੇ ਪਿਤਾ ਨੇ ਆਪਣੀ ਬੱਚੀ ਦੇ ਕੇਸਾਂ ਨੂੰ ਠੀਕ ਕਰਦਿਆਂ ਕਿਹਾ। ਪ੍ਰੀਤ ਦੇ ਹਟਕੋਰੇ ਹੋਰ ਵੀ ਤੇਜ਼ ਹੋ ਗਏ। "ਬੇਟਾ! ਬੁਢੇ ਪਿਤਾ ਤੇ ਤਰਸ ਕਰ। ਮੈਂ ਮਰ ਚੁਕਾਂ ਹਾਂ, ਹੋਰ ਨਾ ਮਾਰ। ਮੈਂ ਸੰਤੋਖ ਤੋਂ ਖਾਲੀ ਹੋ ਚੁਕਾਂ। ਹੋਰ ਸਬਰ ਕਰਨਾ ਮੇਰੀ ਸਮਰਥਾ ਤੋਂ ਬਾਹਰ ਹੈ।" ਤੇ ਉਹ ਖੰਘ ਦੇ ਜ਼ੋਰ ਨਾਲ ਹੋਰ ਨਾ ਬੋਲ ਸਕਿਆ। ਪ੍ਰੀਤ ਦੇ ਖਿਆਲਾਂ ਜਿਵੇਂ ਪਲਟਾ ਖਾਦਾ। ਉਹ ਜੋਸ਼ ਵਿਚ ਉਠੀ ਅਤੇ ਬੁਢੇ ਬਾਪੂ ਦੇ ਨਾਲ ਚਿੰਬੜ ਗਈ। ਉਹ ਰੋਂਦੀ ਨਹੀਂ ਸੀ, ਤੜਪਦੀ ਨਹੀਂ ਅਤੇ ਨਾ ਹੀ ਕੋਈ ਫਰਯਾਦ ਉਸ ਦੇ ਹੋਠਾਂ ਨਾਲ ਟਕਰਾ ਰਹੀ ਸੀ ਅਤੇ, ਉਹ ਇਕ ਸਜ ਵਿਆਹੀ ਮੁਟਿਆਰ ਦੀ ਤਰਾਂ ਖੁਸ਼ੀ ਵਿਚ ਖੀਵੀ, ਪਿਤਾ ਨੂੰ ਮਿਲ ਰਹੀ ਸੀ।

"ਬਾਪੂ! ਮੈਂ ਜੀਵਾਂਗੀ! ਤੁਹਾਨੂੰ ਜ਼ਿੰਦਗੀ ਬਖਸ਼ਾਂਗੀ। ਬਸ, ਮੈਂ ਤੁਹਾਡੀ ਕੁਆਰੀ ਪ੍ਰੀਤ ਹਾਂ। ਮੈਂ ਤੁਹਾਡੀ ਅਣਵਿਆਹੀ ਬੱਚੀ ਹਾਂ। ਮੈਨੂੰ ਹੋਰ ਕਿਸੇ ਦਾ ਕੋਈ ਗਮ ਨਹੀਂ। ਬਾ......ਪੂ, ਬਾਪੂ। ਅਤੇ ਪ੍ਰੀਤ ਸਚਮੁਚ ਇਕ ਅਲੜ ਤੇ ਕੁਆਰੀ ਜੇਹੀ ਕੁੜੀ ਜਾਪਣ ਲਗ ਪਈ ਸੀ। ਉਸ ਨੇ ਖੁਸ਼ੀ ਵਿਚ ਨਚਦਿਆਂ ਮਕਾਨ ਦੀ ਬਾਰੀ ਵਿਚੋਂ ਬਾਹਰ ਤਕਿਆ, ਸੂਰਜ ਕਾਫੀ ਚੜ੍ਹ ਆਇਆ ਸੀ।

ਘੜੀ ਨੇ ਬਾਰਾਂ ਖੜਕਾਏ ਅਤੇ ਉਸ ਦੀ ਗਲੀ ਵਿਚ ਦੀ ਸੰਤੋਸ਼ ਦਾ ਡੋਲਾ ਲੰਘ ਰਿਹਾ ਸੀ। ਕਿਰਪਾਲ ਬੜੀ ਠਾਠ ਨਾਲ ਕਾਰ ਦੀ ਅਗਲੀ ਸੀਟ ਤੇ ਬੈਠਾ ਮੁਸਕਾ ਰਿਹਾ ਸੀ। ਸੰਤੋਸ਼ ਦਾ ਚਿਹਰਾ ਕਿਸੇ ਵਡੇ ਮਾਣ ਨਾਲ ਦਗ ਦਗ ਕਰ ਰਿਹਾ ਸੀ। ਬਰਾਤ ਦੀਆਂ ਦੂਜੀਆਂ ਕਾਰਾਂ ਬੜੀ ਮਧਮ ਜੇਹੀ ਚਾਲੇ ਚਲਦੀਆਂ ਕਿਰਪਾਲ ਦੀ ਕਾਰ ਦੇ ਪਿਛੇ ੨ ਜਾ ਰਹੀਆਂ ਸਨ। ਲੋਕਾਂ ਦੀ ਬਹੁਤ ਭੀੜ ਹੋਣ ਕਰਕੇ ਮੋਟਰਾਂ ਹੋਰ ਵੀ ਹੌਲੀ ਚਲਦੀਆਂ ਸਨ। ਪ੍ਰੀਤ ਬੜੀ ਨੀਝ ਨਾਲ ਡੋਲਾ ਜਾਂਦਾ ਵੇਖ ਰਹੀ ਸੀ। ਹੌਲੇ ੨ ਡੌਲਾ ਅਖਾਂ ਤੋਂ ਉਹਲੇ ਹੋ ਗਿਆ।

ਸੇਠ ਰੱਖਾ ਰਾਮ ਨੇ ਚੋਖਾ ਸਾਰਾ ਦਾਜ ਦੇ ਕੇ ਲੋਕਾਂ ਦੀ ਬੜੀ ਵਾਹ ਵਾਹ ਖੱਟੀ। ਸੰਤੋਸ਼ ਵਿਚ ਵੀ ਇਸ ਗਲ ਦਾ ਕਾਫੀ ਮਾਣ ਸੀ, ਸੰਤੋਸ਼ ਸਹੁਰੇ ਗਈ, ਸੰਤੋਸ਼ ਪੇਕੇ ਆਈ, ਸੰਤੋਸ਼ ਦਾ ਮੁਕਲਾਵਾ ਵੀ ਦਿਤਾ ਗਿਆ। ਹੁਣ ਉਸ ਦਾ ਜੀਅ ਆਪਣੀਆਂ ਗਲੀਆਂ ਵਿਚ ਨਹੀਂ ਸੀ ਲਗਦਾ।ਉਸ ਦੇ ਅੰਗ ਅੰਗ ਤੇ ਸੁਹਣੀ ਸੁਹਾਗਣ ਵਾਲੀ ਸੁੰਦਰਤਾ ਡਲ੍ਹਕਾਂ ਮਾਰਦੀ ਸੀ। ਉਸਦੇ ਕਦਮ ਕਿਸੇ ਦੇ ਪਿਆਰ ਲਈ ਨਚਦੇ, ਟੱਪਦੇ, ਜ਼ਮੀਨ ਤੇ ਟਿਕਦੇ ਨਹੀਂ ਸਨ।

ਦਿਨ ਬੀਤਦੇ ਗਏ। ਕਿਸੇ ਬਦਲ ਦੀ ਤਰਾਂ ਸੰਤੋਸ਼ ਦੇ ਦਿਨ ਕਦੀ ਕੋਈ ਤੇ ਕਦੀ ਕੋਈ ਰੂਪ ਧਾਰ ਕੇ ਆਉਂਦੇ ਰਹੇ। ਅਜ ਉਸ ਦੇ ਪਿਆਰ ਨੂੰ ਸਾਲ ਹੋ ਚੁਕਾ ਸੀ। ਉਸ ਦੇ ਚਿਹਰੇ ਤੇ ਕੋਈ ਖੁਸ਼ੀ ਨਹੀਂ ਸੀ। ਉਸ ਦਾ ਜੀਵਨ ਕਿਸੇ ਮਿੱਧੇ ਹੋਏ ਫੁਲ ਵਾਂਗ ਮੁਰਝਾਇਆ ਹੋਇਆ ਸੀ।

"ਸੰਤੋਸ਼! ਤੂੰ ਅਗੇ ਵਾਂਗ ਖਿੜੀ ਖਿੜੀ ਨਹੀਂ ਲਗਦੀ?" ਇਕ ਦਿਨ ਪ੍ਰੀਤ ਨੇ ਪੁਛ ਹੀ ਲਿਆ।

"ਪ੍ਰੀਤਾਂ! ‘ਇਹੋ ਹੀ ਤੇ ਮੈਂ ਕਈਆਂ ਦਿਨਾਂ ਤੋਂ ਦਸਣ ੨ ਕਰਦੀ ਸਾਂ। ਪਰ ਦਸ ਨਹੀਂ ਸਾਂ ਸਕੀ।' ਸੰਤੋਸ਼ ਨੇ ਉਦਾਸ ਜੇਹੇ ਲਹਿਜੇ ਵਿਚ ਕਿਹਾ।

‘ਹਾਂ, ਕੀ ਏ?’ ਪ੍ਰੀਤ ਉਤਾਵਲੀ ਜੇਹੀ ਹੋਕੇ ਬੋਲੀ।

‘ਮੇਰੇ ਪਿਤਾ ਨੇ ਜਿਸ ਦੇ ਲੜ ਮੈਨੂੰ ਲਾਇਆ ਸੀ, ਉਹ ਕਿਸੇ ਹੋਰ ਨੂੰ ਘਰ ਦਾ ਸ਼ਿੰਗਾਰ ਬਣਾਉਣ ਦੀਆਂ ਤਜਵੀਜ਼ਾਂ ਸੋਚ ਰਿਹਾ ਏ।'

ਸੰਤੋਸ਼ ਦੀਆਂ ਅਖਾਂ ਭਰ ਆਈਆਂ। ਪ੍ਰੀਤ ਦਾ ਦਿਲ ਜ਼ੋਰ ਜ਼ੋਰ ਨਾਲ ਧੜਕਿਆ। ਉਸ ਨੂੰ ਜਾਪਿਆ ਜਿਵੇਂ ਕਿਸੇ ਨੇ ਉਸ ਦੇ ਸੁਕ ਰਹੇ ਨਾਸੂਰ ਨੂੰ ਫਿਰ ਛੇੜ ਦਿਤਾ ਹੈ। ਬੜੀ ਮੁਸ਼ਕਲ ਨਾਲ ਉਸ ਨੇ ਵਧ ਰਹੇ ਦੁਖ ਨੂੰ ਘਟਾਇਆ ਸੀ ਪਰ ਸੰਤੋਸ਼ ਦੀ ਹਾਲਤ ਵੇਖ ਕੇ ਉਸਦਾ ਦਿਲ ਫਿਰ ਜ਼ਖਮੀ ਹੋਕੇ ਤੜਪਣ ਲਗ ਪਿਆ। ਸੰਤੋਸ਼ ਦੇ ਨਾਲ ਹੀ ਉਸ ਨੂੰ ਦੋ ਰੂਹਾਂ ਹੋਰ ਵੀ ਤੜਪਦੀਆਂ ਨਜ਼ਰ ਆ ਰਹੀਆਂ ਸਨ। ਸੰਤੋਸ਼ ਦੇ ਪਿਤਾ ਅਤੇ ਮਾਤਾ ਜਿਨ੍ਹਾ ਦੀ ਇਕਲੌਤੀ ਬੱਚੀ ਦਾ ਜੀਵਨ ਮੌਤ ਅਤੇ ਜ਼ਿੰਦਗੀ ਵਿਚਕਾਰ ਲਟਕ ਰਿਹਾ ਸੀ। ਉਹਨਾਂ ਦੇ ਹੋਰ ਲਾਲਚ ਡਰਾਵੇ ਅਤੇ ਮਿੰਨਤਾਂ ਦਾ ਕਿਰਪਾਲ ਦੇ ਦਿਲ ਤੇ ਉਕਾ ਅਸਰ ਨਾ ਪਿਆ। ਮਾਤਾ ਪਿਤਾ ਦੀ ਸਿਖਿਆ ਵਿਚ ਆ ਕੇ ਕਿਰਪਾਲ ਸ੍ਵੈ-ਭਰੋਸੇ ਤੋਂ ਬਹੁਤ ਦੂਰ ਜਾ ਚੁਕਾ ਸੀ। ਪ੍ਰੀਤ ਉਥੇ ਹੋਰ ਨਾ ਠਹਿਰ ਸਕੀ। ਉਹ ਸਿਧੀ ਜਿੰਦੀ ਨੂੰ ਜਾ ਕੇ ਮਿਲੀ। ਦਿਲ ਦਾ ਸਾਰਾ ਦਰਦ ਪਾਣੀ ਦੇ ਘੜੇ ਵਾਂਗ ਉਸ ਦੇ ਅਗੇ ਰੋੜ੍ਹ ਦਿਤਾ। ਜਿੰਦੀ ਨੇ ਉਸ ਦੀ ਮਦਦ ਲਈ ਇਕਰਾਰ ਦਿਤਾ ਅਤੇ ਪ੍ਰੀਤ ਘਰ ਚਲੀ ਗਈ।

ਇਸ ਤੋਂ ਤਿੰਨਾਂ ਕੁ ਦਿਨਾਂ ਬਾਅਦ ਸੰਤੋਸ਼ ਨੇ ਇਕ ਬੱਚੀ ਨੂੰ ਜਨਮ ਦਿਤਾ ਅਤੇ ਦੁਨੀਆਂ ਦੇ ਝਮੇਲਿਆਂ ਤੋਂ ਸਦਾ ਲਈ ਪੱਲਾ ਛੁਡਾ ਗਈ। ਨਾਲ ਹੀ ਸਾਰੇ ਇਲਾਕੇ ਵਿਚ ਇਹ ਖਬਰ ਫੈਲ ਗਈ ਕਿ ਕਿਰਪਾਲ ਹੋਰ ਵਿਆਹ ਕਰਵਾ ਚੁਕਾ ਹੈ। ਪ੍ਰੀਤ ਦੇ ਦਿਲ ਤੇ ਦੋ ਇਕਠੀਆਂ ਸਟਾਂ ਲੱਗੀਆਂ। ਇਕ ਤਾਂ ਕਿਰਪਾਲ ਦਾ ਹੋਰ ਵਿਆਹ ਤੇ ਦੂਜਾ ਸੰਤੋਸ਼ ਦੀ ਮੌਤ, ਉਹ ਇਹਨਾਂ ਸਟਾਂ ਨੂੰ ਬੜੀ ਬੁਰੀ ਤਰਾਂ ਸਹਾਰ ਸਕੀ।

"ਸ਼ਾਇਦ ਦੁਨੀਆਂ ਵਿਚ ਲੜਕੀਆਂ ਦੀ ਆਮਦ ਵਧ ਰਹੀ ਏ ਜਿਸ ਕਰ ਕੇ ਮਾਪੇ ਅਨ੍ਹੇ ਵਾਹ, ਕਿਰਪਾਲ ਵਰਗੇ ਸੁਆਰਥੀ ਲੜਕਿਆਂ ਦੇ ਲੜ ਲਾ ਲਾ ਕੇ ਆਪਣੀਆਂ ਧੀਆਂ ਨੂੰ ਦੁਖਾਂ ਦੇ ਮੂੰਹ ਵਿਚ ਝੋਕ ਰਹੇ ਨੇ। ਲੋਕ ਪੈਸੇ ਦੀ ਭੁਖ ਨਾਲ ਏਨੇ ਸੜ ਰਹੇ ਨੇ ਕਿ ਨਾਲ ਚੋਖੀ ਸਾਰੀ ਜਾਇਦਾਦ ਦੇ ਕੇ ਵੀ ਕਿਰਪਾਲ ਦੇ ਪੈਸੇ ਨਾਲ ਆਪਣੀਆਂ ਧੀਆਂ ਵਿਆਹੀ ਜਾ ਰਹੇ ਨੇ।" ਪ੍ਰੀਤ ਨੇ ਜਿੰਦੀ ਨੂੰ ਇਕ ਦਿਨ ਬੜੇ ਜੋਸ਼ ਨਾਲ ਕਿਹਾ ਸੀ। ਜਿੰਦੀ ਨੇ ਇਸ ਗਲ ਦੀ ਪਰੋੜਤਾ ਕੀਤੀ ਸੀ।

ਜਿੰਦੀ ਅਤੇ ਪ੍ਰੀਤ ਨੇ ਮਾਪਿਆਂ ਨੂੰ ਕਿਰਪਾਲ ਦਾ ਜ਼ਿੰਦਾ ਸਬੂਤ ਵਿਖਾ ਕੇ ਇਸ ਗਲ ਤੋਂ ਸੁਚੇਤ ਕਰਵਾਣਾ ਚਾਹਿਆ ਕਿ ਇਹੋ ਜੇਹੇ ਸੁਆਰਥੀ ਲੜਕਿਆਂ ਨੂੰ ਆਪਣੀਆਂ ਧੀਆਂ ਦੇ ਬਲੀਦਾਨ ਨਾ ਦੇਣ।

"ਇਕ ਦੋ ਪੀੜੀਆਂ ਤੁਹਾਡੀਆਂ ਲੜਕੀਆਂ ਕੁਆਰੀਆਂ ਰਹਿ ਲੈਣਗੀਆਂ, ਪਰ ਸੁਆਰਥੀ ਕਿਰਪਾਲ ਦਾ ਦਾਜ ਇਕਠਾ ਕਰਨ ਦਾ ਤ੍ਰੀਕਾ ਸਦਾ ਲਈ ਖਤਮ ਹੋ ਜਾਏਗਾ। ਅਤੇ ਤੁਹਾਡੀਆਂ ਧੀਆਂ ਬੁਢ ਸੁਹਾਗਣਾਂ ਹੋਣਗੀਆਂ" ਇਕਦਿਨ ਪ੍ਰੀਤ ਨੇ ਮਾਪਿਆਂ ਨੂੰ ਪ੍ਰੇਰਦਿਆਂ ਕਿਹਾ ਸੀ ਅਤੇ ਉਹ ਆਪਣੇ ਆਸ਼ੇ ਵਿਚ ਕਿਸੇ ਹਦ ਤਾਈਂ ਸਫਲ ਸੀ।... ... ... ... ... ... ...।

"ਸਰੋਜ"

ਨਵ-ਜੀਵਨ

ਨਰੇਸ਼ ਦੇ ਦਿਮਾਗ਼ ਵਿਚ ਤੂਫਾਨ ਮਚਿਆ ਹੋਇਆ ਸੀ, ਇਕ ਨਾ ਰੁਕਣ ਵਾਲਾ ਤੂਫਾਨ!

ਨਰੇਸ਼ ਦੇ ਕੰਨਾਂ ਵਿਚ ਉਸਦੇ ਪਿਤਾ ਦੇ ਲਫਜ਼ ਗੂੰਜ ਰਹੇ ਸਨ। ਇਹੋ ਲਫਜ਼ ਕਦੀ ਉਸ ਨੇ ਬੜੇ ਉਤਸ਼ਾਹ, ਬੜੇ ਅਰਮਾਨਾਂ ਨਾਲ ਸੁਣੇ ਸਨ, ਪਰ ਅਜ ਇਹੋ ਲਫਜ਼ ਉਸ ਨੂੰ ਜ਼ਹਿਰ ਦੇ ਤੀਰ ਵਾਂਗ ਵਿੰਨ ਗਏ। ਸਾਰੇ ਕਮਰੇ ਵਿਚ ਸੁੰਨ ਸੁੰਨੀ ਛਾਈ ਹੋਈ ਸੀ। ਦਿਮਾਗ ਵਿਚ ਕੀੜੀਆਂ ਦੌੜਦੀਆਂ ਜਾਪਦੀਆਂ ਸਨ। ਫਿਰ ਉਹੋ ਲਫਜ਼ ਕੰਨਾਂ ਵਿਚ ਗੂੰਜੇ-

‘ਨਰੇਸ਼ ਪੁਤਰ?'

‘ਜੀ, ਪਿਤਾ ਜੀ।’

‘ਪੁਤਰ ਕਲ ਪ੍ਰੀਤ ਨਗਰ ਜਾਣਾ ਹੈ ਸਵੇਰ ਦੀ ਗੱਡੀ, ਮੈਂ ਮੁਨੀਮ ਜੀ ਨੂੰ ਤਾਰ ਦੇ ਦਿਤੀ ਹੈ, ਰਾਮੂ ਤੈਨੂੰ ਸਟੇਸ਼ਨ ਤੇ ਆਕੇ ਲੈ ਜਾਵੇਗਾ।' ਨਰੇਸ਼ ਦੇ ਪਿਤਾ ਨੇ ਉਸ ਵਲ ਤਕਦੇ ਹੋਏ ਕਿਹਾ।

'ਪਰ... ... ... ...ਪਰ... ... ... ...ਪਿਤਾ... ... ... ਪਿਤਾ ਜੀ... ... ...?' ਨਰੇਸ਼ ਦੀ ਜ਼ਬਾਨ ਥਿੜਕ ਰਹੀ ਸੀ। ‘ਨਰੇਸ਼, ਤੂੰ ਹੁਣ ਪ੍ਰੀਤ ਨਗਰ ਜਾਣ ਤੋਂ ਕਿਉਂ ਘਬਰਾਉਂਦਾ ਏਂ। ਪਹਿਲੇ ਤਾਂ ਬੜੀ ਚਾਹ ਨਾਲ ਪ੍ਰੀਤ ਨਗਰ ਜਾਂਦਾ ਸੀ, ਪੁਤਰ ਆਖਰ ਕਰੋਬਾਰ ਦਾ ਕੰਮ ਵੀ ਤਾਂ ਹੁਣ ਤੂੰ ਹੀ ਸੰਭਾਲਣਾ ਹੈ, ਮੈਂ ਤਾਂ ਹੁਣ ਬੁਢਾ ਹੋ ਗਿਆ ਹਾਂ, ਮੇਰਾ ਕੀ ਭਰੋਸਾ?'

ਅਜੇਹੀ ਇਕ ਰਾਤ ਪਹਿਲੇ ਵੀ ਨਰੇਸ਼ ਦੀ ਜ਼ਿੰਦਗੀ ਵਿਚ ਆਈ ਸੀ, ਅਜ ਤੋਂ ਪੂਰੇ ਤਿੰਨ ਸਾਲ ਪਹਿਲੇ। ਇਕ ਸੁਹਾਣੀ ਰਾਤ, ਅਰਮਾਨਾਂ ਨਾਲ ਭਰੀ। ਉਸ ਦੀ ਜ਼ਿੰਦਗੀ ਵਿਚੋਂ ਸਾਜ਼ ਦੀ ਤਰਾਂ ਝਨਕਾਰ ਨਿਕਲੀ। ਸੰਗੀਤ ਦੇ ਮਧੁਰ ਸੁਰਾਂ ਵਿਚੋਂ ਉਸ ਦਾ ਜੀਵਨ ਝੂਮ ਉਠਿਆ, ਨਚ ਉਠਿਆ, ਪਰ ਜ਼ਿੰਦਗੀ ਦੇ ਸਾਰੇ ਸੰਗੀਤ ਸਦਾ ਲਈ ਚੁਪ ਹੋ ਗਏ, ਸਾਜ਼ ਟੁਟ ਗਏ ਤੇ ਛਡ ਗਏ ਉਸ ਦੀ ਜ਼ਿੰਦਗੀ ਵਿਚ ਮਾਯੂਸੀਆਂ ਦਾ ਸਮੁੰਦਰ, ਨਾ-ਉਮੀਦੀਆਂ ਦਾ ਦਰਿਆ, ਹਹੁਕਿਆਂ ਦਾ ਖਜ਼ਾਨਾ ਤੇ ਬੇਅੰਤ ਅਥਰੂਆਂ ਨਾਲ ਉਸ ਦਾ ਸਬੰਧ। ਉਸ ਰਾਤ ਵੀ ਨਰੇਸ਼ ਦੇ ਪਿਤਾ ਨੇ ਕਿਹਾ ਸੀ:

‘ਨਰੇਸ਼ ਪੁਤਰ?'

‘ਜੀ, ਪਿਤਾ ਜੀ।’


‘ਪੁਤਰ ਕਲ ਤੂੰ ਪ੍ਰੀਤ ਨਗਰ ਜਾਣਾ ਹੈ, ਸਵੇਰ ਦੀ ਗਡੀ। ਮੈਂ ਮੁਨੀਮ ਜੀ ਨੂੰ ਤਾਰ ਦੇ ਦਿਤੀ ਹੈ। ਰਾਮੂ ਤੈਨੂੰ ਸਟੇਸ਼ਨ ਤੇ ਆਕੇ ਲੈ ਜਾਵੇ ਗਾ।' ਨਰੇਸ਼ ਦੇ ਪਿਤਾ ਨੇ ਉਸ ਵਲ ਤਕਦੇ ਹੋਏ ਕਿਹਾ।

ਪਰ ਅਜ ਦੀ ਰਾਤ ਤੇ ਉਸ ਰਾਤ ਵਿਚ ਫਰਕ ਸੀ। ਬਹੁਤ ਫਰਕ ਜ਼ਮੀਨ, ਅਸਮਾਨ ਜਿੰਨਾਂ ਫਰਕ। ਇਹੋ ਰਾਤ ਕਦੀ ਉਸ ਦੀ ਜ਼ਿੰਦਗੀ ਵਿਚ ਆਸ਼ਾ ਦਾ ਦੀਪ ਬਾਲਕੇ ਆਈ ਸੀ, ਪਰ ਅਜ ਦੀ ਰਾਤ ਉਸ ਦੀ ਜ਼ਿੰਦਗੀ ਵਿਚ ਹਹੁਕਿਆਂ ਦੀ, ਸਿਸਕੀਆਂ ਦੀ ਤੇ ਆਹਾਂ ਦੀ ਰਾਤ ਸੀ।

ਹੁਣ ਪ੍ਰੀਤ ਨਗਰ ਦੀ ਯਾਦ ਉਸ ਲਈ ਇਕ ਸੁਪਨਾ ਬਣ ਗਈ ਸੀ।

ਉਸ ਯਾਦ ਨੂੰ ਹੁਣ ਤਕ ਨਰੇਸ਼ ਨੇ ਆਪਣੇ ਸੀਨੇ ਵਿਚ ਛੁਪਾਇਆ ਹੋਇਆ ਸੀ, ਪੂਰੇ ਤਿੰਨ ਸਾਲ ਤੋਂ।

ਅਜ ਤੋਂ ਪੂਰੇ ਤਿੰਨ ਸਾਲ ਪਹਿਲੇ ਨਰੇਸ਼ ਪ੍ਰੀਤ ਨਗਰ ਜਾ ਰਿਹਾ ਸੀ। ਬੇ-ਅੰਤ ਉਮੰਗਾਂ ਉਸਦੇ ਦਿਲ ਵਿਚ ਮਚਲ ਰਹੀਆਂ ਸਨ। ਅਥਾਹ ਅਰਮਾਨ ਉਸ ਦੇ ਦਿਲ ਵਿਚ ਜਵਾਰ ਭਾਟੇ ਦੀ ਤਰਾਂ ਉਭਰ ਰਹੇ ਸਨ। ਉਹ ਖੁਸ਼ ਸੀ, ਬਹੁਤ ਹੀ ਖੁਸ਼। ਉਸ ਦੀਆਂ ਅਖਾਂ ਅਗੇ ਰਮਾਂ ਦੀ ਤਸਵੀਰ ਨਚ ਰਹੀ ਸੀ। ਉਸ ਦੀ ਪਿਆਰੀ ਰਮਾਂ, ਉਸਦੀ ਪਰੇਮਕਾ, ਉਸਦੇ ਸੁਪਨਿਆ ਦੀ ਰਾਣੀ। ਉਹ ਸੋਚ ਰਿਹਾ ਸੀ, ‘ਰਮਾਂ ਮੈਨੂੰ ਲੈਣ ਲਈ ਸਟੇਸ਼ਨ ਤੇ ਆਈ ਹੋਵੇਗੀ, ਰਮਾਂ ਕਿਤਨੀ ਖੁਸ਼ ਹੋਵੇਗੀ ਮੈਨੂੰ ਦੇਖਕੇ। ਕਿਡੀ ਚੰਗੀ ਏ ਮੇਰੀ ਰਮਾਂ।' ਖਿਆਲਾਂ ਦੀ ਦੁਨੀਆਂ ਵਿਚ ਮਸਤ ਨਰੇਸ਼ ਸਰਵਗੀ ਝੂਟੇ ਲੈ ਰਿਹਾ ਸੀ।

ਨਰੇਸ਼ ਪ੍ਰੀਤ ਨਗਰ ਪਹੁੰਚ ਗਿਆ, ਰਮਾਂ ਉਸ ਨੂੰ ਮਿਲੀ ਦੋਵਾਂ ਦੇ ਪਿਆਰ ਦੀ ਪੀਂਘ ਅਰਸ਼ੀ ਹੁਲਾਰੇ ਲੈਣ ਲਗੀ।

ਵਕਤ ਗੁਜ਼ਰਦਾ ਗਿਆ, ਅਖਾਂ ਨਾਲ ਇਸ਼ਾਰੇ ਕਰਦਾ ਭਜਦਾ ਰਿਹਾ ਤੇ ਪਿਛੇ ਛਡਦਾ ਗਿਆ ਦੋਵਾਂ ਦੇ ਪਿਆਰ ਦੀਆਂ ਯਾਦਾਂ। ਨਰੇਸ਼ ਤੇ ਰਮਾਂ ਦੇ ਪਿਆਰ ਦੀਆਂ ਯਾਦਾਂ ਇਕ ਕਹਾਣੀ ਬਣ ਗਈ, ਨਰੇਸ਼ ਤੇ ਰਮਾਂ ਦੀ ਪਰੇਮ ਕਹਾਣੀ।

ਪਰੇਮ ਕਹਾਣੀ ਵਧਦੀ ਗਈ,ਸਮਾਂ ਬਚਪਣ ਦੀਆਂ ਯਾਦਾਂ ਨੂੰ ਆਪਣੇ ਨਾਲ ਲੈ ਜਾਂਦਾ ਰਿਹਾ ਤੇ ਪਿਛੇ ਛਡਦਾ ਗਿਆ ਜਵਾਨੀ ਦੇ ਮਧੁਰ ਗੀਤ। ਦੋਵੇਂ ਜਵਾਨ ਹੋ ਗਏ, ਮਿਲਦੇ ਰਹੇ, ਪਰੇਮ ਦੇ ਬੰਧਨ ਦੀ ਗੰਢ ਹੋਰ ਪੀਡੀ ਹੁੰਦੀ ਗਈ, ਦਿਲ ਹੋਰ ਇਕ ਦੂਜੇ ਦੇ ਨੇੜੇ ਹੁੰਦੇ ਗਏ, ਚੰਨ ਦੀ ਚਾਨਣੀ ਵਿਚ ਦੋਹਾਂ ਦਾ ਪਿਆਰ ਫਲਦਾ ਰਿਹਾ। ਆਪਣੀ ਮੰਜ਼ਲ ਵਲ ਜਾਂਦਾ ਰਿਹਾ। ਜਵਾਨੀ ਦੇ ਸੰਗੀਤ ਨੂੰ ਮਾਣਦਾ ਦੋਵਾਂ ਦਾ ਜੀਵਨ ਆਪਣੀ ਮੰਜਲ ਵਲ ਤੁਰੀ ਗਿਆ, ਇਕਠੇ ਰਹਿਣ ਦੀਆਂ ਸੌਹਾਂ ਖਾਧੀਆਂ, ਇਕੋ ਹੀ ਰਾਹ ਤੇ ਚਲਣ ਦਾ ਪ੍ਰਣ ਕੀਤਾ, ਇਕਠੇ ਜੀਵਨ ਗੁਜਾਰਨ ਦੇ ਵਾਇਦੇ ਹੋਏ ਤੇ ਦੋਵੇਂ ਇਕੋ ਹੀ ਪਗਡੰਡੀ ਤੇ ਚਲਦੇ ਰਹੇ। ਸਮਾਂ ਚਲਦਾ ਰਿਹਾ ਆਪਣੀ ਪੂਰੀ ਚਾਲੇ, ਦੋਵੇਂ ਅਗੇ ਵਧਦੇ ਗਏ ਸਮੇਂ ਦੇ ਨਾਲ ਨਾਲ।

ਪਰ ਅਚਾਨਕ ਦੋਵਾਂ ਦੇ ਪੈਰ ਫੰਦੇ ਵਿਚ ਫਸ ਗਏ, ਪੁਰਾਣੇ ਬੇ-ਤਰਸ ਸਮਾਜ ਦੇ ਤਾਣੇ ਖੂਨੀ ਫੰਦੇ ਵਿਚ। ਜ਼ਾਲਮ ਸਮਾਜ ਦੋਵਾਂ ਦੇ ਰਾਹ ਵਿਚ ਇਕ ਸਖ਼ਤ ਲੋਹੇ ਦੀ ਦੀਵਾਰ ਬਣਕੇ ਖਲੋ ਗਿਆ। ਇਹੋ ਦੀਵਾਰ ਪਹਿਲੇ ਹਜ਼ਾਰਾਂ ਨਹੀਂ ਬਲਿਕੇ ਲਖਾਂ ਵਾਰੀ ਦੋ ਦਿਲਾਂ ਦੇ ਰਾਹ ਵਿਚ ਖਲੋ ਚੁਕੀ ਹੈ ਤੇ ਉਹਨਾਂ ਦੀਆਂ ਆਹਾਂ, ਚੀਸਾਂ, ਹਹੁਕੇ ਉਸ ਦੀਵਾਰ ਵਿਚ ਭਸਮ ਹੋ ਗਏ ਤੇ ਪਤਾ ਨਹੀਂ ਕਦੋਂ ਤਕ ਅਜੇਹੀ ਦੀਵਾਰ ਹੋਰ ਖਲੋਤੀ ਰਹੇਗੀ। ਸਮਾਜ ਨੇ ਰਮਾਂ ਤੇ ਨਰੇਸ਼ ਨੂੰ ਵਖ ਵਖ ਕਰ ਦਿਤਾ। ਨਰੇਸ਼ ਦੇ ਪਿਆਰ ਦੀ ਦੁਨੀਆਂ ਉਜੜ ਗਈ, ਬਰਬਾਦ ਹੋ ਗਈ ਤੇ ਰਮਾਂ ਦੇ ਹਾਸੇ ਮਖੌਲ, ਅਰਮਾਨ, ਉਮੰਗਾਂ ਅੱਖ ਦੇ ਫੋਰ ਵਿਚ ਉਡ ਗਈਆਂ ਤੇ ਉਸਦੀ ਥਾਂ ਜਨਮ ਲਿਆ ਚੀਸਾਂ ਨੇ, ਅਥਰੂਆਂ ਤੇ ਠੰਢੀਆਂ ਆਹਾਂ ਨੇ।

ਦੋਵਾਂ ਨੂੰ ਵਖਰਾ ਵਖਰਾ ਕਰ ਦਿਤਾ ਗਿਆ, ਦੋਵਾਂ ਦੇ ਅਰਮਾਨਾਂ ਨੂੰ ਕੁਚਲ ਦਿਤਾ ਗਿਆ ਦੋਵੇਂ ਵਖਰੇ ਹੋ ਗਏ ਨਿਗਾਹਾਂ ਤੋਂ ਤੇ ਰਹਿ ਗਈਆਂ ਉਹਨਾਂ ਦੀਆਂ ਯਾਦਾਂ।

ਰਮਾਂ ਦਾ ਵਿਆਹ ਹੋ ਰਿਹਾ ਸੀ, ਇਕ ਓਪਰੇ ਆਦਮੀ ਨਾਲ ਨਰੇਸ਼ ਦੀਆਂ ਅਖਾਂ ਵਿਚੋਂ ਅਗ ਨਿਕਲ ਰਹੀ ਸੀ। ਉਸ ਦੇ ਕੰਨ ਗੂੰਜ ਰਹੇ ਸਨ, ‘ਰਮਾਂ ਦਾ ਵਿਆਹ ਹੋ ਰਿਹਾ ਹੈ... ... ... ਰਮਾਂ ਦਾ ਵਿਆਹ ਹੋ ਰਿਹਾ ਹੈ ਇਕ ਓਪਰੇ ਆਦਮੀ ਨਾਲ।' ਉਸਦੇ ਮਨ ਵਿਚ ਇੰਤਕਾਮ ਦੀ ਅਗ ਭੜਕ ਉਠੀ ਸੀ। ਉਸਦੇ ਦਿਲ ਵਿਚ ਆਇਆ ਕਿ ਉਹ ਰਮਾਂ ਦੇ ਪਿਤਾ ਨੂੰ ਗੋਲੀ ਮਾਰ ਦੇਵੇ ਕਿਉਂਕਿ ਉਸ ਨੂੰ ਯਕੀਨ ਸੀ ਕਿ ਉਸ ਨੇ ਹੀ ਦੋਵਾਂ ਨੂੰ ਨਖੇੜਿਆ ਹੈ। ਪਰ ਨਰੇਸ਼ ਇਹ ਨਾ ਕਰ ਸਕਿਆ। ਉਸਨੇ ਫੈਸਲਾ ਕਰ ਲਿਆ ਕਿ ਰਮਾਂ ਦੀ ਸ਼ਾਦੀ ਕਿਸੇ ਹੋਰ ਨਾਲ ਨਹੀਂ ਹੋਣ ਦੇਵੇਗਾ, ਉਹ ਆਪਣਾ ਸਭ ਕੁਝ ਤਬਾਹ ਕਰ ਸਕਦਾ ਹੈ। ਆਪਣੀ ਜ਼ਿੰਦਗੀ ਨਾਲ ਖੇਡ ਸਕਦਾ ਹੈ, ਪਰ ਰਮਾਂ ਨੂੰ ਕਿਸੇ ਓਪਰੇ ਆਦਮੀ ਦੇ ਹਵਾਲੇ ਨਹੀਂ ਕਰ ਸਕਦਾ। ਰਮਾਂ ਉਸਦੀ ਹੈ, ਕੇਵਲ ਉਸ ਦੀ। ਉਹ ਸਮਾਜ ਦੇ ਖਿਲਾਫ ਬਗਾਵਤ ਕਰ ਸਕਦਾ ਹੈ, ਕੁਦਰਤ ਦੇ ਵਿਰੁਧ ਟੱਕਰ ਲੈ ਸਕਦਾ ਹੈ, ਪਰ ਰਮਾਂ ਨੂੰ ਨਹੀਂ ਛੱਡ ਸਕਦਾ।

ਪਰ ਉਸ ਦੇ ਜਜ਼ਬਾਤ ਠੰਢੇ ਹੋ ਗਏ ਪੋਹ ਮਾਘ ਦੀ ਠੰਢੀ ਰਾਤ ਦੀ ਤਰਾਂ। ਉਸਦੇ ਅਰਮਾਨਾਂ ਤੇ ਵੀਰਾਨੀ ਦੇ ਬਦਲ ਛਾ ਗਏ, ਉਸਦੀਆਂ ਹਸਰਤਾਂ ਤੇ ਬਰਫ ਪੈ ਗਈ।

ਨਰੇਸ਼ ਨੇ ਬਹੁਤ ਕੁਝ ਕਰਨਾ ਚਾਹਿਆ, ਪਰ ਕੁਝ ਨਾ ਕਰ ਸਕਿਆ। ਉਸ ਦੀ ਜਬਾਨ ਬੰਦ ਹੋ ਗਈ, ਇਕ ਲਫਜ ਤਕ ਉਸ ਦੇ ਮੂੰਹੋਂ ਨਾ ਨਿਕਲਿਆ, ਸਭ ਕੁਝ ਉਸ ਨੇ ਆਪਣੀਆਂ ਅਖਾਂ ਨਾਲ ਵੇਖਿਆ, ਬਾਹਾਂ ਉਸਦੀਆਂ ਆਪੇ ਢਿਲੀਆਂ ਪੈ ਗਈਆਂ, ਸਿਰ ਜ਼ਮੀਨ ਵਲ ਝੁਕ ਗਿਆ, ਜਵਾਨੀ ਦਾ ਜੋਸ਼ ਇਕ ਦਮ ਮਠਾ ਹੋ ਗਿਆ।

ਰਮਾਂ ਪਰਾਈ ਹੋ ਗਈ।

ਅਤੇ ਨਰੇਸ਼ ਆਪਣੀ ਜ਼ਿੰਦਗੀ ਵਿਚ ਸਭ ਕੁਝ ਪ੍ਰਾਪਤ ਕਰਕੇ ਵੀ ਕੁਝ ਨਾ ਹਾਸਲ ਕਰ ਸਕਿਆ।

ਨਰੇਸ਼ ਤਿੰਨ ਸਾਲ ਤੋਂ ਰਮਾਂ ਦੀ ਪਿਆਰੀ ਯਾਦ ਨੂੰ ਸੀਨੇ ਵਿਚ ਛੁਪਾਈ ਆ ਰਿਹਾ ਸੀ, ਸਮਾਜ ਦੀਆਂ ਨਜਰਾਂ ਤੋਂ ਲੁਕਾਕੇ। ਰਮਾਂ ਦੀ ਯਾਦ ਦੇ ਆਸਰੇ ਹੀ ਤਾਂ ਉਹ ਤਿੰਨ ਸਾਲ ਗੁਜਾਰ ਸਕਿਆ ਸੀ।

ਪੂਰੇ ਤਿੰਨ ਸਾਲ ... ... ...।

ਤੇ ਅਜ ਨਰੇਸ਼ ਪੂਰੇ ਤਿੰਨ ਸਾਲ ਬਾਦ ਪ੍ਰੀਤ ਨਗਰ ਜਾ ਰਿਹਾ ਸੀ, ਉਸੇ ਪ੍ਰੀਤ ਨਗਰ ਜਿਥੇ ਉਸ ਨੇ ਆਪਣੇ ਪਿਆਰ ਦੀ ਦੁਨੀਆਂ ਵਸਾਈ ਸੀ, ਆਪਣੀ ਸੁੰਨੀ ੨ ਦੁਨੀਆਂ ਵਿਚ ਆਸ਼ਾ ਦਾ ਦੀਪ ਬਾਲਿਆ ਸੀ। ਗੱਡੀ ਬੜੀ ਤੇਜੀ ਨਾਲ ਆਪਣੀ ਮੰਜਲ ਵਲ ਜਾ ਰਹੀ ਸੀ। ਉਸ ਨੂੰ ਇਸ ਤਰਾਂ ਮਸਿਸੂਸ ਹੁੰਦਾ ਸੀ ਜਿਵੇਂ ਉਸਦੀ ਮੰਜਲ ਇਸ਼ਾਰੇ ਕਰ ਰਹੀ ਹੋਵੇ। ਇਕ ਇਕ ਕਰਕੇ ਸਟੇਸ਼ਨ ਗੁਜਰਦੇ ਗਏ। ਜਿਉਂ ਜਿਉਂ ਪ੍ਰੀਤ ਨਗਰ ਨੇੜੇ ਆ ਰਿਹਾ ਸੀ, ਉਸ ਨੂੰ ਇਸ ਤਰਾਂ ਲਗ ਰਿਹਾ ਸੀ ਜਿਵੇਂ ਕੋਈ ਉਸ ਨੂੰ ਨਰਕ ਵਲ ਧਕੇ ਮਾਰਕੇ ਲੈ ਜਾ ਰਿਹਾ ਹੋਵੇ।

ਪ੍ਰੀਤ ਨਗਰ ਆ ਗਿਆ!

ਸਟੇਸ਼ਨ ਤੇ ਰਾਮੂ ਨਰੇਸ਼ ਨੂੰ ਲੈਣ ਆਇਆ ਹੋਇਆ ਸੀ। ‘ਛੋਟੇ ਬਾਬੂ ਜੀ ਨਮਸਤੇ।'

'ਨਮਸਤੇ, ਕੀ ਹਾਲ ਏ ਰਾਮੂ?'

‘ਤੁਹਾਡੀ ਕਿਰਪਾ ਹੈ ਛੋਟੇ ਬਾਬੂ।'

‘ਬਾਲ ਬਚੇ ਤਾਂ ਠੀਕ ਹਨ?'

‘ਜੀ ਸਭ ਸੁਖ ਹੈ।'

ਨਰੇਸ਼ ਦੇ ਦਿਲ ਵਿਚ ਆਇਆ ਉਹ ਪਿੰਡ ਦਾ ਹਾਲ ਪੁਛੇ, ਰਮਾਂ ਦਾ ਹਾਲ ਪੁਛੇ, ਪਰ ਉਸਦੀ ਜਬਾਨ ਨਾ ਖੁਲ ਸਕੀ।

ਤਾਂਗਾ ਸੜਕ ਤੇ ਦੌੜ ਰਿਹਾ ਸੀ। ਘੋੜੇ ਦੇ ਪੈਰਾਂ ਦੀ ਟਾਪ ਟਾਪ ਉਸ ਨੂੰ ਬਹੁਤ ਬੁਰੀ ਲਗ ਰਹੀ ਸੀ। ਨਰੇਸ਼ ਨੂੰ ਇਸ ਤਰ੍ਹਾਂ ਲਗਦਾ ਸੀ ਜਿਵੇਂ ਕੋਈ ਉਸ ਦੇ ਸਿਰ ਵਿਚ ਹਥੋੜੇ ਮਾਰ ਰਿਹਾ ਹੋਵੇ। ਉਹੋ ਤਿੰਨ ਸਾਲ ਪਹਿਲੋਂ ਵਾਲੀ ਸੜਕ ਤੋਂ ਤਾਂਗਾ ਜਾ ਰਿਹਾ ਸੀ, ਉਹੋ ਉਚੇ ਉਚੇ ਦਰਖਤ ਸਨ, ਪਰ ਇਨਾਂ ਵਿਚ ਕੋਈ ਤਬਦੀਲੀ ਨਹੀਂ ਸੀ ਆਈ, ਕੇਵਲ ਨਰੇਸ਼ ਦੀ ਜ਼ਿੰਦਗੀ ਵਿਚ ਇਨਕਲਾਬ ਆ ਰਿਹਾ ਸੀ।

"ਛੋਟੇ ਬਾਬੂ, ਵਡੇ ਸਾਹਿਬ ਦਾ ਕੀ ਹਾਲ ਹੈ?" ਰਾਮੂ ਨੇ ਚੁਪ ਨੂੰ ਤੋੜਦਿਆਂ ਕਿਹਾ।

"ਬਿਲਕੁਲ ਠੀਕ ਹਨ ਰਾਮੂ।" ਨਰੇਸ਼ ਦੇ ਖਿਆਲਾਂ ਦੀ ਲੜੀ ਟੁਟ ਗਈ।

"ਛੋਟੇ ਬਾਬੂ ਤੁਸੀਂ ਤਾਂ ਸਾਨੂੰ ਭੁਲ ਹੀ ਗਏ, ਅਜ ਪੂਰੇ ਤਿੰਨ ਸਾਲ ਬਾਦ ਆਏ ਹੋ?" ਰਾਮੂ ਨੇ ਨਰੇਸ਼ ਦੇ ਮੂੰਹ ਵਲ ਤਕਦੇ ਹੋਏ ਕਿਹਾ।

"ਹਾਂ ਰਾਮੂ" ਤੇ ਨਰੇਸ਼ ਦੇ ਮੂੰਹ ਵਿਚੋਂ ਇਕ ਠੰਢੀ ਆਹ ਨਿਕਲ ਕੇ ਹਵਾ ਵਿਚ ਜਾ ਰਲੀ।

"ਪਿੰਡ ਦਾ ਕੀ ਹਾਲ ਏ ਰਾਮੂ?" ਨਰੇਸ਼ ਪੁਛਣੋਂ ਨਾ ਰਹਿ ਸਕਿਆ। "

ਪਿੰਡ! ਹਾਂ ਛੋਟੇ ਬਾਬੂ.....ਸਭ ਠੀਕ ਹੈ।" ਰਾਮੂ ਨੇ ਰੁਕ ਰੁਕ ਕੇ ਕਿਹਾ।

"ਕੀ ਗਲ ਏ ਰਾਮੂ, ਬੜਾ ਅਟਕ ਅਟਕ ਕੇ ਬੋਲਿਆ ਏ?" ਨਰੇਸ਼ ਨੂੰ ਕੁਝ ਸ਼ਕ ਪੈ ਗਿਆ।

‘ਹਾਂ, ਛੋਟੇ ਬਾਬੂ.....ਰਮਾਂ,.....ਰਮਾਂ....।" ਤੇ ਰਾਮੂ ਅਗੇ ਨਾ ਬੋਲ ਸਕਿਆ।

"ਕੀ?" ਨਰੇਸ਼ ਦੇ ਮੂੰਹੋਂ ਇਕ ਦਮ ਨਿਕਲਿਆ।

'ਕੁਝ ਨਹੀਂ ਛੋਟੇ ਬਾਬੂ..... ਕੁਝ ਨਹੀਂ....ਕੁਝ ਨਹੀਂ.....?" ਰਾਮੂ ਦੀਆਂ ਅਖਾਂ ਵਿਚ ਅਥਰੂ ਸਨ।

"ਰਾਮੂ ਕੀ ਗਲ ਏ ਛੇਤੀ ਦਸ, ਕੀ ਹੋਇਆ ਏ ਰਮਾਂ ਨੂੰ?" ਨਰੇਸ਼ ਦੀ ਆਵਾਜ਼ ਤੇਜ਼ ਸੀ।

{{gap}"‘ਉਸ....ਉਸ ਦਾ.....ਸੁਹਾਗ.....ਛੋਟੇ ਬਾਬੂ।" ਰਾਮੂ ਦੇ ਗਲ ਵਿਚ ਬਾਕੀ ਗਲ ਅਟਕ ਗਈ।

"ਕੀ?" ਨਰੇਸ਼ ਚੀਕਿਆ।

"ਛੋਟੇ ਬਾਬੂ ਰਮਾਂ ਵਿਧਵਾ ਹੋ ਗਈ, ਉਸ ਦਾ ਸੁਹਾਗ ਲੁਟ ਗਿਆ।"

ਰਾਮੂ ਦੀ ਗਲ ਸੁਣਦੇ ਹੀ ਨਰੇਸ਼ ਨੂੰ ਚਕਰ ਆ ਗਿਆ। ਉਸ ਨੂੰ ਜ਼ਮੀਨ ਅਸਮਾਨ ਚਕੱਰ ਲਾਂਦੇ ਨਜ਼ਰ ਆਏ। ਕੰਨਾਂ ਵਿਚ ਘਾਂ ਘਾਂ ਦੀਆਂ ਆਵਾਜ਼ਾਂ ਆਉਣੀਆਂ ਸ਼ੁਰੂ ਹੋ ਗਈਆਂ। ਉਸਦੀਆਂ ਅਖਾਂ ਵਿਚ ਮੋਟੇ ਮੋਟੇ ਦੋ ਅਬਰੂ ਨਿਕਲ ਕੇ ਬਾਹਰ ਚਮਕਣ ਲਗ ਪਏ ਤੇ ਹਹੁਕਾ ਉਸ ਦੇ ਮੂੰਹੋਂ ਨਿਕਲ ਗਿਆ।

ਪਰ ਅਚਾਨਕ ਇਕ ਅਨੋਖੀ ਜਹੀ ਲਾਲੀ ਨਰੇਸ਼ ਦੇ ਮੂੰਹ ਤੇ ਆ ਗਈ, ਇਕ ਮੁਸਕਾਨ ਉਸ ਦੇ ਬੁਲਾਂ ਤੇ ਫਿਰਨ ਲਗੀ। ਮਲੂਮ ਹੁੰਦਾ ਸੀ ਜਿਵੇਂ ਨਰੇਸ਼ ਨੂੰ ਕਈ ਚਿਰਾਂ ਤੋਂ ਗਵਾਚੀ ਕੋਈ ਚੀਜ਼ ਲਭ ਪਈ ਹੋਵੇ।

‘ਛੋਟੇ ਬਾਬੂ ਰਮਾਂ ਹਰ ਵਕਤ ਰੋਂਦੀ ਰਹਿੰਦੀ ਹੈ, ਪਹਿਲੇ ਨਾਲੋਂ ਕਾਫੀ ਕਮਜ਼ੋਰ ਹੋ ਗਈ ਹੈ। ਰੰਗ ਉਸਦਾ ਪੀਲਾ ਹੋ ਗਿਆ ਹੈ। ਰਮਾਂ ਦੇ ਪਿਤਾ ਉਸ ਨੂੰ ਸਮਝਾਣ ਦਾ ਬੜਾ ਯਤਨ ਕਰਦੇ ਹਨ, ਪਰ ਕੋਈ ਫਾਇਦਾ ਨਹੀਂ ਹੁੰਦਾ। ਕਦੀ ਕਦੀ ਤਾਂ ਉਹ ਆਪ ਬੇ-ਚੈਨ ਹੋ ਜਾਂਦੇ ਹਨ ਤੇ ਆਪਣੀ ਕੀਤੀ ਭੁਲ ਤੇ ਪਛਤਾਉਂਦੇ ਹਨ।' ਰਾਮੂ ਇਕੋ ਸਾਹ ਸਭ ਕੁਝ ਕਹਿ ਗਿਆ।

'ਮੈਂ ਰਮਾਂ ਨਾਲ ਸ਼ਾਦੀ ਕਰਾਂਗਾ।' ਨਰੇਸ਼ ਦੇ ਮੂੰਹੋ ਇਕ ਦਮ ਨਿਕਲਿਆ।'

‘ਤੁਸੀਂ ਛੋਟੇ ਬਾਬੂ!’ਰਾਮੂ ਹੈਰਾਨ ਹੋ ਗਿਆ।

‘ਹਾਂ ਰਾਮੂ ਮੈਂ ਰਮਾਂ ਨਾਲ ਵਿਆਹ ਕਰਾਂਗਾ। ਉਸ ਦੀ ਖਿਲਰ ਚੁਕੀ ਮਾਂਗ ਨੂੰ ਭਰਾਂਗਾ। ਉਸ ਦੀ ਵੀਰਾਨ ਹੋ ਚੁਕੀ ਦੁਨੀਆਂ ਵਿਚ ਮੁੜ ਕੇ ਬਹਾਰ ਲਿਆਵਾਂਗਾ। ਉਸ ਨੂੰ ਮੁੜ ਕੇ ਨਵ-ਜੀਵਨ ਦੀਆਂ ਲਹਿਰਾਂ ਨਾਲ ਖਿਡਾਵਾਂ ਗਾ। ਸਮਾਜ ਦੇ ਵਿਰੁਧ ਬਗਾਵਤ ਕਰਕੇ ਇਕ ਵਿਧਵਾ ਨਾਲ ਵਿਆਹ ਕਰਾਂਗਾ। ਸਮਾਜ ਦੇ ਠੇਕੇਦਾਰਾਂ ਦੀ ਖੜੀ ਕੀਤੀ ਹੋਈ ਲੋਹੇ ਦੀ ਦੀਵਾਰ ਦੇ ਟੁਕੜੇ ਟੁਕੜੇ ਕਰ ਦੇਵਾਂਗਾ।' ਨਰੇਸ਼ ਦੇ ਮੂੰਹ ਤੇ ਕੋਈ ਰਬੀ ਨੂਰ ਝਲਕ ਰਿਹਾ ਸੀ।

"ਪਰ ਛੋਟੇ ਬਾਬੂ... ... ...?"

ਨਹੀਂ... ਨਹੀਂ... ਨਹੀਂ ਮੈਨੂੰ ਕਿਸੇ ਦੀ ਕੋਈ ਪ੍ਰਵਾਹ ਨਹੀਂ' ਨਰੇਸ਼ ਗਰਜ ਕੇ ਬੋਲਿਆ ‘ਮੈਂ ਰਮਾਂ ਨਾਲ ਸ਼ਾਦੀ ਕਰਕੇ ਸਮਾਜ ਦੇ ਉਹਨਾਂ ਠੇਕੇਦਾਰਾਂ ਦਾ ਮਜਾਕ ਉਡਾਵਾਂਗਾ, ਜੋ ਇਕ ਵਿਧਵਾ ਨੂੰ ਡੈਣ ਤੇ ਕਲੈਣੀ ਤੋਂ ਬਿਨਾਂ ਕੁਝ ਨਹੀਂ ਸਮਝਦੇ। ਜਲਦੀ ਚਲੋ ਰਾਮੂ, ਜਲਦੀ।' ਨਰੇਸ਼ ਦੀ ਆਵਾਜ਼ ਵਿਚ ਬੜੀ ਤੇਜ਼ੀ ਸੀ।

ਤਾਂਗਾ ਹੋਰ ਤੇਜ਼ ਚਲਣ ਲਗ ਪਿਆ।

ਤੇ ਇਕ ਹਫਤੇ ਬਾਦ ਰਮਾਂ ਤੇ ਨਰੇਸ਼ ਦਾ ਵਿਆਹ ਹੋ ਰਿਹਾ ਸੀ, ਦੋ ਵਿਛੜੇ ਹੋਏ ਪਰੇਮੀਆਂ ਦਾ ਪੁੰਨਰ ਮਿਲਨ, ਦੋਵਾਂ ਨੂੰ ਨਵ-ਜੀਵਨ ਮਿਲ ਰਿਹਾ ਸੀ।

ਨਰੇਸ਼ ਤੇ ਰਮਾਂ ਦੀ ਜ਼ਿੰਦਗੀ ਦੇ ਸੰਗੀਤ ਮੁੜ ਕੇ ਗੂੰਜਣ ਲਗੇ!

ਪਰੇਮ ਕਹਾਣੀ ਦਾ ਨਵਾਂ ਕਾਂਢ ਮੁੜਕੇ ਅਰੰਭ ਹੋਇਆ!!

ਨਰੇਸ਼ ਤੇ ਰਮਾਂ ਨਵ-ਜੀਵਨ ਦੀਆਂ ਸਵਰਗੀ ਲਹਿਰਾਂ ਵਿਚ ਮਸਤ ਹੋ ਉਠੇ!!!


"ਪ੍ਰੀਤ"

ਤਲਾਸ਼

‘ਜੇ ਬੁਰਾ ਨਾ ਮਨਾਉ ਤਾਂ ਇਹ ਬੰਗ ਉਪਰ ਫਟੇ ਤੇ ਰਖ ਦੇਵਾਂ?'

‘ਪਰ ਕਿਉਂ'

ਮੈਨੂੰ ਬਹੁਤ ਥਕਾਵਟ ਮਹਿਸੂਸ ਹੋ ਰਹੀ ਹੈ, ਮੈਂ ਜ਼ਰਾ ਲੇਟਨਾ ਚਾਹੂੰਦਾ ਹਾਂ।'

‘ਸਰਦੀ ਕਾਫੀ ਹੈ, ਤੁਹਾਡੇ ਕੋਲ ਕੋਈ ਕੰਬਲ ਆਦਿ ਨਹੀਂ?

‘ਜੀ ਨਹੀਂ।’

‘ਬੈਗ ਚੁਕ ਕੇ ਉਪਰ ਰਖ ਦਿਉ ਤੇ ਐ ਮੇਰਾ ਕੰਬਲ ਲੈ ਲਵੋ।'

‘ਮੇਹਰਬਾਨੀ।’

ਗੱਡੀ ਆਪਣੀ ਪੂਰੀ ਰਫਤਾਰ ਤੇ ਚਲ ਰਹੀ ਸੀ। ਬਾਹਰ ਕਾਲੀ ਭਿਆਨਕ ਰਾਤ ਨੇ ਰਾਤ ਦੇ ਸਾਰੇ ਵਾਤਾਵਰਨ ਨੂੰ ਡਰਾਉਣਾ ਬਣਾਇਆ ਹੋਇਆ ਸੀ। ਆਕਾਸ਼ ਤੇ ਸਿਤਾਰੇ ਝਿਲਮਿਲਾ ਰਹੇ ਸਨ ਤੇ ਧਰਤੀ ਦੇ ਵਾਸੀਆਂ ਨੂੰ ਅਖਾਂ ਨਾਲ ਇਸ਼ਾਰੇ ਕਰਦੇ ਬੜੇ ਚੰਗੇ ਲਗ ਰਹੇ ਸਨ। ਵਡੀਆਂ ੨ ਝਾੜੀਆਂ ਤੇ ਦਰਖਤ ਰਾਤ ਦੇ ਹਨੇਰੇ ਵਿਚ ਦਿਓਆਂ ਵਾਂਗ ਖਲੋਤੇ ਪ੍ਰਤੀਤ ਹੁੰਦੇ ਸਨ। ਕਿਸੇ ਕਿਸੇ ਵੇਲੇ ਆਕਾਸ਼ ਤੋਂ ਸਿਤਾਰਾ ਟੁਟਦਾ ਤੇ ਵੇਖਦੇ ੨ ਹੀ ਅਲੋਪ ਹੋ ਜਾਂਦਾ। ਗੱਡੀ ਆਪਣਾ ਲੰਮਾ ਸਫਰ ਖਤਮ ਕਰਦੀ ਬੜੀ ਤੇਜ਼ੀ ਨਾਲ ਜਾ ਰਹੀ ਸੀ।

‘ਤੁਸੀਂ ਕਿਥੇ ਜਾ ਰਹੇ ਹੋ?'

‘ਜੀ ... ... ...ਜੀ... ... ...ਜਿਥੇ ਹਰ ਕਿਸੇ ਨੂੰ ਜਾਣਾ ਪੈਂਦਾ ਹੈ।'

‘ਤੁਹਾਡਾ ਸਾਮਾਨ?’

‘ਜੀ ਕੋਈ ਨਹੀਂ।’

‘ਬੜੇ ਮਜ਼ਾਕੀਏ ਮਲੂੰਮ ਹੁੰਦੇ ਹੋ?'

‘ਜੀ ਹਾਂ, ਗਰੀਬ ਜੁ ਹੋਏ, ਗਰੀਬਾਂ ਦੀ ਹਰ ਗਲ ਨੂੰ ਮਜ਼ਾਕ ਹੀ ਸਮਝਿਆਂ ਜਾਂਦਾ ਹੈ।'

‘ਜੇ ਤੁਸੀਂ ਗਰੀਬ ਹੋ ਤਾਂ ਸੈਕਿੰਡ ਕਲਾਸ ਵਿਚ ... ...?'

‘ਕੋਈ ਹੈਰਾਨੀ ਵਾਲੀ ਗਲ ਨਹੀਂ।’

‘ਕੀ ਮਤਲਬ?'

‘ਮਤਲਬ ਸਾਫ ਹੈ, ਵਿਦਾਊਟ ਟਿਕਟ।’

‘ਵਿਦਾਊਟ ਟਿਕਟ?'

’ਜੀ ਹਾਂ।'

‘ਪਰ ਕਿਉਂ?'

'ਕੀ ਕਿਸੇ ਗਰੀਬ ਨੂੰ ਸੈਂਕਿੰਡ ਕਲਾਸ ਵਿਚ ਬੈਠਣ ਦੀ ਵੀ ਇਜਾਜ਼ਤ ਨਹੀਂ? ਕੀ ਕਿਸੇ ਗਰੀਬ ਨੂੰ ਆਪਣੀ ਆਖਰੀ ਖਾਹਿਸ਼ ਵੀ ਪੂਰੀ ਕਰਨ ਦੀ ਖੁਲ ਨਹੀਂ?’

‘ਕੀ ਤੁਹਾਡੀਆਂ ਸਾਰੀਆਂ ਖਾਹਿਸ਼ਾਂ ਪੂਰੀਆਂ ਹੋ ਗਈਆਂ।'

‘ਜੀ ਨਹੀਂ, ਬਲਕਿ ਸੜਕੇ ਸੁਆਹ ਹੋ ਗਈਆਂ।'

ਜਸਬੀਰ ਦਾ ਦਿਮਾਗ ਨੌਜਵਾਨ ਦੀਆਂ ਇਨ੍ਹਾਂ ਬੇ-ਤੁਕੀਆਂ ਗਲਾਂ ਨ ਸਮਝ ਸਕਿਆ। ਉਹ ਬਿਟ ਬਿਟ ਉਸ ਵਲ ਵੇਖੀ ਜਾ ਰਹੀ ਸੀ, ਪਰ ਕੁਝ ਸਮਝਣ ਤੋਂ ਅਸਮਰਥ। ਜਸਬੀਰ ਦੇ ਦਿਲ ਵਿਚ ਨੌਜਵਾਨ ਲਈ ਹਮਦਰਦੀ ਦੇ ਨਾਲ ਨਾਲ ਉਸ ਦੀ ਭੈੜੀ ਹਾਲਤ ਨੂੰ ਵੇਖ ਕੇ ਤਰਸ ਵੀ ਪੈਦਾ ਹੋ ਗਿਆ। ਥਾਂ ਥਾਂ ਕਪੜੇ ਪਾਟੇ ਹੋਏ,ਵਾਲ ਇਧਰ ਉਧਰ ਖਿਲਰੇ ਹੋਏ ਜਿਵੇਂ ਕੰਘੀ ਕੀਤੀ ਨੂੰ ਕਈ ਵਰੇ ਹੀ ਹੋ ਗਏ ਹੋਣ, ਰੰਗ ਗੋਰਾ ਪਰ ਪੀਲਿਆਈ ਦੀ ਮਿਲਾਵਟ ਉਸ ਵਿਚ ਪ੍ਰਤੱਖ ਨਜ਼ਰ ਆ ਰਹੀ ਸੀ। ਕਾਫੀ ਦਿਮਾਗ ਲੜਾਉਣ ਦੇ ਬਾਜੂਦ ਜਸਬੀਰ ਦੀ ਸਮਝ ਵਿਚ ਕੁਝ ਨਾ ਆ ਸਕਿਆ।

"ਤੁਸੀਂ ਠੁਕਰਾਏ ਮਲੂੰਮ ਹੁੰਦੇ ਹੋ।"

‘ਜੀ ਹਾਂ।'

‘ਉਹ ਕੌਣ ਹੈ?'

‘ਜੇਹੜੀ ਅਜ ਦੇ ਹਜ਼ਾਰਾਂ ਨਹੀਂ ਬਲਕਿ ਲਖਾਂ ਨੌਜਵਾਨਾਂ ਨੂੰ ਧੋਖਾ ਦੇ ਚੁਕੀ ਹੈ। ਕੁਝ ਚਿਰ ਲਈ ਆਪਣਾ ਰੂਪ ਉਹਨਾਂ ਦੇ ਸਾਹਮਣੇ ਪ੍ਰਗਟ ਕਰਦੀ ਹੈ ਤੇ ਫਿਰ ਜਲਦੀ ਹੀ ਉਨ੍ਹਾਂ ਨੂੰ ਛਡਕੇ ਕਿਸੇ ਹੋਰ ਕੋਲ ਚਲੀ ਜਾਂਦੀ ਹੈ। ਉਹ ਵਿਚਾਰੇ ਤਬਾਹ ਹੋ ਜਾਂਦੇ ਹਨ, ਦਰ-ਬ-ਦਰ ਭਟਕਦੇ ਫਿਰਦੇ ਹਨ। ਅਨੇਕਾਂ ਮੁਸੀਬਤਾਂ ਉਸ ਨੂੰ ਮੁੜ ਪ੍ਰਾਪਤ ਕਰਨ ਲਈ ਝਲਦੇ ਹਨ, ਪਰ ਉਸ ਦਾ ਕੋਈ ਪਤਾ ਨਹੀਂ ਲਗਦਾ।'

‘ਬੜੀ ਬੇ-ਵਫਾ ਹੈ।’

‘ਜੀ ਹਾਂ।’

’ਕੀ ਤੁਸੀਂ ਮੈਨੂੰ ਉਸ ਬਾਰੇ ਕੁਝ ਦਸ ਸਕਦੇ ਹੋ?' ‘ਕੀ ਕਰੋਗੇ ਸੁਣਕੇ?’

‘ਨਹੀਂ ਜ਼ਰੂਰ ਸੁਣਾਓ।'

‘ਚੰਗਾ ਤੁਹਾਡੀ ਮਰਜ਼ੀ... ... ...।'

‘ਮਾਤਾ ਪਿਤਾ ਨੇ ਮੈਨੂੰ ਪੜ੍ਹਾਉਣਾ ਬੰਦ ਕਰ ਦਿਤਾ।'

‘ਕਿਉਂ।’

‘ਕਿਉਂਕਿ ਉਹ ਮੇਰੀ ਪੜ੍ਹਾਈ ਦਾ ਖਰਚ ਨਹੀਂ ਸਨ ਦੇ ਸਕਦੇ।

‘ਫੇਰ।’

‘ਉਹਨਾਂ ਮੇਰਾ ਉਸ ਬੇ-ਵਫਾਨਾਲ ਰਿਸ਼ਤਾ ਕਰਨਾ ਚਾਹਿਆ।

‘ਤੁਹਾਨੂੰ ਕੋਈ ਏਤਰਾਜ਼ ਸੀ।'

‘ਮੇਰੇ ਨਾਂਹ ਨੁਕਰ ਕਰਨ ਤੇ ਵੀ ਮੈਨੂੰ ਉਸ ਨੂੰ ਅਪਨਾਉਣਾ ਪਿਆ।

"ਕੀ ਕੋਈ ਖਾਸ ਕਾਰਨ ਸੀ?'

‘ਜੀ ਹਾਂ।'

‘ਫੇਰ ਕੀ ਹੋਇਆ?'

‘ਮੇਰੀਆਂ ਖੁਸ਼ੀਆਂ ਦਾ ਅੰਤ ਹੋ ਗਿਆ। ਇਕ ਇਕ ਕਰਕੇ ਸਾਰੀਆਂ ਖਾਹਿਸ਼ਾਂ ਦਾ ਗਲਾ ਘੁਟਿਆ ਗਿਆ। ਸਿਹਤ ਦੇ ਡਿਗਣ ਦੇ ਨਾਲ ਨਾਲ ਮਨ ਦੀ ਸ਼ਾਂਤੀ ਵੀ ਲੁਟ ਗਈ।

‘ਕੀ ਉਹ ਤੁਹਾਨੂੰ ਪਿਆਰ ਨਹੀਂ ਸੀ ਕਰਦੀ?'

‘ਉਸ ਬੇ-ਵਫਾ ਨੇ ਕਦੀ ਕਿਸੇ ਨੂੰ ਪਿਆਰ ਹੀ ਨਹੀਂ ਕੀਤਾ।'

'Very stone hearted' (ਬੜੀ ਸਖਤ ਦਿਲ)।

'Yes (ਹਾਂ)।'

ਕੁਝ ਚਿਰ ਲਈ ਦੋਵਾਂ ਪਾਸੇ ਚੁਪ ਨੇ ਰਾਜ ਕਰ ਲਿਆ ਜਿਵੇਂ ਉਨ੍ਹਾਂ ਦੇ ਮੂੰਹਾਂ ਤੇ ਇਕ ਦਮ ਅਲੀਗੜ ਦੇ ਜੰਦਰੇ ਲਗ ਗਏ ਹੋਣ। ਨੌਜਵਾਨ ਹੁਣ ਲੇਟਣ ਦੀ ਬਜਾਏ ਸੀਟ ਦਾ ਸਹਾਰਾ ਲੈਕੇ ਕੰਬਲ ਦੀ ਗਰਮਾਇਸ਼ ਨਾਲ ਬੈਠਾ ਹਰ ਗਲ ਦਾ ਉਤਰ ਬੜੇ ਸੁਚਜੇ ਢੰਗ ਨਾਲ ਦੇ ਰਿਹਾ ਸੀ। ਜਸਬੀਰ ਨੂੰ ਗਲ ਕੁਝ ਕੁਝ ਸਮਝ ਆ ਰਹੀ ਸੀ।

‘ਤੁਹਾਡੇ ਮਾਤਾ ਪਿਤਾ ਨੇ ਉਸ ਨੂੰ ਕੁਝ ਨਹੀਂ ਕਿਹਾ?'

‘ਨਹੀਂ।’

ਕਿਉਂ?'

‘ਕਿਉਂਕਿ ਇਹ ਸਾਰਾ ਕੁਝ ਉਨ੍ਹਾਂ ਆਪਣੀ ਮਰਜ਼ੀ ਨਾਲ ਕੀਤਾ ਸੀ।'

"ਬੜੇ ਬੇ-ਦਰਦ ਤੇ ਜ਼ਾਲਮ ਸਨ?"

‘ਜੀ ਨਹੀਂ ਬਲਕਿ ਮਜਬੂਰ ਸਨ।'

ਕਿਉਂ?'

"ਕਿਉਂਕਿ ਉਹ ਕੁਝ ਕਰ ਨਹੀਂ ਸਨ ਸਕਦੇ।'

‘ਉਹ ਕਿਥੇ ਹਨ?’

‘ਉਨ੍ਹਾਂ ਦੇ ਸਵਰਗਵਾਸ ਹੋਣ ਤੋਂ ਬਾਦ ਮੈਂ ਉਸ ਨੂੰ ਹੋਰ ਜ਼ਿਆਦਾ ਪਿਆਰ ਕਰਨ ਲਗ ਪਿਆ। ਆਪਣਾ ਸਭ ਕੁਝ ਉਸ ਤੋਂ ਨਿਛਾਵਰ ਕਰਨ ਲਈ ਤਿਆਰ ਹੋ ਗਿਆ। ਮੇਰੇ ਲਈ ਉਸ ਤੋਂ ਬਿਨਾਂ ਜ਼ਿੰਦਾ ਰਹਿਣਾ ਮੁਸ਼ਕਲ ਹੋ ਗਿਆ।

‘ਕੀ ਉਸ ਨੇ ਤੁਹਾਨੂੰ ਪਿਆਰ ਕਰਨਾ ਸ਼ੁਰੂ ਕਰ ਦਿਤਾ!'

‘ਜੀ ਨਹੀਂ।'

‘ਬੜੀ ਬੇ-ਤਰਸ, ਬੇ-ਵਫਾ।'

‘ਉਸ ਨੂੰ ਆਪਣੇ ਕੋਲ ਰਖਣ ਲਈ ਮੈਂ ਕੀ ਕੁਝ ਨਹੀਂ ਕੀਤਾ, ਲੋਕਾਂ ਦੀਆਂ ਚੰਗੀਆਂ ਮੰਦੀਆਂ ਗਲਾਂ ਸੁਣੀਆਂ, ਮਾਮੂਲੀ ਆਦਮੀਆਂ ਕੋਲੋਂ ਆਪਣੀ ਬੇ-ਇਜ਼ਤੀ ਕਰਵਾਈ। ਆਪਣੀਆਂ ਸਾਰੀਆਂ ਹਸਰਤਾਂ ਤੇ ਕਾਮਨਾਵਾਂ ਦਾ ਖੂਨ ਕੀਤਾ, ਇਸ ਲਈ ਕਿ ਉਹ ਮੈਨੂੰ ਇਕੱਲਾ ਨਾ ਛਡ ਜਾਵੇ, ਪਰ....।'

‘ਪਰ ਕੀ?'

‘ਆਖਰ ਉਹ ਮੈਨੂੰ ਇਕੱਲਾ ਛਡ ਹੀ ਗਈ।’

'ਕਿਉਂ?'

‘ਕਿਉਂਕਿ ਮੈਂ ਗਰੀਬ ਸਾਂ, ਯਤੀਮ ਸਾਂ, ਬੇ-ਸਹਾਰਾ ਸਾਂ ਤੇ ਲਾਚਾਰ ਸਾਂ।'

'Very very stone hearted' (ਬੜੀ ਹੀ ਸਖ਼ਤ ਦਿਲ)।

ਗੱਡੀ ਸਟੇਸ਼ਨ ਤੇ ਰੁਕੀ। ਚਾਰੋਂ ਪਾਸਿਉਂ ਵੰਸ-ਸੁਵੰਨੀਆਂ ਆਵਾਜ਼ਾਂ ਆਉਣ ਲਗ ਪਈਆਂ। ਮੁਸਾਫਰ ਚੜਨੇ ਤੇ ਉਤਰਨੇ ਸ਼ੁਰੂ ਹੋ ਗਏ। ਬਿਜਲੀ ਦੀ ਮਦਦ ਨਾਲ ਸਟੇਸ਼ਨ ਤੇ ਦਿਨ ਚੜਿਆ ਹੋਇਆ ਸੀ। ਗਲਾਂ ਵਿਚ ਰੁਝਾ ਤੇ ਕੰਬਲ ਦੀ ਗਰਮਿਆਸ਼ ਦੇ ਹੋਣ ਕਾਰਨ ਨੌਜਵਾਨ ਨੂੰ ਠੰਢ ਕੁਝ ਘੱਟ ਮਹਿਸੂਸ ਹੋ ਰਹੀ ਸੀ। ਜਸਬੀਰ ਨੇ ਦੋ ਕੱਪ ਚਾਹ ਮੰਗਵਾਏ। ਇਕ ਕੱਪ ਨੌਜਵਾਨ ਦੇ ਇਨਕਾਰ ਕਰਨ ਤੇ ਵੀ ਉਸ ਨੂੰ ਦੇ ਦਿਤਾ ਤੇ ਦੂਜਾ ਆਪ ਪੀਣ ਲਗ ਪਈ! ਇਸ ਦੌਰਾਨ ਵਿਚ ਦੋਵਾਂ ਵਿਚ ਕੋਈ ਗਲ ਨਾ ਹੋਈ। ਗਾਰਡ ਨੇ ਵਿਸਲ ਦਿਤੀ ਤੇ ਗੱਡੀ ਹੌਲ਼ੀ ਹੌਲੀ ਸਟੇਸ਼ਨ ਤੋਂ ਦੂਰ ਹੋ ਗਈ ਤੇ ਆਪਣੀ ਪੂਰੀ ਸਪੀਡ ਤੇ ਚਲਣ ਲਗੀ।

‘ਹਾਂ ਫਿਰ ਉਹ ਤੁਹਾਨੂੰ ਨਹੀਂ ਮਿਲੀ?'

‘ਜੀ ਨਹੀਂ।'

‘ਕੀ ਹੁਣ ਤੁਸੀਂ ਉਸ ਨੂੰ ਲਭਣ ਜਾ ਰਹੇ ਹੋ?'

‘ਐਸੀ ਕੋਈ ਜਗ੍ਹਾ ਨਹੀਂ, ਜਿਥੇ ਮੈਂ ਉਸ ਦੀ ਤਲਾਸ਼ ਨਹੀਂ ਕੀਤੀ। ਬੜੇ ਸ਼ਹਿਰ ਫਿਰਿਆ, ਹੁਣ ਦੀ ਤਰ੍ਹਾਂ ਗੌਰਮਿੰਟ ਨਾਲ ਧੋਖਾ ਕਰ ਕੇ ਬਿਨਾਂ ਟਿਕਟ ਸਫਰ ਕੀਤਾ, ਜਿਥੇ ਕਿਥੇ ਵੀ ਉਸ ਦੀ ਸੂਹ ਮਿਲੀ, ਫੌਰਨ ਉਥੇ ਪਹੁੰਚਿਆ, ਪਰ ਅਸਫਲਤਾ ਨੇ ਹਰ ਥਾਂ ਸਾਥ ਦਿਤਾ।'

'ਇਸ ਦਾ ਮਤਲਬ ਤੁਸੀਂ ਨਿਰਾਸ਼ ਹੋ ਗਏ?'

‘ਜੀ ਨਹੀਂ, ਮੈਂ ਆਪਣੀ ਕੋਸ਼ਿਸ਼ ਜਾਰੀ ਰਖੀ, ਅਖਬਾਰ ਪੜੇ ਕਿ ਸ਼ਾਇਦ ਉਸਦਾ ਕੋਈ ਪਤਾ ਲਗ ਜਾਵੇ, ਪਰ ਸਭ ਵਿਅਰਥ। ਹੁਣ ਮੈਂ ਆਪਣੀ ਜ਼ਿੰਦਗੀ ਤੋਂ ਇਤਨਾ ਨਿਰਾਸ਼ ਹੋ ਗਿਆ ਕਿ ਆਤਮਘਾਤ ਕਰਨ ਦਾ ਫੈਸਲਾ ਕਰ ਲਿਆ। ਪਰ ... ... ... ...।

‘ਪਰ ਕੀ?'

"ਪਰ ਪ੍ਰਕਾਸ਼ ਦੀ ਮਾਸੂਮ ਸੂਰਤ ਮੇਰੇ ਰਾਹ ਵਿਚ ਦੀਵਾਰ ਬਣਕੇ ਖਲੋ ਗਈ ਤੇ ਮੈਂ ਪ੍ਰਕਾਸ਼ ਲਈ ਜ਼ਿੰਦਾ ਰਹਿਣ ਦਾ ਨਿਸਚਾ ਕਰ ਲਿਆ।

‘ਪ੍ਰਕਾਸ਼ ਕੌਣ?'

'ਮੇਰੀ ਛੋਟੀ ਨੰਨੀ ਭੈਣ।'

‘ਉਹ ਕਿਥੇ ਵੇ?' 'ਉਹ ... ... ... ਉਹ ... ... ...ਉਹ ਵੀ ਦੋ ਦਿਨ ਹੋਏ ਮੈਨੂੰ ਛਡ ਗਈ।'

ਨੌ ਜਵਾਨ ਦੀਆਂ ਅਖਾਂ ਵਿਚ ਅਥਰੂ ਆ ਗਏ। ਉਸ ਨੇ ਰੋਕਣ ਦੀ ਬੜੀ ਕੋਸ਼ਿਸ਼ ਕੀਤੀ, ਪਰ ਕਾਬੂ ਨਾ ਪਾ ਸਕਿਆ। ਜਸਬੀਰ ਦੀਆਂ ਅਖਾਂ ਵਿਚ ਵੀ ਮੋਤੀ ਵਰਗੇ ਦੋ ਅਥਰੂ ਚਮਕਣ ਲਗੇ। ਨੌ ਜਵਾਨ ਨੇ ਆਪਣੀਆਂ ਅਖਾਂ ਪੂੰਜੀਆਂ।

‘ਉਹ ਕਿਵੇਂ ਮਰੀ?’

‘ਬੀਮਾਰੀ ਤੇ ਭੁਖ ਦੇ ਕਾਰਨ।'

‘ਤੁਸੀਂ ਉਸਦਾ ਕੋਈ ਚੰਗਾ ਇਲਾਜ ਨਾ ਕੀਤਾ?'

‘ਜੇ ਮੇਰੇ ਕੋਲ ਪੈਸੇ ਹੁੰਦੇ ਤਾਂ ਉਹ ਮੈਨੂੰ ਕਿਉਂ ਛੋੜ ਜਾਂਦੀ। ਮੈਂ ਉਸ ਦਾ ਕਿਸੇ ਚੰਗੇ ਡਾਕਟਰ ਕੋਲੋਂ ਇਲਾਜ ਕਰਵਾਉਂਦਾ। ਪਰ ਕੋਲ ਪ੍ਰਕਾਸ਼ ਲਈ ਇਕ ਮਜਬੂਰ ਤੇ ਬੇ ਆਸਰਾਂ ਭਰਾ ਦੇ ਪਿਆਰ ਤੋਂ ਬਿਨਾਂ ਕੁਝ ਵੀ ਤਾਂ ਨਹੀਂ ਸੀ। ਪਰ ਉਸ ਦੀ ਦਿਨ-ਬ-ਦਿਨ ਵਿਗੜ ਰਹੀ ਹਾਲਤ ਨੇ ਮੈਨੂੰ ਚੋਰੀ ਕਰਨ ਤੇ ਮਜਬੂਰ ਕੀਤਾ।

‘ਚੋਰੀ!’

‘ਜੀ ਹਾਂ, ਪਰ ਕਾਮਯਾਬ ਨਾ ਹੋ ਸਕਿਆ।'

'ਕਿਉਂ?'

‘ਕਿਉਂਕਿ ਪ੍ਰਮਾਤਮਾ ਨੂੰ ਮੈਨੂੰ ਹੋਰ ਸਜ਼ਾ ਦੇਣ ਵਿਚ ਕੋਈ ਉਜ਼ਰ ਨਹੀਂ ਸੀ। ਉਹ ਮੈਨੂੰ ਇਸ ਜ਼ਾਲਮ ਦੁਨੀਆਂ ਦੀਆਂ ਹੋਰ ਠੋਕਰਾਂ ਮਰਵਾਉਣਾ ਚਾਹੁੰਦਾ ਸੀ ਤੇ ਮੈਂ ਪੁਲੀਸ ਦੇ ਕਾਬੂ ਆ ਗਿਆ।

‘ਕੀ ਤੁਹਾਨੂੰ ਕੋਈ ਸਜ਼ਾ ਹੋਈ?'

‘ਜੀ ਹਾਂ, ਕੇਵਲ ਮਾਰ।'

'ਫੇਰ?'

‘ਜਦ ਮੈਂ ਘਰ ਪਹੁੰਚਿਆ ਪ੍ਰਕਾਸ਼ ਸਦਾ ਲਈ ਨੀਂਦ ਰਾਣੀ ਦੀ ਗੋਦ ਵਿਚ ਬੈਠੀ ਝੂਟੇ ਲੈ ਰਹੀ ਸੀ। ਉਸ ਦੀ ਰੂਹ ਪ੍ਰਮਾਤਮਾ ਕੋਲ ਪਹੁੰਚ ਚੁਕੀ ਸੀ। ਉਹ ਇਸ ਦੁਨੀਆਂ ਦੇ ਦੁਖਾਂ ਤੋਂ ਸਦਾ ਲਈ ਛੁਟਕਾਰਾ ਪਾ ਗਈ ਸੀ।'

‘ਬੜਾ ਅਫਸੋਸ ਏ।’

‘ਜੋ ਪ੍ਰਮਾਤਮਾ ਨੂੰ ਮਨਜ਼ੂਰ ਸੀ।'

‘ਹੁਣ ਤੁਸੀਂ ਕਿਥੇ ਜਾ ਰਹੇ ਹੋ?'

ਜਿਥੇ ਜਾਣ ਲਈ ਕਿਸੇ ਦਾ ਦਿਲ ਨਹੀਂ ਕਰਦਾ।'

‘ਕੀ ਤੁਸੀਂ ਉਸ ਨੂੰ ਲਭਣ ਜਾ ਰਹੇ ਹੋ?'

‘ਜੀ ਨਹੀਂ।'

‘ਕਿਉਂ?'

‘ਹੁਣ ਉਹ ਨੂੰ ਲਭ ਕੇ ਮੈਂ ਕੀ ਕਰਾਂਗਾ। ਮੇਰੇ ਕੋਲ ਹੁਣ ਰਿਹਾ ਵੀ ਕੀ ਏ। ਮੈਂ ਤਬਾਹ ਹੋ ਚੁਕਿਆ ਹਾਂ।'

‘ਤੁਹਾਨੂੰ ਦਿਲ ਨਹੀਂ ਛਡਣਾ ਚਾਹੀਦਾ।'

'ਪਰ ਦਿਲ ਮੈਨੂੰ ਛਡਦਾ ਜਾ ਰਿਹਾ ਹੈ।'

The life is struggle.(ਜ਼ਿੰਦਗ਼ੀ ਜਦੋ ਜਹਿਦ ਦਾ ਨਾਮ ਹੈ?'

'But now the life is struggling with me.(ਪਰ ਹੁਣ ਤਾਂ ਜ਼ਿੰਦਗੀ ਮੇਰੇ ਨਾਲ ਜਦੋ-ਜਹਿਦ ਕਰ ਰਹੀ ਹੈ)'

ਨੌਜਵਾਨ ਨੇ ਉਠ ਕੇ ਬਾਰੀ ਵਿਚੋਂ ਬਾਹਰ ਵੇਖਿਆ। ਸ਼ਾਂਤੀ ਉਸ ਦੇ ਚਿਹਰੇ ਤੇ ਝਲਕ ਰਹੀ ਸੀ। ਜਸਬੀਰ ਨੇ ਉਸ ਦੇ ਮੂੰਹ ਵਲ ਵੇਖਿਆ, ਪਰ ਕੁਝ ਨ ਸਮਝ ਸਕੀ। ਗਡੀ ਸ਼ਿਮਲੇ ਦੀਆਂ ਪਹਾੜੀਆਂ ਤੋਂ ਵਲ ਖਾਂਦੀ ਤੇਜੀ ਨਾਲ ਜਾ ਰਹੀ ਸੀ।

‘ਹਵਾ ਬਹੁਤ ਠੰਡੀ ਹੈ, ਬਾਰੀ ਬੰਦ ਕਰ ਦਿਉ?'

‘ਚੰਗਾ ਜੀ ਨਮਸਤੇ, ਮੇਰੀ ਮੰਜ਼ਲ ਆ ਗਈ ਹੈ।'

‘ਇਹ ਕੀ ਕਰਨ ਲਗੇ ਹੋ, ਕੀ ਛਾਲ ਮਾਰਨਾ ਚਾਹੁੰਦੇ ਹੋ?'

‘ਜੀ ਹਾਂ।'

‘ਆਤਮ ਘਾਤ ਕਰਨਾ ਦੋਸ਼ ਹੈ।'

‘ਪਰ ਜੋ ਚੀਜ਼ ਸਹਾਰਨ ਤੋਂ ਬਾਹਰ ਹੋ ਜਾਵੇ ਉਸ ਲਈ ਸਭ ਕੁਝ ਕਰਨਾ ਉਚਿਤ ਹੈ।'

‘ਤੁਹਾਡਾ ਨਾਮ ਹੈ?'

‘ਗਰੀਬਾਂ ਦੇ ਨਾਮ ਨਹੀਂ ਪੁਛਦੇ, ਗਰੀਬਾਂ ਦੇ ਨਾਮ ਉਨ੍ਹਾਂ ਦੀ ਮੌਤ ਨਾਲ ਹੀ ਮਿਟ ਜਾਂਦੇ ਹਨ।'

‘ਤੇ ਉਸ ਬੇ-ਵਫਾ ਦਾ ਨਾਮ?'

'ਉਸ ... ... ...ਉਸ ... ... ...ਉਸ ਬੇ-ਵਫਾ ... ... ...ਉਸ ਬੇਵਫਾ ਦਾ ਨਾਮ ਹੈ "ਨੌਕਰੀ", ਜਿਸ ਲਈ ਮੇਰੇ ਵਰਗੇ ਹਜ਼ਾਰ ਨਹੀਂ ਲਖਾਂ ਹੀ ਨੌਜਵਾਨ ਦਿਨ ਰਾਤ ਬੇਚੈਨ ਹਨ। ਸੈਂਕੜੇ ਹੀ ਇਸ ਕੋਲੋਂ ਤੰਗ ਆ ਕੇ ਆਤਮ ਘਾਤ ਕਰ ਰਹੇ ਹਨ। ਬੇ ਗਿਣਤ ਦਰ-ਬ-ਦਰ ਦੀਆਂ ਠੋਕਰਾਂ ਖਾ ਰਹੇ ਹਨ ਤੇ ... ...।'

ਤੇ ਨੋਜਵਾਨ ਨੇ ਦਰਵਾਜੇ ਵਿਚੋਂ ਬਾਹਰ ਜ਼ੋਰ ਦੀ ਛਾਲ ਮਾਰ ਦਿਤੀ। ਜਸਬੀਰ ਬਿਜਲੀ ਵਰਗੀ ਤੇਜ਼ੀ ਨਾਲ ਆਪਣੀ ਸੀਟ ਤੋਂ ਉਠੀ, ਪਰ ਨੌਜਵਾਨ ਦੀ ਪਾਟੀ ਹੋਈ ਕਮੀਜ਼ ਨਾਲੋਂ ਕਪੜੇ ਦਾ ਇਕ ਛੋਟਾ ਜਿਹਾ ਟੁਕੜਾ ਉਸ ਦੇ ਹਥ ਵਿਚ ਰਹਿ ਗਿਆ। ਨੌਜਵਾਨ ਦਾ ਸਰੀਰ ਪਹਾੜੀਆਂ ਦੀਆਂ ਚੋਟੀਆਂ ਨਾਲ ਟਕਰਾਂਦਾ ਅਲੋਪ ਹੋ ਗਿਆ,। ਇਸ ਤਰਾਂ ਪ੍ਰਤੀਤ ਹੁੰਦਾ ਸੀ ਜਿਵੇਂ ਉਹ ਇਸ ਨੂੰ ਆਪਣੀ ਗੋਦ ਵਿਚ ਲੈਣ ਲਈ ਪਹਿਲੇ ਹੀ ਤਿਆਰ ਬੈਠੀਆਂ ਹੋਣ। ਇੰਞਣ ਧੂੰਆਂ ਛਡਦਾ ਆਪਣੀ ਪੂਰੀ ਸਪੀਡ ਤੇ ਚਲ ਰਿਹਾ ਸੀ।

ਜਸਬੀਰ ਦੇ ਮੂੰਹੋਂ ਜ਼ੋਰ ਦੀ ਚੀਕ ਨਿਕਲ ਗਈ ਤੇ ਉਸ ਦਾ ਹਥ ਗੱਡੀ ਨੂੰ ਰੋਕਣ ਵਾਲੀ ਜ਼ੰਜੀਰ ਵਲ ਵਧਿਆ।

"ਪ੍ਰੀਤ"

ਬਾਗੀ ਪ੍ਰੀਤ ਦਾ ਬਦਲਾ


ਪਹਿਲਾਂ ਧੱਕ ਧੱਕ, ਫੇਰ ਧੁੰਮ ੨, ਧਮਕ ਧਮਕ ਅਤੇ ਇਸੇ ਤਰਾਂ ਤਬਲਾ ਅਵਾਜਾਂ ਉਚਾਰੀ ਗਿਆ। ਪਾਇਲ ਦੀ ਛੰਨ ਛੰਨ ਨੇ ਤਾਲ ਬਨਿਆ। ਬੁਲ ਬੁਲ ਤਰੰਗ ਅਤੇ ਜਲ ਤਰੰਗ ਨੇ ਵੀ ਕਮਰੇ ਨੂੰ ਸ਼ਿੰਗਾਰਿਆ ਅਤੇ ਨਾਚ ਸ਼ੁਰੂ ਹੋ ਗਿਆ। ਸੁਹਣੇ ਪੈਰ ਆਪਣੀਆਂ ਚੰਚਲ ਹਰਕਤਾਂ ਦਾ ਜੌਹਰ ਦਿਖਾਂਦੇ ਰਹੇ, ਲਚਕਦਾਰ ਕਮਰ ਕਈ ਵਲ ਖਾਂਦੀ ਇਉਂ ਘੁਮਦੀ ਜਿਵੇਂ ਗੋਲ ਤਿਤਲੀ ਤਾਰ ਵਿਚ ਘੁੰਮਦੀ ਹੈ। ਉਸ ਦੇ ਚਿਹਰੇ ਤੇ ਦਰਦ ਪਰ ਸਰੀਰ ਤੇ ਮਸਤੀ। ਉਸ ਦੀਆਂ ਅਖੀਆਂ ‘ਚ ਹੰਝੂ ਪਰ ਬੁਲ੍ਹਾਂ ਤੇ ਹਾਸਾ। ਉਸ ਦੇ ਅੰਗਾਂ ਵਿਚ ਪੀੜਾਂ ਪਰ ਨਾਚ ਵਿਚ ਲੋਹੜਿਆਂ ਦੀ ਮਦਹੋਸ਼ੀ। ਉਸ ਦੇ ਪੈਰ ਤਾਲ ਦਾ ਸਾਥ ਦੇਂਦੇ ਰਹੇ, ਉਹ ਨਚਦੀ ਰਹੀ। ਦੂਜਿਆਂ ਦੀ ਖੁਸ਼ੀ ਲਈ ਉਸ ਨੇ ਆਪਣੀ ਜਮੀਰ ਵੇਚ ਛੱਡੀ ਸੀ। ਉਸ ਦਾ ਰਾਗ, ਉਸ ਦਾ ਨਾਚ, ਉਸ ਦੇ ਹਾਰ ਸ਼ਿੰਗਾਰ ਤੇ ਉਸ ਦੇ ਹਾਸੇ ਕਿਸੇ ਲਈ ਹੀ ਸਨ। ਉਹ ਆਪ ਨੂੰ ਹਸਾਣ ਲਈ ਨਹੀਂ ਸੀ ਹਸਦੀ ਪਰ ਉਹ ਕਿਸੇ ਨੂੰ ਹਸਾਣ ਲਈ ਹਸਦੀ ਸੀ। ਮਹਿਫਿਲ ਵਿਚ ਨਚਣ ਦਾ ਅੱਜ ਉਸ ਦਾ ਪਹਿਲਾ ਮੌਕਾ ਸੀ।

ਨਾਚ ਘਰ ਖਚਾ ਖਚ ਭਰਿਆ ਹੋਇਆ ਸੀ। ਬੜੇ ਬੜੇ ਜਾਗੀਰਦਾਰ, ਡਾਇਰੈਕਟਰ, ਵਕੀਲ, ਡਾਕਟਰ ਤੇ ਪ੍ਰੋਫੈਸਰ ਇਸ ਮਹਿਫਿਲ ਵਿਚ ਸ਼ਾਮਿਲ ਸਨ। ਉਸ ਨੂੰ ਇਹ ਪਤਾ ਸੀ ਕਿ ਜੇ ਕਰ ਅਜ ਦਾ ਇਹ ਨਾਚ ਸਫਲ ਰਿਹਾ ਤਾਂ ਉਹ ਫਿਲਮੀ ਦੁਨੀਆਂ ਦੀ ਇਕ ਚੰਗੀ ਕਲਾਕਾਰ ਬਣ ਸਕੇਗੀ, ਪਰ ਉਹ ਇਹ ਭੁਲ ਗਈ, ਜਦ ਉਸ ਨੂੰ ਕਿਸੇ ਫਰਜ ਨੇ ਅੰਦਰੋਂ ਵੰਗਾਰਿਆ। ਉਹ ਤੜਪ ਉਠੀ। ਉਹ ਧਰਤੀ ਤੇ ਢਹਿ ਪਈ। ਦਰਸ਼ਕਾਂ ਸਮਝਿਆ ਸ਼ਾਇਦ ਉਹ ਅਨਾਰਕਲੀ ਦਾ ਪਾਰਟ ਅਦਾ ਕਰ ਰਹੀ ਏ। ਕਮਰਾ ਤਾਲੀਆਂ ਨਾਲ ਗੂੰਜ ਉਠਿਆ। ਉਸ ਦੀਆਂ ਅਖਾਂ ਡੁਲ੍ਹ ਪਈਆਂ। ਡਾਇਰੈਕਟਰ ਸਮਝਿਆ ਇਹ ਰੋ ਵੀ ਸਕਦੀ ਏ, ਸਭ ਤੋਂ ਚੰਗੀ ਕਲਾਕਾਰ ਬਣ ਸਕਦੀ ਏ ਤੇ ਸ਼ੋਰ ਹੋਰ ਵੀ ਦੂਣਾ ਹੋ ਗਿਆ।

ਉਹ ਆਪਣੇ ਦਾਇਰੇ ਵਿਚ ਹੋਰ ਨਹੀਂ ਸੀ ਨਚਣਾ ਚਾਹੁੰਦੀ ਜਿਸ ਕਰਕੇ ਉਹ ਉਠੀ ਅਤੇ ਆਪਣੇ ਕਮਰੇ ਵਲ ਤੁਰ ਪਈ। ਹੌਲੀ ਹੌਲੀ ਦਰਸ਼ਕ ਵੀ ਕਿਰਨ ਲਗ ਪਏ। ਕਈ ਉਸ ਸੁਹਣੀ ਅਤੇ ਨਵੀਂ ਕਲਾਕਾਰ ਨੂੰ ਮਿਲਣ ਉਸ ਦੇ ਦਰਵਾਜ਼ੇ ਅਗੇ ਝੁਰਮਟ ਪਾਈ ਖਲੋਤੇ ਸਨ ਪਰ ਉਸ ਦੇ ਕਮਰੇ ਦਾ ਦਰਵਾਜਾ ਬਿਲਕੁਲ ਬੰਦ ਸੀ। ਲੋਕਾਂ ਦੀਆਂ ਅਵਾਜ਼ਾਂ ਉਸ ਨੂੰ ਸੁਣਾਈ ਦੇ ਰਹੀਆਂ ‘ਕਮਾਲ ਕਰ ਦਿੰਦੀ ਏ। ਨਾਚ ਹਦ ਦਰਜੇ ਦਾ ਸੁਹਣਾ ਕਰਦੀ ਏ। ਉਸ ਦੀਆਂ ਹਰਕਤਾਂ ਵਿਚ ਜਾਦੂ ਏ।' ਇਤਿਆਦਿ। ਉਹ ਸੁਣਦੀ ਰਹੀ, ਤੜਪਦੀ ਰਹੀ, ਹੁਸਕਦੀ ਅਤੇ ਖਿਝਦੀ ਰਹੀ। ਉਹ ਕਿਸੇ ਨੂੰ ਮਿਲਣਾ ਨਹੀਂ ਸੀ ਚਾਹੁੰਦੀ, ਕਿਸੇ ਦੇ ਬੋਲ ਸੁਣਨਾਂ ਨਹੀਂ ਸੀ ਚਾਹੁੰਦੀ ਪਰ ਇਹ ਸਭ ਕੁਝ ਉਸ ਨੂੰ ਕਰਨਾ ਹੀ ਪਿਆ।

ਸਾਰੇ ਦਿਨ ਦੀ ਥਕੀ ਟੁਟੀ ਰਾਤ ਨੂੰ ਉਹ ਘੂਕ ਸੁਤੀ ਰਹੀ। ਕਿਸਮਤ ਦਾ ਚਕਰ ਉਸ ਦੀ ਪਵਿਤ੍ਰ ਆਤਮਾਂ ਉਤੇ ਆਪਣੇ ਵਾਰ ਕਰਨੇ ਚਾਹੁੰਦਾ ਸੀ, ਪਰ ਉਹ ਬੇ-ਖਬਰ ਸੀ। ਉਹ ਸਮਝਦੀ ਰਹੀ ਸੀ ਕਿ ਉਹ ਆਪਣਾ ਆਦਰਸ਼ ਪੂਰਾ ਕਰਕੇ ਇਥੋਂ ਸਾਫ ਨਿਕਲ ਜਾਏਗੀ ਪਰ ਇਹ ਅਸੰਭਵ ਸੀ। ਉਹ ਜਿਉਂ ਜਿਉਂ ਏਸ ਗੰਦਗੀ ਤੋਂ ਪਲਾ ਛੁੜਾਂਦੀ ਰਹੀ ਗੰਦਗੀ ਤਿਉਂ ਤਿਉਂ ਉਸ ਦੇ ਅੰਗਾਂ ਵਲ ਵਧਦੀ ਰਹੀ। ਫਿਲਮੀ ਦੁਨੀਆਂ ਦੇ ਡਾਇਰੈਕਟਰ, ਪਰੋਡੀਊਸਰ ਤੇ ਹੋਰ ਕਾਰਕੁਨ ਉਸ ਨੂੰ ਮੈਲੀਆਂ ਨਜ਼ਰਾਂ ਨਾਲ ਤਕਕੇ ਸ਼ਰਮਾਂਦੇ ਨੇ। ਉਹ ਲਾਜਵੰਤੀ ਵਾਂਗ ਸਹਿਮ ਜਾਂਦੀ।

‘ਪ੍ਰੀਤ! ਤੁਸੀਂ ਇਹ ਪੇਸ਼ਾ ਕਿਉਂ ਅਖਤਿਆਰ ਕੀਤਾ?'

‘ਮੈਂ ਮਜਬੂਰ ਸਾਂ ਵੀਰ!’

‘ਮਜਬੂਰ? ਇਹ ਗਲਤ ਹੈ। ਦੁਨੀਆਂ ਦੀ ਕੋਈ ਵਡੀ ਤੋਂ ਵਡੀ ਮਜਬੂਰੀ ਵੀ ਇਹੋ ਜਿਹਾ ਪੇਸ਼ਾ ਅਖਤਿਆਰ ਕਰਨ ਲਈ ਮਜਬੂਰ ਨਹੀਂ ਕਰ ਸਕਦੀ।

'ਤੁਸੀਂ ਸਚੇ ਹੋ, ਪਰ ਜਿਸ ਨੇ ਕਿਸੇ ਤੋਂ ਬਦਲਾ ਲੈਣ ਦੀ ਨੀਅਤ ਨਾਲ ਇਹ ਮਜਬੂਰੀ ਪ੍ਰਵਾਨ ਕਰਨੀ ਹੋਵੇ ਤਾਂ...?'

‘ਬਦਲਾ? ਕਿਸ ਗਲ ਦਾ ਬਦਲਾ?'

‘ਬਸ ਮੈਂ ਹੋਰ ਕੁਝ ਨਹੀਂ ਦਸਾਂਗੀ ਸਿਵਾਏ ਇਸ ਦੇ ਕਿ ਮੈਂ ਬਦਲਾ ਲੈ ਰਹੀ ਹਾਂ।'

‘ਅਜੀਬ ਹੈ ਤੁਹਾਡਾ ਬਦਲਾ।'

ਹਾਂ... ... ਹਾਂ ... ... ਹਾਂ ... ... ਕਿਸਮਤ ਦੀ ਹਰ ਸਖਤ ਟਕਰ ਅਜੀਬ ਹੀ ਲਗਦੀ ਏ ਤੁਹਾਨੂੰ ਲੋਕਾਂ ਨੂੰ?'

‘ਪ੍ਰੀਤ ‘ਦਸੋ ... ...।’

‘ਤੁਹਾਨੂੰ ਇਹ ਪੇਸ਼ਾ ਛਡ ਦੇਣਾ ਹੀ ਠੀਕ ਏ।' 'ਕਿਉਂ?'

"ਕਿਉਂ? ਮੈਨੂੰ ਕਿਉਂ ਪੁਛਦੇ ਹੋ? ਕੀ ਤੁਹਾਨੂੰ ਆਪ ਨੂੰ ਨਹੀਂ ਪਤਾ ਕਿ ਤੁਸੀਂ ਕਿਸ ਖਾਨਦਾਨ ਦੇ ਹੋ? ਤੁਸੀਂ ਕੀ ਹੋ? ਕੀ ਤੁਸੀਂ ਨਹੀਂ ਜਾਣਦੇ ਕਿ ਕਿਸੇ ਚੰਗੇ ਘਰ ਦੀ ਲੜਕੀ ਦਾ ਸਾਊ ਪੁਣਾ ਗੁਮ ਹੋ ਜਾਂਦਾ ਏ?'

‘ਮੈਂ ਜਾਣਦੀ ਹਾਂ ਵੀਰ! ਸਭ ਕੁਝ ਸਮਝਦਾ ਹਾਂ। ਮੈਂ ਕਿਸੇ ਆਸ਼ੇ ਨੂੰ ਮੁਖ ਰਖ ਕੇ ਇਥੇ ਆਈ ਹਾਂ।

‘ਤੁਹਾਡਾ ਆਸ਼ਾ ਰਬ ਜਾਣੇ ਕੀ ਹੋਵੇਗਾ ਜਿਹੜਾ ਇਸ ਬਦਬੂ ਵਿਚ ਸਫਲ ਹੋ ਸਕੇਗਾ।'

‘ਹਾਂ, ਤੁਸੀਂ ਜਾਪਦਾ ਏ ਮੇਰੀ ਅਸਲੀਅਤ ਨੂੰ ਸਮਝਣ ਦੇ ਚਾਹਵਾਨ ਹੋ।'

‘ਹਾਂ ... ... ...।’

‘ਮੈਂ ਉਸ ਬੇਵਫਾ ਤੋਂ ਬਦਲਾ ਲੈਣ ਲਈ ਏਥੇ ਆਈ ਹਾਂ ਜਿਸ ਨੇ ਮੈਨੂੰ ਆਪਣੇ ਪਿਆਰ ਨਾਲੋਂ ਮਖਣ ਵਿਚੋਂ ਵਾਲ ਵਾਂਗ ਬਾਹਰ ਕੱਢ ਮਾਰਿਆ ਏ।'

‘ਤਾਂ ਕੀ ਇਸ ਤਰਾਂ ਕਰਨ ਨਾਲ ਤੁਸੀਂ ਬਦਲਾ ਲੈ ਲਵੋਗੇ।'

‘ਕਿਉਂ ਨਹੀਂ... ... ...?'

‘ਅਗਰ ਤੁਸੀਂ ਇਹ ਪੇਸ਼ਾ ਛਡ ਕੇ ਗਲ ਮੇਰੇ ਤੇ ਛਡ ਦੇਵੋ ਤਾਂ ਮੈਂ ਯਕੀਨ ਦੁਆਂਦਾ ਹਾਂ ਕਿ ਤੁਹਾਡੀ ਆਸ ਪੂਰੀ ਕਰ ਦਿਆਂਗਾ।'

‘ਸੱਚ?’

‘ਹਾਂ।'

‘ਮੇਰੇ ਚੰਗੇ ਵੀਰ! ਮੈਨੂੰ ਤੁਹਾਡੀ ਸ਼ਰਤ ਮਨਜ਼ੂਰ ਏ।'

ਪ੍ਰੀਤ ਦਾ ਸਿਰ ਝੁਕ ਗਿਆ ਸਤਿਕਾਰ ਨਾਲ, ਪਿਆਰ ਨਾਲ ਤੇ ਖੁਸ਼ੀ ਨਾਲ। ਉਸ ਦੇ ਅੰਦਰ ਬਲਦੀ ਈਰਖਾ ਦੀ ਅਗ ਮਧਮ ਹੋਣ ਲਗ ਪਈ। ਉਸ ਦੇ ਸੀਨੇ ਦੀ ਜਲਨ ਕਿਸੇ ਆਸ ਦੀਆਂ ਸੁਨਹਿਰੀ ਕਿਰਨਾਂ ਦਾ ਰੂਪ ਧਾਰ ਕੇ ਉਸ ਦੇ ਅੰਗਾਂ ਵਿਚ ਧਸ ਗਈ। ਖੁਸ਼ੀ ਦੀਆਂ ਜਿਹੜੀਆਂ ਘੜੀਆਂ ਉਸ ਨੂੰ ਕਈ ਵਰੇ ਦੂਰ ਜਾਪ ਰਹੀਆਂ ਸਨ, ਉਸ ਨੂੰ ਇਸ ਵੇਲੇ ਹੀ ਨਜ਼ਰੀ ਆਉਣ ਲਗ ਪਈਆਂ।

‘ਉਹ ਇਸ ਸਮੇਂ ਦੁਨੀਆਂ ਦੇ ਕਿਹੜੇ ਸ਼ਹਿਰ ਵਿਚ ਵਸਨੀਕ ਹੋਣਗੇ?'

‘ਸ਼ਾਇਦ ਆਸਾਮ ਦੇ।'

‘ਆਸਾਮ?'

‘ਹਾਂ।'

‘ਏਡੀ ਦੂਰ ਜਾ ਸਕੋਗੇ?'

‘ਕਿਉਂ ਨਹੀਂ।’

‘ਕੀ ਤੁਸੀਂ ਉਨ੍ਹਾਂ ਨੂੰ ਢੂੰਡ ਕੇ ਮੇਰੇ ਪਾਸ ਲਿਆਓ ਗੇ?'

‘ਹਾਂ... ... ...ਪ੍ਰੀਤ ... ... ...ਹਾਂ।' ਸੁਣ ਕੇ ਪ੍ਰੀਤ ਖੀਵੀ ਹੋ ਉਠੀ।

‘ਤਾਂ ਕੀ ਉਹ ਮੇਰੇ ਘਰ ਆਉਣਗੇ?'

‘ਹਾਂ।’ ਉਹ ਫੇਰ ਨਚ ਉਠੀ।'

ਹਾਂ ਪ੍ਰੀਤ!' ਅੱਜ ਤੂੰ ਸਾਊ ਬਣ ਕੇ ਘਰ ਰਹੀ।' ਤੇ ਉਹ ਉਥੋਂ ਤੁਰ ਪਿਆ।

ਪ੍ਰੀਤ ਨੇ ਸ਼ਗਨ ਮਨਾਏ, ਪ੍ਰੀਤ ਨੇ ਗੀਤ ਗਾਏ, ਅਤੇ ਪ੍ਰੀਤ ਨੇ ਬਲਬੀਰ ਨੂੰ ਘਰੋਂ ਤੋਰ ਦਿਤਾ। ਕਈ ਸੁਨੇਹੇ ਲੈ ਕੇ, ਕਈ ਸਿਖਿਆਵਾਂ ਲੈ ਕੇ, ਕਈ ਦਰਦ ਭਰੇ ਹੰਝੂ ਲੈ ਕੇ ਉਹ ਘਰੋਂ ਵਿਦਾ ਹੋ ਗਿਆ। ਏਡੀ ਵੱਡੀ ਦੁਨੀਆਂ ਵਿਚੋਂ ਉਸਨੇ ਇਕ ਬੇ-ਵਫਾ ਨੂੰ ਢੂੰਡਣਾ ਸੀ। ਪ੍ਰੀਤ ਦੀ ਖੁਸ਼ੀ ਲਈ ਉਸ ਨੇ ਆਪਣੀ ਜ਼ਿੰਦਗੀ ਨਾਲ ਜਦੋ-ਜਹਿਦ ਕਰਨੀ ਸੀ। ਹਨੇਰੇ ਅਤੇ ਨਰਕ ਵਿਚ ਡਿਗ ਰਹੀ ਪ੍ਰੀਤ ਦੀ ਜ਼ਿੰਦਗੀ ਨੂੰ ਉਸ ਨੇ ਉਸ ਦੇ ਸਨੇਹੀ ਦੀ ਭਾਲ ਕਰਕੇ ਰੌਸ਼ਨੀ ਦਿਖਾਣੀ ਸੀ। ਉਹ ਕਲਮ-ਕਲਾ ਤੁਰ ਪਿਆ। ਬਲਬੀਰ ਦੀ ਇਸ ਕੁਰਬਾਨੀ ਨੂੰ ਪ੍ਰੀਤ ਦੇ ਹਿਰਦੇ ਵਾਲਾ ਸਾਰਾ ਥਾਂ ਮਲ ਲਿਆ। ਕਦੀ ਕਦੀ ਉਸ ਨੂੰ ਆਪਣੇ ਬੇ ਵਫਾ ਸਾਥੀ ਦਾ ਖਿਆਲ ਉਕਾ ਹੀ ਭੁਲ ਜਾਂਦਾ ਅਤੇ ਉਹ ਨਿਰੀ ਬਲਬੀਰ ਦੀ ਹੀ ਉਡੀਕ ਕਰਨ ਲਗ ਪੈਂਦੀ ਸੀ।

ਦਿਨ ਲੰਘ ਗਏ, ਬਦਲਾਂ ਵਾਂਗ ਘੜੀਆਂ ਬੀਤ ਰਹੀਆਂ ਸਨ, ਵਹਿੰਦੇ ਪਾਣੀਆਂ ਵਾਂਗ। ਪ੍ਰੀਤ ਨੇ ਘੜੇ ਵਿਚ ਰੋੜੇ ਪਾਏ ਹੋਏ ਸਨ। ਹਰ ਰੋਜ਼ ਇਕ ਪੱਥਰ ਕੱਢ ਕੇ ਦੂਜੇ ਘੜੇ ਵਿਚ ਪਾ ਦੇਂਦੀ ਸੀ। ਇਕ ਦਿਨ ਉਸ ਰਹਿੰਦੇ ਬਾਕੀ ਪੱਥਰ ਗਿਣ ਕੇ ਵੇਖੋ, ਉਹ ਹੈਰਾਨ ਹੋ ਗਈ ਬਾਕੀ ਅਠ ਪੱਥਰ ਹੀ ਰਹਿ ਗਏ ਸਨ।

‘ਉਨ੍ਹਾਂ ਨੂੰ ਗਿਆ ਤਾਂ ਅਜ ਵੀਹ ਦਿਨ ਹੋ ਗਏ ਨੇ?'

ਹੌਲੀ ਹੌਲੀ ਘੜੇ ਵਿਚਲੇ ਦੂਜੇ ਪਥਰ ਵੀ ਖਤਮ ਹੋ ਗਏ। ਅੰਤਲੇ ਦਿਨ ਉਸ ਨੂੰ ਆਸ ਬੱਝ ਗਈ ਕਿ ਅਜ ਜ਼ਰੂਰ ਬਲਬੀਰ ਵਾਪਸ ਆ ਜਾਏਗਾ। ਉਹ ਇਕਲਾ ਨਹੀਂ ਹੋਵੇਗਾ, ਜ਼ਰੂਰ ਉਹ ਵੀ ਨਾਲ ਹੋਣਗੇ। ਇਸੇ ਆਸ ਦੇ ਅਸਰ ਹੇਠ ਉਸ ਨੇ ਸਾਰੀ ਦਿਹਾੜੀ ਘਰ ਦੀ ਸਫਾਈ ਆਦਿ ਤੇ ਲਾ ਦਿਤੀ। ਸ਼ਾਮਾਂ ਪਈਆਂ ਤੇ ਉਸ ਦੀ ਉਡੀਕ ਸ਼ੁਰੂ ਹੋ ਗਈ। ਉਸ ਦੀਆਂ ਅਖਾਂ ਸੜਕ ਤੇ ਟਿਕ ਗਈਆਂ। ਸਮਾਂ ਜਿਉਂ ਜਿਉਂ ਬੀਤਦਾ ਜਾਂਦਾ ਉਸ ਦਾ ਦਿਲ ਡੁਬਦਾ ਜਾਂਦਾ ਸੀ।

'ਬਲਬੀਰ ਨੇ ਤਾਂ ਇਕਰਾਰ ਕੀਤਾ ਸੀ ਕਿ ਅਜ ਦੇ ਦਿਨ ਆ ਜਾਣ ਦਾ ਪਰ ... ... ... ... ... ...। ਪ੍ਰੀਤ ਨੇ ਨੌਕਰ ਨੂੰ ਕਿਹਾ।

'ਸ਼ਾਇਦ ਰਾਤ ਨੂੰ ਹੀ ਆ ਜਾਣ।'

‘ਪਰ ਰਾਤ ਨੂੰ ਕੋਈ ਗੱਡੀ ਨਹੀਂ ਆਂਦੀ।'

'ਫੇਰ ਕੱਲ੍ਹ ਆ ਜਾਣਗੇ।'

'ਨਹੀਂ ਮੁੰਡੂ ... ... ... ... ਉਹਨਾਂ ਨੂੰ ਅਜ ਹੀ ਆਣਾ ਚਾਹੀਦਾ ਏ।'

‘ਤੁਸੀਂ ਐਵੇਂ ਪਏ ਘਬਰਾਂਦੇ ਹੋ। ਆਖਰ ਮਰਦ ਨੇ ਜ਼ਬਾਨ ਦੇ ਪਕੇ ਨੇ, ਜ਼ਰੂਰ ਆ ਜਾਣ ਗੇ।'

‘ਮੁੰਡੂ! ਤੂੰ ਕਿਡਾ ਭੋਲਾ ਏਂ। ਇਹ ਜ਼ਰੂਰੀ ਤਾਂ ਨਹੀਂ ਕਿ ਮਰਦ ਲੋਕ ਹੀ ਬੋਲਾਂ ਦੇ ਪਕੇ ਹੁੰਦੇ ਨੇ।'

'ਇਹੋ ਤੁਹਾਨੂੰ ਭਰਮ ਏ ਬੀਬੀ ਜੀ।'

"ਮੰਡੂ ਇਹ ਤੂੰ ਕੀ ਕਹਿ ਰਿਹਾ ਏਂ। ਉਹ ਵੀ ਤਾਂ ਮਰਦ ਹੀ ਸਨ ਜਿਹੜੇ ‘ਆਵਾਂਗਾ' ਕਹਿ ਕੇ ਅਜ ਤਾਈਂ ਮੁਹਾਰਾਂ ਮੋੜ ਸਕੇ। ਅਤੇ ਜਿਸ ਨੂੰ ਵੀਰ ਜੀ ਢੂੰਡਣ ਗਏ ਅਜੇ ਪਰਤੇ ਹੀ ਨਹੀਂ। ਉਹ ਰੋ ਪਈ।

'ਤੁਸੀਂ ਦਿਲ ਖਰਾਬ ਨਾ ਕਰੋ ਬੀਬੀ ਜੀ! ਉਹ ਆ ਜਾਣਗੇ।'

‘ਨਹੀਂ ਮੂੰਡੂ! ਮੈਂ ਆਪ ਜਾਵਾਂਗੀ। ਜਾਂ ਤਾਂ ਉਨ੍ਹਾਂ ਦੋਹਾਂ ਨੂੰ ਢੂੰਡ ਕੇ ਲਿਆਵਾਂਗੀ ਨਹੀਂ ਤਾਂ ਮੈਂ ਵੀ ਇਸ ਏਡੀ ਵਡੀ ਦੁਨੀਆਂ ਵਿਚ ਗੁਆਚ ਜਾਵਾਂਗੀ। ਪ੍ਰੀਤ ਦੇ ਅੰਦਰ ਪਤਾ ਨਹੀਂ ਕਿਹੜੀ ਸ਼ਕਤੀ ਕੰਮ ਕਰ ਰਹੀ ਸੀ। ਉਹ ਪਕਾ ਇਰਾਦਾ ਕਰ ਬੈਠੀ ਅਤੇ ਉਸ ਨੇ ਵੀ ਤਿਆਰੀਆਂ ਅਰੰਭ ਦਿਤੀਆਂ ਜਿਵੇਂ ਇਕ ਦਿਨ ਉਸ ਦੇ ਪਰੇਮ ਨੇ ਅਰੰਭੀਆਂ ਸਨ ਅਤੇ ਫਿਰ ਵੀਰ ਨੇ ਵੀ।

‘ਅਸੀਂ ਤਿੰਨੇ ਮੁਸਾਫਰ ਬਣੇ, ਪਰ ਵਖ ਵਖ ਰਸਤਿਆਂ ਦੇ, ਪਤਾ ਨਹੀਂ ਮੇਰੀ ਮੰਜ਼ਲ ਦਾ ਅੰਤ ਕਿਥੇ ਹੋਵੇਗਾ। ਪਤਾ ਨਹੀਂ ਮੈਂ ਆਪਣੀ ਢੂੰਡ ਵਿਚ ਸਫਲ ਹੋਵਾਂ ਗੀ ਯਾ ਨਹੀਂ?" ਉਹ ਬੜੀ ਉਦਾਸ ਸੀ। ਆਸ਼ਾ ਦੀ ਕਿਰਨ ਉਸ ਨੂੰ ਬੜੀ ਮਧਮ ਦਿਖਾਈ ਦੇ ਰਹੀ ਸੀ ਪਰ ਨਿਰਾਸ਼ਾ ਵਡਾ ਸਾਰਾ ਰੂਪ ਧਾਰ ਕੇ ਉਸ ਦੇ ਅਗੇ ਖਲੋਤੀ ਹੱਸ ਰਹੀ ਜਾਪਦੀ ਸੀ।

ਪ੍ਰੀਤ ਦਾ ਸਫਰ ਸ਼ੁਰੂ ਹੋ ਗਿਆ। ਉਹ ਸਭ ਵਡੇ ਵਡੇ ਸ਼ਹਿਰ ਗਾਹੁਣੇ ਚਾਹੁੰਦੀ ਸੀ। ਉਹ ਜਾਣਦੀ ਸੀ ਕਿ ਪਰੇਮ ਸਦਾ ਵਡੇ ਸ਼ਹਿਰਾਂ ਦਾ ਵਾਸੀ ਬਣ ਕੇ ਖੁਸ਼ ਹੁੰਦਾ ਏ! ਵਡੇ ਲੋਕਾਂ ਨਾਲ ਜ਼ਿਆਦਾ ਮੇਲ-ਜੋਲ ਰਖਦਾ ਏ। ਉਸ ਨੂੰ ਆਸ ਸੀ ਕਿ ਉਹ ਜ਼ਰੂਰ ਲਭ ਪਏਗਾ। ਉਹ ਹਰ ਸ਼ਹਿਰ ਵਿਚ ਉਤਰਦੀ। ਸਾਰੀ ਦਿਹਾੜੀ ਘੁੰਮਦੀ ਰਹਿੰਦੀ। ਵਡੇ ਵਡੇ ਲੋਕਾਂ ਦਾ ਪਤਾ ਕਰਕੇ ਉਹਨਾਂ ਪਸੋਂ ਪਰੇਮ ਦਾ ਪਤਾ ਪੁਛਦੀ, ਪਰ ਹਰ ਪਾਸਿਓਂ ਨਾਂਹ ਹੀ ਹੋਈ ਜਾ ਰਹੀ ਸੀ। ਬੜੀਆਂ ਬੜੀਆਂ ਕੋਠੀਆਂ ਦੇ ਦਰਵਾਜੇ ਉਸ ਨੇ ਠਕੋਰੇ, ਕਈ ਵਡਿਆਂ ਦੀ ਪਨਾਹ ਲਈ ਪਰ ਉਹ ਨਿਰਾਸ ਹੀ ਰਹੀ। ਆਖਰ ਉਹ ਥੱਕ ਗਈ। ਉਸ ਨੂੰ ਜਾਪਿਆ ਜਿਵੇਂ ਪਰੇਮ ਉਸ ਲਈ ਨਹੀਂ ਕਿਸੇ ਹੋਰ ਲਈ ਘੜਿਆ ਗਿਆ ਏ। ਇਸ ਖਿਆਲ ਦਾ ਆਉਣਾ ਸੀ ਕਿ ਉਹ ਸ਼ਹਿਰ ਛਡ ਗਰਾਵਾਂ ਵਿਚ ਜਾ ਵਸੀ। ਉਸ ਨੂੰ ਪਤਾ ਸੀ ਕਿ ਪਰੇਮ ਦੇ ਵਡੇ ਵਡੇਰੇ ਗਰਾਵਾਂ ਵਿਚ ਰਹਿੰਦੇ ਰਹੇ ਹਨ। ਮੁਮਕਿਨ ਹੈ ਕਿ ਪਰੇਮ ਇਸ ਸਮੇਂ ਆਪਣੇ ਗਰਾਂ ਹੋਵੇ। ਉਸ ਨੇ ਆਪਣੇ ਕਿਸੇ ਸੁਨੇਹੀ ਦੇ ਘਰ ਡੇਰਾ ਲਾਇਆ ਅਤੇ ਪਰੇਮ ਦੀ ਭਾਲ ਸ਼ੁਰੂ ਕਰ ਦਿਤੀ।

ਦੁਪਹਿਰਾਂ ਢਲ ਰਹੀਆਂ ਸਨ। ਗਰਮੀ ਕਾਫੀ ਸੀ। ਉਸ ਦਾ ਚਿਹਰਾ ਭਖ ਰਿਹਾ ਸੀ। ਉਸ ਨੇ ਇਕ ਮਕਾਨ ਵਲ ਸਹਿਜੇ ਹੀ ਤਕਿਆ। ਇਕ ਮੁਟਿਆਰ ਮਕਾਨ ਦੇ ਅੰਦਰ ਬੈਠੀ ਸੀ। ਉਸ ਦਾ ਚਿਹਰਾ ਗਮਗੀਨ ਅਤੇ ਸ਼ਰੀਰ ਨਿਢਾਲ ਸੀ, ਉਸ ਦੇ ਸਿਰ ਤੇ ਭਾਵੇਂ ਚੁੰਨੀ ਸੀ ਪਰ ਜਾਪਦਾ ਸੀ ਜਿਵੇਂ ਇਸ ਮੁਟਿਆਰ ਨੇ ਕੇਸਾਂ ਨੂੰ ਕਦੀ ਸਾਫ ਨਹੀਂ ਕੀਤਾ। ਕਾਲੀਆਂ ਲਿਟਾਂ ਗਲ ਵਿਚ ਪਲਮ ਰਹੀਆਂ ਸਨ। ਕਪੜੇ ਮੈਲੇ ਜਿਹੇ ਸਨ ਪਰ ਮੁਟਿਆਰ ਦੇ ਚਿਹਰੇ ਤੇ ਅਣਮਾਣੀ ਸੁੰਦਰਤਾ ਡਲ੍ਹਕਾਂ ਮਾਰ ਰਹੀ ਸੀ। ਪ੍ਰੀਤ ਦੇ ਅੰਦਰ ਕੋਈ ਧੂਹ ਜੇਹੀ ਪਈ। ਉਹ ਆਪ ਮੁਹਾਰੇ ਇਸ ਮਕਾਨ ਵਲ ਤੁਰ ਪਈ। ਮੁਟਿਆਰ ਦੀਆਂ ਸੱਜਲ ਅਖਾਂ ਉਤਾਹ ਉਠੀਆਂ। ਇਸ ਤੋਂ ਪਹਿਲਾਂ ਕਿ ਪ੍ਰੀਤ ਉਸ ਤੇ ਕੋਈ ਪ੍ਰਸ਼ਨ ਕਰਦੀ ਉਹ ਸ਼ੀਹਣੀ ਵਾਂਗ ਗਰਜੀ।

‘ਰੰਡੀਏ ਰਹਿਣੀਏਂ! ਏਥੇ ਕੀ ਲੈਣ ਆਈ ਏਂ। ਕੁਲੱਛਣੀਏਂ ਨਿਕਲ ਜਾ ਸਾਡੇ ਪਿੰਡੋਂ, ਕਿਸੇ ਹੋਰ ਦਾ ਸੁਹਾਗ ਵੀ ਲੁਟੇਂਗੀ ਕਮਜਾਤੇ! ਕਮੀਣੀ! ਹੈਂਸਿਆਰੀ ... ... ...।'

ਪ੍ਰੀਤ ਨੇ ਸੀਨੇ ਤੇ ਪੱਥਰ ਰਖ ਕੇ ਇਹ ਸਭ ਕੁਝ ਸੁਣ ਲਿਆ। ਪਹਿਲਾਂ ਉਸ ਦਾ ਜੀਅ ਕੀਤਾ ਕਿ ਚੁਪ ਕਰਕੇ ਅਗੇ ਚਲ ਪਏ ਪਰ ਪਤਾ ਨਹੀਂ ਕਿਉਂ ਉਹ ਬਦੋਬਦੀ ਉਸ ਮੁਟਿਆਰ ਵਲ ਵਧਦੀ ਜਾ ਰਹੀ ਸੀ।

‘ਤੂੰ ਏਨੀ ਦੁਖੀ ਏਂ? ਭੈਣ!... ... ... ਮੈਂ ਤਾਂ ਤੇਰਾ ਦਰਦ ਵੰਡਾਣ ਆਈ ਆਂ ... ... ... ।' ਪ੍ਰੀਤ ਨੇ ਨਿਮਰਤਾ ਧਾਰਨ ਕਰਦਿਆਂ ਬੜੇ ਮਿਠੇ ਲਹਿਜੇ ਵਿਚ ਕਿਹਾ। 'ਮੈਂ ਤੇਰਾ ਸੁਹਾਗ ਕਦ ਲੁਟਿਆ ਏ? ਮੈਂ ਤਾਂ ਤੇਰੇ ਗਰਾਂ ਵਿਚ ਮਹਿਮਾਨ ਆਈ ਹਾਂ, ਬੜੀ ਦੂਰੋਂ ... ... ...।'

'ਬੜੀ ਦੂਰੋਂ?’

‘ਹਾਂ।'

‘ਪਰ ਉਹ ਡੌਣ ਵੀ ਤਾਂ ਦੂਰ ਹੀ ਬੈਠੀ ਏ ਜਿਸ ... ... ...।'

‘ਤੂੰ ਕਿਸ ਦੀ ਗਲ ਕਰਦੀ ਏਂ? ਕੌਣ ਏ ਉਹ? ਕੀ ਕੀਤਾ ਏ ਉਸ?'

‘ਉਹ ਲੋਕਾਂ ਦੇ ਖਸਮ ਖਾਣ ਵਾਲੀ ਡੈਣ। ... ... ... ਲੋਕ ਕਹਿੰਦੇ ਨੇ ਉਹ ਪੜ੍ਹੀ ਲਿਖੀ ਏ। ਸਾਫ ਕਪੜੇ ਪਾਣ ਵਾਲੀ ... ਦੋ ਗੁਤਾਂ ਕਰਨ ਵਾਲੀ ਤੇ ... ... ...। '

‘ਪੜ੍ਹੀ ਲਿਖੀ, ਸਾਫ ਕਪੜੇ ਪਾਣ ਵਾਲੀ ਤੇ ਦੋ ਗੁਤਾਂ ਕਰਨ ਵਾਲੀ ਹੀ ਤਾਂ ਕਿਸੇ ਦੇ ਖਸਮ ਨਹੀਂ ਖਾ ਸਕਦੀ ਭੈਣ, ਸਾਰੀਆਂ ਅਨਪੜ੍ਹ ਤੇ ਚੰਗੀਆਂ ਨਹੀਂ ਹੁੰਦੀਆਂ ਤੇ ਨਾ ਹੀ ਸਾਰੀਆਂ ਪੜ੍ਹੀਆਂ ਲਿਖੀਆਂ ਬੁਰੀਆਂ ਹੁੰਦੀਆਂ ਨੇ। ਇਹ ਤੇਰਾ ਵਹਿਮ ਏ।' ਪ੍ਰੀਤ ਹਸ ਕੇ ਕਿਹਾ।'

‘ਅਨਪੜ੍ਹ ਭੋਲੀਆਂ ਪਰ ਪੜ੍ਹੀਆਂ ਚਲਾਕ ... ... ...।'

‘ਏਡਾ ਉਪਦਰ ਨਾ ਤੋਲ ਭੈਣੇ! ਫਿਰ ਕੀ ਹੋਇਆ ਤੂੰ ਦੁਖੀ ਏਂ! ਹਰ ਕੋਈ ਸੁਖੀ ਥੋੜਾ ਏ। ਤੂੰ ਅਨਪੜ੍ਹ ਏਂ ਤਦੇ ਤਾਂ ਕੁਝ ਕਹੀ ਜਾ ਰਹੀ ਏਂ। ਪੜ੍ਹੀ ਹੋਵੇਂ ਤਾਂ ਧੀਰਜ ਨਾਲ ਆਪਣੇ ਮਸਲੇ ਨੂੰ ਹਲ ਕਰੇਂ... ...।'

'ਚਲ ਚਲ... ... ਮੈਂ ਠੀਕ ਆਂ ਜਿਹੋ ਜਿਹੀ ਹੈਗੀ ... ... ਚੰਗਾ ਹੋਇਆ ਮੈਨੂੰ ਕਿਸੇ ਪੜ੍ਹਾਇਆ ਨਹੀਂ।'

‘ਆਖਰ ਗਲ ਕੀ ਏ ਸਖੀਏ। ਦਸ ਤਾਂ ਸਹੀ। ਯਕੀਨ ਰਖ ਮੈਂ ਤੇਰੀ ਪੂਰੀ ਪੂਰੀ ਮਦਦ ਕਰਾਂਗੀ ... ...।'

‘ਸੱਚ ਬੋਲਦੀ ਏਂ?’

‘ਹਾਂ।'

‘ਜੇ ਦਗਾ ਕੀਤਾ ਤਾਂ ਵਿੰਹਦੀ ਰਹੀਂ। ਮੈਂ ਵੀ ਜੱਟੀ ਹਾਂ।'

ਪ੍ਰੀਤ ਹਸ ਪਈ। ਮੁਟਿਆਰ ਦੀ ਕੰਡ ਤੇ ਥਾਪੀ ਮਾਰ ਕੇ ਉਸ ਕਿਹਾ, ‘ਮੈਂ ਜਾਣਦੀ ਹਾਂ।'

‘ਤਾਂ ਸੁਣ... ... ...।' ਉਹ ਜ਼ਰਾ ਰੁਕ ਗਈ। ‘ਮੇਰੇ ਵਿਆਹ ਹੋਏ ਨੂੰ ਅਠ ਸਾਲ ਹੋ ਗਏ ਨੇ। ਉਦੋਂ ਮੈਂ ਤੇਰਾਂ ਵਰ੍ਹਿਆਂ ਦੀ ਸਾਂ ਜਦ ਮੈਨੂੰ ਨਵਾਂ ਸਾਲਾਂ ਦੇ ਮੁੰਡੇ ਦੇ ਲੜ ਲਾ ਦਿਤਾ। ਵਿਆਹ ਤੋਂ ਸਾਲ ਦੋ ਸਾਲ ਮਗਰੋਂ ਉਹ ਆਪਣੇ ਪਿਓ ਨਾਲ ਪ੍ਰਦੇਸ ਚਲਾ ਗਿਆ। ਉਹ ਪ੍ਰਦੇਸ ਜਾ ਕੇ ਜੁਆਨ ਹੋ ਗਿਆ ਤੇ ਕਿਸੇ ਪੜ੍ਹੀ ਲਿਖੀ ... ...।' ਪ੍ਰੀਤ ਨੇ ਉਸ ਦਾ ਮੂੰਹ ਬੰਦ ਕਰ ਦਿਤਾ। ਉਸ ਦੀਆਂ ਅਖਾਂ ਵਹਿ ਤੁਰੀਆਂ। ਉਸਦੇ ਅੰਗ ਅੰਗ ਵਿਚ ਦਰਦ ਉਠਿਆ ਤੇ ਉਹ ਸ਼ਾਇਦ ਤੜਪ ਉਠਦੀ ਜੇ ਉਹ ਮੁਟਿਆਰ ਉਸ ਨੂੰ ਆਪਣੇ ਕਲਾਵੇ ਵਿਚ ਨਾ ਭਰ ਲੈਂਦੀ। ਮੁਟਿਆਰ ਨੇ ਸਮਝਿਆ ਸ਼ਾਇਦ ਉਸ ਦੀ ਦਰਦ ਕਹਾਣੀ ਨੇ ਪ੍ਰੀਤ ਦੇ ਹੰਝੂ ਵਹਾ ਦਿਤੇ ਨੇ ਪਰ ਉਹ ਭੋਲੀ ਨਹੀਂ ਸੀ ਜਾਣਦੀ ਕਿ ਉਸਦੇ ਸੀਨੇ ਵਿਚ ਵੀ ਉਹੋ ਦਰਦ ਹੈ ਜਿਹੜਾ ਇਸ ਨੂੰ ਤੜਪਾਂਦਾ ਰਹਿੰਦਾ ਹੈ।

‘ਭੈਣ! ਮੇਰੇ ਨਾਲ ਵੀ ਇਵੇਂ ਹੀ ਹੋਇਆ ਏ। ਮੈਂ ਵੀ ਇਕ ਦੁਖਿਆਰੀ ਹਾਂ।' ਪ੍ਰੀਤ ਨੇ ਗਲ ਦਾ ਰੁਖ ਬਦਲਿਆ।

'ਉਹ... ... ... ਭੈਣ ਤੂੰ ਵੀ ਦੁਖੀ ਏਂ?'

'ਹਾਂ... ... ...।' ਪ੍ਰੀਤ ਰੋ ਰਹੀ ਸੀ।

‘ਮੈਂ ਤੈਨੂੰ ਹੋਰ ਦੁਖੀ ਕੀਤਾ।

‘ਨਹੀ!’ ਪ੍ਰੀਤ ਨੇ ਭਾਵੇਂ ਝੂਠ ਬੋਲ ਦਿਤਾ ਪਰ ਉਹ ਮੰਨ ਗਈ।

‘ਤਾਂ ਕੀ ਭੈਣ ਤੇਰੇ ਪਤੀ ਨਾਲ ਵੀ ਇਵੇਂ ਹੀ ਹੋਇਆ ਏ?'

'ਹਾਂ... ... ... ।'

‘ਕੌਣ ਏ ਉਹ ਭੈਣ?’

'ਇਕ ਅਨਪੜ੍ਹ ਜਟੀ ... ... ...।' ਪ੍ਰੀਤ ਨੇ ਨਿਧੜਕ ਕਹਿ ਦਿਤਾ।

'ਇਕ... ... ...ਅਨਪੜ ਜ ... ... ਜੱਟੀ?' ਉਹ ਬੜੀ ਹੈਰਾਨ ਸੀ।

‘ਹਾਂ।’ "ਫੇਰ ਤਾਂ ਸਾਰੀਆਂ ਪੜ-ਅਨਪੜ ਇਕੋ ਜੇਹੀਆਂ ਹੋਈਆਂ ਕਿ।'

‘ਹਾਂ।" ਪ੍ਰੀਤ ਨੇ ਐਤਕਾਂ ‘ਹਾਂ' ਵਿਚ ਸਿਰ ਹਿਲਾਇਆ।'

ਉਹ ਜਿਉਂ ੨ ਇਸ ਮਸਲੇ ਨੂੰ ਸੋਚਦੀ ਜਾਂਦੀ ਸੀ, ਬੋਝ ਤਿਉਂ ਤਿਉਂ ਉਸ ਦੇ ਦਿਮਾਗ ਤੋ ਵਧਦਾ ਹੀ ਜਾ ਰਿਹਾ ਸੀ।

'ਕਿਸਮਤ ਕੋਡੀ ਸ਼ਕਤੀ ਵਾਲੀ ਏ। ਸਾਨੂੰ ਇਕੋ ਕਹਾਣੀ ਦਿਆਂ ਪਾਤਰਾਂ ਨੂੰ ਕਿੰਜ ਇਕਠਿਆਂ ਕਰ ਦਿਤਾ ਏ।' ਪ੍ਰੀਤ ਬੁੜ ਬੁਝਾਈ। ਉਸ ਮੁਟਿਆਰ ਦੇ ਕੁੱਖ ਪਲੇ ਨਾ ਪਿਆ। ਉਹ ਚੁਪ ਰਹੀ।

‘ਤੇਰਾ ਨਾਂ ਕੀ ਏ ਭੈਣ।'

‘ਪ੍ਰੀਤ ਰਾਣੀ।’

‘ਪ੍ਰੀਤ ਰਾਣੀ?'

‘ਤੇਰਾ ਨਾਂ?'

‘ਚੰਨੋਂ।’

‘ਚੰਨੋਂ? ਆਹ! ਇਹ ਨਾਂ ਮੈਂ ਪਰੇਮ ਦੇ ਮੂੰਹੋਂ ਕਈ ਵਾਰ ਸੁਣਿਆਂ ਸੀ।' ਪ੍ਰੀਤ ਫੇਰ ਬੁੜ ਬੁੜਾਈ। ਐਤਕਾਂ ਚੰਨੋ ਹੋਰ ਵੀ ਹੈਰਾਨ ਹੋਈ ਪਰ ਬੋਲੀ ਕੁਝ ਵੀ ਨਾ।

‘ਪ੍ਰੀਤ! ਮੈਨੂੰ ਤੇਰਾ ਬੜਾ ਆਸਰਾ ਜਾਪਣ ਲਗ ਪਿਆ ਏ। ਅਗੇ ਮੈਂ ਸਮਝਦੀ ਸਾਂ, ਸ਼ਾਇਦ ਮੈਂ ਇਕਲੀ ਦੁਖਿਆਰੀ ਹਾਂ ਪਰ ਹੁਣ... ... ...,'ਕਹਿਕੇ ਚੰਨੋ ਨੇ ਪ੍ਰੀਤ ਦੇ ਚਿਹਰੇ ਵਲ ਨਜ਼ਰ ਮਾਰੀ। ਉਹ ਹੰਝੂਆਂ ਵਿਚ ਗੋਤੇ ਖਾ ਰਿਹਾ ਸੀ। ਪ੍ਰੀਤ ਆਪਣੇ ਦਿਲ ਦਾ ਰਾਜ਼ ਚੰਨੋਂ ਅਗੇ ਖੋਲ੍ਹਣਾ ਠੀਕ ਨਹੀਂ ਸੀ ਸਮਝਦੀ ਜਿਸ ਕਰਕੇ ਉਹ ਉਥੋਂ ਜਲਦੀ ਤੁਰ ਜਾਣਾ ਚਾਹੁੰਦੀ ਸੀ।

‘ਮੈਨੂੰ ਛਡ ਚੰਨੋ! ਮੈਂ ਵਾਪਸ ਪਰਤਣਾ ਏਂ।'

‘ਇਹ ਮੈਂ ਨਹੀਂ ਕਰਨ ਦੇਣਾ। ਐਡੀ ਛੇਤੀ ਕਾਹਦੀ ਏ ਜਾਣ ਦੀ। "ਨਹੀਂ ਭੈਣ! ਮੈਂ ਘਰ ਜ਼ਰੂਰ ਜਾਣਾ ਏਂ ... ... ...।'

‘ਪਰ ਮੈਂ ਜਾਣ ਨਹੀਂ ਦੇਣਾ।'

‘ਨਾ, ਨਾ ਚੰਨੀਏਂ! ਮੈਂ ਫੇਰ ਕਦੀ ਆਵਾਂਗੀ।'

‘ਸੱਚ ਬੋਲਦੀ ਏਂ?’

'ਹਾਂ।'

‘ਚੰਗਾ... ... ...ਪਰ ਪਾਣੀ ਧਾਣੀ ਤਾਂ ਪੀਂਦੀ ਜਾ ... ...।'

'ਨਹੀਂ ਕੋਈ ਖਾਸ ਲੋੜ ਨਹੀਂ। ਕਹਿੰਦੀ ਹੋਈ ਪ੍ਰੀਤ ਬਾਹਰ ਲੰਘ ਗਈ। ਉਸ ਦੇ ਕਦਮ ਹੋਰ ਵੀ ਬੋਝਲ ਹੋ ਗਏ। ਉਸ ਦੇ ਦਿਮਾਗ ਵਿਚ ਬੜਾ ਭਾਰੀ ਘੋਲ ਹੋ ਰਿਹਾ ਸੀ, ਪਿਆਰ ਅਤੇ ਨਫਰਤ ਦਾ। ਇਕ ਪਾਸੇ ਪਰੇਮ ਦੀ ਯਾਦ ਉਸ ਨੂੰ ਤੜਫਾਂਦੀ ਸੀ ਤੇ ਦੂਜੇ ਪਾਸੇ ਉਸ ਦੀ ਧੋਖੇ ਬਾਜ਼ੀ ਉਸ ਦੇ ਸੀਨੇ ਵਿਚ ਨੂੰ ਸਾੜ ਰਹੀ ਸੀ, ਪਰ ਇਸ ਸਭ ਕੁਝ ਦੇ ਹੁੰਦਿਆਂ ਉਹ ਆਪਣੇ ਆਪ ਵਿਚ ਕਾਫੀ ਸੰਤੁਸ਼ਟਤਾ ਮਹਿਸੂਸ ਕਰ ਰਹੀ ਸੀ।

ਪ੍ਰੀਤ ਨੇ ਵਾਪਸੀ ਸਫਰ ਸ਼ੁਰੂ ਕਰ ਦਿਤਾ। ਉਸ ਨੂੰ ਜਾਪਦਾ ਸੀ ਜਿਵੇਂ ਕਿਸੇ ਨੇ ਉਸ ਨੂੰ ਜਿਤ ਦੇ ਤਗਮੇਂ ਦੇ ਕੇ ਖੋਹ ਲਏ ਹੋਣ। ਉਸ ਵਿਚ ਖੁਸ਼ੀ ਅਤੇ ਗਮੀ ਕੰਮ ਕਰ ਰਹੀ ਸੀ। ਜਿਥੇ ਉਹ ਪਰੇਮ ਦੀ ਸਾਥਣ ਦੀ ਹਮਦਰਦਣ ਬਣ ਕੇ ਉਸ ਦੇ ਘਰ ਦੀ ਜਾਣੂੰ ਹੋਣ ਦੀ ਖੁਸ਼ੀ ਮਹਿਸੂਸ ਕਰ ਰਹੀ ਸੀ ਉਥੇ ਪਰੇਮ ਦੇ ਬੇਵਫਾ ਹੋਣ ਦਾ ਯਕੀਨ ਵੀ ਉਸ ਦੇ ਅੰਦਰ ਜੰਮ ਗਿਆ ਸੀ। ਉਹ ਸੋਚਾਂ ਵਿਚ ਗਲਤਾਨ ਰਹੀ। ਉਹ ਸੋਚਦੀ ਰਹੀ ਆਖਰ ਬਲਬੀਰ ਅਤੇ ਮੁੰਡੂ ਨੂੰ ਕਿੰਜ ਮੂੰਹ ਦਿਖਾਏਗੀ। ਕਿਸੇ ਹਾਰੀ ਹੋਈ ਕੂੰਜ ਵਾਂਗ ਖੰਭ ਸੁਟ ਕੇ ਪੈ ਜਾਣਾ ਉਸ ਲਈ ਅਸੰਭਵ ਸੀ। ਫਿਰ ਕਿੰਜ ਪਰੇਮ ਦੀ ਭਾਲ ਕਰਕੇ ਆਪਣੇ ਸਾਥੀਆਂ ਨੂੰ ਦਿਖਾਏਗੀ। ਉਹ ਨਿਰਾਸ ਸੀ ਇਸ ਲਈ ਨਹੀਂ ਕਿ ਪਰੇਮ ਨੂੰ ਉਹ ਲਭ ਨਹੀਂ ਸਕੀ, ਬਲਕਿ ਇਸ ਲਈ ਕਿ ਪਰਮ ਵਿਚ ਰਤਾ ਭਰ ਵੀ ਵਫਾ ਦਾ ਅੰਸ਼ ਨਹੀਂ। ਆਖਰ ਉਹ ਪਰੇਮ ਨੂੰ ਲਭ ਕੇ ਕਰੇਗੀ ਵੀ ਕੀ? ਜਦ ਕਿ ਉਹ ਕਿਸੇ ਦਾ ਵੀ ਨਹੀਂ ਬਣ ਸਕਿਆ। ਉਹ ਪਰੇਮ ਜਿਹੜਾ ਬਚਪਣ ਦਾ ਅੱਧ ਉਸ ਨਾਲ ਬੀਤਾ ਚੁਕਾ ਸੀ ਅਜ ਪ੍ਰੀਤ ਨੂੰ ਕਿਸੇ ਅਣਜਾਣ ਦੀਆਂ ਨਜ਼ਰਾਂ ਨਾਲ ਤੱਕਣ ਲਗ ਪਿਆ ਸੀ। ਉਸ ਪਰੇਮ ਦੀ ਭਾਲ ਕਰਨੀ ਮੂਰਖਤਾ ਹੀ ਨਹੀਂ ਸਗੋਂ ਹਾਨੀਕਾਰਕ ਵੀ ਸੀ।

ਪ੍ਰੀਤ ਕਈ ਦੇਸ਼ਾਂ ਨੂੰ ਗਾਹ ਕੇ ਵਾਪਸ ਪਰਤ ਆਈ। ਜੇ ਉਸ ਵਿਚ ਕੋਈ ਚਾਹ ਸੀ ਤਾਂ ਬਲਬੀਰ ਨੂੰ ਮਿਲ ਕੇ ਕੋਈ ਦਰਦ ਵੰਡਾਉਣ ਦੀ ਇਛਾ ਸੀ। ਸੋ ਉਹ ਜਦ ਘਰ ਪਹੁੰਚੀ ਤਾਂ ਆਪਣੇ ਘਰ ਵਿਚ ਬਲਬੀਰ ਨੂੰ ਵੇਖਿਆ। ਉਹ ਚੀਖ ਕੋ ਉਸ ਦੇ ਗਲ ਲਗ ਗਈ। ਮੁੰਡੂ ਭਜਾ ਆਇਆ।

‘ਬੀ ... ... ਜੀ ਆ ਗਏ?" ਮੁੰਡੂ ਨੇ ਹੈਰਾਨੀ ਭਰਿਆ ਹਾਸਾ ਹਸਦਿਆਂ ਪੁੱਛਿਆ ਪਰ ਉਸ ਨੂੰ ਕੋਈ ਜਵਾਬ ਨਾ ਮਿਲਿਆ ਅਤੇ ਉਹ ਚੁਪ ਚਾਪ ਖਲੋਤਾ ਰਿਹਾ। ਉਸ ਦੀਆਂ ਅਖਾਂ ਨੇ ਜਿਹੜਾ ਨਜ਼ਾਰਾ ਤਕਿਆ ਉਹ ਦਰਦ ਭਰਿਆ ਸੀਨ ਸੀ। ਬਲਬੀਰ ਅਤੇ ਪ੍ਰੀਤ ਦਾ ਮਿਲਾਪ, ਦੂਹਾਂ ਦੇ ਵਹਿੰਦੇ ਹੰਝੂ ਅਤੇ ਦਰਦ ਸੁਨੇਹੇ ਜਿਹੜੇ ਹਿਚਕੀਆਂ ਰਾਹੀਂ ਹੋਠਾਂ ਤਾਂਈਂ ਆ ਆ ਕੇ ਵਾਪਸ ਪਰਤ ਰਹੇ ਸਨ। ਮੁੰਡੂ ਵੀ ਰੋ ਪਿਆ।

ਕੁਝ ਚਿਰ ਕੋਠੀ ਦੇ ਵਾਯੂ ਮੰਡਲ ਨੇ ਕੁਰਣਾ ਰੂਪ ਧਾਰੀ ਰਖਿਆ, ਪਰ ਜਦ ਬਲਬੀਰ ਨੇ ਪ੍ਰੀਤ ਦਾ ਸਿਰ ਪਲੋਸਦਿਆ ਉਸ ਦੇ ਹੰਝੂ ਠਲ੍ਹੇ ਤਾਂ ਮੁੰਡੂ ਨੂੰ ਜਾਪਿਆ ਜਿਵੇਂ ਉਸ ਦੀ ਕੋਠੀ ਵਿਚ ਫਿਰ ਬਹਾਰ ਆ ਗਈ ਹੋਵੇ। ਉਹ ਇਕ ਵਫਾਦਾਰ ਨੌਕਰ ਦੀ ਸੀ ਹੈਸੀਅਤ ਰੱਖਣ ਦਾ ਚਾਹਵਾਨ ਰਹਿੰਦਾ ਸੀ। ਇਹੋ ਕਾਰਨ ਕਿ ਦੂਜੇ ਨੌਕਰਾਂ ਨਾਲੋਂ ਮੁੰਡੂ ਹੀ ਪ੍ਰੀਤ ਦਾ ਜ਼ਿਆਦਾ ਸ਼ੁਭ ਚਿੰਤਕ ਸੀ।

ਪ੍ਰੀਤ ... ... ...ਤੁਸਾਂ ਇਹ ਖੇਚਲ ਕਿਉਂ ਕੀਤੀ ਸੀ? ਕੀ ਤੁਹਾਨੂੰ ਮੇਰੇ ਤੇ ਯਕੀਨ ਨਹੀਂ ਸੀ?

‘ਤੁਸੀਂ ਏਨੀ ਦੇਰ ਕਿਉਂ ਕੀਤੀ?'

'ਕੀ ਮੈਂ ਬਿਨ ਢੂੰਡ ਹੀ ਵਾਪਸ ਆ ਜਾਂਦਾ?'

‘ਤਾਂ ਕੀ ਹੁਣ ਢੂੰਡ ਲਿਆਏ ਹੋ?' ਪ੍ਰੀਤ ਨੇ ਬੜੇ ਵਿਅੰਗ ਭਾਵ ਨਾਲ ਕਿਹਾ।

‘ਕਿਉਂ ਨਹੀਂ।'

‘ਕਿਥੇ ਨੇ? ਪ੍ਰੀਤ ਦੇ ਅੰਦਰ ਕੋਈ ਝਰਨਾਹਟ ਛਿੜ ਪਈ।

ਉਹ... ... ... ਉਹ ਬੜੀ ਦੂਰ।'

‘ਕੀ ਮਤਲਬ ... ... ... ।'

‘ਉਹ ਇਸ ਸਮੇਂ ਪੈਰਿਸ ਦੀਆਂ ਸੁੰਦਰੀਆਂ ਦੀ ਸੁੰਦਰਤਾ ਤੇ ਕਾਇਲ ਨੇ।'

‘ਕੀ ਕਿਹਾ... ... ...।'

‘ਜੋ ਮੈਂ ਕਿਹਾ ਏ, ਸਭ ਸਚ ਏ।'

‘ਉਹ ਨਹੀਂ ਆਣਉਂਗੇ?'

‘ਨਹੀਂ।’

‘ਕਿਉਂ?'

‘ਤੁਹਾਡਾ ਖਾਨਦਾਨ ਉਸ ਦੀਆਂ ਨਜ਼ਰਾਂ ਵਿਚ ਨੀਵਾਂ ਏ।'

'ਹੈਂ?'

‘ਹਾਂ।'

‘ਤਾਂ ਕੀ ਪਰੇਮ ਦੀਆਂ ਨਜ਼ਰਾਂ ਬੜੀਆਂ ਉਚੀਆਂ ਹੋ ਗਈਆਂ ਨੇ? ਉਹ ... ... ... ਪਰੇਮ ਮੈਂ ਅਜੇ ਉਹਨਾਂ ਘਟਨਾਵਾਂ ਨੂੰ ਸੀਨੇ ’ਚੋਂ ਕਢ ਨਹੀਂ ਸਕੀ ਜਿਨ੍ਹਾਂ ਨੇ ਮੈਨੂੰ ਤੁਹਾਡੇ ਬਹੁਤ ਨੇੜੇ ਕਰ ਦਿਤਾ ਸੀ।' ਪ੍ਰੀਤ ਬੇ-ਹੋਸ਼ੀ ਦੀ ਹਾਲਤ ਵਿਚ ਕਾਊਂਚ ਤੇ ਡਿਗ ਪਈ। ਬਲਬੀਰ ਘਬਰਾਇਆ ਮੁੰਡੂ ਵੀ ਅਗਾਂਹ ਵਧਿਆ। ਉਹ ਹੋਸ਼ ਵਿਚ ਆ ਗਈ, ਪਰ ਉਸ ਦੇ ਚਿਹਰੇ ਤੇ ਡਰਾਉਣੇ ਭਾਵ ਸਨ।

ਰਾਤ ਪਈ ਤੇ ਉਹ ਮਹਿਫਿਲ ਨੂੰ ਗਈ। ਉਸ ਖੂਬ ਨਾਚ ਕੀਤਾ। ਸ਼ਰਾਬ ਪੀਤੀ ਅਤੇ ਪਿਆਈ। ਆਪ ਹਸੀ ਮਹਿਫਿਲ ਹਸਾਈ। ਉਸ ਨੂੰ ਜਾਪਿਆ ਜਿਵੇਂ ਅਜ ਉਸ ਨੇ ਕਿਸੇ ਫਰਜ਼ ਦਾ ਕਰਜ਼ ਚੁਕਾ ਦਿਤਾ ਏ। ਕਿਸੇ ਘਾਤਕ ਪਾਸੋਂ ਬਦਲਾ ਲੈ ਲਿਆ ਏ। ਉਹ ਹਰ ਰੋਜ਼ ਮਹਿਫਿਲ ਨੂੰ ਮਾਣਦੀ। ਇਸ ਵਿਚੋਂ ਉਸ ਨੂੰ ਖੁਸ਼ੀ ਆਉਣ ਲਗ ਪਈ। ਬਲਬੀਰ ਦੀਆਂ ਕਈ ਮਿੰਨਤਾਂ ਨੂੰ ਉਸ ਨੇ ਠੁਕਰਾ ਕੇ ਇਹ ਬਦਲਾ ਜਾਰੀ ਰਖਿਆ।

"ਸਰੋਜ"

ਰਿਕਸ਼ੇ ਵਾਲਾ

ਮੈਨੂੰ ਅੰਮ੍ਰਿਤਸਰ ਪਲੇਟ ਫਾਰਮ ਤੇ ਘੁੰਮਦਿਆਂ ਕੋਈ ਡੇਢ ਕੁ ਘੰਟਾ ਹੋ ਚੁਕਾ ਸੀ। ਫਲਾਇੰਗ ਐਕਸਪ੍ਰੈਸ ਦੇ ਆਉਣ ਦਾ ਵਕਤ ਦਸ ਵਜੇ ਸੀ, ਪਰ ਹੁਣ ਰਾਤ ਦੇ ਤਕਰੀਬਨ ਯਾਰਾਂ ਵਜ ਚੁਕੇ ਸਨ ਤੇ ਗੱਡੀ ਹਾਲੇ ਤਕ ਆਉਣ ਦਾ ਨਾਮ ਨਹੀਂ ਸੀ ਲੈਂਦੀ। ਕੰਨਾਂ ਵਿਚ ਵੰਨ-ਸੁ-ਵੰਨੀਆਂ ਆਵਾਜ਼ਾਂ ਆ ਰਹੀਆਂ ਸਨ, ਕੋਈ ਕਹਿੰਦਾ ਗੱਡੀ ਦੋ ਘੰਟੇ ਲੇਟ ਹੈ, ਦੂਜਾ ਅਗੇ ਹੋਕੇ ਕਹਿੰਦਾ ਗੱਡੀ ਬਸ ਆ ਹੀ ਰਹੀ ਹੈ ਤੇ ਤੀਜਾ ਕੁਝ ਹੋਰ ਕਹਿੰਦਾ। ਪਰ ਗੱਡੀ ਦੇ ਆਉਣ ਦੇ ਚਿੰਨ ਹਾਲੇ ਤਕ ਨਜ਼ਰ ਨਹੀਂ ਸਨ ਆਉਂਦੇ, ਕਿਉਂਕਿ ਨਾ ਤਾਂ ਹਾਲੇ ਤਕ ਸਿਗਨਲ ਡਾਊਨ ਹੋਇਆ ਸੀ ਤੇ ਨਾ ਹੀ ਘੰਟੀ ਨੇ ਟਨ ਟਨ ਦੀ ਆਵਾਜ਼ ਦਵਾਰਾ ਗੱਡੀ ਦੇ ਆਉਣ ਦੀ ਸੂਚੀ ਦਿਤੀ ਗਈ ਸੀ। ਇਧਰ ਉਧਰ ਫਿਰ ਫਿਰ ਕੇ ਵੀ ਮੇਰੀਆਂ ਲਤਾਂ ਸੌਂ ਗਈਆਂ ਜਾਪਦੀਆਂ ਸਨ ਤੇ ਉਤੋਂ ਪੋਹ ਮਾਘ ਦੋ ਮਹੀਨੇ ਦੀ ਠੰਢੀ ਠਾਰ ਰਾਤ ਦੀ ਹਵਾ ਨੇ ਟੰਗਾਂ ਨੂੰ ਸੁੰਨ ਕਰ ਦਿਤਾ ਸੀ। ਭਾਵੇਂ ਮੈਂ ਗਰਮ ਕਪੜੇ ਪਾਏ ਹੋਏ ਸਨ, ਪਰ ਠੰਢ ਫਿਰ ਵੀ ਕਾਫੀ ਮਹਿਸੂਸ ਹੋ ਰਹੀ ਸੀ। ਫਿਰਦਾ ਫਿਰਦਾ ਕਦੀ ਮੈਂ ਬੁਕ ਸਟਾਲ ਵਲ ਚਲਾ ਜਾਂਦਾ ਤੇ ਉਥੇ ਰਸਾਲੇ ਫੋਲਣ ਲਗ ਪੈਂਦਾ ਤੇ ਫਿਰ ਕੁਝ ਚਿਰ ਬਾਦ ਉਥੋਂ ਹੌਲੇ ੨ ਕਦਮ ਪੁਟਦਾ ਇਧਰ ਉਧਰ ਫਿਰਨ ਲਗ ਪੈਂਦਾ। ਉਡੀਕ ਦਾ ਇਹ ਲੰਮਾਂ ਸਮਾਂ ਮੇਰੇ ਲਈ ਬਹੁਤ ਵਡੀ ਮੁਸੀਬਤ ਬਣਿਆ ਹੋਇਆ ਸੀ। ਘੰਟੇ ਡੇਢ ਘੰਟੇ ਦੇ ਇਸ ਥੋੜੇ ਜਿਹੇ ਸਮੇਂ ਵਿਚ ਮੈਂ ਦੋ ਵਾਰੀ ਚਾਹ ਪੀ ਚੁਕਾ ਸਾਂ, ਪਰ ਠੰਢ ਹਾਲੇ ਵੀ ਲਗ ਰਹੀ ਸੀ, ਸਰੀਰ ਵਿਚ ਕੰਬਣੀ ਛਿੜੀ ਹੋਈ ਸੀ ਤੇ ਹੁਣ ਤੀਜੀ ਵਾਰ ਚਾਹ ਪੀਹ ਰਿਹਾ ਸਾਂ। ਪਲੇਟ ਫਾਰਮ ਤੇ ਹੋਰ ਬਹੁਤ ਘਟ ਆਦਮੀ ਨਜ਼ਰ ਆ ਰਹੇ ਸਨ। ਕੁਲੀ ਛੋਟੀਆਂ ਛੋਟੀਆਂ ਟੋਲੀਆਂ ਬਣਾਕੇ ਲਤਾਂ ਨੂੰ ਛਾਤੀ ਨਾਲ ਜੋੜਕੇ ਤੇ ਕਛਾਂ ਵਿਚ ਹਥ ਦੇ ਕੇ ਬੈਠੇ ਘੁਸਰ ਮੁਸਰ ਕਰ ਰਹੇ ਸਨ।

ਮੈਂ ਘੜੀ ਵਲ ਤਕਿਆ, ਬਾਰਾਂ ਵਜਣ ਵਿਚ ਕੋਈ ਪੰਜ ਸਤ ਮਿੰਟ ਬਾਕੀ ਸਨ। ਅਚਾਨਕ ਕੰਨਾਂ ਵਿਚ ਘੰਟੀ ਦੇ ਖੜਕਣ ਦੀ ਆਵਾਜ਼ ਆਈ। ਮੈਂ ਪੈਂਟ ਦੇ ਜੇਬਾਂ ਵਿਚ ਹਥ ਪਾਈ ਗੱਡੀ ਦੀ ਪਟੜੀ ਲਾਗੇ ਗਿਆ, ਪਰ ਹਾਲੇ ਤਕ ਸਰਚ ਲਾਇਟ ਦਾ ਵੀ ਝਾਵਲਾ ਨਹੀਂ ਸੀ ਪੈਂਦਾ। ਕੁਝ ਚਿਰ ਇਧਰ ਉਧਰ ਘੁੰਮਦਾ ਰਿਹਾ ਤੇ ਫਿਰ ਇਕ ਦਮ ਗੱਡੀ ਦੇ ਦਗੜ ਦਗੜ ਕਰਨ ਦੀ ਆਵਾਜ਼ ਕੰਨਾਂ ਵਿਚ ਪਈ ਤੇ ਵੇਖਦੇ ਵੇਖਦੇ ਹੀ ਪਲੇਟ ਫਾਰਮ ਤੋਂ ਆ ਖਲੋਤੀ। ਮੁਸਾਫਰ ਉਤਰਨੇ ਸ਼ੁਰੂ ਹੋ ਗਏ। ਕੁਲੀ... ...ਕੁਲੀ ਦੀਆਂ ਆਵਾਜ਼ ਆਉਣ ਲਗ ਪਈਆਂ। ਗੱਡੀ ਵਿਚ ਕੋਈ ਭੀੜ ਨਹੀਂ ਸੀ। ਮੈਂ ਗੱਡੀ ਦੇ ਡਬੇ ਦੇਖਣੇ ਸ਼ੁਰੂ ਕਰ ਦਿਤੇ। ਇਕ ਇਕ ਕਰਕੇ ਸਾਰੇ ਡਬੇ ਦੇਖ ਮਾਰੇ, ਪਰ ਰਾਣੀ ਨਹੀਂ ਸੀ ਆਈ ਉਸ ਨੇ ਲਿਖਿਆ ਸੀ ਕਿ ਉਹ ਬਾਰਾਂ ਦਸੰਬਰ ਬੁਧਵਾਰ ਫਲਾਇੰਗ ਐਕਸਪ੍ਰੈਸ ਤੇ ਆ ਰਹੀ ਹੈ, ਪਰ ਉਹ ਕਿਉਂ ਨਹੀਂ ਆਈ, ਇਸ ਦਾ ਕਾਰਨ ਮੇਰੀ ਸਮਝ ਵਿਚ ਨਾ ਆ ਸਕਿਆ। ਸ਼ਾਇਦ ਗੱਡੀ ਮਿਸ ਹੋ ਗਈ ਹੋਵੇ ਮੈਂ ਦਿਲ ਹੀ ਦਿਲ ਵਿਚ ਸੋਚਿਆ ਤੇ ਨਿਰਾਸਤਾ ਵਿਚ ਹਥਾਂ ਨੂੰ ਗਰਮ ਪੈਂਟ ਦੇ ਜੇਬਾਂ ਵਿਚ ਲੁਕਾਂਦਾ ਹੋਇਆ ਹੌਲੀ ੨ ਗੇਟ ਵਲ ਵਧਿਆ।

ਬਾਹਰ ਆ ਕੇ ਮੈਂ ਇਧਰ ਉਧਰ ਨਜ਼ਰ ਦੁੜਾਈ, ਮੁਸਾਫਰ ਤਕਰੀਬਨ ਸਾਰੇ ਜਾ ਚੁਕੇ ਸਨ, ਇਕ ਦੋ ਰਿਕਸ਼ੇਵਾਲੇ ਪਿਛਲੀ ਸੀਟ ਤੇ ਬੈਠੇ ਊਂਘ ਰਹੇ ਸਨ।

'ਸਰਦਾਰ ਜੀ ਕਿਧਰ ਜਾਣਾ ਹੈ ਅਚਾਨਕ ਖਬੇ ਪਾਸਿਓਂ ਮੇਰੇ ਕੰਨਾਂ ਵਿਚ ਆਵਾਜ਼ ਆਈ।

ਜਾਣਾ ਤਾਂ ਮੈਂ ਘਰ ਹੀ ਸੀ ਤੇ ਘਰ ਵੀ ਮੇਰਾ ਸਟੇਸ਼ਨ ਤੋਂ ਕੋਈ ਢਾਈ ਮੀਲ ਦੂਰ ਸੀ ਤੇ ਫਿਰ ਦਸੰਬਰ ਦੀ ਇਸ ਠੰਢੀ ਰਾਤ ਵਿਚ ਮੇਰੇ ਕੋਲੋਂ ਪੈਦਲ ਤੁਰਨਾ ਵੀ ਤਾਂ ਬਹੁਤ ਮੁਸ਼ਕਲ ਸੀ। ਉਤੋਂ ਚਲਦੀ ਬਰਫ ਵਰਗੀ ਠੰਢੀ ਤੇ ਫਰਾਟੇਦਾਰ ਹਵਾ ਤਾਂ ਸਰੀਰ ਨੂੰ ਸੁੰਨ ਕਰਦੀ ਜਾ ਰਹੀ ਸੀ।

ਮੈਂ ਰਿਕਸ਼ੇ ਵਾਲੇ ਨੂੰ ਕੋਈ ਜਵਾਬ ਨਾ ਦਿਤਾ, ਕਿਉਂਕਿ ਮੈਂ ਹਾਲੇ ਤਕ ਕਦੀ ਵੀ ਰਿਕਸ਼ੇ ਦੀ ਸਵਾਰੀ ਨਹੀਂ ਕੀਤੀ ਸੀ। ਮੇਰੇ ਦਿਲ ਵਿਚ ਇਹ ਗਲ ਪੱਕੀ ਤਰਾਂ ਘਰ ਕਰ ਚੁਕੀ ਸੀ ਕਿ ਰਿਕਸ਼ੇ ਦੀ ਸਵਾਰੀ ਕਰਨਾ ਮਹਾਂ ਪਾਪ ਹੈ। ਪਹਿਲੇ ਤਾਂ ਇਹ ਸੁਣਨ ਤੇ ਦੇਖਣ ਵਿਚ ਆਉਂਦਾ ਸੀ ਕਿ ਪਸ਼ੂ ਅਰਥਾਤ ਘੋੜਾ ਆਦਿ ਇਨਸਾਨ ਨੂੰ ਖਿਚਦੇ ਸਨ, ਪਰ ਅੱਜ ਦੇ ਸਮੇਂ ਵਿਚ ਇਨਸਾਨ ਹੀ ਇਨਸਾਨ ਨੂੰ ਖਿਚੇ, ਇਹ ਕਿਤਨਾ ਮਹਾਂ ਪਾਪ ਹੈ, ਕੀ ਇਹ ਕਲਜੁਗ ਨਹੀਂ। ਇਸ ਦੁਨੀਆਂ ਵਿਚ ਤਬਾਹੀ ਕਿਦਾਂ ਨਾ ਆਵੇ ਜਿਸ ਵਿਚ ਊਚ ਨੀਚ ਦਾ, ਅਮੀਰ ਗਰੀਬ ਦਾ ਤੇ ਇਨਸਾਨ ਇਨਸਾਨ ਵਿਚ ਫਰਕ ਸਮਝਿਆ ਜਾਂਦਾ ਹੈ। ਇਕ ਮਨੁਖ ਦੂਜੇ ਮਨੁੱਖ ਨੂੰ ਆਪਣੇ ਖੂਨ ਨੂੰ ਨਚੋੜ ਕੇ ਸਵਾਰੀ ਦੇਵੇ, ਇਹ ਘੋਰ ਪਾਪ ਨਹੀਂ ਤਾਂ ਹੋਰ ਕੀ ਹੈ?

ਮੈਂ ਟਾਂਗਾ ਸਟੈਂਡ ਵਲ ਤਕਿਆ, ਕੋਈ ਟਾਂਗਾ ਮੇਰੀ ਨਜ਼ਰ ਨਾ ਆਇਆ। ਮੈਂ ਬਿਨਾਂ ਹੋਰ ਇਧਰ ਉਧਰ ਦੇਖੇ ਹੌਲੇ ਹੌਲੇ ਘਰ ਵਲ ਤੁਰ ਪਿਆ। ਦਿਮਾਗ ਮੇਰੇ ਵਿਚ ਤੂਫਾਨ ਮਚਿਆ ਹੋਇਆ ਸੀ। ਲਤਾਂ ਮੇਰੀਆਂ ਸਰਦੀ ਨਾਲ ਕੰਬ ਰਹੀਆਂ ਸਨ। ਸਰੀਰ ਸੁੰਨ ਹੁੰਦਾ ਜਾਂਦਾ ਸੀ। ਮੇਰੇ ਮਨ ਵਿਚ ਦੋ ਤਾਕਤਾਂ ਦਾ ਇਕ ਬੜਾ ਜ਼ਬਰਦਸਤ ਘੋਲ ਹੋ ਰਿਹਾ ਸੀ। ਇਕ ਤਾਕਤ ਤਾਂ ਰਿਕਸ਼ੇ ਵਿਚ ਚੜਨ ਦੇ ਹਕ ਵਿਚ ਨਹੀਂ ਸੀ ਤੇ ਦੂਜੀ ਸੀ ਹਕ ਵਿਚ। ਰਿਕਸ਼ੇ ਤੇ ਚੜ੍ਹਨ ਵਾਲੀ ਤਾਕਤ ਆਪਣੀ ਸਫਾਈ ਵਿਚ ਕਹਿੰਦੀ, ‘ਸਰਦੀ ਬਹੁਤ ਜ਼ਿਆਦਾ ਹੈ, ਜੇ ਸਰਦੀ ਲਗ ਗਈ ਤਾਂ ਲੈਣੇ ਦੇ ਦੇਣੇ ਪੈ ਜਾਣਗੇ' ਤੇ ਦੂਜੀ ਤਾਕਤ ਕਹਿੰਦੀ, "ਇਕ ਇਨਸਾਨ ਦੂਜੇ ਇਨਸਾਨ ਦੇ ਜ਼ੋਰ ਨਾਲ ਸਵਾਰੀ ਕਰੇ, ਇਹ ਬਹੁਤ ਵਡਾ ਪਾਪ ਹੈ, ਇਸ ਨਾਲੋਂ ਪੈਦਲ ਚਲਣਾ ਚੰਗਾ ਹੈ।'

ਗਰਾਂਡ ਹੋਟਲ ਕੋਲ ਪੁਜਾ ਤਾਂ ਬਿਜਲੀ ਦੀ ਰੌਸ਼ਨੀ ਵਿਚ ਘੜੀ ਵਲ ਤਕਿਆ, ਸਵਾ ਬਾਰਾਂ ਵਜ ਚੁਕੇ ਸਨ।

‘ਬੈਠੋ ਸਰਦਾਰ ਜੀ ਲੈ ਚਲਾਂ' ਇਕ ਦਮ ਮੇਰੇ ਕੰਨਾਂ ਵਿਚ ਆਵਾਜ਼ ਆਈ।

ਪਿਛੇ ਮੁੜਕੇ ਤਕਿਆ, ਉਹੋ ਰਿਕਸ਼ੇ ਵਾਲਾ ਮੇਰੇ ਪਿਛੇ ਹੌਲੀ ਹੌਲੀ ਆ ਰਿਹਾ ਸੀ।

ਇਤਨੇ ਵਿਚ ਠੰਢੀ ਹਵਾ ਦਾ ਇਕ ਜ਼ੋਰ ਦਾ ਬੁਲਾ ਮੇਰੇ ਸਾਰੇ ਜਿਸਮ ਨੂੰ ਛੂੰਦਾ ਅਗੇ ਲੰਘ ਗਿਆ, ਮੇਰਾ ਸਾਰਾ ਸਰੀਰ ਕੰਬ ਗਿਆਂ, ਦੰਦ ਵਜਣ ਲਗ ਪਏ। ਮੈਂ ਰਿਕਸ਼ੇ ਵਾਲੇ ਵਲ ਅਖਾ ਉਚੀਆਂ ਕਰਕੇ ਤਕਿਆ, ਆਸ ਦੀ ਛੋਟੀ ਜਹੀ ਕਿਰਨ ਉਸਦੇ ਚਿਹਰੇ ਤੇ ਝਲਕ ਰਹੀ ਸੀ। ਪਰ ਮੈਂ ਉਸ ਨੂੰ ਕੋਈ ਜਵਾਬ ਨਾ ਦਿਤਾ। 'ਕਿਧਰ ਜਾਣਾ ਹੈ ਸਰਦਾਰ ਜੀ' ਰਿਕਸ਼ੇ ਵਾਲੇ ਨੇ ਰਿਕਸ਼ੇ ਨੂੰ ਖੜਾ ਕਰਦਿਆਂ ਮੁੜ ਪੁੱਛਿਆ।

‘ਰਤਨ ਚੰਦ ਰੋਡ’ ਮੇਰੇ ਮੂੰਹੋਂ ਇਕ ਦਮ ਆਪੇ ਹੀ ਨਿਕਲ ਗਿਆ।

‘ਬੈਠੇ ਸਰਦਾਰ ਜੀ' ਉਸ ਨੇ ਬੜੇ ਮਿਠੇ ਲਹਿਜੇ ਵਿਚ ਕਿਹਾ।

ਮੈਂ ਬਿਨਾਂ ਕਿਸੇ ਹੀਲ ਹੁਜਤ ਤੋਂ ਰਿਕਸ਼ੇ ਵਲ ਵਧਿਆ, ਦਿਮਾਗ ਮੇਰਾ ਬਿਲਕੁਲ ਖਾਲੀ ਖਾਲੀ ਜਾਪਦਾ ਸੀ, ਲਤਾਂ ਲੜਖੜਾ ਰਹੀਆਂ ਸਨ ਤੇ ਮੈਨੂੰ ਪਤਾ ਵੀ ਨਾ ਲਗਾ ਕਿ ਕਿਹੜੇ ਵੇਲੇ ਮੈਂ ਰਿਕਸ਼ੇ ਦੀ ਸੀਟ ਤੇ ਜਾ ਬੈਠਾ।

ਰਿਕਸ਼ੇ ਵਿਚ ਮੈਂ ਬੈਠ ਤਾਂ ਗਿਆ, ਪਰ ਦਿਲ ਮੇਰਾ ਬੜਾ ਪਸ਼ੇਮਾਨ ਸੀ। ਆਤਮਾ ਮੇਰੀ ਮੈਨੂੰ ਲਾਹਨਤਾਂ ਪਾਉਂਦੀ ਜਾਪੀ। ਰਿਕਸ਼ਾ ਤੇਜ਼ੀ ਨਾਲ ਜਾ ਰਿਹਾ ਸੀ, ਜਦ ਰਿਕਸ਼ਾ ਰਿਆਲਟੋ ਸਿਨੇਮਾ ਵਲ ਮੁੜਿਆ ਤਾਂ ਇਕ ਟਾਂਗਾ ਸਾਡੇ ਅਗੇ ਅਗੇ ਜਾ ਰਿਹਾ ਸੀ, ਜਿਸ ਵਿਚ ਬੈਠੇ ਦੋ ਮਨੁਖੀ ਆਕਾਰ ਆਪਸ ਵਿਚ ਘੁਸਰ ਮੁਸਰ ਕਰ ਰਹੇ ਸਨ। ਰਿਕਸ਼ਾ ਟਾਂਗੇ ਦੇ ਲਾਗੇ ਪਹੁੰਚ ਗਿਆ, ਘੋੜੇ ਦੇ ਪੈਰਾਂ ਦੀ ਟਾਪ ਟਾਪ ਦੀ ਆਵਾਜ਼ ਰਾਤ ਦੇ ਸ਼ਾਂਤਮਈ ਵਾਤਾਵਰਨ ਵਿਚ ਵਿਘਨ ਪਾ ਰਹੀ ਸੀ। ਟਾਂਗੇ ਕੋਲੋਂ ਅਗੇ ਲੰਗਦਿਆਂ ਮੇਰੀ ਨਜ਼ਰ ਘੋੜੇ ਉਤੇ ਪਈ ਤੇ ਫਿਰ ਕੋਚਵਾਨ ਤੇ। ਕੋਚਵਾਨ ਆਪਣੇ ਕੰਬਲ ਵਿਚ ਹਥ ਦੇਈ ਬੈਠਾ ਸੀ ਤੇ ਘੋੜਾ ਆਪਣੇ ਤੇਜ਼ ਕਦਮ ਪੁਟਦਾ ਦੌੜ ਰਿਹਾ ਸੀ। ਫਿਰ ਮੇਰੀ ਨਿਗ੍ਹਾ ਆਪਣੇ ਰਿਕਸ਼ੇ ਵਾਲੇ ਤੇ ਜਾ ਪਈ। ਉਧਰ ਇਕ ਪਸ਼ੂ ਇਨਸਾਨਾਂ ਨੂੰ ਖਿਚ ਰਿਹਾ ਸੀ ਤੇ ਦੂਜੇ ਪਾਸੇ ਇਕ ਇਨਸਾਨ ਦਸੰਬਰ ਦੀ ਠੰਡੀ ਰਾਤ ਵਿਚ ਠੰਢ ਤੇ ਹਵਾ ਨਾਲ ਘੁਲਦਾ ਦੂਜੇ ਇਨਸਾਨ ਨੂੰ ਖਿਚ ਰਿਹਾ ਸੀ। ਮੇਰਾ ਦਿਮਾਗ ਝੁੰਜਲਾ ਉਠਿਆ, ਘੋੜੇ ਦੇ ਟਾਪ ਟਾਪ ਦੀ ਮਧਮ ਆਵਾਜ਼ ਮੈਨੂੰ ਇਦਾਂ ਜਾਪਦੀ ਸੀ ਜਿਵੇਂ ਮੇਰੇ ਦਿਮਾਗ ਵਿਚ ਕੋਈ ਹਥੋੜੇ ਮਾਰ ਰਿਹਾ ਹੋਵੇ।

‘ਮਿਸਟਰ ਠਹਿਰ ਜਾ’ਮੈਂ ਦਿਲ ਨਾਲ ਕੋਈ ਅੰਤਮ ਫੈਸਲਾ ਕਰਕੇ ਕਿਹਾ।

'ਪਰ ਸਰਦਾਰ ਜੀ ਹਾਲੇ ਰਤਨ ਚੰਦ ਰੋਡ ਤਾਂ ਬਹੁਤ ਦੂਰ ਹੈ?' ਰਿਕਸ਼ੇ ਵਾਲੇ ਨੇ ਬਰੇਕ ਲਾਕੇ ਰਿਕਸ਼ਾ ਖੜਾ ਕਰ ਦਿਤਾ ਤੇ ਪਿਛੇ ਤਕਕੇ ਬੋਲਿਆ।

'ਨਹੀਂ ਮੈਂ ਹੋਰ ਅਗੇ ਨਹੀਂ ਜਾਣਾ ਮੈਂ ਰਿਕਸ਼ੇ ਵਿਚੋਂ ਹੇਠਾਂ ਉਤਰ ਗਿਆ।

ਜੇਬ ਵਿਚ ਹਥ ਪਾਕੇ ਇਕ ਰੁਪੈ ਦਾ ਨੋਟ ਕਢਿਆ ਤੇ ਉਸ ਵਲ ਕੀਤਾ।

‘ਬਾਕੀ ਪੈਸੇ ਹੈ ਨਹੀਂ ਸਰਦਾਰ ਜੀ, ਹਾਲੇ ਤਾਂ ਬੂਹਣੀ ਵੀ ਨਹੀਂ ਕੀਤੀ।' ਰਿਕਸ਼ੇ ਵਾਲੇ ਨੇ ਬੜੇ ਤਰਲੇ ਨਾਲ ਕਿਹਾ।

ਬੂਹਣੀ ਵੀ ਨਹੀਂ ਕੀਤੀ ... ... ...? ਮੈਂ ਦਿਲ ਹੀ ਦਿਲ ਵਿਚ ਦੁਹਰਾਇਆ ਤੇ ਫਿਰ ਪੁਛਿਆ, ‘ਮਿਸਟਰ ਤੂੰ ਕਿਹਾ ਹੈ ਕਿ ਤੂੰ ਹਾਲੇ ਤਕ ਬੂਹਣੀ ਵੀ ਨਹੀਂ ਕੀਤੀ, ਕੀ ਮਤਲਬ ਤੂੰ ਹੁਣੇ ਹੀ ਰਿਕਸ਼ਾ ਲਿਆਇਆ ਏਂ?'

ਉਹੋ ਟਾਂਗਾ ਸਾਡੇ ਕੋਲੋਂ ਟਾਪ ਟਾਪ ਦੀ ਆਵਾਜ਼ ਦੇਂਦਾ ਅਗੇ ਨਿਕਲ ਗਿਆ।

ਨੋਟ ਮੇਰੇ ਹਥ ਵਿਚ ਹੀ ਫੜਿਆ ਰਹਿ ਗਿਆ।

‘ਹਾਂ ਸਰਦਾਰ ਜੀ ਦਸ ਵਜੇ ਰਿਕਸ਼ਾ ਲਿਆ ਸੀ, ਪਰ ਹਾਲੇ ਤਕ ਬੂਹਣੀ ਨਹੀਂ ਕੀਤੀ, ਪਹਿਲੀ ਸਵਾਰੀ ਤੁਹਾਨੂੰ ਹੀ ਰਿਕਸ਼ੇ ਵਿਚ ਬਿਠਾਇਆ ਹੈ' ਉਸ ਰਿਕਸ਼ੇ ਤੋਂ ਹੇਠਾਂ ਉਤਰਦੇ ਕਿਹਾ।

'ਕਿਉਂ ਸਾਰਾ ਦਿਨ ਕੀ ਕਰਦਾ ਹੈ।' ਮੈਂ ਉਤਾਵਲਾ ਹੋਕੇ ਪੁਛਿਆ।

‘ਛੇਹਰਟੇ ਇਕ ਮਿਲ ਵਿਚ ਚਪੜਾਸੀ ਲਗਾ ਹੋਇਆ ਹਾਂ, ਤਨਖਾਹ ਥੋੜੀ ਹੋਣ ਕਰਕੇ ਗੁਜ਼ਾਰਾ ਨਹੀਂ ਹੁੰਦਾ, ਇਸ ਲਈ ਰਾਤ ਨੂੰ ਰਿਕਸ਼ਾ ਚਲਾਂਦਾਂ ਹਾਂ।' ਉਸ ਅਖਾਂ ਮੇਰੇ ਮੂੰਹ ਵਲ ਗਡਕੇ ਕਿਹਾ।

‘ਕਿਤਨੀ ਤਨਖਾਹ ਮਿਲਦੀ ਹੈ ਤੈਨੂੰ?'

‘ਤੀਹ ਰੁਪੈ ਮਹੀਨਾ।'

‘ਘਰ ਵਿਚ ਕਿਤਨੇ ਜੀਅ ਹੋ?'

‘ਜੀ ਇਕ ਅੰਨਾ ਪਿਓ ਤੇ ਦੂਜੀ ਬੁਢੀ ਮਾਂ, ਦੋ ਨੌਜਵਾਨ ਭੈਣਾਂ ਤੇ ਤਿੰਨ ਛੋਟੇ ਭਰਾ।'

‘ਰਿਕਸ਼ਾ ਤੇਰਾ ਆਪਣਾ ਹੈ?’

‘ਨਹੀਂ ਸਰਦਾਰ ਜੀ।'

'ਕਿਤਨੇ ਕੁ ਪੈਸੇ ਬਣ ਜਾਂਦੇ ਨੇ ਰਿਕਸ਼ਾ ਚਲਾਣ ਨਾਲ?'

‘ਢਾਈ ਤਿੰਨ ਰੁਪੈ ਬਣੀ ਹੀ ਜਾਂਦੇ ਨੇ ਸਰਦਾਰ ਜੀ, ਜਿਸ ਵਿਚੋਂ ਇਕ ਰੁਪਿਆ ਮਾਲਕ ਲੈ ਲੈਂਦਾ ਹੈ ਤੇ ਬਾਕੀ ਮੈਂ ਆਪ ਰਖ ਲੈਂਦਾ ਹਾਂ। ਉਸ ਨੇ ਉਬਾਸੀ ਲੈਂਦੇ ਕਿਹਾ।

ਮੈਂ ਉਸਦੇ ਸਰੀਰ ਵਲ ਪੜਚੋਲਵੀਂ ਨਜ਼ਰ ਦੁੜਾਈ, ਕੋਈ ਤੇਈ ਚਵੀ ਸਾਲਾਂ ਦਾ ਲਗਦਾ ਸੀ ਉਹ। ਅਜ ਕਲ ਸਰਦੀ ਦੇ ਮੌਸਮ ਵਿਚ ਵੀ ਉਸ ਨੇ ਇਕ ਪਤਲੀ ਜਹੀ ਕਮੀਜ਼ ਦੇ ਉਤੇ ਥਾਂ ਥਾਂ ਤੋਂ ਪਾਟਿਆ ਹੋਇਆ ਸਵੈਟਰ ਪਾਇਆ ਹੋਇਆ ਸੀ। ਪਾਜਾਮਾਂ ਉਸ ਦਾ ਬੜਾ ਮੈਲਾ ਜਾਪਦਾ ਸੀ। ਸਿਰ ਉਤੇ ਇਕ ਮਾਮੂਲੀ ਜਹੀ ਪਗ ਲਪੇਟੀ ਹੋਈ ਸੀ। ਪੈਰਾਂ ਵਿਚ ਟੁਟੇ ਛੋਟੇ ਬੂਟ ਪਾਏ ਹੋਏ ਸਨ, ਜਿਨ੍ਹਾਂ ਵਿਚੋਂ ਇਕ ਬੂਟ ਦਾ ਅਗਲਾ ਹਿਸਾ ਕੁਝ ਵਧੇਰੇ ਪਾਟਿਆ ਹੋਣ ਕਰਕੇ ਪੈਰ ਦੀ ਤਲੀ ਬਾਹਰ ਨੂੰ ਨਿਕਲੀ ਨਜ਼ਰ ਆਉਂਦੀ ਸੀ। ਉਹ ਕੱਛਾਂ ਵਿਚ ਹਥ ਦੇਈ ਮੇਰੇ ਸਾਹਮਣੇ ਖਲੋਤਾ ਸੀ। ਕਦੀ ਕਦੀ ਹਵਾ ਦਾ ਝੋਕਾ ਉਸਦੇ ਸਾਰੇ ਸਰੀਰ ਨੂੰ ਕੰਬਾ ਦੇਂਦਾ। ਜਿਸਮ ਉਸ ਦਾ ਪਤਲਾ ਸੀ, ਤੇ ਮੂੰਹ ਦਾ ਰੰਗ ਕਣਕ ਭਿੰਨਾਂ।

‘ਕੀ ਨਾਮ ਹੈ ਤੇਰਾ?' ਮੈਂ ਉਸ ਤੋਂ ਕੁਝ ਹੋਰ ਪੁਛਣ ਦੇ ਇਰਾਦੇ ਨਾਲ ਪੁਛਿਆ।

‘ਜੀ ਸਰਵਨ ਸਿੰਘ।'

'ਕਿਤਨੀ ਕੁ ਦੇਰ ਤਕ ਰਾਤ ਨੂੰ ਰਿਕਸ਼ਾ ਚਲਾਂਦਾ ਏਂ?'

'ਇਹੋ ਢਾਈ ਤਿੰਨ ਵਜੇ ਤਕ।'

'ਕਿਤਨੇ ਗਾੜੇ ਪਸੀਨੇ ਨਾਲ ਕਮਾਈ ਕਰਦੇ ਹਨ ਇਹੋ ਜਿਹੇ ਲੋਕ। ਸਵੇਰੇ ਸਾਰਾ ਦਿਨ ਮਿਲਾਂ ਵਿਚ ਹਢ ਭੰਨਕੇ ਕੰਮ ਕਰਦੇ ਹਨ ਤੇ ਰਾਤ ਨੂੰ ਕਿਡੀ ਕਿਡੀ ਦੇਰ ਤਕ ਭਾਵੇਂ ਸਰਦੀ ਹੋਵੇ ਭਾਵੇਂ ਗਰਮੀ ਆਪਣੇ ਪੇਟ ਨੂੰ ਭਰਨ ਖਾਤਰ ਮਿਹਨਤ ਕਰਦੇ ਹਨ। ਨਾ ਦਿਨ ਨੂੰ ਚੈਨ ਹੈ ਇਨ੍ਹਾਂ ਨੂੰ ਤੇ ਨਾ ਰਾਤ ਨੂੰ ਆਰਾਮ, ਪਤਾ ਨਹੀਂ ਇਸ ਦੁਨੀਆਂ ਵਿਚ ਕਿਤਨੇ ਹੀ ਇਸ ਵਰਗੇ ਇਨਸਾਨ ਭਟਕਦੇ ਫਿਰਦੇ ਹਨ।' ਮੈਂ ਦਿਲ ਹੀ ਦਿਲ ਵਿਚ ਸੋਚਿਆ।

ਮੇਰੇ ਖਿਆਲਾਂ ਨੇ ਇਕ ਦਮ ਪਲਟਾ ਖਾਧਾ, ਮੈਂ ਆਪਣੇ ਆਪ ਨੂੰ ਇਕ ਬਹੁਤ ਵਡਾ ਦੋਸ਼ੀ ਸਮਝਣ ਲਗਾ, ਆਪਣੇ ਆਪ ਨੂੰ ਸੌ ਸੌ ਲਾਹਨਤਾਂ ਪਾਉਣ ਲਗ ਪਿਆ, ਮੈਂ ਰਿਕਸ਼ੇ ਤੇ ਸਵਾਰੀ ਨਾ ਕਰ ਕੇ ਪਤਾ ਨਹੀਂ ਕਿਤਨੇ ਹੀ ਇਨਸਾਨਾਂ ਦੀ ਰੋਟੀ ਦਾ ਹਿਸਾ ਖੋਹਿਆ ਹੈ, ਰਿਕਸ਼ਾ ਚਲਾਕੇ ਇਹ ਆਪਣਾ ਤੇ ਆਪਣੇ ਪ੍ਰਵਾਰ ਦਾ ਢਿੱਡ ਭਰਦੇ ਹਨ। ਇਹੋ ਪੈਸੇ ਉਹਨਾਂ ਦੀ ਹਰ ਲੋੜ ਤੇ ਸਹਾਈ ਹੁੰਦੇ ਹਨ, ਉਹਨਾਂ ਦੀ ਰੋਟੀ ਦਾ ਆਹਰ ਬਣਦੇ ਹਨ, ਮੈਂ ਦੋਸ਼ੀ ਹਾਂ, ਮੈਂ ਪਾਪ ਕੀਤਾ ਹੈ' ਮੇਰਾ ਹਿਰਦਾ ਕੁਰਲਾ ਕੇ ਕਹਿ ਰਿਹਾ ਸੀ।

ਮੈਂ ਅਖਾਂ ਉਚੀਆਂ ਕਰਕੇ ਉਸ ਵਲ ਤਕਿਆ, ਉਹ ਬੁਤ ਦੀ ਤਰਾਂ ਖਲੋਤਾ ਮੇਰੇ ਵਲ ਤਕ ਰਿਹਾ ਸੀ। ਮੈਂ ਹਥ ਵਿਚ ਫੜੇ ਨੋਟ ਨੂੰ ਪੈਂਟ ਦੀ ਜੇਬ ਵਿਚ ਪਾ ਲਿਆ ਤੇ ਫਿਰ ਰਕਸ਼ੇ ਵਿਚ ਬੈਠਦੇ ਹੋਏ ਸਰਵਣ ਨੂੰ ਕਿਹਾ, ‘ਚਲ ਮਿਸਟਰ ਰਤਨ ਚੰਦ ਰੋਡ।'

ਉਹ ਰਿਕਸ਼ੇ ਦੀ ਗੱਦੀ ਤੇ ਮੁੜ ਚੜ ਬੈਠਾ ਤੇ ਜ਼ੋਰ ਜ਼ੋਰ ਦੀ ਪੈਡਲ ਮਾਰਦਾ ਰਿਕਸ਼ਾ ਭਜਾਣ ਲਗ ਪਿਆ। ਕਚਿਹਰੀ ਰੋਡ ਤੋਂ ਹੁੰਦਾ ਹੋਇਆ ਰਿਕਸ਼ਾ ਖਬੇ ਪਾਸੇ ਸ਼ਿਸ਼ਨ ਕੋਰਟ ਵਲ ਮੁੜਿਆ ਤੇ ਸ਼ਿਸ਼ਨ ਕੋਰਟ ਕੋਲੋਂ ਸਿਧਾ ਲੰਘਦਾ ਉਹ ਰਤਨ ਚੰਦ ਰੋਡ ਤੇ ਜਾ ਰੁਕਿਆ।

‘ਸਰਦਾਰ ਜੀ ਰਤਨ ਚੰਦ ਰੋਡ ਆ ਗਈ।' ਉਸ ਨੇ ਰਿਕਸ਼ੇ ਨੂੰ ਇਕ ਪਾਸੇ ਖੜਾ ਕਰਦਿਆਂ ਕਿਹਾ।

ਮੈਂ ਰਿਕਸ਼ੇ ਚੋਂ ਹੇਠਾਂ ਉਤਰਿਆ ਤੇ ਜੇਬ ਵਿਚੋਂ ਉਹੋ ਨੋਟ ਕਢਕੇ ਉਸ ਨੂੰ ਦੇ ਦਿਤਾ। ਸਰਵਨ ਕੁਝ ਬੋਲਣ ਹੀ ਲਗਾ ਸੀ ਕਿ ਮੈਂ ਪਹਿਲੋਂ ਹੀ ਟੋਕ ਦਿਤਾ, ‘ਪੈਸੇ ਭੰਨਾਣ ਦੀ ਲੋੜ ਨਹੀਂ, ਇਹ ਸਾਰਾ ਹੀ ਲੈ ਲੈ।'

ਇਤਨੀ ਖੁਲ ਦਿਲੀ ਦੇਖਖੇ ਸਰਵਨ ਹੈਰਾਨੀ ਭਰੀਆਂ ਨਜ਼ਰਾਂ ਨਾਲ ਮੇਰੇ ਵਲ ਤਕਣ ਲਗ ਪਿਆ, ਪਰ ਉਹ ਛੇਤੀ ਕੁਝ ਨਾ ਬੋਲ ਸਕਿਆ।

‘ਸਰਵਣ ਤੂੰ ਹਰ ਰੋਜ਼ ਰਾਤ ਨੂੰ ਰਿਕਸ਼ਾ ਇਥੇ ਲਿਆਇਆ ਮੈਂ ਤੇਰੇ ਰਿਕਸ਼ੇ ਵਿਚ ਰੋਜ਼ ਸੈਰ ਕਰਨ ਜਾਇਆ ਕਰਾਂਗਾ।' ਮੈਂ ਮਨ ਵਿਚ ਕੁਝ ਸੋਚਕੇ ਉਸ ਨੂੰ ਕਿਹਾ।

‘ਅਛਾ ... ...ਅਛਾ ... ...ਸਰਦਾਰ ਜੀ ... ... ਹਰ ਹਰ ਰੋਜ਼ ...।' ਪਰ ਉਹ ਵਾਕ ਨੂੰ ਪੂਰਾ ਨਾ ਕਰ ਸਕਿਆ।

ਮੈਂ ਸਜੇ ਪਾਸੇ ਵਲ ਮੁੜ ਪਿਆ ਤੇ ਥੋੜਾ ਅਗੇ ਜਾ ਕੇ ਪਿਛੇ ਤਕਿਆ, ਸਰਵਣ ਸਿੰਘ ਨੋਟ ਨੂੰ ਦੇਖਦਾ ਹੋਇਆ ਜੇਬ ਵਿਚ ਪਾ ਰਿਹਾ ਸੀ। ਚਿਹਰੇ ਉਸਦੇ ਤੇ ਕੋਈ ਅਨੋਖੀ ਜਹੀ ਖੁਸ਼ੀ ਦੀ ਲਾਲੀ ਝਲਕਾਂ ਮਾਰ ਰਹੀ ਸੀ।

"ਪ੍ਰੀਤ"

ਸਾਂਝੀ ਦੁਨੀਆਂ

ਉਸ ਦੇ ਮੋਢੇ ਤੇ ਕਹੀ ਸੀ। ਰਾਤ ਦੀ ਕਾਲਖ ਵਿਚ ਉਹ ਭਜਾ ਜਾ ਰਿਹਾ ਸੀ।ਉਸ ਦੀ ਮਾਂ ਦੀਆਂ_ਚੀਕਾਂ ਉਸ ਦੇ ਕੰਨਾਂ ਦੇ ਪਰਦਿਆ ਨਾਲ ਟਕਰਾ ਰਹੀਆਂ ਸਨ। ਉਸ ਦੇ ਕਦਮਾਂ ਵਿਚ ਬਿਜਲੀ ਵਰਗੀ ਤੇਜ਼ੀ ਸੀ।


'ਮੈਂ' ਵਾਪਸ ਨਹੀਂ ਮੁੜਾਂਗਾ ... ... ਮਾਂ ... ...।'

'ਸਰਵਣ... ...ਸਰਵ... ...ਣ ਵਾਪਸ ਆ ਜਾ ... ...ਨਾ ਬੱਚਾ... ... ਆ... ...ਵਾਪਸ... ...ਹਾਏ... ...ਤੈਨੂੰ ਪੁਲਸ ਫੜ ਲਏਗੀ ਮੈਂ ... ...ਮੈਂ... ...ਕੀ ਕਰਾਂਗੀ... ... ਸਾਨੀ... ... ...।'


'ਮਾਂ! ਤੇਰਾ ਸਾਨੀ ਵਾਪਸ ਨਹੀਂ ਪਰਤੇਗਾਂ ... ... ਅਜ ਉਸ ਨਵਾਬਜ਼ਾਦੇ ਦੇ ਬੰਗਲੇ ਦਿਆਂ ਨੀਹਾਂ ਪੁਟ ਕੇ ਵਾਪਸ ਪਰਤਾਂਗਾ। ਮੈਂ ਹੋਰ ਸਹਾਰ ਨਹੀਂ ਸਕਦਾ।' ਤੇ ਉਹ ਹੋਰ ਜ਼ੋਰ ਦੀ ਭਜਿਆ। ਉਸ ਦੇ ਚਿਹਰੇ ਤੇ ਜੱਲਾਲ ਸੀ। ਕੋਈ ਅਨੋਖੀ ਝਮਕ ਸੀ। ਉਸ ਦੇ ਸੀਨੇ ਦੀ ਸੁੰਦਰਤਾ ਸਾਰੀ ਇਕਠੀ ਹੋਕੇ ਉਸ ਦੇ ਚਿਹਰੇ ਤੇ ਆ ਚਮਕੀ। ‘ਤੇਰੇ ਚਿਹਰੇ ਦੀ ਸੁੰਦਰਤਾ ਨਾਲੋਂ ਤੇਰੀ ਆਤਮਾਂ ਜ਼ਿਆਦਾ ਸੁਹਣੀ ਏ ਸਰਵਣ।' ਉਸ ਨੂੰ ਕਿਸੇ ਦੇ ਕਹੇ ਹੋਏ ਵਾਕ ਚੇਤੇ ਆਏ।

‘ਪਰ ਕੀ ਅਜ ਮੈਂ ਆਤਮਾਂ ਦੀ ਸੁੰਦਰਤਾ ਨੂੰ ਮਿਟਾਣ ਨਹੀਂ ਜਾ ਰਿਹਾ।' ਪਲ ਦੇ ਪਲ ਲਈ ਉਸ ਸੋਚਿਆ, 'ਨਹੀਂ ਭਾਵੇਂ ਕੁਝ ਵੀ ਹੋ ਜਾਂਵੇ ... ... ਮੈਂ ਰੁਕਾਂਗਾ ਨਹੀਂ।... ...ਪਰ ... ... ਪਰ... ...ਪਰ ਅੰਜਨੀ ਉਹ ... ... ਜਿਸ ਨੇ ਮੇਰੀ ਆਤਮਾਂ ਨੂੰ ਵਡਿਆਇਆ ਸੀ, ਇਕ ਦਿਨ ਮੈਨੂੰ ਚੰਗਾ ਵੀ ਆਖਿਆ ਸੀ।... ... ਕੀ ਉਸ ਦੇ ਘਰ ਨੂੰ ਪੁਟਣ ਜਾ ਰਿਹਾ ਹਾਂ? ਪਰ ਅਜ ਮੇਰਾ ਕਿਸੇ ਨਾਲ ਹਿਤ ਨਹੀਂ। ਮੈਂ ਆਪਣੀ ਦੁਨੀਆਂ ਦੀ ਸਾਂਝ ਵਧਾਉਣ ਲਈ ਸਭ ਨੂੰ ਇਕੋ ਜੇਹਾ ਵੇਖਣਾ ਚਾਹੁੰਦਾ ਹਾਂ... ...। ਇਹ ਮੇਰੀ ਆਤਮਾਂ ਵਿਚ ਕੀ ਹੋ ਰਿਹਾ ਏ। ਪ੍ਰਭੂ ਮੈਨੂੰ ਰੌਸ਼ਨੀ ਦੇਵੋ।' ਅਤੇ ਉਸ ਦੇ ਹਥੋਂ ਕਹੀ ਢਹਿ ਪਈ। ਉਹ ਵੀ ਜ਼ਮੀਨ ਤੇ ਢਹਿ ਪਿਆ। ਉਹ ਬੜਾ ਬੇ-ਚੈਨ ਨਜ਼ਰ ਆ ਰਿਹਾ ਸੀ। ਉਸ ਦਾ ਸਾਹ ਬੜੀ ਉਚੀ ਉਚੀ ਆ ਰਿਹੇ ਸਨ। ਉਹ ਇਕ ਦਰਖਤ ਦੀ ਢੋ ਦੇ ਸਹਾਰੇ ਬੈਠਾ ਹੌਂਕ ਰਿਹਾ ਸੀ।

ਪਤਾ ਨਹੀਂ ਕਿਨਾ ਕੁ ਚਿਰ ਉਹ ਆਪਣੀ ਥਾਂ ਤੇ ਬੈਠਾ ਰਿਹਾਂ। ਜਦ ਉਹ ਸੋਚਾਂ ਦੇ ਵਹਿਣਾਂ ਵਿਚੋਂ ਨਿਕਲਿਆ ਤਾਂ ਉਹ ਬੜਾ ਸ਼ਾਂਤ ਸੀ। ਉਸ ਉਤਾਂਹ ਤਕਿਆ। ਪੁੰਨਿਆਂ ਦਾ ਚੰਨ ਪੂਰੇ ਜੋਬਨ ਵਿਚ ਉਦੈ-ਮਾਨ ਹੋ ਰਿਹਾ ਸੀ। ਦਰਖਤਾਂ ਦੇ ਵਿਚੋਂ ਜਿਵੇਂ ਝਿਲ ਮਿਲ ਝਿਲ ਕਰਦੀ ਹੁਸੀਨਾ ਝਾਤੀ ਮਾਰਦੀ ਉਤਾਹ ਉਠ ਰਹੀ ਹੋਵੇ, ਚੰਨ ਉਸੇ ਤਰਾਂ ਉਤਾਂਹ ਉਠ ਰਿਹਾ ਸੀ। ਜਾਪਦਾ ਸੀ ਜਿਵੇਂ ਚੰਨ ਵਰਗੇ ਸੂਰਮੇ ਨੇ ਵੀ ਕਿਸੇ ਸੁਹਣੀ ਦਾ ਨਖਰਾ ਚੁਰਾ ਲਿਆ ਹੋਵੇ।

ਬਿਲਕੁਲ ਸ਼ਾਂਤ ਵਾਯੂ ਮੰਡਲ ਵਿਚ ਸਰਵਣ ਅਡੋਲ ਖਲੋਤਾ ਚੰਨ ਵਲ ਤਕ ਰਿਹਾ ਸੀ। ਕੁਦਰਤ ਦੇ ਇਸ ਦਿਲ-ਕਸ਼ ਨਜ਼ਾਰੇ ਨੇ ਉਸ ਵਿਚੋਂ ਜੋਸ਼ ਮੁਕਾ ਦਿਤਾ ਸੀ ਅਤੇ ਉਹ ਹੁਣ ਇਕ ਕਵੀ ਸੀ। ਪਤਾ ਨਹੀਂ ਦਿਲ ਦੀ ਕਿਹੜੀ ਨੁਕਰੋਂ, ਕਵਿਤਾ ਫਟੀ, ਉਹ ਬੋਲ ਉਠਿਆ। ਉਸ ਦੀਆਂ ਬਾਹਾਂ ਪੱਸਰ ਗਈਆਂ, ਉਹ ਸ਼ਾਇਦ ਚੰਨ ਨੂੰ ਅਤੇ ਉਸ ਦੀ ਸੁੰਦਰਤਾ ਨੂੰ ਆਪਣੇ ਕਲਾਵੇ ਵਿਚ ਭਰਨਾ ਚਾਹੁੰਦਾ ਸੀ। ਉਸ ਦੀਆਂ ਅਖਾਂ ਮੂੰਦ ਗਈਆਂ। ਸ਼ਾਂਤ, ਬੜਾ ਸ਼ਾਂਤ ਉਹ ਕੁਝ ਬੋਲੀ ਗਿਆ।

ਕੁਦਰਤ ਨੇ ਮੈਨੂੰ ਮੋਹ ਲਿਆ
ਪਾ ਕੜੀਆਂ ਪ੍ਰੀਤਾਂ ਵਾਲੀਆ
ਕਾਦਰ ਨੇ ਸਾਗਰ ਛੋਹ ਲਿਆ
ਕਤਰੇ ਨੂੰ ਸਾਗਰ ਮਿਲ ਗਿਆ
ਕਾਦਰ ਦੀ ਕੁਦਰਤ ਹੋ ਗਿਆ ...
ਮੈਂ ਜਾਗਦਾ ਬੇ ਹੋਸ਼ ਹਾਂ'... ...

ਉਹ ਕੁਝ ਚਿਰ ਰੁਕਿਆ। ਜਿਵੇਂ ਸਚ ਮੁਚ ਹੀ ਉਹ ਬੇ-ਹੋਸ਼ ਅਤੇ ਬੇ ਸੋਚ ਹੈ। ਉਸ ਦੇ ਕੰਨਾਂ ਦੇ ਪਰਦਿਆਂ ਨਾਲ ਦੂਰ ਨਦੀ ਦੇ ਪਾਣੀਆਂ ਦਾ ਸ਼ੋਰ ਟਕਰਾਇਆ। ਉਹ ਫੇਰ ਬੋਲਿਆ।

'ਇਕ ਵਹਿਣ ਹਾਂ, ਵਹਿੰਦਾ ਰਹਿੰਦਾ
ਪਾਣੀ ਹਾਂ ਕੰਢਿਆਂ ਨਾਲ ਖਹਿੰਦਾ
ਅਣ ਜਾਣਿਆਂ, ਅਣ ਮਾਣਿਆਂ'
ਕਤਰਾ ਹਾਂ ਤੇਰੀ ਰਹਿਮਤ ਦਾ।'

'ਬਸ ਇਹੀ ਚੀਜ਼ ਹੈ ਜਿਸ ਲਈ ਮੇਰੀ ਰੂਹ ਤੜਪਦੀ ਰਹਿੰਦੀ ਹੈ। ਇਹੀ ਮੇਰਾ ਖਜ਼ਾਨਾ ਏ ਜਿਹੜਾ ਗੁਆਚਾ ਰਹਿੰਦਾ ਏ ਕੁਦਰਤ ਦੇ ਘਨੇ ਜੰਗਲਾਂ ਵਿਚ! ... ... ।'

ਸਰਵਣ ਕੁਝ ਤਭ੍ਰਕਿਆ, ਝਿਜਕਿਆ ਅਤੇ ਸਹਿਮ ਜਿਹਾ ਗਿਆ ਜਦ ਉਸ ਦੇ ਪੈਰਾਂ ਤੇ ਕਿਸੇ ਦੇ ਹਥਾਂ ਦੀ ਛੋਹ ਪ੍ਰਤੀਤ ਹੋਈ।

'ਆ... ... ...ਅੰਜਨੀ... ... ...ਉਹ ... ... ...ਮੈਂ ਆਖਿਆ ਕੁਦਰਤ ਹੀ ਆ ਝੁਕੀ ਏ।'

‘ਸਰਵਣ! ਮੇਰੀ ਰੂਹ ਘੁਟਦੀ ਘੁਟਦੀ ਜੇਹੀ ਰਹਿੰਦੀ ਏ... ... ... ਮੇਰੇ ਦੇਵਤਾ ... ... ਕੀ ਤੁਸੀਂ ਮੈਨੂੰ ਸ਼ਾਂਤ ਨਾ ਕਰ ਸਕੋਗੇ? ਦਿਨੇ ਚੈਨ ਨਹੀਂ ਮਿਲਦਾ ਰਾਤ ਨੂੰ ਨੀਂਦ ਨਹੀਂ ਆਉਂਦੀ ... ...ਅਤੇ ... ... ਮੈਂ ਸਦਾ ਤੜਪਦੀ ਰਹਿੰਦੀ ਹਾਂ ... ...ਸ਼ਾਂਤੀ ... ... ਦਾਨ ਦਿਓ... ... ਓ ਪੂਜਯ ਕਵੀ... ...।'

'ਅੰਜਨੀ ... ... ਮੇਰੀ ... ... ਕੁਦਰਤ ਅੰਜਨੀ! ਤੁਸੀਂ ਉਸ ਪਾਸੋਂ ਸ਼ਾਂਤੀ ਢੂੰਡਦੇ ਹੋ, ਕਿਹੜਾ ਖੁਦ ਵੀ ਬੇਚੈਨੀ ਦਾ ਮਰੀਜ਼ ਏ, ... ...ਤੁਸੀਂ ਉਸ ਤੋਂ ਰੋਟੀ ਦੀ ਆਸ ਰਖਦੇ ਹੋ ਜਿਹੜਾ ਆਪ ਨੂੰ ਰਜਾ ਨਹੀਂ ਸਕਦਾ, ਤੁਸੀਂ ਸ਼ਾਤੀ ਦਾ ਦਾਨ ਮੰਗਦੇ ਹੋ ... ... ... ਆਓ ਅਸੀਂ ਦੁਨੀਆਂ ਦੇ ਜੰਜਾਲਾਂ ਵਿਚੋਂ ਨਿਕਲ ਜਾਈਏ, ਅਸੀਂ ਸਦਾ ਸ਼ਾਂਤ ਰਹਾਂਗੇ। ਤੁਹਾਡੀਆਂ ਕੋਠੀਆਂ ਤੁਹਾਡੀਆਂ ਜਾਇਦਾਦਾਂ ਤੁਹਾਨੂੰ ਚੈਨ ਨਾਲ ਟਿਕਣ ਨਹੀਂ ਦਿੰਦੀਆਂ, ਉਹਨਾਂ ਨੂੰ ਸਾੜ ਦੇਵੋ, ਫੂਕ ਦੇਵੋ, ਸੁਆਹ ਕਰ ਦੇਵੋ ... ... ਔਹ ਵੇਖੋ ... ... ਝੁੱਗੀਆਂ ਵਿਚ ਰਹਿਣਾ ਸਿਖੋ ... ... ਕਿਸੇ ਮਜ਼ਦੂਰ ਦੀ ਸਾਥਣ ਬਣ ਕੇ ਵੇਖੋ, ਕਿਸੇ ਗਰੀਬ ਬੀ ਭੈਣ ਬਣ ਕੇ ਤਕ ਲਵੋ ... ... ਕਦੇ ਲੀਰਾਂ ਪਾ ਕੇ ਵੇਖੋ ... ... ਮਜ਼ਦੂਰੀ ਕਰਕੇ ਪਸੀਨਾ ਵਗਾਓ, ਕਮਾਂ ਕੇ ਖਾ ਕੇ ਵੇਖੋ, ਤੁਸੀਂ ਸ਼ਾਂਤ ਹੋ ਜਾਓਗੇ। ਸ਼ਾਮਾਂ ਦੀਆਂ ਹਵਾਵਾਂ ਤੁਹਾਨੂੰ ਚੰਗੀਆਂ ਲਗਣਗੀਆਂ, ਚੰਨ ਦੀਆਂ ਕਿਰਨਾਂ ਤੁਹਾਨੂੰ ਪਿਆਰੀਆਂ ਜਾਪਣਗੀਆਂ ... ...।"

'ਆਹ... ...ਮੈਨੂੰ ਰਸਤਾ ਦਿਸ ਪਿਆ ਏ। ਮੈਂ ਕਰਾਂਗੀ, ਮੈਂ ਬਣਾਂਗੀ, ਜੋ ਤੁਸਾਂ ਕਿਹਾ ਏ ... ... ਆਹ! ਕੇਡੀ ਸੁਹਣੀ ਜ਼ਿੰਦਗੀ ਹੋਵੇਗੀ ਮੇਰੀ ... ...।' ਤੇ ਉਹ ਨਚ ਉਠੀ। ਅੰਜਨੀ ਚੰਨ ਦੀ ਚਾਨਣੀ ਵਿਚ ਮੁਸਕਰਾਈ ਜਿਵੇਂ ਚੰਨ ਮੁਸਕਰਾ ਰਿਹਾ ਸੀ। ਸਰਵਣ ਨੇ ਤਕਿਆ। ਉਹ ਵੀ ਮੁਸਕਰਾਇਆ। ਅੰਜਨੀ ਚਲੀ ਗਈ। ਦੋਵੇਂ ਜੁਦਾ ਹੋ ਗਏ। ਸਰਵਣ ਦੀ ਕਹੀ ਹੁਣ ਫਿਰ ਉਸ ਦੇ ਮੋਢਿਆਂ ਤੇ ਸੀ ਪਰ ਹੁਣ ਉਹ ਬੇ-ਚੈਨ ਨਹੀਂ ਸੀ। ਬੜਾ ਸ਼ਾਂਤ ਉਹ ਵਾਪਸ ਪਰਤ ਰਿਹਾ ਸੀ।

ਸਰਵਣ ਇਕ ਰੁਝਿਆ ਜੇਹਾ ਇਨਸਾਨ ਸੀ। ਉਸ ਨੇ ਆਪਣੀ ਵਿਹਲ ਵੀ ਰੁਝਾ ਛਡੀ ਸੀ। ਲੋਕ ਉਸ ਨੂੰ ਪਿਆਰਦੇ ਸਨ। ਉਹ ਹਰ ਇਕ ਲਈ ਕੰਮ ਕਰਦਾ ਸੀ ਤੇ ਉਹ ਸਾਂਝਾ ਜੇਹਾ ਸੀ, ਸਰਵਣ ਦੀ ਦੁਨੀਆਂ ਵਿਚ ਕੁਝ ਨਹੀਂ ਸਨ। ਲੋਕ ਕਮਾਉਂਦੇ ਸਨ, ਜ਼ਿੰਦਗੀ ਨੂੰ ਸੁਹਣੀ ਤਰਾਂ ਬਤੀਤ ਕਰਦੇ ਸਨ। ਭਰਮਾਂ ਤੋਂ ਬਹੁਤ ਦੂਰ ਉਹ ਲੋਕ ਜੀਉਂ ਰਹੇ ਸਨ। ਮੁਟਿਆਰਾਂ ਨਚਦੀਆਂ, ਗਭਰੂ ਖੇਡਦੇ, ਬਜ਼ੁਰਗ ਹਸਦੇ, ਮਾਵਾਂ ਹਸਦੀਆਂ। ਪਤਾ ਨਹੀਂ ਸੀ ਲਗਦਾ, ਦਿਨ ਕਿਧਰੋਂ ਚੜ੍ਹਦਾ ਅਤੇ ਕਿਧਰ ਛੁਪ ਜਾਂਦਾ ਸੀ। ਪਹਿਲੋਂ ਇਹਨਾਂ ਲੋਕਾਂ ਪਾਸ ਕਿਸੇ ਅਮੀਰ ਦਾ ਬੰਗਲਾ ਨਹੀਂ ਸੀ। ਬੜੀ ਦੂਰ ਤਾਈਂ ਮਜ਼ਦੂਰਾਂ ਦੀਆਂ ਝੁੱਗੀਆਂ ਦਿਖਾਈ ਦਿੰਦੀਆਂ ਸਨ ਪਰ ਕੁਝ ਚਿਰ ਹੋਇਆ ਸੇਠ ਨੰਦ ਲਾਲ ਨੇ ਇਕ ਕੋਠੀ ਆਣ ਪਾਈ। ਸਾਰੇ ਮਜ਼ਦੂਰਾਂ ਦੇ ਦਿਲ ਫਿਰ ਗਏ। 'ਅਸੀਂ ਵੀ ਇਹੋ ਜੇਹੀਆਂ ਕੋਠੀਆਂ 'ਚ ਰਹਿਣਾ ਲੋਚਦੇ ਹਾਂ।' ਉਹਨਾਂ ਦੇ ਬੋਲ ਹੌਲੀ ਹੌਲੀ ਉਚੀ ਹੋਈ ਗਏ। ਸਰਵਣ ਦੀ ਸੁਵਰਗੀ ਦੁਨੀਆਂ ਵਿਚ ਖਲਲ ਪੈ ਗਿਆ। ਮੁਟਿਆਰਾਂ ਦੇ ਗਿਧੇ ਰੁਕ ਗਏ। ਰਾਤ ਕੀ ਦਿਨ ਕੀ ਸਭ ਸੇਠ ਦੀ ਕੋਠੀ ਵਲ ਤਕਦੇ ਰਹਿੰਦੇ ਸਰਵਣ ਬਹੁਤ ਬਾਤਾਂ ਪਾਉਂਦਾ, ਉਹਨਾਂ ਨੂੰ ਵਰਚਾਉਂਦਾ, ਇਧਰ ਧਿਆਨ ਨਾ ਦੇਣ ਦਾ ਖਿਆਲ ਦਿਵਾਉਦਾ ਪਰ ਲੋਕ ਇਕ ਨਾ ਸੁਣਦੇ। ਰੋਜ਼ ਸ਼ਕਾਇਤਾਂ ਆਉਂਣ ਲਗ ਪਈਆਂ। ‘ਅਜ ਸੇਠ ਦੇ ਬਾਗ ਵਿਚੋਂ ਇਹਨਾਂ ਕੰਗਾਲਾਂ ਦੇ ਬਚਿਆਂ ਫੁਲ ਤੋੜ ਲਏ ਨੇ।' ‘ਅਜ ਬਾਗ ਦੀ ਵਾੜ ਭੰਨ ਦਿਤੀ ਏ।' ਅਜ ਇਕ ਕੁੜੀ ਕੋਠੀ ਦੇ ਅੰਦਰ ਜਾ ਵੜੀ ਸੀ।' ਆਦਿ।

ਸਰਵਣ ਸੁਣ ਸੁਣ ਕੇ ਅੱਕ ਗਿਆ, ਹਾਰ ਗਿਆ ਤੇ ਉਹ ਵੀ ਹੁਣ ਕੋਠੀ ਵਲ ਤਕਣ ਲਗ ਪਿਆ। ਇਕ ਦਿਨ ਇਸ ਨੇ ਇਕ ਲਾਲ ਸਾੜੀ ਵਾਲੀ ਮੁਟਿਆਰ ਤਕੀ। ਕਾਰ ਵਿਚੋਂ ਨਿਕਲ ਕੋਠੀ ਵਿਚ ਚਲੀ ਗਈ। ਉਹ ਤਿਊੜੀਆਂ ਪਾਈ ਤਕ ਰਹੀ ਸੀ। ਇਸ ਵੀ ਤਕਿਆ। ਇਸ ਨੂੰ ਨਫਰਤ ਹੋ ਗਈ। ਇਕ ਦਿਨ ਇਸ ਨੇ ਉਸੇ ਮੁਟਿਆਰ ਨੂੰ ਬਾਗ ਵਿਚ ਉਦਾਸ ਬੈਠਿਆਂ ਤਕਿਆ, ਰੋਂਦਿਆਂ ਤਕਿਆ, ਲੰਮੇ ਸਾਹ ਭਰਦਿਆਂ ਸੁਣਿਆਂ। ਇਸ ਦੇ ਅੰਦਰੋਂ ਇਕ ਹੂਕ ਜੇਹੀ ਉਠੀ ਅਤੇ ਦਰਦ ਨਾਲ ਇਸ ਦਾ ਲੂੰ ੨ ਤੜਪ ਉਠਿਆ। ਇਸ ਦੇ ਕਦਮ ਉਸ ਵਲ ਵਧੇ, ਪਰ ਕਿਸੇ ਆਵਾਜ਼ ਨੇ ਇਸ ਨੂੰ ਰੋਕ ਦਿਤਾ। ‘ਉਹ ਅਮੀਰ ਜ਼ਾਦੀ ਏ ਕੀ ਪਤਾ ਕਿੰਜ ਬੋਲੇ।' ਅਤੇ ਇਹ ਹੋਰ ਅਗਾਂਹ ਨਾ ਜਾਂ ਸਕਿਆ ਪਰਤ ਪਿਆ ਪਰ ਸੋਚਾਂ ਦੇ ਸਾਗਰਾਂ ਵਿਚੋਂ ਨਾ ਨਿਕਲ ਸਕਿਆ ਹੁਣ ਇਹ ਕਈ ਵੇਰ ਉਸ ਲਾਲ ਸਾੜੀ ਵਾਲੀ ਨੂੰ ਤਕਦਾ ਉਹ ਬਸ ਚੁਪ ਚਾਪ ਜੇਹੀ, ਉਦਾਸ ਜੇਹੀ ਅਤੇ ਦਰਦਨਾਕ ਜੇਹੀ ਦਿਖਾਈ ਦਿੰਦੀ। ਆਖਰ ਜਦ ਤਕ ਸਰਵਨ ਵਰਗਾ ਲੜਕਾ ਕਿਸੇ ਨੂੰ ਇੰਜ ਉਦਾਸ ਅਤੇ ਹਾਵੇ ਭਰਦਿਆਂ ਤਕ ਸਕਦਾ ਸੀ ਇਕ ਦਿਨ ਨਿਝਕ ਇਸ ਜਾ ਪੁਛਿਆ।

‘ਮੇਰੇ ਅੰਦਰ ਕੋਈ ਸਦੀਵੀ ਦਰਦ ਏ। ਕੋਈ ਨਾਸੂਰ 'ਜਿਹੜਾ ਤੁਸਾਂ ਵਹਿੰਦਾ ਤਕਿਆ ਏ। ਉਹ ਸਰਵਣ ਦੇ ਚਿਹ ਦੀ ਗੰਭੀਰਤਾ ਜਾਚਦਿਆਂ ਬੋਲ ਪਈ। ਉਸ ਨੂੰ ਜਿਵੇਂ ਕਿਸੇ ਮਿਹਰਵਾਨ ਨਜ਼ਰ ਨੇ ਠੰਢਿਆਂ ਕਰ ਦਿਤਾ ਸੀ।

'ਜੇ ਮੈਨੂੰ ਵੀ ਆਪਣੇ ਦਰਦ ਦਾ ਪਾਤ੍ਰ ਬਣਾ ਲਵੋ ... ...।'

'ਉਫ ... ... ਤੁਸਾਂ ਇਹ ਕੀ ਕਿਹਾ ਜੇ ... ... ਮੇਰੇ ਦਰਦ ਦਾ ਪਾਤ੍ਰ ... ...ਕਿਸੇ ਬੇ-ਕਸੂਰ ਨੂੰ ਮੈਂ ਮੌਤ-ਨੁਮਾ ਸਜ਼ਾ ਕਿੰਜ ਦੇ ਦੇਵਾਂ। ਮੈਂ ਕਸੂਰਵਾਰ ਹਾਂ, ਕਿਸੇ ਦੀ ਕਾਤਲ ਹਾਂ, ਇਸੇ ਸਜਾ ਦੀ ਹਕਦਾਰ ਹਾਂ ਕਿ ਸਦਾ ਬੇ-ਚੈਨ ਰਹਾਂ ... ...।'

'ਖੂਨੀ? ਤੁਸੀਂ ਖੂਨ ਹੋ?... ... ... ... ... ਸਰਵਣ ਹੈਰਾਨ ਸੀ।

'ਹਾਂ ... ... ਇਕ ਮਾਸੂਮ ਦੀ।' ਉਹ ਰੋ ਪਈ।

'ਚਾਹੇ ਤੁਸੀਂ ਕੁਝ ਵੀ ਹੋ ਪਰ ਹੋ ਤਾਂ ਆਖਰ ਇਕ ਦਰਦ।

‘ਤੁਸੀਂ ਐਨੀ ਜ਼ਿੱਦ ਕਿਉਂ ਕਰਦੇ ਹੋ।

‘ਮੈਨੂੰ ਇਸ ਗਲ ਦੀ ਸ਼ਰਮ ਹੈ, ਪਰ ਮੈਂ ਆਪਣੀ ਆਦਤ ਤੋਂ ਮਜਬੂਰ ਹਾਂ।' ਸਰਵਣ ਬੜੀ ਧੀਰਜ ਨਾਲ ਬੋਲ ਰਿਹਾ ਸੀ। ‘ਤੁਸੀਂ ਖੂਨੀ ਹੋ, ਮੈਂ ਵੀ ਇਕ ਖੂਨੀ ਹਾਂ। ਮੈਂ ਉਸ ਮਾਸੂਮ ਦੀਆਂ ਸਧਰਾਂ ਨਾਲ ਖੇਡਿਆ ਹਾਂ ਜਿਸ ਨੇ ਮੈਨੂੰ ਪਾਗਲ ਕਰ ਛਡਿਆ ਏ।'

‘ਤਾਂ ਕੀ ਸਚਮੁਚ ਅਸੀਂ ਇਕ ਹੀ ਰਾਹ ਦੇ ਰਾਹੀ ਹਾਂ? ਕੀ ਪ੍ਰਮਾਤਮਾ ਨੇ ਸਾਡੇ ਕਦਮਾਂ ਹੇਠ ਇਕੋ ਰਸਤਾ ਬਣਾ ਛਡਿਆ ਏ?

'ਹਾਂ... ... ਅਸੀਂ ... ... ਸਾਂਝੇ ਹਾਂ। ਸਾਡੀ ਦੁਨੀਆਂ ਸਾਂਝੀ ਏ ... ... ਤੁਸੀਂ ਦੱਸੋ... ... ਤੁਸਾਂ ਕਿਸ ਦਾ ਅਤੇ ਕਿਵੇਂ ਖੂਨ ਕੀਤਾ?' ‘ਬਹੁਤ ਸਾਰਾ ਮੀਂਹ ਵਸ ਰਿਹਾ ਸੀ। ਮੇਰੀ ਕਾਰ ਸੜਕ ਤੇ ਭਜੀ ਜਾ ਰਹੀ ਸੀ। ਦਰਖਤਾਂ ਦੇ ਝੁੰਡਾਂ ਦੇ ਹੇਠੋਂ ਦੀ ਮੈਂ ਲੰਘ ਰਹੀ ਸਾਂ ਜਦ ਇਕ ਨੰਨ੍ਹਾਂ ਜੇਹਾ ਬੱਚਾ ਸੜਕ ਤੇ ਮੀਂਹ ਤੋਂ ਆਪਣਾ ਆਪ ਬਚਾਂਦਾ ਭਜਾ ਜਾ ਰਿਹਾ ਸੀ। ਬਸ ਇਕੋ ਚੀਕ ਵਜੀ। ਮੈਨੂੰ ਪਤਾ ਲਗਾ ... ... ਮੇਰੀ ਕਾਰ ਥੱਲੇ ਕੋਈ ਪੀਸਿਆ ਗਿਆ ਏ। ਮੇਰੀਆਂ ਅਖਾਂ ਅਗੇ ਹਨੇਰਾ ਛਾ ਗਿਆ। ਪਲ ਦੀ ਪਲ ਵਿਚ ਕੀ ਹੋ ਗਿਆ। ਉਥੇ ਹੋਰ ਕੋਈ ਨਹੀਂ ਸੀ। ਮੈਂ ਪੁਲਸ ਤੋਂ ਡਰਦੀ ਕਾਰ ਭਜਾਈ ਚਲੀ ਗਈ। ਮੈਨੂੰ ਪਤਾ ਸੀ ਮੈਨੂੰ ਥਾਨੇ ਜਾਣਾ ਪਏਗਾ। ਰੀਪੋਰਟ ਦੇਣੀ ਪਏਗੀ। ਫਾਇਨ ਤਾਰਨਾ ਪਏਗਾ। ਇਸ ਸਭ ਕੁਝ ਤੋਂ ਮੈਨੂੰ ਨਫਰਤ ਸੀ। ਮੇਰੀ ਸੁਸਾਇਟੀ ਵਿਚ ਮੇਰੀ ਚਰਚਾ ਹੁੰਦੀ ਮੈਨੂੰ ਚੰਗੀ ਨਹੀਂ ਸੀ ਲਗਦੀ। ਬਸ ਮੈਂ ਬਚ ਗਈ ਪਰ ਉਸ ਮਾਸੂਮ ਦੀ ਰੂਹ ਮੈਨੂੰ ਚੈਨ ਨਾਲ ਨਹੀਂ ਟਿਕਣ ਦਿੰਦੀ। ਹਰ ਚੀਜ਼ ਮੈਨੂੰ ਫਿਟਕਾਰਦੀ ਏ। ਦੁਰਕਾਰਦੀ ਏ। ਮੇਰੀ ਆਤਮਾ ਤੜਪਦੀ ਏ ... ... ਦਿਨ ਬੁਰੇ ਲਗਦੇ ਨੇ ... ... ਰਾਤਾਂ ਡਰਾਉਣੀਆਂ ਜਾਪਦੀਆਂ ਹਨ। ਬਸ ਮੈਂ ਇਸ ਦਰਦ ਤੋਂ ਅਕ ਜਾਂਦੀ ਹਾਂ। ਉਹ ਫਿਰ ਰੋ ਪਈ। ਉਸ ਜਦ ਸਰਵਣ ਵਲ ਤਕਿਆ ਤਾਂ ਉਹ ਡਰ ਗਈ। ਉਹ ਬਿਟਰ ੨ ਉਸ ਵਲ ਤਕ ਰਿਹਾ ਸੀ। ਉਸ ਦੀਆਂ ਅਖ ਪੁਤਲੀਆਂ ਵਿਚ ਜ਼ਰਾ ਜਿੰਨੀ ਹਰਕਤ ਨਹੀਂ ਸੀ। ਉਹ ਬਹੁਤ ਡਰ ਗਈ। ਉਸ ਦੋਹਾਂ ਹਥਾਂ ਨਾਲ ਆਪਣਾ ਚਿਹਰਾ ਢਕ ਲਿਆ। ਸਰਵਨ ਨੇ ਹਰਕਤ ਫੜੀ। ਜਿਵੇਂ ਕਿਸੇ ਬੁਤ ਵਿਚ ਅਚਾਨਕ ਜਾਨ ਪੈ ਗਈ ਹੋਵੇ।

‘ਆਹ ... ... ਤਾਂ ਕੀ ਤੁਸਾਂ ਮੇਰੀ ਮਾਂ ਪਿਓ ਜਾਈ ਦਾ ਖੂਨ ਕੀਤਾ ਸੀ? ਉਹ, ਜਿਹੜੀ ਜ਼ਿੱਦ ਨਾਲ ਬਾਜ਼ਾਰ ਗਈ ‘ਮੈਂ ਅਜ ਜ਼ਰੂਰ ਗੁਡੀ ਲੈਣੀ ਏਂ।' ਕਹਿੰਦੀ ਹੋਈ ਭਜ ਗਈ ਸੀ। ਉਸ ਮੈਨੂੰ ਬਹੁਤ ਕਿਹਾ ਸੀ ਕਿ ਮੈਂ ਹੀ ਉਸ ਨੂੰ ਗੁਡੀ ਲਿਆ ਦੇਵਾਂ ਪਰ ਮੈਂ ਨਾਂਹ ਹੀ ਕਰਦਾ ਰਿਹਾ। ਉਹ ਵਾਪਸ ਘਰ ਨਾ ਆਈ। ਵਸਦੇ ਮੀਂਹ ਵਿਚ ਮੈਂ ਬਾਜ਼ਾਰ ਗਿਆ। ਸਾਰਾ ਬਾਜ਼ਾਰ ਢੂੰਡਿਆ ਪਰ ਕਿਧਰੇ ਦਸਾਂ ਵਰ੍ਹਿਆਂ ਦੀ ਮੁਨਾਂ ਨਜ਼ਰੀਂ ਪਈ। ਜਦ ਮੈਂ ਸੜਕੇ ਸੜਕ ਵਾਪਸ ਆ ਰਿਹਾ ਸਾਂ ਤਾਂ ਉਸ ਦੀ ਲਾਸ਼ ਵੇਖੀ। ਮੈਂ ਉਸ ਪਛਾਣ ਨਾ ਸਕਿਆ ਉਸ ਦੇ ਗਲ ਪਈ ਫਰਾਕ ਮੈਂ ਪਛਾਣ ਲਈ। ਮੈਂ ਚੀਕ ਉਠਿਆ। ਮੇਰੀ ਇਕੋ ਇਕ ਭੈਣ ... ..., ਪਤਾ ਨਾ ਲੱਗਾ ਕਿਸ ਅਮੀਰ ਜ਼ਾਦੇ ਦਾ ਸ਼ਿਕਾਰ ਹੋਈ ਸੀ। ਜੀ ਕਰਦਾ ਸੀ ਪਤਾ ਲਗੇ, ਉਹ ਕੌਣ ਬੇ-ਰਹਿਮ ਹੈ ਪਰ ... ... ...।'

'ਹੈਂ? ... ਤੁਹਾਡੀ ਭੈਣ? ਉਫ ਮੈਂ ਇਹ ਕੀ ਸੁਣਿਆ ਏਂ? ਮੈਂ ਸਜ਼ਾ ਮੰਗਦੀ ਹਾਂ ਅਤੇ ਸ਼ਾਂਤੀ ਢੂੰਡਦੀ ਹਾਂ। ਸਜ਼ਾ ਦੇਵੋ ਤਾਂ ਜੁ ਸ਼ਾਂਤ ਹੋ ਸਕਾਂ। ਬੋਲੋ ... ... ... ਕੁਝ ਬੋਲੋ ... ... ... ਉਹ ਤੜਪ ਉਠੀ।

'ਸਜ਼ਾ ਤੁਸੀਂ ਪਾ ਚੁਕੇ ਹੋ... ... ਹੁਣ ਵੇਲਾ ਹਮਦਰਦੀ ਦਾ ਏ ... ... ਮੈਂ ਤੁਹਾਨੂੰ ਵਚਨ ਦੇ ਚੁੱਕਾ ਹਾਂ ...ਤੁਹਾਡਾ ਦਰਦ ਵੰਡਾਣ ਦਾ ... ਪ੍ਰਮਾਤਮਾ ਤੋਂ ਸ਼ਾਂਤੀ ਮੰਗੋ... ...ਮੈਂ ਤੁਹਾਡਾ ਹਮਦਰਦ ਹਾਂ।'

ਦੋਵੇਂ ਚੁਪ ਹੋ ਗਏ। ਉਹ ਰੋਂਦੀ ਰਹੀ। ਸਰਵਣ ਚਲਾ ਗਿਆ। ਹੰਝੂ ਛੁਪਾ ਕੇ ਉਸ ਨੇ ਮੁਠਾਂ ਵਿਚ ਬੰਦ ਕਰ ਛੱਡੇ ਸਨ। ਉਹ ਤੁਰਿਆ ਗਿਆ ਅਤੇ ਲਾਲ ਸਾੜ੍ਹੀ ਵਾਲੀ ਤੋਂ ਬਹੁਤ ਦੂਰ ਜਾ ਕੇ ਉਸ ਨੇ ਦਿਲ ਦਾ ਗੁਬਾਰ ਕਢਿਆ।

ਸਰਵਣ ਦੀ ਜਿੰਦਗੀ ਦੇ ਦਿਨ ਬੜੇ ਸ਼ਾਂਤੀ ਨਾਲ ਬੀਤ ਰਹੇ ਸਨ। ਉਹ ਕਿਸੇ ਨਾਲ ਘਟ ਹੀ ਬੋਲਦਾ ਸੀ ਸਵੇਰ ਵੇਲੇ ਬੜੀ ਧੀਰਜ ਨਾਲ ਗਲੀਆਂ ਵਿਚ ਦੀ ਲੰਘਦਾ ਅਤੇ ਸ਼ਾਮ ਨੂੰ ਗੰਭੀਰ ਜੇਹੀ ਚਾਲੇ ਘਰ ਨੂੰ ਪਰਤ ਜਾਂਦਾ। ਉਹ ਸ਼ਾਂਤ ਜਾਪਦਾ ਸੀ ਪਰ ਉਸ ਦੇ ਸਾਥੀ ਬੜੇ ਬੇਚੈਨ ਸਨ। 'ਸਰਵਣ ਦੇ ਕੰਨ ਹੁਣ ਸਾਡੀਆਂ ਗਲਾਂ ਸੁਣਨ ਲਈ ਨਹੀਂ, ਉਸ ਲਾਲ ਸਾੜੀ ਵਾਲੀ ਦੇ ਬੋਲ ਸੁਣਨ ਲਈ ਸਨ।’ ਕੋਈ ਕਹਿੰਦਾ, ‘ਜਦੋਂ ਅਸੀਂ ਝੁਗੀਆਂ ਵਿਚ ਰਹਿਣਾ ਪਸੰਦ ਕਰਦੇ ਸਾਂ, ਉਦੋਂ ਸਰਵਣ ਸਾਨੂੰ ਪਿਆਰਦਾ ਸੀ, ਸਤਿਕਾਰਦਾ ਸੀ, ਆਪ ਹਸਦਾ ਸਾਨੂੰ ਹਸਾਂਦਾ ਪਰ ਅਸੀਂ ਜਦ ਕੋਠੀਆਂ ਮੰਗਦੇ ਹਾਂ ਸਰਵਣ ਸਾਡੇ ਨਾਲ ਰੁਸ ਗਿਆ ਏ। ਸਾਡੀ ਖੁਸ਼ੀ ਵਿਚ ਸ਼ਾਇਦ ਉਹ ਖੁਸ਼ ਨਹੀਂ... ...' ਰੌਲਾ ਵਧਦਾ ਰਿਹਾ। ਲੋਕਾਂ ਦੇ ਖਿਆਲ ਭੜਕਦੇ ਰਹੇ।

'ਸਰਵਣ ਨੂੰ ਮਾਰ ਦੇਵੇ, ਮੁਕਾ ਦੇਵੋ, ਇਹ ਸਾਡਾ ਨਹੀਂ ਰਿਹਾ। ਸਾਡੀਆਂ ਚਾਹਾਂ ਦਾ ਕਾਤਲ ... ਬਸ ਖਤਮ ਕਰ ਦੇਵੋ, ਅਤੇ ਸਰਵਣ ਸਚਮੁਚ ਦਾ ਮੁਜਰਿਮ ਸਮਝਿਆ ਜਾਣ ਲਗ ਪਿਆ। ਰਾਤ ਦਿਨ ਲੋਕ ਉਸਦੀ ਉਡੀਕ ਵਿਚ ਰਹਿੰਦੇ ‘ਕਦ ਲੰਘੇ, ਕਦ ਮਾਰੀਏ।'

ਉਹ ਸਦਾ ਉਹਨਾਂ ਰਾਹਾਂ ਤੋਂ ਲੰਘਦਾ, ਪਰਤਦਾ ਪਰ ਕੋਈ ਉਸ ਨੂੰ ਮਾਰ ਨਾ ਸਕਿਆ। ਤਲਵਾਰਾਂ ਦੀਆਂ ਧਾਰਾਂ ਮੁੜ ਜਾਂਦੀਆਂ, ਬੰਦੂਕਾਂ ਦੀਆਂ ਗੋਲੀਆਂ ਫਿਸ ਜਾਂਦੀਆਂ ... ... ਸਰਵਣ ਨੂੰ ਕੋਈ ਨਾ ਮੁਕਾ ਸਕਿਆ, ‘ਸਰਵਣ ਦੇ ਪਿੰਡ ਨੂੰ ਅਗ ਲਾ ਦੇਵੋ! ... ਅਸੀਂ ਝੁਗੀਆਂ ਸਾੜ ਦੇਈਏ ... ਆਪੇ ਸਾਂਝੀਆਂ ਕੋਠੀਆਂ ਇਥੇ ਉਸਰਨਗੀਆਂ, ‘ਪਰ ਕਿਵੇ?' ਕੋਈ ਪੁਛ ਲੈਂਦਾ।

‘ਚੋਰੀਆਂ, ਡਾਕੇ ... ਲੁਟਾਂ .. ਧਾੜਾਂ।’ ਵਿਚੋਂ ਕਈ ਬੋਲਦੇ ... ... ‘ਸਰਵਣ ਤੁਹਾਨੂੰ ਇਹ ਕੰਮ ਨਹੀਂ ਕਰਨ ਦਏਗਾ ... ... . ਮਰ ਜਾਏਗਾ ... ...।'

ਕਈ ਆਂਹਦੇ, ‘ਅਸੀਂ ਉਸ ਨੂੰ ਮਾਰ ਕੇ ਕਦਮ ਅਗੇ ਚੁਕਾਂਗੇ।' ਬਸ ਪਿੰਡ ਬਾਗੀ ਹੋ ਬੈਠਾ। ਸਰਵਣ ਸ਼ਾਂਤ ਸੀ। ਉਹ ਸ਼ਾਇਦ ਕੋਈ ਪ੍ਰੀਖਿਆ ਲੈ ਰਿਹਾ ਸੀ। ਉਸ ਦੀ ਆਤਮਾ ਵਿਚ ਸ਼ਾਇਦ ਕੋਈ ਘੋਲ ਹੁੰਦਾ ਰਹਿੰਦਾ ਸੀ ਜਿਸ ਕਰਕੇ ਉਹ ਸਦਾ ਚੁਪ ਰਹਿੰਦਾ ਸੀ।

‘ਸਰਵਣ ... ... ਆਖਰ ਇਹ ਕਿਵੇਂ ਏਂ? ਏਸ ਚੁਪ ਦਾ ਕਾਰਨ? ਕੌਣ ਬੇ-ਰਹਿਮ ਏ ਜੁ ਤੁਹਾਨੂੰ ਇੰਜ ਕਰਨ ਲਈ ਮਜਬੂਰ ਕਰਦਾ ਏ? ਦਸੋ ... ... ਦਸੋ ਮੈਂ ਕੀ ਕਰ ਸਕਦੀ ਹਾਂ? ਨਾ-ਚੀਜ਼ ਹਾਂ, ਨਿਕੰਮੀ ਹਾਂ, ਸ਼ਾਇਦ ਕਿਸੇ ਕੰਮ ਆ ਸਕਾਂ।' ਰਸਤਾ ਰੋਕੀ, ਅੰਜਨੀ ਮਿੰਨਤਾਂ ਕਰ ਰਹੀ ਸੀ।

‘ਕੌਣ ਅੰਜਨੀ! ਏਡੀ ਤਬਦੀਲੀ? ਕਿਧਰ ... ... ਗਈ ਉਹ ਸੁਰਖੀ, ਪਾਊਡਰ, ਲਾਲ ਸਾੜ੍ਹੀ, ਸੈਂਡਲ ... ... ਕੁਝ ਵੀ ਨਹੀਂ ... ... ਏਡੀ ਸਾਦਗੀ... ...? ਇਹ ਭੋਲਪਾਨ ਇਹ... ... ਇਹ ਮਿਠਤ ... ... ਆਹ ... ...ਨਿਰਾ ਪਿਆਰ... ... ... ਪਿਆਰ ਦਾ ਬੁਤ ... ...।'

ਉਹ ਬੋਲੀ ਗਿਆ। ਜੋ ਜੀਅ ਕੀਤਾ ਕਹੀ ਗਿਆ। ਉਹ ਬਿਲਕੁਲ ਸ਼ਾਂਤ ਸੀ। ਸ਼ਾਇਦ ਆਪਾ ਭੁਲ ਚੁਕਾ ਸੀ। ਉਸ ਦੀਆਂ ਅਖਾਂ ਬੰਦ ਸਨ। ਅਜ ਅੰਜਨੀ ਦੀਆਂ ਅਖਾਂ ਵਿਚ ਲਜਿਆ ਸੀ। ਸ਼ਰਮ ਨਾਲ ਉਸ ਨੇ ਮੂੰਹ ਨੀਵਾਂ ਕੀਤਾ ਹੋਇਆ ਸੀ। ਸਰੀਰ ਦੇ ਹਰ ਅੰਗ ਤੇ ਲਾਜ ਸੀ, ਸਾਦਗੀ ਸੀ। ਉਸ ਦੇ ਕੇਸ ਬਿਲਕੁਲ ਸਾਦੇ ਵਾਹੇ ਹੋਏ ਸਨ। ਮੋਟਾ ਚੀਰ ਮਥੋਂ ਦੇ ਵਿਚਕਾਹੇ ਕਿਸੇ ਲੰਮੇ ਰਸਤੇ ਵਾਂਗ ਦਿਖਾਈ ਦੇ ਰਿਹਾ ਸੀ। ਲੰਮੀ ਭਾਰੀ ਗੁਤ ਉਸ ਦੇ ਲੱਕ ਤੇ ਪਲਮ ਰਹੀ ਸੀ। ਉਸ ਦੀ ਸੁੰਦਰਤਾ ਅਗੇ ਨਾਲੋਂ ਵੀ ਪਿਆਰੀ ਲਗਦੀ ਸੀ। ਸਰਵਣ ਨੇ ਤਕਿਆ। ਉਸ ਦੇ ਅੰਗ ਅੰਗ ਵਿਚੋਂ ਕਵਿਤਾ ਫੁਟ ਪਈ। ਉਸ ਤੋਂ ਰਿਹਾ ਨਾ ਗਿਆ। ਉਹ ਬੋਲ ਉਠਿਆ।'

‘ਅਜ, ਕਿਸੇ ਨੈਣਾਂ ਦੀ ਪ੍ਰੀਤ-ਮਧੁਰ,
ਬੇ-ਖੁਦ ਬਣਾ ਰਹੀ ਏ।
ਸੀਨੇ ਛੁਪਾ ਕੇ ਬਿਜਲੀਆਂ
ਕਣ ਕਣ ਨਚਾ ਰਹੀ ਏ।
ਤੇ ਜ਼ੁਲਫਾਂ ਦੇ ਸਾਏ ਸੁਟ ਸੁਟ

ਮੇਰੀ,... ... ਹਸਤੀ ਬਦਲਾ ਰਹੀ ਏ।' ਅਖੀਰਲੀ ਤੁਕ ਉਸ ਨੇ ਕੁਝ ਐਸੇ ਢੰਗ ਨਾਲ ਕਹੀ, ਅੰਜਨੀ ਤੇ ਅਨੋਖੀ ਹੀ ਲਹਿਰ ਦੌੜ ਗਈ। ਸਰਵਣ ਦੀਆਂ ਅਖਾਂ ਅਜੇ ਵੀ ਬੰਦ ਸਨ। ਅੰਜਨੀ ਨੇ ਉਤਾਂਹ ਤਕਿਆ ਅਤੇ ਉਠ ਖਲੋਤੀ। ਸਰਵਣ ਦੀਆਂ ਅਖਾਂ ਖੁਲ੍ਹੀਆਂ। ਦੋਵੇਂ ਮੁਸਕਰਾ ਰਹੇ ਸਨ।

ਅਗਲੀ ਸਵੇਰ ਚੜੀ। ਹਰ ਘਰ ਵਿਚ ਨਵੀਆਂ ਰੀਝਾਂ ਨਵੇਂ ਸੰਦੇਸ਼ ਪਹੁੰਚੇ। ਸੇਠ ਨੇ ਸਰਵਣ ਦੇ ਆਖੇ ਲਗ ਏਥੋਂ ਕੋਠੀ ਚੁਕਵਾ ਲਈ। ਲਾਡਲੀ ਅੰਜਨੀ ਦੀ ਹਰ ਮੰਗ ਅਗੇ ਸੇਠ ਸਾਹਿਬ ਕਦੇ ਅਟਕੇ ਨਹੀਂ ਸਨ। ਸੌ ਥੋੜੇ ਦਿਨਾਂ ਵਿਚ ਹੀ ਕੋਠੀ ਵਾਲਾ ਮਾਮਲਾ ਖਤਮ ਹੋ ਗਿਆ। ਲੋਕ ਡਰ ਗਏ, ‘ਸਾਡੀਆਂ ਕੋਠੀਆਂ ਵੀ ਇੰਜ ਚੁਕਵਾਈਆਂ ਜਾਇਆ ਕਰਨਗੀਆਂ। ਚਲੋ, ਸਾਨੂੰ ਇਹੋ ਜੇਹੀਆਂ ਕੋਠੀਆਂ ਦੀ ਲੋੜ ਹੀ ਨਹੀਂ।' ਉਹ ਕਹਿਣ ਲਗ ਪਏ। ਪਿੰਡ ਵਿਚ ਫਿਰ ਬਹਾਰਾਂ ਪਰਤ ਆਈਆਂ। ਗਿਧੇ ਦੀ ਗੂੰਜ ਫਿਰ ਉਠੀ। ਹੁਣ ਉਹਨਾਂ ਵਿਚ ਅੰਜਨੀ ਵੀ ਹਿਸਾ ਲੈਂਦੀ ਸੀ। ਉਹ ਵੀ ਕਤਦੀ। ਉਹ ਵੀ ਖੂਹਾਂ ਤੋਂ ਪਾਣੀ ਲਿਆਉਂਦੀ। ਸੇਠ ਸਾਹਿਬ ਨੂੰ ਇਹ ਗਲਾਂ ਚੰਗੀਆਂ ਲਗਦੀਆਂ ਪਰ ਅੰਜਨੀ ਦੀ ਚਾਹ ਅਗੇ ਉਹ ਰੋੜਾ ਬਣਨਾ ਚਾਹੁੰਦੇ। ਅੰਜਨੀ ਦਾ ਹੁਕਮ ਪ੍ਰਮਾਤਮਾ ਦਾ ਹੁਕਮ ਮੰਨ ਕੇ ਸੇਠ ਸਾਹਿਬ ਸਿਰ ਨਿਵਾ ਦਿਆ ਕਰਦੇ ਸਨ। ਅੰਜਨੀ ਨੇ ਪਿਤਾ ਪਾਸੋਂ ਵਰ ਮੰਗਿਆ, ਸੇਠ ਸਾਹਿਬ ਦੇ ਪੈਰਾਂ ਹੇਠੋਂ ਜ਼ਮੀਨ ਨਿਕਲ ਗਈ। ਪਰ ਅੰਜਨੀ ਦੀ ਮੰਗ ਸੀ। ਕੁਝ ਦਿਨਾਂ ਦੇ ਝਗੜੇ ਤੋਂ ਬਾਆਦ ਅੰਜਨੀ ਦੀ ਮੰਗ ਮੰਨੀ ਗਈ ਸਰਵਣ ਦੂਲਾ ਬਣਿਆਂ, ਅੰਜਨੀ ਦੁਲ੍ਹਨ। ਸਾਰੇ ਪਿੰਡ ਨੇ ਪਿਆਰੇ ਸਰਵਣ ਦੀ ਖੁਸ਼ੀ ਵਿਚ ਖੁਸ਼ੀ ਮਨਾਈ। ਗੀਤ ਗਾਏ, ਨਾਚ ਨਚੇ, ਗਿਧੇ ਦੀ ਘੁੰਮਕਾਰ ਵਿਚ ਮੁਟਿਆਰਾਂ ਝੂਮਦੀਆਂ ਰਹੀਆਂ। ਅੰਜਨੀ ਪੇਂਡੂ ਬਣ ਗਈ। ਕਵੀ ਦੀ ਸਾਥਣ, ਕਾਵਿਤ੍ਰੀ ਬਣਦੀ ਜਾ ਰਹੀ ਸੀ, ਖੇਤਾਂ ਵਿਚ, ਰਾਹਾਂ ਤੇ, ਘਰਾਂ ਵਿਚ, ਉਹ ਗਾਉਂਦੀ ਫਿਰਦੀ, ਨਚਦੀ ਫਿਰਦੀ, ਸਰਵਣ ਸਾਰੀ ਦਿਹਾੜੀ ਕੰਮ ਕਰਦਾ ਅਕਦਾ ਨਾ, ਥਕਦਾ ਨਾ, ਉਸ ਦੀ ਦੁਨੀਆਂ ਵਿਚ ਸਾਂਝ ਦਾ ਵਾਧਾ ਹੋ ਗਿਆ। ਉਹ ਵਸਦਾ ਰਿਹਾ, ਹਸਦਾ ਰਿਹਾ। ਅੰਜਨੀ ਦੀ ਜ਼ਿੰਦਗੀ ਬਣ ਗਈ। ਅੰਜਨੀ ਦੀ ਅਮੀਰ ਦੁਨੀਆਂ ਗਰੀਬਾਂ ਦੀਆਂ ਝੁਗੀਆਂ ਨਾਲ ਸਾਂਝ ਪਾ ਬੈਠੀ, ਬਸ ਦੁਨੀਆਂ ਹੀ ਸਾਂਝੀ ਹੋ ਗਈ।

"ਸਰੋਜ"


'ਬਾਬੂ ਜੀ ਚਾਰ ਪੈਸੇ! ਮੈਨੂੰ ਬਹੁਤ ਭੁਖ ਲਗੀ ਹੈ।'

'ਨਹੀਂ ਭਈ ਨਹੀਂ।' ਮੈਂ ਛੁਟਕਾਰਾ ਪਾਉਣ ਲਈ ਕਿਹਾ।

‘ਬਾਬੂ ਜੀ ਤੁਹਾਡਾ ਭਲਾ ਹੋਵੇ, ਮੈਂ ਤਿੰਨਾਂ ਦਿਨਾਂ ਤੋਂ ਭੁਖੀ ਹਾਂ, ਬਾਬੂ ਜੀ ਪ੍ਰਮਾਤਮਾ ਦੇ ਨਾਮ ਤੇ ਚਾਰ ਪੈਸੇ।'

ਮੈਂ ਚੁਪ ਕਰਕੇ ਤੁਰੀ ਗਿਆ, ਉਹ ਮੇਰੇ ਪਿਛੇ ੨ ਆਂਦੀ ਗਈ ਤੇ ਫਿਰ ਹੌਲੀ ਆਵਾਜ਼ ਵਿਚ ਬੋਲੀ,

'ਬਾਬੂ ਜੀ ਸਲਾਮਤ ਰਹੋ, ਕੇਵਲ ਚਾਰ ਪੈਸੇ, ਭੁਖ ਨਾਲ ਮੇਰੀਆਂ ਆਂਦਰਾਂ ਖੁਸਦੀਆਂ ਜਾ ਰਹੀਆਂ ਹਨ। ਮੈਂ ਭੁਖ ਨਾਲ ਤੜਫ ਤੜਫ ਕੇ ਮਰ ਜਾਵਾਂਗੀ।'

ਮੈਨੂੰ ਉਸ ਤੇ ਤਰਸ ਆ ਗਿਆ, ਜੇਬ ਵਿਚ ਹਥ ਮਾਰਿਆ ਚੁਆਨੀ ਹੱਥ ਵਿਚ ਆਈ, ਚੁਆਨੀ ਉਸ ਵਲ ਵਧਾਈ।

'ਬਾਬੂ ਜੀ ਮੇਰੇ ਕੋਲ ਬਾਕੀ ਪੈਸੇ ਨਹੀਂ।' ਉਸ ਨਿਮਰਤਾ ਨਾਲ ਕਿਹਾ।

'ਉਹ ਸਾਹਮਣਿਉਂ ਦੁਕਾਨ ਤੋਂ ਭਨਾ ਲਿਆ।' ਸਾਹਮਣੇ ਦੁਕਾਨ ਵਲ ਇਸ਼ਾਰਾ ਕਰਦੇ ਹੋਏ ਮੈਂ ਜਵਾਬ ਦਿਤਾ । ਉਹ ਪੈਸੇ ਤੁੜਾਨ ਚਲੀ ਗਈ। ਇਤਨੇ ਵਿਚ ਮੇਰਾ ਇਕ ਦੋਸਤ ਆ ਗਿਆ, ਮੈਂ ਬਿਨਾਂ ਬਾਕੀ ਪੈਸੇ ਲਏ ਚਲਾ ਗਿਆ।

ਤੀਜੇ ਦਿਨ ਮੈਂ ਹਾਲ ਬਾਜ਼ਾਰ ਵਿਚੋਂ ਲੰਘ ਰਿਹਾ ਸਾਂ ਕਿ ਸਾਹਮਣਿਓਂ ਮੈਨੂੰ ਉਹੋ ਮੰਗਤੀ ਆਉਂਦੀ ਨਜ਼ਰ ਆਈ। ਮੈਨੂੰ ਦੇਖਦੇ ਹੀ ਝਟ ਉਸ ਨੇ ਆਪਣੀ ਜੇਬ ਵਿਚੋਂ ਕੁਝ ਕਢਿਆ ਤੇ ਮੇਰੇ ਵਲ ਵਧਾਂਦੀ ਹੋਈ ਬੋਲੀ, 'ਬਾਬੂ ਜੀ ਪਰਸੋਂ ਤੁਸੀਂ ਬਾਕੀ ਪੈਸੇ ਲੈਣ ਤੋਂ ਬਿਨਾਂ ਹੀ ਚਲੇ ਗਏ। ਐਹ ਲਵੋ ਆਪਣੇ ਬਾਕੀ ਦੇ ਤਿੰਨ ਆਨੇ, ਤੁਸਾਂ ਮੈਨੂੰ ਇਕ ਆਨਾ ਦੇਕੇ ਉਸ ਦਿਨ ਮੌਤ ਦੇ ਮੂੰਹ ਚੋਂ ਬਚਾਇਆ ਸੀ, ਰਬ ਤੁਹਾਨੂੰ ਬਹੁਤ ੨ ਸੁਖੀ ਰਖੇ ਬਾਬੂ ਜੀ।'

ਉਹ ਇਕੋ ਸਾਹ ਸਭ ਕੁਝ ਕਹਿ ਗਈ। ਮੈਂ ਅਜ ਉਸ ਨੂੰ ਚੰਗੀ ਤਰਾਂ ਦੇਖਣ ਦੀ ਕੋਸ਼ਿਸ਼ ਕੀਤੀ, ਥਾਂ ਥਾਂ ਕਪੜੇ ਪਾਟੇ ਹੋਏ, ਜਗਾ ਜਗਾ ਮੈਲਾਂ ਜੰਮੀਆਂ ਹੋਈਆਂ, ਵਾਲ ਇਧਰ ਉਧਰ ਖਿਲਰੇ ਹੋਏ, ਰੰਗ ਗੰਧਮੀ ਤੇ ਉਮਰ ਲਗ ਪਗ ਸਤਾਰਾਂ ਅਠਾਰਾਂ ਸਾਲ।

'ਬੜੀ ਈਮਾਨਦਾਰ ਮਲੂਮ ਹੁੰਦੀ ਏ?' ਮੈਂ ਇਕ ਪਾਸੇ ਹੁੰਦੇ ਕਿਹਾ।

'ਬਾਬੂ ਜੀ ਗਰੀਬ ਜ਼ਰੂਰ ਹਾਂ,' ਉਹ ਇਕ ਦਮ ਬੋਲ ਪਈ, ‘ਪਰ ਬੇਈਮਾਨ ਨਹੀਂ, ਅਸੀਂ ਬਾਹਰੋਂ ਮੈਲੇ ਜ਼ਰੂਰ ਹਾਂ, ਪਰ ਅੰਦਰੋਂ ਮਨ ਦੇ ਕਾਲੇ ਨਹੀ, ਅਸੀਂ ਮੰਗ ਕੇ ਜ਼ਰੂਰ ਖਾਂਦੇ ਹਾਂ, ਪਰ ਕਿਸੇ ਦੀ ਸ਼ਰਾਫਤ ਦਾ ਨਾਜਾਇਜ਼ ਫਾਇਦਾ ਨਹੀਂ ਉਠਾਂਦੇ ਬਾਬੂ ਜੀ ਗਰੀਬ ਪੈਦਾ ਨਹੀਂ ਹੁੰਦੇ, ਬਣਾਏ ਜਾਦੇ ਹਨ।' ਕਹਿੰਦੇ ਕਹਿੰਦੇ ਉਸ ਦਾ ਮੂੰਹ ਲਾਲ ਹੋ ਗਿਆ ਜਿਵੇਂ ਉਸ ਦਾ ਖੂਨ ਖੋਲਣ ਲਗ ਪਿਆ ਹੋਵੇ।

'ਤੂੰ ਕਿਥੇ ਰਹਿੰਦੀ ਏਂ?’ ਮੈਂ ਪੁਛਿਆ।

'ਮੰਗਤਿਆਂ ਦਾ ਕੀ ਠਿਕਾਣਾ, ਜਿਥੇ ਜਗ੍ਹਾ ਮਿਲੀ, ਰਾਤ ਕਟ ਲਈ।'

'ਪਰ ਤੇਰੇ ਵਰਗੀ ਨੌਜਵਾਨ ... ...' ਪਰ ਇਸ ਤੋਂ ਅਗੇ ਮੇਰੀ ਜ਼ਰਾਨ ਨੇ ਸਾਥ ਨਾ ਦਿਤਾ। ਉਹ ਮੇਰਾ ਭਾਵ ਸਮਝਕੇ ਬੋਲੀ, 'ਬਾਬੂ ਜੀ ਤੁਸੀਂ ਠੀਕ ਕਹਿੰਦੇ ਹੋ, ਰਾਤ ਨੂੰ ਇਧਰ ਉਧਰ ਸੌਣਾ ਮੇਰੇ ਲਈ ਖਤਰੇ ਤੋਂ ਖਾਲੀ ਨਹੀਂ, ਪਰ ਰਾਤ ਨੂੰ ਨੀਂਦ ਕਿਸ ਨੂੰ ਆਉਂਦੀ ਹੈ, ਬੈਠਿਆਂ ਰਾਤ ਲੰਘ ਜਾਂਦੀ ਹੈ।'

‘ਤੇਰਾ ਨਾਮ?'

‘ਜੀ ਰਾਜ।'

‘ਤੇਰੇ ਮਾਤਾ ਪਿਤਾ ਕਿਥੇ ਹਨ?'

'ਉਹ ਦੇਸ਼ ਦੀ ਵੰਡ ਸਮੇਂ' ਪ੍ਰਲੋਕ ਸਿਧਾਰ ਗਏ, ਮੈਂ ਬਦਨਸੀਬ ਹੀ ਇਸ ਦੁਨੀਆਂ ਦੀਆਂ ਠੋਕਰਾਂ ਖਾਣ ਲਈ ਜੀਉਂਦੀ ਰਹਿ ਗਈ। ਪਹਿਲੇ ਰਫਿਊਜੀ ਕੈਂਪ ਵਿਚ ਉਥੋਂ ਦੇ ਵਰਕਰਾਂ ਦੀਆਂ ਭੈੜੀਆਂ ਨਜ਼ਰਾਂ ਤੋਂ ਬਚਦੀ ਸ਼ਹਿਰ ਭਜ ਆਈ, ਪਰ ਸ਼ਹਿਰ ਵਿਚ ਵੀ ਮੇਰੀ ਜਵਾਨੀ ਨੂੰ ਨਾਸ਼ ਕਰਨ ਵਾਲੇ, ਮੇਰੀ ਇਜ਼ਤ ਨੂੰ ਲੁਟਣ ਵਾਲੇ ਤੇ ਮੈਨੂੰ ਧੋਖੇ ਵਿਚ ਫਸਾਣ ਵਾਲੇ ਬੜੇ ਹਨ, ਪਰ ਬਾਬੂ ਜੀ ਮੈਂ ਹਾਲੇ ਤਕ ਕਿਸੇ ਦੇ ਜ਼ਾਲਮ ਖੂਨੀ ਪੰਜਿਆਂ ਦਾ ਸ਼ਿਕਾਰ ਨਹੀਂ ਹੋਈ, ਅਮੀਰਾਂ ਦੇ ਚੰਗੇ ਚੰਗੇ ਲੜਕਿਆਂ ਨੂੰ ਮੈਨੂੰ ਆਪਣੇ ਜਾਲ ਵਿਚ ਫਸਾਉਣ ਦੀ ਕੋਸ਼ਿਸ਼ ਕੀਤੀ, ਪਰ ਮੈਂ ਉਹਨਾਂ ਦੀਆਂ ਚਾਲਾਂ ਵਿਚ ਨਾ ਆਈ। ਬਾਬੂ ਜੀ, ਤੁਸੀਂ ਹੀ ਦਸੋ ਆਖਰ ਅਮੀਰ ਗਰੀਬ ਵਿਚ ਇਤਨਾਂ ਫਰਕ ਕਿਉਂ ਹੈ ਤੇ ਇਹਨਾਂ ਅਮੀਰਾਂ ਨੇ ਆਪਣੇ ਆਪ ਨੂੰ ਸਮਝ ਕੀ ਰਖਿਆ ਹੈ?'

ਉਸ ਦੇ ਲਫਜ਼ਾਂ ਵਿਚ ਬਗਾਵਤ ਦੀ ਬੂ ਆਉਂਦੀ ਸੀ। ਉਹ ਬੋਲਦੀ ਬੋਲਦੀ ਇਸ ਤਰਾਂ ਲਗਣ ਲਗ ਪੈਂਦੀ ਜਿਵੇਂ ਇਸ ਦੁਨੀਆਂ ਵਿਚ ਇਨਕਲਾਬ ਲੈ ਆਵੇਗੀ, ਸਮਾਜ ਦੇ ਖਿਲਾਫ ਬਗਾਵਤ ਕਰੇਗੀ। ਮੈਂ ਸਿਰ ਨੀਵਾਂ ਪਾਈ ਚੁਪ ਚਾਪ ਖਲੋਤਾ ਰਿਹਾ।

'ਚੰਗਾ ਰਾਜ ਤੂੰ ਮੈਨੂੰ ਪਰਸੋਂ ਕੰਪਨੀ ਬਾਗ ਵਿਚ ਉਚੇ ਗੁੰਬਦ ਦੇ ਲਾਗੇ ਮਿਲੀਂ, ਮੈਂ ਤੇਰੀ ਨੌਕਰੀ ਦਾ ਪ੍ਰਬੰਧ ਕਰ ਦੇਵਾਂਗਾ।' ਮੈਂ ਦਿਲ ਵਿਚ ਕੋਈ ਫੈਸਲਾ ਕਰਕੇ ਕਿਹਾ।

'ਨੌਕਰੀ... ...?' ਉਹ ਹੈਰਾਨੀ ਨਾਲ ਮੇਰੇ ਵਲ ਤਕਣ ਲਗੀ।

'ਹਾਂ ਰਾਜ ਨੌਕਰੀ।' ਮੈਂ ਉਸ ਦੀ ਹੈਰਾਨੀ ਦੂਰ ਕਰ ਦਿਤੀ।

'ਸਚ ਮੁਚ ਬਾਬੂ ਜੀ, ਮੈਨੂੰ ਨੌਕਰੀ ਮਿਲ ਜਾਏਗੀ?'

'ਕਿਉਂ ਨਹੀਂ ਰਾਜ।’

'ਚੰਗਾ ਬਾਬੂ ਜੀ ਮੈਂ ਤੁਹਾਡੇ ਤੇ ਯਕੀਨ ਕਰਦੀ ਹੋਈ ਪਰਸੋਂ ਤੁਹਾਨੂੰ ਜ਼ਰੂਰ ਮਿਲਾਂਗੀ। ਦੇਖਣਾ ਕਿਤੇ ਹੋਰਨਾਂ ਅਮੀਰਾਂ ਵਾਂਗ ... ...।' ਤੇ ਉਹ ਅਗੇ ਨਾ ਬੋਲ ਸਕੀ।

'ਨਹੀਂ ਨਹੀਂ ਰਾਜ, ਪੰਜੇ ਉਂਗਲਾਂ ਇਕੋ ਜਹੀਆਂ ਨਹੀਂ ਹੁੰਦੀਆਂ, ਮੈਂ ਉਨ੍ਹਾਂ ਅਮੀਰਾਂ ਵਾਂਗ ਨਹੀਂ ਜੋ ਗਰੀਬਾਂ ਦਾ ਲਹੂ ਚੂਸ ਚੂਸ ਵੀ ਹਮੇਸ਼ਾਂ ਭੁਖੇ ਰਹਿੰਦੇ ਹਨ, ਜੇਹੜੀਆਂ ਭੋਲੀਆਂ ਭਾਲੀਆਂ ਤੇ ਨੌਜਵਾਨ ਜਿੰਦੜੀਆਂ ਨੂੰ ਤਬਾਹ ਕਰਕੇ ਵੀ ਖੁਸ਼ ਹੁੰਦੇ ਹਨ ਤੇ ਉਹਨਾਂ ਦੇ ਰੋਮ ਰੋਮ ਵਿਚੋਂ, ਨਸ ਨਸ ਵਿਚੋਂ ਉਹਨਾਂ ਬਦਇਖਲਾਕੀ, ਦੁਰਾਚਾਰੀ ਤੇ ਕਮੀਨਗੀ ਦੀ ਬੂ ਆਂਉਂਦੀ ਹੈ।' ਮੈਂ ਉਸ ਨੂੰ ਯਕੀਨ ਦਵਾਉਣ ਲਈ ਕਿਹਾ।

ਮੈਂ ਉਸ ਦੇ ਚਿਹਰੇ ਵਲ ਤਕਿਆ ਸ਼ਾਂਤੀ ਝਲਕਾਂ ਮਾਰ ਰਹੀ ਸੀ।

'ਅਛਾ ਰਾਜ ਪਰਸੋਂ।' ਤੇ ਮੈਂ ਆਪਣੇ ਕੰਮ ਚਲਾ ਗਿਆ।

ਪਰ ਰਾਜ ਮੈਨੂੰ ਨੀਯਤ ਦਿਨ ਕੰਪਨੀ ਬਾਗ ਨਾ ਮਿਲੀ। ਉਸ ਨੂੰ ਬੜਾ ਲੱਭਿਆ, ਪਰ ਕੁਝ ਪਤਾ ਨਾ ਲਗ। ਉਸ ਦੇ ਨਾ ਆਉਣ ਦਾ ਕਾਰਨ ਮੇਰੀ ਸਮਝ ਵਿਚ ਨਾ ਆ ਸਕਿਆ। ਮੇਰੇ ਦਿਮਾਗ ਵਿਚ ਵੰਨ-ਸੁ-ਵੰਨੇ ਖਿਆਲ ਪੈਦਾ ਹੋਣ ਲਗ ਪਏ। ਕਿਧਰੇ ਉਸ ਦੇ ਮਨ ਵਿਚ ਹੋਰਨਾਂ ਅਮੀਰਾਂ ਵਾਂਗ ਮੇਰੇ ਬਾਰੇ ਵੀ ਕੋਈ ਗਲਤ ਫਹਿਮੀ ਨਾ ਪੈ ਗਈ ਹੋਵੇ, ਸ਼ਾਇਦ ਉਹ ਬੀਮਾਰ ਹੋ ਗਈ ਹੋਵੇ, ਕਿਸੇ ਮੁਸੀਬਤ ਵਿਚ ਨਾ ਫਸ ਗਈ ਹੋਵੇ ਤੇ ਹੋ ਸਕਦਾ ਹੈ ਉਹ ਕਿਸੇ ਦੇ ਜਾਲ ਵਿਚ ਫਸ ਗਈ ਹੋਵੇ। ਫਿਰ ਖਿਆਲ ਆਇਆ ਇਹਨਾਂ ਲੋਕਾਂ ਦਾ ਕੀ ਹੈ, ਕਿਸੇ ਦੀ ਨੇਕੀ ਨੂੰ ਸਮਝਦੇ ਹੀ ਨਹੀਂ, ਸਾਰੇ ਮੰਗਤੇ ਹੁੰਦੇ ਹੀ ਇਸ ਤਰਾਂ ਦੇ ਨੇ। ਪਰ ਮੇਰਾ ਦਿਲ ਮੇਰੇ ਨਾਲ ਸਹਿਮਤ ਨਹੀਂ ਸੀ, ਮੈਨੂੰ ਇਸ ਤਰਾਂ ਮਹਿਸੂਸ ਹੁੰਦਾ ਜਿਵੇਂ ਰਾਜ ਕਿਸੇ ਵਡੀ ਮੁਸੀਬਤ ਵਿਚ ਹੋਵੇ, ਉਹ ਮਦਦ ਲਈ ਮੈਨੂੰ ਪੁਕਾਰ ਰਹੀ ਹੋਵੇ। ਅੰਤ ਕਾਫੀ ਅਸਫਲ ਢੂੰਡ ਤੋਂ ਬਾਦ ਮੈਂ ਵਾਪਸ ਆ ਗਿਆ।

ਮੈਂ ਹਰ ਰੋਜ਼ ਕੰਪਨੀ ਬਾਗ ਜਾਣਾ ਸ਼ੁਰੂ ਕਰ ਦਿਤਾ। ਰੋਜ਼ ਘੰਟਾ ਦੋ ਘੰਟੇ ਉਸ ਦੀ ਭਾਲ ਕਰਦਾ, ਪਰ ਨਿਰਾਸਤਾ ਤੋਂ ਬਿਨਾਂ ਕੁਝ ਵੀ ਹਾਸਲ ਨਾ ਹੁੰਦਾ। ਮੈਂ ਸ਼ਹਿਰ ਵਿਚ ਵੀ ਉਸ ਦੀ ਭਾਲ ਕੀਤੀ, ਪਰ ਮਲੂਮ ਹੁੰਦਾ ਸੀ ਕਿ ਅਸਫਲਤਾ ਨੇ ਹਰ ਥਾਂ ਸਾਥ ਦੇਣ ਦੀ ਸੌਂਹ ਖਾਧੀ ਹੋਈ ਸੀ। ਇਸ ਢੂੰਡ ਵਿਚ ਕੁਝ ਦਿਨ ਲੰਘ ਗਏ ਤੇ ਆਖਰ ਇਕ ਦਿਨ ਰਾਜ ਮੈਨੂੰ ਕੰਪਨੀ ਬਾਗ ਮਿਲ ਹੀ ਪਈ। ਹੁਣ ਉਸ ਦੀ ਹਾਲਤ ਪਹਿਲੇ ਨਾਲੋਂ ਵੀ ਭੈੜੀ ਸੀ। ਕਪੜੇ ਮੈਲੇ, ਵਾਲ ਖਿਲਰੇ ਹੋਏ ਜਿਵੇਂ ਕੰਘੀ ਕੀਤੀ ਨੂੰ ਕਈ ਸਾਲ ਹੋ ਗਏ ਹੋਣ, ਚਿਹਰੇ ਦਾ ਰੰਗ ਉਡਿਆ ਹੋਇਆ ਤੇ ਸਰੀਰ ਤੇ ਮੈਲ ਇਸ ਤਰਾਂ ਜੰਮੀ ਹੋਈ ਸੀ। ਜਿਵੇਂ ਉਹ ਦੀਵਾਲੀ ਵਸਾਖੀ ਹੀ ਨਹਾਂਦੀ ਹੋਵੇ। ਮੇਰੇ ਦਿਲ ਵਿਚ ਰਾਜ ਲਈ ਪਹਿਲੇ ਨਾਲੋਂ ਵੀ ਵਧ ਹਮਦਰਦੀ ਪੈਂਦਾ ਹੋ ਗਈ। ਰਾਜ ਬਾਰੇ ਗੁਸੇ ਦੇ ਸਾਰੇ ਭਾਂਬੜ ਬੁਝ ਗਏ ਤੇ ਮੈਂ ਨਰਮੀ ਨਾਲ ਪੁਛਿਆ,

'ਰਾਜ ਤੂੰ ਉਸ ਦਿਨ ਆਈ ਕਿਓਂ ਨਾ?'

'ਬਾਬੂ ਜੀ ਤਕਦੀਰ ਜੁ ਮਾੜੀ ਸੀ?'

'ਕੀ ਮਤਲਬ?'

'ਮੈਂ ਇਸ ਦੁਨੀਆਂ ਦੇ ਹੋਰ ਧਕੇ ਖਾਣੇ ਸਨ।'

'ਕੁਝ ਗਲ ਵੀ ਦਸੇਂ।' ਮੇਰੀ ਹੈਰਾਨੀ ਵਧ ਰਹੀ ਸੀ।

'ਗਲ ਕੋਈ ਨਵੀਂ ਨਹੀਂ,' ਉਹ ਬੋਲੀ, 'ਹਰ ਕੋਈ ਗਰੀਬ ਦੀ ਮਜਬੂਰੀ ਦਾ ਨਾ-ਜਾਇਜ਼ ਫਾਇਦਾ ਉਠਾਂਦਾ ਹੈ।'

'ਪਰ ਹੋਇਆ ਕੀ ਹੈ?' ਮੈਂ ਕਾਹਲੀ ਨਾਲ ਪੁਛਿਆ।'

'ਤੁਸਾਂ ਉਸ ਦਿਨ ਸਚ ਹੀ ਕਿਹਾ ਸੀ ਕਿ ਮੇਰੇ ਲਈ ਰਾਤ ਨੂੰ ਬਾਜ਼ਾਰ ਵਿਚ ਸੌਣਾ ਖਤਰੇ ਤੋਂ ਖਾਲੀ ਨਹੀਂ, ਪਰ ਮੈਂ ਮੂਰਖ ਨਾ ਮੰਨੀ ਤੇ ਉਸ ਦਾ ਨਤੀਜਾ ਮੇਰੇ ਸਰੀਰ ਤੇ ਪ੍ਰਤੱਖ ਨਜ਼ਰ ਆ ਰਿਹਾ ਹੈ,' ਤੇ ਉਸ ਨੇ ਆਪਣੀਆਂ ਬਾਹਾਂ ਤੋਂ ਕਮੀਜ਼ ਉਚੀ ਕਰ ਦਿਤੀ।

'ਇਹ ਕੀ ਰਾਜ, ਤੈਨੂੰ ਕਿਸੇ ਮਾਰਿਆ ਹੈ, 'ਮੈਂ ਸਰੀਰ ਤੇ ਪਏ ਨੀਲਾਂ ਨੂੰ ਦੇਖਕੇ ਪੁਛਿਆ।

'ਹਾਂ ਬਾਬੂ ਜੀ।'

'ਕਿਸ ਨੇ?'

'ਸ਼ਹਿਰ ਦੇ ਰਖਵਾਲਿਆਂ ਨੇ।'

'ਤੇਰਾ ਮਤਲਬ?'

'ਪੁਲਿਸ ਨੇ।'

'ਪਰ ਕਿਉਂ?'

'ਕਿਉਂਕਿ ਉਹ ਮੇਰੀ ਰੁਲ ਚੁਕੀ ਜਵਾਨੀ ਨੂੰ ਹੋਰ ਰੋਲਣਾ ਚਾਹੂੰਦੇ ਸਨ, ਉਹਨਾਂ ਮੈਨੂੰ ਆਪਣੀ ਹਵਸ ਦਾ ਸ਼ਿਕਾਰ ਬਨਾਉਣਾ ਚਾਹਿਆ, ਪਰ ਪ੍ਰਮਾਤਮਾ ਨੇ ਮੇਰੀ ਲਾਜ ਰਖ ਲਈ।' ਉਸ ਦੀਆਂ ਅਖਾਂ ਵਿਚ ਅਥਰੂ ਆ ਗਏ।

‘ਤੇ ਫਿਰ?' ਮੇਰੇ ਮੂੰਹੋਂ ਅਚਾਨਕ ਨਿਕਲ ਗਿਆ।

'ਉਹ ਮੈਨੂੰ ਫੜਕੇ ਥਾਣੇ ਲੈ ਗਏ, ਜਿਥੇ ਮੈਨੂੰ ਚੰਗੀ ਤਰਾਂ ਕੁੱਟਿਆ ਗਿਆ ਤੇ ਅਠ ਦਿਨ ਕੈਦ ਰਖਿਆ।' ਉਸ ਹਟਕੋਰੇ ਲੈਂਦੇ ਕਿਹਾ।

'ਰਾਜ ਤੂੰ ਮੈਨੂੰ ਸਾਰੀ ਗਲ ਦਸ।' ਮੈਂ ਹੌਕਾ ਭਰਦੇ ਕਿਹਾ।

'ਛਡੋ ਬਾਬੂ ਜੀ ਜੋ ਹੋਣਾ ਸੀ ਉਹ ਹੋ ਗਿਆ।'

'ਨਹੀਂ ਰਾਜ ਤੂੰ ਦਸ।’

ਅਸੀਂ ਦੋਵੇਂ ਬਾਗ ਦੇ ਪਲਾਟ ਵਿਚ ਜਾ ਬੈਠੇ। ਰਾਜ ਕੁਝ ਚਿਰ ਚੁਪ ਰਹੀ ਤੇ ਫਿਰ ਬੋਲੀ।

'ਜਿਸ ਦਿਨ ਮੈਂ ਤੁਹਾਨੂੰ ਮਿਲਣ ਦਾ ਵਾਇਦਾ ਕਰਕੇ ਗਈ, ਉਸੇ ਰਾਤ ਮੈਂ ਇਕ ਦੁਕਾਨ ਦੇ ਫਟੇ ਤੇ ਕੰਧ ਨਾਲ ਢਾਸਣਾ ਲਾਕੇ ਬੈਠੀ ਹੋਈ ਸਾਂ ਕਿ ਦੋ ਸਿਪਾਹੀ ਦੁਕਾਨ ਦੇ ਸਾਹਮਣੇ ਆ ਖਲੋਤੇ ਤੇ ਆਪਸ ਵਿਚ ਘੁਸਰ ਮੁਸਰ ਕਰਨ ਲਗ ਪਏ। ਮੈਨੂੰ ਕੁਝ ਡਰ ਪ੍ਰਤੀਤ ਹੋਇਆ, ਪਰ ਆਪਣੀ ਜਗਾ ਤੋਂ ਨ ਹਿਲੀ। ਬਜ਼ਾਰ ਵਿਚ ਕਾਫੀ ਹਨੇਰਾ ਹੋ ਗਿਆ ਸੀ। ਇਕ ਸਿਪਾਹੀ ਮੇਰੇ ਕੋਲ ਆਕੇ ਬੋਲਿਆ,

'ਤੂੰ ਕੌਣ ਏਂ, ਇਥੇ ਕੀ ਪਈ ਕਰਦੀ ਏਂ?'

'ਕੁਝ ਨਹੀਂ ਸੰਤਰੀ ਜੀ, ਇਕ ਗਰੀਬ ਹਾਂ।' ਮੈਂ ਬੜੀ ਨਿਮਰਤਾ ਨਾਲ ਕਿਹਾ।

'ਚਲ ਸਾਡੇ ਨਾਲ।'

'ਕਿਥੇ?'

'ਜਿਥੇ ਅਸੀਂ ਲੈ ਚਲੀਏ।'

'ਸੰਤਰੀ ਜੀ, ਕੁਝ ਰਹਿਮ ਕਰੋ ਮੇਰੇ ਤੇ।'

'ਤੇਰੇ ਵਰਗੀਆਂ ਤੇ ... ... ... ...।' ਤੇ ਉਹ ਖਿੜ ਖਿੜਾਕੇ ਹਸ ਪਿਆ।

ਦੂਜਾ ਸਿਪਾਹੀ ਵੀ ਲਾਗੇ ਆ ਗਿਆ ਤੇ ਉਸ ਨੇ ਮੈਨੂੰ ਬਾਹੋਂ ਫੜ ਲਿਆ ਤੇ ਖਿਚਣ ਲਗਾ, ਪਰ ਮੈਂ ਦਰਵਾਜੇ ਦੀ ਕੁੰਡੀ ਨੂੰ ਪਕੀ ਤਰਾਂ ਫੜ ਲਿਆ ਤੇ ਉਚੀ ਉਚੀ ਰੌਲਾ ਪਾਉਣ ਲਗ ਪਈ। ਦੂਜੇ ਨੇ ਮੇਰੇ ਮੂੰਹ ਤੇ ਹਥ ਰਖ ਦਿਤਾ। ਮੈਂ ਮਜਬੂਰ ਗਈ, ਲਾਚਾਰ ਹੋ ਗਈ ਤੇ ਬੇ-ਆਸਰਾ ਹੋ ਗਈ, ਪਰ ਰਬ ਨੇ ਮੇਰੀ ਪੁਕਾਰ ਸੁਣ ਲਈ, ਮੇਰੀ ਇਜ਼ਤ ਰੁਲਣੋਂ ਬਚ ਗਈ। ਚੰਗੇ-ਭਾਗਾਂ ਨੂੰ ਇਕ ਚੌਂਕੀਦਾਰ ਮੇਰੀ ਆਵਾਜ਼ ਸੁਣਕੇ ਭਜਦਾ ਆਇਆ। ਜਦ ਸਿਪਾਹੀਆਂ ਨੇ ਉਸ ਨੂੰ ਵੇਖਿਆ ਤਾਂ ਉਚੀ ਉਚੀ ਕਹਿਣ ਲਗੇ,

'ਤੂੰ ਚੋਰੀ ਕਰਦੀ ਏਂ!'

ਪਰ ਮੈਂ ਕੁੰਡੇ ਨੂੰ ਨਾ ਛਡਿਆ, ਚੌਂਕੀਦਾਰ ਸਾਡੇ ਲਾਗੇ ਆ ਗਿਆ।

'ਕੀ ਗਲ ਏ ਸੰਤਰੀ ਜੀ,' ਚੌਂਕੀਦਾਰ ਨੇ ਪੁਛਿਆ।

'ਇਹ ਚੋਰ ਏ, ਥਾਣੇ ਲੈ ਜਾ ਰਹੇ ਹਾਂ।' ਦੋਵੇਂ ਇਕੋ ਵਾਰ ਬੋਲੇ।

'ਨਹੀਂ ਇਹ ਗਲਤ ਕਹਿ ਰਹੇ ਹਨ।' ਮੈਂ ਚਿਲਾਈ।

ਪਰ ਚੌਂਕੀਦਾਰ ਦੇ ਕਹਿਣ ਤੇ ਵੀ ਉਹ ਮੈਨੂੰ ਫੜਕੇ ਥਾਣੇ ਲੈ ਗਏ ਤੇ ਮੇਰੇ ਉਤੇ ਚੋਰੀ ਦਾ ਦੋਸ਼ ਲਾਇਆ ਗਿਆ। ਅਠ ਦਿਨ ਕੈਦ ਰਖਣ ਤੋਂ ਬਾਦ ਮੈਨੂੰ ਅਜ ਛੱਡਿਆ ਗਿਆ ਹੈ। ਮੈਂ ਸੋਚਦੀ ਸਾਂ ਕਿ ਬਾਬੂ ਜੀ ਕੀ ਸਮਝਣਗੇ। ਕੀ ਉਹਨਾਂ ਦੇ ਦਿਲ ਵਿਚ ਮੇਰੇ ਲਈ ਨਫਰਤ ਨਾ ਪੈਦਾ ਹੋ ਜਾਵੇਗੀ? ਪਰ ਤੁਸੀਂ ਹੀ ਦਸੋ ਮੈਂ ਕੀ ਕਰ ਸਕਦੀ ਸਾਂ? ਮੈਂ ਮਜਬੂਰ ਸਾਂ, ਲਾਚਾਰ ਸਾਂ? ਜ਼ੁਲਮ ਦੀ ਮਾਰੀ ਹੋਈ ਸਾਂ, ਗਰੀਬ ਸਾਂ, ਅਬਲਾ ਸਾਂ ਤੇ ਇਕ ਔਰਤ ਸਾਂ।'

ਰਾਜ ਆਪਣੀਆਂ ਬਾਹਾਂ ਵਿਚ ਸਿਰ ਦੇ ਕੇ ਰੋਣ ਲਗ ਪਈ। ਮੇਰੀਆਂ ਅਖਾਂ ਵੀ ਅਥਰੂ ਵਹਾਉਣ ਤੋਂ ਬਚ ਨਾ ਸਕੀਆਂ। ਮੇਰੇ ਦਿਲ ਵਿਚ ਇਸ ਨਰਕੀ ਦੁਨੀਆਂ ਲਈ ਬਗਾਵਤ ਪੈਦਾ ਹੋ ਰਹੀ ਸੀ, ਇਸ ਜ਼ਾਲਮ ਸਮਾਜ ਦੇ ਖਿਲਾਫ ਇਨਕਲਾਬ ਲਿਆਣ ਲਈ ਦਿਲ ਉਤਾਵਲਾ ਹੋ ਰਿਹਾ ਸੀ। ਸੈਂਕੜੇ ਖਿਆਲਾਂ ਨਾਲ ਘਿਰਿਆ ਮੇਰਾ ਦਿਮਾਗ ਦਬਾ ਦਬ ਹਰਕਤ ਕਰ ਰਿਹਾ ਸੀ। ਮੈਨੂੰ ਇਸ ਤਰਾਂ ਮਹਿਸੂਸ ਹੋਣ ਲਗਾ ਜੇ ਕੁਝ ਚਿਰ ਮੇਰੀ ਇਹੋ ਹਾਲਤ ਰਹੀ ਤਾਂ ਅਵੱਸ਼ ਪਾਗਲ ਹੋ ਜਾਵਾਂਗਾ। ਮੈਂ ਮਨ ਹੀ ਮਨ ਵਿਚ ਫੈਸਲਾ ਕੀਤਾ ਕਿ ਇਸ ਦੁਨੀਆਂ ਵਿਚ ਇਨਕਲਾਬ ਲਿਆਵਾਂਗਾ, ਸਮਾਜ ਨੂੰ ਬਦਲਾਂਗਾ, ਇਕ ਅਜੇਹੀ ਸਵਰਗੀ ਦੁਨੀਆਂ ਬਣਾਵਾਂਗਾ, ਜਿਥੇ ਹਰ ਕੋਈ ਸੁਖੀ ਤੇ ਬਿਨਾਂ ਖਤਰੇ ਤੋਂ ਜੀਵਨ ਬਤੀਤ ਕਰ ਸਕੇ ਤੇ ਮੈਂ ਇਕ ਦਮ ਰਾਜ ਨੂੰ ਜਫੀ ਪਾਉਂਦੇ ਹੋਏ ਚਿਲਾਇਆ, 'ਰਾਜ ਮੇਰੀ ਭੈਣ, ਨਾ ਰੋ ਬੀਬੀ ਭੈਣ! ਮੈਂ ਤੇਰੀ ਜ਼ਿੰਦਗੀ ਬਦਲਾਂਗਾ, ਤੇਰੀ ਖਾਤਰ ਸਮਾਜ ਵਿਚ ਇਨਕਲਾਬ ਲਿਆਵਾਂਗਾ, ਦੁਨੀਆਂ ਨਾਲ ਲੜਾਂਗਾ।'

ਰਾਜ ਬਿਨਾਂ ਕੁਝ ਬੋਲੇ ਬਿਟ ਬਿਟ ਮੇਰੇ ਵਲ ਤਕੀ ਰਹੀ ਸੀ। ਹੈਰਾਨੀ ਵਿਚ ਉਹ ਮੇਰੇ ਮੂੰਹ ਵਲ ਇਸ ਤਰਾਂ ਵੇਖ ਰਹੀ ਸੀ ਜਿਵੇਂ ਹੁਣੇ ਹੁਣੇ ਸੁਪਨਾ ਵੇਖ ਕੇ ਉਠੀ ਹੋਵੇ।

'ਰਾਜ ਤੈਨੂੰ ਮੇਰੇ ਤੇ ਯਕੀਨ ਨਹੀ?'

'ਸਚ ਮੁਚ ਬਾਬੂ ਜੀ।'

'ਹਾਂ ਬੀਬੀ ਭੈਣ! ਹੁਣ ਸਮਾਜ ਵਿਚ ਇਨਕਲਾਬ ਲਿਆਉਣ ਲਈ ਤਿਆਰ ਹੋ ਜਾ। ਅਸੀਂ ਦੋਵੇਂ ਮਿਲ ਕੇ ਬੇ-ਇਨਸਾਫ ਤੇ ਖੂਨੀ ਸਮਾਜ ਵਿਚ ਇਨਕਲਾਬ ਲਿਆਵਾਂਗੇ।'

'ਇਨਕਲਾਬ!' ਰਾਜ ਹੈਰਾਨ ਹੋ ਗਈ।

'ਹਾਂ ਇਨਕਲਾਬ! ਉਸ ਸਮਾਜ ਵਿਚ ਜਿਥੇ ਤੇਰੇ ਵਰਗੀਆਂ ਹਜ਼ਾਰਾਂ ਹੀ ਭੈਣਾਂ ਨਰਕੀ ਜੀਵਨ ਭੋਗ ਰਹੀਆਂ ਹਨ। ਉਹਨਾਂ ਦੀਆਂ ਅਸਮਤਾਂ ਲੁਟੀਆਂ ਜਾਂਦੀਆਂ ਹਨ, ਉਹਨਾਂ ਦੀ ਕਮਜ਼ੋਰੀ ਦਾ ਨਾ-ਜਾਇਜ਼ ਫਾਇਦਾ ਉਠਾਇਆ ਜਾਂਦਾ ਹੈ। ਮੈਂ ਇਕੋ ਸਾਹ ਸਭ ਕੁਝ ਕਹਿ ਗਿਆ।

'ਮੈਂ ਤਿਆਰ ਹਾਂ ਬਾਬੂ ਜੀ।' ਰਾਜ ਨੇ ਖੁਸ਼ੀ ਨਾਲ ਕਿਹਾ।

'ਰਾਜ ਤੂੰ ਮੈਨੂੰ ਮੁੜਕੇ ਬਾਬੂ ਜੀ ਨਾ ਆਖੀਂ।' ਮੈਂ ਪਿਆਰ ਵਿਚ ਗਦ ਗਦ ਹੋਕੇ ਕਿਹਾ।

'ਤੇ ਹੋਰ ਕੀ ਕਹਾਂ?'

'ਵੀਰ!'

'ਮੇਰਾ ਚੰਗਾ ਵੀਰ।'

'ਮੇਰੀ ਚੰਗੀ ਭੈਣ।'

ਤੇ ਦੋਹਾਂ ਨੇ ਘੁਟ ਕੇ ਗਲ-ਵਕੜੀ ਪਾ ਲਈ।

"ਪ੍ਰੀਤ"

ਸ਼ਾਮਾਂ ਦੇ ਘੁਸਮੁਸੇ ਵਿਚ ਨੰਦੂ ਬੜੀ ਮਧਮ ਜੇਹੀ ਚਾਲ ਚਲਦਾ ਹੋਇਆ ਤੁਰਿਆ ਜਾ ਰਿਹਾ ਸੀ। ਭੀੜੀਆਂ ਜੇਹੀਆਂ ਗਲੀਆਂ ਵਿਚੋਂ ਆ ਰਹੀ ਬਦਬੂ ਉਸਨੂੰ ਸਤਾ ਨਹੀਂ ਸੀ ਰਹੀ। ਪਰ ਫਿਰ ਵੀ ਉਹ ਬੜਾ ਉਦਾਸ ਸੀ। ਉਹ ਕਦੀ ਖਲੋ ਜਾਂਦਾ ਅਤੇ ਕਦੀ ਤੁਰ ਪੈਂਦਾ, ਕਦੀ ਪਿਛੇ ਮੁੜਦਾ ਅਤੇ ਕਦੀ ਅਗੇ ਵਧਦਾ ਸੀ। ਉਸ ਦੇ ਚਿਹਰੇ ਤੇ ਬੜੀ ਘਬਰਾਹਟ ਸੀ, ਚਿਹਰੇ ਤੇ ਬੇ-ਚੈਨੀ ਅਤੇ ਅਖਾਂ ਵਿਚ ਅਸਫਲਤਾ ਡਲ੍ਹਕਾਂ ਮਾਰ ਰਹੀ ਸੀ। ਉਸ ਦੇ ਮੋਕਲੇ ਹਡਾਂ ਤੋਂ ਉਸ ਦੀ ਬੀਤ ਚੁਕੀ ਜਵਾਨੀ ਦੇ ਨਿਸ਼ਾਨ ਅਜੇ ਗੁੰਮ ਨਹੀਂ ਸਨ ਹੋਏ। ਉਸ ਦੇ ਕਾਲੇ, ਭਦੇ ਅਤੇ ਡਰਾਉਣੇ ਨਕਸ਼ ਉਸ ਦੀ ਭੈੜੀ ਤਕਦੀਰ ਦੇ ਨਿਸ਼ਾਨ ਜਾਪਦੇ ਸਨ। ਉਸ ਦੀ ਕੋਝੀ ਅਤੇ ਬੇ-ਢਬੀ ਚਾਲ ਢਾਲ, ਉਸ ਦੇ ਭਿਖਾਰੀ ਹੋਣ ਦੀ ਹਾਮੀ ਸੀ। ਉਸ ਦੇ ਗਲ ਪਈਆਂ ਲੀਰਾਂ ਵੀ ਉਸ ਦੀ ਕਰੂਪਤਾ ਤੋਂ ਭੈ-ਭੀਤ ਸਨ।

'ਆਹ ... ... ਇਹ ਚਾਨਣੀ ਰਾਤ ... ਇਹ ਚਲਦੀ ਹਵਾ ਇਹ ਝੂਮਦੇ ਬੂਟੇ ... ... ਰੱਬਾ ਅਜ ਚਾਨਣੀ ਰਾਤ ਕਾਹਨੂੰ ਫੈਲਾਈ ਊ ... ਹਾਏ ਕੇਡੀ ਚਿਟੀ ਚਾਨਣੀ ਫੈਲਦੀ ਜਾ ਰਹੀ ਏ ਅਜ ਵੀ ਮੈਨੂੰ ਜ਼ਰੂਰ ਕੋਈ ਵੇਖ ਲਊਗਾ, ਜੋ ਅਜ ਵੀ ਮੈਂ ਕੁਝ ਨਾ ਕੁਝ ਚੋਰੀ ਨਾ ਕਰ ਸਕਿਆ ਤਾਂ ......।' ਉਹ ਕੰਬਣ ਲਗ ਪਿਆ। ਉਸ ਦੀ ਜ਼ਬਾਨ ਜਿਵੇਂ ਕਿਸੇ ਨੇ ਫੜ ਲਈ ਹੋਵੇ। ਉਸ ਦੀਆਂ ਅਖਾਂ ਵਿਚ ਦੀ ਕਈ ਸੀਨ ਬੀਤ ਰਹੇ ਸਨ, ਜਿਵੇਂ ਬਚੇ, ਔਰਤ ਅਤੇ ਬਿਰਧ ਮਾਈ ਬਾਪ ਰੋਟੀ ਦੀ ਰੱਟ ਲਾ ਲਾ ਕੇ ਵਾਰੀ ਵਾਰੀ ਮੌਤ ਦੇ ਮੂੰਹ 'ਚ ਕਿਰਦੇ ਜਾ ਰਹੇ ਹਨ। ਪਹਿਲਾਂ ਬਚੇ, ਫਿਰ ਬੁਢੇ ਮਾਈ ਬਾਪ ਤੇ ਅੰਤ ਉਸ ਨੂੰ ਆਪਣੇ ਪਿਆਰ ਦੀ ਨੰਨੀ ਜੇਹੀ ਦੁਨੀਆਂ, ਉਸ ਦੀ ਔਰਤ ਵੀ ਮੌਤ ਦੇ ਮੂੰਹ ਵਿਚ ਕੁਦਦੀ ਦਿਖਾਈ ਦਿਤੀ। ਅਸੀਂ ਨੰਗੇ ਹਾਂ, ਅਸੀਂ ਭੁਖੇ ਹਾਂ, ਅਸੀਂ ਮਰ ਰਹੇ ਹਾਂ।' ਜਿਵੇਂ ਉਹ ਵਾਰੀ ਵਾਰੀ ਕਹਿ ਰਿਹੇ ਸਨ। ਨੰਦੂ ਨੇ ਪਹਿਲਾਂ ਆਪਣੇ ਜਿਗਰ ਵਿਚੋਂ ਨਸਵਾਰੀ ਰੰਗ ਦਾ ਟੁਕੜਾ ਕਢਿਆ ਪਰ ਉਹ ਸੰਤੁਸ਼ਟ ਨਾ ਹੋਏ, ਉਸ ਨੇ ਆਪਣਾ ਪੇਟ ਚੀਰ ਕੇ ਉਹਨਾਂ ਦੀ ਭੁਖ ਮਿਟਾਉਣ ਦਾ ਯਤਨ ਕੀਤਾ ਪਰ ਉਹ ਏਨੇ ਨਾਲ ਕਿੰਜ ਰਜਦੇ, ਉਸ ਹੁਣ ਆਪਣੀਆਂ ਲਤਾਂ ਕਟੀਆਂ, ਉਹ ਅਜੇ ਵੀ ਭੁਖੇ ਸਨ। ਉਸ ਨੇ ਬਾਹਵਾਂ ਵੀ ਕਟ ਕੇ ਅਗੇ ਕਰ ਦਿਤੀਆਂ। ਹੁਣ ਜ਼ਰਾ ਉਹਨਾਂ ਦਾ ਚਿਹਰਾ ਸੰਤੁਸ਼ਟ ਜਾਪਣ ਲਗਾ ਪਰ ਹੁਣ ਨੰਦੂ ਮੁਰਦਾ ਸੀ। ਉਸ ਨੇ ਆਪਣੀ ਦੁਨੀਆਂ ਜੀਉਂਦੀ ਅਤੇ ਖੁਸ਼ ਰਖਣ ਲਈ ਆਪਾ ਵਾਰਿਆ ਸੀ। ਪਰ ਜਦ ਉਸ ਦੇ ਬਾਗ ਵਿਚ ਖੇੜਾ ਆਇਆ ਤਾਂ ਹੁਣ ਉਹ ਮੁਰਦਾ ਸੀ। ਜਦ ਉਹ ਜ਼ਿੰਦਾ ਸੀ ਤਦ ਉਸ ਦੀ ਦੁਨੀਆਂ ਮੁਰਦਾ ਸੀ ਪਰ ਜਦ ਦੁਨੀਆਂ ਜ਼ਿੰਦਾ ਹੋਈ ਤਾਂ ਉਹ ਮਰ ਚੁਕਾ ਸੀ।

‘ਆਹ ... ... ... ... ਕੇਡਾ ਦਰਦ ਮੈਂ ਤਕਿਆ ਏ, ਉਫ ... ... ... ਹਾਏ ... ... ... ਮੈਂ ਇਹ ਕੀ ਵੇਖਿਆ ਏ? ਨਹਿਸ਼, ਬਦ ਸਗਨੀ...।' ਉਹ ਕਹਿੰਦਾ ਗਿਆ। “ਉਦੋਂ.......ਉਦੋਂ ਜਦੋਂ ਮੈਂ ਅਗੇ ਚੋਰੀ ਕਰਦਾ ਫੜਿਆ ਗਿਆ ਸਾਂ.......ਉਦੋਂ ਵੀ ਇਹੋ ਜੇਹਾ ਕੁਛ ਮੈਂ ਅੱਖਾ ਵਿਚ ਤੱਕਿਆ ਸੀ ਅਜ......ਅਜ ਫੇਰ ਉਹੀ ਕੁਛ......ਹੇ ਮੁਰਾਰੀ.....ਹੇ ਮੁਕੰਦਾ ਹੇ ਭਗਵਾਨ.......ਹੇ ਕ੍ਰਿਸ਼ਨ.....ਮਹਾਂ ਦੇਵ.....ਹੇ ਰਾਮ ਪ੍ਰਭੂ ਈਸ਼ਵਰ,” ਉਸ ਬੜੇ ਕੁ ਨਾਵਾਂ ਨਾਲ ਪੁਕਾਰਿਆ ਉਸ ਦੇ ਹੱਥ ਜੁੜੇ ਹੋਏ ਸਨ, ਅੱਖਾਂ ਬੰਦ ਸਨ। ਹਵਾ ਦਾ ਇਕ ਜ਼ੋਰ ਦਾ ਬੁੱਲਾ ਆਇਆ ਨੰਦੂ ਕਿਸੇ ਹੋਰ ਹੀ ਦੁਨੀਆਂ ਵਿਚ ਪਹੁੰਚਿਆ ਹੋਇਆ ਸੀ।

“ਅੱਖਾਂ ਮੀਟਿਆਂ ਵੀ ਉਹੀ ਸਿਪਾਹੀ ਉਹੀ ਬੈਂਤ, ਜੇਲ੍ਹ, ਕੋਹਲੂ ਸਭ ਅੱਖਾਂ ਅੱਗੇ ਆਉਂਦੇ ਨੇ ਜਿਹੜੇ ਮੈਂ ਅਗੇ ਵੇਖ, ਚੁਕਾ...... ਐਹ ਪਿੰਡੇ ਤੇ ਨਿਸ਼ਾਨ; ਐਹ ਲਾਸਾਂ.......ਹਾਏ ਕਿੰਨੀ ਪੀੜ ਹੁੰਦੀ ਏ.....ਕਿਵੇਂ ਚੀਸਾਂ ਨਿਕਲਦੀਆਂ ਨੇ.....ਹੇ ਭਗਵਾਨ ਅਜ ਇਹ ਰਾਤ ਨਾ ਹੋਵੇ। ਮੇਰੀ ਰਖਿਆ ਕਰਨੀ ਪ੍ਰਭੂ, ਮੇਰੇ ਬੱਚੇ, ਮਾਂ ਬਾਪ ਤੇ ਮੇਰੀ.....ਮੇਰੀ ਬਿਲੋ......ਸਭ ਭੁਖੇ ਨੇ......ਕਈ ਡੰਗ ਹੋਏ ਉਨ੍ਹਾਂ ਰੋਟੀ ਦਾ ਭੋਰਾ ਅੰਦਰ ਨਹੀਂ ਲੰਘਾਇਆ......ਮੁਕੰਦੇ! ਕਦੀ ਤੂੰ ਵੀ ਭੁਖਾ ਰਹਿ ਕੇ ਵੇਖ......ਈਵਰ ਤਰਾਟਾਂ ਨੂੰ ਜਾਨਣ ਲਈ ਚੋਰੀ ਕਰਕੇ ਵੇਖ........ਪ੍ਰਭੂ! ਹੰਝੂ ਵੇਖਣ ਲਈ ਭਿਖਾਰੀ ਦਾ ਰੂਪ ਧਾਰ।” ਉਹ ਬੋਲੀ ਗਿਆ ਪਰ ਕਿਸੇ ਸੋਚ ਨੇ ਉਸ ਨੂੰ ਉਚਾਟ ਕਰ ਦਿਤਾ ਅਤੇ ਗਲੀਆਂ ਚੀਰਦਾ ਹੋਇਆ ਉਹ ਉਥੇ ਪੂਜਾ ਜਿਥੇ ਉਹ ਪਹੁੰਚਣਾ ਚਾਹੁੰਦਾ ਸੀ।

ਦੁਕਾਨ ਦੇ ਪਿਛਵਾੜੇ, ਸ਼ਾਮਾਂ ਵੇਲੇ ਕੋਈ ਘਟ ਵਧ ਹੀ ਨਿਕਲਦਾ ਹੈ। ਨੰਦੂ ਨੇ ਆਸੇ ਪਾਸੇ ਨਜ਼ਰ ਦੁੜਾਈ ਉਸ ਨੂੰ ਕੋਈ ਮਨੁਖੀ ਜੀਵ ਦਿਖਾਈ ਨਾ ਦਿਤਾ। ਉਸ ਸ਼ੁਕਰ ਮਨਾਇਆ ਅਤੇ ਅੱਠ ਨੌਂ ਫੁੱਟ ਉਚੀ ਕੰਧ ਤੇ ਚੜ੍ਹ ਕੇ ਦੁਕਾਨ ਦੇ ਅੰਦਰ ਜਾ ਵੜਿਆ। ਲੈਂਪ ਦੀ ਰੌਸ਼ਨੀ ਵਿਚ ਉਸ ਨੇ ਕੁਛ ਲੱਭਣਾ ਚਾਹਿਆ। ਉਸ ਨੂੰ ਰੋਟੀਆਂ ਦਾ ਢੇਰ ਦਿਖਾਈ ਦਿਤਾ। “ਵਾਹ ਰੇ ਭਗਵਾਨ" ਉਸ ਮਨ ਵਿਚ ਕਿਹਾ ਅਤੇ ਰੋਟੀਆਂ ਦੀ ਝੋਲੀ ਭਰਕੇ ਬਾਹਰ ਨਿਕਲਣ ਹੀ ਲਗਾ ਸੀ ਜਦ ਉਸ ਨੂੰ ਠੇਡਾ ਲਗਾ। ਉਹ ਧੜੰਮ ਕਰਕੇ ਹੇਠਾਂ ਡਿਗ ਪਿਆ ਨਾਲ ਹੋਰ ਚੀਜ਼ਾਂ ਵੀ ਡਿਗੀਆਂ। ਇਕ ਸ਼ੋਰ ਜਿਹਾ ਮਚ ਗਿਆ, ਕੱਚ ਦਾ ਸ਼ੀਸ਼ਾ ਉਸ ਦੀ ਹਿਕ ਤੇ ਰਗੜਿਆ ਗਿਆ। ਪਰ ਉਸ ਦਰਦ ਨੂੰ ਨਾ ਮਨਾਇਆ। ਉਹ ਹੰਭਲਾ ਮਾਰ ਕੇ ਉਠਿਆ ਪਰ ਪਿਆਲਾ ਬੁਲ੍ਹਾਂ ਤਾਈਂ ਆ ਕੇ ਪਟਕ ਪਿਆ। ਦੁਕਾਨਦਾਰ ਨੇ ਨੰਦੂ ਨੂੰ ਆ ਫੜਿਆ ਨੰਦੂ ਨੇ ਆਪਣੇ ਦੋਹਾਂ ਹਥਾਂ ਨਾਲ ਮੂੰਹ ਢੱਕ ਲਿਆ। ਉਸ ਦੀ ਹਿਕ ਤੋਂ ਲਹੂ ਸਿੰਮ ੨ ਕੇ ਉਸ ਦੇ ਗਲ ਪਈਆਂ ਲੀਰਾਂ ਵਿਚ ਸਮਾਉਂਦਾ ਜਾ ਰਿਹਾ ਸੀ। ਦੁਕਾਨਦਾਰ ਨੇ ਵੇਖਿਆ, ਉਸ ਦੀਆਂ ਅਰਕਾਂ ਵੀ ਛਿਲੀਆਂ ਹੋਈਆਂ ਸਨ।

‘ਇਹ ਹਰਾਮਜ਼ਾਦੇ ਚੋਰ ਸਾਨੂੰ ਸਾਹ ਨਹੀਂ ਲੈਣ ਦੇਂਦੇ ਹਰ ਦੂਜੇ ਤੀਜੇ ਦਿਨ ਬੂਹੇ ਟੱਪ ਆਉਂਦੇ ਨੇ, ਬੇਵਕੂਫ ਮੰਗ ਮੰਗ ਕੇ ਵੀ ਨਹੀਂ ਰੱਜਦੇ ... ...।' ਦੁਕਾਰਦਾਰ ਨੇ ਹੋਰ ਸ਼ੋਰ ਮਚਾਉਂਦਿਆਂ ਕਿਹਾ। ਲੋਕ ਇਕ ਦਮ ਇਕਠੇ ਹੋ ਗਏ। ਕੋਈ ਗਾਲ੍ਹਾਂ ਕੱਢਦਾ, ਕੋਈ ਭਿਖਾਰੀ ਦੀ ਜ਼ਾਤ ਨੂੰ ਨਿੰਦਦਾ, ਕੋਈ ਇਹਨਾਂ ਦੀ ਨੀਅਤ ਨੂੰ ਘੋਖਦਾ ਸੀ। ਨੰਦੂ ਸੁਣਦਾ ਰਿਹਾ। ਉਹ ਆਪਣਾ ਆਪ ਭੁਲ ਚੁਕਾ ਸੀ। ਸਿਪਾਹੀਆਂ ਦੇ ਬੈਂਤ ਉਸ ਦੀਆਂ ਭਰੀਆਂ ਹੋਈਆਂ ਲਾਸਾਂ ਨੂੰ ਫੇਂਹਦੇ ਦਿਖਾਈ ਦੇਣ ਲਗ ਪਏ। ਉਸ ਨੂੰ ਨਿਸਚਾ ਸੀ ਐਤਕਾਂ ਦੀ ਮਾਰ ਖਾ ਕੇ ਉਹ ਜੀਉਂਦਾ ਨਹੀਂ ਰਹਿ ਸਕੇਗਾ। ਉਹ ਅਵੱਸ਼ ਮਰ ਜਾਏਗਾ ਤੇ ਉਸ ਦੇ ਮਰਨ ਨਾਲ ਛੇ ਮੌਤਾਂ ਹੋਰ ਵੀ ਹੋਣ ਦੀ ਸੰਭਾਵਨਾ ਸੀ। ਉਹ ਆਪ ਤਾਂ ਮਰਨਾ ਲੋਚਦਾ ਸੀ ਪਰ ਦੂਜੀਆਂ ਜ਼ਿੰਦਗੀਆਂ ਦੀ ਮੌਤ ਉਸ ਨੂੰ ਚੰਗੀ ਨਹੀਂ ਸੀ ਲਗਦੀ ਜਿਸ ਕਰਕੇ ਉਹ ਉਨ੍ਹਾਂ ਲਈ ਜੀਊਂ ਰਿਹਾ ਸੀ। ਨੰਦੂ ਨੇ ਦੁਕਾਨਦਾਰ ਪਾਸ ਬੇਨਤੀਆਂ ਕੀਤੀਆਂ, ਮਥਾ ਰਗੜਿਆ, ਆਪਣੀ ਗਰੀਬੀ ਦੇ ਪਰਦਿਆਂ ਪਿਛੇ ਜੀਅ ਰਹੇ ਮਨੁੱਖਾਂ ਦੇ ਵਾਸਤੇ ਪਾਏ ਪਰ ਦੁਕਾਨਦਾਰ ਉਸ ਨੂੰ ਪੱਥਰ ਦਾ ਰੂਪ ਹੀ ਦਿਸਿਆ। ਉਸ ਨੇ ਨੰਦੂ ਦੇ ਬੋਲਾਂ ਨੂੰ ਪਖੰਡ ਹੀ ਦਸਿਆ ਅਤੇ ਸਿਪਾਹੀਆਂ ਤੋਂ ਮਾਰ ਪੁਆ ਕੇ ਹੀ ਸਾਹ ਲਿਆ। ਨੰਦੂ ਨੂੰ ਘਸੀਟ ਕੇ ਸਿਪਾਹੀ ਲਈ ਜਾ ਰਹੇ ਸਨ ਰਸਤੇ ਵਿਚ ਇਕ ਭਾਰੀ ਇਕੱਠ ਹੋਇਆ ੨ ਸੀ। ਸਿਪਾਹੀਆਂ ਨੇ ਭੀੜ ਨੂੰ ਚੀਰਦਿਆਂ ਹੋਇਆਂ ਅਗੇ ਵਧ ਕੇ ਵੇਖਿਆ, ਇਕ ਅਮੀਰ ਜ਼ਾਦੇ ਦੀ ਕਾਰ ਹੇਠਾਂ ਕੋਈ ਦਸ ਕੁ ਸਾਲ ਦੀ ਲੜਕੀ ਕਿਸੇ ਮਤਲੀ ਹੋਈ ਕਲੀ ਵਾਂਗ ਲਿਤਾੜੀ ਪਈ ਸੀ। ਅਮੀਰ ਜ਼ਾਦਾ ਸਿਪਾਹੀਆਂ ਨਾਲ ਹਸ ਹਸ ਕੇ ਗਲਾਂ ਕਰ ਰਿਹਾ ਸੀ। ਉਸ ਨੇ ਇਕ ਦੋ ਵਾਰ ਆਪਣੇ ਖੀਸੇ 'ਚੋਂ ਕੁਝ ਕੱਢਿਆ ਅਤੇ ਸਿਪਾਹੀਆਂ ਦੀ ਮੁਠੀ ਵਿਚ ਅਛੌਪਲੇ ਜੇਹੇ ਦੇ ਦਿਤਾ। ਨੰਦੂ ਨੇ ਇਹ ਸੀਨ ਤੱਕਿਆ ਅਤੇ ਹੱਸ ਪਿਆ, ਫੇਰ ਅਗੇ ਵਧ ਕੇ ਉਸ ਨੇ ਮੋਈ ਹੋਈ ਕੁੜੀ ਦੀ ਲਾਸ਼ ਦੇਖਣੀ ਚਾਹੀ। ਲੋਕਾਂ ਦੀ ਏਡੀ ਭੀੜ ਵਿਚ ਨੰਦੂ ਖਿੱਚਦਾ ਧੂੰਹਦਾ ਪਿਛੇ ਚਲਾ ਗਿਆ। ਉਸ ਦੇ ਸੀਨੇ ਵਿਚ ਫਿਰ ਮੋਈ ਹੋਈ ਲਾਸ਼ ਨੂੰ ਵੇਖਣ ਦੀ ਖਿੱਚ ਜੇਹੀ ਪਈ। ਕਿਸੇ ਜੋਸ਼ ਦੇ ਅਸਰ ਹੇਠ ਉਸ ਨੇ ਵੀ ਧੱਕ ਧਕਾਈ ਸ਼ੁਰੂ ਕਰ ਦਿਤੀ ਅਤੇ ਲਾਸ਼ ਤਾਈਂ ਪਹੁੰਚ ਗਿਆ।

"ਹੈਂ......ਮੇਰੀ ਲਾਜੋ......ਮੇਰੀ ਬੱਚੀ?" ਉਹ ਚੀਕਿਆ

"ਕੇਡਾ ਪਾਗਲ ਏ।' ਕਿਸੇ ਨੇ ਕਿਹਾ

"ਹੈਂ ਇਸ ਦੀ ਮੁਠ ਵਿਚ ਚਾਰ ਪੈਸੇ ਵੀ ਨੇ? ਚਲੋ ਏਨੇ ਹੀ ਕਾਫੀ ਨੇ ਬੱਚੀ।" ਉਹ ਰੋਇਆ ਨਾ ਪਰ ਹੈਰਾਨ ਜ਼ਰੂਰ ਸੀ, 'ਓਏ ਕਮੀਨੇ! ਚਲ ਤੁਰ......ਬੈਠਾ ਫਫੜੇ ਵਾਹੁਨਾ ਏਂ, ਪਤਾ ਨਹੀਂ ਰਾਤ ਕਿੰਨੀ ਜਾ ਰਹੀ ਏ?' ਸਿਪਾਹੀ ਗਰਜਿਆ ਅਤੇ ਉਹ ਉਠ ਖਲੋਤਾ। ਉਸ ਦੇ ਵੇਖਦਿਆਂ ਹੀ ਵੇਖਦਿਆਂ ਅਮੀਰ ਜ਼ਾਦਾ ਆਪਣੀ ਕਾਰ ਲੈਕੇ ਚਲਾ ਗਿਆ ਅਤੇ ਲੋਕ ਕਿਰਨਮ ਕਿਰਨੀ ਹੋਣ ਲਗ ਪਏ। ਇਕ ਟੁਟੀ ਭੱਜੀ ਜੇਹੀ ਗੱਡੀ ਵਿਚ ਲਾਸ਼ ਰੱਖਕੇ ਹਸਪਤਾਲ ਵਲ ਲੈ ਤੁਰੇ ਅਤੇ ਨੰਦੂ ਜੇਹਲ ਵਲ ਕਦਮ ਵਧਾਈ ਤੁਰਿਆ ਜਾ ਰਿਹਾ ਸੀ।

ਨੰਦੂ ਨੂੰ ਜੁਰਮਾਨਾ ਅਤੇ ਕੈਦ ਸੁਣਾਈ ਗਈ। ਉਸ ਦੇ ਭਾ ਦਾ ਹਨ੍ਹੇਰ ਹੋ ਗਿਆ। ਉਸ ਦੀ ਬਿੱਲੋ ਉਸ ਨੂੰ ਮਿਲਣ ਆਈ। ਜੀਉਂਦੇ ਪਿੰਜਰ ਉਸ ਦੀ ਛਾਤੀ ਨਾਲ ਲਗੇ ਅਤੇ ਜੁਦਾ ਹੋ ਗਏ। ਉਸਦੀ ਮੁਟਿਆਰ ਕੁੜੀ, ਉਸ ਨੂੰ ਰੋ ਰੋ ਕੇ ਮਿਲੀ। ਨਿਖੜਨ ਸਮੇਂ ਨੰਦੂ ਨੇ ਆਪਣੀ ਸਾਥਣ ਨੂੰ ਕੁਝ ਕਿਹਾ। ਉਹ ਫਿਰ ਰੋ ਪਈ।

‘ਇਥੇ ਸਾਡਾ ਰਾਜ ਨਹੀਂ ਬਿੱਲੋ, ਹਕੂਮਤ ਦਾ ਕਹਿਆ ਮੰਨਣਾ ਪਊਗਾ। ਜੁਰਮਾਨਾ ਨਾ ਦਿਆਂਗੇ ਤਾਂ ਕੈਦ ਹੋਰ ਸੁਣਾ ਦੇਣਗੇ......ਮੈਂ ਜੋ ਕਿਹਾ ਮੰਨ ਲੈ।' ਨੰਦੂ ਨੇ ਜ਼ਰਾ ਹੌਲੇ ਜੇਹੇ ਕਿਹਾ।

'ਮੈਂ ਜੋ ਕਿਹਾ ਮੰਨ ਲੈ......।' ਬਿੱਲੋ ਨੇ ਵੀ ਹੌਲੀ ਜੇਹਾ ਕਿਹਾ ਅਤੇ ਤੁਰ ਪਈ। ਪਿੱਛੇ ਪਿੱਛੇ ਉਸ ਦੀ ਲੜਕੀ ਵੀ ਤੁਰ ਪਈ। ਨੰਦੂ ਸੀਖਾਂ ਪਿੱਛੇ ਡਕਿਆ ਤਕਦੀਰ ਦੇ ਘੜੇ ਹੋਏ ਬੁੱਤ ਤੁਰੇ ਜਾਂਦੇ ਵੇਖ ਰਿਹਾ ਸੀ। ਉਸ ਦੀਆਂ ਅੱਖਾਂ ਵਿਚ ਪਾਣੀ ਭਰ ਆਇਆ ਪਰ ਓਹ ਹੱਸ ਪਿਆ। ਉਸਨੂੰ ਆਪਣੀ ਲੜਕੀ ਦੀ ਮੌਤ ਯਾਦ ਆਗਈ ਉਹ ਹੋਰ ਹੱਸਿਆ। ‘ਚਲੋ ਲਾਡੋ ਤਾਂ ਦੁਖਾਂ ਤੋਂ ਛੁਟਕਾਰਾ ਪਾ ਗਈ। ਵਿਚਾਰੀ ... ... ਉਸ ਦੇ ਚਾਰ ਪੈਸੇ ਪਤਾ ਨਹੀਂ ਕਿੱਥੇ ਡਿਗ ਪਏ ਹੋਣਗੇ।” ਉਹ ਸੋਚਣ ਲਗ ਪਿਆ। ਬਿਲੋ ਹੁਣੀ ਹੁਣ ਅੱਖੀਆਂ ਤੋਂ ਉਹਲੇ ਹੋ ਗਈਆਂ ਸਨ। ਪਰ ਫਿਰ ਵੀ ਉਸ ਨੂੰ ਜਾਪਿਆ ਜਿਵੇਂ ਬਿਲੋ ਉਸ ਵੱਲ ਘੂਰ ਘੂਰ ਕੇ ਤੱਕ ਰਹੀ ਹੈ।

“ਇੰਜ ਨਾ ਤਕ ਬਿੱਲੀਏ ... ... ਕੁੜੀ ਦਾ ਵਪਾਰ ਕਿਤੇ ਨਹੀਂ ਤੈਨੂੰ ਡੋਬ ਦਿੰਦਾ ... ... ਅਸੀਂ ਕਦੋਂ ਦੇ ਮਰ ਚੁਕੇ ਹਾਂ ਗਰੀਬ ਵੀ ਕਦੀ ਜੀਊਂਦੇ ਦੇਖੇ ਈ ਕਮਲੀਏ, ਤੁਰੇ ਫਿਰਦੇ ਸਰੀਰ ਈ ਤਾਂ ਨਿਰੇ ਜੀਊਂਦੇ ਨਹੀਂ ਅਖਵਾ ਸਕਦੇ ਅਣਖ ਵਿਚ ਜੀਵਨ ਹੁੰਦਾ ਏ। ਸਾਡੀ ਅਣਖ ਕਦੋਂ ਦੀ ਸਾਥੋਂ ਵਿਦਾ ਹੋ ਚੁਕੀ ਏ। ਹੁਣ ਅਸੀਂ ਜੀਊਂਦੇ ਮੁਰਦੇ ਆਂ।” ਉਸ ਨੇ ਸੀਖਾਂ ਨੂੰ ਜ਼ੋਰ ਨਾਲ ਜੋੜਨਾ ਚਾਹਿਆ ਪਰ ਲੋਹੇ ਜਿੱਨੀ ਤਾਕਤ ਉਸ ਵਿਚ ਕਿਥੇ ਸੀ। ਉਹ ਪਰ੍ਹਾਂ ਹਟ ਕੇ ਬਹਿ ਗਿਆ।

“ਆਹ ਮੇਰੀ ਦੁਨੀਆਂ ਦਿਨ ਬੇਦਿਨ ਘਟ ਰਹੀ ਏ ....... ਬਿਲੋ ਕਹਿੰਦੀ ਸੀ ਬੁਢੇ ਵੀ ਮਰ ਗਏ ਨੇ। ਹੋਰ ਹੁੰਦਾ ਵੀ ਕੀ। ਭੁਖ ਨਾਲ ਪ੍ਰਾਣ ਹੀ ਛੁਟਣੇ ਸੀ। ਵਿਚਾਰੇ ਬੁਢੇ ਮਾਂ ਪਿਓ ਬਿਲੋ ਵੀ ਪਿੰਜਰ ਹੀ ਰਹਿ ਗਈ ਏ। ਬਸ ਮੇਰੀ ਲਛੀ ਵੀ ਕਲ ਨੂੰ ਗਹਿਣੇ ਪਾਈ ਜਾਉ ... ਵਾਹ ਕਿਸਮਤ ... ਕਦੀ ਕੋਈ ਲੜਕੀ ਵੀ ਗਹਿਣੇ ਪਾੜੀ ਹੁੰਦੀ ਏ? ... ਮੈਂ ਆਪੇ ਹੀ ਤਾਂ ਬਿਲੋ ਨੂੰ ਕਿਹਾ ਸੀ।' ਉਹ ਬੋਲਦਾ ਰਿਹਾ। ਸਾਰਾ ਦਿਨ ਇਹਨਾਂ ਹੀ ਸੋਚਾਂ ਵਿਚ ਗਲਤਾਨ ਰਿਹਾ ਸੀ। ਉਸ ਨੂੰ ਇਸ ਤੋਂ ਬਿਨਾਂ ਹੋਰ ਰਾਹ ਵੀ ਨੂੰ ਕੋਈ ਨਹੀਂ ਸੀ ਲਭਦਾ ਜਿਸ ਦੁਆਰਾ ਆਪਣਾ ਜੁਰਮਾਨਾ ਤਾਰ ਸਕਦਾ। ਉਸ ਨੂੰ ਪਤਾ ਸੀ ਕਿ ਉਸ ਦੀ ਦੁਨੀਆਂ ਵਿਚੋਂ ਇਕ ਇਕ ਕਰਕੇ ਤਾਰੇ ਟੁਟਦੇ ਜਾ ਰਹੇ ਹਨ। ਉਸ ਨੂੰ ਇਹ ਵੀ ਯਕੀਨ ਸੀ ਕਿ ਟੁਟੇ ਹੋਏ ਤਾਰੇ ਫਿਰ ਜੁੜਨਗੇ ਨਹੀਂ, ਅਤੇ ਉਸ ਦੀ ਦੁਨੀਆਂ ਵਿਚ ਫਿਰ ਕਦੀ ਰੌਸ਼ਨੀ ਨਹੀਂ ਆ ਸਕੇਗੀ।

‘ਆ ... ... ਹ ਮੇਰੀ ਦੁਨੀਆਂ! ਭਗਵਾਨ ਤੂੰ ਡਾਢਾ ਏਂ। ਲੁਟ ਰਿਹਾ ਏਂ ਮੇਰੇ ਹੀਰਿਆਂ ਨੂੰ।' ਤੇ ਫਿਰ ਉਸ ਦੇ ਅੰਦਰੋਂ ਆਵਾਜ ਆਈ। ‘ਭਗਵਾਨ ਠੀਕ ਹੀ ਕਰਦਾ ਏ। ਭਿਖਾਰੀ ਦੇ ਬਚਿਆਂ ਦਾ ਜੀਵਨ ਮੋਤ ਨਾਲੋਂ ਭੈੜਾ ਏ। ਭਗਵਾਨ ਉਸ ਨੂੰ ਬਚੇ ਦੇ ਕੇ ਖੁਸ਼ ਨਹੀਂ ਰਹਿੰਦਾ।' ਨੰਦੂ ਕੰਬ ਉਠਿਆ। ਉਸ ਦੀਆਂ ਨਿਕੀਆਂ ਨਿਕੀਆਂ ਅਖਾਂ ਵਿਚੋਂ ਪਾਣੀ ਵਹਿ ਤੁਰਿਆ ਜਿਵੇਂ ਕਿਸੇ ਫਿਲਟਰ ਵਿਚੋਂ ਸਿੰਮ ੨ ਕੇ ਟੇਪੇ ਹੇਠਾਂ ਕਿਰਦੇ ਨੇ। ਉਸ ਨੇ ਅਖਾਂ ਨਾ ਸਾਫ ਕੀਤੀਆਂ, ਨਾ ਹੀ ਹੰਝਆਂ ਨੂੰ ਬੋਚਿਆ ਚੁਪ ਬੈਠਾ ਰਿਹਾ।

ਨੰਦੂ ਰਾਤ ਦਿਨ ਤੜਪਦਾ ਰਹਿੰਦਾ ਸੀ। ਉਹ ਹਮੇਸ਼ਾਂ ਕੁਝ ਨਾ ਕੁਝ ਮੰਗਦਾ ਹੀ ਰਹਿੰਦਾ ਸੀ, ਪਰ ਮਨੁਖ ਤੋਂ ਨਹੀਂ, ਈਸ਼ਵਰ ਤੋਂ। ਉਸ ਦੇ ਹਥ ਹਮੇਸ਼ਾਂ ਅਡੇ ਹੀ ਰਹਿੰਦੇ, ਅਖਾਂ ਉਤਾਂਹ ਹੀ ਉਠੀਆਂ ਰਹਿੰਦੀਆਂ, ਬੁਲ੍ਹ ਹਿਲਦੇ ਹੀ ਰਹਿੰਦੇ, ਪਰ ਨੰਦੂ ਕਦੀ ਥਕਿਆ ਨਹੀਂ ਸੀ। ਭਾਵੇਂ ਉਹ ਖਾਨਦਾਨੀ ਮੰਗਤਾ ਨਹੀਂ ਸੀ ਪਰ ਉਸ ਦੀਆਂ ਆਦਤਾਂ ਅਤੇ ਉਸ ਦੇ ਬੋਲਾਂ ਤੋਂ ਇਉਂ ਜਾਪਦਾ ਜਿਵੇਂ ਉਹ ਕਈ ਪੀੜੀਆਂ ਤੋਂ ਮੰਗਦਾ ਆ ਰਿਹਾ ਹੈ। ਕਦੀ ਕਦੀ ਉਸ ਦੀ ਬਿਲੋ ਹਸ ਕੇ ਉਸ ਨੂੰ ਕਹਿ ਦਿੰਦੀ ‘ਕੇਡੀ ਭੈੜੀ ਆਦਤ ਏ ਤੇਰੀ, ਸਦਾ ਮੰਗਤਿਆਂ ਵਾਗ ਹਥ ਅਡੀ ਰਖਦਾ ਏਂ।' ਨੰਦੂ ਵੀ ਹਸ ਪੈਂਦਾ ਪਰ ਉਸ ਦੇ ਹਾਸੇ ਪਿਛੇ ਦਿਲ ਚੀਰਵਾਂ ਵਿਅੰਗ ਹੁੰਦਾ ਸੀ।

'ਬਿਲੋ ਮੈਂ ਤੇਰੇ ਲਈ ਹੀ ਤਾਂ ਮੰਗਦਾ ਹਾਂ। ਭਗਵਾਨ ਅਗੇ ਹਥ ਅਡਦਾ ਹਾਂ। ਦੁਨੀਆਂ ਨਾਲੋਂ ਰਬ ਅਗੇ ਹਥ ਅਡਣੇ ਮੈਨੂੰ ਚੰਗੇ ਲਗਦੇ ਨੇ।' ਨੰਦੂ ਬੜੀ ਧੀਰਜ ਨਾਲ ਜੁਆਬ ਦੇਂਦਾ ਅਤੇ ਚੁਪ ਹੋ ਜਾਂਦਾ।

ਨੰਦੂ ਸੋਚਾਂ ਵਿਚ ਗਲਤਾਨ ਬੈਠਾ ਸੀ ਪਰ ਜਦ ਉਸ ਨੇ ਕਿਸੇ ਦੇ ਪੈਰਾਂ ਦੀ ਚਾਪ ਸੁਣੀ ਤਾਂ ਚੁਕੰਨਾਂ ਹੋ ਕੇ ਬੈਠ ਗਿਆ। ਉਸ ਦੀਆਂ ਅਖਾਂ ਅਗੇ ਬਿਲੋ ਦਾ ਚਿਹਰਾ ਆਇਆ। ਉਸ ਦਾ ਦਿਲ ਜ਼ੋਰ ਦੀ ਧੜਕਿਆ। ਸਚ ਮੁਚ ਹੀ ਉਸ ਦੀ ਬਿਲੋ ਉਸ ਦੇ ਅਗੇ ਬੁਤ ਦਾ ਬੁਤ ਬਣੀ ਖਲੋਤੀ ਸੀ।

'ਬਿਲੋ ......।

'... ... ... ... ...।'

'ਬਿਲੋ ... ... ।'

'... ... ... ... ...।' ‘ਬੋਲਦੀ ਕਿਉਂ ਨਹੀਂ? ਹਾਏ ਬੋਲ ਨਾ।' ਨੰਦੂ ਨੇ ਸੀਖਾਂ ਪਿਛੇ ਤਲਮਲਾਂਦਿਆਂ ਕਿਹਾ। ਉਸ ਨੇ ਬਾਹਾਂ ਪਸਾਰ ਕੇ ਬਿੱਲੋ ਵਲ ਵਧਾਈਆਂ। ਉਸ ਦੀ ਛਾਤੀ ਸੀਖਾਂ ਨਾਲ ਘਟੀ ਗਈ। ਉਹ ਸਾਰਾ ਤਾਣ ਲਾ ਕੇ ਬਾਂਹ ਨੂੰ ਅਗੇ ਵਧਾ ਰਿਹਾ ਸੀ, ਮਤਾਂ ਬਿਲੋ ਤੋਂ ਦੂਰ ਹੀ ਰਹਿ ਜਾਣ ਪਰ ਉਹ ਅਜੇ ਵੀ ਆਪਣੀ ਬਿਲੋ ਤੋਂ ਦੂਰ ਸੀ।

‘ਐਧਰ ਵੇਖ ... ... ਬਿਲੋ ... ... ਉਹ ਹੋਰ ਤੜਪਿਆ। ਐਤਕਾਂ ਬਿਲੋ ਨੇ ਉਤਾਂਹ ਤਕਿਆ। ਨੰਦੂ ਦੀ ਕਰੁਣਾ-ਮੁਰਤ ਨੇ ਉਸ ਦੇ ਲੂੰ ਲੂੰ ਵਿਚ ਦਰਦ ਜਗਾ ਦਿਤਾ ਉਹ ਦੌੜੀ, ਅਗੇ ਵਧੀ ਅਤੇ ਸੀਖਾਂ ਵਿਚ ਦੀ ਨਿਕਲੀਆਂ ਬਾਹਾਂ ਵਿਚ ਸਮਾ ਗਈ। ਉਹ ਹਿਚਕੀਆਂ ਭਰ ਰਹੀ ਸੀ। ਉਸ ਦੇ ਹੰਝੂ, ਨੰਦੂ ਦੀਆਂ ਤਲੀਆਂ ਵਿਚ ਸਮਾਈ ਜਾ ਰਹੇ ਸਨ। ਉਸ ਦਾ ਗੋਲ ਚਿਹਰਾ ਸੀਖਾਂ ਵਿਚ ਖੁਭਿਆ ਹੋਇਆ ਸੀ। ਉਸ ਦਾ ਦਰਦ ਸਾਰਾ ਨੰਦੂ ਨੇ ਧੋ ਸੁਟਿਆ।

‘ਬਿਲੋ ......।' ਉਸ ਨੇ ਅਖਾਂ ਸਾਫ ਕਰਦਿਆਂ ਕਿਹਾ, ‘ਮੈਨੂੰ ਪਲ ਦੀ ਪਲ ਭੁਲ ਹੀ ਗਿਆ ਸੀ ਕਿ ਮੰਗਤਾ ਹਾਂ। ਤੇਰੀ ... ਤੇਰੀ ਛੂਹ......।' ਉਹ ਹਟਕੋਰੇ ਭਰ ਰਿਹਾ ਸੀ। ਉਹ ਹੋਰ ਨਾ ਬੋਲ ਸਕਿਆ।

ਕੁਝ ਚਿਰ ਹਟਕੋਰੇ ਅਤੇ ਹਿਚਕੀਆਂ ਦੀ ਅਵਾਜ਼ ਸੁਣਾਈ ਦਿੰਦੀ ਰਹੀ। ਦੋਵੇਂ ਕਿਸੇ ਅਣਜਾਣੀ ਬੋਲੀ ਨਾਲ ਸੀਨਿਆਂ ਦਾ ਦੁਖ ਫੋਲਦੇ ਅਤੇ ਵੰਡਦੇ ਰਹੇ। ਨੰਦੂ ਬਿਲਕੁਲ ਨਾਵਾਕਫ ਸੀ ਕਿ ਉਹ ਕਿਉਂ ਰੋ ਰਿਹਾ ਏ। ਉਹ ਚਾਹੁੰਦਾ ਸੀ ਕਿ ਬਿਲੋ ਨੂੰ ਪੁਛੇ, ਕੋਈ ਨਵੀਂ ਘਟਨਾ ਤਾਂ ਨਹੀਂ ਵਾਪਰੀ, ਪਰ ਉਹ ਨਾ ਪੁਛ ਸਕਿਆ ਅਤੇ ਨਾਂ ਕੁਝ ਬੋਲ ਸਕਿਆ। ਆਖਰ ਬਿਲੋ ਨੇ ਦਿਲ ਨੂੰ ਥੰਮਿਆਂ ਅਤੇ ਧੀਰਜ ਨਾਲ ਕਹਿਣ ਲਗ ਪਈ। ‘ਨੰਦੂ! ਅਜ ਲਛੀ ਗਹਿਣੇ ਪਾ ਦਿਤੀ ਊ।' ਉਹ ਫੇਰ ਰੋ ਪਈ।

'ਗਹਿਣੇ ਪਾ ਦਿਤੀ ਏ ਮੇਰੀ ਲਛੀ, ਮੇਰੀ ਪਲੇਠੀ ਦੀ ਬੱਚੀ?'

‘ਹਾਂ ... ...।’ ਉਸ ਦਾ ਰੋਕਿਆ ਹੋਇਆ ਹੜ੍ਹ ਫਿਰ ਉਛਾਲੇ ਵਿਚ ਆ ਗਿਆ। ਨੰਦੂ ਵੀ ਪੁਕਾਰਿਆ।

'ਰਬਾ! ਤੂੰ ਇਹ ਕੀ ਕਰ ਕੇ ਵੇਖ ਰਿਹਾ ਹੈਂ? ਕੀ ਸਾਡੀ ਆਵਾਜ਼ ਤੇਰੇ ਤਾਈਂ ਨਹੀਂ ਪਹੁੰਚਦੀ ? ਕੀ ਤੂੰ ਵੀ ਇਹਨਾਂ ਬੰਦਿਆਂ ਵਾਂਙੂੰ ਪਹਿਲਾਂ ਪੈਸੇ ਦੀ ਚਮਕ ਤੱਕਨਾਂ ਏਂ? ਰਹਿਮ ਦੀ ਦੁਆ ਮੰਗਦੇ ਹਾਂ ਪ੍ਰਭੂ ...।' ਉਹ ਹੋਰ ਰੋਇਆ।

‘ਹੁਣ ਭਗਵਾਨ ਅਗੇ ਨਾ ਪਿਟ ਨੰਦੂ! ਜੋ ਹੋਣਾ ਸੀ ਹੋ ਗਿਆ। ਲਛੀ ਨੂੰ ਸੇਠ ਦੇਸ ਰਾਜ ਦੇ ਘਰ ਮੈਂ ਛਡ ਆਈ ਹਾਂ। ਸੇਠ ਨੇ ਝਟ ਹੀਪੈਸਾ ਅਗੇ ਢੇਰੀ ਕਰ ਦਿਤਾ। ਉਸ ਹਤਿਆਰੇ ਦੀ ਜਬਾਨੋਂ ਇਕ ਵੇਰ ਨਾ ਫੁਟਿਆ ਪਈ ਧੀਆਂ ਸਾਂਝੀਆਂ ਹੂੰਦੀਆਂ ਨੇ ਲਛੀ ਨੂੰ ਤੁਸੀਂ ਆਪਣੇ ਪਾਸ ਰਖੋ ਤੇ ਪੈਸਾ ਮੇਰੇ ਕੋਲੋਂ ਲੈ ਜਾਵੋ।' ਉਸ ਦੇ ਚਿਹਰੇ ਤੇ ਜੋਸ਼ ਅਤੇ ਕ੍ਰੋਧ ਦੀ ਲਾਲੀ ਡਲ੍ਹਕਾਂ ਮਾਰ ਰਹੀ ਸੀ।

'ਬਿਲੋ ... ... ਮੈਨੂੰ ਬਾਹਰ ਆ ਲੈਣ ਦੇ ... ... ਸਭ ਤੋਂ ਪਹਿਲੋਂ ਲਛੀ ਨੂੰ ਘਰ ਲਿਆਵਾਂਗਾ।'

‘ਆਹ ਮੇਰੀ ਬਚੀ, ਮੇਰੀ ਲਛੀ।' ਬਿਲੋ ਰਜਕੇ ਰੋਈ। ਉਸ ਦੀ ਹਰ ਹਿਚਕੀ ਕਿਸਮਤ ਦੇ ਕਾਲੇ ਲੇਖਾਂ ਨੂੰ ਜਿਵੇਂ ਧੋ ਰਹੀ ਸੀ। ਉਸ ਦੇ ਗਲ ਪਈਆਂ ਲੀਰਾਂ ਵੀ ਜਿਵੇਂ ਬਾਗੀ ਸਨ। ਹਵਾ ਵਿਚ ਉਤਾਂਹ ਉਠ ਉਠ ਕੇ ਲੀਰਾਂ ਬਿਲੋ ਦੇ ਚਿਹਰੇ ਵਲ ਬਾਹਾਂ ਫੈਲਾ ਰਹੀਆਂ ਸਨ। ਜਿਵੇਂ ਕਹਿ ਰਹੀਆਂ ਹੋਣ। ‘ਕਾਸ਼! ਅਸੀਂ ਇਨਸਾਨ ਹੁੰਦੀਆਂ। ਦੁਨੀਆਂ ਬਦਲ ਦੇਂਦੀਆਂ, ਤਕਦੀਰ ਪਲਟ ਸੁਟਦੀਆਂ, ਅਮੀਰ ਅਤੇ ਗਰੀਬ ਦਾ ਭੇਦ ਮਿਟਾ ਦੇਂਦੀਆਂ। ਲਛੀ ਨੂੰ ਗਹਿਣੇ ਪਾਉਣ ਤੋਂ ਪਹਿਲਾਂ ਸੇਠ ਦਾ ਘਰ ਲੁਟਦੀਆਂ।'

“ਸਰੋਜ"


"ਧੁਮਕ......ਧਮ......ਧਮ......ਧੁਮਕ" ਤਬਲੇ ਦੀ ਤਾਲ ਨਾਲ ਬਜ਼ਾਰ ਦਾ ਸਾਰਾ ਵਾਤਾਵਰਨ ਗੂੰਝਣ ਲਗਾ।

ਟੁਣ.....ਟੁਣਕ.....ਟੁਣਕ......ਟੁਣ" ਸਿਤਾਰ ਵਿਚੋਂ ਸੰਗੀਤ ਦੀ ਮਧੁਰ ਫੁਹਾਰ ਸਾਰੇ ਚੁਗਿਰਦੇ ਨੂੰ ਸੀਤਲ ਕਰਨ ਲਗੀ। ਸਾਰੰਗੀ ਦੇ ਹਿਰਦੇ ਵਿਚੋਂ ਤੜਪ ਨਿਕਲੀ। ਇਕ ਕੋਮਲ ਤੇ ਸੱਵਛ ਗਲੇ ਵਿਚੋਂ ਆਵਾਜ਼ ਆਈ,

"ਉਹ ਦੁਨੀਆਂ ਵਾਲੇ ਕਿਤਨੇ ਜ਼ਾਲਮ ਹੈਂ ਤੇਰੀ ਦੁਨੀਆਂ ਵਾਲੇ ......"

ਮੈਂ ਤੁਰਦਾ ਤੁਰਦਾ ਖਲੋ ਗਿਆ, ਇਕ ਦਮ ਉਸੇ ਵੇਲੇ ਉਨ੍ਹਾਂ ਪੈਰਾਂ ਤੇ। ਮੇਰੀ ਆਤਮਾ ਤੜਫ ਉਠੀ, ਕੁਰਲਾ ਉਠੀ, ਬੇ-ਚੈਨ ਹੋ ਗਈ। ਫਿਰ ਆਵਾਜ਼ ਆਈ,

‘ਬਾਹਰ ਸੇ ਯੇ ਤਨ ਕੇ ਉਜਲੇ ਲੇਕਿਨ ਮਨ ਕੇ ਕਾਲੇ.....।'

ਲਾਹੌਰ ਸ਼ਹਿਰ ਦਾ ਇਤਿਹਾਸਕ ਬਜ਼ਾਰ ਹੀਰਾ ਮੰਡੀ ਲੋਕਾਂ ਨਾਲ ਖਚਾ ਖਚ ਭਰਿਆ ਹੋਇਆ ਸੀ। ਹਿੰਦੂ, ਮੁਸਲਮਾਨ, ਸਿਖ. ਇਸ ਤਰ੍ਹਾਂ ਬਜ਼ਾਰ ਵਿਚ ਟਹਿਲ ਰਹੇ ਸਨ ਜਿਵੇਂ ਕਿਸੇ ਬਾਗ਼ ਦੀ ਸੈਰ ਕਰ ਰਹੇ ਹੋਣ। ਹਰ ਇਕ ਦੀਆਂ ਅਖਾਂ ਉਤੇ ਚੁਬਾਰਿਆਂ ਵਲ ਲਗੀਆਂ ਹੋਈਆਂ ਸਨ। ਸ਼ਰਾਬ ਵਿਚ ਮਸਤ ਉਹ ਮਿੱਟੀ ਦੇ ਪੁਤਲੇ ਕਾਮ ਵਸ ਹੋਏ ਬੜੇ ਬੇ-ਕਰਾਰ ਨਜ਼ਰ ਆ ਰਹੇ ਸਨ। ਕਈ ਦਬਾ ਦਬ ਚੁਬਾਰਿਆਂ ਦੀਆਂ ਪੌੜੀਆਂ ਚੜ ਰਹੇ ਸਨ। ਉਪਰ ਕਈ ਮਾਸੂਮ ਜਿੰਦੜੀਆਂ ਤਬਲੇ ਦੀ ਤਾਲ ਨਾਲ ਨਚ ਕੇ ਤੇ ਸਿਤਾਰ ਤੇ ਸਾਰੰਗੀ ਦੀ ਲੈਅ ਨਾਲ ਆਪਣੀ ਮਧੁਰ ਆਵਾਜ਼ ਨਾਲ ਗਾ ਕੇ ਸਮਾਜ ਦੇ ਠੇਕੇਦਾਰਾਂ, ਸਰਮਾਏਦਾਰਾਂ ਤੇ ਫਰਜ਼ੀ ਸੁਧਾਰਕਾਂ ਦਾ ਦਿਲ ਪਰਚਾ ਰਹੀਆਂ ਸਨ। ਉਹ ਉਨ੍ਹਾਂ ਦੀ ਇਕ ਇਕ ਅਦਾ ਤੇ ਇਕ ਇਕ ਲਫਜ਼ ਤੇ ਕੁਰਬਾਨ ਹੋ ਰਹੇ ਸਨ। ਪਾਣੀ ਵਾਂਗ ਪੈਸੇ ਵਹਾਏ ਜਾ ਰਹੇ ਸਨ ਤੇ ਸ਼ਰਾਬ ਦੀ ਮਸਤੀ ਵਿਚ ਝੂਮਣ ਵਾਲੇ ਸਵਰਗੀ ਝੂਟੇ ਲੈ ਰਹੇ ਸਨ।

“ਇਥੇ ਜ਼ਿੰਦਗੀ ਵਿਕਦੀ ਹੈ, ਚਾਰ ਪੈਸਿਆਂ ਬਦਲੇ, ਮਾਸੂਮੀਅਤ ਖਰੀਦੀ ਜਾਂਦੀ ਹੈ, ਆਪਣਾ ਦਿਲ ਪ੍ਰਚਾਹੁਣ ਖਾਤਰ, ਜਵਾਨ ਜਿੰਦੜੀਆਂ ਮਿੱਧੀਆਂ ਜਾਂਦੀਆਂ ਹਨ, ਕੇਵਲ ਦੋ ਮਿੰਟ ਦੇ ਸੁਆਦ ਬਦਲੇ, ਓ! ਇਨਸਾਨ ਲਾਹਨਤ ਹੈ ਤੇਰੀ ਇਸ ਕਰਤੂਤ ਤੇ, ਤੇਰੀ ਕਮੀਨਗੀ ਤੇ।

ਮੇਰਾ ਦਿਮਾਗ਼ ਝੁੰਜਲਾ ਉਠਿਆ, ਹਿਰਦਾ ਕੰਬ ਗਿਆ, ਬਹਿਬਲ ਹੋ ਗਿਆ। ਮੇਰੀ ਹਾਲਤ ਉਸ ਮੱਛੀ ਵਰਗੀ ਹੋ ਗਈ, ਜਿਸ ਨੂੰ ਹੁਣੇ ਸੁਣੇ ਪਵਿਤਰ ਤੇ ਸੀਤਲ ਜਲ ਦੀਆਂ ਸਵਰਗੀ ਲਹਿਰਾਂ ਵਿਚੋਂ ਕਢਕੇ ਬਾਹਰ ਰੇਤ ਤੇ ਵਗਾਹ ਮਾਰਿਆ ਹੋਵੇ। ਫਿਰ ਕੰਨਾਂ ਵਿਚ ਆਵਾਜ਼ ਗੂੰਜੀ,

“ਯਾਂ ਬੇ-ਕਸੋਂ ਕੋ ਠਿਕਾਨਾ ਨਹੀਂ..........।"

“ਪਤਾ ਨਹੀਂ ਇਹ ਕਿਸ ਬਦ-ਨਸੀਬ ਦੀ ਆਵਾਜ਼ ਹੈ, ਪਤਾ ਨਹੀਂ ਇਹ ਕੇਹੜਾ ਜ਼ਾਲਮ ਸਮਾਜ ਦੇ ਬੇ-ਦਰਦ ਪੈਰਾਂ ਹੇਠ ਮਿਧਿਆ ਫੁਲ ਹੈ। ਇਸ ਦੀ ਆਵਾਜ਼ ਵਿਚੋਂ ਮੈਨੂੰ ਇਕ ਬੜੇ ਵਡੇ ਭੇਦ ਦੀ ਸੂਚਨਾ ਮਿਲਦੀ ਹੈ। ਇਸ ਦਾ ਗੀਤ ਇਸ ਦੇ ਮਨ ਦੀ ਅਵਸਥਾ ਨੂੰ ਪ੍ਰਗਟ ਕਰ ਰਿਹਾ ਹੈ। ਮੈਂ ਇਸ ਨੂੰ ਜ਼ਰੂਰ ਮਿਲਾਂਗਾ, ਇਸ ਦੀ ਜੀਵਨ ਕਥਾ ਸੁਣਾਂਗਾ।" ਮੈਂ ਦਿਲ ਨਾਲ ਪੱਕਾ ਫੈਸਲਾ ਕੀਤਾ।

ਭਾਵੇਂ ਮੇਰੇ ਦਿਲ ਵਿਚ ਇਹ ਖਿਆਲ ਪੱਕੀ ਤਰ੍ਹਾਂ ਘਰ ਕਰ ਚੁਕਾ ਸੀ ਕਿ ਚੁਬਾਰਿਆਂ ਵਿਚ ਬਹਿਣ ਵਾਲੀਆਂ ਦੇ ਦਿਲਾਂ ਵਿਚ ਬਿਲਕੁਲ ਦਰਦ ਨਹੀਂ ਹੁੰਦਾ ਤੇ ਨਾ ਹੀ ਇਨ੍ਹਾਂ ਨੂੰ ਆਪਣੀ ਇਜ਼ਤ ਦੀ ਕੋਈ ਪ੍ਰਵਾਹ ਹੁੰਦੀ ਹੈ ਪਰ ਅਜ ਦੀ ਇਸ ਅਲੋਕਿਕ ਆਵਾਜ਼ ਨੂੰ ਸੁਣਕੇ ਮੇਰੇ ਵਿਚਾਰ ਬਦਲ ਗਏ, ਉਲਟ ਗਏ। ਮੇਰੇ ਖਿਆਲਾਂ ਨੇ ਪਲਟਾ ਖਾਧਾ, ਮੈਂ ਉਸ ਨੂੰ ਮਿਲਣ ਲਈ ਵਿਆਕੁਲ ਹੋ ਉਠਿਆ।

ਕਿਸੇ ਹੀਲ ਹੁਜਤ ਤੋਂ ਬਿਨ੍ਹਾਂ ਮੈਂ ਚੁਬਾਰੇ ਦੀਆਂ ਪੌੜੀਆਂ ਚੜ੍ਹਣ ਲਗ ਪਿਆ। ਮੈਨੂੰ ਪਤਾ ਵੀ ਨਾ ਲਗਾ ਕਿ ਕੇਹੜੇ ਵੇਲੇ ਮੈਂ ਉਪਰ ਪਹੁੰਚ ਗਿਆ। ਕਮਰਾ ਪੂਰੀ ਤਰ੍ਹਾਂ ਭਰਿਆ ਪਿਆ ਸੀ। ਤਬਲੇ ਦੀ ਤਾਲ ਨਾਲ ਇਕ ਅਠਾਂਰਾ ਉਂਨੀ ਵਰ੍ਹਿਆਂ ਦੀ ਨੌਜਵਾਨ ਸੁੰਦਰੀ ਨਚ ਰਹੀ ਸੀ। ਕਮਰੇ ਵਿਚ ਬੈਠੇ ਇਨਸਾਨ ਮੈਨੂੰ ਦਰਿੰਦੇ ਜਾਪੇ, ਲਹੂ ਪੀਣ ਵਾਲੇ ਦਰਿੰਦੇ। ਕੋਈ ਪੰਜ ਰੁਪੈ ਦਾ ਨੋਟ, ਕੋਈ ਦਸ ਰੁਪੈ ਦਾ ਨੋਟ ਉਸ ਸੁੰਦਰੀ ਵਲ ਵਧਾ ਰਿਹਾ ਸੀ। ਕਾਮ ਅਗਨੀ ਵਿਚ ਸੜ ਰਹੇ ਉਹ ਦਰਿੰਦੇ ਉਸ ਦੀ ਛੋਹ ਲਈ ਤਰਸ ਰਹੇ ਸਨ, ਵਿਆਕੁਲ ਹੋ ਰਹੇ ਸਨ। ਮੈਂ ਬਿਨਾਂ ਕਿਸੇ ਹਰਕਤ ਦੇ ਦਰਵਾਜ਼ੇ ਦੇ ਲਾਗੇ ਇਕ ਪਾਸੇ ਹੋਕੇ ਬੈਠ ਗਿਆ। ਨਾਚ ਗਾਣਾ ਹੁੰਦਾ ਰਿਹਾ, ਸੁੰਦਰੀ ਨਚਦੀ ਰਹੀ, ਗਾਂਦੀ ਰਹੀ, ਨੋਟਾਂ ਦੀ ਵਰਖਾ ਹੁੰਦੀ ਰਹੀ ਤੇ ਅੰਤ ਕਾਮ ਅਗਨੀ ਵਿਚ ਸੜਦੇ ਭੁਜਦੇ ਉਹ ਦਰਿੰਦੇ ਜਿਧਰੋਂ ਆਏ ਉਧਰ ਚਲੇ ਗਏ।

ਪਰ ਮੈਂ ਆਪਣੀ ਜਗ੍ਹਾ ਤੋਂ ਨਾ ਹਿਲਿਆ। ਸਾਜ਼ ਮਾਸਟਰ ਆਪਣੇ ੨ ਸਾਜ਼ ਸੰਭਾਲਕੇ ਤੁਰਦੇ ਬਣੇ। ਮੈਂ ਸੁੰਨ ਹੋਇਆ ਬੈਠਾ ਸਾਂ, ਕੁਝ ਬੋਲਣ ਤੋਂ ਅਸਮਰਥ। ਉਹ ਸੁੰਦਰੀ ਮੇਰੇ ਵਲ ਅਰੰਬਤ ਨਜ਼ਰਾਂ ਨਾਲ ਵੇਖਣ ਲਗੀ। ਹੁਣ ਅਸੀਂ ਦੋਵੇਂ ਕਮਰੇ ਵਿਚ ਇਕਲੇ ਸਾ। ਮੈਨੂੰ ਚੁਪ ਚਾਪ ਬੈਠਾ ਵੇਖਕੇ ਮੇਰੇ ਵਲ ਆਈ ਤੇ ਬੋਲੀ ਸਰਦਾਰ ਜੀ, ਨਾਚ ਗਾਣਾ ਖਤਮ ਹੋ ਗਿਆ ਹੈ।'

‘ਹੈਂ.....ਹੈਂ......ਕੀ.....?’ ਮੈਂ ਚੌਂਕਿਆ ਜਿਵੇਂ ਮੈਨੂੰ ਕੱਚੀ ਨੀਂਦਰ ਵਿਚੋਂ ਉਠਾ ਦਿਤਾ ਗਿਆ ਹੋਵੇ।

'ਬਾਹਰ ਨਿਕਲੋ, ਮੈਂ ਜਾਣਾ ਹੈ?' ਉਸਦੇ ਲਫਜ਼ਾਂ ਵਿਚ ਖਰਵਾਪਨ ਸੀ।

ਮੈਂ ਆਪਣੇ ਆਪ ਨੂੰ ਸੰਭਾਲਿਆ,ਉਸ ਵਲ ਤਕਕੇ ਬੋਲਿਆ, "ਮੈਨੂੰ ਤੁਹਾਡੇ ਨਾਲ ਕੰਮ ਹੈ?”

‘ਮੇਰੇ ਨਾਲ?’ ਉਹ ਹੈਰਾਨ ਹੋ ਗਈ।

‘ਜੀ ਹਾਂ, ਤੁਹਾਡੇ ਨਾਲ।’ ਮੈਂ ਹੈਰਾਨੀ ਦੂਰ ਕਰ ਦਿਤੀ।

‘ਮੈਨੂੰ ਪਤਾ ਹੈ ਜੋ ਕੰਮ ਹੈ?' ਭੇਦ ਭਰੀਆਂ ਅਖਾਂ ਨਾਲ ਮੇਰੇ ਵਲ ਤਕੀ।

‘ਕੀ ਮਤਲਬ?’

‘ਜੋ ਹਰ ਮਨੁਖ ਚਾਹੁੰਦਾ ਹੈ।'

‘ਕੀ?’

‘ਮੇਰੇ ਸਰੀਰ ਨੂੰ ਭੰਨਣਾ, ਮਰੋੜਨਾ?'

‘ਨਹੀਂ.....ਨਹੀਂ.....।’ ਮੇਰਾ ਹਿਰਦਾ ਕੂਕਿਆ।

‘ਤੇ ਹੋਰ ਕੀ?’ ਸਵਾਲੀ ਨਜ਼ਰਾਂ ਮੇਰੇ ਵਲ ਉਠੀਆਂ।

‘ਤੁਹਾਡੀ ਜੀਵਨ ਕਥਾ ਸੁਣਨਾ ਚਾਹੁੰਦਾ ਹਾਂ, ‘ਮੈਂ ਸਾਫ ਸਾਫ ਕਹਿ ਦਿਤਾ' ਮੈਨੂੰ ਤੁਹਾਡੀ ਆਵਾਜ਼ ਵਿਚੋਂ, ਤੁਹਾਡੇ ਗਲੇ ਵਿਚੋਂ, ਤੁਹਾਡੇ ਗੀਤ ਵਿਚੋਂ ਕਿਸੇ ਵਡੇ ਜ਼ੁਲਮ ਦੀ ਸੂਚਨਾ ਮਿਲਦੀ ਹੈ। ਮੈਨੂੰ ਇਸ ਤਰਾਂ ਲਗਦਾ ਹੈ ਜਿਵੇਂ ਤੁਸੀਂ ਗੀਤ ਨਹੀਂ ਗਾ ਰਹੇ ਸਗੋਂ ਸਮਾਜ ਦੇ ਜ਼ੁਲਮਾਂ ਦੇ ਰੋਣੇ ਰੋ ਰਹੇ ਹੋਵੋ।'

‘ਨਹੀਂ ਕੋਈ ਖਾਸ ਗਲ ਨਹੀਂ।' ਉਸ ਇਸ ਤਰੀਕੇ ਨਾਲ ਜਵਾਬ ਦਿਤਾ ਜਿਵੇਂ ਲੁਕਾ ਰਹੀ ਹੋਵੇ। ‘ਨਹੀਂ ਕੁਝ ਤੇ ਹੈ।’ ਮੈਂ ਹੌਸਲਾ ਕਰਕੇ ਕਹਿ ਦਿਤਾ।

ਉਹ ਚੁਪ ਹੋ ਗਈ, ਅਖਾਂ ਵਿਚ ਅਥਰੂ ਚਮਕਣ ਲਗੇ, ਸਿਰ ਨੀਵਾਂ ਝੁਕ ਗਿਆ।

‘ਤੁਸੀਂ ਰੋ ਰਹੇ ਹੋ?’

‘ਤੁਸੀਂ ਜੁ ਮੇਰੇ ਨਾਸੂਰ ਨੂੰ ਛੇੜ ਦਿਤਾ ਹੈ!'

‘ਮੈਂ ਬਹੁਤ ਸ਼ਰਮਿੰਦਾ ਹਾਂ।

'ਪੁਛੋ ਕੀ ਪੁਛਣਾ ਚਾਹੁੰਦੇ ਹੋ?' ਉਸ ਦੀ ਆਵਾਜ਼ ਵਿਚ ਨਰਮੀ ਆ ਗਈ।

‘ਤੁਸੀਂ ਇਸ ਕੰਮ ਨੂੰ ਛਡਦੇ ਕਿਉਂ ਨਹੀਂ?'

‘ਕੇਹੜਾ?'

‘ਜੇਹੜਾ ਤੁਸੀਂ ਅਪਣਾਇਆ ਹੋਇਆ ਹੈ।'

‘ਨਹੀਂ।’

‘ਐਵੇਂ ਹੀ।'

‘ਐਵੇਂ ਦਾ ਕਾਰਨ?'

ਉਹ ਕੁਝ ਬੋਲਣ ਹੀ ਲਗੀ ਸੀ ਕਿ ਬਾਹਰੋਂ ਇਕ ਬੁਢੀ ਕਮਰੇ ਵਿਚ ਦਾਖਲ ਹੋਈ, ਉਸ ਵਲ ਤਕਦੀ ਹੋਈ ਬੋਲੀ "ਨੂਰਾਂ! ਬਹੁਤ ਦੇਰ ਹੋ ਗਈ ਹੈ, ਹਾਲੇ ਜਾਣਾ ਨਹੀਂ, ਉਹ ਉਡੀਕਦੇ ਹੋਣਗੇ।'

‘ਅੰਮਾਂ ਤੂੰ ਚਲ ਮੈਂ ਆਉਂਦੀ ਹਾਂ', ਤੇ ਬੁਢੀ ਚਲੀ ਗਈ।

‘ਫੇਰ ਤੁਸਾਂ ਦਸਿਆ ਨਹੀਂ?' ਮੈਂ ਪੂਛਿਆ।

‘ਕੀ?’

‘ਤੁਸੀਂ ਇਹ ਕੰਮ ਕਿਉਂ ਕਰਦੇ ਹੋ?'

‘ਜਾਣਕੇ ਕੀ ਕਰੋਗੇ?'

‘ਨਹੀਂ ਜ਼ਰੂਰ ਦਸੋ।’

‘ਸਾਡੀ ਇਸ ਨਰਕੀ ਦੁਨੀਆਂ ਨੂੰ ਬਾਹਰੋਂ ਹੀ ਵੇਖਣਾ ਚੰਗਾ ਹੈ। ਜਿਤਨੇ ਅਸੀਂ ਬਾਹਰੋਂ ਸੋਹਣੇ ਉਤਨੇ ਹੀ ਅੰਦਰੋਂ ਮਨ ਦੇ ਕਾਲੇ। ਨਵੇਂ ਨਵੇਂ ਸ਼ਿਕਾਰ ਫਸਾਉਂਦੇ ਹਾਂ, ਹਜ਼ਾਰਾਂ ਨਹੀਂ ਬਲਕਿ ਲਖਾਂ ਰੁਪੈ ਲੁਟਦੇ ਹਾਂ, ਪਰ ਸਾਡੇ ਕੋਲ ਕੋਹੜ ਤੋਂ ਬਿਨਾਂ ਕੁਝ ਵੀ ਨਹੀਂ। ਸਾਡੇ ਪਾਸ ਬੜੇ ਬੜੇ ਲਖਾਂ ਪਤੀ ਆਏ, ਆਪਣੀ ਤਬਾਹੀ ਲੈਕੇ ਚਲੇ ਗਏ। ਇਹ ਹੈ ਮੇਰੀ 'ਕਹਾਣੀ।'

ਬੋਲਦੀ ਬੋਲਦੀ ਨੂਰਾਂ ਚੁਪ ਹੋ ਗਈ, ਉਸਦਾ ਗਲਾ ਖੁਸ਼ਕ ਹੋ ਗਿਆ ਜਾਪਦਾ ਸੀ। ਅਖਾਂ ਅਥਰੂਆਂ ਨਾਲ ਭਰੀਆਂ ਹੋਈਆਂ ਸਨ। ਉਸ ਦੇ ਮੂੰਹ ਵਿਚੋਂ ਅਚਾਨਕ ਇਕ ਆਹ ਨਿਕਲ ਗਈ ਤੇ ਫਿਰ ਮੇਰੇ ਵਲ ਤਕਕੇ ਬੋਲੀ, 'ਮੈਂ ਤੁਹਾਨੂੰ ਕੁਝ ਵੀ ਨਾ ਦਸਣਾ ਚਾਹੁੰਦੀ ਹੋਈ ਵੀ ਸਭ ਕੁਝ ਕਹਿ ਗਈ ਹਾਂ। ਸਾਡੇ ਅੰਗ ਅੰਗ ਵਿਚੋਂ ਮਨੁੱਖ ਜਾਤੀ ਦੇ ਜ਼ੁਲਮਾਂ ਦੀਆਂ ਚੀਸਾਂ ਨਿਕਲ ਰਹੀਆਂ ਹਨ। ਪਰ ਫਿਰ ਵੀ ਅਸੀਂ ਮਨੁੱਖਾਂ ਨੂੰ ਖਿੜੇ ਮਥੇ ਮਿਲਦੀਆਂ ਹਾਂ। ਅਸੀਂ ਆਪਣੀ ਤਬਾਹੀ ਦੇ ਸਾਧਨ ਪੈਦਾ ਕਰਦੀਆਂ ਹਾਂ, ਪਰ ਮਨੁਖ ਜਾਤੀ ਨਾਲ, ਹਸਕੇ ਬੋਲਦੀਆਂ ਹਾਂ। ਮਨੁਖ ਸਾਡੇ ਕੋਲ ਆਉਂਦੇ ਹਨ, ਸਾਡੇ ਸਰੀਰ ਨੂੰ ਇਲਾਂ ਵਾਂਗ ਨੋਚਦੇ ਹਨ. ਜਿਦਾਂ ਕੁਤਾ ਮਾਸ ਦੀ ਹੱਡੀ ਨੂੰ ਚੂਸਦਾ ਹੈ, ਉਹ ਸਾਡੇ ਸਰੀਰ ਨੂੰ ਚੂਸਦੇ ਹਨ, ਭੰਨਦੇ ਹਨ. ਤਰੋੜਦੇ ਹਨ, ਚਟਦੇ ਹਨ, ਪਰ ਅਸੀਂ ਇਕ ਲਫਜ਼ ਤਕ ਮੂੰਹੋਂ ਨਹੀਂ ਕਢਦੀਆਂ। ਮਨੁਖ ਇਸਤ੍ਰੀ ਨੂੰ ਇਕ ਮਿੱਟੀ ਦੇ ਖਿਡੌਣੇ ਦੀ ਤਰ੍ਹਾਂ ਸਮਝਦਾ ਹੈ, ਜਦ ਜੀਅ ਕੀਤਾ ਖੇਡ ਲਿਆ ਤੇ ਫਿਰ ਭੰਨ ਤੋੜਕੇ ਵਗਾਹ ਮਾਰਿਆ।”

ਨੂਰਾਂ ਚੁਪ ਹੋ ਗਈ, ਉਸਦਾ ਚਿਹਰਾ ਬਹੁਤ ਬੋਲਣ ਕਰਕੇ ਲਾਲ ਹੋ ਗਿਆ ਸੀ। ਸਰੀਰ ਕੁਝ ਥਕਿਆ ਥਕਿਆ ਜਾਪਦਾ ਸੀ। ਆਪਣੇ ਆਪ ਨੂੰ ਸੰਭਾਲਦੀ ਨੂਰਾਂ ਬੋਲੀ,

‘ਬਸ ਹੁਣ ਤਾਂ ਖੁਸ਼ ਹੋ ਨਾ ਮੇਰੀ ਕਹਾਣੀ ਸੁਣਕੇ?'

‘ਪਰ ਤੁਸਾਂ ਆਪਣੀ ਜੀਵਨ ਕਥਾ ਤਾਂ ਸੁਣਾਈ ਹੀ ਨਹੀਂ।'

‘ਹੋਰ ਹੁਣ ਕੀ ਚਾਹੁੰਦੇ ਹੋ?' ‘ਤੁਹਾਡੀ ਆਪ-ਬੀਤੀ।'

‘ਕੀ ਕਰੋਗੇ ਸੁਣਕੇ?'

ਮੈਂ ਚੁਪ ਹੋ ਗਿਆ, ਜਵਾਬ ਵੀ ਕੀ ਦੇ ਸਕਦਾ ਸਾਂ। ਮੈਨੂੰ ਚੁਪ ਵੇਖਕੇ ਬੋਲੀ, ‘ਚੰਗਾ, ਜੇ ਤੁਸਾਂ ਨੇ ਮੇਰੇ ਨਾਸੂਰ ਨੂੰ ਮੁਢ ਤੋਂ ਖੁਰਚਨ ਦਾ ਪੱਕਾ ਨਿਸਚਾ ਕਰ ਹੀ ਲਿਆ ਹੈ ਤਾਂ ਮੇਰੀ ਆਪ-ਬੀਤੀ ਸੁਣਨ ਲਈ ਤਿਆਰ ਹੋ ਜਾਉ' ਤੇ ਨੂਰਾਂ ਦੀਵਾਰ ਨਾਲ ਢਾਹਸਨਾ ਲਾਕੇ ਬੋਲੀ,

‘ਮੇਰੀ ਮਾਂ ਇਕ ਵੇਸਵਾ ਸੀ, ਮੈਨੂੰ ਆਪਣੇ ਪਿਤਾ ਬਾਰੇ ਕੋਈ ਪਤਾ ਨਹੀਂ ਤੇ ਨਾ ਹੀ ਮੈਨੂੰ ਆਪਣੀ ਮਾਂ ਦੇ ਵੇਸਵਾ ਬਣਨ ਦਾ ਕੋਈ ਕਾਰਨ ਪਤਾ ਹੈ। ਮੇਰੀ ਮਾਂ ਮੈਨੂੰ ਹਮੇਸ਼ਾ ਆਪਣੇ ਕੋਲੋਂ ਦੂਰ ਰਖਦੀ।

ਦਿਨ ਬੀਤਦੇ ਗਏ ਤੇ ਅੰਤ ਉਹ ਦਿਨ ਵੀ ਆ ਗਿਆ ਜੋ ਹਰ ਇਨਸਾਨ ਨੂੰ ਵੇਖਣਾ ਪੈਂਦਾ ਹੈ। ਮੇਰੀ ਮਾਂ ਮਰਨ ਕਿਨਾਰੇ ਪਈ ਸੀ। ਉਸ ਦੀ ਮੌਤ ਕਿਸ ਭਿਆਨਕ ਤਰੀਕੇ ਨਾਲ ਹੋਈ, ਖੁੱਦਾ ਕਿਸੇ ਨੂੰ ਅਜੇਹੀ ਮੌਤ ਨਾ ਮਾਰੇ। ਹਾਂ, ਮਾਂ ਨੇ ਮੈਨੂੰ ਮਰਦੀ ਵਾਰ ਨਸੀਅਤ ਕੀਤੀ ‘ਬੇਟੀ ਮੈਂ ਜਾ ਰਹੀ ਹਾਂ, ਜਿਥੋਂ ਮੈਂ ਮੁੜਕੇ ਵਾਪਸ ਨਹੀਂ ਆਉਣਾ, ਪਰ ਮੇਰੀ ਇਕ ਗਲ ਜਰੂਰ ਯਾਦ ਰਖੀਂ ਕਦੀ ਭੁਲ ਕੇ ਵੀ ਮੇਰੇ ਵਾਲੇ ਪੇਸ਼ੇ ਵਲ ਤਕ ਕੇ ਵੀ ਨਾ ਵੇਖੀਂ। ਇਸ ਰਾਹ ਵਿਚ ਤਬਾਹੀ ਤੋਂ ਬਿਨਾਂ ਕੁਝ ਵੀ ਨਹੀਂ। ਇਸ ਪੰਧ ਵਿਚ ਆਪਣੇ ਪੈਰ ਆਪ ਕੁਹਾੜਾ ਮਾਰਨ ਵਾਲੀ ਗਲ ਹੈ, ਅਛਾ ਬੇਟੀ ਅਲਾ ਤੇਰੀ......' ਤੇ ਮਾਂ ਨੇ ਸਦਾ ਲਈ ਅਖਾਂ ਮੀਟ ਲਿਤੀਆਂ।

ਮਾਂ ਦੀ ਮੌਤ ਤੋਂ ਕੁਝ ਦਿਨਾਂ ਬਾਦ ਮੈਂ ਘਰ ਦਾ ਸਭ ਕੁਝ ਵੇਚ ਵਟ ਕੇ ਦੂਜੀ ਗਲੀ ਵਿਚ ਕਰਾਏ ਤੇ ਇਕ ਕਮਰਾ ਲੈ ਲਿਆ ਤੇ ਨਵੇਂ ਸਿਰਿਓਂ ਜ਼ਿੰਦਗੀ ਸ਼ੁਰੂ ਕਰਨ ਦਾ ਫੈਸਲਾ ਕੀਤਾ।' ਕਹਾਣੀ ਸੁਣਾਉਂਦੀ ਸੁਣਾਉਂਦੀ ਨੂਰਾਂ ਇਕ ਦਮ ਚੁਪ ਹੋ ਗਈ। ਅਖਾਂ ਵਿਚੋਂ ਅਥਰੂ ਵਗ ਰਹੇ ਸਨ। ਬਾਹਰ ਘੜਿਆਲ ਨੇ ਰਾਤ ਦੇ ਦੋ ਵਜਾਏ। ਮੈਂ ਉਸ ਵਲ ਤਕ ਕੇ ਕਿਹਾ, ‘ਫੇਰ?’

‘ਹਾਲਾਂ ਮੈਨੂੰ’ ਉਹ ਫਿਰ ਬੋਲਣ ਲਗੀ' ‘ਨਵੇਂ ਮਕਾਨ ਵਿਚ ਆਇਆਂ ਕੁਝ ਦਿਨ ਹੀ ਹੋਏ ਸਨ ਕਿ ਇਕ ਦਿਨ ਗਲੀ ਦਾ ਚੌਧਰੀ ਮੇਰੇ ਘਰ ਆਇਆ, ਮੈਨੂੰ ਡਰ ਪ੍ਰਤੀਤ ਹੋਇਆ, ਪਰ ਸੰਭਲ ਗਈ। ਚੌਧਰੀ ਨੂੰ ਹਥ ਜੋੜ ਕੇ ਸਲਾਮ ਕੀਤੀ।

‘ਬੇਟੀ ਮੈਂ ਤੈਨੂੰ ਕਹਿਣ ਕੁਝ ਆਇਆ ਹਾਂ।' ਉਸ ਨੇ ਮੰਜੀ ਤੇ ਬੈਠਦਿਆਂ ਕਿਹਾ।

‘ਦਸੋ ਜੀ?'

‘ਤੈਨੂੰ ਪਤਾ ਹੈ ਕਿ ਇਹ ਸ਼ਰੀਫਾਂ ਦਾ ਮਹਲਾ ਹੈ।'

‘ਪਰ ਮੈਂ ਕੋਈ ਬਦਮਾਸ਼ ਤਾਂ ਨਹੀਂ?' ਮੇਰੇ ਮੂੰਹੋਂ ਆਪਣੇ ਆਪ ਨਿਕਲ ਗਿਆ।

‘ਪਰ ਹੈਂ ਤਾਂ ਇਕ ਵੇਸਵਾ ਦੀ ਲੜਕੀ।'

'ਇਸ ਵਿਚ ਮੇਰਾ ਕੀ ਦੋਸ਼ ਹੈ?'

‘ਹੋਰ ਕਿਸ ਦਾ?'

‘ਤੁਹਾਡੇ ਵਰਗੇ ਸਮਾਜ ਦੇ ਠੇਕੇਦਾਰਾਂ ਦਾ', ਮੇਰਾ ਭੈ ਦੂਰ ਹੋ ਗਿਆ, ਖੂਨ ਖੌਲ੍ਹਣ ਲਗਾ, ‘ਜਿੰਨਾਂ ਨੇ ਮੇਰੀ ਮਾਂ ਨੂੰ ਵੇਸਵਾ ਬਣਨ ਤੇ ਮਜਬੂਰ ਕੀਤਾ। ਮੇਰੀ ਮਾਂ ਵੇਸਵਾ ਸੀ, ਪਰ ਮੈਂ ਤਾਂ ਨਹੀਂ?' ਕਹਿਣ ਨੂੰ ਤਾਂ ਮੈਂ ਇਹ ਸਾਰਾ ਕੁਝ ਕਹਿ ਗਈ ਪਰ ਮੇਰੇ ਮਨ ਵਿਚ ਕਿਸੇ ਆਫਤ ਦਾ ਡਰ ਪੈਦਾ ਹੋ ਗਿਆ।

ਮੇਰੀਆਂ ਖਰੀਆਂ ਖਰੀਆਂ ਸੁਣ ਕੇ ਚੌਧਰੀ ਨੂੰ ਹੋਰ ਗੁਸਾ ਆ ਗਿਆ। ਗੁਸੇ ਦੇ ਲਹਿਜੇ ਵਿਚ ਬੋਲਿਆ, 'ਅਛਾ ਤੂੰ ਤਾਂ ਉਲਟੀ ਹੀ ਪੈ ਗਈ ਏਂ? ਜੇ ਤੂੰ ਆਪਣੀ ਖੈਰ ਚਾਹੁੰਦੀ ਏਂ ਤਾਂ ਇਕ ਹਫਤੇ ਦੇ ਅੰਦਰ ਅੰਦਰ ਇਸ ਗਲੀ ਵਿਚੋਂ ਨਿਕਲ ਜਾ ਨਹੀਂ ਤੇ...... '

'ਨਹੀਂ ਤੇ?' ਮੈਂ ਟੋਕਿਆ,

‘ਨਹੀਂ ਤੇ ਜ਼ਬਰਦਸਤੀ ਕਢਾਵਾਂਗਾ। ਸਾਡੀਆਂ ਵੀ ਮਾਵਾਂ ਭੈਣਾਂ ਗਲੀ ਵਿਚ ਰਹਿੰਦੀਆਂ ਹਨ, ਅਸੀਂ ਇਹ ਨਹੀਂ ਬਰਦਾਸ਼ਤ ਕਰ ਸਕਦੇ ਕਿ ਕੋਈ ਵੇਸਵਾ ਗਲੀ ਵਿਚ ਆਕੇ ਰਹੇ, ਉਹ ਕੜਕਿਆ।

‘ਚੌਧਰੀ ਜੀ ਮੈਂ ਤੁਹਾਡੀ ਧੀ ਨਾਲੋਂ ਘਟ ਨਹੀਂ, ਆਖਰ ਇਸ ਵਿਚ ਮੇਰਾ ਕੀ ਦੋਸ਼ ਹੈ' ਮੈਂ ਗਿੜ ਗੜਾਈ ਤੇ ਰੋਣ ਲਗ ਪਈ। ‘ਮੈਂ ਕੁਝ ਨਹੀਂ ਜਾਣਦਾ, ਇਸ ਹਫਤੇ ਦੇ ਅੰਦਰ ਅੰਦਰ.....' ਤੇ ਉਹ ਚਲਾ ਗਿਆ।

ਅੰਤ ਹੋਇਆ ਉਹੋ ਜੋ ਕੁਝ ਚੌਧਰੀ ਕਹਿਕੇ ਗਿਆ ਸੀ। ਮੈਨੂੰ ਬੜੀ ਬੇ ਤਰਸੀ ਨਾਲ ਗਲੀ ਵਿਚੋਂ ਕਢ ਦਿਤਾ ਗਿਆ। ਮੈਂ ਬਿਲਕੁਲ ਇਕਲੀ ਸਾਂ, ਬੇ-ਆਸਰਾ, ਲਾਚਾਰ। ਮੈਨੂੰ ਕੋਈ ਰਾਹ ਨਜ਼ਰ ਨਹੀਂ ਸੀ ਆਉਂਦਾ। ਨਿਰਾਸਤਾ ਦੇ ਕਾਲੇ ਬਦਲਾਂ ਨੇ ਹਰ ਪਾਸੇ ਹਨੇਰਾ ਹੀ ਹਨੇਰਾ ਕੀਤਾ ਹੋਇਆ ਸੀ। ਮੈਂ ਸੋਚਿਆ ਕਿਉਂ ਨਾ ਦੁਨੀਆਂ ਦੇ ਦੁਖਾਂ ਤੋਂ ਛੁਟਕਾਰਾ ਪਾ ਜਾਵਾਂ, ਪਰ ਮੂੰਹ ਮੰਗਿਆ ਤਾਂ ਮੌਤ ਵੀ ਨਹੀਂ ਮਿਲਦੀ। ਫਿਰ ਖਿਆਲ ਆਇਆ ਕਿਉਂ ਨਾ ਜ਼ਾਲਮ ਖੂਨੀ ਸਮਾਜ ਕੋਲੋਂ ਬਦਲਾ ਲਵਾਂ। ਜੇ ਸਮਾਜ ਦੇ ਠੇਕੇਦਾਰ ਮੇਰੀ ਬਰਬਾਦੀ ਤੇ ਹੀ ਖੁਸ਼ ਹਨ ਤਾਂ ਕਿਉਂ ਨਾ ਇਨ੍ਹਾਂ ਨੂੰ ਵੀ ਬਰਬਾਦ ਕਰਾਂ, ਤਬਾਹ ਕਰਾਂ।

ਮੇਰੇ ਅੰਦਰ ਇੰਤਕਾਮ ਦੀ ਜਵਾਲਾ ਭੜਕ ਉਠੀ, ਬਦਲੇ ਦੇ ਭਾਂਬੜ ਮਚ ਉਠੇ। ਮੈਂ ਨਾਚ ਗਾਣਾ ਸਿਖਿਆ ਤੇ ਅੰਤ ਇਸੇ ਚੁਬਾਰੇ ਵਿਚ ਆ ਡੇਰੇ ਲਾਏ ਜਿਥੇ ਹੁਣ ਤੁਸੀਂ ਬੈਠੇ ਹੋ? ਨੂਰਾਂ ਆਪਣੀ ਆਪ ਬੀਤੀ ਸੁਣਾਕੇ ਚੁਪ ਹੋ ਗਈ, ਉਸ ਦੀਆਂ ਅਖਾਂ ਵਿਚੋਂ ਅਥਰੂ ਦਿਲਦੇ ਅਰਮਾਨ ਬਣ ਬਣਕੇ ਨਿਕਲ ਰਹੇ ਸਨ। ਉਸ ਦੀਆਂ ਅਖਾਂ ਭਾਰੀਆਂ ਭਾਰੀਆਂ ਲਗ ਰਹੀਆਂ ਸਨ। ਮੈਂ ਕੁਝ ਹੋਰ ਬੋਲਣਾ ਚਾਹੁੰਦਾ ਹੋਇਆ ਵੀ ਨਾ ਬੋਲ ਸਕਿਆ। ਮੈਨੂੰ ਇਸ ਤਰ੍ਹਾਂ ਲਗਾ ਜਿਵੇਂ ਕਿਸੇ ਨੇ ਮੇਰੀ ਜ਼ਬਾਨ ਤੇ ਜੰਦਰਾ ਮਾਰ ਦਿਤਾ ਹੋਵੇ। ਨੂਰਾਂ ਬੁਤ ਬਣਕੇ ਸਾਹਮਣੇ ਦੀਵਾਰ ਵਲ ਵੇਖ ਰਹੀ ਸੀ। ਅੰਤ ਮੈਂ ਆਪਣੇ ਆਪ ਨੂੰ ਸੰਭਾਲਦਾ ਹੋਇਆ ਬੋਲਿਆ, ‘ਮੁਆਫ ਕਰਨਾ, ਮੇਰੇ ਕਾਰਨ ਤੁਹਾਨੂੰ ਬਹੁਤ ਦੁਖ ਹੋਇਆ ਹੈ।'

‘ਕੋਈ ਗਲ ਨਹੀਂ, ਅਸੀਂ ਜੰਮੇ ਹੀ ਦੁਖ ਸਹਿਨ ਲਈ ਹਾਂ।' ਬੇ-ਪ੍ਰਵਾਹੀ ਨਾਲ ਨੂਰਾਂ ਨੇ ਜਵਾਬ ਦਿਤਾ।

ਮੈਂ ਚੁਪ ਹੋ ਗਿਆ। ਹੋਰ ਕਹਿ ਵੀ ਕੀ ਸਕਦਾ ਸਾਂ। ਸਮਾਜ ਦੇ ਜ਼ੁਲਮਾਂ ਨੂੰ ਯਾਦ ਕਰਕੇ ਦੁਖੀ ਹੋ ਰਿਹਾ ਸਾਂ ਕਿ ਅਚਾਨਕ ਨੂਰਾਂ ਬੋਲੀ, ‘ਹੁਣ ਹੋਰ ਕੀ ਚਾਹੁੰਦੇ ਹੋ?'

‘ਕੁਝ ਨਹੀਂ।'

‘ਚਲੋ, ਫੇਰ ਚਲੀਏ?’

‘ਕਿਥੇ?’ ਮੈਂ ਹੈਰਾਨੀ ਨਾਲ ਪੁਛਿਆ

‘ਆਪਣੀ ਆਪਣੀ ਮੰਜ਼ਲ ਵਲ।'

‘ਕੀ ਮਤਲਬ?'

‘ਤੁਸੀਂ ਆਪਣੇ ਘਰ ਜਾਉ ਤੇ ਮੈਂ.......?'

‘ਮੈਂ.....ਕੀ?’ ਮੇਰੇ ਮੂੰਹੋਂ ਇਕ ਦਮ ਨਿਕਲ ਗਿਆ।

‘ਆਪਣੇ ਗਾਹਿਕਾਂ.....’ ਤੇ ਉਸ ਬੇ ਮੂੰਹੋਂ ਬਾਕੀ ਲਫਜ਼ ਨਾ ਨਿਕਲ ਸਕੇ।

ਤੇ ਨੂਰਾਂ ਨੇ ਆਪਣਾ ਮੂੰਹ ਆਪਣੀਆਂ ਬਾਹਾਂ ਵਿਚ ਲੁਕਾ ਲਿਆ।

“ਪ੍ਰੀਤ”


ਬਾਹਰ ਬੜਾ ਰੌਲਾ ਪੈ ਰਿਹਾ ਸੀ। ਲੋਕਾਂ ਦੇ ਬੋਲਾਂ ਤੋਂ ਜਾਪਦਾ ਸੀ ਜਿਵੇਂ ਕੋਈ ਅਨਰਥ ਹੋ ਗਿਆ ਹੋਵੇ। ਉਹ ਭਾਵੇਂ ਆਪਣੀ ਕਵਿਤਾ ਵਿਚ ਬਿਲਕੁਲ ਮਸਤ ਸੀ ਪਰ ਉਹ ਫਿਰ ਵੀ ਬਾਹਰ ਗਿਆ। ਉਸ ਦਾ ਘਰ ਉਚਾਣਾਂ ਤੇ ਸੀ ਜਿਸ ਕਰਕੇ ਹਰ ਕੋਈ ਆਉਂਦਾ ਜਾਂਦਾ ਉਸ ਦੇ ਘਰ ਦੇ ਪੈਰਾਂ ਦੇ ਵਿਚ ਦੀ ਲੰਘ ਕੇ ਜਾਂਦਾ ਸੀ। ਉਹ ਜਦ ਘਬਰਾਇਆ ਹੋਇਆ ਬਾਹਰ ਨਿਕਲਿਆ ਤਾਂ ਕਾਫੀ ਸਾਰੀ ਭੀੜ ਉਚਾਣਾ ਦੇ ਪੈਰਾਂ ਕੋਲ ਦੀ ਗੁਜ਼ਰ ਰਹੀ ਸੀ ਲੋਕ ਰੌਲਾ ਪਾ ਰਹੇ ਸਨ, ਹਰ ਇਕ ਦੇ ਮੂੰਹ ਤੇ ਅਚੰਭੇ ਭਰੀ ਘਬਰਾਹਟ ਸੀ। ਲੋਕ ਕਾਹਲੀ ਕਾਹਲੀ ਤੁਰੇ ਜਾ ਰਹੇ ਸਨ।

‘ਹੈਂ......ਔਹ......ਔਹ ਸਾਂਵਰੀ, ਕੌਣ ਏ ਉਹ, ਮੇਰੇ ਇਲਾਕੇ ਦੀ ਲੜਕੀ......ਸਾਂਵਰੀ? ਉਸ ਆਪ ਨੂੰ ਕਿਹਾ, 'ਉਹ ਦੁਲ੍ਹਨ ਦੇ ਰੂਪ ਵਿਚ? ਸਾਂਵਰੀ, ਕੀ ਵਿਆਹੀ ਗਈ ਏ?' ਪਰ ਉਹ ਤਾਂ ਸਾਲੂ ਨੂੰ ਪੈਰਾਂ ਹੇਠ ਮਸਲ ਦੀ......ਤੁਰੀ ਜਾ ਰਹੀ ਏ..... ਤੇ ਐਹ ਡੋਲਾ......ਕੀ ਇਹ ਖਾਲੀ ਏ.....ਜਾਂ ਸਾਂਵਰੀ ਨੇ ਵਿਆਹ ਤੋਂ ਇਨਕਾਰ ਕਰ ਦਿਤਾ......ਆਹ......ਇਹ ਕੀ ਕੁਝ ਮੈਂ ਵੇਖ ਰਿਹਾ?' ਉਸ ਨੇ ਵੇਖਿਆ, ਡੋਲੇ ਦੇ ਨਾਲ ਨਾਲ ਇਕ ਗਰੀਬ ਜਿਹਾ ਬਜ਼ੁਰਗ ਰੋਂਦਾ ਤੁਰਿਆ ਜਾ ਰਿਹਾ ਸੀ, "ਸਾਂਵਰੀ ਦਾ ਪਿਤਾ ਰੋ ਰਿਹਾ ਏ? ਤਾਂ ਕੀ ਸਾਂਵਰੀ ਦੁਲ੍ਹਨ ਬਣਨ ਤੋਂ ਇਨਕਾਰ ਕਰ ਰਹੀ ਏ? ਉਫ਼...... ਉਹ ਇਹ ਪਾਪ ਕਰ ਰਹੀ ਏ.....ਬਜ਼ੁਰਗ ਬਾਪੂ ਦੀ ਮੰਗ ਠੁਕਰਾ ਕੇ......ਇਸ ਦੀ ਇਜ਼ਤ ਲੁਟਾ ਕੇ ਸਾਂਵਰੀ ਪਾਪ ਕਰ ਰਹੀ ਏ.....ਮੈਂ ਉਸਨੂੰ ਰੋਕਾਂਗਾ।" ਅਤੇ ਉਹ ਉਚਾਣਾ ਤੋਂ ਭੱਜ ਪਿਆ। ਉਹ ਘਬਰਾਇਆ ਹੋਇਆ ਕਾਫਲੇ ਨਾਲ ਜਾ ਰਲਿਆ। ਹਾਲ ਦੀ ਘੜੀ ਉਸ ਨੂੰ ਕੁਝ ਸਮਝ ਨਾ ਆਇਆ। ਉਹ ਹੈਰਾਨੀ ਭਰਿਆ ਉਨ੍ਹਾਂ ਨਾਲ ਚੱਲੀ ਗਿਆ। ਉਸ ਨੇ ਸਭਨਾਂ ਵਲ ਨੂੰ ਤੱਕਿਆ, ਕੁਝ ਪੜਿਆ ਪਰ ਉਸ ਨੂੰ ਕਿਸੇ ਨਾ ਵੇਖਿਆ।

ਉਹ ਤੁਰਿਆ ਗਿਆ ਪਰ ਇਕ ਸਖਤ ਖਿਆਲ ਆ ੨ ਕੇ ਉਸਨੂੰ ਹੋਰ ਪਾਗਲ ਕਰ ਰਿਹਾ ਸੀ ‘ਸਾਂਵਰੀ ਨੇ ਪਾਪ ਕੀਤਾ ਹੈ।' ਉਹ ਹੋਰ ਸਹਾਰ ਨਾ ਸਕਿਆ। ਉਸ ਕਿਸੇ ਇਕ ਨੂੰ ਕਾਫਲੇ 'ਚੋਂ ਪੁਛ ਹੀ ਲਿਆ। ‘ਬਾਬਾ ਇਹ ਕੀ ਹੋ ਰਿਹਾ ਏ।' ਬਾਬੇ ਨੇ ਉਸ ਵਲ ਤੱਕ ਕੇ ਕਿਹਾ 'ਆਹ......ਵਿਚਾਰੇ ਧੀਰਜ ਮੱਲ ਦੀ ਅੱਜ ਪੱਗ ਲਹਿ ਗਈ ਸਮਝੋ।' ਉਸ ਨੂੰ ਬਾਬੇ ਦੀ ਗਲ ਕੁਛ ਅਜੀਬ ਜੇਹੀ ਲਗੀ, 'ਕਿਸ ਲਾਹੀ ਸੂ ਪੱਗ ਬਾਬਾ?' ਉਸ ਪੁਛਿਆ, ‘ਪੱਗ, ਹੋਰ ਕੌਣ ਲਾਹ ਸਕਦਾ ਏ ਜਦੋਂ ਧੀਆ ਘਰੀਂ ਹੋਣ, ਇਹੋ ਪੱਗ ਲਾਹਣ ਲਈ ਕਾਫੀ ਹੁੰਦੀਆਂ ਨੇ।' ਬਾਬਾ ਜਿਵੇਂ ਧੀਆਂ ਦੇ ਹਥੋਂ ਖਿੱਝਿਆ ਪਿਆ ਸੀ। ਉਸ ਨੂੰ ਹੋਰ ਸਮਝ ਨਾ ਪਈ, ਅਤੇ ਉਸ ਨੇ ਇਸ ਦਰਦਨਾਕ ਜੇਹੇ ਸਮੇਂ ਹੋਰ ਕੁਝ ਪੁਛ ਕੇ ਬਾਬੇ ਨੂੰ ਤੰਗ ਨਾ ਕਰਨਾ ਚਾਹਿਆ। ਸੋ ਉਹ ਚੁਪ ਹੋ ਗਿਆ ਅਤੇ ਬਾਬਾ ਉਸ ਦੇ ਨਾਲ ਨਾਲ ਚਲਦਾ ਹੋਇਆ, ਕਹਾਣੀ ਦਸਣ ਲਈ ਗਲਾਂ ਕਰਦਾ ਗਿਆ। ਉਸ ਨੂੰ ਵੀ ਖਿੱਚ ਸੀ ਅਤੇ ਬਾਬੇ ਨੂੰ ਵੀ ਅੰਦਰੋਂ ਧੀਆਂ ਦਾ ਦਰਦ ਸਤਾ ਰਿਹਾ ਸੀ। ਉਹ ਕਹਿੰਦਾ ਗਿਆ 'ਸਾਂਵਰੀ ਵਿਚਾਰੀ ਅਜੇ ਬਾਲੜੀ ਜੇਹੀ ਸੀ, ਜਦੋਂ ਧੀਰਜ ਮੱਲ ਨੇ ਇਕ ਚੰਗਾ ਘਰ ਵੇਖ ਲਿਆ ਅਤੇ ਸਾਂਵਰੀ ਨੂੰ ਵਿਆਹ ਦਿਤਾ। ਦਾਜ ਦੌਣ ਵੀ ਰੱਜ ਕੇ ਦਿਤਾ ਸੂ। ਧੀ ਦਾ ਹਰ ਕਾਰਜ ਖੁਲ੍ਹੇ ਦਿਲ ਨਾਲ ਕੀਤਾ ਪਰ ਕਹਿੰਦੇ ਨੇ ਧੀਆਂ ਦੇ ਲੇਖ ਉਨ੍ਹਾਂ ਦੇ ਨਾਲ ਹੁੰਦੇ ਨੇ। ਮਾਪੇ ਜਨਮ ਦਿੰਦੇ ਨੇ, ਲੇਖ ਨਹੀਂ ਲਿਖਦੇ......ਸਾਂਵਰੀ ਦੇ ਲੇਖ ਜੁ ਕਾਲੇ ਸਨ ਫੇਰ ਸੁਖੀ ਕਿਵੇਂ ਹੁੰਦੀ।' ਬਾਬੇ ਨੇ ਔਖਾ ਸਾਹ ਲੈਂਦਿਆਂ ਗਲ ਜ਼ਾਰੀ ਰਖੀ ਵਿਆਹ ਨੂੰ ਅਜੇ ਵਰ੍ਹਾ ਵੀ ਨਾ ਹੋਇਆ। ਜਦੋਂ ਫਿਰ ਮਾਪਿਆਂ ਦਾ ਬੂਹਾ ਮਲ ਬੈਠੀ! ਵਡੇ ਘਰਾਣੇ ਵਾਲਿਆਂ ਸਾਂਵਰੀ ਨੂੰ ਮੱਖਣ ਵਿਚੋਂ ਵਾਲ ਵਾਂਗ ਘਰੋਂ ਕੱਢ ਦਿਤਾ।' ਬਾਬੇ ਦੀਆਂ ਕਮਜ਼ੋਰ ਅੱਖਾਂ ਵਿਚ ਪਾਣੀ ਆ ਗਿਆ ਜਿਵੇਂ ਸੁਕੇ ਸੋਮੇ ਵਿਚ ਕਿਥੋਂ ਤਰਾਵਟ ਆ ਜਾਂਦੀ ਏ। ਬਾਬੇ ਨੇ ਆਪਣੇ ਦੁਪੱਟੇ ਨਾਲ ਅੱਖਾਂ ਵਿਚੋਂ ਪਾਣੀ ਸੁਕਾ ਦਿਤਾ। ਉਸ ਨੀਵਾਂ ਤੱਕਦਿਆਂ ਫਿਰ ਬੋਲਣਾ ਸ਼ੁਰੂ ਕੀਤਾ' ‘ਮੁਟਿਆਰ ਧੀ ਜਦੋਂ ਘਰ ਹੋਵੇ, ਮਾਪਿਆਂ ਦੇ ਤਾਂ ਗਲ ਗਲ ਪਾਣੀ ਆ ਜਾਂਦਾ ਏ। ਇਸ ਲਈ ਧੀਰਜ ਮਲ ਨੇ ਛੇਤੀ ਛੇਤੀ ਸਾਂਵਰੀ ਲਈ ਹੋਰ ਵਰ ਲਭਿਆ। ਸਾਂਵਰੀ ਨੂੰ ਫਿਰ ਵਿਆਹਿਆ। ਡੇਲੇ ਪਾਇਆ ਤੇ ਜਦ ਡੋਲਾ ਲੜਕੇ ਦੀਆਂ ਬਰੂਹਾਂ ਵਿਚ ਪਹੁੰਚਿਆ ਤਾਂ ਮੁੰਡਾ ਭੜਕ ਪਿਆ, ‘ਆਖੇ ਸਾਂਵਰੀ ਵਿਆਹੁੰਦੜ ਏ.....ਮੈਨੂੰ ਇਸ ਦੀ ਲੋੜ ਨਹੀਂ।' ਲੋਕਾਂ ਸਮਝਾਇਆ ਬੁਝਾਇਆ ਬੇਵਕੂਫ ਨੇ ਇਕ ਨਾ ਸੁਣੀ। ਨਾਲ ਲੋਹੜਿਆਂ ਦਾ ਦਾਜ ਮੰਗਦਾ ਸੂ...........।' ਬਾਬਾ ਚੁਪ ਹੋ ਗਿਆ। ਹੁਣ ਓਹ ਸਾਂਵਰੀ ਦੇ ਘਰ ਕੋਲ ਪਹੁੰਚ ਚੁਕੇ ਸਨ। ਸਾਂਵਰੀ ਦਾ ਬਾਪੂ ਰੋ ਰਿਹਾ ਸੀ। ਸਾਂਵਰੀ ਦੀ ਮਾਂ ਇਹ ਖਬਰ ਸੁਣਦਿਆਂ ਸਾਰ ਬੇ ਸੁਧ ਧਰਤੀ ਤੇ ਢਹਿ ਪਈ। ਘਰ ਵਿਚ ਮੌਤ ਵਰਗਾ ਗਮ ਛਾ ਗਿਆ। ਹਰ ਇਕ ਦੀ ਅੱਖ ਵਿਚ ਸਾਂਵਰੀ ਇਕ ਰੋੜੇ ਵਾਂਗ ਰੜਕ ਰਹੀ ਸੀ। ਲੋਕ ਡਰ ਗਏ। ਅਜੇ ਲੱਖਾਂ ਸਾਂਵਰੀਆਂ ਕੁਆਰੀਆਂ ਹੀ ਸਨ, ਉਹ ਮਾਪੇ ਕੀ ਕਰਨਗੇ। ਹਰ ਕੋਈ ਇਹੀ ਸੋਚ ਰਿਹਾ ਸੀ ਤੇ ‘ਧੀ’ ਸ਼ਬਦ ਇਕ ਮਨਹੂਸ ਜੇਹਾ ਸ਼ਬਦ ਜਾਪਣ ਲਗ ਪਿਆ ਸੀ। ਇਸ ਦੇ ਸੁਣਨ ਨਾਲ ਹੀ ਲੋਕਾਂ ਦੀਆਂ ਅੱਖਾਂ ਅਗੇ ਮੋਟਰਕਾਰਾਂ, ਮਕਾਨ, ਜ਼ਮੀਨਾਂ ਤੇ ਹੋਰ ਜਾਇਦਾਦਾਂ ਘੁੰਮਣ ਲਗ ਪੈਂਦੀਆਂ, ਤੇ ਇਸ ਤੋਂ ਪਿਛੋਂ ਕਰਜ਼ਾ, ਇਕ ਜਮਦੂਤ ਦਾ ਰੂਪ ਧਾਰ ਕੇ ਲੋਕਾਂ ਦੇ ਦਿਮਾਗਾਂ ਵਿਚ ਵੜ ਜਾਂਦਾ ਸੀ। ਸਾਂਵਰੀ ਲੋਕਾਂ ਵਲ ਤੱਕਦੀ, ਸਿਰ ਨੀਵਾਂ ਕਰ ਲੈਂਦੀ, ਸ਼ਰਮ ਨਾਲ ਮਰਦੀ ਜਾਂਦੀ, ਲੁਕ ਲੁਕ ਬਹਿੰਦੀ, ਛਿਪ ਛਿਪ ਫਿਰਦੀ, ਡਰਦੀ ਫਿਰਦੀ, ਉਸ ਨੂੰ ਪਤਾ ਨਾ ਲਗਦਾ ਉਹ ਕੀ ਕਰੇ, ਬਾਪੂ ਦੇ ਹੁੰਝੂ ਮਾਂ ਦਾ ਤੱੜਫਣਾ ਤੇ ਵੀਰਾਂ ਦਾ ਦਰਦ ਉਸ ਨੂੰ ਬੇ-ਹੱਦ ਦੁਖੀ ਕਰ ਰਿਹਾ ਸੀ। ਉਹ ਕਿਸੇ ਨੂੰ ਕੀ ਕਹੇ, ਉਹ ਆਪ ਵੀ ਸੜ ਰਹੀ ਸੀ, ਉਹ ਕਿਸੇ ਨੂੰ ਕੀ ਚੁਪ ਕਰਾਏ, ਕਿਸ ਨੂੰ ਹੌਂਸਲਾ ਦੇਵੇ, ਕਿਹੜੀ ਗਲ ਦੀ ਧੀਰਜ ਬੰਨਾਵੇ।

ਧੀਰਜ ਮਲ ਦੇ ਬੂਹੇ ਅੱਗੇ ਖਾਲੀ ਡੋਲਾ ਪਿਆ ਸੀ। ਚਾਰ ਚੁਫੇਰੇ ਭੀੜ ਲਗੀ ਹੋਈ ਸੀ। ਸਾਰਿਆਂ ਦੇ ਚਿਹਰੇ ਤੇ ਦਰਦ ਸੀ, ਤਰਸ ਸੀ, ਪਰ ਕੋਈ ਵੀ ਹੌਂਸਲਾ ਨਹੀਂ ਸੀ ਕਰਦਾ ਕਿ ਅਗਾਂਹ ਹੋ ਕੇ ਧੀਰਜ ਮੱਲ ਨੂੰ ਦਿਲਾਸਾ ਦੇ ਸਕੇ। ਪਰ ਹਾਂ, ਇਕ ਹੌਂਸਲੇ ਵਾਲਾ, ਉਹ ਨੌ-ਜਵਾਨ ਭੀੜ ਚੀਰਦਾ ਅਗੇ ਵਧਿਆ, ‘ਬਾਪੂ ਮੈਨੂੰ ਦਾਨ ਦਿਓ। ਭਿੱਛਿਆ ਮੰਗਦਾ ਹਾਂ, ਜੇ ਇਸ ਗਰੀਬ ਨੂੰ ਮਾਣ ਬਖਸ਼ਦੇ ਓ..... ਤਾਂ ਮੰਗ ਨਾ....ਆਹ......ਨਰਾਜ਼ ਨਾ ਹੋਣਾ ਬਾਪੂ.....ਮੈਂ ਸਾਂਵਰੀ ਦਾ ਦਾਨ ਮੰਗਨਾ......ਮੈਂ ਦਾਜ ਨਹੀਂ ਮੰਗਾਂਗਾ, ਜ਼ਮੀਨਾਂ ਨਹੀਂ ਮੰਗਾਂਗਾ, ਹੋਰ ਕੁਝ ਨਹੀਂ ਮੰਗਾਂਗਾ, ਆਪਣੀ ਬੱਚੀ.....ਮੈਨੂੰ।’ ਉਹ ਝਿਜਕਿਆ......‘ਦੇ ਦਿਓ......।’ ਸਾਰਿਆਂ ਚਿਹਰਿਆਂ ਤੇ ਅਚੰਭਾ ਜੇਹੀ ਖੁਸ਼ੀ ਦੀ ਲਹਿਰ ਦੌੜੀ। ਹੈਰਾਨੀ ਭਰੀ ਆਸ ਦਾ ਜਾਦੂ ਸਾਰਿਆਂ ਦਿਲਾਂ ਤੇ ਹੋਇਆ। ਹੰਝੂ ਥੰਮ੍ਹ ਗਏ, ਹਾਵੇ ਰੁਕ ਗਏ, ਘਬਰਾਹਟਾਂ ਮਿਟ ਗਈਆਂ, ਡਰ ਧੋਤੇ ਗਏ, ਪਰ......ਪਰ।

‘ਕੌ......ਣ......ਕੌਣ.....ਮਨਸੂਰ' ਧੀਰਜ ਮੱਲ ਨੇ ਹੈਰਾਨ ਹੋ ਕੇ ਅੱਖਾਂ ਪੂੰਝਦਿਆਂ ਕਿਹਾ।

'ਹਾਂ......ਬਾਪੂ! ਨਿਰਮਾਣਾ ਮਨਸੂਰ।'

‘ਸਾਡੇ ਇਲਾਕੇ ਦਾ ਕਵੀ......' ਧੀਰਜ ਮੱਲ ਨੇ ਉਸ ਨੂੰ ਕਲਾਵੇ ਵਿਚ ਭਰ ਲਿਆ।

‘......' ਮਨਸੂਰ ਚੁਪ ਰਿਹਾ।

'ਓਏ ਮਨਸੂਰ......ਓਏ ਤੂੰ?' ਉਹ ਬੁਢਾ ਬਾਬਾ ਜਿਹੜਾ ਹੁਣੇ ਅਜੇ ਰਸਤੇ ਵਿਚ ਇਸ ਨਾਲ ਗਲਾਂ ਕਰਦਾ ਆਇਆ ਸੀ, 'ਓਏ ਮੈਂ ਤਾਂ ਤੈਨੂੰ ਪਛਾਣਿਆ ਹੀ ਨਾ।'

‘ਬਾਬਾ......।’ ਮਨਸੂਰ ਨੇ ਹੋਰ ਕੁਝ ਨਾ ਕਿਹਾ।

ਸਾਰੀ ਭੀੜ ਵਿਚ ਚਰਚਾ ਜੇਹੀ ਛਿੜ ਪਈ। ਕਿਸੇ ਦੀ ਕੋਈ ਵਿਚਾਰ ਸੀ ਅਤੇ ਕਿਸੇ ਦੀ ਕੋਈ। ਕਈਆਂ ਦੀ ਜ਼ਬਾਨ ਤੇ ਮਨਸੂਰ ਦੀ ਕੁਰਬਾਨੀ ਦੀ ਸਿਫਤ ਸੀ ਅਤੇ ਕਈਆਂ ਦਾ ਦਿਲ ਸੜ ਉਠਿਆ ਸੀ।

‘ਮਨਸੂਰ, ਡਾਕੂ ਦਾ ਲੜਕਾ......' ਭੀੜ 'ਚੋਂ ਇਕ ਨੇ ਕਿਹਾ।

‘ਡਾਕੂ ਦਾ ਲੜਕਾ...... ਇਹ ਰਿਸ਼ਤਾ ਕਦੇ ਨਹੀਂ ਹੋਣ ਦੇਣਾ।'

ਭੀੜ ਚੋਂ ਕਈ ਹੋਰ ਬੋਲੇ।

ਧੀਰਜ ਮੱਲ ਦੇ ਰਸਤੇ ਦਾ ਰੋੜਾ ਨਾ ਬਣੋ ਭਾਈ......।' ਇਕ ਸਿਆਣੇ ਜੇਹੇ ਬਜ਼ੁਰਗ ਨੇ ਕਿਹਾ।

'ਇਹ ਰਿਸ਼ਤਾ ਹੋਏਗਾ......।'

'ਕਦੇ ਨਹੀਂ......ਡਾਕੂ ਦਾ ਪੁਤ੍ਰ ਸਾਡੇ ਇਲਾਕੇ ਦੀ ਕੁੜੀ ਕਦੇ ਨਹੀਂ ਵਿਆਹੇਗਾ।'

'ਤੁਸੀਂ ਜਿੱਦ ਨਾ ਕਰੋ......ਕੁਦਰਤ ਨੂੰ ਇਹੀ ਚੰਗਾ ਲਗਦਾ ਏ। ਇਕ ਬੀਬੇ ਜੇਹੇ ਮੂੰਹ ਵਿਚੋਂ ਨਿਕਲਿਆ। ਅਤੇ ਇਵੇਂ ਹੀ ਰੌਲਾ ਵਧਦਾ ਵਧਦਾ ਲੜਾਈ ਦਾ ਰੂਪ ਅਖਤਿਆਰ ਕਰ ਗਿਆ। ਇਕ ਪਾਸੇ ਸਮਾਜ ਦੇ ਠੇਕੇਦਾਰ ਸ਼ੈਤਾਨ, ਆਪਣੇ ਆਪ ਨੂੰ ਚੰਗੇ ਬਾਪੂਆਂ ਦੇ ਪੁਤ੍ਰ ਅਖਵਾਣ ਵਾਲੇ ਚੰਗੇ ਖਾਨਦਾਨੀ, ਪਰ ਸ਼ੋਹਦੇ ਸਨ ਅਤੇ ਦੂਜੇ ਪਾਸੇ ਗਰੀਬ, ਅਣਖੀਲੇ, ਬੁਰੇ ਅਖਵਾਣ ਵਾਲੇ ਪਰ ਸ਼ਰੀਫ, ਹੱਕ ਦੀ ਲੜਾਈ ਲੜਨ ਵਾਲੇ, ਇਨਸਾਫ ਦੇ ਪੁਤਲੇ ਸਨ। ਲੜਾਈ, ਜ਼ਬਾਨ ਦੀ ਸਟੇਜ ਤੋਂ ਉਤਰ ਕੇ ਖਤਰਨਾਕ ਰੂਪ ਧਾਰ ਰਹੀ ਸੀ। ਧੀਰਜ ਮੱਲ ਦੀ ਆਤਮਾ ਤੇ ਇਕ ਹੋਰ ਦਰਦ ਤੜਪ ਉਠਿਆ।

‘ਆਹ.....ਇੱਜ਼ਤ.....ਮਿੱਟੀ ਉਡ ਗਈ ਏ......। ਹੇ ਪ੍ਰਭੂ! ਤੂੰ ਸਾਨੂੰ ਸਾਂਵਰੀ ਕਿਉਂ ਦਿਤੀ? ਇਸ ਹੋਂਦ ਤੋਂ ਪਹਿਲਾਂ ਤੇਰੇ ਹੱਥ ਕਿਉਂ ਨਾ ਰੁਕੇ, ਤੇਰੀ ਪ੍ਰਿਥਵੀ ਤੇ ਭੂਚਾਲ ਕਿਉਂ ਨਾ ਆਇਆ? ਧਰਤੀ ਤੇ ਆਕਾਸ਼ ਟਕਰਾਏ ਕਿਉਂ ਨਾ? ਸਾਂਵਰੀ ਦੀ ਆਮਦ ਤੋਂ ਪਹਿਲਾਂ ਉਸ ਦੀ ਮਾਂ ਕਿਉਂ ਨਾ ਮਰ ਗਈ......ਜੇ ਇਹ ਕੁਛ ਨਹੀਂ ਸੀ ਹੋ ਸਕਦਾ ਤਾਂ ਕੀ ਓਏ ਰੱਬਾ ਤੇਰੇ ਪਾਸ ਸਾਂਵਰੀ ਲਈ ਮੌਤ ਵੀ ਹੈ ਨਹੀਂ ਸੀ? ਓ ਪੱਥਰ! ਤੈਨੂੰ ਰਹਿਮ ਕਿਉਂ ਨਾ ਆਇਆ?' ਉਹ ਕੰਬ ਰਿਹਾ ਸੀ, ਉਸ ਦਾ ਚਿਹਰਾ ਗਮ ਦੀ ਮੂਰਤ ਸੀ, ਉਸ ਦੀਆਂ ਅੱਖਾਂ ਵਿਚ ਤਾਹਨੇ ਸਨ ਰੱਬ ਲਈ, ਨਫਰਤ ਸੀ ਉਸ ਦੀ ਦੁਨੀਆਂ ਲਈ। ਉਹ ਨਿਰਬਲ ਸੀ, ਉਹ ਕੁਝ ਨਹੀਂ ਸੀ ਕਰ ਸਕਦਾ, ਧੀ ਦੇ ਗਮ ਨੇ ਉਸ ਦੀ ਸੱਤਿਆ ਖਿੱਚ ਲਈ ਸੀ।

ਉਹ ਹੁਣ ਬਹੁਤ ਬੁਢਾ ਸੀ। ਲੜਾਈ ਦਾ ਰੌਲਾ ਉਸ ਨੂੰ ਸੁਣਾਈ ਦੇ ਰਿਹਾ ਸੀ ਪਰ ਉਹ ਜੀਉਂਦੇ ਜਾਗਦੇ ਮੁਰਦੇ ਦੀ ਤਰਾਂ ਸਾਂਵਰੀ ਦੇ ਡੋਲੇ ਨਾਲ ਢਾਸਣਾ ਲਾਈ ਖਲੋਤਾ ਸੀ। ਉਹ ਨਹੀਂ ਸੀ ਜਾਣਦਾ, ਉਸ ਦੇ ਘਰ ਅੰਦਰ, ਸਾਂਵਰੀ ਅਤੇ ਉਸ ਦੀ ਮਾਂ ਦੀ ਕੀ ਹਾਲਤ ਹੈ? ਦੋਵੇਂ ਭਾਵੇਂ ਮੌਤ ਨੂੰ ਅਵਾਜ਼ਾ ਦੇ ਰਹੀਆਂ ਸਨ ਪਰ ਕਿਸੇ ਇਨਸਾਫ ਲਈ ਦੁਹਾਂ ਦੀਆਂ ਰੂਹਾਂ ਤੜਪਦੀਆਂ ਸਨ, ਸਾਂਵਰੀ ਦੀ ਮਾਂ ਲੜ ਖੜਾਂਦੀ ਬਾਹਰ ਆਈ। ਪਿਛੇ ਪਿਛੇ ਸਾਂਵਰੀ ਵੀ ਆਈ ਪਰ ਬਾਹਰ ਨਿਕਲਣ ਦਾ ਹੌਂਸਲਾ ਨਾਂ ਕਰ ਸਕੀ ਅਤੇ ਮਾਂ ਨੂੰ ਅਗਾਂਹ ਭੇਜਿਆ, 'ਮਾਂ......ਬਾਪੂ ਨੂੰ ਕਹਿ...... ਇਹ ਪ੍ਰਮਾਤਮਾਂ ਦੀ ਰਜ਼ਾ ਏ.....ਹੌਂਸਲਾ ਨਾ ਹਾਰੇ......ਉਹ ਵੀ ਲੜੇ......। ਸਮਾਂ ਇਹੀ ਕਹਿ ਰਿਹਾ ਏ ਮਾਂ......

ਦੁਖ ਭਾਵੇਂ ਮੇਰਾ ਏ.....ਮੇਰੇ ਲਈ ਹੀ ਲੜੇ......ਮੈਂ ਤੁਹਾਡੀ ਬਚੀ ਹਾਂ......ਤੁਸਾਂ ਮੈਨੂੰ ਜਨਮ ਦਿਤਾ ਏ.....ਜਾ ਮਾਂ, ਬਾਪੂ ਨੂੰ ਕਹਿ......। ਅਤੇ ਉਸ ਦੀ ਮਾਂ ਬਾਹਰ ਗਈ। ਧੀਰਜ ਮਲ ਲਲਕਾਰ ਕੇ ਕਿਹਾ, ‘ਸਾਂਵਰੀ ਦੇ ਬਾਪੂ......ਮੈਂ ਜਾਨਣੀਆਂ ਤੈਨੂੰ ਦੁਖ ਏ, ਬੜਾ ਵਡਾ ਦੁਖ ਪਰ......ਪਰ ਸਾਂਵਰੀ ਸਾਡੀ ਸੰਤਾਨ ਏ......ਉਸ ਲਈ ਤੂੰ ਵੀ ਲੜ......ਇਨਸਾਫ ਮੰਗ......ਤੂੰ ਮਰਦ ਏਂ ਸਾਂਵਰੀ ਦਾ ਬਾਪੂ। ਇਹ ਹਾਲਤ ਚੰਗੀ ਨਹੀਂ ਲਗਦੀ। ਉਂਞ......ਹੌਂਸਲ ਨਾ ਹਾਰ ਫਿਰ ਕੀ ਹੋਇਆ ਜੇ ਅਮੀਰ ਮੁੰਡੇ ਨੇ ਸਾਡੀ ਸਾਂਵਰੀ ਨੂੰ ਮਨਜ਼ੂਰ ਨਹੀਂ ਕੀਤਾ......ਅਸੀਂ ਗਰੀਬ ਮਨਸੂਰ ਨੂੰ ਸਾਂਵਰੀ ਦਿਆਂਗੇ......।' ਧੀਰਜ ਮਲ ਦੀਆਂ ਅੱਖਾਂ ਉਤਾਂਹ ਉਠੀਆਂ। ਸਾਂਵਰੀ ਦੀ ਮਾਂ ਦੇ ਚਿਹਰੇ ਤੇ ਜੋਸ਼ ਸੀ। ਉਸ ਵੇਖਿਆ। ਉਸ ਨੂੰ ਵੀ ਹੋਸ਼ ਆਈ। ਉਹ ਠੀਕ ਤਰ੍ਹਾਂ ਖਲੋ, ਗਿਆ। ‘ਸਾਂਵਰੀ ਦੀ ਮਾਂ......ਇਜ਼ਤ ਰੁਲ ਗਈ......।'

‘ਖਸਮਾਂ ਨੂੰ ਖਾਏ ਇਜ਼ਤ......ਜਦੋਂ ਮੁੰਡਿਆਂ ਦੀ ਇਜ਼ਤ ਨਹੀਂ ਤਾਂ ਕੁੜੀਆਂ ਦੀ ਇੱਜ਼ਤ ਸਾਨੂੰ ਕਿਉਂ ਦੁਖਾਂਦੀ ਏ? ਮੂੰਹ ਪਾੜ ਪਾੜ ਦਾਜ ਮੰਗਦੇ ਨੇ......ਵਡੇ ਇਜ਼ਤਾਂ ਵਾਲੇ......ਸਾਨੂੰ ਨਹੀਂ ਇਜ਼ਤ ਦੀ ਲੋੜ ਬਸ ਤਕੜਾ ਹੋ......ਕਿਹੜਾ ਇਸ ਦੁਨੀਆਂ ਵਿਚ ਇਜ਼ਤ ਵਾਲਾ ਏ ਸਾਂਵਰੀ ਦਾ ਬਾਪੂ! ਵਿਖਾ ਖਾਂ ਜ਼ਰਾ ਮੈਨੂੰ......ਵੇਖਾਂ ਉਹ ਕਿਹੜਾ ਲਾਟ ਏ, ਇਜ਼ਤ ਵਾਲਾ.......ਸਭ ਇਕੋ ਹੀ ਨੇ ਸਾਂਵਰੀ ਦੇ ਬਾਪੂ......ਤੂੰ ਇਕੱਲਾ ਨਹੀਂ ਬਿਨਾਂ ਇਜ਼ਤੋਂ......'

ਸਾਂਵਰੀ ਦੇ ਬਾਪੂ ਨੂੰ ਕੁਝ ਅਸਲੀਅਤ ਜਾਪੀ। ਉਸ ਸੋਚਿਆ। ਉਸ ਦੀ ਆਤਮਾ ਵਿਚ ਤਾਕਤ ਆ ਗਈ ਅਤੇ ਉਹ ਸਭ ਕੁਛ ਕਰਨ ਲਈ ਤਿਆਰ ਹੋ ਗਿਆ।

'ਮੌਤ......ਮੌਤ ਹੋ ਗਈ। ਸੁਖੇ ਦੇ ਸਿਰ 'ਚ ਸੱਟ ਵੱਜੀ ਸੂ......ਓਹੌ ਖੂਨ ਹੋ ਗਿਆ।' ਹੋ ਰਹੀ ਲੜਾਈ ਵਿਚੋਂ ਅਵਾਜ਼ਾਂ ਆਈਆਂ। ਧੀਰਜ ਮੱਲ ਅਗਾਂਹ ਨੂੰ ਭੱਜਾ।

'ਕੌਣ......ਕਿਸ ਦੀ ਮੌਤ ਹੋਈ ਏ? ਸੁੱਖਾ? ਸੁੱਖਾ ਮਾਰਿਆ ਗਿਆ?' ਧੀਰਜ ਮੱਲ ਭੀੜ ਨੂੰ ਚੀਰਦਾ ਹੋਇਆ ਲਾਸ਼ ਤਾਈਂ ਪਹੁੰਚਿਆ। ‘ਬਹੁਤ ਬੁਰਾ ਕੀਤਾ ਏ! ਤੁਹਾਨੂੰ ਸ਼ਰਮ ਨਹੀਂ ਆਉਂਦੀ? ਤੁਸੀਂ ਕਿਸ ਲਈ ਲੜ ਰਹੇ ਓ? ਤੁਹਾਡਾ ਕੀ ਹੱਕ ਏ ਸਾਂਵਰੀ ਲਈ ਵਰ ਚੁਣਨ ਯਾ ਨਾ ਚੁਣਨ ਦਾ? ਤੁਸੀਂ ਕੌਣ ਹੁੰਦੇ ਹੋ ਮੇਰੇ ਇਰਾਦੇ ਦੇ ਵਿਰੁੱਧ ਲੜਨ ਵਾਲੇ? ਚਲੇ ਜਾਓ ਇਥੋਂ......ਚਲੇ ਜਾਓ ਮੇਰੀਆਂ ਬਰੂਹਾਂ ਤੋਂ ਦੂਰ......ਮੈਂ ਜਾਣਨਾ......ਮੈਂ ਚੰਗੀ ਤਰ੍ਹਾਂ ਜਾਣਨਾ ਤੁਸੀਂ ਲੋਕ ਤਮਾਸ਼ਾ ਵੇਖਦੇ ਹੋ? ਤੁਸੀਂ ਕਿਸੇ ਦੇ ਨਾਸੂਰ ਨੂੰ ਤੱਕ ਤੱਕ ਹੱਸਣ ਵਾਲੇ ਅਜ ਮੇਰੇ ਹਮਦਰਦ ਦੇ ਅਖਵਾਣ ਲੱਗੇ ਹੋ......ਚਲੇ ਜਾਓ......!' ਧੀਰਜ ਮੱਲ ਦੇ ਬੋਲਾਂ ਨੇ ਸ਼ੈਤਾਨਾਂ ਦੇ ਸਿਰ ਨਿਵਾ ਦਿੱਤੇ। ਉਹ ਸ਼ਰਮਿੰਦਾ ਜੇਹਾ ਹਾਸਾ ਹਸਦੇ ਤੁਰ ਪਏ। .....ਠਹਿਰੋ!.....ਸੁਖੇ ਦਾ ਖੂਨ ਕਿਸ ਕੀਤਾ ਏ? ਬਚ ਕੇ ਨਾ ਨਿਕਲੇ ਪਾਪੀ......।"

'ਇਹ ਖੂਨ ਕਿਸ ਕੀਤਾ ਏ? ਪੁਲੀਸ ਦੇ ਅਫਸਰ ਨੇ ਭੀੜ ਵਿਚ ਦਾਖਲ ਹੁੰਦਿਆਂ ਪਸ਼ਨ ਕੀਤਾ।

‘ਇਸ ਦਾ ਖੂਨੀ ਐਹ ਮਨਸੂਰ ਏ।' ਭੀੜ ਵਿਚੋਂ ਇਕ ਸ਼ੈਤਾਨ ਨੇ ਉਂਗਲੀ ਦਾ ਇਸ਼ਾਰਾ ਕਰਦਿਆਂ ਕਿਹਾ।

‘ਮਨਸੂਰ......?' ਧੀਰਜ ਮੱਲ ਤੇ ਸਿਪਾਹੀ ਹੈਰਾਨ ਹੋ ਕੇ ਬੋਲੇ।

‘ਨਹੀਂ ਝੂਠ ਹੈ, ਖੂਨ ਸ਼ੈਤਾਨਾਂ ਦੇ ਔਹ ਜਾ ਰਹੇ ਟੋਲੇ 'ਚੋਂ ਇਕ ਨੇ ਕੀਤਾ ਏ।' ਇਕ ਸਾਊ ਜੇਹਾ ਬਾਬਾ ਬੋਲਿਆ।

‘ਮਨਸੂਰ ਖੂਨੀ ਏ।”

‘ਨਹੀਂ......।’

'ਮਨਸੂਰ...।'

‘ਬਿਲਕੁਲ ਨਹੀਂ......।’ ਅਤੇ ਇਹੋ ਜੇਹੀਆਂ ਅਵਾਜ਼ਾਂ ਨੇ ਸਿਪਾਹੀਆਂ ਨੂੰ ਸ਼ਸ਼ੋਪੰਜ ਵਿਚ ਪਾ ਦਿੱਤਾ। ਸ਼ੈਤਾਨਾਂ ਦਾ ਭੱਜਾ ਜਾ ਰਿਹਾ ਟੋਲਾ ਸਿਪਾਹੀਆਂ ਨੇ ਜਾ ਘੇਰਿਆ। ਅਤੇ ਫਿਰ ਉਨ੍ਹਾਂ ਨੂੰ ਧੀਰਜ ਮੱਲ ਦੇ ਘਰ ਅਗੇ ਲਿਆ ਖਲ੍ਹਾਰਿਆ।

‘ਕੀ ਤੁਹਾਡੇ ਵਿਚੋਂ ਕੋਈ ਦਸ ਸਕਦਾ ਏ...ਇਹ ਖੂਨ ਕਿਸ ਕੀਤਾ ਏ? ਸਿਪਾਹੀਆਂ ਦੇ ਅਫਸਰ ਨੇ ਪੁੱਛਿਆ।

‘ਜਨਾਬ......ਮਨਸੂਰ ਤੋਂ ਬਿਨਾਂ ਇਹ ਖੂਨ ਹੋਰ ਕੌਣ ਕਰ ਸਕਦਾ ਸੀ?'

‘ਝੂਠ ਨਾ ਕਹੋ......ਸਚ ਸਚ ਕਹੋ।'

‘ਇਹ ਸੱਚ ਏ ਜਨਾਬ।' ਸ਼ੈਤਾਨ ਕਹਿ ਰਿਹਾ ਸੀ ਅਤੇ ਹੋਰ ਸਾਰੇ ਸ਼ੈਤਾਨ ਇਸ ਦੇ ਹਾਮੀ ਸਨ।

‘ਜਨਾਬ ਜੇ ਹੁਕਮ ਦੇਵੋ ਤਾਂ ਤੁਹਾਨੂੰ ਦਸਾਂ ਕਿ ਅਸਲ ਖੂਨੀ ਕੌਣ ਏ......' ਉਹੀ ਬਾਬਾ ਬੋਲਿਆ 'ਹਾਂ ਦਸ......ਸਿਪਾਹੀ ਨੇ ਕਿਹਾ।

‘ਸੁਖਾ ਮਨਸੂਰ ਦੇ ਹੱਕ ਵਿਚ ਲੜ ਰਿਹਾ ਸੀ......ਤੇ ਐਹ ਦੇ ਸ਼ੈਤਾਨਾਂ ਦਾ ਟੋਲਾ ਮਨਸੂਰ ਦਾ ਵਿਰੋਧੀ ਧੜਾ ਹੋਣ ਕਰਕੇ ਉਸ ਦੀ ਮੰਗ ਨਾ ਪੂਰੀ ਹੋਣ ਲਈ ਡਟੇ ਹੋਏ ਸਨ......ਜਨਾਬ ਮਨਸੂਰ ਨੂੰ ਫੜਕੇ ਗਲਤੀ ਨਾ ਕਰਨੀ।' ਬਾਬੇ ਦੇ ਤਰਲੇ ਵਿਚ ਸ਼ਕਤੀ ਸੀ। ਸਿਪਾਹੀ ਸੋਚਾਂ ਵਿਚ ਪੈ ਗਏ, ਪਰ ਕਾਨੂੰਨ ਅਗੇ ਤਰਲੇ ਕੋਈ ਚੀਜ਼ ਨਹੀਂ ਸਨ ਸਿਪਾਹੀਆਂ ਨੇ ਮਨਸੂਰ ਨੂੰ ਹੱਥ-ਘੜੀ ਲਾ ਲਈ ਅਤੇ ਸ਼ੈਤਾਨਾਂ ਦੇ ਟੋਲੇ ਨੂੰ ਵੀ ਨਾਲ ਲੈ ਕੇ ਉਹ ਥਾਣੇ ਵਲ ਤੁਰ ਪਏ। ਧੀਰਜ ਮਲ ਦੇ ਸੀਨੇ ਤੇ ਇਸ ਘਟਨਾ ਨੇ ਬੜਾ ਅਸਰ ਕੀਤਾ। ਉਹ ਤੜਪ ਉਠਿਆ......ਮੈਂ ਮਨਸੂਰ ਲਈ ਲੜਾਂਗਾ...। ਮੇਰੀ ਇਜ਼ਤ ਬਚਾਣ ਵਾਲੇ ਨੂੰ ਮੈਂ ਬਚਾਵਾਂਗਾ......।'

ਧੀਰਜ ਮਲ ਮਨਸੂਰ ਦੇ ਹੱਕ ਵਿਚ ਡਟਿਆ ਰਿਹਾ। ਮੁਕੱਦਮਾ ਚਲਿਆ, ਗੁਆਹੀਆਂ ਭੁਗਤਾਈਆਂ ਗਈਆਂ, ਅਸਲੀ ਖੂਨੀ ਲੱਭਣ ਲਈ ਭਾਵੇਂ ਪੁਲੀਸ ਨੂੰ ਕਾਫੀ ਖੇਚਲ ਕਰਨੀ ਪਈ, ਪਰ ਉਨ੍ਹਾਂ ਅਸਲੀਅਤ ਲਭਣ ਵਿਚ ਦੇਰ ਨਾ ਕੀਤੀ। ਮਨਸੂਰ ਰਿਹਾ ਹੋਇਆ। ਮਾ ਦੇ ਸੀਨੇ ਲਗਣ ਲਈ ਬਾਹਾਂ ਪਸਰੀਆਂ। ਉਹ ਘਰ ਵਲ ਭੱਜਾ ਮਾਂ ਦੇ ਗਲੇ ਲੱਗਾ। ਪਿਆਰ ਮਿਲਣੀ ਵਿਚ ਸਵਰਗੀ ਖੇੜਾ ਸੀ ਮਾਂ-ਪੁਤ੍ਰ ਦੇ ਮਿਲਾਪ ਵਿਚ ਭਾਵੇਂ ਲੋਹੜਿਆਂ ਦੀ ਖੁਸ਼ੀ ਸੀ ਪਰ ਇਸ ਖੁਸ਼ੀ ਦੇ ਪਿਛੇ ਨਿੰਮ੍ਹਾ ਨਿੰਮ੍ਹਾਂ ਦਰਦ ਵੀ ਮੁਸਕੁਰਾ ਰਿਹਾ ਸੀ।

'ਬੇਟਾ......ਬਿਨ ਦਸਿਆਂ ਹੀ ਕਿਥੇ ਚਲੇ ਗਏ ਸਾਓ।' ਸਭ ਕੁਝ ਜਾਣਦੀ ਹੋਈ ਵੀ ਮਾਂ ਪੁਛ ਰਹੀ ਸੀ। ਮਨਸੂਰ ਦੇ ਚਿਹਰੇ ਤੇ ਸ਼ਰਮ ਦੀ ਲਾਲੀ ਦੌੜ ਗਈ। ਮਾਂ ਨੇ ਫਿਰ ਕਿਹਾ ‘ਬਚਾ...... ਮੈਂ ਸਭ ਕੁਝ ਸੁਣ ਲਿਆ ਏ ਪਰ ਦਸ ਖਾਂ ਚੰਨ......ਸਾਂਵਰੀ ਕੀ ਤੇਰੀ ਏ?'

'ਹਾਂ ਮਾਂ......ਜਿਸ ਦਾ ਕੋਈ ਨਾ ਹੋਵੇ ਉਹ ਮੇਰਾ ਤੇ ਮੈਂ ਉਸ ਦਾ ਹਾਂ......।' ਮਨਸੂਰ ਜਿਹੜਾ ਬਿਲਕੁਲ ਵਿਆਹ ਦੇ ਹੱਕ ਵਿਚ ਨਹੀਂ ਸੀ, ਕਹਿ ਰਿਹਾ ਸੀ। ਉਸ ਨੂੰ ਯਾਦ ਸੀ ਜਦ ਉਸ ਦੀ ਮਾਂ ਲੱਖ ਮਿੰਨਤਾਂ ਕਰ ਕਰਾ ਕੇ ਉਸ ਨੂੰ ਵਿਆਹ ਲਈ ਮਨਾਇਆ ਕਰਦੀ ਸੀ। ਉਹ ਕੱਦੀ ਨਹੀਂ ਸੀ ਮੰਨਿਆ ਤੇ ਹੁਣ ਜਦ ਉਹ ਆਪ ਸਾਂਵਰੀ ਦੀ ਮੰਗ ਕਰ ਰਿਹਾ ਸੀ ਤਾਂ ਉਸ ਦੀ ਮਾਂ ਗਦ ਗਦ ਹੋ ਰਹੀ ਸੀ।

‘ਮੈਂ ਸਦਕੇ ਆਂ ਚੰਨ......ਦਸ ਕਦ ਮੇਰੀ ਸਾਂਵਰੀ ਘਰ ਲਿਆਏਂਗਾ।' ਮਾਂ ਨੇ ਗਲ ਨਾਲ ਘੁੱਟਦਿਆਂ ਮਨਸੂਰ ਨੂੰ ਪੁੱਛਿਆ। ਉਹ ਲਜਿੱਤ ਜੇਹਾ ਹੋ ਰਿਹਾ ਸੀ।

‘ਮਾਂ......ਤੇ ਉਹ ਮੁਸਕੁਰਾ ਰਿਹਾ ਸੀ ।

‘ਦਸ ਬੱਚਾ......।’ ਮਾਂ ਵੀ ਮੁਸਕੁਰਾਈ। ਮਨਸੂਰ ਨੂੰ ਇਕ ਗਲ ਵਾਰ ਵਾਰ ਤੜਪਾ ਰਹੀ ਸੀ। ਉਹ ਕੁਝ ਪੁੱਛਣਾ ਚਾਹੁੰਦਾ ਸੀ, ਪਰ ਗੱਲ ਉਸ ਦੀ ਜ਼ਬਾਨ ਤੇ ਨਹੀਂ ਸੀ ਆਉਂਦੀ, ਤੇ ਹੁਣ ਜਦ ਉਸ ਨੇ ਗੱਲ ਦਾ ਰੁਖ ਬਦਲਾਂਦਿਆਂ ਪੁੱਛਣਾ ਚਾਹਿਆ ਤਾਂ ਉਸ ਨੇ ਸਾਰਾ ਕੁਝ ਮਾਂ ਅਗੇ ਕਹਿ ਦਿੱਤਾ।

‘ਦਸਾਂਗਾ......ਮੈਂ ਕੌਣ ਹਾਂ......ਕੀ ਹਾਂ?' ਮਨਸੂਰ ਦਾ ਗੰਭੀਰ ਚਿਹਰਾ ਵੇਖ ਕੇ ਮਾਂ ਸਮਝ ਗਈ ਉਸ ਜਾਣ ਬੁੱਝ ਕੇ ਮਨਸੂਰ ਨੂੰ ਫਿਰ ਪੁੱਛਿਆ।

'ਤੇਰਾ ਕੀ ਮਤਲਬ ਏ ਮਨਸੂਰ......।'

‘ਮੈਂ ਕੌਣ ਹਾਂ...... ਕਿਸ ਦਾ ਬੱਚਾ ਹਾਂ?' ਮਨਸੂਰ ਦੇ ਬੋਲਾਂ ਨੇ ਮਾਂ ਦੇ ਸੀਨੇ ਤੇ ਸੱਟ ਜੇਹੀ ਮਾਰੀ।

‘ਤੂੰ......ਤੂੰ? ਮੈਂ ਕਿਵੇਂ ਛੁਪਾਵਾਂ ਬੱਚਾ......ਤੂੰ ਇਕ ਡਾਕੂ ਦਾ ਪੁੱਤ੍ਰ ਏਂ।” ਮਾਂ ਰੋ ਪਈ।

‘ਡਾਕੂ......?’

‘ਹਾਂ......ਉਹ ਜਿਹੜਾ ਤੇਰਾ ਮੂੰਹ ਵੀ ਨਹੀਂ ਵੇਖ ਸਕਿਆ, ਬਦਨਸੀਬ ਬਾਪੂ......ਪੁਲੀਸ ਦੀਆਂ ਗੋਲੀਆਂ ਦਾ ਸ਼ਿਕਾਰ ਹੋ ਗਿਆ।'

‘......।’ ਮਨਸੂਰ ਚੁੱਪ ਸੀ। ਉਸ ਦੀ ਮਾਂ ਵੀ ਚੁੱਪ ਹੋ ਗਈ। ਦੋਵੇਂ ਚੁੱਪ ਸਨ! ਦੁਹਾਂ ਦਿਲਾਂ ਵਿਚ ਕੋਈ ਘੌਲ ਹੋ ਰਿਹਾ ਸੀ। ਕੋਈ ਸੋਚ, ਕੋਈ ਗਮ ਸੀ।

‘ਜਾ ਬੇਟਾ......ਸਾਂਵਰੀ ਲੈ ਕੇ ਆ......ਤੂੰ......ਏਂ ਫਿਰ ਕੀ ਹੋਇਆ ਜੇ ਤੇਰਾ ਬਾਪ ਡਾਕੂ ਸੀ। ਉਹ ਦਾਨੀ ਸੀ......ਭੁਖਿਆਂ ਲਈ ਰੋਟੀ ਸੀ ਨੰਗੇ ਦਾ ਉਹ ਪਰਦਾ ਸੀ......ਅਮੀਰਾਂ ਨੂੰ ਲੁੱਟਦਾ ਸੀ ਗਰੀਬਾਂ ਨਾਲ ਮਾਰ ਧਾੜ ਨਹੀਂ ਸੀ ਕਰਦਾ......ਜਾ......ਮੇਰੇ ਘਰ ਦਾ ਸ਼ਿੰਗਾਰ ਲੈ ਕੇ ਆ ਜੇ ਬਹਾਰਾਂ ਫਿਰ ਮੁੜ ਆ ਸਕਣ...... ਮਾਂ ਨੇ ਬੱਚੇ ਦੇ ਮਥੇ ਵਿਚ ਤਿਲਕ ਲਾਇਆ। ਉਹ ਤੁਰ ਪਿਆ ਮਨਸੂਰ ਦੇ ਕਦਮਾਂ ਵਿਚ ਕੋਈ ਖਿੱਚ ਸੀ ਜੋ ਉਸ ਨੂੰ ਖਿੱਚੀ ਲਈ ਜਾ ਰਹੀ ਸੀ। ਉਸ ਨੂੰ ਜਾਪਦਾ ਸੀ ਜਿਵੇਂ ਉਹ ਕਿਸੇ ਖਜ਼ਾਨੇ ਦੀ ਢੂੰਡ ਲਈ ਤੁਰਿਆ ਜਾ ਰਿਹਾ ਸੀ। ਧੀਰਜ ਮਲ ਦੇ ਘਰ ਫਿਰ ਬਹਾਰ ਆ ਗਈ। ਸੋਗ ਨੂੰ ਕਿਧਰੇ ਥਾਂ ਨਾ ਰਹੀ। ਉਨ੍ਹਾਂ ਦੀ ਬੱਚੀ ਨੂੰ ਸਹਾਰਾ ਕੀ ਮਿਲਿਆ ਧੀਰਜ ਮਲ ਨੂੰ ਜੀਵਨ ਮਿਲ ਗਿਆ।

ਦੋ ਪਿਆਰ ਭੁਖੇ ਘਰਾਂ ਤੇ ਖੇੜਾ ਆ ਗਿਆ। ਸਾਂਵਰੀ ਮਨਸੂਰ ਦੀ ਦੁਨੀਆਂ ਦੀ ਇਕ ਸੁਹਣੀ ਨਾਇਕਾ ਬਣ ਗਈ। ਉਸ ਦੀ ਮਾਂ ਨੇ ਲਖ ਲਖ ਸ਼ਗਨ ਮਨਾਏ......ਘਰ ਨੂੰ ਸੰਵਾਰਿਆ, ਫਬਾਇਆ......ਸਾਂਵਰੀ ਲਈ ਚੁਣ ਚੁਣ ਬਿਸਤਰੇ ਵਿਛਾਏ। ਮਨਸੂਰ ਦੀ ਲਾਈ ਬਗੀਚੀ ਵਿਚੋਂ ਫੁਲ ਤੋੜੇ ਸਾਂਵਰੀ ਦੇ ਗਲ ਹਾਰ ਪਾਏ, ਮਨਸੂਰ ਨੂੰ ਸਿਹਰੇ ਲਾਏ ਅਤੇ ਉਸਦੀ ਹਰ ਖੁਸ਼ੀ ਦੂਣਾ ਸ਼ਿੰਗਾਰ ਕਰ ਕਰ ਨੱਚ ਰਹੀ ਸੀ।

“ਸਰੋਜ"


ਕਦੀ ਕਦੀ ਜਦੋਂ ਮੈਂ ਬਹੁਤ ਹੀ ਜ਼ਿਆਦਾ ਉਦਾਸ ਹੋ ਜਾਂਦਾ ਹਾਂ, ਆਪਣੇ ਆਪ ਨੂੰ ਬਿਲਕੁਲ ਇਕਲਾ ਮਹਿਸੂਸ ਕਰਦਾ ਹਾਂ, ਘਰ ਸੁੰਨਾ ਸੁੰਨਾ ਜਾਪਦਾ ਹੈ, ਗਰੀਬੀ ਮੇਰਾ ਮਜ਼ਾਕ ਉਡਾਂਦੀ ਨਜ਼ਰ ਆਉਂਦੀ ਹੈ, ਕੰਧਾਂ ਹਸ ਹਸਕੇ ਮੇਰੀ ਗਰੀਬੀ ਦਾ ਮਖੌਲ ਉਡਾਂਦੀਆਂ ਜਾਪਦੀਆਂ ਹਨ ਤਾਂ ਮੈਂ ਮਨ ਲਈ ਸ਼ਾਂਤੀ ਪ੍ਰਾਪਤ ਕਰਨ ਲਈ, ਆਪਣੇ ਆਪ ਫਿਕਰਾਂ ਗਮਾਂ ਤੋਂ ਅਜ਼ਾਦ ਕਰਨ ਲਈ ਆਪਣੀਆਂ ਲਿਖੀਆਂ ਕਹਾਣੀਆਂ ਹੀ ਪੜ੍ਹਨ ਲਗ ਜਾਂਦਾ ਹਾਂ।

ਕਹਾਣੀਆਂ ਵਿਚੋਂ ਮਨ ਨੂੰ ਸ਼ਾਂਤੀ ਮਿਲਣੀ ਕਈ ਵਾਰੀ ਬਹੁਤ ਹੀ ਮੁਸ਼ਕਲ ਹੋ ਜਾਂਦੀ ਹੈ, ਕਿਉਂਕਿ ਮੁੜ ਮੁੜਕੇ ਉਹੋ ਕਹਾਣੀਆਂ ਪੜ੍ਹਨ ਨੂੰ ਮੇਰਾ ਜੀਅ ਬਿਲਕੁਲ ਨਹੀਂ ਕਰਦਾ, ਦਿਲ ਉਕਤਾਹ ਜਾਂਦਾ ਹੈ। ਹਾਂ, ਜਦ ਕਦੀ ਮੈਂ ਕੋਈ ਨਵੀਂ ਕਹਾਣੀ ਲਿਖਦਾ ਹਾਂ ਤਾਂ ਇਕ ਦੋ ਵਾਰੀ ਦਿਲ ਪਰਚ ਜਾਂਦਾ ਹੈ। ਰਸਾਲੇ ਜਾਂ ਹੋਰ ਕਿਤਾਬਾਂ ਖ੍ਰੀਦਣ ਜੋਗਾ ਤਾਂ ਮੈਂ ਹੈ ਹੀ ਨਹੀਂ, ਪਰ ਫਿਰ ਵੀ ਕਦੀ ਨਾ ਕਦੀ ਕਿਸੇ ਦੋਸਤ ਕੋਲੋਂ ਰਸਾਲਾ ਫੜ ਲਿਆ, ਕਦੀ ਕਿਤਾਬ ਲਾਇਬ੍ਰੇਰੀ ਵਿਚੋਂ ਲੈ ਆਂਦੀ ਤੇ ਉਨ੍ਹਾਂ ਨਾਲ ਦਿਲ ਪ੍ਰਚਾਹੁਣ ਦੀ ਕੋਸ਼ਿਸ਼ ਕਰਦਾ। ਉਨਾਂ ਰਸਾਲਿਆਂ ਜਾਂ ਕਿਤਾਬਾਂ ਵਿਚ ਵੀ ਲਿਖਾਰੀ ਆਪਣੇ ਰੋਣੇ ਰੋ ਰਹੇ ਹੁੰਦੇ, ਸਮਾਜੀ ਵੰਡ ਨੂੰ ਕੋਸਦੇ, ਸਮਾਜ ਦੇ ਭੈੜੇ ਅਸੂਲਾਂ ਦੇ ਵਿਰੁਧ ਆਵਾਜ਼ ਉਠਾਂਦੇ, ਸਰਮਾਏਦਾਰੀ ਨਜ਼ਾਮ ਦੇ ਪੈਰਾਂ ਹੇਠ ਨਪੀੜੀਆਂ ਜਾ ਰਹੀਆਂ ਜਿੰਦੜੀਆਂ ਦੀਆਂ ਆਹਾਂ, ਚੀਸਾਂ ਹੀ ਸੁਣਾਈ ਦੇਂਦੀਆਂ, ਗਰੀਬੀ ਦੇ ਹੜਾਂ ਥਲੇ ਦਬੀਆਂ ਜਿੰਦੜੀਆਂ ਦੀਆਂ ਰੋਂਦੀਆਂ ਕੁਰਲਾਂਦੀਆਂ ਰੂਹਾਂ ਦੀਆਂ ਆਵਾਜ਼ਾਂ ਕੰਨ ਨੂੰ ਪਾੜਦੀਆਂ ਜਾਪਦੀਆਂ ਤੇ ਬਸ ਹੋਰ ਕੁਝ ਵੀ ਨਹੀਂ। ਮੈਂ ਹੋਰ ਗਮਗੀਨ ਹੋ ਜਾਂਦਾ ਤੇ ਕਈ ਵਾਰੀ ਅਖਾਂ ਵਿਚ ਅਥਰੂ ਕੋਈ ਅਨੋਖਾ ਜਿਹਾ ਨਾਚ ਕਰਨ ਲਗ ਪੈਂਦੇ ਤੇ ਫਿਰ ਮੋਟੇ ਮੋਟੇ ਗਰਮ ਗਰਮ ਅਥਰੂ ਮੇਰੀਆਂ ਗਲ੍ਹਾਂ ਤੋਂ ਲੰਘਦੇ, ਦਿਲ ਦੇ ਅਰਮਾਨਾਂ ਨੂੰ ਆਪਣੇ ਪੈਰਾਂ ਹੇਠ ਲਤਾੜਦੇ ਹੇਠਾਂ ਜ਼ਮੀਨ ਤੇ ਜਾ ਡਿਗਦੇ ਤੇ ਵੇਖਦੇ ਵੇਖਦੇ ਹੀ ਪਤਾ ਨਹੀਂ ਕਿਧਰ ਅਲੋਪ ਹੋ ਜਾਂਦੇ।

ਕਈ ਵਾਰੀ ਜਦੋਂ ਮੇਰਾ ਦਿਲ ਬਹੁਤ ਭਰ ਜਾਂਦਾ ਹੈ ਤਾਂ ਮੈਂ ਉਚੀ ਉਚੀ ਰੋਣ ਲਗ ਪੈਂਦਾ ਹਾਂ। ਦਿਲ ਦੇ ਅਰਮਾਨ ਮੇਰੇ ਲਖ ਯਤਨ ਕਰਨ ਦੇ ਬਾਵਜੂਦ ਵੀ ਨਾ ਨਿਕਲਣੋਂ ਰਹਿੰਦੇ। ਖੂਬ ਉਚੀ ਉਚੀ ਰੋਂਦਾ, ਰਜਕੇ ਰੋਣ ਨਾਲ ਮੇਰਾ ਦਿਲ ਕੁਝ ਕੁਝ ਹੌਲਾ ਹੋ ਜਾਂਦਾ ਹੈ। ਬੇਬੀ ਮੇਰੀ ਇਹ ਹਾਲਤ ਵੇਖਕੇ ਬੜੀ ਉਦਾਸ ਹੋ ਜਾਂਦੀ ਹੈ। ਕਈ ਵਾਰੀ ਤਾਂ ਉਹ ਵੀ ਰੋਣ ਲਗ ਪੈਂਦੀ ਹੈ, ਪਰ ਹੁਣ ਉਸਦੀ ਆਦਤ ਪੱਕੀ ਹੋ ਗਈ ਹੈ, ਉਹ ਮੈਨੂੰ ਉਦਾਸ ਵੇਖਕੇ ਦਿਲ ਨੂੰ ਕਾਬੂ ਵਿਚ ਰਖ ਸਕਦੀ ਹੈ, ਜਦ ਖੂਬ ਜੀਅ ਭਰਕੇ ਰੋ ਲੈਂਦਾ ਹਾਂ ਕੁਝ ਸ਼ਾਂਤੀ ਜਾਪਦੀ ਹੈ ਤੇ ਬੇਬੀ ਨੂੰ ਘੁਟਕੇ ਗਲਵਕੜੀ ਵਿਚ ਲੈ ਲੈਂਦਾ ਹਾਂ।

ਅਜ ਮੈਂ ਰਸਾਲੇ ਵਿਚੋਂ ਇਕ ਕਹਾਣੀ ਪੜ ਰਿਹਾ ਸਾਂ, ਕਹਾਣੀ ਕੀ ਸੀ? ਨਿਰੀ ਪੁਰੀ ਅਥਰੂਆਂ, ਆਹਾਂ ਤੇ ਹੌਕਿਆਂ ਨਾਲ ਲਥ ਪਲਥ, ਗਰੀਬਾਂ ਦੀਆਂ ਸਿੱਸਕੀਆਂ ਫੁੱਟ ੨ ਕੇ ਉਸ ਵਿਚੋਂ ਨਿਕਲ ਰਹੀਆਂ ਸਨ। ਮੈਂ ਸੋਚਣ ਲਗ ਪਿਆ, “ਕੀ ਅਜ ਦੇ ਲਿਖਾਰੀਆਂ ਨੂੰ ਸ਼ਿੰਗਾਰ ਰਸ ਲਿਖਣਾ ਹੀ ਨਹੀਂ ਆਉਂਦਾ? ਕੀ ਅਜ ਦੇ ਲੇਖਕ ਖੁਸ਼ੀਆਂ ਤੋਂ ਬਹੁਤ ਦੂਰ ਗਮਾਂ ਦੀ ਦੁਨੀਆਂ ਦਾ ਵਰਨਣ ਕਰਨਾ ਹੀ ਜਾਣਦੇ ਹਨ? ਕੀ ਖੁਸ਼ੀਆ ਨੂੰ ਇਨ੍ਹਾਂ ਅਪਣੀਆਂ ਲਿਖਤਾਂ ਵਿਚ ਲਿਆਉਣ ਦੀ ਸੋਂਹ ਖਾਧੀ ਹੋਈ ਹੈ ਤੇ ਫਿਰ ਇਕ ਦਮ ਮੈਨੂੰ ਆਪਣੇ ਆਪ ਕੋਲੋਂ ਜਵਾਬ ਮਿਲਿਆ, ‘ਤੇਰੀ ਲਿਖਤ ਵਿਚ ਕੇਹੜੀਆਂ ਖੁਸ਼ੀਆਂ ਹਨ, ਤੇਰੀਆਂ ਕਹਾਣੀਆਂ ਵਿਚ ਕੇਹੜਾ ਸ਼ਿੰਗਾਰ ਰਸ ਭਰਿਆ ਹੋਇਆ ਹੈ। ਥਾਂ ਥਾਂ ਰੋਂਦੀਆਂ ਕੁਰਲਾਦੀਆਂ ਜਿੰਦੜੀਆਂ ਦਾ ਤਾਂ ਵਰਨਣ ਹੈ," ਤੇ ਫਿਰ ਮੈਂ ਆਪਣੇ ਆਪ ਵੇਖਣ ਲਗ ਪਿਆ, ਬੜੀ ਹੈਰਾਨੀ ਨਾਲ ਸਾਰੇ ਕਮਰੇ ਵਲ ਇਸ ਤਰ੍ਹਾਂ ਵੇਖਣ ਲਗ ਪਿਆ ਜਿਵੇਂ ਮੈਂ ਕੋਈ ਪਾਗਲ ਹੁੰਦਾ ਹਾਂ।

ਮੈਂ ਸੋਚਾਂ ਵਿਚ ਗ਼ਲਤਾਨ ਸਾਂ ਕਿ ਇਤਨੇ ਵਿਚ ਬੇਬੀ ਭਜਦੀ ਭਜਦੀ ਮੇਰੇ ਕੋਲ ਆਈ ਤੇ ਕਹਿਣ ਲਗੀ, ‘ਵੀਰ ਜੀ ਇਕ ਸਵਾਲ ਤਾਂ ਸਮਝਾਉ?'

‘ਵਿਖਾ ਜ਼ਰਾ’ ਮੈਂ ਆਪਣਾ ਧਿਆਨ ਉਸ ਵਲ ਮੋੜਦੇ ਕਿਹਾ, ਹਿਸਾਬ ਦੀ ਕਿਤਾਬ ਉਸ ਕੋਲੋਂ ਫੜ ਲਈ।

'ਇਕ ਆਦਮੀ ਨੇ ਇਕ ਮੋਟਰ ਕਾਰ ਉਂਨੀ ਹਜ਼ਾਰ ਸਤ ਸੌ ਪਚਾਸੀ ਰੁਪੈ ਨੋਂ ਆਨੇ ਨੌ ਪਾਈ ਦੀ ਖਰੀਦੀ। ਜੇ ਉਹ ਬਾਰਾਂ ਮੋਟਰਾਂ ਖ੍ਰੀਦਣੀਆਂ ਚਾਵੇ ਤਾਂ ਕਿਤਨੇ ਦੀਆਂ ਆਉਣਗੀਆਂ।'

ਇਤਨੀ ਵੱਡੀ ਰਕਮ ਸੁਣਕੇ ਮੈਂ ਬੇਬੀ ਦੇ ਮੂੰਹ ਵਲ ਤਕਣ ਲੱਗ ਪਿਆ। ਮੇਰਾ ਦਿਮਾਗ ਭੌਂਣ ਲਗ ਲਿਆ। ਕਿਤਾਬ ਦੇ ਅਖਰ ਧੁੰਧਲੇ ਜਾਪਣ ਲਗ ਪਏ। ਕੀ ਇਤਨੀਆਂ ਵਡੀਆਂ ਰਕਮਾਂ ਅਮੀਰਾਂ ਕੋਲ ਹੁੰਦੀਆਂ ਹਨ। ਨਹੀਂ ਐਵੇਂ ਹੀ ਕਿਤਾਬ ਵਿਚ ਲਿਖੀ ਹੋਵੇਗੀ, ਹਿਸਾਬ ਜੁ ਹੋਇਆ। ਜੇ ਮੇਰੇ ਕੋਲ ਇਤਨੇ ਪੈਸੇ ਹੋਣ ਤਾਂ ਮੈਂ ਕਿਡਾ ਅਮੀਰ ਹੋਵਾਂ। ਵਡੇ ਵਡੇ ਅਮੀਰਾਂ ਨਾਲ ਮੇਰਾ ਮੇਲ ਜੋਲ ਹੋਵੇ। ਵਡੀਆਂ ਵਡੀਆਂ ਸ਼ਾਨਦਾਰ ਕੋਠੀਆਂ ਹੋਣ, ਨੌਕਰ ਚਾਕਰ ਹੋਣ, ਇਹ ਨਹੀਂ ਦੋ ਵਿਆਹ ਕਰਵਾਂਵਾ, ਕਈ ਕਾਰਾਂ ਹੋਣ, ਗਰੀਬ ਝੁਕ ੨ ਕੇ ਸਲਾਮਾਂ ਕਰਨ, ਖੂਬ ਐਸ਼ ਨਾਲ ਜੀਵਨ ਬਤੀਤ ਕਰ ਰਿਹਾ ਹੋਵਾਂ, ਮੇਰੀ ਲਿਖਤ ਐਡੀਟਰ ਖੁਸ਼ੀ ਖੁਸ਼ੀ ਆਪ ਆਕੇ ਲੈਣ ਤੇ ਮੇਰੇ ਅਗੇ ਬੇਨਤੀ ਕਰਨ “ਕੋਈ ਚੰਗੀ ਜੇਹੀ ਕਹਾਣੀ ਦੇਣ ਦੀ ਖੇਚਲ ਕਰੋ" ਤੇ ਮੈਂ ਅਗੋਂ ਕਹਿ ਦਵਾਂ ‘ਫੇਰ ਆਉਣਾ’, ਐਡੀਟਰ ਮੇਰੀ ਇਕ ਇਕ ਕਹਾਣੀ ਦਾ ਖੂਬ ਮੁਲ ਪਾਉਣ, ਪਰ ਮੈਂ ਉਨ੍ਹਾਂ ਨੂੰ ਕਹਾਣੀ ਐਵੇਂ ਹੀ ਦੇ ਦੇਵਾਂ, ਬੇਬੀ ਕਿਸੇ ਅੰਗਰੇਜ਼ੀ ਸਕੂਲ ਵਿਚ ਪੜ੍ਹਨ ਜਾਇਆ ਕਰੇ ਤੇ ਹਰ ਰੋਜ਼ ਕਾਰ ਤੇ ਜਾਇਆ ਕਰੇ ਤੇ ਕਾਰ ਤੇ ਹੀ ਵਾਪਸ ਆਇਆ ਕਰੇ......।'

‘ਵੀਰ ਜੀ ਸੁਆਲ ਤਾਂ ਸਮਝਾਉ, ਤੁਸੀਂ ਤਾਂ ਚੁਪ ਹੀ ਕਰ ਗਏ ਹੋ?' ਬੇਬੀ ਨੇ ਮੇਰੇ ਵਲ ਤਕਦੇ ਹੋਏ ਕਿਹਾ।

ਮੇਰੇ ਦਿਲ ਦਾ ਸੁਪਨਾ ਟੁਟ ਗਿਆ, ਸਭ ਰੇਤ ਦੇ ਮਹੱਲ ਢਹਿਕੇ ਢੇਰੀ ਹੋ ਗਏ । ਦਿਮਾਗ ਖਾਲੀ ਖਾਲੀ ਜਾਪਣ ਲਗ ਪਿਆ। ਮੈਨੂੰ ਇਸ ਤਰ੍ਹਾਂ ਪ੍ਰਤੀਤ ਹੋਣ ਲਗਾ ਜਿਵੇਂ ਕਿਸੇ ਨੇ ਮੈਨੂੰ ਕੱਚੀ ਨੀਂਦਰ ਚੋਂ ਉਠਾਕੇ ਬਾਹਰ ਸੜਕ ਤੇ ਲਿਆ ਬਿਠਾਇਆ ਹੋਵੇ, ਮੈਂ ਬਿਟ ਬਿਟ ਬੇਬੀ ਵਲ ਵੇਖ ਰਿਹਾ ਸਾਂ।

'ਵੀਰ ਜੀ ਤੁਸੀਂ ਮੇਰੇ ਵਲ ਇਦਾਂ ਕਿਉਂ ਪਏ ਵੇਖਦੇ ਹੋ! ਸੁਆਲ ਸਮਝਾਉ ਨਾ?' ਬੇਬੀ ਨੇ ਮੇਰੇ ਮੋਢੇ ਨੂੰ ਹਿਲਾਂਦੇ ਕਿਹਾ।

‘ਬੇਬੀ ਹੁਣ ਜਾ, ਫਿਰ ਸਮਝਾਵਾਂਗਾਂ, ਮੇਰੇ ਸਿਰ ਵਿਚ ਦਰਦ ਹੋ ਰਹੀ ਹੈ।’ ਬੇਬੀ ਨੂੰ ਮਗਰੋਂ ਹਟਾਣ ਲਈ ਕਿਹਾ।

ਬੇਬੀ ਨੂੰ ਸ਼ਰਾਰਤ ਸੁਝੀ, ਉਸਦੇ ਨਿਕੇ ਨਿਕੇ ਨਰਮ ਨਰਮ ਬੁਲਾਂ ਵਿਚੋਂ ਰੋਜ਼ ਦੀ ਤਰ੍ਹਾਂ ਆਵਾਜ਼ ਆਈ, ‘ਵੀਰ ਜੀ ਭਰਜਾਈ ਕਦੋਂ ਲਿਆਕੇ ਦੇਵੋਗੇ। ਮੇਰਾ ਬੜਾ ਦਿਲ ਕਰਦਾ ਹੈ ਭਰਜਾਈ ਨਾਲ ਰਹਿਣ ਤੇ। ਵੇਖੋ ਨਾ. ਰਾਜ ਮੋਹਨੀ ਦੀ ਭਰਜਾਈ ਉਸ ਨੂੰ ਕਿਤਨਾ ਪਿਆਰ ਕਰਦੀ ਹੈ, ਮੈਨੂੰ ਵੀ ਭਰਜਾਈ ਪਿਆਰ ਕਰੇਗੀ, ਸੁਆਲ ਸਮਝਾਏਗੀ।'

‘ਜਾਹ ਬੇਬੀ ਖੇਡ, ਤੈਨੂੰ ਵੀ ਭਰਜਾਈ ਲਿਆ ਦੇਵਾਂਗਾ।' ਤੇ ਬੇਬੀ ਚਲੀ ਗਈ।

ਕਿੱਡੀ ਭੋਲੀ ਹੈ ਨੰਨੀ ਬੇਬੀ ਮੇਰੀ ਛੋਟੀ ਭੈਣ । ਆਪ ਨੂੰ ਤਾਂ ਰੋਟੀ ਖਾਣ ਨੂੰ ਮਿਲਦੀ ਨਹੀਂ ਤੇ ਇਸ ਨੂੰ ਭਰਜਾਈ ਦੀ ਪਈ ਹੋਈ ਹੈ ਤੇ ਮੈਨੂੰ ਗੁਰਦੀਪ ਯਾਦ ਆ ਗਈ ਜਿਸ ਨੇ ਮੇਰੀ ਗਰੀਬੀ ਨੂੰ ਲਤ ਮਾਰਕੇ ਇਕ ਅਮੀਰ ਦੇ ਪਹਿਲੂ ਵਿਚ ਜਾ ਪਨਾਹ ਲਈ। ਉਸ ਨੂੰ ਮੈਂ ਪਿਆਰ ਕੀਤਾ ਸੀ, ਪਰ ਕੀ ਪਿਆਰ ਵਿਚ ਵੀ ਅਮੀਰੀ ਦਾ ਫਰਕ ਹੈ? ਕੀ ਗਰੀਬਾਂ ਨੂੰ ਪਿਆਰ ਕਰਨ ਦਾ ਕੋਈ ਹੱਕ ਨਹੀਂ? ਕੀ ਪਿਆਰ ਕੇਵਲ ਅਮੀਰਾਂ ਦੀ ਚਾਰ ਦੀਵਾਰੀ ਵਿਚ ਮਹਿਦੂਦ ਹੈ? ਕੀ ਉਹੋ ਹੀ ਪਿਆਰ ਕਰ ਸਕਦਾ ਹੈ ਜਿਸ ਕੋਲ ਪੈਸੇ ਹੋਣ, ਐਸ਼ੋ-ਇਸ਼ਰਤ ਦਾ ਸਾਮਾਨ ਹੋਵੇ।

ਪਰ ਮੇਰਾ ਦਿਲ ਆਪ ਹੀ ਜਵਾਬ ਦੇਣ ਲਗ ਪਿਆ, 'ਓ ਪਾਗਲਾ! ਇਹ ੨੦ਵੀਂ ਸਦੀ ਹੈ, ਇਥੇ ਪਿਆਰ ਲਭਦਾ ਏਂ, ਇਥੇ ਤਾਂ ਜਿੰਦੜੀਆਂ ਦੇ ਸੌਦੇ ਹੁੰਦੇ ਹਨ ਤੇ ਫਿਰ ਇਕ ਗਰੀਬ ਲਈ ਤਾਂ ਪਿਆਰ ਦਾ ਨਾਮ ਲੈਣਾ ਵੀ ਜੁਰਮ ਹੈ। ਗੁਰਦੀਪ ਤੈਨੂੰ ਕਿਉਂ ਛਡ ਗਈ? ਇਸ ਲਈ ਕਿ ਤੇਰੇ ਕੋਲ ਪੈਸੇ ਨਹੀਂ ਸਨ, ਤੁੰ ਗਰੀਬ ਸੀ, ਉਸ ਦੀਆਂ ਲੋੜਾਂ ਨੂੰ ਪੂਰਾ ਕਰਨ ਲਈ ਤੇਰੇ ਵਿਚ ਤਾਕਤ ਨਹੀਂ ਸੀ। ਉਸ ਨੂੰ ਐਸ਼ ਕਰਾਉਣ ਲਈ ਤੇਰੇ ਵਿਚ ਸਮਰਥਾ ਨਹੀਂ ਸੀ ਤੇ ਗੁਰਦੀਪ ਦੇ ਪਿਤਾ ਦੇ ਲਫਜ਼, ਉਸਦੀ ਭਿਆਨਕ ਸ਼ਕਲ ਮੇਰੀਆਂ ਅਖਾਂ ਅਗੇ ਨਾਚ ਕਰਨ ਲਗ ਪਈ।

‘ਤੇਰੇ ਵਰਗੇ ਕੰਗਾਲ ਨਾਲ ਗੁਰਦੀਪ ਦੀ ਸ਼ਾਦੀ ਕਰ ਦੇਵਾਂ, ਦੋ ਪੈਸੇ ਦੇ ਲਿਖਾਰੀ ਨਾਲ । ਤੇਰੇ ਕੋਲ ਹੈ ਵੀ ਕੀ ਭੁਖ ਨੰਗ ਤੋਂ ਬਿਨਾਂ ? ਸਵੇਰੇ ਖਾਣ ਨੂੰ ਹੈ ਤੇ ਰਾਤ ਨੂੰ ਖਾਲੀ ਭਾਂਡੋ ਖੜਕਦੇ ਹਨ। ਵੱਡਾ ਆਇਆ ਏ ਗੁਰਦੀਪ ਨਾਲ ਵਿਆਹ ਕਰਾਉਣ ਵਾਲਾ, ਜ਼ਾਤ ਦੀ ਕੋਹੜ ਕਿਰਲੀ ਤੇ ਸ਼ਤੀਰਾਂ ਨੂੰ ਜਫੇ। ਜਾਹ ਦਫਾ ਹੋ ਜਾ, ਬਦਮਾਸ਼ ਕਿਥੋਂ ਦਾ......'

ਮੇਰਾ ਰੋਣਾ ਬਦੋ ਬਦੀ ਨਿਕਲ ਗਿਆ। ਦਿਲ ਦੇ ਅਰਮਾਨ ਸਾਹਮਣੇ ਆ ਆਕੇ ਮੇਰਾ ਮਖੌਲ ਉਡਾਂਦੇ ਨਜ਼ਰ ਆਏ, ਮੇਰੇ ਪਿਆਰ ਤੇ ਹਸਦੇ ਪ੍ਰਤੀਤ ਹੋਏ, ਮੇਰੀ ਗਰੀਬੀ ਦਾ ਮਜ਼ਾਕ ਉਡਾਂਦੇ ਦਿਸੇ।

ਮੈਂ ਕਮਰੇ ਨੂੰ ਬੜੇ ਧਿਆਨ ਨਾਲ ਵੇਖਣ ਲਗ ਪਿਆ। ਕੰਧਾਂ ਤੇ ਕਲੀ ਹੋਈ ਨੂੰ ਪਤਾ ਨਹੀਂ ਕਿਤਨੇ ਸਾਲ ਹੋ ਗਏ ਸਨ । ਟੁਟੀ ਹੋਈ ਕੁਰਸੀ ਤੇ ਸ਼ਾਇਦ ਅਮੀਰ ਦਾ ਕੁੱਤਾ ਵੀ ਬੈਠਣਾ ਮਨਜ਼ੂਰ ਨਾ ਕਰਦਾ, ਮੇਜ਼ ਦੀ ਤਾਂ ਇਕ ਲਤ ਹੀ ਗਾਇਬ ਸੀ, ਇਟਾਂ ਰਖਕੇ ਉਸਨੂੰ ਖੜਾ ਕੀਤਾ ਹੋਇਆ ਸੀ, ਮੈਂ ਆਪਣੇ ਕਪੜਿਆਂ ਵਲ ਤਕਿਆ, ਥਾਂ ਥਾਂ ਕਮੀਜ਼ ਗੰਢੀ ਹੋਈ ਸੀ ਤੇ ਜਦ ਮੇਰੀ ਨਜ਼ਰ ਗੰਢੇ ਹੋਏ ਬੂਟਾਂ ਵਲ ਗਈ ਤਾਂ ਅਚਾਨਕ ਮੂੰਹ ਵਿਚੋਂ ਆਹ ਨਿਕਲੀ, ਓ ਰਬਾ! ਕੀ ਇਹੋ ਜ਼ਿੰਦਗੀ ਗਰੀਬ ਦੀ ਹੈ, ਅਜ ਦੇ ਲਿਖਾਰੀ ਦੀ? ਕੀ ਗਰੀਬ ਦੁਨੀਆਂ ਦੇ ਦੁਖ ਭੋਗਨ ਲਈ ਹੀ ਆਏ ਨੇ? ਕੀ ਤੇਰਾ ਇਹ ਇਨਸਾਫ ਠੀਕ ਹੈ ਕਿ ਕੋਈ ਬਹੁਤਾ ਗਰੀਬ ਹੋਵੇ ਤੇ ਕੋਈ ਵੱਡਾ ਅਮੀਰ। ਅਜ ਦਾ ਰਬ ਵੀ ਅਮੀਰਾਂ ਦਾ ਹੈ, ਗਰੀਬ ਚੜਾਵਾ ਚੜਾਨ ਜੋਗੇ ਜੇ ਨਾ ਹੋਏ।'

ਮੇਰਾ ਦਿਲ ਬਾਗੀ ਹੋ ਗਿਆ । ਮੈਂ ਸੋਚਾਂ ਵਿਚ ਡੁਬਿਆ ਹੋਇਆ ਸਾਂ ਕਿ ਬੇਬੀ ਫੇਰ ਭਜਦੀ ਭਜਦੀ ਆਈ ਤੇ ਕਹਿਣ ਲਗੀ, ਵੀਰ ਜੀ, ਸਕੂਲ ਦੇ ਭੈਣ ਜੀ ਕਹਿੰਦੇ ਸਨ ਤੂੰ ਚੰਗੇ ਚੰਗੇ ਸੋਹਣੇ ਸੋਹਣੇ ਕਪੜੇ ਪਾ ਕੇ ਆਇਆ ਕਰ। ਇਸ ਸਕੂਲ ਵਿਚ ਅਮੀਰਾਂ ਦੇ ਬੱਚੇ ਪੜ੍ਹਦੇ ਹਨ, ਨਹੀਂ ਤਾਂ ਸਕੂਲੋਂ ਕਢ ਦੇਵਾਂਗੀ।'

‘ਚੰਗਾ ਬੇਬੀ ਤੈਨੂੰ ਵੀ ਸੋਹਣੇ ੨ ਕਪੜੇ ਲੈ ਦੇਵਾਂਗਾ।' ‘ਪਰ ਕਦੋਂ, ਚਲੋ ਹੁਣ ਲੈ ਦਿਓ?'

‘ਹੁਣ ਤਾਂ ਮੇਰੇ ਕੋਲ ਇਕ ਪੈਸਾ ਵੀ ਨਹੀਂ, ਫਿਰ ਕਦੀ ਸਹੀ ।'

ਤੇ ਬੇਬੀ ਖੇਡਣ ਚਲੀ ਗਈ

ਮੇਰੇ ਦਿਮਾਗ ਤੇ ਵੰਨ-ਸੁ-ਵੰਨੇ ਖਿਆਲ ਸਵਾਰ ਹੋ ਗਏ। ਕੁਝ ਵੀ ਸਮਝ ਨਹੀਂ ਸੀ ਆਉਂਦਾ। ਕੀ ਗਰੀਬਾਂ ਦੇ ਬਚਿਆਂ ਨੂੰ ਸਕੂਲ ਵਿਚ ਪੜ੍ਹਨ ਦੀ ਵੀ ਇਜਾਜ਼ਤ ਨਹੀਂ ? ਓ ਰਬ ! ਤੂੰ ਕਿਹੋ ਜਹੀ ਦੁਨੀਆਂ ਬਣਾਈ ਹੈ, ਗਰੀਬਾਂ ਨੂੰ ਕਿਧਰੇ ਵੀ ਆਰਾਮ ਨਾਲ ਨਹੀਂ ਬੈਠਣ ਦਿਤਾ ਜਾਂਦਾ, ਹਰ ਪਾਸੇ ਠੋਕਰਾਂ ਮਾਰੀਆਂ ਜਾਂਦੀਆਂ ਹਨ, ਹਰ ਪਾਸੇ ਦੁਰਕਾਇਆ ਜਾਂਦਾ ਹੈ।

ਫਿਰ ਬੇਬੀ ਦੀ ਮਾਸੂਮ ਸੂਰਤ ਮੇਰੇ ਸਾਹਮਣੇ ਆ ਗਈ, ‘ਮੈਂ ਤਾਂ ਗਰੀਬੀ ਦੇ ਪੰਜੇ ਵਿਚ ਫਸਿਆ ਹੋਇਆ ਹਾਂ, ਪਰ ਬੇਬੀ ਤਾਂ ਇਸ ਕੋਲੋਂ ਅਜ਼ਾਦ ਰਹਿਣੀ ਚਾਹੀਦੀ ਹੈ। ਉਸ ਦੀਆਂ ਸਾਰੀਆਂ ਖਾਹਿਸ਼ਾਂ ਪੂਰੀਆਂ ਹੋਣੀਆਂ ਚਾਹੀਦੀਆਂ ਹਨ।

ਇਹ ਸੋਚਕੇ ਕਿ ਸ਼ਾਇਦ ਕੋਈ ਐਡੀਟਰ ਮੇਰੀ ਕਹਾਣੀ ਲੈ ਹੀ ਲਵੇ, ਮੈਂ ਲਿਖਣ ਦੀ ਕੋਸ਼ਿਸ਼ ਕਰਨ ਲਗਾ, ਪਰ ਲਿਖਿਆ ਕਿਸ ਕੋਲੋਂ ਜਾਵੇ। ਮਨ ਦੇ ਉਤਰਾਵਾਂ ਚੜਾਵਾਂ ਵਿਚ ਕੋਈ ਵੀ ਵਾਕ ਸਿਧਾ ਨਹੀਂ ਸੀ ਜੁੜ ਰਿਹਾ। ਦਿਮਾਗ ਵਿਚ ਖਲਬਲੀ ਮਚੀ ਹੋਈ ਸੀ। ਕੰਨਾਂ ਵਿਚ ਘਾਂ ਘਾਂ ਦੀਆਂ ਆਵਾਜ਼ਾਂ ਆ ਰਹੀਆਂ ਸਨ, ਸਿਰ ਵਿਚ ਕੀੜੀਆਂ ਦੌੜਦੀਆਂ ਜਾਪਦੀਆਂ ਸਨ । ਮੈਂ ਸੋਚਿਆ ਮੁਕੰਮਲ ਤੇ ਚੰਗੀਆਂ ਕਹਾਣੀਆਂ ਲੈਣ ਸਮੇਂ ਐਡੀਟਰ ਕਈ ਤਰ੍ਹਾਂ ਦੀਆਂ ਗਲਾਂ ਬਣਾਉਂਦੇ ਹਨ ‘ਕੋਈ ਖਾਸ ਚੰਗੀ ਕਹਾਣੀ ਨਹੀਂ, ਕੋਈ ਨਵੀਨਤਾ ਨਹੀਂ, ਬੜਾ ਆਮ ਪਲਾਟ ਹ, ਪੁਰਾਣਾ ਸਟਾਈਲ ਹੈ' ਆਦਿਕ ਤੇ ਫਿਰ ਅਜਦੇ ਟੁਟੇ ਭਜੇ ਵਾਕਾਂ ਵਾਲੀ ਕਹਾਣੀ ਕੇਹੜਾ ਐਡੀਟਰ ਲਵੇਗਾ। ਕਲਮ ਨੂੰ ਮੇਜ਼ ਤੇ ਰਖ ਦਿਤਾ ਤੇ ਕਮਰੇ ਵਿਚ ਇਧਰ ਉਧਰ ਟਹਿਲਣ ਲਗ ਪਿਆ। ਤੇ ਕੁਝ ਦਿਨਾਂ ਬਾਦ ਬੇਬੀ ਰੋਂਦੀ ਰੋਂਦੀ ਮੇਰੇ ਕੋਲ ਆਈ ਤੇ ਕਹਿਣ ਲਗੀ, ‘ਵੀਰ ਜੀ, ਭੈਣ ਜੀ ਨੇ ਮੈਨੂੰ ਸਕੂਲੋਂ ਕਢ ਦਿਤਾ ਹੈ ।'

‘ਕਿਉਂ?’ ਮੇਰੇ ਮੂੰਹੋਂ ਇਕ ਦਮ ਨਿਕਲਿਆ।

‘ਭੈਣ ਜੀ ਕਹਿੰਦੇ ਸਨ ਤੇਰੇ ਕਪੜੇ ਸਾਫ ਨਹੀਂ ਹੁੰਦੇ, ਚੰਗੇ ਚੰਗੇ ਕਪੜੇ ਪਾਕੇ ਨਹੀਂ ਆਂਦੀ। ਅਮੀਰਾਂ ਦੇ ਬਚਿਆਂ ਵਿਚ ਗੰਦੇ ਕਪੜਿਆਂ ਵਾਲੇ ਬਚੇ ਨਹੀਂ ਰਹਿ ਸਕਦੇ ।' ਉਸ ਨੇ ਰੋਂਦੇ ਰੋਂਦੇ ਕਿਹਾ।

ਮੈਨੂੰ ਬੇਬੀ ਦੀ ਉਸ ਦਿਨ ਵਾਲੀ ਗਲ ਯਾਦ ਆ ਗਈ,

ਚੰਗੇ ਚੰਗੇ ਸੋਹਣੇ ਸੋਹਣੇ ਕਪੜੇ ਪਾਕੇ ਆਇਆ ਕਰ, ਨਹੀਂ ਤਾਂ ਸਕੂਲੋਂ ਕਢ ਦੇਵਾਂਗੀ।'

ਕਹਿੰਦੇ ਨੇ ਉਸਤਾਦਣੀ ਬਚੇ ਦੀ ਮਾਂ ਦੇ ਬਰਾਬਰ ਹੁੰਦੀ ਹੈ, ਪਰ ਇਹ ਤਾਂ ਦੈਂਤਣ ਨਾਲੋਂ ਘਟ ਨਹੀਂ ਨਿਕਲੀ । ਮੇਰੀਆਂ ਅਖਾਂ ਵਿਚ ਮੋਟੇ ਮੋਟੇ ਅਥਰੂ ਚਮਕਣ ਲਗੇ।

'ਰੋ ਨਾ ਬੇਬੀ, ਮੇਰੀ ਚੰਗੀ ਬੇਬੀ, ਤੈਨੂੰ ਦੂਜੇ ਸਕੂਲ ਬਿਠਾਵਾਂਗਾ, ਚੰਗੇ ਚੰਗੇ ਸੋਹਣੇ ਸੋਹਣੇ ਕਪੜੇ ਲੈਕੇ ਦੇਵਾਂਗਾ।' ਮੈਂ ਬੇਬੀ ਨੂੰ ਪਿਆਰ ਦੇਂਦਿਆਂ ਕਿਹਾ।

ਜੇਬ ਵਿਚ ਹਥ ਮਾਰਿਆ, ਕੇਵਲ ਦਸ ਰੁਪੈ ਦਾ ਨੋਟ ਸੀ ਪਤਾ ਨਹੀਂ ਕਿਤਨੇ ਦਿਨਾਂ ਦੀ ਰੋਟੀ ਦਾ ਖਰਚ। ਇਕ ਹਥ ਵਿਚ ਨੋਟ ਫੜਕੇ ਤੇ ਦੂਜੇ ਹਥ ਵਿਚ ਬੇਬੀ ਦਾ ਹਥ ਫੜਕੇ ਮੈਂ ਬੇਬੀ ਨੂੰ ਕਿਹਾ, ‘ਆ ਬੇਬੀ, ਤੈਨੂੰ ਚੰਗੇ ਚੰਗੇ ਸੋਹਣੇ ੨ ਕਪੜੇ ਲੈ ਦਿਆਂ।'

ਬੇਬੀ ਖੁਸ਼ੀ ਨਾਲ ਇਸ ਤਰ੍ਹਾਂ ਉਛਲਣ ਲਗ ਪਈ ਜਿਵੇਂ ਉਸ ਨੂੰ ਇਕ ਦਮ ਕੋਈ ਬਹੁਤ ਵੱਡਾ ਖਜ਼ਾਨਾ ਲਭ ਪਿਆ ਹੋਵੇ।

"ਪ੍ਰੀਤਿ"


ਰੋਜ਼ ਦੀ ਆਦਤ ਅਨੁਸਾਰ ਪ੍ਰਭਾਤ ਵੇਲੇ ਮੈਂ ਨਹਿਰ ਦੀ ਸੜਕ ਤੇ ਸੈਰ ਕਰ ਰਿਹਾ ਸਾਂ। ਮੌਸਮ ਬਹੁਤ ਸੁਹਾਵਣਾ ਤੇ ਮਨਭਾਉਂਦਾ ਸੀ। ਊਸ਼ਾ ਦੀ ਲਾਲੀ ਚਾਰੇ ਪਾਸੇ ਫੈਲ ਰਹੀ ਸੀ। ਤ੍ਰੇਲ ਦੇ ਛੋਟੇ ਛੋਟੇ ਤੁਪਕੇ ਘਾ ਤੇ ਪਏ ਮੋਤੀਆਂ ਵਾਂਗ ਪ੍ਰਤੀਤ ਹੋ ਰਹੇ ਸਨ। ਨਿੰਮੀ ਨਿੰਮੀ ਪੌਣ ਨੇ ਮੌਸਮ ਨੂੰ ਹੋਰ ਵੀ ਸੁਹਾਵਣਾ ਬਣਾ ਦਿਤਾ। ਸੜਕ ਦੇ ਦੋਵੇਂ ਪਾਸੇ ਰੰਗ-ਬ-ਰੰਗੇ ਫੁਲ ਖਿੜੇ ਹਵਾ ਵਿਚ ਖੁਸ਼ਬੂ ਮਿਲਾ ਰਹੇ ਸਨ। ਮੈਂ ਸੈਰ ਵਿਚ 'ਰੁਝਿਆ ਤੁਰਿਆ ਜਾ ਰਿਹਾ ਸਾਂ ਮੈਂ ਕਿ ਅਚਾਨਕ ਇਕ ਖੇਤ ਵਿਚ ਮੈਨੂੰ ਕੋਈ ਰੰਗ ਬ-ਰੰਗੀ ਚੀਜ਼ ਨਜ਼ਰ ਆਈ। ਮੈਂ ਬਿਨਾਂ ਕੁਝ ਸੋਚੇ ਸਮਝੇ ਉਧਰ ਤੁਰ ਪਿਆ। ਉਥੇ ਪਹੁੰਚਕੇ ਮੈਂ ਇਕ ਨੌਜਵਾਨ ਇਸਤ੍ਰੀ ਨੂੰ ਬੇ-ਹੋਸ਼ ਪਿਆ ਦੇਖਕੇ ਹੈਰਾਨ ਰਹਿ ਗਿਆ।

ਮੇਰੇ ਦਿਲ ਵਿਚ ਆਇਆ, 'ਛਡੋ, ਇਸ ਬਿਪਤਾ ਤੋਂ ਮੈਂ ਕੀ ਲੈਣਾ ਹੈ, ਕਿਧਰੇ ਉਲਟਾ ਹੀ......?' ਪਰ ਮੇਰੀ ਆਤਮਾ ਮੇਰੇ ਨਾਲ ਸਹਿਮਤ ਨਹੀਂ ਸੀ। ਕਿਸੇ ਦੀ ਆਤਮਾ ਮਦਦ ਲਈ ਪੁਕਾਰ ਰਹੀ ਸੀ। ਮੈਂ ਉਥੋਂ ਵਾਪਸ ਮੁੜਿਆ, ਪਰ ਮੇਰੇ ਪੈਰ ਮੁੜ ਮੁੜ ਉਸ ਇਸਤ੍ਰੀ ਵਲ ਹੁੰਦੇ ਜਾ ਰਹੇ ਸਨ। ਮੇਰੀ ਆਤਮਾ ਮੈਨੂੰ ਲਾਹਨਤਾਂ ਪਾਉਂਦੀ ਜਾਪੀ। ਆਪਣੇ ਦਿਲ ਨਾਲ ਕੋਈ ਅੰਤਮ ਫੈਸਲਾ ਕਰਕੇ ਮੈਂ ਮੁੜ ਉਸੇ ਥਾਂ ਆ ਗਿਆ ਤੇ ਉਸ ਨੂੰ ਹੋਸ਼ ਵਿਚ ਲਿਆਉਣ ਦਾ ਯਤਨ ਕਰਨ ਲਗਾ।

ਹੌਲੀ ਜਹੀ ਉਸ ਦੀ ਬਾਂਹ ਚੁਕਕੇ ਨਬਜ਼ ਵੇਖੀ, ਪਰ ਕੁਝ ਵੀ ਪ੍ਰਤੀਤ ਨਾ ਹੋਇਆ। ਫਿਰ ਦਿਲ ਵਾਲੀ ਥਾਂ ਤੇ ਹੱਥ ਰੱਖਿਆ, ਉਹ ਜਗ੍ਹਾ ਹੌਲੀ ੨ ਹਿਲ ਰਹੀ ਸੀ। ਮੈਨੂੰ ਕੁਝ ਹੌਂਲਸਾ ਹੋਇਆ, ਆਪਣਾ ਕੋਟ ਲਾਹ ਕੇ ਉਸ ਉਤੇ ਪਾ ਦਿਤਾ ਤੇ ਹੋਸ਼ ਫਿਰਨ ਦੀ ਉਡੀਕ ਕਰਨ ਲਗਾ। ਕੁਝ ਚਿਰ ਮਿਹਨਤ ਕਰਨ ਤੋਂ ਬਾਦ ਉਸ ਨੂੰ ਹੋਸ਼ ਆਈ ਤੇ ਥੋੜਾ ਜਿਹਾ ਉਚਾ ਹੋਕੇ ਪੀੜਤ ਆਵਾਜ਼ ਵਿਚ ਬੋਲੀ ‘ਹਾਏ! ਮੈਂ ਕਿਥੇ ਹਾਂ?' ਤੇ ਉਸ ਫਿਰ ਅਖਾਂ ਬੰਦ ਕਰ ਲਈਆਂ।

ਪੰਦਰਾਂ ਮਿੰਟਾਂ ਦੀ ਹੋਰ ਅਥੱਕ ਮਿਹਨਤ ਤੋਂ ਬਾਦ ਉਸਨੂੰ ਚੰਗੀ ਤਰ੍ਹਾ ਹੋਸ਼ ਆਈ ਤੇ ਘਾਬਰੀ ਹੋਈ ਮੇਰੇ ਵਲ ਤਕਕੇ ਮੁੜ ਉਹੋਂ ਪੁਸ਼ਨ ਕੀਤਾ, ‘ਮੈਂ ਕਿਥੇ ਹਾਂ?'

‘ਆਪਣੇ ਵੀਰ ਕੋਲ' ਮੈਂ ਉਸ ਦਾ ਹੌਂਸਲਾ ਵਧਾਉਣ ਲਈ ਕਿਹਾ।

ਮੇਰੇ ਮੂੰਹੋਂ ‘ਵੀਰ' ਲਫਜ਼ ਸੁਣਦੇ ਸਾਰ ਉਹ ਮੇਰੇ ਵਲ ਹੋਰ ਅਖਾਂ ਪਾੜ ੨ ਕੇ ਵੇਖਣ ਲਗੀ। ਮੈਂ ਉਸਦੀ ਤਸਲੀ ਕਰਨ ਲਈ ਕਿਹਾ, ‘ਭੈਣ ਜੀ, ਚੰਗੀ ਤਰ੍ਹਾਂ ਹੋਸ਼ ਵਿਚ ਆਉ।'

ਹੁਣ ਉਸ ਵਿਚ ਕਾਫੀ ਤਬਦੀਲੀ ਆ ਗਈ ਸੀ। ਮੇਰੇ ਮੋਢੇ ਦਾ ਸਹਾਰਾ ਲੈਕੇ ਉਹ ਬੈਠੀ ਤੇ ਹੌਲੀ ਜਹੀ ਆਵਾਜ਼ ਵਿਚ ਬੋਲੀ, ‘ਤੁਸੀਂ ਕੌਣ ਹੋ ਤੇ ਕਿਸ ਤਰ੍ਹਾਂ ਇਥੇ ਆਏ ਹੋ?'

ਮੈਂ ਉਸ ਨੂੰ ਆਦਿ ਤੋਂ ਅੰਤ ਤਕ ਸਾਰੀ ਵਾਰਤਾ ਠੀਕ ੨ ਸੁਣਾ ਦਿਤੀ। ਮੇਰੀ ਗਲ ਅਜੇ ਖਤਮ ਵੀ ਨਹੀਂ ਸੀ ਹੋਈ ਕਿ ਉਹ ਵਿਚੋਂ ਹੀ ਬੋਲੀ ‘ਇਹ ਤੁਸੀਂ ਚੰਗਾ ਨਹੀਂ ਕੀਤਾ ਕਿ ਮੈਨੂੰ ਬਿਨਾਂ ਸੋਚੇ ਸਮਝੇ ਭੈਣ' ਬਣਾ ਲਿਆ, ਇਹ ਨਹੀਂ ਪਤਾ ਕੀਤਾ ਕਿ ਮੈਂ ਕੌਣ ਹਾਂ ਤੇ ਮੇਰੇ ਇਥੇ ਆਉਣ ਦਾ ਕਾਰਨ ਕੀ ਹੈ?'

ਮੈਂ ਉਸਦੀਆਂ ਗਲਾਂ ਸੁਣਕੇ ਹੈਰਾਨ ਹੋ ਗਿਆ। ਉਸਨੇ ਮੇਰੀ ਹੈਰਾਨਗੀ ਵੇਖਦੇ ਹੋਏ ਕਿਹਾ, ‘ਬਸ ਇਤਨੀ ਗਲ ਤੇ ਹੈਰਾਨ ਹੋ ਗਏ ਹੋ ਹਾਲਾਂ ਤਾਂ ਤੁਹਾਡੀ ਭੈਣ ਨੇ ਕੁਝ ਨਹੀਂ ਦਸਿਆ।'

‘ਮੈਂ ਆਪਣੀ ਭੈਣ ਲਈ ਸਭ ਕੁਝ ਕਰਨ ਲਈ ਤਿਆਰ ਹਾਂ' ਮੈਂ ਹੌਂਸਲੇ ਨਾਲ ਜਵਾਬ ਦਿਤਾ।

‘ਪਰ ਮੈਂ ਤੁਹਾਨੂੰ ਕੋਈ ਤਕਲੀਫ ਦੇਣਾ ਨਹੀਂ ਚਾਹੁੰਦੀ, ਮੈਂ ਹੋਰ ਥੋੜੇ ਚਿਰ ਦੀ ਮਹਿਮਾਨ ਹਾਂ, ਉਸ ਨੇ ਬੜੇ ਟੁਟੇ ਦਿਲ ਨਾਲ ਕਿਹਾ।

‘ਨਹੀਂ ਅਜਿਹਾ ਕਦੀ ਨਹੀਂ ਹੋਵੇਗਾ,' ਮੈਂ ਨਿਸਚੇ ਨਾਲ ਜਵਾਬ ਦਿਤਾ

ਉਹ ਚੁਪ ਰਹੀ।

‘ਭੈਣ ਜੀ ਦਸੋ ਤੁਸੀਂ ਇਥੇ ਕਿਦਾਂ ਆਏ, ਮੈਨੂੰ ਸਾਰੀ ਗਲ ਦਸੋ'

‘ਮੇਰੀ ਕਹਾਣੀ ਸੁਣਕੇ ਤੁਹਾਡੀ ਆਤਮਾ ਦੁਖੀ ਹੋਵੇਗੀ',

ਨਹੀਂ ਕੋਈ ਗਲ ਨਹੀਂ

‘ਚੰਗਾ, ਤੁਹਾਡੀ ਮਰਜ਼ੀ।'

ਤੇ ਉਸ ਕਹਿਣਾ ਸ਼ੁਰੂ ਕੀਤਾ:-

‘ਅਸੀਂ ਬੜੇ ਗਰੀਬ ਸਾਂ, ਘਰ ਦਾ ਗੁਜ਼ਾਰਾ ਬੜੀ ਮੁਸ਼ਕਲ ਨਾਲ ਚਲਦਾ ਸੀ। ਪਿਤਾ ਮਜ਼ਦੂਰੀ ਕਰਕੇ ਕੁਝ ਪੈਸੇ ਕਮਾ ਲੈਂਦਾ ਸੀ, ਪਰ ਜੋ ਕੁਝ ਵੀ ਕਮਾਂਦਾ ਜੂਏ, ਸ਼ਰਾਬ ਤੇ ਸਿਨੇਮਾ ਦੀ ਭੇਟਾ ਕਰ ਦੇਂਦਾ। ਗੁਜ਼ਾਰਾ ਚਲਾਉਣ ਲਈ ਮੇਰੀ ਮਾਂ ਇਕ ਕਾਰਖਾਨੇ ਵਿਚ ਸੂਤ ਕਤਣ ਦਾ ਕੰਮ ਕਰਦੀ ਸੀ। ਸਾਰਾ ਦਿਨ ਕਾਰਖਾਨੇ ਵਿਚ ਕੰਮ ਕਰਦੀ, ਜਿਸ ਬਦਲੇ ਉਸ ਨੂੰ ਕਦੀ ਰੁਪਿਆ ਤੇ ਕਦੀ ਸਵਾ ਰੁਪਿਆ ਰੋਜ਼ ਮਿਲ ਜਾਂਦਾ। ਉਹ ਪੈਸੇ ਸਾਡੇ ਚਾਰ ਜੀਆਂ ਦੀ ਰੋਟੀ ਦਾ ਆਸਰਾ ਬਣਦੇ ਸਨ।

ਛੇ ਮਹੀਨਿਆਂ ਦੀ ਗਲ ਹੈ ਕਿ ਮੇਰੀ ਮਾਂ ਅਚਾਨਕ ਮਲੇਰੀਏ ਦਾ ਸ਼ਿਕਾਰ ਹੋ ਗਈ । ਕਿਤੇ ਆਉਣ ਜਾਣ ਤੋਂ ਉਹ ਅਸਮਰਥ ਹੋ ਗਈ। ਚਾਰ ਜੀਆਂ ਦੀ ਪੇਟ ਪੂਜਾ ਲਈ ਆਖਰ ਮੈਨੂੰ ਹੀ ਕਾਰਖਾਨੇ ਕੰਮ ਤੇ ਜਾਣਾ ਪਿਆ । ਹਰ ਰੋਜ਼ ਮੈਂ ਆਪਣੇ ਨੀਯਮ ਅਨੁਸਾਰ ਕਾਰਖਾਨੇ ਕੰਮ ਕਰਨ ਲਈ ਜਾਣਾ ਸ਼ੁਰੂ ਕਰ ਦਿਤਾ। ਕਾਰਖਾਨੇ ਦਾ ਮਾਲਕ ਲਾਲਾ ਕਿਸ਼ੋਰੀ ਮਲ ਆਪ ਮਹੀਨੇ ਵਿਚੋਂ ਪੰਜੀ ੨੫ ਦਿਨ ਬਾਹਰ ਦੌਰੇ ਤੇ ਰਹਿੰਦਾ ਸੀ। ਪ੍ਰਬੰਧ ਲਈ ਆਮ ਤੌਰ ਤੇ ਉਸਦਾ ਪੁਤਰ ਸਤੀਸ਼ ਹੀ ਕਾਰਖਾਨੇ ਆਉਂਦਾ। ਜਦ ਤੋਂ ਮੈਂ ਕਾਰਖਾਨੇ ਜਾਣਾ ਸ਼ੁਰੂ ਕੀਤਾ, ਉਸਦੀ ਨਜ਼ਰ ਮੇਰੇ ਉਤੇ ਦਿਨ-ਬ-ਦਿਨ ਵਧੇਰੇ ਹੋਣ ਲਗੀ। ਉਸ ਸਾਰੀਆਂ ਜਨਾਨੀਆਂ ਨਾਲੋਂ ਮੇਰੇ ਕੰਮ ਦੀ ਵਧੇਰੇ ਪ੍ਰਸੰਸਾ ਕਰਦਾ। ਜਦ ਦਫਤਰ ਵਿਚ ਕੰਮ ਲੈਣ ਜਾਂਦੀ ਤਾਂ ਕਿੰਨਾਂ ਕਿੰਨਾਂ ਚਿਰ ਮੇਰੇ ਨਾਲ ਗਲਾਂ ਕਰਦਾ ਰਹਿੰਦਾ। ਇਸ ਤਰ੍ਹਾਂ ਉਹ ਹੌਲੀ ਹੌਲੀ ਮੇਰੇ ਨਾਲ ਵਧੇਰੇ ਖੁਲ ਗਿਆ, ਭਾਵੇਂ ਮੈਂ ਓਪਰੇ ਆਦਮੀ ਨਾਲ ਗਲ ਕਰਨਾ ਚੰਗਾ ਨਹੀਂ ਸੀ ਸਮਝਦੀ ਪਰ ਨੌਕਰੀ ਛੁਟ ਜਾਣਦੇ ਡਰ ਤੋਂ ਮੈਨੂੰ ਆਪਣੀ ਆਤਮਾ ਦੇ ਵਿਰੁਧ ਹੀ ਚਲਣਾ ਪਿਆ।

ਮੇਰੇ ਨਾਲ ਵਧੇਰੇ ਖੁਲ ਜਾਣ ਕਰਕੇ ਉਹ ਮੈਨੂੰ ਰੋਜ਼ ਘਰ ਕੰਮ ਕਰਨ ਲਈ ਦੇ ਦੇਂਦਾ। ਪਹਿਲਾਂ ਤਾਂ ਮੈਨੂੰ ਕੁਝ ਸ਼ਕ ਪਿਆ, ਪਰ ਉਸ ਨੂੰ ਦਿਲ ਦਾ ਭਰਮ ਸਮਝਕੇ ਮੈਂ ਕੋਈ ਖਿਆਲ ਨਾ ਕੀਤਾ। ਉਸ ਦੀ ਉਦਾਰ ਦਿਲੀ ਵੇਖਕੇ ਮੇਰੀ ਮਾਂ ਉਸ ਨੂੰ ਲਖ ਲਖ ਅਸੀਸਾਂ ਦੇਂਦੀ

ਐਤਵਾਰ ਕਾਰਖਾਨਾ ਬੰਦ ਹੁੰਦਾ ਸੀ, ਪਰ ਕੁਝ ਇਸਤ੍ਰੀਆਂ ਐਤਵਾਰ ਨੂੰ ਵੀ ਕੰਮ ਕਰਨ ਲਈ ਕਾਰਖਾਨੇ ਜਾਂਦੀਆਂ। ਉਹ ਮੈਨੂੰ ਹੋਰਨਾਂ ਇਸਤ੍ਰੀਆਂ ਵਾਂਗ ਐਤਵਾਰ ਨੂੰ ਵੀ ਕੰਮ ਦੇਂਦਾ ਇਸ ਤਰ੍ਹਾਂ ਕੰਮ ਕਰਦਿਆਂ ਦੋ ਹਫਤੇ ਗੁਜ਼ਰ ਗਏ, ਪਰ ਮੇਰੀ ਮਾਂ ਨੂੰ ਕੋਈ ਆਰਾਮ ਨਾ ਆਇਆ।

ਇਥੇ ਪਹੁੰਚਕੇ ਉਹ ਕੁਝ ਝਿਜਕੀ ਤੇ ਫਿਰ ਕਹਿਣ ਲੱਗੀ:-

‘ਇਕ ਐਤਵਾਰ ਮੈਂ ਕੰਮ ਤੇ ਕਾਰਖਾਨੇ ਗਈ। ਉਸਨੇ ਹੋਰਨਾਂ ਇਸਤ੍ਰੀਆਂ ਨਾਲੋਂ ਮੈਨੂੰ ਵਧ ਕੰਮ ਦਿਤਾ। ਮੈਂ ਬੜੀ ਖੁਸ਼ ਸਾਂ ਕਿ ਅਜ ਬਹੁਤੇ ਪੈਸੇ ਮਿਲਣਗੇ, ਪਰ ਹਾਏ! ਕਿਸਮਤ ਨੂੰ ਕੁਝ ਹੋਰ ਹੀ ਮਨਜ਼ੂਰ ਸੀ। ਹਾਂ, ਮੈਂ ਆਪਣਾ ਕੰਮ ਬੜੀ ਜਲਦੀ ਤੇ ਹੁਸ਼ਿਆਰੀ ਨਾਲ ਕਰਨਾ ਸ਼ੁਰੂ ਕਰ ਦਿਤਾ ਤਾਂ ਜੋ ਜਲਦੀ ਖਤਮ ਹੋ ਜਾਵੇ। ਦੋ ਵਜੇ ਤਕ ਹੋਰ ਸਾਰੀਆਂ ਇਸਤ੍ਰੀਆਂ ਆਪਣਾ ਆਪਣਾ ਕੰਮ ਖਤਮ ਕਰਕੇ ਚਲੀਆਂ ਗਈਆਂ, ਪਰ ਮੇਰੇ ਕੋਲ ਕੰਮ ਵਧੇਰੇ ਹੋਣ ਕਰਕੇ ਉਥੇ ਬੈਠਣਾ ਪਿਆ। ਕੁਝ ਚਿਰ ਬਾਦ ਚਪੜਾਸੀ ਨੇ ਆਕੇ ਕਿਹਾ, ‘ਸੁਰਿੰਦਰ ਤੁਮੇਂ ਸਾਹਿਬ ਬੁਲਾਤੇ ਹੈਂ?'

ਡਰ ਨੇ ਮੇਰੇ ਦਿਲ ਵਿਚ ਘਰ ਪੈਦਾ ਕਰ ਲਿਆ। ‘ਪਤਾ ਨਹੀਂ ਕੀ ਗਲ ਹੈ', ਮੈਂ ਦਿਲ ਵਿਚ ਸੋਚਿਆ। ਮਜਬੂਰਨ ਉਠਕੇ ਚਪੜਾਸੀ ਨਾਲ ਦਫਤਰ ਵਲ ਤੁਰ ਪਈ। ਦਿਲ ਵਿਚ ਖਿਆਲ ਪੈਦਾ ਹੋਇਆ ਕਿ ਉਥੋਂ ਹੀ ਵਾਪਸ ਮੁੜ ਜਾਵਾਂ, ਪਰ ਵਾਪਸ ਨਾ ਮੁੜ ਸਕੀ। ਮੇਰੀ ਤਬਾਹੀ ਮੈਨੂੰ ਘਸੀਟ ਕੇ ਉਧਰ ਲੈ ਜਾ ਰਹੀ ਸੀ। ਦਫਤਰ ਵਿਚ ਵੜਦਿਆ ਹੀ ਚਪੜਾਸੀ ਨੇ ਬਾਹਰੋਂ ਦਰਵਾਜ਼ਾ ਬੰਦ ਕਰ ਦਿਤਾ। ਉਸ ਦੀ ਬਦ-ਨੀਤੀ ਦਾ ਮੈਨੂੰ ਸਾਫ ਸਾਫ ਪਤਾ ਲਗ ਗਿਆ। ਬਿਨਾਂ ਅਗੇ ਵਧਦਿਆਂ ਮੈਂ ਜਲਦੀ ਨਾਲ ਵਾਪਸ ਮੁੜੀ, ਪਰ ਬਦ-ਕਿਸਮਤੀ ਨਾਲ ਦਰਵਾਜ਼ਾ ਬਾਹਰੋਂ ਬੰਦ ਹੋ ਚੁਕਾ ਸੀ। ਮੈਂ ਮਜਬੂਰ ਸਾਂ, ਚੁਪ ਕਰਕੇ ਉਥੇ ਹੀ ਖਲੋ ਗਈ। ਉਹ ਮੇਰੀ ਮਜਬੂਰੀ ਵੇਖਕੇ ਹਸਣ ਲਗ ਪਿਆ ਤੇ ਬੋਲਿਆ, ‘ਸੁਰਿੰਦਰ ਤੂੰ ਡਰ ਕਿਉਂ ਗਈ ਏਂ? ਜਦ ਦਾ ਤੈਨੂੰ ਵੇਖਿਆ ਹੈ, ਦਿਲ ਨੂੰ ਚੈਨ ਨਹੀਂ ਆਉਂਦਾ, ਆ ਮੇਰੀ ਜਾਨ ਮੇਰੇ ਕੋਲ।'

ਇਹ ਸੁਣਦਿਆਂ ਹੀ ਮੈਂ ਥਰ ਥਰ ਕੰਬਣ ਲਗ ਪਈ ਤੇ ਦਰਵਾਜ਼ਾ ਜ਼ੋਰ ੨ ਦੀ ਖੜਾਉਣਾ ਸ਼ੁਰੂ ਕੀਤਾ, ਪਰ ਵਿਅਰਥ। ਉਹ ਮੇਰੀ ਇਹ ਹਾਲਤ ਵੇਖਕੇ ਕੁਰਸੀ ਤੋਂ ਉਠਿਆ ਤੇ ਮੇਰੇ ਉਤੇ ਇਸ ਤਰ੍ਹਾਂ ਝਪਟ ਪਿਆ ਜਿਦਾਂ ਇਕ ਭੇੜੀਆ ਕਿਸੇ ਮਾਸੂਮ ਲੇਲੀ ਤੇ ਝਪੱਟਾ ਮਾਰਦਾ ਹੈ। ਮੈਂ ਬੜਾ ਯਤਨ ਕੀਤਾ ਕਿ ਉਸ ਦੁਸ਼ਟ ਕੋਲੋਂ ਕਿਸੇ ਤਰ੍ਹਾਂ ਬਚ ਨਿਕਲਾਂ। ਇਕ ਦੋ ਧੱਕੇ ਵੀ ਮਾਰੇ, ਤਰਲਿਆਂ ਦਾ ਉਸ ਉਤੇ ਕੋਈ ਅਸਰ ਹੀ ਨਹੀਂ ਸੀ। ਉਸਨੇ ਮੇਰੀ ਬਰਬਾਦੀ ਲਈ ਪਹਿਲੋਂ ਹੀ ਚਪੜਾਸੀ ਨੂੰ ਆਪਣੇ ਨਾਲ ਲਿਆ ਸੀ। ਮੇਰੇ ਕਾਬੂ ਨਾ ਆਉਣ ਤੇ ਉਸਨੇ ਚਪੜਾਸੀ ਨੂੰ ਆਵਾਜ਼ ਦਿਤੀ। ਚਪੜਾਸੀ ਨੂੰ ਵੇਖਕੇ ਹੀ ਮੇਰੇ ਹੋਸ਼ ਉਡ ਗਏ। ਮੈਂ ਬੇਹੋਸ਼ ਹੋਕੇ ਜ਼ਮੀਨ ਤੇ ਡਿੱਗ ਪਈ, ਜਦ ਹੋਸ਼ ਆਈ ਤਾਂ......?'

'ਤਾਂ......ਕੀ.......?’ ਮੇਰੇ ਮੂੰਹ ਵਿਚੋਂ ਅਚਾਨਕ ਨਿਕਲ ਗਿਆ।

‘ਮੈਂ ਹੁਣ ਪਵਿਤਰ ਨਹੀਂ ਸੀ ਰਹੀ। ਮੈਂ ਪਤਿਤ ਹੋ ਚੁਕੀ ਸਾਂ। ਮੈਂ ਆਪਣੇ ਆਪ ਨੂੰ ਬਾਹਰ ਡਿਉੜੀ ਵਿਚ ਪਾਇਆ। ਉਥੋਂ ਉਠਕੇ ਮੈਂ ਚੁਪ ਚਾਪ ਘਰ ਆ ਗਈ।

ਸੁਰਿੰਦਰ ਦੇ ਮੂੰਹੋਂ ਉਸਦੀ ਆਪ-ਬੀਤੀ ਸੁਣਕੇ ਮੈਂ ਹੈਰਾਨ ਰਹਿ ਗਿਆ। ਮੇਰੀਆਂ ਅਖਾਂ ਪਹਿਲੇ ਹੀ ਗਿਲੀਆਂ ਸਨ, ਅਥਰੂ ਵੇਖਕੇ ਉਹ ਬੋਲੀ, ‘ਬਸ! ਹਾਲੇ ਤਾਂ ਮੈਂ ਕੁਝ ਹੋਰ ਦਸਣਾ ਹੈ।'

‘ਨਹੀਂ ਐਵੇਂ ਹੀ......।' ਮੈਂ ਆਪਣੀ ਹੈਰਾਨਗੀ ਨੂੰ ਲੁਕਾਉਂਦੇ ਕਿਹਾ।

‘ਕੁਝ ਸਮਾਂ ਪਾ ਕੇ ਉਸਦਾ ਪਾਪ ਮੇਰੇ ਸਰੀਰ ਵਿਚ ਪ੍ਰਗਟ ਹੋਣ ਲਗਾ, ਮਾਂ ਮੈਨੂੰ ਦੋਸ਼ਣ ਸਮਝਨ ਲਗੀ। ਉਸ ਕੋਲ ਜਿੰਨੀਆਂ ਵੀ ਬਦ-ਅਸੀਸਾਂ ਤੇ ਗਾਲਾਂ ਸਨ, ਮੈਨੂੰ ਦਿਤੀਆਂ। ਗਲੀ ਮਹੱਲੇ ਵਿਚ ਗਲਾਂ ਹੋਣ ਲਗ ਪਈਆਂ । ਲੋਕ ਮੂੰਹ ਜੋੜ ਜੋੜ ਕੇ ਗਲਾਂ ਕਰਨ ਲਗੇ, ਸਾਡਾ ਘਰੋਂ ਨਿਕਲਣਾ ਮੁਸ਼ਕਲ ਹੋ ਗਿਆ। ਥਾਂ ਥਾਂ ਤੇ ਟਿਚਕਰਾਂ ਕੀਤੀਆਂ ਜਾਣ ਲਗੀਆਂ। ਮਾਂ ਇਸੇ ਦੁਖ ਵਿਚ ਕੁਝ ਦਿਨ ਹੋਰ ਬੀਮਾਰ ਰਹਿਕੇ ਲੋਕ ਪ੍ਰਲੋਕ ਸਿਧਾਰ ਗਈ ਤੇ ਮੈਨੂੰ ਬਦ-ਨਸੀਬ ਨੂੰ ਇਸ ਜ਼ਾਲਮ ਸਮਾਜ ਦੀਆਂ ਠੋਕਰਾਂ ਖਾਣ ਲਈ ਛਡ ਗਈ। ਹੁਣ ਮੈਂ ਤੇ ਮੇਰੇ ਭੈਣ ਭਰਾ ਇਸ ਦੁਨੀਆਂ ਵਿਚ ਬਿਲਕੁਲ ਇਕਲੇ ਸਾਂ। ਪਿਤਾ ਪਹਿਲੋਂ ਹੀ ਘਰ ਨਹੀਂ ਸੀ ਵੜਦਾ। ਮੈਂ ਘਰੋਂ ਬਾਹਰ ਨਹੀਂ ਸਾਂ ਨਿਕਲ ਸਕਦੀ। ਕਾਰਖਾਨੇ ਵਿਚੋਂ ਕੰਮ ਤੋਂ ਜਵਾਬ ਹੋ ਗਿਆ। ਘਰ ਵਿਚ ਖਾਣ ਨੂੰ ਕੁਝ ਵੀ ਨਹੀਂ ਸੀ, ਜੋ ਕੁਝ ਸੀ ਆਪ ਭੁਖੀ ਰਹਿਕੇ ਛੋਟੇ ਬਚਿਆਂ ਦਾ ਜੋ ਪੇਟ ਭਰਦੀ ਰਹੀ। ਅੰਤ ਬਹੁਤ ਤੰਗ ਆਕੇ ਮੈਂ ਕਲ ਰਾਤ ਆਪਣੇ ਭੈਣ ਭਰਾ ਨੂੰ ਪ੍ਰਮਾਤਮਾ ਦੇ ਆਸਰੇ ਛਡਕੇ ਸਦਾ ਲਈ ਘਰੋਂ ਨਿਕਲ ਤੁਰੀ। ਮੈਂ ਨਹਿਰ ਵਿਚ ਡੁਬ ਮਰਨ ਦਾ ਪੱਕਾ ਨਿਸਚਾ ਕਰ ਲਿਆ ਸੀ। ਤਿੰਨ ਦਿਨਾਂ ਤੋਂ ਲਗਾਤਾਰ ਭੁਖੀ ਹੋਣ ਕਰਕੇ ਮੇਰੇ ਸਰੀਰ ਵਿਚ ਜ਼ਰਾ ਜਿੰਨੀ ਵੀ ਤਾਕਤ ਨਹੀਂ ਸੀ। ਰਾਤ ਦੇ ਹਨੇਰੇ ਵਿਚ ਤੁਰਦਿਆਂ ਮੈਨੂੰ ਅਜਿਹਾ ਠੇਢਾ ਲਗਾ ਕਿ ਸਿਰ ਦੇ ਭਾਰ ਡਿੱਗ ਪਈ ਤੇ ਉਥੇ ਹੀ ਬੇ-ਹੋਸ਼ ਹੋ ਗਈ।

ਸੁਰਿੰਦਰ ਦੀ ਦਰਦ ਭਰੀ ਕਹਾਣੀ ਖਤਮ ਹੋ ਗਈ, ਪਰ ਮੇਰੇ ਅਥਰੂ ਸਗੋਂ ਹੋਰ ਤੇਜ਼ ਹੁੰਦੇ ਜਾ ਰਹੇ ਸਨ। ਉਪਰ ਅਸਮਾਨ ਵਲ ਤਕਿਆ, ਦਿਨ ਕਾਫੀ ਚੜ ਆਇਆ ਸੀ, ਮੈਂ ਆਪਣੇ ਦਿਲ ਵਿਚ ਸਰਮਾਏਦਾਰਾਂ ਤੇ ਸਮਾਜ ਦੇ ਠੇਕੇਦਾਰਾਂ ਦੀਆਂ ਨਾ-ਜਾਇਜ਼ ਕਰਤੂਤਾਂ ਤੇ ਲਾਹਨਤਾਂ ਪਾ ਰਿਹਾ ਸਾਂ ਕਿ ਸੁਰਿੰਦਰ ਇਕ ਦਮ ਬੈਠੀ ੨ ਡਿਗ ਪਈ। ਮੈਂ ਉਸ ਦੀ ਨਬਜ਼ ਫੜੀ, ਪਰ ਉਹ ਸਦਾ ਲਈ ਬੰਦ ਹੋ ਚੁਕੀ ਸੀ। ਉਸ ਦੀ ਆਤਮਾ ਪ੍ਰਮਾਤਮਾ ਕੋਲ ਪਹੁੰਚ ਚੁਕੀ ਸੀ।

ਤੇ ਮੈਂ ਉਸਦੀ ਚੁੰਨੀ ਲੈਕੈ ਉਸਦੇ ਸਾਰੇ ਸਰੀਰ ਤੇ ਪਾ ਦਿਤੀ।


"ਪ੍ਰੀਤਿ"


ਅਜ ਹਵਾ ਦਾ ਰੁਖ ਬਿਲਕੁਲ ਜਹਾਜ਼ ਦੇ ਉਲਟ ਸੀ। ਮਲਾਹਾਂ ਨੂੰ ਵਾਰ ੨ ਨਕਸ਼ਾ ਵੇਖਣਾ ਪੈਂਦਾ ਸੀ। ਅਗੇ ਭਾਵੇਂ ਉਨ੍ਹਾਂ ਨੇ ਕਈ ਵੇਰ ਐਹੋ ਜੇਹੀ ਹਵਾ ਦਾ ਸਾਹਮਣਾ ਕੀਤਾ ਸੀ ਪਰ ਅਜ ਦੀ ਹਵਾ ਵਿਚ ਅਨੋਖੀ ਹੀ ਭਿਆਨਕਤਾ ਸੀ। ਉਹ ਬੜੀ ਮੁਸ਼ਕਿਲ ਨਾਲ ਆਪਣੇ ਜਹਾਜ਼ ਨੂੰ ਰਸਤੇ ਉਤੇ ਲੈ ਜਾ ਰਹੇ ਸਨ। ਮੁਸਾਫਿਰਾਂ ਵਿਚ ਅਜ ਬੜੀ ਘੁਸਰ ਮੁਸਰ ਹੋ ਰਹੀ ਸੀ, ਉਨ੍ਹਾਂ ਨੂੰ ਡਰ ਸੀ ਮਤਾਂ ਜਹਾਜ਼ ਕਿਸੇ ਘੁੰਮਣ ਘੇਰੀ ਵਿਚ ਫਸ ਜਾਵੇ। ਜਹਾਜ਼ ਜਿਓਂ ੨ ਅਗੇ ਵਧਦਾ ਸੀ ਹਵਾ ਤਿਓਂ ਤਿਓਂ ਜ਼ੋਰ ਫੜਦੀ ਜਾ ਰਹੀ ਸੀ । ਪਤਾ ਨਹੀਂ ਮੁਸਾਫਿਰਾਂ ਨੂੰ ਕੀ ਸੁਝ ਰਿਹਾ ਸੀ, ਉਹ ਘਬਰਾਏ ਹੋਏ ਏਧਰ ਓਧਰ ਭੱਜ ਰਹੇ ਸਨ।

‘ਪਤਾ ਨਹੀਂ ਕੀ ਹੋਣ ਵਾਲਾ ਏ?' ਇਕ, ਮੁਸਾਫਿਰ ਨੇ ਦੂਜੇ ਨੂੰ ਕਿਹਾ।

‘ਓਏ ਆਖਰ ਕੀ ਆ ਗਈ ? ਮੌਤ ਤੋਂ ਵਧ ਹੋਰ ਕੀ ਜਾਵੇਗਾ?' ਇਕ ਬੁਢੇ ਜੇਹੇ ਮੁਸਾਫਿਰ ਨੇ ਮੁਸਕਰਾਂਦਿਆਂ ਜੁਆਬ ਦਿਤਾ

‘ਬਾਬਾ! ਤੂੰ ਤਾਂ ਜੁਆਨੀ ਮਾਣ ਚੁਕਾ ਏਂ।, ਰੱਬ ਖੈਰ ਕਰੇ ਸਾਡੀ ਤਾਂ ਅਜੇ ਮਸ ਹੀ ਫੁੱਟ ਰਹੀ ਏ।' ਮੁੰਡੇ ਨੇ ਕਿਹਾ ਅਤੇ ਬਾਬੇ ਦੇ ਮੋਢੇ ਕੋਲ ਖਲੋ ਕੇ ਬਾਹਰ ਤਕਣ ਲਗ ਪਿਆ। ਛੱਲਾਂ ਬੜੀਆਂ ਉੱਚੀਆਂ ਹੋ ਹੋ ਵੱਜਦੀਆਂ ਸਨ, ਵੇਖਕੇ ਮੁੰਡਾ ਹੋਰ ਘਬਰਾਇਆ।

ਬਾਬਾ ਜੇ ਜਹਾਜ਼ ਡੁਬ ਗਿਆ, ਰੱਬ ਖੈਰ ਕਰੇ ਮੈਂ ਤਾਂ ਮਰ ਜਾਵਾਂਗਾ। ਈਸਰੀ ਤਾਂ ਮੈਨੂੰ ਬੜੀਆਂ ਗਾਲ੍ਹਾਂ ਕੱਢੇਗੀ । ਉਹ ਤਾਂ ਅਗੇ ਮੈਨੂੰ ਆਖਦੀ ਸੀ, ‘ਡੱਕਰੇ ਕਰਾਉਣਿਆ ਚੀਨ ਵਿਚ ਕੀ ਲੈਣ ਜਾਣਾ ਈ?' ਰਾਹ ਵਿਚ ਡੁਬ ਮਰਿਓਂ ਤਾਂ ਚੀਨ ਜਾਣ ਦਾ ਮਜਾ ਆ ਜਾਉ ਇਕ ਵਾਰ।'

‘ਤੂੰ ਵੀ ਤਾਂ ਇਕ ਪਜਾਮਾਂ ਏਂ ਪਜਾਮਾ, ਭਲਾ ਤੂੰ ਆਪ ਹੀ ਦਸ, ਪਈ ਆਹ ਜੇਹੜੇ ਤੁਰਦੇ ਫਿਰਦੇ ਨੇ ਕੀ ਨਾ ਲਈਦਾ, ਕਵਤਾਣ (ਕਪਤਾਨ) ਇਹ ਵਾਧੂ ਹੀ ਨੇ।'

‘ਓਏ ਨਹੀਂ ਓਏ ਬਾਬਾ! ਜਦੋਂ ਹੋਣੀ ਨੇ ਕਾਰਾ ਕਰਨਾ ਹੋਵੇ, ਫੇਰ ਨਹੀਂ ਓ ਇਹ ਕੜੇ ਕਪਟੈਣ (ਕਪਤਾਨ) ਕੁਛ ਕਰਨ ਜੋਗੇ ਹੁੰਦੇ।' ਮੁੰਡੇ ਦਾ ਮੂੰਹ ਰੋਣ ਹਾਕਾ ਹੋ ਗਿਆ। ਉਸ ਨੂੰ ਯਾਦ ਆ ਰਹੀਆਂ ਸਨ ਮਾਂ ਦੀਆਂ ਗਲਾਂ ਜਿਹੜੀਆਂ ਉਸ ਨੇ ਇਸ ਨੂੰ ਕਦੇ ਕਹੀਆਂ ਸਨ।

‘ਜੇ ਮੈਨੂੰ ਪਤਾ ਹੁੰਦਾ ਤਾਂ ਈਸਰੀ ਦਾ ਕਹਿਆ ਮੰਨ ਲੈਂਦਾ, ਕੀ ਲੈਣਾ ਸੀ ਚੀਨ ਨੂੰ ਜਾਕੇ। ਹਾਏ ਈਸਰੀ! ਮੈਂ ਕੀ ਕਰਾਂ......ਉਂ ਉਂ ਉਂ ਹੂੰ ਹੂੰ ਹੂੰ......।' ਤੇ ਉਹ ਰੋਣ ਲਗ ਪਿਆ।

'ਓਏ ਮੱਸਿਆ! ਓਏ ਤੂੰ ਤਾਂ ਹਾਲੇ ਆਪਣੇ ਆਪ ਨੂੰਮੱਸ ਫੁੱਟ ਗੱਭਰੂ ਦਸਦਾ ਸੈਂ, ਓਏ ਹੁਣੇ ਨਿਆਣਿਆਂ ਨਾਲੋਂ ਵੀ ਨਿੱਘਰ ਗਿਆ ਏਂ। ਓਏ ਬੁਢੇ ਦਾ ਹੌਂਸਲਾ ਵੇਖ।' ਬੁਢੇ ਨੇ ਆਪਣੇ ਵਲ ਇਸ਼ਾਰਾ ਕਰਦਿਆਂ ਕਿਹਾ। ਊਂ ਹੂਂ ਊਂ ਓਏ ਬਾਬਾ! ਮੈਂ ਨਹੀਓਂ ਚੜੀ ਚੀਨ ਜਾਣਾ ਐਸ ਕਪਟਣ ਨੂੰ ਕਹਿ ਸਾਨੂੰ ਵਾਪਸ ਬਿਲਟੀ ਕਰ ਦੇਵੇ ।' ਮੁੰਡਾ ਹਿਚਕੀਆਂ ਭਰ ਰਿਹਾ ਸੀ।

ਓਏ ਹਾਹ ਕੀ ਨਵਾਂ ਬੋਲ ਸਿੱਖਿਆ ਈ, ਬਿਲਟੀ ਕੀ ਹੁੰਦਾ ਏ?' ਬਾਬੇ ਦੇ ਮੂੰਹ ਤੇ ਹੈਰਾਨੀ ਭਰੀ ਮੁਸਕੁਰਾਹਟ ਸੀ। ਮੁੰਡਾ ਬਹੁਤਾ ਸਿੱਧਾ ਸੀ। ਉਸ ਨੂੰ ਆਪਣੇ ਨਵੇਂ ਸਿਖੇ ਸ਼ਬਦ ਤੇ ਮਾਣ ਸੀ। ਕੁਝ ਚਿਰ ਚੁਪ ਰਹਿ ਕੇ ਜ਼ਰਾ ਐਂਠ ਕੇ ਬੋਲਿਆ, ‘ਬਾਬਾ ਬਿਲਟੀ ਨਹੀਂ ਤੂੰ ਜਾਣਦਾ।' ਥੋੜਾ ਚਿਰ ਹੋਇਆ ਇਕ ਮਲਾਹ ਆਖਣ ਡਿਹਾ ਸੀ 'ਬਿਲਟੀ ਕਰ ਦੇਵਾਂਗੇ।' ਮੈਂ ਪੁਛਿਆ ਉਹ ਕੀ ਹੁੰਦਾ ਤਾਂ ਉਸ ਨੇ ਜਵਾਬ ਦਿਤਾ ਸੀ ਅਖੇ ਕਿਸੇ ਚੀਜ ਨੂੰ ਕਿਸੇ ਦੂਜੇ ਸ਼ਹਿਰ ਭੇਜਣ ਨੂੰ ਬਿਲਟੀ ਕਹਿੰਦੇ ਆ।'

‘ਹੱਛਾ......।’ ਹੁਣ ਦੋਵੇਂ ਚੁਪ ਹੋ ਗਏ। ਦੋਵਾਂ ਦੀਆਂ ਗਲਾਂ ਕਥਾਂ ਤੋਂ ਪ੍ਰਤੀਤ ਹੁੰਦਾ ਸੀ ਕਿ ਦੋਵੇਂ ਕਿਸੇ ਇਕੇ ਪਿੰਡ ਦੇ ਵਸਨੀਕ ਹਨ।

ਜਹਾਜ਼ ਨੇ ਖਤਰੇ ਦਾਘੁਗੂ ਵਜਾਇਆ,ਸਭ ਮੁਸਾਫਿਰ ਚੌਕੰਨੇ ਹੋ ਗਏ। ਥੋੜੇ ਚਿਰ ਬਾਅਦ ਸਭਨਾਂ ਨੂੰ ਬਚਣ ਦਾ ਸਾਮਾਨ ਦਿਤਾ ਗਿਆ। ਠੰਢੇ ਸਾਹ ਭਰਦੇ ਸਾਰੇ ਉਸ ਸਾਮਾਨ ਨੂੰ ਵਰਤਰਹੇ ਸਨ,ਹਰ ਪਾਸੇ ਇਕ ਅਜੀਬ ਜੇਹਾ ਨਜ਼ਾਰਾ ਰੰਗ ਫੈਲਾ ਰਿਹਾ ਸੀ।

"ਇਹ ਇੱਟਾਂ ਜੇਹੀਆਂ ਸਾਨੂੰ ਬਚਾ ਲੈਣਗੀਆਂ।" ਮੱਸਾ ਬੋਲਿਆ।

‘ਚੁਪ ਕਰਕੇ ਗਲ ਵਿਚ ਪਾ ਲੈ।' ਬਾਬੇ ਨੇ ਕਿਹਾ।

‘ਮਾਂ! ਮੈਨੂੰ ਦੋ ਪੈਸੇ ਦੇ ਦੇ। ਜਦੋਂ ਜਹਾਜ਼ ਡੁਬਿਆ ਮੈਂ ਤਾਂ ਥਲੇ ਜਾ ਕੇ ਅੰਗੂਰ ਖਰੀਦਣੇ ਨੇ।' ਇਕ ਬਚੇ ਨੇ ਭੋਲੇ ਭਾ ਹੀ ਮਾਂ ਤੋਂ ਮੰਗ ਕੀਤੀ ਪਰ ਜਦ ਸਾਰੇ ਹਸ ਪਏ ਤਾਂ ਉਹ ਚੁਪ ਗਿਆ। ਮੱਸੇ ਨੇ ਬਚੇ ਦੀ ਗਲ ਸੁਣਕੇ ਕੁਝ ਚਿਰ ਸੋਚਿਆ ਕੀ ਸਚਮੁਚ ਹੇਠਾਂ ਜਾ ਕੇ ਸਾਨੂੰ ਅੰਗੂਰ ਮਿਲ ਸਕਣਗੇ, ਫੇਰ ਡੁਬਣ ਦਾ ਕੀ ਡਰ ਏ।' ਮੱਸੇ ਦਾ ਭੋਲਾ ਚਿਹਰਾ ਕਿਸੇ ਆਸ ਦੇ ਅਸਰ ਹੇਠ ਚਮਕ ਉਠਿਆ। ਸਭਨਾਂ ਦੇ ਕੰਨ ਕਪਤਾਨ ਦੇ ਬੋਲਾਂ ਲਈ ਕੱਸੇ ਹੋਏ ਸਨ, ਹਰ ਕਿਸੇ ਨੂੰ ਆਸ ਸੀ ਕਿ ਕਪਤਾਨ ਮੁਸਾਫਿਰਾਂ ਨੂੰ ਦਸੇਗਾ, ਅਸੀਂ ਹੁਣ ਕਿਸ ਹਾਲਤ ਵਿਚ ਦੀ ਵਿਚਰ ਰਹੇ ਹਾਂ। ਕਈ ਅੱਖਾਂ ਕਪਤਾਨ ਦੇ ਰਸਤੇ ਉਤੇ ਵਿਛੀਆਂ ਹੋਈਆਂ ਸਨ ਤੇ ਕਈ ਲਹਿਰਾਂ ਦੇ ਉਤਰਾ ਚੜ੍ਹਾ ਵਿਚ ਰੁਝੇ ਹੋਏ ਸਨ, ਇਸ ਏਡੇ ਵਡੇ ਪਾਣੀ ਬਾਬਤ।

“ਮੁਸਾਫਿਰੋ! ਜੇ ਤੁਹਾਡੇ ਸਿਰ ਤੇ ਕੋਈ ਮੁਸੀਬਤ ਆਵੇ ਤਾਂ ਸਾਡਾ ਫਰਜ਼ ਨਹੀਂ ਕਿ ਅਸੀਂ ਮਰਨ ਤੋਂ ਪਹਿਲਾਂ ਮਰ ਜਾਈਏ। ਹੌਂਸਲੇ ਵਿਚ ਜ਼ਿੰਦਗੀ ਹੈ, ਸੋ ਹੌਂਸਲਾ ਨਾ ਢਾਓ! ਪ੍ਰਮਾਤਮਾ ਸਾਡਾ ਸਹਾਈ ਹੋਵੇਗਾ। ਇਹ ਹਨੇਰੀ ਕਦੀ ਕਦੀ ਸਮੁੰਦਰਾਂ ਵਿਚ ਆਇਆ ਹੀ ਕਰਦੀ ਹੈ। ਘਬਰਾਣ ਦੀ ਲੋੜ ਨਹੀਂ । ਜਲਦੀ ਹੀ ਸਾਡਾ ਰਸਤਾ ਸਾਫ ਹੋ ਜਾਏਗਾ।' ਕਪਤਾਨ ਨੇ ਮੁਸਾਫਿਰਾਂ ਨੂੰ ਹੌਂਸਲਾ ਦੇਣ ਦੇ ਲਹਿਜੇ ਵਿਚ ਕਿਹਾ ਅਤੇ ਚਲਿਆ ਗਿਆ। ਉਹ ਸਫੈਦ ਕਪੜਿਆਂ ਵਾਲੇ ਕਪਤਾਨ ਦੇ ਬੋਲ ਸਾਰਿਆਂ ਮੁਸਾਫਿਰਾਂ ਦੇ ਕੰਨਾਂ ਵਿਚ ਗੂੰਜਦੇ ਰਹੇ ਪਰ ਮੱਸਾ ਤਾਂ ਕਪਤਾਨ ਦੇ ਬੋਲਾਂ ਨੂੰ ਦੇਵੀ ਬੋਲ ਸਮਝਕੇ ਘੰਟਾ ਭਰ ਪ੍ਰਮਾਤਮਾ ਦਾ ਸ਼ੁਕਰ ਗੁਜ਼ਾਰਦਾ ਰਿਹਾ।

‘ਡਰੋ ਨਹੀਂ ਬੇਟਾ!’ ਇਕ ਹੋਰ ਬੁਢੇ ਨੇ ਆਪਣੀ ਬੱਚੀ ਦੇ ਸਿਰ ਤੇ ਹੱਥ ਫੇਰਦਿਆ ਕਿਹਾ।

‘ਅੱਬਾ! ਮੇਰਾ ਦਿਲ ਡਰਦਾ ਏ ।' ਕੁੜੀ ਸੁੰਗੜੀ ਜਾ ਰਹੀ ਸੀ,

‘ਹੁਣ ਤਾਂ ਕੋਈ ਖਤਰਾ ਨਹੀਂ ਕਮਲੀਏ ।' ਬੁਢੇ ਨੇ ਕੁੜੀ ਨੂੰ ਪਲੋਸਿਆ

ਐਹ ਛੱਲਾਂ ਤਾਂ ਵੇਖੋ ਅੱਬਾ!' ਉਹ ਹੋਰ ਡਰੀ।

ਇਹ ਛੱਲਾਂ ਤਾਂ ਇਵੇਂ ਹੀ ਵਜਦੀਆਂ ਰਹਿੰਦੀਆਂ ਨੇ।' ਪਰ ਕਪਤਾਨ ਦੇ ਮੂੰਹ ਤੇ ਵੀ ਤਾਂ ਘਬਰਾਹਟ ਸੀ।'

‘ਐਵੇਂ ਭਰਮ ਏ ਤੈਨੂੰ।’

‘ਨਹੀਂ ਅੱਬਾ!'

‘ਕਿਉਂ ਨਹੀਂ ਤਾਜੀ।’

ਹਾਏ, ਅਸੀਂ ਤਾਂ ਅਜੇ ਅਧਵਾਟੇ ਹੀ ਹਾਂ।'

‘ਮੁਮਤਾਜ! ਤੂੰ ਪੜ੍ਹ ਲਿਖਕੇ ਵੀ ਐਡੇ ਐਡੇ ਭਰਮ ਲਈ ਫਿਰਨੀ ਏਂ।'

ਜੇ ਪੜ੍ਹੀ ਹਾਂ, ਤਦੇ ਤਾਂ ਡਰਨੀ ਆਂ। ਨਹੀਂ ਤਾਂ ਕਪਤਾਨ ਦੇ ਬੋਲਾਂ ਤੇ ਹੀ ਯਕੀਨ ਨਾ ਕਰ ਲੈਂਦੀ।'

‘ਹਾ ਹਾ ਹਾ ਮਰਨੀ।’ ਤੇ ਮੁਮਤਾਜ਼ ਦਾ ਅੱਬਾ ਜਾਨ ਹੱਸ ਪਿਆ ਉਹ ਡਰੀ ਹੋਈ ਬੈਠੀ ਰਹੀ । ਉਹ ਪਤਾ ਨਹੀਂ ਕੀ ਸੋਚ ਰਹੀ ਸੀ। ਉਸ ਦੀਆਂ ਅੱਖਾਂ ਅੱਧ ਖੁਲ੍ਹੀਆਂ ਸਨ। ਉਸ ਦੇ ਬੁਲ੍ਹ ਫਰਕਦੇ ਅਤੇ ਸ਼ਾਂਤ ਹੋ ਜਾਂਦੇ, ਉਸ ਦੇ ਸਰੀਰ ਵਿਚ ਹਰਕਤ ਆਉਂਦੀ ਅਤੇ ਖਾਮੋਸ਼ ਹੋ ਜਾਂਦੀ। ਉਸ ਦੇ ਦੋਵੇਂ ਹੱਥ ਉਸ ਦੀ ਠੋਡੀ ਹੇਠ ਸਨ। ਉਸ ਦੇ ਭੂਰੇ ਜੇਹੇ ਕੇਸ ਕਿਸੇ ਅਣਦੇਖੀ ਸੁੰਦਰਤਾ ਦੇ ਗੁਆਹ ਸਨ। ਉਸ ਦੀ ਲੰਮੀ ਅਤੇ ਭਾਰੀ ਗੁੱਤ ਦੇ ਵਲਾਂ ਵਿਚ ਮੱਸੇ ਵਰਗੇ ਕਈ ਭੋਲੇ ਭਾਲੇ ਜੱਟਾਂ ਦੀਆਂ ਨਜ਼ਰਾਂ ਗੁਆਚ ਚੁਕੀਆਂ ਸਨ। ਭੂਰੀਆਂ ਅੱਖਾ ਦੀ ਤੱਕਣੀ ਨੇ ਮਲਾਹਾਂ ਦੇ ਕਦਮਾਂ ਦਾ ਰੁਖ ਇਸ ਕਮਰੇ ਵਲ ਜ਼ਿਆਦਾ ਕਰ ਦਿਤਾ ਸੀ । ਕਪਤਾਨ ਦੇ ਖਿਆਲਾਂ ਵਿਚ ਹੁਣ ਮੁਮਤਾਜ ਦਾ ਗੋਰਾ ਜੇਹਾ ਰੰਗ ਤੇ ਲੰਮਾ ਜੇਹਾ ਬੁਤ ਘੁੰਮਦਾ ਰਹਿੰਦਾ ਸੀ।

ਮੁਮਤਾਜ ਦੇ ਅੱਬਾ ਜਾਨ ਨੂੰ ਡੁਬ ਜਾਣ ਦਾ ਕੋਈ ਡਰ ਨਹੀਂ ਸੀ ਪਰ ਉਹ ਆਪਣੀ ਬਚੀ ਦੀ ਸੁੰਦਰਤਾ ਤੋਂ ਅਣਜਾਣ ਨਹੀਂ ਸੀ। ਉਹ ਇਜ਼ਤ ਦੇ ਏਡੇ ਵਡੇ ਖਜਾਨੇ ਨੂੰ ਡੁਬਣ ਤੋਂ ਪਹਿਲਾਂ ਕਿਥੇ ਛੁਪਾਵੇਗਾ। ਮੁਮਕਿਨ ਸੀ ਕਿ ਡੁਬਕੇ ਮਰ ਜਾਂਦਾ ਪਰ ਮੁਮਤਾਜ ਬਚ ਜਾਂਦੀ। ਫਿਰ ਉਸ ਦੀ ਇੱਜ਼ਤ ਅਤੇ ਆਬਰੂ ਦੇ ਰਖਵਾਲਾ ਕੌਣ ਹੁੰਦਾ? ਇਹੋ ਗਮ ਸੀ ਜੋ ਪਲ ਭਰ ਵੀ ਬੁਢੇ ਨੂੰ ਸੌਖਾ ਸਾਹ ਨਹੀਂ ਸੀ ਲੈਣ ਦਿੰਦਾ। ਤੇ ਬੁਢੇ ਦਾ ਸੋਚਿਆ ਹੋਇਆ ਬਿਲਕੁਲ ਸਹੀ ਨਿਕਲਿਆ।

ਸੂਰਜ ਸਾਰੇ ਦਿਨ ਦੀ ਡੀਊਟੀ ਨਿਭਾ ਕੇ ਕਈ ਨਵੀਆਂ ਅਤੇ ਉਮਾਹ ਭਰੀਆਂ ਨਜ਼ਰਾਂ ਲੈ ਕੇ ਕਿਸੇ ਨਵੇਂ ਦੇਸ਼ ਵਲ ਜਾਣ ਲਈ ਤਿਆਰੀ ਕਰ ਰਿਹਾ ਸੀ। ਡੁਬ ਰਹੇ ਸੂਰਜ ਦੀ ਲਾਲ ਜੇਹੀ ਰੋਸ਼ਨੀ ਨੇ ਸਮੁੰਦਰ ਦੇ ਪਾਣੀ ਦਾ ਰੰਗ ਹੀ ਬਦਲ ਦਿਤਾ।

ਪਾਣੀ ਵਿਚ ਸੂਰਜ ਦੀ ਰੌਸ਼ਨੀ ਦਾ ਪਰਛਾਵਾਂ ਡਾਢਾ ਪਿਆਰਾ ਲਗ ਰਿਹਾ ਸੀ। ਅਕਾਸ਼ ਅਤੇ ਸਮੁੰਦਰ ਦੀ ਵਿੱਥ ਦੇ ਵਿਚਕਾਰ ਸੂਰਜ ਇਕ ਵਿਚੋਲੇ ਦਾ ਕੰਮ ਦੇ ਰਿਹਾ ਸੀ। ਦੋਵੇਂ ਕਦੀ ਨਾ ਮਿਲਣ ਵਾਲੇ ਸਾਥੀ ਧਰਤੀ ਅਤੇ ਅਕਾਸ਼, ਇਕ ਜਾਪ ਰਹੇ ਸਨ। ਕਿਸੇ ਹੁਸੀਨਾ ਦੇ ਮਥੇ ਤੇ ਲਟਕਦੇ, ਚਮਕਦੇ ਟਿਕੇ ਵਾਂਗ ਸੂਰਜ ਦੀਆਂ ਕਿਰਣਾਂ ਚਮਕ ਰਹੀਆਂ ਸਨ। ਮੁਮਤਾਜ ਨੇ ਇਸ ਨਜ਼ਾਰੇ ਨੂੰ ਡੋਲ ਰਹੇ ਜਹਾਜ਼ ਵਿਚੋਂ ਵੀ ਤੱਕਿਆ। ਉਸ ਦੇ ਦਿਲ ਵਿਚ ਇਕ ਲਹਿਰ ਜੇਹੀ ਦੌੜ ਗਈ। ਉਸ ਨੂੰ ਸਾਥੀ ਦੀ ਲੋੜ ਮਹਿਸੂਸ ਹੋਈ। ਉਸ ਦਾ ਅੰਗ ਅੰਗ ਕਿਸੇ ਕੰਬਣੀ ਦੇ ਅਸਰ ਹੇਠ ਕੰਬਿਆ । ਉਸ ਦੀਆਂ ਬੁਲ੍ਹੀਆਂ ਆਪੇ ਨੂੰ ਮੁਸਕਾਣ ਲਈ ਮੁਸਕਰਾ ਪਈਆਂ । ਉਸ ਨੇ ਛੇਤੀ ਛੇਤੀ ਆਪਣੇ ਆਸੇ ਪਾਸੇ ਤਕਿਆ। ਫੇਰ ਉਹ ਸਾਹਮਣੇ ਨਜ਼ਾਰੇ ਵਲ ਤੱਕੀ । ਉਸ ਦੇ ਬਿਲਕੁਲ ਸਾਹਮਣੇ ਡੈੱਕ ਤੇ ਕਪਤਾਨ ਖਲੋਤਾ ਉਸੇ ਨਜ਼ਾਰੇ ਨੂੰ ਤੱਕ ਰਿਹਾ ਸੀ । ਕਪਤਾਨ ਦੀ ਸਫੈਦ ਵਰਦੀ ਤੇ ਸੂਰਜ ਦੀ ਸੁਨਿਹਰੀ ਰੋਸ਼ਨੀ ਪੈ ਰਹੀ ਸੀ। ਕਪਤਾਨ ਦਾ ਚਿਹਰਾ ਸ਼ਾਂਤ ਨਹੀਂ ਸੀ ਜਾਪਦਾ ਫਿਰ ਵੀ ਸ਼ਾਇਦ ਉਹ ਸ਼ਾਂਤ ਹੋਣ ਲਈ ਹੀ ਬਾਹਰੋਂ ਕੁਝ ਢੂੰਡ ਰਿਹਾ ਸੀ, ਉਸਦੇ ਅੰਗਾਂ ਤੇ ਵੀ ਕੰਬਣੀ ਸੀ । ਉਹ ਵੀ ਕਿਸੇ ਮਹਿਰਮ ਦੀ ਭਾਲ ਵਿਚ ਸੀ। ਤੇ ਜਦ ਉਸ ਨੇ ਮੁਮਤਾਜ ਦੇ ਭੂਰੇ ਕੇਸਾਂ ਤੇ ਸੂਰਜ ਦੀ ਸੁਨਿਹਰੀ ਰੋਸ਼ਨੀ ਪੈਂਦੀ ਵੇਖੀ ਤਾਂ ਉਸ ਦਾ ਕਾਬੂ ਜਾਂਦਾ ਰਿਹਾ। ਉਹ ਆਪਣੀ ਢੂੰਡ ਵਿਚ ਸਫਲ ਹੋ ਗਿਆ ਜਾਪਦਾ ਸੀ, ਹੁਣ ਉਸਦਾ ਚਿਹਰਾ ਤਾਂ ਸ਼ਾਂਤ ਸੀ ਪਰ ਆਤਮਾ ਬੇ-ਅਰਾਮ ਜਾਪਦੀ ਸੀ । ਉਹ ਆਪਣੀ ਡੀਊਟੀ ਤੋਂ ਬੇ ਖਬਰ ਨਹੀਂ ਸੀ, ਪਰ ਉਹ ਜਦ ਸਾਰੀਆਂ ਕੋਸ਼ਿਸ਼ਾਂ ਕਰਕੇ ਹਾਰ ਗਿਆ ਤਾਂ ਕਿਸਮਤ ਤੇ ਡੋਰੀ ਸੁਟ ਕੇ ਸਮੁੰਦਰ ਦੀਆਂ ਲਹਿਰਾਂ ਦਾ ਅੰਦਾਜ਼ਾ ਲਗਾਉਣ ਲਈ ਡੈੱਕ ਤੇ ਆ ਖਲੋਤਾ । ਉਸ ਦੇ ਪਿਛੇ ਹੋਰ ਚੰਗੇ ਚੰਗੇ ਮਲਾਹ ਆਪਣੀਆਂ ਦੂਰਬੀਨਾਂ ਨਾਲ ਕਿਸੇ ਆਸੇ ਪਾਸੇ ਜਾ ਰਹੇ ਜਹਾਜ਼ ਦੇ ਆਸਰੇ ਲਈ ਤੱਕ ਰਹੇ ਸਨ, ਕਪਤਾਨ ਉਨ੍ਹਾਂ ਦੀਆਂ ਨਜ਼ਰਾਂ ਤੋਂ ਉਹਲੇ ਹੋਣ ਲਈ ਡੈੱਕ ਦੀ ਇਕ ਨੁਕਰ ਵਲ ਹੋਕੇ ਖਲੋ ਗਿਆ।

ਮੁਮਤਾਜ ਕਪਤਾਨ ਨੂੰ ਵੇਖ ਕੇ ਸ਼ਰਮਾ ਗਈ। ਉਸ ਦੀਆਂ ਨਜ਼ਰਾਂ ਝੁਕ ਗਈਆਂ। ਉਸ ਦੇ ਦਿਲ ਵਿਚ ਕਿਸੇ ਨਵੀਂ ਰੀਝ ਨੇ ਜਨਮ ਲਿਆ। ਕੋਈ ਨਵੀਂ ਤਮੰਨਾ ਉਸ ਦੇ ਅੰਗ ਅੰਗ ਵਿਚ ਦੌੜ ਗਈ। ਬਿਜਲੀ ਦੀ ਤੇਜੀ ਵਾਂਗ ਇਕ ਨਵੀਂ ਜੇਹੀ ਜ਼ਿੰਦਗੀ ਉਸ ਦੇ ਵੀਹਾਂ ਸਾਲਾਂ ਜਿੰਨੇ ਜੀਵਨ ਵਿਚ ਦੀ ਫਿਰ ਗਈ ਤੇ ਉਸ ਨੂੰ ਸਭ ਕੁਝ ਨਵਾਂ ਨਵਾਂ ਨਜ਼ਰੀਂ ਆਇਆ । ਮੁਮਤਾਜ ਨੇ ਫਿਰ ਉਤਾਂਹ ਤਕਿਆ। ਕਪਤਾਨ ਅਜੇ ਵੀ ਉਸੇ ਜਗ੍ਹਾ ਖਲੋਤਾ ਸੀ, ਪਰ ਉਸ ਦੀਆਂ ਨਜ਼ਰਾਂ ਲਹਿਰਾਂ ਵਿਚ ਗੁਆਚੀਆਂ ਹੋਈਆਂ ਸਨ।

ਮੁਮਤਾਜ ਨੇ ਕਪਤਾਨ ਦੇ ਲੰਮੇ ਜੇਹੇ ਸਰੀਰ ਤੇ ਨਜ਼ਰ ਫੇਰੀ ਅਤੇ ਉਸ ਨੂੰ ਜਾਪਿਆ ਜਿਵੇਂ ਇਹ ਬੁਤ ਉਸ ਤੋਂ ਬਗੈਰ ਹੋਰ ਕਿਸੇ ਦੇ ਕਾਬਿਲ ਨਹੀਂ। ਉਹ ਪਤਾ ਨਹੀਂ ਅਜੇ ਹੋਰ ਕਿੰਨਾ ਕੁ ਚਿਰ ਸੋਚਦੀ ਰਹਿੰਦੀ ਜੇ ਕਰ ਕਪਤਾਨ ਉਸ ਵਲ ਕਦਮ ਨਾ ਪੁਟਦਾ। ਉਹ ਪਹਿਲਾਂ ਘਬਰਾਈ, ਫਿਰ ਉਸ ਦਾ ਦਿਲ ਜ਼ੋਰ ੨ ਨਾਲ ਧੜਕਿਆ ਅਤੇ ਫਿਰ ਉਸ ਦਾ ਜੀਅ ਕੀਤਾ ਕਿ ਉਥੋਂ ਭਜ ਜਾਵੇ, ਪਰ ਉਹ ਕੁਝ ਨਾ ਕਰ ਸਕੀ । ਕਪਤਾਨ ਉਸਦੇ ਕੋਲ ਆ ਗਿਆ।

'ਤੁਸੀਂ......ਤੁ...... ਸੀਂ......ਤੁਸੀਂ ਕਿਥੇ ਜਾ ਰਹੇ ਓ?'

‘ਜੀ? ......ਜੀ ਅਸੀਂ ਮਲਾਯਾ ਜਾ ਰਹੇ ਹਾਂ ।’ ਉਸਦਾ ਜੁਆਬ ਸੀ।

‘ਤੁਸੀਂ ਓ......ਉਥੇ ਕਿਉਂ ਜਾ ਰਹੇ ਓ ?' ਉਹ ਮਸਾਂ ਬੋਲ ਰਿਹਾ ਸੀ।

‘ਅਸੀਂ ਆਪਣੇ ਦੇਸ਼ ਵੀ ਕੀ ਕਰਨਾ ਸੀ।' ਹੁਣ ਉਸ ਵਿਚ ਕੋਈ ਨਵੀਂ ਸ਼ਕਤੀ ਕੰਮ ਕਰ ਰਹੀ ਸੀ।

'ਕਿਉਂ?' ਕਪਤਾਨ ਨੇ ਆਪਣੇ ਆਪ ਵਿਚ ਨਵੀਨਤਾ ਮਹਿਸੂਸ ਕੀਤੀ।

‘ਮਲਾਯਾ ਵਿਚ ਮੇਰੀ ਮਾਂ ਏ, ਇਕ ਵਿਧਵਾ ਭਰਜਾਈ ਹੈ।

‘ਅੱ......ਛਾ ।’ ਤੇ ਕਪਤਾਨ ਚੁਪ ਹੋ ਗਿਆ । ਜਹਾਜ਼ ਨੇ ਜ਼ੋਰ ਨਾਲ ਹੁਲਾਰਾ ਖਾਧਾ। ਉਹ ਦੋਵੇਂ ਡਿਗਣੋਂ ਮਸਾਂ ਬਚੇ।

‘ਕੀ ਅਜ ਸਾਡੇ ਬਚਣ ਦੀ ਕੋਈ ਆਸ ਹੈ?' ਮੁਮਤਾਜ ਨੇ ਹੈਰਾਨੀ ਭਰਿਆ ਪ੍ਰਸ਼ਨ ਕੀਤਾ। ਕਪਤਾਨ ਸ਼ਾਇਦ ਉਸ ਨੂੰ ਬਹੁਤ ਸਾਰਾ ਹੌਂਸਲਾ ਦਿਵਾਂਦਾ, ਪਰ ਜਹਾਜ਼ ਹੋਰ ਪਲਾਂ ਤਾਈਂ ਮੂਧਾ ਹੋਣ ਵਾਲਾ ਸੀ ਜਿਸ ਕਰਕੇ ਬਿਨਾਂ ਜੁਆਬ ਦਿਤਿਆਂ ਉਹ ਦੂਜੇ ਮਲਾਹਾਂ ਵਲ ਭਜ ਗਿਆ।

ਮੁਮਤਾਜ ਦੀ ਜ਼ਿੰਦਗੀ ਨੇ ਜੇ ਬਹਾਰਾਂ ਵਲ ਪਾਸਾ ਪਰਤਿਆ ਤਾਂ ਉਹ ਬਹਾਰਾਂ ਪੱਤ ਝੜ ਦੇ ਰੂਪ ਵਿਚ ਬਦਲ ਗਈਆਂ । ਉਸ ਦੇ ਪਿਆਰ ਦੀ ਅਜੇ ਕਰੂੰਬਲ ਫੁਟੀ ਹੀ ਸੀ ਕਿ ਹੋਣੀ ਦੇ ਅਥਾਹ ਜ਼ੋਰ ਨੇ ਮੌਤ ਜੇਹਾ ਸੰਨਾਟਾ ਲੈ ਆਂਦਾ। ਸੂਰਜ ਦੀ ਅੰਤਮ ਰੌਸ਼ਨੀ ਅਲਵਿਦਾ ਕਹਿ ਰਹੀ ਸੀ ਜਦ ਮੁਮਤਾਜ ਦੇ ਜਹਾਜ਼ ਨੇ ਟੁੱਬੀ ਮਾਰ ਦਿਤੀ । ਜਹਾਜ਼ ਦੇ ਆਸੇ ਪਾਸੇ ਕਈ ਕਿਸ਼ਤੀਆਂ ਠੇਲ੍ਹੀਆਂ ਗਈਆਂ ਸਨ। ਜਿਸ ਕਰਕੇ ਮੁਸਾਫਿਰਾਂ ਦਾ ਤੀਜਾ ਹਿੱਸਾ ਫਿਰ ਜੀਵਨ ਪ੍ਰਾਪਤ ਕਰ ਸਕਿਆ । ਬਾਕੀ ਦੇ ਜੀਵਨ ਖਵਾਜੇ ਦੀ ਭੇਟ ਕਰ ਦਿਤੇ ਗਏ । ਇਕ ਸ਼ੋਰ ਜੇਹਾ ਮਚਿਆ, ਘਬਰਾਹਟ ਜੇਹੀ ਫੈਲੀ, ਅੱਲਾ, ਰਾਮ, ਵਾਹਿਗੁਰੂ, ਕ੍ਰਿਸ਼ਨ, ਕਾਲੀ ਮਾਤਾ ਤੇ ਪਤਾ ਨਹੀਂ ਹੋਰ ਕਿਸ ਕਿਸ ਦੇ ਨਾਮ ਤੇ ਸੁਖਣਾਂ ਸੁਖੀਆਂ ਗਈਆਂ, ਪਰ ਸ਼ਾਇਦ ਕਿਸਮਤ ਮੁਸਾਫਿਰਾਂ ਦੇ ਹੱਕ ਵਿਚ ਨਹੀਂ ਸੀ । ਹੋਣੀ ਸਭਨਾ ਨੂੰ ਲੈ ਡੁਬੀ। ਕਿਸੇ ਨੂੰ ਕੋਈ ਨਹੀਂ ਸੀ ਪਤਾ ਕਿ ਕਿੰਨੇ ਮੁਸਾਫਿਰ ਮਰ ਚੁਕੇ ਹਨ ਤੇ ਕਿੰਨੇ ਬਚ ਗਏ ਹਨ । ਧੂਹ ਘਸੀਟ ਤਾਰੂ ਮਲਾਹਾਂ ਨੇ ਜਿੰਨਿਆਂ ਨੂੰ ਬਚਾਇਆ ਸਹੀ ਸਲਾਮਤ ਦੂਜੇ ਜਹਾਜ਼ ਵਿਚ ਪਹੁੰਚਾਏ ਗਏ। ਡੁਬਣ ਵੇਲੇ ਜਹਾਜ਼ ਨੇ ਵਾਇਰਲੈਸ ਰਾਹੀਂ ਕੰਮ ਲੈਣਾ ਚਾਹਿਆ ਪਰ ਕੋਈ ਮਦਦ ਨਾ ਪਹੁੰਚੀ ਅਤੇ ਜਦ ਤਾਈਂ ਦੂਜਾ ਜਹਾਜ਼ ਅੱਪੜਿਆ ਬਚੇ ਹੋਏ ਮੁਸਾਫਿਰ ਵੀ ਬੇਹੋਸ਼ ਹੋ ਚੁਕੇ ਸਨ।

ਸਾਰੀ ਰਾਤ ਦੀ ਅਣਥਕ ਮਿਹਨਤ ਤੋਂ ਬਾਅਦ ਜਦ ਬੇ-ਸੁਰਤ ਮੁਸਾਫਿਰਾਂ ਦੀਆਂ ਅੱਖਾਂ ਖੁਲ੍ਹੀਆ ਤਾਂ ਆਪਣੇ ਬਚੇ ਸਾਥੀਆਂ ਨੂੰ ਵੇਖਕੇ ਸਭਨਾਂ ਦੇ ਅੰਦਰ ਕਿਸੇ ਸ਼ੁਕਰ ਗੁਜ਼ਾਰੀ ਨੇ ਪ੍ਰਵੇਸ਼ ਕੀਤਾ ।

‘ਮੱਸਿਆ! ਹੁਣ ਕੀ ਹਾਲ ਏ?’

‘ਹਾਲ ਚੰਗਾ ਏ ਬੀਬੀ ਜੀ।'

‘ਤੇਰੇ ਨਾਲ ਦਾ ਬਾਬਾ ਕਿਥੇ ਵੈ?'

‘ਉਹ ਤਾਂ ਸ਼ਾਇਦ ਡੁਬ ਗਿਆ ਏ। ਤੁਹਾਡਾ ਬਾਪੂ ਕਿਥੇ?'

'ਉਹ ਵੀ ਹੋਣੀ ਦੇ ਜਾਲ ਵਿਚ ਪਹੁੰਚ ਚੁਕਾ ਏ। ਮੁਮਤਾਜ ਦੀਆ ਅੱਖਾਂ ਅੱਖਾਂ ਭਰ ਆਈਆਂ । ਉਹ ਬੜੀ ਮੁਸ਼ਕਲ ਨਾਲ ਆਪਣੇ ਦਿਲ ਨੂੰ ਥੰਮ੍ਹ ਰਹੀ ਸੀ ਪਰ ਜਦ ਮੱਸੇ ਪੁਛ ਕੀਤੀ ਤਾਂ ਉਸ ਦਾ ਰੋਕਿਆ ਹੋਇਆ ਸਬਰ ਕੜ੍ਹ ਪਾੜ ਕੇ ਵਹਿ ਤੁਰਿਆ। ਮੱਸੇ ਨੂੰ ਪਤਾ ਨਹੀਂ ਸੀ ਲਗਦਾ, ਉਹ ਕਿਵੇਂ ਚੁਪ ਕਰਾਵੇ । ਉਹ ਬੜਾ ਪਛਤਾਇਆ ‘ਮੈਂ ਪੁਛਿਆ ਹੀ ਕਿਉਂ ।' ਉਸਨੇ ਸੋਚਿਆ ਅਤੇ ਘਬਰਾਇਆ ਹੋਇਆ ਹਥ ਮਲਦਾ ਰਿਹਾ।

‘ਬੀਬੀ! ਰੋ ਨਾ। ਉਨ੍ਹਾਂ ਦਾ ਹਾਲ ਵੇਖ ਜਿਹੜੇ ਆਪਣੇ ਟੱਬਰ ਦੇ ਕਈ ਜੀਅ ਰੋੜ੍ਹ ਆਏ ਆ। ਰਬ ਖੈਰ ਕਰੇ, ਹੁਣ ਰਾਜੀ ਖੁਸ਼ੀ ਆਪਣੇ ਘਰ ਪਹੁੰਚੀਏ।' ਮੱਸਾ ਹੁਣ ਬੜਾ ਦਾਨਾ ਜਾਪ ਰਿਹਾ ਸੀ।

‘ਰਬ ਖੈਰ ਕਰੇ, ਈਸਰੀ ਨੂੰ ਸਾਡੇ ਜਹਾਜ ਡੁਬਣ ਦੀ ਖਬਰ ਨਾ ਮਿਲੇ।' ਉਹ ਵੀ ਡੁਸਕਿਆ । ਪਰ ਹੁਣ ਉਸ ਦੇ ਸਾਹਮਣੇ ਮੁਮਤਾਜ ਵਰਗੀ ਸੋਹਣੀ ਕੁੜੀ ਬੈਠੀ ਸੀ ਇਸ ਕਰਕੇ ਉਹ ਜ਼ਰਾ ਸੰਭਲ ਗਿਆ। ਮੁਮਤਾਜ਼ ਨੇ ਸੀਨੇ ਤੇ ਪੱਥਰ ਰੱਖਕੇ ਆਪਣੇ ਅੱਬਾ ਦਾ ਦਰਦ ਨੱਪ ਲਿਆ ਅਤੇ ਆਪਣੇ ਫੱਟੜ ਸਾਥੀਆਂ ਦੀ ਸੰਭਾਲ ਵਿਚ ਰੁਝ ਗਈ। ਪਹਿਲਾਂ ਤਾਂ ਉਸ ਝਿਜਕ ਮਹਿਸੂਸ ਕੀਤੀ ਇਸ ਨਵੇਂ ਜੀਵਨ ਦੇ ਨਾਲ ਹੀ ਉਸ ਨੂੰ ਨਵਾਂ ਸੁਭਾ ਵੀ ਮਿਲ ਗਿਆ ਸੀ। ਉਹ ਸਭਨਾਂ ਦੀ ਸੇਵਾ ਕਰ ਰਹੀ ਸੀ, ਉਸ ਦੇ ਦਿਲ ਵਿਚ ਕਿਸੇ ਢੂੰਡ ਦੀ ਲਗਨ ਜੇਹੀ ਲਗੀ ਹੋਈ ਸੀ ਤੇ ਜਦ ਉਸ ਨੇ ਆਪਣੇ ਪਹਿਲੇ ਜਹਾਜ਼ ਦੇ ਕਪਤਾਨ ਨੂੰ ਵੇਖਿਆ ਤਾਂ ਗੁਆਚੀ ਹੋਈ ਖੁਸ਼ੀ ਉਸ ਨੂੰ ਮਿਲ ਗਈ ਜਾਪੀ । ਉਸਨੇ ਦਲੇਰੀ ਤੋਂ ਕੰਮ ਲੈਂਦਿਆਂ ਉਸ ਦੀ ਸੇਵਾ ਕੀਤੀ। ਕਪਤਾਨ ਉਸ ਦੇ ਤੁਰੇ ਫਿਰਦੇ ਬੁਤ ਨੂੰ ਰੀਝਾਈਆਂ ਅੱਖਾਂ ਨਾਲ ਤਕਦਾ ਰਹਿੰਦਾ ਤੇ ਉਹ ਆਪਣੇ ਸ਼ਰੀਰ ਤੇ ਕਿਸੇ ਦੀ ਨਜ਼ਰ ਦਾ ਨਿੱਘ ਜੇਹਾ ਮਹਿਸੂਸ ਕਰਦੀ ਰਹਿੰਦੀ।

ਸਾਰਾ ਦਿਨ ਸੰਭਲ ਸੰਭਾਲ ਵਿਚ ਹੀ ਬੀਤ ਗਿਆ। ਦੂਜੀ ਸ਼ਾਮ ਨਵੇਂ ਸੰਦੇਸ਼ ਲੈ ਕੇ ਆ ਗਈ ਮੁਮਤਾਜ ਪਿਛਲੀ ਸ਼ਾਮ ਵਾਂਗ ਡੈੱਕ ਤੇ ਜਾ ਖਲੋਤੀ। ਕਪਤਾਨ ਦੇ ਦਿਲ ਵਿਚ ਵੀ ਰੀਝ ਜਾਗੀ। ਉਹ ਵੀ ਬਿਸਤਰੇ ਵਿਚੋਂ ਨਿਕਲ ਕੇ ਮੁਮਤਾਜ ਦੇ ਪਿਛੇ ਜਾ ਖਲੋਤਾ। ਸ਼ਾਮ ਵਾਲਾ ਸੂਰਜ ਪਲ ਪਲ ਡੁਬਦਾ ਜਾ ਰਿਹਾ ਸੀ । ਕਲ੍ਹ ਵਰਗਾ ਹੀ ਦ੍ਰਿਸ਼ ਸੀ । ਕਲ ਮੌਤ ਅਜੇ ਸਿਰਾਂ ਤੇ ਘੁੰਮ ਰਹੀ ਸੀ ਪਰ ਅਜ ਮੌਤ ਆਪਣੇ ਜੌਹਰ ਦਿਖਾ ਕੇ ਇਕ ਜ਼ਿੰਦਾ ਮਿਸਾਲ ਪੈਦਾ ਕਰ ਗਈ ਸੀ। ਮੁਮਤਾਜ ਦੇ ਦਿਲ ਤੇ ਅਬਾ ਦੀ ਮੌਤ ਦਾ ਗਮ ਸੀ ਪਰ ਕਪਤਾਨ ਦੇ ਪਿਆਰ ਦੀ ਖੁਸ਼ੀ ਸੀ। ਦੁਹਾਂ ਚੀਜ਼ਾਂ ਦਾ ਮੇਲ ਸੀ ਅਤੇ ਮੁਮਤਾਜ ਹੈਰਾਨ ਜੇਹੀ ਸੀ।

‘ਕੇਡੀ ਸੁਹਣੀ ਸ਼ਾਮ ਏ।' ਕਪਤਾਨ ਨੇ ਦੂਰ ਤਕਦਿਆਂ ਕਿਹਾ ।

ਹਾਂ......ਬੜੀ ਸੋਹਣੀ ਸ਼ਾਮ।' ਮੁਮਤਾਜ ਨੇ ਪਰੋੜਤਾ ਕੀਤੀ।

‘ਤੁਹਾਡੇ ਅਬਾ ਦੀ ਮੌਤ ਦਾ ਬੜਾ ਅਫਸੋਸ ਏ।'

‘ਜੀ? ਹਾਂ।' ਲੰਮਾ ਸਾਹ ਭਰਦਿਆਂ ਮੁਮਤਾਜ ਨੇ ਕਿਹਾ, ਕੁਝ ਚਿਰ ਦੋਵੇਂ ਚੁਪ ਰਹੇ। ਜਹਾਜ਼ ਦੀ ਰਫਤਾਰ ਨਾਲ ੨ ਹੀ ਲਹਿਰਾਂ ਜ਼ੋਰ ਫੜ ਰਹੀਆਂ ਸਨ ਦੋਵੇਂ ਲਹਿਰਾਂ ਵਿਚ ਗੁਆਚੇ ਜਾਪ ਰਹੇ ਸਨ।

ਸ਼ਾਮ ਬੀਤ ਗਈ, ਰਾਤ ਫੈਲ ਗਈ। ਅਕਾਸ਼ ਤੇ ਚੰਨ ਦੀ ਟਿੱਕੀ ਚਮਕ ਰਹੀ ਸੀ। ਚੰਨ ਦੀ ਚਾਨਣੀ ਦੁਹਾਂ ਦੇ ਚਿਹਰਿਆਂ ਤੇ ਪੈ ਕੇ ਇਕ ਹੁਸਨ ਪੈਦਾ ਕਰ ਰਹੀ ਸੀ। ਅਕਾਸ਼ ਬਿਲਕੁਲ ਸਾਫ ਹੋਣ ਕਰਕੇ ਚੰਨ ਦੀ ਰੌਸ਼ਨੀ ਬੜੀ ਤੇਜ਼ ਸੀ । ਮੱਸੇ ਨੇ ਵੇਖਦਿਆਂ ਹੀ ਦੁਹਾਂ ਨੂੰ ਪਹਿਚਾਣ ਲਿਆ। ਉਹ ਚੁਪ ਕਰਕੇ ਪਰਤ ਗਿਆ। ਉਸ ਦੀ ਜ਼ਬਾਨ ਚੁਪ ਸੀ ਪਰ ਉਸ ਦਾ ਮਨ ਬੜਾ ਕੁਝ ਕਹਿ ਰਿਹਾ ਸੀ, ਉਸ ਦਾ ਭੋਲਾ ਚਿਹਰਾ ਇਹ ਸੀਨ ਵੇਖਕੇ ਬੱਚਿਆਂ ਵਾਂਗ ਉਦਾਸ ਹੋ ਗਿਆ, ਮੁਮਤਾਜ ਉਸ ਦੀ ਹਰਕਤ ਜਾਣ ਗਈ ਪਰ ਕਪਤਾਨ ਬੇ-ਖਬਰ ਸੀ।

‘ਤੁਸੀਂ ਕੀ ਸੋਚ ਰਹੇ ਓ ?' ਕਪਤਾਨ ਨੇ ਗਲ ਛੇੜਨ ਦੇ ਲਹਿਜੇ ਵਿਚ ਕਿਹਾ।

'ਕੁਛ ਨਹੀਂ......ਇਹ ਮਸਾ ਬੜਾ ਭੋਲਾ ਏ......ਸਾਨੂੰ ਵੇਖ ਕੇ, ਮੁੜ ਗਿਆ ਏ......ਵਿਚਾਰਾ......' ਮੁਮਤਾਜ ਨੂੰ ਕੁਝ ਨਹੀਂ ਸੀ ਸੁਝ ਰਿਹਾ।

'ਹਾਂ......ਜੱਟ ਜੇਹਾ ਲਗਦਾ ਏ......ਇਹ ਕੀ ਜਾਣੇ......ਚੰਨ ਦੀ ਰੌਸ਼ਨੀ ਬੜੀ ਸੁਹਣੀ ਲਗਦੀ ਏ।' ਕਪਤਾਨ ਦੇ ਖਿਆਲ ਵੀ ਖਿਲਰੇ ਹੋਏ ਸਨ।

‘ਚਲੋ ਸਾਨੂੰ ਅੰਦਰ ਜਾਣਾ ਚਾਹੀਦਾ ਏ । ਤੁਹਾਡੀ ਸਿਹਤ......।' ਤੇ ਉਹ ਫੇਰ ਘਬਰਾਈ ਹੋਈ ਜਾਪਦੀ ਸੀ। ਕਪਤਾਨ ਵੀ ਉਸ ਦਾ ਕਹਿਆ ਨਾ ਮੋੜ ਸਕਿਆ ਅਤੇ ਦੋਵੇਂ ਆਪਣੇ ਕਮਰੇ ਅੰਦਰ ਚਲੇ ਗਏ । ਉਹ ਕੋਈ ਖਾਸ ਗਲ ਨਾ ਕਰ ਸਕੇ। ਮੁਮਤਾਜ ਕਾਫੀ ਉਦਾਸ ਸੀ।

ਦਿਨ ਚੜ੍ਹਦਾ ਅਤੇ ਬੀਤ ਜਾਂਦਾ, ਸ਼ਾਮ ਆਉਂਦੀ ਅਤੇ ਗੁਜ਼ਰ ਜਾਂਦੀ, ਰਾਤ ਫੈਲਦੀ, ਉਹੋਂ ਚੰਨ ਹੁੰਦਾ, ਰੌਸ਼ਨੀ ਹੁੰਦੀ, ਉਹ ਦੋਵੇਂ ਡੈੱਕ ਤੇ ਬੈਠਦੇ, ਕਈ ਕਈ ਗਲਾ ਕਰਦੇ । ਮੱਸਾ ਤੱਕਦਾ ਅਤੇ ਚੁਪ ਚਾਪ ਬੈਠਾ ਰਹਿੰਦਾ । ਉਹ ਦਿਨ ਵਿਚ ਕਈ ਵਾਰੀ ਮੁਮਤਾਜ ਨਾਲ ਗਲਾਂ ਕਰਦਾ ਪਰ ਆਪਣੇ ਦਿਲ ਦਾ ਭੇਤ ਨਾ ਦਸ ਸਕਦਾ। ਇਸੇ ਕਰਕੇ ਰਾਤ ਨੂੰ ਸੌਣ ਵੇਲੇ ਉਹ ਰੋ ਪੈਂਦਾ, ਪਰ ਮੁਮਤਾਜ ਨੂੰ ਪਤਾ ਨਾ ਲਗਦਾ।

ਮੁਮਤਾਜ ਦੇ ਦਿਲ ਵਿਚ ਅੱਬਾ ਜਾਨ ਦੀ ਮੌਤ ਦਾ ਦਰਦ ਥੋੜਾ ਥੋੜਾ ਵਹਿੰਦਾ ਰਹਿੰਦਾ ਸੀ ਪਰ ਕਪਤਾਨ ਦਾ ਮਿਲਾਪ ਉਸ ਨੂੰ ਉਸ ਦਾ ਦਰਦ ਭੁਲਾ ਦਿੰਦਾ ਤੇ ਇਵੇਂ ਹੀ ਹਫਤਾ ਬੀਤ ਗਿਆ।

ਮੁਮਤਾਜ ਦਾ ਸ਼ਹਿਰ ਆ ਗਿਆ। ਉਹ ਸਖਤ ਘਬਰਾ ਗਈ। ਉਹ ਕਪਤਾਨ ਨਾਲੋਂ ਨਿਖੜਨਾ, ਮੌਤ ਸਮਝਦੀ ਸੀ। ਉਹ ਸੋਚਦੀ, ‘ਆਖਰ ਉਮਰ ਭਰ ਲਈ ਵਿੱਛੜ ਜਾਣ ਦੀ ਤਾਕਤ ਕਿਥੋਂ ਲਿਆਵਾਂ ?' ਤੇ ਉਸ ਦਾ ਇਹ ਸੁਆਲ ਹੱਲ ਹੋ ਗਿਆ ਜਦ ਉਸ ਨੂੰ ਇਕ ਖਿਆਲ ਸੁਝਿਆ।

‘ਕੀ ਤੁਸੀਂ ਮੈਨੂੰ ਆਪਣੇ ਨਾਲ ਰਖ ਲਵੋਗੇ। ਮੈਂ ਆਪਣੇ ਸ਼ਹਿਰ ਨਹੀਂ ਉਤਰਾਂਗੀ। ਜਿਥੇ ਮੇਰੇ ਅਬਾ ਜਾਨ ਮੈਥੋਂ ਖੁਸ ਗਏ, ਉਥੇ ਦੂਜੇ ਜੀਅ ਵੀ ਮੈਂ ਵਿਛੜ ਚੁਕੇ ਸਮਝ ਲਾਂਗੀ। ਤੁਸੀਂ ਦਸੋ...।' ਮੁਮਤਾਜ ਨੇ ਤਰਲੇ ਨਾਲ ਕਿਹਾ।

‘ਮੁਮਤਾਜ! ਮੈਂ ਵੀ ਇਹੋ ਚਾਹੁੰਨਾ......।’

‘ਤਾਂ ਕੀ ਤੁਸੀਂ ਮੇਰਾ ਜੀਵਨ ਭਰ ਸਾਥ ਦੇਵੋਗੇ?'

‘ਹਾਂ ਤਾਜੀ......।’ ਕਪਤਾਨ ਦੇ ਚਿਹਰੇ ਤੇ ਮੁਸਕੁਰਾਹਟ ਸੀ।

'ਓ ਚੰਗੇ ਮਾਲਿਕ......।' ਮੁਮਤਾਜ ਖੁਸ਼ੀ ਵਿਚ ਆਪਾ ਭੁਲ ਗਈ। ਉਸ ਦੀਆਂ ਅਖਾਂ ਬੰਦ ਹੋ ਗਈਆਂ ਤੇ ਇਹ ਪਤਾ ਨਹੀਂ ਹਥ ਜੋੜ ਕੇ ਕੀ ਅਰਦਾਸਾਂ ਕਰ ਰਹੀ ਸੀ।

ਜਹਾਜ਼ ਬੰਦਰਗਾਹ ਵਿਚ ਇਕ ਦੋ ਦਿਨ ਠਹਿਰਿਆ। ਇਹ ਪੀਨਾਂਗ ਦੀ ਬੰਦਰਗਾਹ ਸੀ। ਕੋਈ ਜ਼ਿਆਦਾ ਸਫਾਈ ਅਤੇ ਨਾਹੀ ਕੋਈ ਸਜਾਵਟ ਸੀ। ਫਿਰ ਵੀ ਕਪਤਾਨ ਸ਼ਾਮ ਪਈ ਤੇ ਬੰਦਰਗਾਹ ਵਿਚ ਟਹਿਲਣਾ ਚਾਹੁੰਦਾ ਸੀ ਤੇ ਇਸ ਸ਼ਹਿਰ ਦੀਆਂ ਮਸ਼ਹੂਰ ਥਾਵਾਂ ਵੇਖਣ ਦਾ ਵੀ ਬੜਾ ਚਾਹਵਾਨ ਸੀ। ਇਸੇ ਕਰਕੇ ਅਜ ਸਵੇਰ ਤੋਂ ਹੀ ਉਹ ਚਾਈਨੀਸ ਬੁਡੀਸਟ ਟੈਂਪਲ ਵੇਖਣ ਲਈ ਚਲਿਆ ਗਿਆ। ਇਸ ਟੈਂਪਲ ਵਿਚ ਕੀਤੀ ਗਈ ਬੇ ਮਿਸਾਲ ਚਿਤ੍ਰਕਾਰੀ ਨੇ ਉਸ ਨੂੰ ਚਕ੍ਰਿਤ ਕਰ ਦਿਤਾ। ਬੁਤਾਂ ਦੀ ਘਾੜਤ ਮੂੰਹ ਬੋਲਦੀ ਤਸਵੀਰ ਸੀ। ਫਿਰ ਇਹ ਟੈਂਪਲ ਏਡਾ ਵਡਾ ਕਿ ਮਾਮੂਲੀ ਇਨਸਾਨ ਇਸ ਦਾ ਤੀਜਾ ਹਿੱਸਾ ਵੇਖ ਕੇ ਹੀ ਸਾਹੋ ਸਾਹ ਹੋ ਜਾਏ । ਇਹ ਟੈਂਪਲ ਵੇਖਣ ਲਈ ਪੌੜੀਆਂ ਚੜ੍ਹਨੀਆਂ ਪੈਂਦੀਆਂ ਹਨ, ਕਿਉਂਕਿ ਇਸ ਚਿਤ੍ਰਕਾਰੀ ਨੂੰ ਕਿਸੇ ਚੀਨੀ ਧਨਾਢ ਨੇ ਪਹਾੜੀ ਉਤੇ ਸ਼ਸ਼ੋਭਤ ਕਰਵਾਇਆ ਹੋਇਆ ਹੈ। ਇਸ ਦੇ ਉਤੇ ਚੜ੍ਹ ਜਾਈਏ ਤਾਂ ਸ਼ਹਿਰ ਵਿਚ ਤੁਰਦੇ ਫਿਰਦੇ ਬੰਦੇ ਕੀੜੀਆਂ ਦੀ ਤਰ੍ਹਾਂ ਜਾਪਣ ਲਗ ਪੈਂਦੇ ਹਨ।

ਕਪਤਾਨ ਦਾ ਖਿਆਲ ਤਾਂ ਸੀ ਕਿ ਬੁਡੀਸਟ ਟੈਂਪਲ ਵੇਖਣ ਤੋਂ ਬਾਅਦ ਹੋਰ ਥਾਵਾਂ ਵੀ ਵੇਖੇਗਾ ਪਰ ਥਕਾਵਟ ਨਾਲ ਚੂਰ ਹੋਣ ਕਰਕੇ ਉਸ ਨੇ ਇਕ ਹੋਰ ਜਗ੍ਹਾ ਵੇਖਕੇ ਪਰਤਣਾ ਚਾਹਿਆ। ਸਨੇਕ ਟੈਂਪਲ [ਸੱਪਾਂ ਵਾਲਾ ਅਸਥਾਨ] ਵੇਖਣ ਲਈ ਵੀ ਉਸ ਨੇ ਇਰਾਦਾ ਬਣਾਇਆ ਤੇ ਜਦ ਉਥੇ ਪਹੁੰਚਕੇ ਉਸ ਨੇ ਜੀਊਂਦੇ ਸੱਪ ਤੁਰੇ ਫਿਰਦੇ ਤੱਕੇ ਤਾਂ ਹੋਰ ਵੀ ਹੈਰਾਨ ਹੋਇਆ । ਪਹਿਲਾਂ ਤਾਂ ਉਹ ਡਰਿਆ ਪਰ ਜਦ ਉਸ ਵੇਖਿਆ ਕਿ ਹੋਰ ਯਾਤਰੂ ਵੀ ਕੋਲ ਜਾਕੇ ਵੇਖ ਰਹੇ ਹਨ ਤਾਂ ਉਹ ਵੀ ਅਗਾਂਹ ਵਧਿਆ । ਕੇਡੀ ਅਜੀਬ ਗਲ ਕਿ ਉਹ ਵੀ ਕਿਸੇ ਵਲ ਅਖ ਚੁਕ ਕੇ ਵੀ ਨਹੀਂ ਸਨ ਤੱਕਦੇ। ਆਪਣੀ ਧਨ ਵਿਚ ਮਸਤ ਸਨ, ਕਪਤਾਨ ਨੇ ਵਕਤ ਵੇਖਿਆ।

‘ਵਾਪਸ ਪਰਤਣਾ ਚਾਹੀਦਾ ਏ।' ਉਸ ਆਪਣੇ ਇਕ ਸਾਥੀ ਨੂੰ ਕਿਹਾ ਅਤੇ ਦੋਵੇਂ ਤੁਰ ਪਏ।

‘ਤਾਂ ਕੀ ਤੁਸੀਂ ਪੀਨੈਂਗ ਹਿੱਲ [ਪੀਨੈਂਗ ਦੀ ਇਕ ਖਾਸ ਪਹਾੜੀ] ਨਹੀਂ ਵੇਖੋਗੇ?' ਉਸ ਦੇ ਸਾਥੀ ਨੇ ਪੁਛਿਆ।

‘ਚਲੋ ਵੇਖਦੇ ਜਾਈਏ।’ ਉਸ ਨੇ ਜੁਆਬ ਵਿਚ ਕਿਹਾ ਅਤੇ ਦੋਵੇਂ ਮੋਟਰ ਲੈਕੇ ਪੀਨੈਂਗ ਹਿੱਲ ਵਲ ਰਵਾਨਾ ਹੋ ਗਏ।

‘ਅਸੀਂ ਹਿੱਲ ਦੇ ਉਤੇ ਨਹੀਂ ਜਾਵਾਂਗੇ। ਬਸ ਇਹ ਡਾਕ ਤੁਰਦੀ ਵੇਖਕੇ ਹੀ ਪਰਤ ਜਾਣਾ ਏ।' ਕਪਤਾਨ ਨੇ ਘੜੀ ਵਲ ਤਕਦਿਆਂ ਕਿਹਾ ਅਤੇ ਉਥੋਂ ਦੇ ਇਕ ਜਾਣੂੰ ਤੋਂ ਪਹਾੜੀ ਦੇ ਉਤਲੇ ਹਿਸੇ ਬਾਬਤ ਪੁਛਿਆ। ਉਹ ਕਾਫੀ ਸੰਤੁਸ਼ਟ ਸੀ।

‘ਉਤੇ ਕੁਝ ਨਹੀਂ। ਬਸ ਪਹਾੜੀ ਏ। ਲੋਕ ਉਵੇਂ ਹੀ ਵਸਦੇ ਨੇ ਜਿਵੇਂ ਇਹ ਲੋਕ ਰਹਿੰਦੇ ਨੇ। ਹਾਂ ਵਿਸ਼ੇਸ਼ਤਾ ਇਹ ਹੈ ਕਿ ਇਹ ਰੋਲ ਕਿਸੇ ਅੜੇ ਇੰਜਨ ਦੀ ਮਦਦ ਨਾਲ ਨਹੀਂ ਚਲਦੀ ਸਗੋਂ ਲੀਹਾਂ ਵਿਚ ਕੰਮ ਕਰਦੀ ਬਿਜਲੀ ਦੀ ਮਦਦ ਨਾਲ ਚਲਦੀ ਏ। ਇਹੋ ਕੁਝ ਵੇਖਣ ਲਈ ਲੋਕ ਇਸ ਰੇਲ ਦਾ ਸਫਰ ਕਰਦੇ ਨੇ।' ਇਕ ਪੀਨੈਂਗ ਵਾਸੀ ਨੇ ਥੋੜੇ ਲਫਜ਼ਾਂ ਵਿਚ ਹੀ ਕਪਤਾਨ ਨੂੰ ਪਹਾੜੀ ਦਾ ਹਾਲ ਸੁਣਾ ਦਿਤਾ ਅਤੇ ਉਹ ਦੋਵੇਂ ਸ਼ੁਕਰੀਆ ਕਹਿ ਕੇ ਉਥੋਂ ਪਰਤ ਆਏ। ਮੁਮਤਾਜ ਹੈਰਾਨ ਸੀ। ਅਜ ਸਵੇਰ ਤੋਂ ਹੀ ਉਸ ਨੇ ਕਪਤਾਨ ਨੂੰ ਕਿਧਰੇ ਨਹੀਂ ਸੀ ਤਕਿਆ । ਹੁਣ ਜਦ ਉਹ ਵਾਪਸ ਆਏ ਤਾਂ ਉਹ ਖੁਸ਼ੀ ਵਿਚ ਮਸਤ ਹੋ ਗਈ। ਸ਼ਾਮ ਨੂੰ ਉਨ੍ਹਾਂ ਦਾ ਜਹਾਜ਼ ਅਗੇ ਚਲ ਪਿਆ। ਰਾਤ ਰਾਤ ਹੀ ਉਹ ਸਿੰਘਾਪੁਰ ਦੀ ਬੰਦਰਗਾਹ ਵਿਚ ਜਾ ਪਹੁੰਚੇ। ਸਵੇਰ ਹੋਣ ਤੇ ਮੁਮਤਾਜ ਦਾ ਵੀ ਦਿਲ ਕੀਤਾ ਬਾਹਰ ਦੀ ਸੈਰ ਕਰਨ ਲਈ । ਉਹ ਇਕ ਸਹੇਲੀ ਨਾਲ ਸੈਰ ਲਈ ਚਲੀ ਗਈ। ਕਪਤਾਨ ਨੇ ਵੀ ਚਾਹ ਪੀਤੀ ਅਤੇ ਮੁਮਤਾਜ ਦੇ ਮਗਰੇ ਸ਼ਹਿਰ ਦੀ ਸੈਰ ਲਈ ਨਿਕਲ ਗਿਆ। ਸ਼ਾਮ ਨੂੰ ਉਹ ਵਾਪਸ ਆਏ ਤਾਂ ਥਕਾਵਟ ਨਾਲ ਉਹ ਬੜੇ ਬੇ-ਅਰਾਮ ਸਨ।

‘ਮਸਿਆ! ਤੂੰ ਅਜੇ ਏਥੇ ਈ ਏਂ ?' ਮੁਮਤਾਜ ਨੇ ਮੱਸੇ ਨੂੰ ਵੇਖਕੇ ਹੈਰਾਨੀ ਜੇਹੀ ਪ੍ਰਗਟ ਕੀਤੀ।

'ਹਾਂ......ਮੈਂ ਵੀ ਪ੍ਰਦੇਸਾਂ ਵਿਚ ਕੀ ਧੱਕੇ ਖਾਵਾਂ । ਚੁਪ ਕਰਕੇ ਜਹਾਜ ਵਿਚੇ ਨੌਕਰੀ ਲੈ ਲਈ ਏ,' ਮੱਸੇ ਨੇ ਉਤਰ ਵਿਚ ਕਿਹਾ

‘ਨੌਕਰੀ?......ਮਿਲ ਗਈ।'

‘ਹਾਂ......ਰਸੋਈਏ ਦੀ ਨੌਕਰੀ।' ਮਸਾ ਮੁਮਤਾਜ ਨੂੰ ਦਸਣਾ ਚਾਹੁੰਦਾ ਸੀ ਕਿ ਉਹ ਮੁਮਤਾਜ ਦੇ ਪਿਆਰ ਖਾਤਰ ਹੀ ਇਥੇ ਰਹਿ ਪਿਆ ਏ ਨਹੀਂ ਤਾਂ ਉਹ ਜਰੂਰ ਜਹਾਜ਼ ਵਿਚੋਂ ਲਹਿ ਜਾਂਦਾ। ਪਰ ਉਹ ਹੋਰ ਕੁਝ ਨਾ ਕਹਿ ਸਕਿਆ।

ਮੁਮਤਾਜ ਦਾ ਜਹਾਜ਼ ਪਰਤ ਚੁਕਾ ਸੀ । ਕਈ ਦਿਨ ਤੇ ਕਈ ਰਾਤਾਂ ਤੇ ਕਈ ਮਹੀਨਿਆਂ ਤੋਂ ਮੁਮਤਾਜ ਕਪਤਾਨ ਦੇ ਨਾਲ ਰਹਿ ਰਿਹਾ ਸੀ । ਉਹ ਜਿਥੇ ਜਾਂਦੇ ਮੱਸਾ ਜ਼ਰੂਰ ਨਾਲ ਹੁੰਦਾ। ਮੱਸਾ ਮੁਮਤਾਜ ਲਈ ਇਕ ਆਸਰਾ ਜੇਹਾ ਸੀ ਜਿਸ ਕਰਕੇ ਉਹ ਜਾਣ ਬੁਝ ਕੇ ਉਹ ਨੂੰ ਆਪਣੇ ਨਾਲ ਰਖਦੀ। ਮੱਸੇ ਦਾ ਭੋਲਾ ਪਣ ਬਦਲਦਾ ਜਾ ਰਿਹਾ ਸੀ ਤੇ ਉਹ ਸਮਝਣ ਲਗ ਪਿਆ ਸੀ ਕਿ ਮੁਮਤਾਜ ਉਸਦੀ ਨਹੀਂ ਸਗੋਂ ਕਪਤਾਨ ਦੀ ਸਾਥਣ ਬਣ ਚੁਕੀ ਏ।

ਖੁਸ਼ੀ ਅਤੇ ਗਮੀ ਜ਼ਿੰਦਗੀ ਦੇ ਦੋ ਰਸ ਹਨ। ਜਿੰਨ੍ਹਾਂ ਦੀ ਅਣਹੋਂਦ ਜੀਵਨ ਵਿਚ ਬੇ ਰਸੀ ਪੈਦਾ ਕਰ ਦਿੰਦੀ ਹੈ। ਮੁਮਤਾਜ ਨੇ ਖੁਸ਼ੀ ਵਾਲੇ ਦਿਨਾਂ ਨੂੰ ਰਜ ਰਜ ਮਾਣਿਆ ਸੀ, ਉਸ ਦੇ ਭੋਲੇ ਦਿਮਾਗ ਵਿਚ ਕਦੀ ਇਹ ਖਿਆਲ ਨਹੀਂ ਸੀ ਆਇਆ ਕਿ ਹੁਣ ਉਹ ਕਦੀ ਰੋਵੇਗੀ ਵੀ, ਅਤੇ ਇਕ ਐਸਾ ਦਿਨ ਵੀ ਆਇਆ, ਜਦ ਮੁਮਤਾਜ ਦੇ ਹੋਸ਼ ਹਵਾਸ਼ ਜੁਆਬ ਦੇ ਰਹੇ ਸਨ, ਉਸ ਦੇ ਸਿਰ ਤੇ ਜਿਵੇਂ ਕਿਸੇ ਨੇ ਬਰਫ ਦਾ ਪਹਾੜ ਸੁਟ ਦਿਤਾ ਹੋਵੇ, ਪੈਰਾਂ ਹੇਠੋਂ ਜ਼ਮੀਨ ਖਿਸਕਾ ਲਈ ਹੋਵੇ ਤੇ ਉਹ ਘਬਰਾਈ ਹੋਈ ਤੁਰੀ ਫਿਰਦੀ ਰਹੀ । ਉਸ ਨੂੰ ਵਾਰ ਵਾਰ ਕਪਤਾਨ ਦੇ ਬੋਲ ਯਾਦ ਆ ਰਹੇ ਸਨ।

‘ਵੇਖ ਮੁਮਤਾਜ! ਇਸ ਤਰਦੇ ਫਿਰਦੇ ਘਰ ਵਿਚ ਰਹਿ ਕੇ ਮੈਂ ਤੇਰੇ ਨਾਲ ਵਿਆਹ ਕਿੰਜ ਕਰਵਾ ਸਕਨਾ । ਮੇਰੇ ਵਿਚ ਏਨੀ ਤਾਕਤ ਨਹੀਂ ਕਿ ਵਿਆਹ ਕਰਵਾ ਕੇ ਮੈਂ ਆਪਣੀ ਤੇ ਤੇਰੀ ਜ਼ਿੰਦਗੀ ਬਰਬਾਦ ਕਰ ਦੇਵਾਂ। ਮੁਆਫ ਕਰ ਮੈਂ ਅਸਮਰੱਥ ਹਾਂ ......।'

‘ਪਰ ਤੁਸੀਂ ਤਾਂ ਇਕਰਾਰ ਕੀਤਾ ਸੀ......।’

‘ਇਹ ਤੈਨੂੰ ਭੁਲੇਖਾ ਏ......।'

'ਮੈਂ ਇਹ ਕੀ ਸੁਣ ਰਹੀ ਹਾਂ......ਮੈਂ ਕਿਸਦੀ ਪਨਾਹ ਲਵਾਂ ?......ਕਿਥੇ ਜਾਵਾਂ ? ਇੰਜ ਨਾ ਕਰੋ ਕਪਤਾਨ......ਸ਼ਾਦੀ ਕਰ ਲਵੋ......ਉਫ ਮੇਰੀ ਇਜ਼ਤ......ਮੈਂ ਇਹ ਕੀ ਕੀਤਾ......।' ਤੇ ਉਹ ਬੇ ਹੋਸ਼ ਹੋ ਗਈ। ਕਪਤਾਨ ਨੇ ਉਸ ਨੂੰ ਇਕ ਬੰਦਰਗਾਹ ਤੇ ਉਤਾਰ ਦਿਤਾ। ਮਸਾ ਵੀ ਨਾਲ ਹੀ ਲਹਿ ਗਿਆ ਅਤੇ ਉਹ ਦੋਵੇਂ ਏਡੀ ਵਡੀ ਦੁਨੀਆਂ ਵਿਚ ਆਸਰਾ ਢੂੰਡ ਰਹੇ ਸਨ, ਕਿਸੇ ਦੇ ਰਹਿਮ ਲਈ ਮੁਮਤਾਜ ਨੇ ਹੱਥ ਅਡੇ। ਉਸ ਨੂੰ ਖੈਰ ਮਿਲ ਗਈ ਅਤੇ ਉਹ ਦਰ ੨ ਦੀਆਂ ਠੋਹਕਰਾਂ ਖਾ ਕੇ ਇਕ ਮਕਾਨ ਵਿਚ ਰਹਿਣ ਲਗ ਪਈ। ‘ਮੈਂ ਇਕ ਦਿਨ ਦੀ ਖੁਸ਼ੀ ਮਾਨਣ ਲਈ ਜ਼ਿੰਦਗੀ ਭਰ ਦੀ ਖੁਸ਼ੀ ਲੁਟਾ ਦਿਤੀ। ਮਸਿਆ ਇਹ ਕੀ ਬਣ ਗਿਆ ।' ਇਕ ਸ਼ਾਮ ਉਸ ਨੇ ਮਕਾਨ ਦੇ ਬਾਹਰ ਬੈਠਿਆਂ ਮੱਸੇ ਨੂੰ ਕਿਹਾ ਅਤੇ ਮਸਾ ਉਦਾਸ ਨਜ਼ਰਾਂ ਨਾਲ ਉਸ ਵਲ ਤਕ ਰਿਹਾ ਸੀ।

ਬੜਾ ਮਾੜਾ ਨਿਕਲਿਆ, ਕਪਟਣ ਭੈੜਾ, ਸੁਹਣਾ ਬੜਾ ਸੀ ਪਰ ਤਾਜੀ! ਇਹੋ ਜੇਹੇ ਬੰਦੇ ਨਿਰੇ ਖਾਲੀ ਹੀ ਹੁੰਦੇ ਨੇ। ਤੂੰ ਤਾਂ ਆਪਣੀ ਜੂਨ ਖਰਾਬ ਕਰ ਲਈ ਏ। ਰੱਬ ਖੈਰ ਕਰੇ......ਅਜੇ ਕੀ ਵਿਗੜਿਆ ਏ, ਜੇ ਈਸਰੀ ਨੂੰ ਪਤਾ ਲਗ ਗਿਆ ਤਾਂ ਮੇਰੀ ਖੈਰ ਨਹੀਂ ਤਾਜੀ।' ਉਹ ਘਬਰਾਇਆ। ਮੁਮਤਾਜ ਦੀਆਂ ਅੱਖਾਂ ਵਿਚ ਹੰਝੂ ਸਨ ਪਰ ਮੱਸੇ ਦੀ ਭੋਲੀ ਜੇਹੀ ਗਲ ‘ਰੱਬ ਖੈਰ ਕਰੇ’ ਨੇ ਉਸ ਨੂੰ ਬਦੋ ਬਦੀ ਹਸਾ ਦਿਤਾ।

‘ਮੱਸਿਆ ਰੱਬ ਖੈਰ ਹੀ ਕਰੇਗਾ, ਪਰ ਤੂੰ ਕਹਿੰਨਾ ਏ, ਅਜੇ ਕੁਝ ਨਹੀਂ ਵਿਗੜਿਆ, ਮੈਂ ਤਾਂ ਜ਼ਿੰਦਗੀ ਬਰਬਾਦ ਕਰ ਲਈ ਏ। ਮਸਿਆ ਤੂੰ ਨਹੀਂ ਜਾਣਦਾ......ਮੈਂ......ਕੀ......ਕਰ ਬੈਠੀ ਆਂ।' ਮੁਮਤਾਜ ਦੇ ਚਿਹਹੇ ਤੇ ਫਿਰ ਮੁਰਦਿਆਨੀ ਛਾ ਗਈ। ਮੱਸਾ ਚੁਪ ਰਿਹਾ।

ਦੁਹਾਂ ਦੇ ਦਿਲ ਕਿਸੇ ਸ਼ਾਂਤ ਦਰਿਆ ਵਾਂਗ ਵਹਿੰਦੇ ਗਏ। ਦਿਨ, ਮਹੀਨੇ, ਸਾਲ ਗੁਜ਼ਰ ਗਏ। ਮੁਮਤਾਜ ਤੇ ਮੱਸਾ ਇੰਜ ਰਹਿ ਰਹ ਸਨ ਜਿਵੇਂ ਦੋ ਪੰਛੀ ਜ਼ਿੰਦਗੀ ਦੇ ਰਹਿੰਦੇ ਦਿਨ ਬੀਤਾਉਣ ਲਈ ਇਕੇ ਆਲ੍ਹਣੇ ਵਿਚ ਆਸਰਾ ਲੈਂਦੇ ਹਨ। ਦਿਨ੍ਹੇ ਦੋਵੇਂ ਆਪਣੇ ਆਪਣੇ ਕੰਮ ਕਰਦੇ ਤੇ ਸ਼ਾਮਾਂ ਪਈਆਂ ਤੇ ਘਰ ਪਰਤ ਆਉਂਦੇ। ਮੁਮਤਾਜ ਦਾ ਬੱਚਾ ਸਦਾ ਉਸਦੇ ਨਾਲ ਰਹਿੰਦਾ ਸੀ, ਪਰ ਉਸ ਦੇ ਸਕੂਲ ਦਾ ਵਕਤ ਹੁੰਦਾ ਤਾਂ ਉਹ ਸਕੂਲ ਦੀਆਂ ਬਰੂਹਾਂ ਤਾਈਂ ਉਸ ਨੂੰ ਛੱਡ ਕੇ ਆਉਂਦੀ। ਇਹ ਉਸ ਦਾ ਨਿੱਤ ਨੇਮ ਬਣ ਗਿਆ ਕਈ ਸਾਲ ਉਹ ਆਪਣੇ ਬਚੇ ਨੂੰ ਸਕੂਲ ਪਹੁੰਚਾਉਂਦੀ ਰਹੀ ਪਰ ਹੁਣ ਉਸ ਦਾ ਮੁੰਨਾ ਵਡਾ ਹੋ ਚੁਕਾ ਸੀ। ਉਹ ਇਕੱਲਾ ਸਕੂਲ ਜਾਂਦਾ ਅਤੇ ਇਕੱਲਾ ਵਾਪਸ ਆ ਜਾਂਦਾ।

ਮੁਮਤਾਜ ਦੇ ਦਿਲੋਂ ਕਪਤਾਨ ਦੀ ਯਾਦ ਵਾਲਾ ਨਾਸੂਰ ਉਸਦੇ ਬਚੇ ਦੀ ਵਧ ਰਹੀ ਜਵਾਨੀ ਨੇ ਧੋ ਦਿਤਾ । ਉਹ ਸਦਾ ਆਪਣੇ ਬਚੇ ਦੀ ਵਡੀ ਉਮਰ ਲਈ ਅਰਦਾਸਾਂ ਕਰਦੀ ਰਹਿੰਦੀ। ਉਸ ਦਾ ਬੋਲ ਕਿਸੇ ਖੁਸ਼ੀ ਵਿਚੋਂ ਭਿੱਜ ਭਿੱਜ ਨਿਕਲਦਾ ਜਾਪਦਾ ਤੇ ਜਦ ਉਹ ਡੂੰਘੀ ਨੀਂਝ ਲਾ ਕੇ ਆਪਣੇ ਬਚੇ ਦੇ ਚਿਹਰੇ ਵਲ ਤਕਦੀ ਤਾਂ ਉਸ ਦੇ ਅੰਦਰ ਇਕ ਕੰਬਣੀ ਜੇਹੀ ਆਉਂਦੀ। ਉਸ ਦੇ ਬੱਚੇ ਦਾ ਹਰ ਅੰਗ ਕਪਤਾਨ ਵਰਗਾ ਸੀ। ਉਸਦੀ ਚਾਲ ਢਾਲ ਵਿਚ ਰਤਾ ਜਿੰਨਾ ਵੀ ਫਰਕ ਨਹੀਂ ਸੀ । ਤੇ ਕਦੀ ਕਦੀ ਜਦ ਮੁਮਤਾਜ ਉਸ ਨੂੰ ਕਪਤਾਨ ਕਹਿ ਕੇ ਬੁਲਾਂਦੀ ਤਾਂ ਉਹ ਹੈਰਾਨ ਜੇਹਾ ਹੋ ਕੇ ਪੁਛਦਾ, ‘ਅੰਮੀ! ਮੈਂ ਕੀ ਕਪਤਾਨ ਵਰਗਾ ਲਗਦਾ ਹਾਂ?'

‘ਹਾਂ ਚੰਨ! ਤੂੰ ਨਿਰਾ ਪੁਰਾ ਜਹਾਜ਼ ਦਾ ਕਪਤਾਨ ਲਗਨਾ ਏ।'

‘ਤਾਂ ਮੈਂ ਜਹਾਜ਼ਾਂ ਦਾ ਕਪਤਾਨ ਹੀ ਬਣਾਂਗਾ ।' ਮੁਮਤਾਜ ਦੇ ਲੜਕੇ ਦੇ ਮਨ ਅੰਦਰ ਇਹ ਲਗਨ ਲਗ ਗਈ । ਉਸ ਦੇ ਸੁਪਨੇ, ਉਸ ਦੇ ਖਿਆਲ, ਉਸ ਦੇ ਕੰਮ, ਉਸ ਦੇ ਬੋਲ ਕਿਸੇ ਨਵੇਂ ਹੀ ਸੱਚੇ ਵਿਚ ਢਲ ਗਏ, ਤੇ ਉਹ ਸਚ ਮੁਚ ਕਪਤਾਨ ਬਣ ਗਿਆ।

ਕਈ ਵਰ੍ਹਿਆਂ ਦੀ ਸੁਤੀ ਹੋਈ ਯਾਦ ਅੱਜ ਫੇਰ ਮੁਮਤਾਜ ਦੇ ਸੀਨੇ ਅੰਦਰ ਉਸਲ ਵੱਟੇ ਭੰਨਣ ਲਗ ਪਈ, ਜਦ ਉਸ ਨੇ ਆਪਣੇ ਬਚੇ ਨੂੰ ਕਹਿੰਦਿਆਂ ਸੁਣਿਆ:-‘ਅੰਮੀ! ਅਜ ਅੱਬਾ ਜਾਨ ਹੁੰਦੇ, ਉਹ ਮੈਨੂੰ ਕਪਤਾਨ ਬਣਿਆ ਵੇਖ ਫੁਲੇ ਨਾ ਸਮਾਉਂਦੇ।' ਮੁਮਤਾਜ ਨੇ ਆਪਣੇ ਬੱਚੇ ਦੇ ਪੁਛਣ ਤੇ ਇਕ ਦਿਨ ਉਸ ਨੂੰ ਦਸਿਆ ਸੀ ਕਿ ਮੱਸਾ ਉਸ ਦਾ ਅੱਬਾ ਜਾਣ ਸੀ ਪਰ ਅਚਾਨਕ ਉਸ ਦੀ ਮੌਤ ਹੋ ਜਾਣ ਕਰਕੇ ਉਸ ਇਸ ਦੁਨੀਆਂ ਨੂੰ ਛੱਡ, ਸਦਾ ਲਈ ਕਿਸੇ ਹੋਰ ਦੁਨੀਆਂ ਵਿਚ ਜਾ ਵਸਿਆ। ‘ਅੱਬਾ ਜਾਨ ਵੀ ਕਪਤਾਨ ਸੀ ਅੰਮੀ ?'

‘ਹੈਂ......? ਹਾਂ......।’ ਮੁਮਤਾਜ ਦਾ ਜਿਵੇਂ ਕਿਸੇ ਗਲਾ ਘੁਟ ਦਿਤਾ।

‘ਤਾਂ ਤੇ ਅਸੀਂ ਪਿਓ ਪੁਤ੍ਰ ਪਾਣੀ ਦੇ ਤਾਰੂ ਹੋਏ।

‘ਬੇਟਾ ਯੂਸਫ! ਤੇਰਾ ਅਬਾ ਜਾਨ ਕਹਿ ਗਿਆ ਸੀ, ਜਦ ਯੂਸਫ ਕਪਤਾਨ ਬਣ ਜਾਵੇ ਤਾਂ ਇਸ ਦੀ ਸ਼ਾਦੀ ਕਰ ਦਿਓ! ਹੁਣ ਤੇਰੀ ਕੀ ਸਲਾਹ ਏ। ਮੇਰਾ ਇਕੱਲੀ ਦਾ ਤਾਂ ਹੁਣ ਜੀਅ ਵੀ ਨਹੀਂ ਲਗਦਾ। ਘਰ ਨੂੰਹ ਰਾਣੀ ਆ ਜਾਏਗੀ । ਮੈਂ ਵੀ ਦੋ ਦਿਹਾੜੇ ਸੁਖ ਦੇ ਕੱਟ ਲਾਂਗੀ। ਇਹ ਕੋਠੀ, ਇਹ ਸ਼ਾਨ ਤੇ ਇਹ ਬਾਗ ਬਗੀਚੇ ਸੁੰਨੇ ਨੇ ਬੱਚਾ ਜਦ ਤਕ ਬਹੂ ਘਰ ਨਹੀਂ ਆ ਜਾਂਦੀ......ਮੈਂ ਕਦੋਂ ਦੀ ਪੁਛਣ ਪੁਛਣ ਕਰਦੀ ਸਾਂ, ਅਜ ਗਲ ਤੁਰ ਪਈ ਏ......ਨਾਂਹ ਨਾ ਕਰੀਂ......ਇਕ ਚੰਗੇ ਘਰ ਦਾ ਰਿਸ਼ਤਾ ਏ......।'

‘ਅੰਮੀ! ਚੰਗੇ ਘਰ ਦੇ ਰਿਸ਼ਤਿਆਂ ਨੂੰ ਕੀ ਕਰਨਾ ਏਂ ਜੇ ਦਿਲ ਨਾ ਮਿਲੇ।' ਯੂਸਫ ਨੇ ਲੰਮਾ ਸਾਹ ਭਰਦਿਆ ਕਿਹਾ ਅਤੇ ਮਾਂ ਦੀਆਂ ਅੱਖਾਂ ਵਿਚ ਨਜ਼ਰ ਗੱਡ ਕੇ ਉਸ ਤਕਿਆ ਫਿਰ ਨੀਵੀਂ ਪਾਕੇ ਬੋਲਿਆ, 'ਅੰਮੀ ਤੇਰੀ ਨੂੰਹ ਕਦ ਦੀ ਬਣ ਚੁਕੀ ਏ । ਉਹ ਵੀ ਮੇਰੇ ਵਾਂਗ ਉਸ ਤੁਰਦੇ ਫਿਰਦੇ ਘਰ ਰਿਚ ਜ਼ਿੰਦਗੀ ਬਤੀਤ ਕਰਦੀ ਏ ।' ਮੁਮਤਾਜ ਹੈਰਾਨ ਜੇਹੀ ਹੋਈ ਬੈਠੀ ਰਹੀ, ਫਿਰ ਬੋਲੀ

‘ਕੀ ਉਹ ਖਾਨਦਾਨੀ ਲੜਕੀ ਏ?'

‘ਹਾਂ ਅੰਮੀ! ਉਸਦਾ ਪਿਤਾ ਵੀ ਕਪਤਾਨ ਏ । ਮੇਰਾ ਅਫਸਰ ਏ। ਮੇਰੇ ਅਫਸਰ ਦੀ ਲੜਕੀ ਮੇਰੀ ਸਹੇਲੀ ਏ। ਉਹ ਛੋਟੀ ਜੇਹੀ ਸੀ ਜਦ ਉਸ ਦੀ ਮਾਂ ਮਰ ਗਈ ਸੀ। ਉਸ ਦੇ ਪਿਤਾ ਜੀ ਨੇ ਹੋਰ ਸ਼ਾਦੀ ਨਾ ਕੀਤੀ ਅਤੇ ਆਪਣੀ ਬੱਚੀ ਨਾਲ ਹੀ ਰੱਖ ਕੇ ਪਾਲਿਆ ਸੂ ।' ਯੂਸਫ ਦੇ ਚਿਹਰੇ ਤੇ ਕੋਈ ਮਾਣ ਡਲ੍ਹਕਾਂ ਮਾਰ ਰਿਹਾ ਸੀ, ਜਿਹੜਾ ਮੁਮਤਾਜ ਨੇ ਵੇਖਕੇ ਸਮਝ ਲਿਆ। ਉਸ ਨੂੰ ਯਾਦ ਸੀ, ਇਹੋ ਜੇਹਾ ਅੰਨ੍ਹਾ ਮਾਣ ਉਸ ਦੇ ਚਿਹਰੇ ਤੇ ਵੀ ਇਕ ਦਿਨ ਚਮਕਿਆ ਸੀ, ਜਿਸ ਦੇ ਅਸਰ ਹੇਠ, ਉਸ ਨੇ ਮਾਤਾ ਪਿਤਾ ਦੀ ਦੁਨੀਆਂ ਹੀ ਛਡ ਦਿਤੀ ਸੀ ਅਤੇ ਕਈ ਠੁਹਕਰਾਂ ਖਾਕੇ ਇਸ ਮਾਣ ਨੇ ਹੋਸ਼ ਦੁਆਈ ਸੀ। ਉਹ ਕੰਬ ਉਠੀ ਪਰ ਕੁਝ ਬੋਲੀ ਨਾ।

‘ਅੰਮੀ! ਤੂੰ ਕਹੇ ਤਾਂ ਮੈਂ ਆਪਣੇ ਅਫਸਰ ਨੂੰ ਤੇ ਉਸ ਦੀ ਲੜਕੀ ਨੂੰ ਘਰ ਖਾਣੇ ਲਈ ਬੁਲਾਵਾਂ?'

‘ਬੁਲਾ ਲਓ ਬੇਟਾ!’ ਮੁਮਤਾਜ ਨੇ ਥਿੜਕਦਿਆਂ ਕਿਹਾ, ਪਰ ਯੂਸਫ ਦੀ ਅਥਾਹ ਖੁਸ਼ੀ ਵਾਲੇ ਪਰਦੇ ਨੇ ਉਸ ਨੂੰ ਆਪਣੀ ਅੰਮੀ ਦਾ ਤੜਫਦਾ ਦਰਦ ਨਾ ਵੇਖਣ ਦਿਤਾ। ਤੇ ਉਹ ਅਗਲੇ ਭਲਕ ਤਿਆਰ ਹੋਕੇ ਆਪਣੇ ਮਹਿਮਾਨਾਂ ਨੂੰ ਆਪਣੇ ਘਰ ਲੈ ਆਇਆ।

ਯੂਸਫ ਦੀ ਕੋਠੀ, ਯੂਸਫ ਦੀ ਕਾਰ, ਯੂਸਫ ਦੇ ਬਾਗ, ਯੂਸਫ ਦੀਆਂ ਜ਼ਮੀਨਾਂ ਤੇ ਯੂਸਫ ਦੀ ਸੁੰਦਰਤਾ ਨੇ ਅਫਸਰ ਅਤੇ ਉਸ ਦੀ ਲੜਕੀ ਦੇ ਦਿਲ ਦਿਮਾਗ ਨੂੰ ਰੁਸ਼ਨਾ ਦਿਤਾ।

‘ਮਿਸਟਰ ਯੂਸਫ ਤੂੰ ਤਾਂ ਬੜਾ ਅਮੀਰ ਬੰਦਾ ਏ।' ਯੂਸਫ ਦੇ ਅਫਸਰ ਨੇ ਗੰਭੀਰ ਲਹਿਜੇ ਵਿਚ ਕਿਹਾ ਅਤੇ ਉਸ ਦੀ ਲੜਕੀ ਨੇ ਪਰੋੜਤਾ ਕਰ ਦਿਤੀ।

‘ਯੂਸਫ ਤਾਂ ਸਚਮੁਚ ਦਾ ਯੂਸਫ ਜਾਪ ਰਿਹਾ ਏ।'

ਯੂਸਫ ਨੇ ਮੁਸਕੁਰਾਂਦਿਆਂ ਧੰਨਵਾਦ ਕਿਹਾ ਅਤੇ ਆਪਣੀ ਅੰਮੀ ਜਾਨ ਦੀ ਜਾਣ ਪਹਿਚਾਣ ਕਰਾਉਣ ਲਈ ਉਸ ਨੂੰ ਸਦਿਆ। ਮੁਮਤਾਜ ਆ ਗਈ। ਉਸ ਦੇ ਸਾਊ ਜੇਹੇ ਚਿਹਰੇ ਦੇ ਰੰਗ ਇਕ ਦਮ ਬਦਲਣ ਲਗ ਪਏ। ਉਹ ਨਾ ਬੋਲ ਸਕੀ ਨਾ ਹਿੱਲ ਸਕੀ। ਯੂਸਫ ਕਾਹਲਾ ਪੈ ਰਿਹਾ ਸੀ, ਪਰ ਮੁਮਤਾਜ ਦੀਆਂ ਅੱਖਾਂ ਪਿਛਲੇ ਬੀਤੇ ਕਈ ਸੀਨ ਵੇਖ ਰਹੀਆਂ ਸਨ, ਉਹ ਸੁੰਨ ਹੁੰਦੀ ਜਾ ਰਹੀ ਸੀ। ਯੂਸਫ ਦਾ ਅਫਸਰ ਵੀ ਆਪਣੇ ਥਾਂ ਕੁਝ ਬੇ-ਅਰਾਮ ਜਾਪ ਰਿਹਾ ਸੀ। ਦੋਹਾਂ ਦੇ ਵਿਚਕਾਰ ਕੋਈ ਤਾਣੀ ਤਣੀਂਦੀ ਜਾ ਰਹੀ ਸੀ ਜੋ ਪਲ ਪਲ ਮਗਰੋਂ ਪੀਡੀ ਹੀ ਪੀਡੀ ਹੋ ਰਹੀ ਸੀ।

‘ਅੰਮੀ! ਕੀ ਹੋ ਰਿਹਾ ਏ? ਯੂਸਫ ਦੇ ਕਹਿਣ ਦੀ ਦੇਰ ਸੀ ਮੁਮਤਾਜ ਢੇਰੀ ਹੋ ਗਈ। ਉਸ ਦਾ ਬੇ ਹੋਸ਼ ਸਰੀਰ ਕੋਠੀ ਦੇ ਇਕ ਆਲੀਸ਼ਾਨ ਕਮਰੇ ਵਿਚ ਲਿਜਾਇਆ ਗਿਆ। ਸਾਰੇ ਹੀ ਉਸ ਨੂੰ ਹੋਸ਼ ਵਿਚ ਲਿਆਉਣ ਦੀ ਕੋਸ਼ਿਸ਼ ਵਿਚ ਸਨ।

‘ਮਿਸਟਰ ਯੂਸਫ ! ਤੁਸੀਂ ਹੈਰਾਨ ਨਾ ਹੋਣਾ, ਜੇ ਮੈਂ ਭੁਲਦਾ ਨਹੀਂ ਤਾਂ ਤੁਹਾਡੀ ਅੰਮੀ ਦਾ ਨਾਂ ਮੁਮਤਾਜ ਏ, ਤੁਹਾਡਾ ਪਿਤਾ ਵੀ ਕਪਤਾਨ ਹੀ ਸੀ ਜੋ ਐਸ ਵਕਤ ਤੁਹਾਡੇ ਸਾਹਮਣੇ ਏ।'

‘ਪਿਤਾ ਜੀ !’ ਯੂਸਫ ਅਫਸਰ ਦੀਆਂ ਬਾਹਾਂ ਵਿਚ ਜਕੜਿਆ ਗਿਆ, ‘ਪਰ ਅੰਮੀ ਤਾ ਕਹਿੰਦੀ ਸੀ ਤੁਸੀਂ ਏਸ ਦੁਨੀਆਂ 'ਚ ਨਹੀਂ ਰਹੇ। ਯੂਸਫ ਨੇ ਬੱਚਿਆਂ ਵਾਂਗ ਪੁਛਿਆ।'

'ਉਨ੍ਹਾਂ ਨੇ ਤੁਹਾਡੀ ਅਤੇ ਆਪਣੀ ਆਤਮਾ ਨੂੰ ਸ਼ਾਂਤ ਰੱਖਣ ਲਈ ਕਿਹਾ ਹੋਵੇਗਾ।'

‘ਕਲਪਣਾ ਬੇਟੀ! ਯੂਸਫ ਤੇਰਾ ਭਰਾ ਏ......।'

ਅਫਸਰ ਨੇ ਆਪਣੀ ਬੱਚੀ ਦੀ ਪਿੱਠ ਤੇ ਹੱਥ ਫੇਰਦਿਆਂ ਕਿਹਾ ਅਤੇ ਯੂਸਫ ਨੂੰ ਘੁਟਕੇ ਗਲ-ਵਕੜੀ ਵਿਚ ਲੈ ਲਿਆ।

“ਸਰੋਜ"

ਦਫਤਰੋਂ ਛੁਟੀ ਹੁੰਦੇ ਹੀ ਮਨਜੀਤ ਛੇਤੀਨਾਲ ਘਰ ਆ ਗਿਆ । ਅਜ ਉਸ ਨੂੰ ਮਾਰਚ ਦੇ ਮਹੀਨੇ ਦੀ ਤਨਖਾਹ ਮਿਲੀ ਸੀ ਤੇ ਕੁਝ ਚੀਜ਼ਾਂ ਖ੍ਰੀਦਣ ਦਾ ਉਸਦਾ ਵਿਚਾਰ ਸੀ। ਗਰਮੀ ਆ ਰਹੀ ਸੀ ਤੇ ਦੋ ਤਿੰਨ ਠੰਢੀਆਂ ਪੈਂਟਾ ਤੇ ਇਕ ਦੋਬੁਰਸ਼ਿਟਾਂ ਖ੍ਰੀਦਣੀਆਂ ਉਸਲਈ ਜ਼ਰੂਰੀ ਸਨ। ਉਹ ਆਪਣੇ ਕਮਰੇ ਵਿਚ ਕਪੜੇ ਲਾਹ ਰਿਹਾ ਸੀ ਕਿ ਸ਼ਸ਼ੀ ਕਮਰੇ ਅੰਦਰ ਦਾਖਲ ਹੋਈ ਤੇ ਕਹਿਣ ਲਗੀ, ‘ਵੀਰ ਜੀ ਤੁਹਾਡੀ ਇਕ ਚਿਠੀ ਆਈ ਹੈ।'

‘ਮੇਰੀ?’ ਮਨਜੀਤ ਦੇ ਮੂੰਹੋਂ ਆਪੇ ਨਿਕਲ ਗਿਆ।

‘ਹਾਂ, ਐ ਲਉ' ਤੇ ਸ਼ਸ਼ੀ ਨੇ ਮਨਜੀਤ ਵਲ ਚਿਠੀ ਵਧਾ ਦਿਤੀ।

ਮਨਜੀਤ ਨੂੰ ਸਭ ਚਿਠੀਆਂ ਦਫਤਰ ਦੇ ਪਤੇ ਤੇ ਆਉਂਦੀਆਂ ਸਨ: ਪਰ ਉਹ ਹੈਰਾਨ ਸੀ ਕਿ ਇਹ ਕੇਹੜੀ ਚਿਠੀ ਘਰ ਦੇ ਪਤੇ ਤੇ ਆ ਗਈ। ਧੜਕਦੇ ਦਿਲ ਨਾਲ ਲਫਾਫਾ ਖੋਲਿਆ, ਸਭ ਤੋਂ ਪਹਿਲਾਂ ਥੋੜਾ ਜਿਹਾ ਉਪਰੋਂ ਪੜਿਆ ਤੇ ਫਿਰ ਹੇਠਾਂ ਲਿਖਣ ________________

ਵਾਲੇ ਦਾ ਨਾਮ ਪੜਕੇ ਉਸਦੇ ਚਿਹਰੇ ਤੇ ਹਲਕੀ ਹਲਕੀ ਮੁਸਕ੍ਰਾਹਟ ਆ ਗਈ। ਸ਼ਸ਼ੀ ਚਿਠੀ ਫੜਾਉਣ ਤੋਂ ਬਾਦ ਕਿਸੇ ਕੰਮ ਲਈ ਕਮਰੇ ਵਿਚੋਂ ਬਾਹਰ ਚਲੀ ਗਈ, ਮਨਜੀਤ ਨੇ ਮੁਢ ਤੋਂ ਚਿਠੀ ਪੜਨੀ ਸ਼ੁਰੂ ਕਰ ਦਿਤੀ।

ਦਿਲ ਚੋਰ ਜੀ

ਚਿਠੀ ਲਿਖਣ ਤੋਂ ਪਹਿਲਾਂ ਮੈਂ ਬੜੇ ਸ਼ਸ਼ੋਪਨ ਵਿਚ ਸਾਂ ਕਿ ਤੁਹਾਨੂੰ ਕਿਸ ਨਾਮ ਨਾਲ ਸਦਾਂ। ਖੈਰ ਇਹ ਮਾਮਲਾ ਅਸੀਂ ਪਿਛੋਂ ਨਿਪਟ ਲਵਾਗੇ, ਹੁਣ ਜੋ ਕੁਝ ਲਿਖ ਦਿਤਾ, ਉਹੋ ਠੀਕ ਹੈ।

ਕਹਿੰਦੇ ਨੇ ਪਿਆਰ ਪਾਇਆ ਨਹੀਂ ਜਾਂਦਾ, ਪੈ ਜਾਂਦਾ ਹੈ। ਪ੍ਰਤੀਤ ਹੁੰਦਾ ਹੈ ਸਾਡੇ ਨਾਲ ਵੀ ਇਸੇ ਤਰਾਂ ਵਾਪਰੀ ਹੈ ।ਪਹਿਲਾਂ ਕਈ ਵਾਰੀ ਤੁਹਾਨੂੰ ਵੇਖਿਆ, ਤੁਸੀਂ ਮੇਰੇ ਵਲ ਤਕਦੇ, ਅਖਾਂ ਚਾਰ ਹੁੰਦੀਆਂ ਤੇ ਫਿਰ ਕੋਈ ਅਨੋਖਾ ਜਿਹਾ ਮੇਲ ਕਰਕੇ ਵਿਛੜ ਜਾਂਦੀਆਂ।

ਪਰ ਪਰਸੋਂ ਜਦ ਤੁਸੀਂ ਆਪਣੇ ਦੋਸਤਾਂ ਨਾਲ ਕੰਪਨੀ ਬਾਗ਼ ਸੈਰ ਕਰ ਰਹੇ ਸੀ, ਮੈਂ ਵੀ ਆਪਣੀ ਭਰਜਾਈ ਨਾਲ ਸੈਰ ਕਰਨ ਲਈ ਗਈ ਹੋਈ ਸਾਂ। ਮੈਂ ਤੁਹਾਨੂੰ ਉਥੇ ਵੇਖ ਲਿਆ, ਪਰ ਤੁਸੀਂ ਮੈਨੂੰ ਨਾ ਵੇਖ ਸਕੇ।

ਘਰ ਆਈ ਤਾਂ ਦਿਲ ਕੀਤਾ ਕਿ ਮੈਂ ਹੀ ਪਹਿਲਾਂ ਤੁਹਾਨੂੰ ਚਿਠੀ ਲਿਖਾਂ, ਫਿਰ ਸ਼ਰਮ ਹਯਾ ਤੇ ਲੱਜਾ ਮੇਰੇ ਅਗੇ ਆ ਖਲੋਤੀ। ਕਾਫੀ ਚਿਰ ਦੋਵਾਂ ਤਾਕਤਾਂ ਵਿਚ ਘੋਲ ਹੁੰਦਾ ਰਿਹਾ ਤੇ ਅੰਤ ਵਿਚ ਦਿਲ ਦੀ ਜਿਤ ਹੋ ਗਈ । ਚਿਠੀ ਲਿਖਣ ਬੈਠੀ ਪੈਡ ਦੇ ਕਈ ਵਰਕੇ ਲਿਖੇ, ਪਾੜ ਸੁਟੇ, ਫਿਰ ਲਿਖੇ, ਫਿਰ ਪਾੜ ਸੁਟੇ ਤੇ ਅੰਤ ਟੁਟੇ ਭਜੇ ਅਖਰਾਂ ਵਾਲੀ ਚਿਠੀ ਤੁਹਾਡੇ ਹਥਾਂ ਵਿਚ ਬਿਰਾਜਮਾਨ ਹੈ, ਦੇਖਣਾ ਕਿਤੇ ਮਖੌਲ ਨਾ ਉਡਾਣਾ, ਪਰਾਮਿਸ ਹੋਇਆ।

ਦੂਰੋਂ ਦੂਰੋਂ ਤਾਂ ਕਈ ਵਾਰੀ ਮਿਲ ਚੁਕੇ ਹਾਂ, ਹੁਣ ਨੇੜੇ ਹੋਕੇ ਮਿਲਣ ਨੂੰ ਜੀਅ ਕਰਦਾ ਹੈ| ਜੇ ਕਿਰਪਾ ਕਰ ਸਕੋ ਤਾਂ ਸ਼ੁਕਰਵਾਰ ਚੌਥੇ ਮਹੀਨੇ ਦੀ ਪਹਿਲੀ ਤਰੀਕ ਸ਼ਾਮ ਨੂੰ ਸਾਢੇ ਛੇ ਵਜੇ ਕੰਪਨੀ ਬਾਗ ਅੰਮ੍ਰਿਤਸਰ ਕਲਬ ਦੇ ਨਾਲ ਵਾਲੇ ਪਲਾਟ ਵਿਚ ਮੈਂ ਆਪ ਜੀ ਦੀ ਇੰਤਜ਼ਾਰ ਕਰਾਂਗੀ। ਮੈਂ ਉਸ ਵੇਲੇ ਕਾਸ਼ਨੀ ਰੰਗ ਦਾ ਕਰੇਪ ਦਾ ਸੂਟ ਪਾਇਆ ਹੋਵੇਗਾ, ਵਕਤ ਸਿਰ ਪੁਜ ਜਾਣਾ, ਦੇਖਣਾ ਕਿਤੇ ਦੇਰ ਨਾ ਕਰਨੀ।

ਹੋਰ ਬਹੁਤਾ ਕੁਝ ਨਹੀਂ ਲਿਖਦੀ, ਮਿਲਕੇ ਹੀ ਦਿਲ ਦੇ ਜੰਦਰੇ ਖੋਲਾਂਗੇ। ਆਸ ਹੈ ਮੇਰੀ ਰੀਝ ਨੂੰ ਪੂਰਾ ਕਰੋਗੇ ਤੇ ਨੀਯਤ ਸਮੇਂ ਸਿਰ ਪੁਜ ਜਾਉਗੇ|

{ਤੁਹਾਡੀ ਆਪਣੀ ਅਣਮਿਲੀ

ਓਮਾ}

ਚਿਠੀ ਪੜਨ ਤੋਂ ਬਾਦ ਮਨਜੀਤ ਦੇ ਰੋਮ ਰੋਮ ਵਿਚ ਨਸ ਨਸ ਵਿਚ ਖੁਸ਼ੀ ਦੀ ਲਹਿਰ ਦੌੜ ਗਈ। ਚਿਠੀ ਪੜਕੇ ਜਿਵੇਂ ਉਸ ਨੂੰ ਚੰਨ ਹੀ ਚੜ ਪਿਆ ਹੋਵੇ। ਉਸ ਨੂੰ ਇਦਾਂ ਮਹਿਸੂਸ ਹੁੰਦਾ ਸੀ ਜਿਵੇਂ ਉਸ ਨੂੰ ਕੋਈ ਵਡਾ ਖਜ਼ਾਨਾ ਲਭ ਪਿਆ ਹੋਵੇ ਤੇ ਉਹ ਉਸ ਨੂੰ ਪ੍ਰਾਪਤ ਕਰਕੇ ਖੁਸ਼ੀ ਵਿਚ ਮਾਨੋਂ ਪਾਗਲ ਹੋ ਰਿਹਾ ਹੋਵੇ। ਚਿਠੀ ਦਾ ਇਕ ਇਕ ਅਖਰ ਉਸ ਲਈ ਰਬੀ ਬਾਣੀ ਦਾ ਪੈਗਾਮ ਦੇ ਰਿਹਾ ਸੀ, ਸ਼ਹਿਦ ਵਰਗੀ ਮਿਠਾਸ ਭਰ ਰਿਹਾ ਸੀ। ਚਿਠੀ ਮਨਜੀਤ ਦੇ ਹਥ ਵਿਚ ਫੜੀ ਹੋਈ ਸੀ, ਦੋ ਵਾਰੀ ਉਹ ਪੜ੍ਹ ਚੁਕਾ ਸੀ ਤੇ ਇਕ ਵਾਰੀ ਹੋਰ ਪੜ੍ਹਨ ਨੂੰ ਉਸਦਾ ਦਿਲ ਕਰਦਾ ਸੀ। ‘ਕੀ ਇਹ ਜੋ ਕੁਝ ਮੈਂ ਪੜ ਰਿਹਾ ਹਾਂ, ਠੀਕ ਹੈ? ਓਮਾ ਮੈਨੂੰ ਮਿਲੇਗੀ' ਉਹ ਅਖਾਂ ਖੋਲ ਖੋਲਕੇ ਚਿਠੀ ਦੇ ਲਫਜ਼ਾਂ ਨੂੰ ਘੂਰਦਾ ਤੇ ਖੁਸ਼ੀ ਵਿਚ ਮਸਤ ਹੋ ਨਚ ਉਠਦਾ, ਖੀਵਾ ਹੋ ਹੋ ਪੈਂਦਾ। ਕੁਝ ਅਖਰਾਂ ਦੀ ਇਸ ਚਿਠੀ ਨੇ ਉਸਦੇ ਮਨ ਦੀਆਂ ਕੋਮਲ ਤਾਰਾਂ ਨੂੰ ਛੇੜਕੇ ਉਸ ਵਿਚ ਮਧੁਰ ਸੰਗੀਤ ਪੈਦਾ ਕਰ ਦਿਤਾ। ਉਸ ਫਿਰ ਚਿਠੀ ਨੂੰ ਪੜਿਆ, ਪੜ੍ਹਨ ਤੋਂ ਬਾਦ ਚਿਠੀ ਲਪੇਟ ਕੇ ਉਸ ਕੋਟ ਦੀ ਜੇਬ ਵਿਚ ਪਾ ਦਿਤੀ ਤੇ ਸਾਹਮਣੇ ਕਲੰਡਰ ਵਲ ਤਕਿਆ ਅਜ ਚੌਥੇ ਮਹੀਨੇ ਦੀ ਪਹਿਲੀ ਤਰੀਕ ਸੀ। ਫਿਰ ਹਥ ਤੇ ਲਗੀ ਘੜੀ ਵਲ ਨਜ਼ਰ ਦੁੜਾਈ, ਪੰਜ ਵਜਕੇ ਵੀਹ ਮਿੰਟ ਹੋ ਚੁਕੇ ਸਨ। ਮਨਜੀਤ ਮੂੰਹ ਨਾਲ ਸੀਟੀ ਵਜਾਂਦਾ ਕਮੀਜ਼ ਲਾਹ ਰਿਹਾ ਸੀ ਕਿ ਸ਼ਸ਼ੀ ਫਿਰ ਕਮਰੇ ਅੰਦਰ ਆਈ ਤੇ ਮਨਜੀਤ ਵਲ ਤਕਕੇ ਬੋਲੀ, ‘ਵੀਰ ਜੀ, ਕਿਸ ਦੀ ਚਿਠੀ ਆਈ ਹੈ।'

“ਕਿਸੇ ਦੀ ਵੀ ਨਹੀਂ।’ ਮਨਜੀਤ ਦਾ ਜਵਾਬ ਸੀ।

‘ਹੈਂ, ਕਿਸੇ ਦੀ ਵੀ ਨਹੀਂ?' ਸ਼ਸ਼ੀ ਨੇ ਅਖਾਂ ਤੇ ਮੂੰਹ ਉਪਰ ਚੜਾਂਦੇ ਕਿਹਾ।

ਮਨਜੀਤ ਨੇ ਕੋਈ ਜਵਾਬ ਨਾ ਦਿਤਾ। ਮੁਸਕ੍ਰਾਹਟ ਉਸਦੇ ਬੁਲਾਂ ਤੇ ਨਾਚ ਕਰ ਰਹੀ ਸੀ।

‘ਦਸੋ ਨਾ ਵੀਰ ਜੀ, ਕਿਸਦੀ ਚਿਠੀ ਆਈ ਹੈ।' ਸ਼ਸ਼ੀ ਨੇ ਤਰਲੇ ਨਾਲ ਕਿਹਾ।

'ਕਿਸੇ ਦੋਸਤ ਦੀ ਚਿਠੀ ਹੈ।'

'ਸ਼ਸ਼ੀ ਨੂੰ ਸ਼ਾਇਦ ਯਕੀਨ ਆ ਗਿਆ ਜਾਪਦਾ ਸੀ, ਉਹ ਨੂੰ ਚੁਪ ਕਰ ਗਈ, ਪਰ ਉਸ ਵਿਚਾਰੀ ਨੂੰ ਅਸਲੀਅਤ ਦਾ ਕੀ ਪਤਾ ਸੀ?

‘ਸ਼ਸ਼ੀ ਟੈਚੀ ਵਿਚੋਂ ਮੇਰੇ ਕਪੜੇ ਕਢ, ਮੈਂ ਮੂੰਹ ਹਥ ਧੋ ਆਵਾਂ, ਮੈਂ ਅਜ ਛੇਤੀ ਬਾਹਰ ਜਾਣਾ ਹੈ।' ਮਨਜੀਤ ਨੇ ਹੈਂਗਰ ਤੋਂ ਤੋਲੀਆਂ ਲਾਂਦੇ ਕਿਹਾ।

'ਅਛਾ ਵੀਰ ਜੀ ਪਰ ਅਜ ਛੇਤੀ ਕਿਥੇ ਜਾਣਾ ਹੈ, ਥੋੜਾ ਆਰਾਮ ਤਾਂ ਕਰ ਲਵੋ?'

ਮਨਜੀਤ ਬਿਨਾਂ ਜਵਾਬ ਦਿਤੇ ਕਮਰੇ ਵਿਚੋਂ ਬਾਹਰ ਨਿਕਲ ਗਿਆ।

[... ... ... ... ... ...]

ਤੇ ਹੁਣ ਮਨਜੀਤ ਕੰਪਨੀ ਬਾਗ ਵਿਚ ਰੈਡ ਕਰਾਸ ਸੋਸਾਇਟੀ ਦੇ ਦਫਤਰ ਕੋਲੋਂ ਦੀ ਲੰਘ ਰਿਹਾ ਸੀ। ਕਪੜੇ ਉਸ ਨੇ ਬੜੇ ਸਾਫ ਸੁਥਰੇ ਪਾਏ ਹੋਏ ਸਨ। ਵਸਟਰ ਦੀ ਸਾਵੇ ਰੰਗ ਦੀ ਪੈਂਟ ਤੇ ਦੁਧ ਵਰਗੇ ਚਿਟੇ ਰੰਗ ਦੀ ਕਮੀਜ਼ ਉਤੇ ਕਾਲੇ ਤੇ ਲਾਲ ਰੰਗ ਦੀ ਟਾਈ ਉਸ ਵੇਲੇ ਬੜੀ ਸੱਜ ਰਹੀ ਸੀ। ਮੇਕ-ਅਪ ਵੀ ਅਜ ਰੋਜ਼ ਨਾਲੋਂ ਕੁਝ ਵਧੇਰੇ ਧਿਆਨ ਤੇ ਸੁਚੱਜੇ ਢੰਗ ਨਾਲ ਕੀਤਾ ਗਿਆ ਸੀ। ਹੇਅਰ ਫਿਕਸਰ ਨਾਲ ਦਾਹੜੀ ਵੀ ਸੋਹਣੀ ਪ੍ਰੈਸ ਕੀਤੀ ਹੋਈ ਸੀ ਤੇ ਚੀਚੀ ਉਂਗਲ ਦੇ ਵਧੇ ਹੋਏ ਨਹੁੰ ਦੇ ਉਤੇ ਸ਼ਾਇਦ ਕਿਊਟਕਸ ਦੀ ਨੇਲ ਪਾਲਿਸ਼ ਲਾਈ ਗਈ ਸੀ। ਮਲੂਮ ਹੁੰਦਾ ਸੀ ਅਜ ਪੱਗ ਬੰਨਣ ਵਿਚ ਪਹਿਲੇ ਸਭ ਰੀਕਾਰਡ ਮਾਤ ਪਾ ਦਿਤੇ ਸਨ। ਪੈਰਾਂ ਵਿਚ ਰਬੜ ਸੋਲ ਦੀ ਵਾਈਟ ਰੰਗ ਦੀ ਚਪਲ ਸ਼ਾਇਦ ਉਸਨੇ ਅਜ ਹੀ ਨਵੀਂ ਪਾਈ ਹੋਈ ਜਾਪਦੀ ਸੀ। ਫੁਲਦਾਰ ਲੇਡੀ ਰੁਮਾਲ ਉਸਦੇ ਹਥ ਵਿਚ ਇਦਾਂ ਝੂਲ ਰਿਹਾ ਸੀ ਜਿਵੇਂ ਗੁਲਾਬ ਦੇ ਬੂਟੇ ਤੇ ਲਾਲ ਗੂੜੇ ਰੰਗ ਦਾ ਖਿੜਿਆ ਗੁਲਾਬ ਦਾ ਫੁਲ। ਗੁਟ ਤੇ ਲਗੀ ਘੜੀ ਦਿਲ ਦੀ ਧੜਕਣ ਦਾ ਸਾਥ ਦੇਂਦੀ ਦਬਾ ਦਬਾ ਟਿਕ ਟਿਕ ਕਰ ਰਹੀ ਸੀ,

ਹੌਲੇ ਹੌਲੇ ਤੁਰਦਾ ਮਨਜੀਤ ਗੁੰਬਦ ਦੇ ਕੋਲ ਪਹੁੰਚ ਗਿਆ ਤੇ ਫਿਰ ਖਬੇ ਪਾਸੇ ਨੂੰ ਮੁੜਕੇ ਅੰਮ੍ਰਿਤਸਰ ਕਲਬ ਦੇ ਵਡੇ ਦਰਵਾਜ਼ੇ ਕੋਲੋਂ ਦੀ ਉਹ ਲੰਘ ਰਿਹਾ ਸੀ। ਪੰਜ ਸਤ ਕਦਮ ਹੋਰ ਅਗੇ ਨੂੰ ਜਾਕੇ ਉਹ ਸਜੇ ਪਾਸੇ ਇਕ ਪਲਾਟ ਵਿਚ ਦਾਖਲ ਹੋਇਆ। ਬੜੀ ਬੇ-ਕਰਾਰੀ ਨਾਲ ਇਧਰ ਉਧਰ ਅਰਥਾਤ ਚਾਰੇ ਪਾਸੇ ਨਜ਼ਰ ਦੁੜਾਈ, ਚੰਬੇ ਦੇ ਬੂਟੇ ਲਾਗੇ ਸੰਗ ਮਰਮਰ ਦੇ ਚਿਟੇ ਦੁਧ ਵਰਗੇ ਬੈਂਚ ਤੇ ਉਸ ਨੂੰ ਕੋਈ ਰੰਗ-ਬਰੰਗੇ ਕਪੜੇ ਪਾਈ ਬੈਠਾ ਨਜ਼ਰ ਆਇਆ। ਉਸ ਬੈਠਣ ਵਾਲੀ ਦੇ ਸੂਟ ਦਾ ਰੰਗ ਹਲਕਾ ਕਾਸ਼ਨੀ ਸੀ ਤੇ ਚੁੰਨੀ ਕੁਝ ਕੁਝ ਗੂੜੇ ਰੰਗ ਦੀ ਜਾਪਦੀ ਸੀ। ਮਨਜੀਤ ਨੇ ਘੜੀ ਵਲ ਤਕਿਆ ਸਾਢੇ ਛੇ ਵਜਣ ਵਿਚ ਸਤ ਮਿੰਟ ਬਾਕੀ ਸਨ। ਉਹ ਦਰਵਾਜ਼ੇ ਕੋਲੋਂ ਦੀ ਸਾਹਮਣੇ ਸੰਗ ਮਰਮਰ ਦੇ ਬੈਂਚ ਵਲ ਵਧਿਆ, ਦਿਲ ਉਸਦਾ ਜ਼ੋਰ ੨ ਨਾਲ ਧੜਕਣ ਲਗ ਪਿਆ। ਉਹ ਹੌਲੀ ਹੌਲੀ ਤੁਰੀ ਗਿਆ, ਦਿਲ ਵਿਚ ਕੁਤ ਕੁਤਾਰੀਆਂ ਹੋਣੀਆਂ ਸ਼ੁਰੂ ਹੋ ਗਈਆਂ। ਜਿਉਂ ਜਿਉਂ ਉਹ ਨੇੜੇ ਪਹੁੰਚਦਾ ਜਾ ਰਿਹਾ ਸੀ, ਟੰਗਾਂ ਉਸ ਦੀਆਂ ਕੁਝ ਕੁਝ ਕੰਬਣ ਲਗ ਪਈਆਂ ਸਨ।

ਹੁਣ ਉਹ ਉਸਦੀ ਪਿਠ ਪਿਛੇ ਖਲੋਤਾ ਸੀ ਮਿੱਟੀ ਦੇ ਬੁਤ ਦੀ ਤਰ੍ਹਾਂ। ਬੈਠਣ ਵਾਲੀ ਦੀ ਮਨਜੀਤ ਵਲ ਪਿੱਠ ਸੀ ਤੇ ਮੂੰਹ ਵੀ ਉਸ ਨੇ ਕੁਝ ਜ਼ਿਆਦਾ ਨੀਵਾਂ ਕੀਤਾ ਹੋਇਆ ਸੀ। ਮਨ ਵਿਚ ਅਨੇਕਾਂ ਆਸ਼ਾਵਾਂ ਲੈਕੇ ਮਨਜੀਤ ਇਥੇ ਆਇਆ ਸੀ, ਦਿਲ ਦੇ ਅਰਮਾਨ ਫੋਲਣ ਲਈ ਕੋਈ ਰੱਬੀ ਸ਼ਕਤੀ ਦੇ ਅਸਰ ਹੇਠ ਮਨਜੀਤ ਇਥੋਂ ਤਕ ਪਹੁੰਚਿਆ ਸੀ, ਪਰ ਇਸ ਵੇਲੇ ਕੋਈ ਗਲ ਉਹਨੂੰ ਨਹੀਂ ਸੀ ਔਹੜਦੀ। ਕੋਈ ਖਿਆਲ ਆਂਦਾ ਭੀ ਤਾਂ ਗਲ ਗਲੇ ਵਿਚ ਹੀ ਰੁਕ ਜਾਂਦੀ। ਇਕ ਦੋ ਮਿੰਟ ਉਹ ਇਸਤਰ੍ਹਾਂ ਚੁਪ ਚੁਪੀਤਾ ਪੱਥਰ ਦੇ ਬੁਤ ਦੀ ਤਰਾਂ ਖਲੋਤਾ ਰਿਹਾ, ਬੈਂਚ ਤੇ ਬੈਠਣ ਵਾਲੀ ਸ਼ਾਇਦ ਇਸ ਦੌਰਾਨ ਵਿਚ ਜ਼ਰਾ ਵੀ ਨਾ ਹਿਲੀ, ਉਕ ਅਹਿਲ ਬੈਠੀ ਸੀ।

'ਮੈਂ.....ਮੈਂ......ਕਿਹਾ......ਮੈਂ ਕਿਹਾ.....ਓਮਾ.....ਓ.ਮਾ......' ਮਨਜੀਤ ਨੇ ਬੜਾ ਆਪਣੇ ਆਪ ਤੇ ਕਾਬੂ ਪਾਕੇ ਬੋਲਣ ਦੀ ਕੋਸ਼ਿਸ਼ ਕੀਤੀ ਪਰ ਫਿਰ ਵੀ ਉਸਦੀ ਜ਼ਬਾਨ ਥਿੜਕਣ ਲਗ ਪਈ।

ਬੈਠਣ ਵਾਲੀ ਨੇ ਕੋਈ ਜਵਾਬ ਨਾਂ ਦਿਤਾ।

'ਓਮਾ.....?’ ਮਨਜੀਤ ਪਹਿਲੇ ਨਾਲੋਂ ਜ਼ਰਾ ਸੰਭਲ ਕੇ ਬੋਲਿਆ, ਪਰ ਉਸਦੀ ਜ਼ਬਾਨ ਨੇ ਅਗੇ ਸਾਥ ਦੇਣ ਤੋਂ ਇਨਕਾਰ ਕਰ ਦਿਤਾ, ਉਹ ਅਗੇ ਨਾ ਬੋਲ ਸਕਿਆ।

ਉਤਰ ਫਿਰ ਵੀ ਕੋਈ ਨਾ ਮਿਲਿਆ।

ਓਮਾ.....ਓਮਾ.....ਮੈਨੂੰ.....ਮੈਨੂੰ ਬੁਲਾਕੇ ਇਦਾਂ ਸ਼ਰਮਾਉਣ ਦਾ ਕੀ ਮਤਲਬ।' ਮਨਜੀਤ ਸ਼ਾਇਦ ਹੁਣ ਪਕੇ ਪੈਰਾਂ ਤੇ ਖਲੋ ਗਿਆ ਜਾਪਦਾ ਸੀ।

ਇਤਨੇ ਵਿਚ ਮਨਜੀਤ ਦੇ ਦਿਮਾਗ ਵਿਚ ਕਿਸੇ ਦੇ ਹਸਣ ਦੀ ਅਵਾਜ਼ ਆਈ। ਉਸ ਦੀਆਂ ਅਖਾਂ ਹੈਰਾਨੀ ਨਾਲ ਇਧਰ ________________

ਗਿਆ ਉਧਰ ਫਿਰਨ ਲਗੀਆਂ, ਪਰ ਨਜ਼ਰ ਕੋਈ ਨਾ ਮੈਨੂੰ ਕਿਸੇ ਵੇਖਿਆ ਹੈ ਇਸ ਤਰ੍ਹਾਂ ਖਲੋਤੇ ਨੂੰ ਉਸਨੇ ਮਿਲ ਕੇ ਵਿਚ ਸੋਚਿਆ, ਸ਼ਾਇਦ ਮੇਰੀ ਇਸ ਹਾਲਤ ਤੇ ਕੋਈ ਹੈ, ਬੜੀ ਤੇਜ਼ੀ ਨਾਲ ਉਸਨੇ ਚਾਰੇ ਪਾਸੇ ਦਾ ਜਾਇਜ਼ਾ ਆ ਵਿਖਾਈ ਕੋਈ ਨਾ ਦਿਤਾ । ਸ਼ਾਇਦ ਮੇਰੇ ਮਨ ਦਾ ਵਣ-ਦੇ ਇਹ ਸੋਚਕੇ ਉਹ ਨਿਸਚਿੰਤ ਹੋ ਗਿਆ। ਓਮਾ......ਓਮਾ......ਇਹ ਕੀ ਮਜ਼ਾਕ ਹੈ।' ਮਨਜੀਤ ਉਤਾਵਲਾ ਹੋ ਕੇ ਬੋਲਿਆ। ਬੈਠਣ ਵਾਲੀ ਨੇ ਸ਼ਾਇਦ ਬੋਲਣ ਦੀ ਸੌਂਹ ਖਾਧੀ ਹੋਈ ‘ਮੈਂ ਕਹਿੰਦਾ ਹਾਂ ਓਮਾ ਮਜ਼ਾਕ ਥੋੜਾ ਚੰਗਾ ਹੁੰਦਾ ਹੈ ਮਨਜੀਤ ਨੇ ਦੁਪਟੇ ਦੇ ਸਿਰੇ ਨੂੰ ਖਿਚਣਾ ਚਾਹਿਆ, ਪਰ ਦੁਪਟੇ ਵਾਲੀ ਨੇ ਦੁਪਟੇ ਨੂੰ ਕਸਕੇ ਮੂੰਹ ਹੋਰ ਹੇਠਾਂ ਨੂੰ ਕਰ ਲਿਆ ‘ਅਛਾ ਜੀ ਸਾਡੇ ਕੋਲੋਂ ਵੀ ਮੂੰਹ ਲੁਕਾ ਰਹੇ ਹੋ| ਮਨਜੀਤ ਨੇ ਹਸਦੇ ਹੋਏ ਕਿਹਾ। ਪਰ ਬੈਠਣ ਵਾਲੀ ਨੇ ਕੋਈ ਹਰਕਤ ਨਾ ਕੀਤੀ। ‘ਓਮਾ ਜੀ ਹੁਣ ਬਸ ਵੀ ਕਰੋ, ਜ਼ਰਾ ਚੰਨ ਵਰਗੇ ਮੁਖੜੇ ਦੇ ਦਰਸ਼ਨ ਤਾਂ ਕਰ ਲੈਣ ਦਿਓ। ਮਨਜੀਤ ਨੇ ਨਿਮਰਤਾ ਨਾਲ ਕਿਹਾ। ਊਂ ਊਂ ਹੂੰ !' ਬੈਠਣ ਵਾਲੀ ਦੇ ਬੁਲਾਂ ਵਿਚੋਂ ਹੌਲੀ ਆਵਾਜ਼ ਆਈ। ਸ਼ੁਕਰ ਹੈ ਆਵਾਜ਼ ਤਾਂ ਨਿਕਲੀ ਹੈ, ਮੈਂ ਸ਼ਾਇਦ....।' ਮਨਜੀਤ ਨੇ ਵਾਕ ਨੂੰ ਅਧੂਰਾ ਹੀ ਛਝ ਦਿਨਾ ਉਧਰ ਫਿਰ ਚੁਪ ਛਾ ਗਈ ਦਿਲ ਦਾ ਮਨਜੀਤ ਅਗੇ ਵਧਿਆ, ਉਸਦੀਆਂ ਅਤੇ ਹੋਈਆਂ ਬਾਹਾਂ ਵਿਚ ਠੰਢਕ ਦੀ ਲਹਿਰ ਦੌੜ ਗਈ, ਸਰੀਰ ਲਮ ਜਿਵੇਂ ਬਿਜਲੀ ਦਾ ਕਰੰਟ ਪੈਂਦਾ ਹੈ। -954ਮਨਜੀਤ ਨੇ ਘੁੰਡ ਨੂੰ ਪਰੇ ਕਰ ਦਿਤਾ।

ਜ਼ਮੀਨ ਉਸ ਦੇ ਪੈਰਾਂ ਥਲੋਂ ਦੀ ਇਕ ਦਮ ਖਿਸਕ ਗਈ!!

ਉਹ ਹੈਰਾਨ ਪ੍ਰੇਸ਼ਾਨ ਖਲੋਤਾ ਸੀ ਜਿਵੇਂ ਉਸ ਦੇ ਦਿਲ ਤੇ ਬਿਜਲੀ ਡਿਗ ਪਈ ਹੋਵੇ !!!

‘ਹੈਂ......ਹੈਂ......ਤੂੰ......ਤੂੰ......ਕੰਬਖਤ......ਬਾ......ਬਾ...... ਵਾ.....।' ਗੁਸੇ ਵਿਚ ਪਾਗਲ ਹੋਏ ਮਨਜੀਤ ਦੇ ਮੂੰਹੋਂ ਅਟਕ ਅਟਕ ਕੇ ਨਿਕਲਿਆ।

ਕਾਸ਼ਨੀ ਰੰਗ ਦੇ ਸੂਟ ਵਾਲੀ ਆਪਣੀ ਜਗ੍ਹਾ ਤੋਂ ਉਠੀ ਤੇ ਇਕ ਛੋਟੇ ਜਹੇ ਗੱਤੇ ਤੇ ਬੜੇ ਸੋਹਣੇ ਰੰਗ-ਬ-ਰੰਗ ਲਫਜ਼ਾਂ ਵਿਚ ਲਿਖਿਆ ਮਨਜੀਤ ਦੇ ਸਾਹਮਣੇ ਕੀਤਾ।

‘ਫਸਟ ਏਪਰਲ ਫੂਲ’

‘ਐਂ......?’ ਮਨਜੀਤ ਤੋ ਜਿਵੇਂ ਪਹਾੜ ਡਿਗ ਪਿਆ।

ਮਨਜੀਤ ਨੂੰ ਯਾਦ ਹੀ ਨਹੀਂ ਸੀ ਰਿਹਾ ਕਿ ਅਜ ਪਹਿਲੀ ਏਪਰਲ ਹੈ ਤੇ ਉਹ ਮਾਰਚ ਦੇ ਮਹੀਨੇ ਦੀ ਤਨਖਾਹ ਲੈ ਕੇ ਆ ਰਿਹਾ ਹੈ।

ਹੋਰਾਂ ਦਾ ਫੂਲ ਬਨਾਉਣ ਵਾਲੇ ਮਨਜੀਤ ਦਾ ਅਜ ਆਪਣਾ ਫੂਲ ਬਣ ਗਿਆ।

ਅਚਾਨਕ ਦੋ ਤਿੰਨ ਖਿੜ ਖੜਾਂਦੀਆਂ ਆਵਾਜ਼ਾਂ ਉਸਦੇ ਕੰਨ ਵਿਚ ਪਈਆਂ।

ਮਨਜੀਤ ਪਿਛੇ ਮੁੜਕੇ ਤਕਿਆ!!

ਸੇਠੀ ਤੇ ਪ੍ਰੀਤ ਉਚੀ ਉਚੀ ਹਸਦੇ ਆ ਰਹੇ ਸਨ!!!

“ਪ੍ਰੀਤ”