ਸਮੱਗਰੀ 'ਤੇ ਜਾਓ

ਨੈਣੀਂ ਨੀਂਦ ਨਾ ਆਵੇ/ਮੁਹਬਤਾਂ ਦੀ ਖੁਸ਼ਬੋ

ਵਿਕੀਸਰੋਤ ਤੋਂ



ਸ਼ਗਨਾਂ ਦੇ ਗੀਤ

ਘੋੜੀਆਂ
ਸੁਹਾਗ
ਸਿੱਠਣੀਆਂ
ਹੇਰੇ

ਲੰਬਾ ਸੀ ਵਿਹੜਾ ਵੇ ਵੀਰਨਾ
ਵਿੱਚ ਮਰੂਏ ਦਾ ਬੂਟਾ ਵੇ
ਸੋਹਣਿਆਂ ਵਿੱਚ ਮਰੂਏ ਦਾ ਬੂਟਾ ਵੇ
ਬੂਟਾ ਬੂਟਾ ਵੇ ਵੀਰਨਾ
ਉਹਨੂੰ ਲੱਗੇ ਸੀ ਡੋਡੇ ਵੇ
ਡੋਡੇ ਡੋਡੇ ਵੇ ਵੀਰਾ
ਉਹਨੂੰ ਖਿੜੀਆਂ ਸੀ ਕਲੀਆਂ
ਸੋਹਣਿਆਂ ਉਹਨੂੰ ਖਿੜੀਆਂ ਸੀ ਕਲੀਆਂ
ਕਲੀਆਂ ਕਲੀਆਂ ਵੇ ਵੀਰਨਾ
ਤੇਰੇ ਸਾਫੇ ਨੂੰ ਜੜੀਆਂ ਵੇ
ਸੋਹਣਿਆਂ ਤੇਰੇ ਸਾਫੇ ਨੂੰ ਜੜੀਆ ਵੇ

ਬਾਬਲ ਵਿਦਾ ਕਰੇਂਦਿਆ
ਮੈਨੂੰ ਰੱਖ ਲੈ ਅੱਜ ਦੀ ਰਾਤ ਵੇ
ਮੈਂ ਕਿੱਕਣ ਰੱਖਾਂ ਧੀਏ ਮੇਰੀਏ
ਮੈਂ ਤਾਂ ਸਜਣ ਸਦਾ ਲਏ ਆਪ ਨੀ



ਸੁਹਾਗ ਘੋੜੀਆਂ

ਵਿਆਹ ਦਾ ਸਮਾਗਮ ਪੰਜਾਬੀਆਂ ਲਈ ਅਦੁੱਤੀ ਮਹੱਤਤਾ ਰੱਖਦਾ ਹੈ। ਇਹ ਉਹਨਾਂ ਦੀ ਜਿੰਦਗੀ 'ਚ ਕਈ ਪਰਕਾਰ ਦੀਆਂ ਮਾਨਸਿਕ ਰਾਹਤਾਂ ਅਤੇ ਰੰਗੀਨੀਆਂ ਲੈ ਕੇ ਆਉਂਦਾ ਹੈ। ਇਸ ਲਈ ਸਮੂਹ ਪੰਜਾਬੀ ਵਿਆਹ ਦੇ ਅਵਸਰ ਨੂੰ ਬੜੀ ਤੀਬਰਤਾ ਨਾਲ ਉਡੀਕਦੇ ਹਨ।ਮਰਦ ਨਵੇਂ ਕੱਪੜੇ ਸਮਾਉਂਦੇ ਹਨ, ਜਨਾਨੀਆਂ ਆਪਣੇ ਹਾਰ ਸ਼ਿੰਗਾਰ ਲਈ ਗਹਿਣੇ ਗੱਟੇ ਖ਼ਰੀਦ ਦੀਆਂ ਹਨ। ਵਿਆਹ ਕਿਸੇ ਦੇ ਘਰ ਹੁੰਦਾ ਹੈ ਚਾਅ ਸਾਰੇ ਸ਼ਰੀਕੇ ਨੂੰ ਚੜ੍ਹਿਆ ਹੁੰਦਾ ਹੈ। ਚਾਅ ਝਲਿਆ ਨੀ ਜਾਂਦਾ ਹਰ ਪਾਸੇ ਖ਼ੁਸ਼ੀਆਂ ਦਾ ਮਾਹੌਲ ਸਿਰਜਿਆ ਜਾਂਦਾ ਹੈ।
ਵਿਆਹ ਸਮੇਂ ਘੋੜੀਆਂ ਅਤੇ ਸੁਹਾਗ ਦੇ ਗੀਤ ਗਾਉਣ ਦੀ ਪਰੰਪਰਾ ਹੈ। ਇਹ ਵਿਆਹ ਦੇ ਪ੍ਰਮੁੱਖ ਲੋਕ ਗੀਤ ਹਨ। ਧੀ ਵਾਲੇ ਘਰ ਸੁਹਾਗ ਗਾਏ ਜਾਂਦੇ ਹਨ ਅਤੇ ਮੁੰਡੇ ਵਾਲ਼ੇ ਘਰ ਘੋੜੀਆਂ ਗਾਉਣ ਦਾ ਰਿਵਾਜ ਹੈ। ਵਿਆਹ ਵਾਲੇ ਦਿਨ ਤੋਂ ਇਕ ਮਹੀਨਾ ਪਹਿਲਾਂ ਮੁੰਡੇ ਕੁੜੀ ਦੇ ਘਰਾਂ ਵਿੱਚ ਗਾਉਣ ਸ਼ੁਰੂ ਹੋ ਜਾਂਦਾ ਹੈ ਜਿਸ ਨੂੰ ਗਾਉਣ ਬਠਾਉਣਾ ਆਖਦੇ ਹਨ। ਰਾਤ ਸਮੇਂ ਰੋਟੀ ਟੁਕ ਨਬੇੜਨ ਮਗਰੋਂ ਗਲੀ ਗੁਆਂਢ ਅਤੇ ਸ਼ਰੀਕੇ ਦੀਆਂ ਕੁੜੀਆਂ ਤੇ ਤੀਵੀਆਂ ਵਿਆਹ ਵਾਲ਼ੇ ਘਰ ਆ ਕੇ ਘੋੜੀਆਂ ਤੇ ਸੁਹਾਗ ਗਾ ਕੇ ਆਪਣੇ ਦਿਲਾਂ ਦੇ ਗੁੱਭ ਗੁਭਾੜ ਕਢਦੀਆਂ ਹਨ। ਅਧੀ ਅਧੀ ਰਾਤ ਤਕ ਗੀਤਾਂ ਦੀ ਮਹਿਫਲ ਜੁੜੀ ਰਹਿੰਦੀ ਹੈ।
ਮੁੰਡੇ ਕੁੜੀ ਵਾਲੇ ਘਰ ਵਿਆਹ ਦੀਆਂ ਵਖ ਵਖ ਰੀਤਾਂ ਸਮੇਂ ਘੋੜੀਆਂ ਤੇ ਸੁਹਾਗ ਗਾਏ ਜਾਂਦੇ ਹਨ। ਆਮ ਕਰਕੇ ਸੁਹਾਗ ਤੇ ਘੋੜੀਆਂ ਜਨਾਨੀਆਂ ਜੋਟੇ ਬਣਾ ਕੇ ਗਾਉਂਦੀਆਂ ਹਨ। ਸਮੂਹਕ ਰੂਪ ਵਿੱਚ ਵੀ ਕਦੀ ਕਦੀ ਗਾ ਲੈਂਦੀਆਂ ਹਨ। ਇਹਨਾਂ ਤੋਂ ਬਿਨਾਂ ਹੋਰ ਗੀਤ ਵੀ ਗਾਏ ਜਾਂਦੇ ਹਨ ਜਿਨ੍ਹਾਂ ਨੂੰ ਸ਼ਗਨਾਂ ਦੇ ਗੀਤ ਆਖਦੇ ਹਨ।
ਸੁਹਾਗ ਅਤੇ ਘੋੜੀਆਂ ਔਰਤਾਂ ਦੇ ਮਨੋਭਾਵਾਂ ਦੀ ਤਰਜਮਾਨੀ ਕਰਨ ਵਾਲੇ ਗੀਤ ਹਨ। ਮਰਦ ਦੀ ਸਰਦਾਰੀ ਕਾਰਨ ਔਰਤ ਸਦੀਆਂ ਤੋਂ ਦਬੀ ਰਹੀ ਹੈ-ਪੇਕੇ ਘਰ ਵਿੱਚ ਉਸ ਨੂੰ ਕਈ ਇਕ ਪਰਿਵਾਰਕ ਅਤੇ ਸਮਾਜਕ ਬੰਦਸ਼ਾਂ ਦੇ ਘੇਰੇ ਵਿੱਚ ਰਹਿਣਾ ਪੈਂਦਾ ਹੈ ਉਹ ਅਪਣੇ ਮਨ ਦੀ ਗਲ ਖੋਹਲਕੇ ਨਾ ਅਪਣੇ ਬਾਬਲ ਨਾਲ਼ ਕਰ ਸਕਦੀ ਹੈ ਨਾ ਪਰਿਵਾਰ ਦੇ ਹੋਰ ਜੀਆਂ ਨਾਲ। ਸਹੁਰੇ ਘਰ ਵਿੱਚ ਵੀ ਉਸ ਨੂੰ ਸੈਆਂ ਸਮਾਜੀ ਬੰਦਸ਼ਾਂ ਦਾ ਸਾਹਮਣਾ ਕਰਾਨ ਪੈਂਦਾ ਹੈ। ਵਿਆਹ ਦੇ ਅਵਸਰ ਤੇ ਗਾਏ ਜਾਂਦੇ ਸੁਹਾਗ ਤੇ ਘੋੜੀਆਂ ਉਸ ਨੂੰ ਅਪਣੇ ਦਿਲਾਂ ਦੀ ਦਾਸਤਾਨ ਬਿਆਨ ਕਰਨ ਦਾ ਮੌਕਾ ਪ੍ਰਦਾਨ ਕਰਦੇ ਹਨ। ਘੋੜੀਆਂ ਤੇ ਸੁਹਾਗ ਪੰਜਾਬ ਦੇ ਸੱਭਿਆਚਾਰਕ ਤੇ ਸਮਾਜਕ ਇਤਿਹਾਸ ਦਾ ਮਹੱਤਵਪੂਰਨ ਕਾਂਡ ਹਨ।


ਪੰਜਾਬ ਵਿੱਚ ਆਏ ਹਰੇ ਇਨਕਲਾਬ ਕਾਰਨ ਪੰਜਾਬ ਦੇ ਸਮਾਜਕ ਜੀਵਨ ਵਿੱਚ ਢੇਰ ਸਾਰੀਆਂ ਤਬਦੀਲੀਆਂ ਵਾਪਰੀਆਂ ਹਨ ਜਿਸ ਦਾ ਪ੍ਰਭਾਵ ਵਿਆਹ ਦੀਆਂ ਰਸਮਾਂ ਤੇ ਵੀ ਪਿਆ ਹੈ। ਘੋੜੀਆਂ ਤੇ ਸੁਹਾਗ ਗਾਉਣ ਦੀ ਪਰੰਪਰਾ ਸਮਾਪਤ ਹੋ ਰਹੀ ਹੈ। ਹੌਲ਼ੀ ਹੌਲ਼ੀ ਇਹਨਾਂ ਨੂੰ ਗਾਉਣ ਵਾਲ਼ੀ ਪੀੜ੍ਹੀ ਮੁਕਦੀ ਜਾ ਰਹੀ ਹੈ, ਇਹ ਵੀ ਮੁਕ ਜਾਣਗੀਆਂ। ਸਾਡੀ ਨਵੀਂ ਪੀੜ੍ਹੀ ਅਪਣੇ ਵਿਰਸੇ ਤੋਂ ਕੋਹਾਂ ਦੂਰ ਭਜ ਰਹੀ ਹੈ।


ਘੋੜੀਆਂ


1
ਕੋਰੋ ਕੋਰੇ ਕਰੂਏ ਦੁੱਧ ਦਹੀਂ ਵੇ ਜਮਾਵਾਂ
ਸੁੱਖ ਲਧੜਿਆ ਵੀਰਾ
ਮਾਂ ਤੇਰੀ ਨੇ ਜ਼ਨਮ ਸਧਾਇਆ ਲਾਲ ਵੇ
ਕੋਰੋ ਕੋਰੇ ਕਰੂਏ ਦੁੱਧ ਦਹੀਂ ਵੇ ਜਮਾਵਾਂ
ਸੁੱਖ ਲਧੜਿਆ ਵੀਰਾ
ਨਾਨੀ ਤੇਰੀ ਨੇ ਜਨਮ ਸਧਾਇਆ ਲਾਲ ਵੇ
ਕੋਰੇ ਕੋਰੇ ਕਰੂਏ ਦੁੱਧ ਦਹੀਂ ਵੇ ਜਮਾਵਾਂ
ਸੁੱਖ ਲਧੜਿਆ ਵੀਰਾ
ਦਾਈ ਤੇਰੀ ਨੇ ਜਨਮ ਸਧਾਇਆ ਲਾਲ ਵੇ
2
ਧੰਨ ਧੰਨ ਵੇ ਵੀਰਾ ਮਾਂ ਤੇਰੀ
ਜਿਨ੍ਹੇ ਤੂੰ ਕੁੱਖ ਨਮਾਇਆ
ਰਾਜੇ ਜਨਕ ਦੇ ਘਰ ਸੀਤਾ ਜਨਮੀ
ਰਾਮ ਚੰਦਰ ਵਰ ਪਾਇਆ ਵੇ

ਧੰਨ ਧੰਨ ਵੇ ਵੀਰਾ ਦਾਈ ਤੇਰੀ
ਜੀਹਨੇ ਤੇਰਾ ਜਨਮ ਸਧਾਇਆ ਵੇ
ਰਾਜੇ ਜਨਕ ਦੇ ਘਰ ਸੀਤਾ ਜਨਮੀ
ਰਾਮ ਚੰਦਰ ਵਰ ਪਾਇਆ ਵੇ

ਧੰਨ ਧੰਨ ਵੇ ਵੀਰਾ ਭੈਣ ਤੇਰੀ
ਜੀਹਨੇ ਤੂੰ ਗੋਦ ਘਲਾਇਆ ਵੇ
ਰਾਜੇ ਜਨਕ ਦੇ ਘਰ ਸੀਤਾ ਜਨਮੀ
ਰਾਮ ਚੰਦਰ ਵਰ ਪਾਇਆ ਵੇ

ਧੰਨ ਧੰਨ ਵੇ ਵੀਰਾ ਭੁਆ ਤੇਰੀ
ਜੀਹਨੇ ਤੂੰ ਲਾਡ ਲਡਾਇਆ ਵੇ
ਰਾਜੇ ਜਨਕ ਦੇ ਘਰ ਸੀਤਾ ਜਨਮੀ
ਰਾਮ ਚੰਦਰ ਵਰ ਪਾਇਆ ਵੇ

3
ਸਿਰ ਨੀ ਬੰਨੇ ਦੇ ਚੀਰਾ ਨੀ ਬਣਦਾ
ਨਾਦਾਨ ਬੰਨੇ ਸਿਰੇ ਚੀਰਾ ਨੀ ਬਣਦਾ
ਹਾਂ ਨੀ ਇਹਦੇ ਚੀਰੇ ਨੇ
ਇਹਦੀ ਕਲਗੀ ਨੇ
ਬੰਦੀ ਦਾ ਮਨ ਮੋਹ ਲਿਆ ਨੀ ਮਾਏਂਂ
ਕੇਸਰ ਘੋਲ਼ ਮੈਂ ਰੰਗ ਬਣਾਵਾਂ
ਹਾਂ ਨੀ ਇਹ ਕੇਸਰ
ਹਾਂ ਨੇ ਇਹ ਕੇਸਰ
ਮਾਈਆਂ ਪਿਆਰੇ ਦੇ ਲਾਵੋ ਨੀ ਮਾਏਂ
ਕੇਸਰ ਕਾਲ਼ੇ
ਗਲ਼ ਨੀ ਬੰਨੇ ਦੇ ਕੈਂਠਾ ਨੀ ਬਣਦਾ
ਨਾਦਾਨ ਬੰਨੇ ਦੇ ਕੈਂਠਾ ਨੀ ਬਣਦਾ
ਇਹਦੇ ਕੈਂਠੇ ਨੇ
ਇਹਦੀ ਜੁਗਨੀ ਨੇ
ਬੰਦੀ ਦਾ ਮਨ ਮੋਹਿਆ ਨੀ ਮਾਏਂ
ਕੇਸਰ ਕਾਲ਼ੇ

ਕੇਸਰ ਘੋਲ ਮੈਂ ਰੰਗ ਬਣਾਵਾਂ
ਹਾਂ ਨੇ ਇਹ ਕੇਸਰ
ਹਾਂ ਨੀ ਇਹ ਕੇਸਰ
ਮਾਈਆਂ ਪਿਆਰੇ ਦੇ ਲਾਵੋ ਨੀ ਮਾਏਂਂ
ਕੇਸਰ ਕਾਲ਼ੇ
4
ਸਾਡੇ ਵਿਹੜੇ ਦਿਆ ਨਿੰਬੂਆ ਵੇ
ਤੇਰੀ ਠੰਡੜੀ ਠੰਡੜੀ ਛਾਂ
ਪੋਤਾ ਕੀਹਦਾ ਸੁਣੀਂਦਾ ਵੇ
ਕੀਹਨੇ ਧਰਿਆ ਸੀ ਨਾਂ

ਪੋਤਾ ਦਾਦੇ ਦਾ ਸੁਣੀਂਂਦਾ ਵੇ
ਜੀਹਨੇ ਧਰਿਆ ਸੀ ਨਾਂ
ਪੋਤਾ ਦਾਦੇ ਦਾ ਸੁਣੀਂਦਾ
ਰਾਜਾ ਧਰਿਆ ਸੀ ਨਾਂ

ਸਾਡੇ ਵਿਹੜੇ ਦਿਆ ਨਿੰਬੂਆ ਵੇ
ਤੇਰੀ ਠੰਡੜੀ ਠੰਡੜੀ ਛਾਂ
ਦੋਹਤਾ ਕੀਹਦਾ ਸੁਣੀਂਦਾ ਵੇ
ਕੀਹਨੇ ਧਰਿਆ ਸੀ ਨਾਂ


ਦੋਹਤਾ ਨਾਨੇ ਦਾ ਸੁਣੀਂਦਾ ਵੇ
ਜੀਹਨੇ ਧਰਿਆ ਸੀ ਨਾਂ
ਦੋਹਤਾ ਨਾਨੇ ਦਾ ਸੁਣੀਂਦਾ
ਰਾਜਾ ਧਰਿਆ ਸੀ ਨਾਂ

ਸਾਡੇ ਵਿਹੜੇ ਦਿਆ ਨਿੰਬੂਆ ਵੇ
ਤੇਰੀ ਠੰਡੜੀ ਠੰਡੜੀ ਛਾਂ
ਭਾਣਜਾ ਕੀਹਦਾ ਸੁਣੀਂਦਾ ਵੇ
ਕੀਹਨੇ ਧਰਿਆ ਸੀ ਨਾਂ

ਭਾਣਜਾ ਮਾਮੇ ਦਾ ਸੁਣੀਂਂਦਾ ਵੇ
ਜੀਹਨੇ ਧਰਿਆ ਸੀ ਨਾਂ
ਭਾਣਜਾ ਮਾਮੇ ਦਾ ਸੁਣੀਂਦਾ
ਰਾਜਾ ਧਰਿਆ ਸੀ ਨਾਂ

ਸਾਡੇ ਵਿਹੜੇ ਦਿਆ ਨਿੰਬੂਆ ਵੇ
ਤੇਰੀ ਠੰਡੜੀ ਠੰਡੜੀ ਛਾਂ
ਭਤੀਜਾ ਕੀਹਦਾ ਸੁਣੀਂਦਾ ਵੇ
ਕੀਹਨੇ ਧਰਿਆ ਸੀ ਨਾਂ

ਭਤੀਜਾ ਚਾਚੇ ਦਾ ਸੁਣੀਂਦਾ ਵੇ
ਜੀਹਨੇ ਧਰਿਆ ਸੀ ਨਾਂ
ਭਤੀਜਾ ਚਾਚੇ ਦਾ ਸੁਣੀਂਦਾ
ਰਾਜਾ ਧਰਿਆ ਸੀ ਨਾਂ
5
ਮੈਂ ਤੈਨੂੰ ਮਾਲਣੇ ਆਖਿਆ
ਉਠ ਸਵੇਰੇ ਵਿਹੜੇ ਆ
ਸਵੇਰੇ ਵਿਹੜੇ ਆਣ ਕੇ
ਬਾਗ ਤਲੇ ਫਿਰ ਆ
ਬਾਗ ਤਲੇ ਫਿਰ-ਆਣ ਕੇ
ਨੀ ਤੂੰ ਕਲੀਆਂ ਚੁਗ ਲਿਆ
ਕਲੀਆਂ ਨੂੰ ਲਿਆਇਕੇ
ਸਿਹਰਾ ਗੁੰਦ ਲਿਆ
ਸਿਹਰਾ ਗੁੰਦਾ ਗੁੰਦਾ ਕੇ
ਨੀ ਤੂੰ ਵੀਰਨ ਮੱਥੇ ਲਾ

6
ਵੇ ਵੀਰਾ ਹਰਾ ਸੀ ਫੁੱਲ ਗ਼ੁਲਾਬ ਦਾ
ਚੰਦਾ ਕਿਥੋਂ ਲਿਆਂਦਾ ਸੀ ਤੋੜ ਕੇ
ਨੀ ਬੀਬੀ ਹਰਾ ਸੀ ਫੁਲ ਗੁਲਾਬ ਦਾ
ਬਾਗੋਂ ਲਿਆਂਦਾ ਸੀ ਤੋੜ ਨੀ
ਵੀਰਾ ਕਿਹੜੇ ਦਾਦੇ ਦਾ ਤੂੰ ਪੋਤਰਾ
ਕੀ ਐ ਤੇਰਾ ਨਾਓਂ ਵੇ
ਨੀ ਬੀਬੀ ਬੱਡੇ ਦਾਦੇ ਦਾ ਮੈਂ ਪੋਤਰਾ
ਨੀ ਬੀਬਾ ਮੇਰਾ ਨਾਉਂ ਨੀ
7
ਧੋਬੀ ਦਾ ਬੇਟਾ ਤੇਰਾ ਮੀਤ ਵੀਰਾ
ਤੇਰਾ ਧੋ ਧੋ ਲਿਆਵੇ ਚੀਰਾ ਵੀਰਾ
ਤੂੰ ਪਹਿਨ ਦਲੀਜੇ ਬੈਠ ਚੰਦਾ ਵੇ
ਸੁਨਿਆਰੇ ਦਾ ਬੇਟਾ ਤੇਰਾ ਮੀਤ ਵੀਰਾ
ਤੇਰਾ ਘੜ ਘੜ ਲਿਆਵੇ ਕੈਂਠਾ ਵੀਰਾ
ਤੂੰ ਪਹਿਨ ਲੀਜੇ ਬੈਠ ਚੰਦਾ ਵੇ
8
ਚੀਰਾ ਤਾਂ ਵੀਰਾ ਤੇਰਾ ਲੱਖ ਦਾ
ਕਲਗੀ ਕਰੋੜ ਦੀ
ਤੇਰੇ ਪਹਿਨਣ ਦੀ ਕੀ ਸਿਫਤ ਕਰਾਂ
ਤੇਰੀ ਚਾਲ ਮਲੂਕਾਂ
ਤੇਰੀ ਰਹਿਤ ਨਵਾਬਾਂ ਦੀ
9
ਇਹਨੀ ਰਾਹੀਂ ਕਸੁੰਭੜਾ ਹੁਣ ਖਿੜਿਆ
ਇਹਨੀਂ ਰਾਹੀਂ ਮੇਰਾ ਵੀਰਨ ਹੁਣ ਤੁਰਿਆ
ਵੇ ਲਾਹੌਰੋਂ ਮਾਲਣ ਆਈ ਵੀਰਾ
ਤੇਰਾ ਸੇਹੀੜਾ ਗੁੰਦ ਲਿਆਈ ਵੀਰਾ
ਵੇ ਲਾਹੌਰੋਂ ਦਰਜਨ ਆਈ ਵੀਰਾ
ਤੇਰਾ ਜੋੜਾ ਸਿਊਂ ਲਿਆਈ ਵੀਰਾ
ਤੇਰੇ ਜੋੜੇ ਦਾ ਕੀ ਮੁੱਲ ਕੀਤਾ
ਇਕ ਲੱਖ ਤੇ ਡੇਢ ਹਜ਼ਾਰ ਵੀਰਾ
10
ਆਮਦੜੀਏ ਵੇ ਵੀਰਾ ਅਪਣੇ ਚੁਬਾਰੇ
ਤੇਰੀ ਮਾਂ ਰੁਪਿਯਾ ਬਾਰੇ
ਤੇਰੀ ਸੱਸ ਬੜੀ ਬਦਕਾਰ


ਉਧਲ ਆਈ ਕੁੜਮਾਂ ਨਾਲ
ਆਮਦੜੀਏ ਘਰ ਸੇਹੀੜੇ

ਆਮਦੜੀਏ ਵੀਰਾ ਅਪਣੀ ਹਵੇਲੀ
ਤੇਰੀ ਮਾਂ ਫਿਰੇ ਅਲਬੇਲੀ
ਤੇਰੀ ਸੱਸ ਬੜੀ ਬਦਕਾਰ
ਉਧਲ ਆਈ ਕੁੜਮਾਂ ਨਾਲ
ਆਮਦੜੀਏ ਘਰ ਸੇਹੀੜੇ
11
ਵੀਰਾ ਵੇ ਤੇਰੇ ਸਿਰ ਦਾ ਚੀਰਾ
ਚੰਦਾ ਵੇ ਤੇਰੇ ਸਿਰ ਦਾ ਚੀਰਾ
ਤੇਰੀ ਵੇ ਸੱਸ ਰਾਣੀ ਨੇ ਭੇਜਿਆ
ਵੀਰਾ ਵੇ ਤੇਰੇ ਗਲ਼ ਦਾ ਕੈਂਠਾ
ਚੰਦਾ ਵੇ ਤੇਰੇ ਗਲ਼ ਦਾ ਕੈਂਠਾ
ਤੇਰੀ ਵੇ ਸੱਸ ਰਾਣੀ ਨੇ ਭੇਜਿਆ
12
ਤੇਰੇ ਚੀਰੇ ਨੂੰ ਅਤਰ ਲਵਾ ਦਿੰਨੀ ਆਂ
ਤੂੰ ਪਹਿਨ ਵੇ ਵੀਰਾ
ਵੇ ਰਾਣੀ ਬੇਗ਼ਮ ਦਿਆ ਜਾਇਆ

ਤੇਰੇ ਚੀਰੇ ਨੂੰ ਅਤਰ ਲਵਾ ਦਿੰਨੀ ਆਂ
ਤੂੰ ਪਹਿਨ ਵੇ ਵੀਰਾ
ਵੇ ਰਾਜੇ ਬਾਬਲ ਦਿਆ ਜਾਇਆ
13
ਤੇਰਾ ਮੱਥਾ ਘਾੜੂ ਘੜਿਆ ਵੇ
ਤੇਰੇ ਸੋਨੇ ਵਰਗੇ ਕੇਸ ਵੇ
ਪਿਆਜੀ ਵੰਨਾ ਰੰਗ ਵੇ
ਤੇਰੀਆਂ ਅੱਖਾਂ ਅੰਬਾਂ ਦੀਆਂ ਫਾੜੀਆਂ ਵੇ
ਅਨਾਰ ਦਾ ਦਾਣਾ ਪਿਆਜੀ ਰੰਗਾ ਰੰਗ ਵੇ
ਤੇਰੇ ਅਨਾਰ ਦੇ ਦਾਣੇ ਦੰਦ ਵੇ
ਤੇਰਾ ਸੋਨੇ ਵਰਗਾ ਰੰਗ ਵੇ
ਅਨਾਰ ਦਾ ਦਾਣਾ ਪਿਆਜੀ ਰੰਗਾ ਰੰਗ ਵੇ
14
ਹੱਥ ਤਾਂ ਵੀਰਨ ਦੇ ਸੋਨੇ ਦਾ ਗੜਵਾ ਮੈਂ ਬਾਰੀ
ਹੱਥ ਤਾਂ ਪਹਿਨ ਕੇ ਸਹੁਰਿਆਂ ਨੂੰ ਜਾਣਾ ਵੇ



ਸਿਰ ਤਾਂ ਵੀਰਨ ਦੇ ਸ਼ਗਨਾਂ ਦਾ ਚੀਰਾ ਮੈਂ ਬਾਰੀ
ਸਿਰ ਤਾਂ ਪਹਿਨ ਕੇ ਸਹੁਰਿਆਂ ਨੂੰ ਜਾਣਾ ਵੇ
15
ਲੰਬਾ ਸੀ ਵਿਹੜਾ ਵੇ
ਵੀਰਨਾ ਵਿੱਚ ਮਰੂਏ ਦਾ ਬੂਟਾ ਵੇ
ਸੋਹਣਿਆਂ ਵਿੱਚ ਮਰੂਏ ਦਾ ਬੂਟਾ ਵੇ

ਬੂਟਾ ਬੂਟਾ ਵੇ ਵੀਰਨਾ
ਉਹਨੂੰ ਲੱਗੇ ਸੀ ਡੋਡੇ ਵੇ
ਡੋਡੇ ਡੋਡੇ ਵੇ ਵੀਰਾ
ਉਹਨੂੰ ਖਿੜੀਆਂ ਸੀ ਕਲੀਆਂ
ਸੋਹਣਿਆਂ ਉਹਨੂੰ ਖਿੜੀਆਂ ਸੀ ਕਲੀਆਂ
ਕਲੀਆਂ ਕਲੀਆਂ ਵੇ ਵੀਰਨਾ
ਤੇਰੇ ਸਾਫੇ ਨੂੰ ਜੜੀਆਂ ਵੇ
ਸੋਹਣਿਆ ਤੇਰੇ ਸਾਫੇ ਨੂੰ ਜੜੀਆਂ ਵੇ
ਜੜੀਆਂ ਜੜੀਆਂ ਵੇ ਵੀਰਨਾ
ਤੇਰੇ ਕੁੜਤੇ ਨੂੰ ਜੜੀਆਂ ਵੇ
16
ਸਵਾਲੇ ਦੇ ਹੱਥ ਛਾਬਾ ਵੀਰਾ
ਤੇਰੀ ਜੰਨ ਚੜ੍ਹੇ ਤੇਰਾ ਬਾਬਾ ਵੀਰਾ
ਵੇ ਸਵਾਲੇ ਦੇ ਹੱਥ ਸੋਟੀ ਵੀਰਾ
ਤੇਰੀ ਜੰਨ ਚੜ੍ਹੇ ਤੇਰੇ ਗੋਤੀ ਵੀਰਾ
17
ਅੱਜ ਦਾ ਦਿਨ ਸੁਲੱਖਣਾ
ਜੀ ਭਾਗਾਂ ਵਾਲ਼ਿਆਂ ਦੇ ਆਵੇ
ਵੀਰਾ ਤੇਰੇ ਬਾਬਲ ਦੇ ਮਨ ਚਾਅ
ਮਾਤਾ ਸ਼ਗਨ ਮਨਾਵੇ

ਅੱਜ ਦਾ ਦਿਨ ਸੁਲੱਖਣਾ
ਜੀ ਭਾਗਾਂ ਵਾਲਿਆਂ ਦੇ ਆਵੇ
ਵੀਰਾ ਤੇਰੇ ਮਾਮੇ ਦੇ ਮਨ ਸ਼ਾਦੀਆਂ
ਮਾਮੀ ਸ਼ਗਨ ਮਨਾਵੇ

ਅੱਜ ਦਾ ਦਿਨ ਸੁਲੱਖਣਾ
ਜੀ ਭਾਗਾਂ ਵਾਲ਼ਿਆਂ ਦੇ ਆਵੇ
ਵੀਰਾ ਜੀਜੇ ਦੇ ਮਨ ਚਾਅ
ਭੈਣ ਸ਼ਗਨ ਮਨਾਵੇ



18
ਆਓ ਸੱਈਓ ਨੀ ਰਲਮਿਲ ਗਾਓ ਸੱਈਓ
ਵੀਰੇ ਦੇ ਸ਼ਗਨ ਮਨਾ ਲਈਏ
ਭਾਈਆਂ ਦੇ ਵਿੱਚ ਵੀਰਾ ਐਂ ਸਜੇ
ਜਿਵੇਂ ਚੰਦ ਸਜੇ ਵਿੱਚ ਤਾਰਿਆਂ ਦੇ
ਕੱਪੜੇ ਵੀਰ ਦੇ ਕੇਸਰ ਰੰਗੇ
ਜੁੱਤੀ ਜੜੀ ਐ ਨਾਲ ਸਤਾਰਿਆਂ ਦੇ...
19
ਵੀਰਨ ਚੌਂਂਕੀ ਉਪਰੇ
ਵੇ ਇਹਦੀ ਮਾਂ ਸਦਾਵੋ
ਜੀਹਨੇ ਕੁੱਖ ਨਵਾਇਆ
ਘੋੜੀ ਲਿਆਵੋ ਰਾਜੇ ਰਾਮ ਦੀ ਵੇ ਹੋ
20
ਵੀਰਾ ਤੇਰੀ ਘੋੜੀ ਵੇ
ਘੁੰਗਰੂਆਂ ਦੀ ਜੋੜੀ ਵੇ
ਤੂੰ ਭਾਬੋ ਲਿਆਈਂ ਗੋਰੀ ਵੇ
21
ਵੀਰ ਵਿਆਹੁਣ ਚੱਲਿਆ
ਖੇੜੇ ਨੂੰ ਕਰੇ ਸਲਾਮ
ਸਿਹਰੇ ਗੁੰਦੇ ਨੂੰ ਗੁੰਦ ਲਿਆਓ
ਮਾਲਣ ਸੇਹੀੜੇ
ਖੇੜੇ ਨੇ ਸੀਸਾਂ ਦਿੱਤੀਆਂ
ਤੇਰਾ ਜੀਵੇ ਬਰਖੁਰਦਾਰ
ਗੁੰਦੇ ਨੀ ਗੁੰਦ ਲਿਆਓ
ਮਾਲਣ ਸੇਹੀੜੇ
22
ਆਂਗਣੇ ਚਿੱਕੜ ਕੀਹਨੇ ਕੀਤਾ
ਕੀਹਨੇ ਡੋਹਲਿਆ ਪਾਣੀ
ਦਾਦੇ ਦਾ ਪੋਤਾ ਨਾਵ੍ਹੇ ਧੋਵੇ
ਉਹਨੇ ਡੋਹਲਿਆ ਪਾਣੀ
ਬਾਬਲ ਦਾ ਬੇਟਾ ਨਾਵ੍ਹੇ ਧੋਵੇ
ਉਹਨੇ ਡੋਹਿਲਿਆ ਪਾਣੀ
23
ਇਕ ਸੀ ਘੋੜੀ ਵੀਰਾ ਰਾਵਲੀ
ਗੰਗਾ ਜਮਨਾ ਤੋਂ ਆਈ


ਆਣ ਬੰਨ੍ਹੀ ਬਾਬੇ ਬਾਰ ਮੈਂ
ਕੁਲ ਹੋਈ ਐ ਵਧਾਈ
ਬਾਗ ਪਕੜ ਵੀਰਨ ਚੜ੍ਹ ਗਿਆ
ਅਪਣੀ ਚਤਰਾਈ
ਅਟਣ ਬਟਣ ਉਹਦੇ ਕਪੜੇ
ਕੇਸਰ ਹੋਈ ਛੜਕਾਈ

ਇਕ ਸੀ ਘੋੜੀ ਵੀਰਾ ਰਾਵਲੀ
ਗੰਗਾ ਜਮਨਾ ਤੋਂ ਆਈ
ਆਣ ਬੰਨ੍ਹੀ ਬਾਬਲ ਬਾਰ ਮੈਂ
ਕੁਲ ਹੋਈ ਐ ਵਧਾਈ
ਬਾਗ ਪਕੜ ਵੀਰਨ ਚੜ੍ਹ ਗਿਆ
ਅਪਣੀ ਚਤਰਾਈ
ਅਟਣ ਬਟਣ ਉਹਦੇ ਕਪੜੇ
ਕੇਸਰ ਹੋਈ ਛੜਕਾਈ
24
ਘੋੜੀਆਂ ਵਕੇਂਦੀਆਂ ਵੀਰਾ ਜਮਨਾ ਤੇ ਪਾਰ ਵੇ
ਬਾਬਾ ਤੇਰਾ ਚੌਧਰੀ ਘੋੜੀ ਲਿਆ ਦਿਊ ਅੱਜ ਵੇ
ਘੋੜੀਆਂ ਸੰਜੋਗੀਆਂ ਘੋੜੀਆਂ ਤੂੰ ਮੰਗ ਵੇ
ਬਾਬਲ ਤੇਰਾ ਚਾਬਲਾ ਘੋੜੀ ਲਿਆ ਦਿਊ ਅੱਜ ਵੇ
25
ਵੇ ਵੀਰਾ ਤੇਰੀ ਨੀਲੀ ਵੇ ਘੋੜੀ
ਹਰੇ ਹਰੇ ਜੌਂ ਵੇ ਚੁਗੇ
ਦਾਦੀ ਸੁਪੱਤੀ ਤੇਰੇ ਸ਼ਗਨ ਕਰੇ
ਦਾਦਾ ਸੁਪੱਤਾ ਤੇਰੇ ਦੰਮ ਫੜੇ
ਰਾਧਾ ਵਿਆਹ ਘਰ ਆਉਣਾ ਵੇ
26
ਚੱਪੇ ਚੱਪੇ ਵੀਰਾ ਖੁਹ ਵੇ ਲਵਾਉਨੀ ਆਂ
ਘੋੜੀ ਤੇਰੀ ਨੂੰ ਵੀ ਜਲ ਵੇ ਛਕਾਉਂਨੀ ਆਂ
ਘੋੜੀ ਟੱਪੇ ਟੱਪੇ ਵੇ ਵੀਰਾ ਮਹਿਲੀਂ ਧਮਕ ਪਵੇ
ਚੱਪੇ ਚੱਪੇ ਵੀਰਾ ਚੱਕੀ ਵੇ ਲਵਾਉਨੀ ਆਂ
ਘੋੜਿਆਂ ਤੇਰਿਆਂ ਨੂੰ ਦਾਣਾ ਵੇ ਦਲਾਉਨੀ ਆਂ
ਘੋੜੀ ਟੱਪੇ ਟੱਪੇ ਮਹਿਲੀਂ ਧਮਕ ਪਵੇ
27
ਹਰੇ ਹਰੇ ਜੋ ਵੀਰਾ ਘੋੜੀ ਚੁਗੇ
ਪੈ ਗਈ ਲੰਬੜੇ ਰਾਹੀਂ ਬੀਬਾ


ਘੋੜੀ ਮਟਕ ਤੁਰੇ
ਦਾਦਾ ਤੇਰਾ ਜੰਨ ਚੜ੍ਹੇ
ਦਾਦੀ ਸੁਪੱਤੀ ਤੇਰੇ ਸ਼ਗਨ ਕਰੇ
ਹਰੇ ਹਰੇ ਜੋ ਵੀਰਾ ਘੋੜੀ ਚੁਗੇ
ਪੈ ਗਈ ਲੰਬੜੇ ਰਾਹੀਂ ਬੀਬਾ
ਘੋੜੀ ਮਟਕ ਤੁਰੇ
ਬਾਪ ਤੇਰਾ ਤੇਰੀ ਜੰਨ ਚੜ੍ਹੇ
ਮਾਂ ਸੁਪੱਤੀ ਤੇਰੇ ਸ਼ਗਨ ਕਰੇ ....
28
ਘੋੜੀ ਸੋਂਹਦੀ ਕਾਠੀਆਂ ਦੇ ਨਾਲ
ਕਾਠੀ ਡੇਢ ਤੇ ਹਜ਼ਾਰ
ਉਮਰਾਵਾਂ ਦੀ ਤੇਰੀ ਚਾਲ
ਮੈਂ ਬਲਿਹਾਰੀ ਵੇ ਮਾਂ ਦਿਆ ਸੁਰਜਣਾ

ਵਿੱਚ ਵਿੱਚ ਬਾਗਾਂ ਦੇ ਤੁਸੀਂ ਆਓ
ਚੋਟ ਨਗਾਰਿਆਂ ਤੇ ਲਾਓ
ਖਾਣਾ ਰਾਜਿਆਂ ਦਾ ਖਾਓ
ਮੈਂ ਬਲਿਹਾਰੀ ਵੇ ਮਾਂ ਦਿਆ ਸੁਰਜਣਾ

ਛੈਲ ਨਵਾਬਾਂ ਦੇ ਘਰ ਢੁਕਣਾ
ਸਰਦਾਰਾਂ ਦੇ ਘਰ ਢੁਕਣਾ
ਉਮਰਾਵਾਂ ਦੀ ਤੇਰੀ ਚਾਲ
ਮੈਂ ਬਲਿਹਾਰੀ ਵੇ ਮਾਂ ਦਿਆ ਸੁਰਜਣਾ

ਚੀਰਾ ਤੇਰਾ ਵੇ ਮੱਲਾ ਸੋਹਣਾ
ਬਣਦਾ ਕਲ਼ਗੀਆਂ ਦੇ ਨਾਲ਼
ਕਲ਼ਗੀ ਡੇਢ ਤੇ ਹਜ਼ਾਰ
ਮੈਂ ਬਲਿਹਾਰੀ ਵੇ ਮਾਂ ਦਿਆ ਸੁਰਜਣਾ

ਕੈਂਠਾ ਤੇਰਾ ਵੇ ਮੱਲਾ ਸੋਹਣਾ
ਬਣਦਾ ਜੁਗਨੀਆਂ ਦੇ ਨਾਲ਼
ਜੁਗਨੀ ਡੇਢ ਤੇ ਹਜ਼ਾਰ
ਮੈਂ ਬਲਿਹਾਰੀ ਵੇ ਮਾਂ ਦਿਆ ਸੁਰਜਣਾ

ਜਾਮਾ ਤੇਰਾ ਵੇ ਮੱਲਾ ਸੋਹਣਾ
ਬਣਦਾ ਤਣੀਆਂ ਦੇ ਨਾਲ਼
ਤਣੀ ਡੇਢ ਤੇ ਹਜ਼ਾਰਾਂ
ਮੈਂ ਬਲਿਹਾਰੀ ਵੇ ਮਾਂ ਦਿਆ ਸੁਰਜਣਾ



ਜੁੱਤੀ ਤੇਰੀ ਵੇ ਮੱਲਾ ਸੋਹਣੀ
ਬਾਹਵਾ ਜੜੀ ਤਿੱਲੇ ਦੇ ਨਾਲ਼
ਕੇਹੀ ਸੋਹਣੀ ਤੇਰੀ ਚਾਲ
ਮੈਂ ਬਲਿਹਾਰੀ ਵੇ ਮਾਂ ਦਿਆ ਸੁਰਜਣਾ
29
ਘੋੜੀ ਚੜ੍ਹਿਆ ਮਾਂ ਦਾ ਨੰਦ ਐ ਵੇ
ਜਿਉਂ ਤਾਰਿਆਂ ਦੇ ਵਿੱਚ ਚੰਦ ਐ ਵੇ
ਘੋੜੀ ਚੜ੍ਹ ਵੇ ਵੀਰਾ ਮੱਥੇ ਚੌਰ ਝੂਲੇ
ਘੋੜੀ ਚੜ੍ਹਿਆ ਦਾਦੇ ਦਾ ਪੋਤਾ ਵੇ
ਜਿਉਂ ਹਰਿਆਂ ਬਾਗਾਂ ਦਾ ਤੋਤਾ ਵੇ
ਵੇ ਵੀਰਾ ਤੇਰੀ ਘੋੜੀ
ਘੋੜੀ ਚੜ੍ਹ ਵੇ ਵੀਰਾ ਮੱਥੇ ਚੌਰ ਝੂਲੇ
ਘੋੜੀ ਚੜ੍ਹਿਆ ਭੈਣ ਦਾ ਭਾਈ ਐ ਵੇ
ਜਿਊਂ ਸੌਹਰੇ ਘਰ ਜਮਾਈ ਐ ਵੇ
ਵੇ ਵੀਰਾ ਤੇਰੀ ਘੋੜੀ
ਘੋੜੀ ਚੜ੍ਹ ਵੇ ਵੀਰਾ ਮੱਥੇ ਚੌਰ ਝੂਲੇ
30
ਅਰਜਨ ਘੋੜੀ ਬੀਬਾ ਸੁਰਜਣ ਘੋੜੀ ਵੇ
ਕਿਹੜੇ ਸੁਦਾਗਰ ਮੁਲ ਪੁਆਇਆ ਵੇ
ਅਰਜਨ ਘੋੜੀ ਬੀਬੀ ਸੁਰਜਣ ਘੋੜੀ
ਬਾਬਲ ਸੁਦਾਗਰ ਮੁੱਲ ਪੁਆਇਆ ਵੇ
31
ਜੇ ਵੀਰਾ ਤੇਰੀ ਨੀਲੀ ਵੇ ਘੋੜੀ
ਬਾਗ ਚਰ ਘਰ ਆਵੇ
ਜੇ ਵੀਰਾ ਤੇਰਾ ਉੱਚਾ ਵੇ ਬੰਗਲਾ
ਬਾਲ ਚੁਫੇਰੇ ਦੀ ਆਵੇ
ਜੇ ਵੀਰਾ ਤੇਰੀ ਪਤਲੀ ਵੇ ਨਾਜੋ
ਸੱਗੀਆਂ ਦੇ ਨਾਲ਼ ਸੁਹਾਵੇ
ਜੇ ਵੀਰਾ ਤੇਰੀ ਨੀਲੀ ਵੇ ਘੋੜੀ
ਬਾਗ ਚਰ ਘਰ ਆਵੇ
32
ਅੰਦਰੋਂ ਬੰਨਾ ਲਟਕੇਂਦਾ ਨੀ ਨਿਕਲਿਆ
ਉਹਦੀ ਮਾਓਂ ਨੇ ਹੈਂਕਲ ਘੋੜੀ ਪਕੜ ਲਈ
ਜਿੱਦਣ ਦਾ ਵੀਰਾ ਤੇਰਾ ਜਰਮ ਐਂ
ਓਦਣ ਦਾ ਖਰਚਾ ਘੋੜੀ ਦੇ ਕੇ ਚੜ੍ਹੀਂਂ


ਅੰਦਰੋਂ ਬੰਨਾ ਲਟਕੇਂਦਾ ਨੀ ਨਿਕਲਿਆ
ਉਹਦੀ ਦਾਦੀ ਨੇ ਹੈਂਕਲ ਘੋੜੀ ਪਕੜ ਲਈ
ਜਿੱਦਣ ਦਾ ਵੀਰਾ ਤੇਰਾ ਜਰਮ ਐਂ
ਓਦਣ ਦਾ ਖਰਚਾ ਘੋੜੀ ਦੇ ਕੇ ਚੜ੍ਹੀਂਂ
33
ਨਿੱਕੀ ਨਿੱਕੀ ਬੂੰਦੀਂ ਨਿੱਕਿਆ ਮੀਂਹ ਵੇ ਵਰ੍ਹੇ
ਵੇ ਨਿੱਕਿਆ, ਮਾਂ ਵੇ ਸੁਹਾਗਣ ਤੇਰੇ ਸ਼ਗਨ ਕਰੇ
ਮਾਂ ਵੇ ਸੁਹਾਗਣ ਤੇਰੇ ਸ਼ਗਨ ਕਰੇ ਵੇ ਨਿੱਕਿਆ
ਦੰਮਾਂ ਦੀ ਬੋਰੀ ਤੇਰਾ ਬਾਬਾ ਫੜੇ
ਦੰਮਾਂ ਦੀ ਬੋਰੀ ਤੇਰਾ ਬਾਬਾ ਫੜੇ ਵੇ ਨਿੱਕਿਆ
ਹਾਥੀਆਂ ਦੇ ਸੰਗਲ ਤੇਰਾ ਬਾਪ ਫੜੇ
ਭੈਣ ਸੁਹਾਗਣ ਤੇਰੀ ਬਾਗ ਫੜੇ ਵੇ ਨਿੱਕਿਆ
ਪੀਲ਼ੀ-ਪੀਲ਼ੀ ਦਾਲ਼ ਤੇਰੀ ਘੋੜੀ ਚਰੇ
ਪੀਲ਼ੀ-ਪੀਲ਼ੀ ਦਾਲ਼ ਤੇਰੀ ਘੋੜੇ ਚਰੇ ਵੇ ਨਿੱਕਿਆ
ਭਾਬੀ ਸੁਹਾਗਣ ਤੈਨੂੰ ਸੁਰਮਾ ਪਾਵੇ
ਭਾਬੀ ਸੁਹਾਗਣ ਤੈਨੂੰ ਸੁਰਮਾ ਪਾਵੇ ਵੇ ਨਿੱਕਿਆ
ਰੱਤਾ ਰੱਤਾ ਡੋਲ਼ਾ ਮਹਿਲੀਂ ਆਣ ਬੜੇ
ਰੱਤਾ ਰੱਤਾ ਡੋਲ਼ਾ ਮਹਿਲੀਂ ਆਣ ਬੜੇ ਵੇ ਨਿੱਕਿਆ
ਮਾਂ ਵੇ ਸੁਹਾਗਣ ਪਾਣੀ ਵਾਰ ਪੀਵੇ
34
ਪਾਣੀ ਵਾਰ ਬੰਨੇ ਦੀਏ ਮਾਂਏਂ
ਬੰਨਾ ਬਾਹਰ ਖੜਾ
ਬੰਨਾ ਆਪਣੀ ਬੰਨੋ ਦੇ ਚਾਅ
ਬੰਨਾ ਬਾਹਰ ਖੜਾ
ਪਾਣੀ ਵਾਰ ਬੰਨੇ ਦੀਏ ਮਾਂਏਂ
ਨੀ ਬੰਨਾ ਬਾਹਰ ਖੜਾ
ਸੁੱਖਾਂ ਸੁਖਦੀ ਨੂੰ ਆਹ ਦਿਨ ਆਏ
ਪਾਣੀ ਵਾਰ ਬੰਨੇ ਦੀਏ ਮਾਂਏਂ
ਬੰਨਾ ਬਾਹਰ ਖੜਾ

ਸੁਹਾਗ

1
ਬੀਬੀ ਦਾ ਜਰਮਿਆਂ
ਬੀਬੀ ਦੇ ਬਾਬੇ ਨੇ ਸੁਣਿਆਂ
ਬੈਠਾ ਸੀਸ ਨਿਵਾ
ਤੂੰ ਕਿਉਂ ਬੈਠਾ ਬਾਬਾ ਸੀਸ ਨਿਵਾ
ਮੈਂ ਤਾਂ ਆਈ ਆਂ ਲੇਖ ਲਖਾ

ਬੀਬੀ ਦਾ ਜਰਮਿਆਂ
ਬੀਬੀ ਦੇ ਬਾਬਲ ਨੇ ਸੁਣਿਆਂ
ਬੈਠਾ ਸੀਸ ਨਿਵਾ
ਤੂੰ ਕਿਉਂ ਬੈਠਾ ਬਾਬਲ ਸੀਸ ਨਿਵਾ
ਮੈਂ ਤਾਂ ਆਈ ਆਂ ਲੇਖ ਲਖਾ

ਬੀਬੀ ਦਾ ਜਰਮਿਆਂ
ਬੀਬੀ ਦੇ ਮਾਮੇ ਨੇ ਸੁਣਿਆਂ
ਬੈਠਾ ਸੀਸ ਨਿਵਾ
ਤੂੰ ਕਿਉਂ ਬੈਠਾ ਮਾਮਾ ਸੀਸ ਨਿਵਾ
ਮੈਂ ਤਾਂ ਆਈ ਆਂ ਲੇਖ ਲਖਾ
2
ਵਰ ਜੁ ਟੋਲਣ ਚੱਲਿਆ ਪਿਓ ਮੇਰਿਆ
ਰਾਜੇ ਬਨਸੀਆ
ਪੱਲੇ ਬੰਨ੍ਹ ਲੈ ਬਾਬਲਾ ਦੰਮ ਵੇ
ਚੋਪੜ ਖੇਲਦੇ ਦੋ ਜਣੇ
ਪਿਓ ਮੇਰਿਆ ਰਾਜੇ ਬੰਸੀਆ ਵੇ
ਇਕੋ ਜੇਹੀੜੇ ਛੈਲ ਵੇ
ਇਕ ਦੇ ਹੱਥ ਬੰਸਰੀ
ਦੂਜੇ ਹੱਥ ਮੋਰ ਵੇ
ਬੱਜਣ ਲੱਗੀ ਬੰਸਰੀ
ਕੂਕਣ ਲੱਗੇ ਮੋਰ ਵੇ
ਗੋਰਾ ਗੋਰਾ ਮੈਂ ਵਰਾਂ
ਕਾਲ਼ੇ ਜੇਹੀੜੇ ਕੋਈ ਹੋਰ ਵੇ

3
ਉਰੇ ਨਾ ਟੋਲ਼ੀਂ ਬਾਬਾ ਪਰੇ ਨਾ ਟੋਲ਼ੀਂ
ਟੋਲ਼ੀਂ ਵੇ ਬਾਬਾ ਧੁਰ ਜਗਰਾਵੀਂ
ਸੱਸ ਵੀ ਟੋਲ਼ੀਂ ਬਾਬਾ ਸਹੁਰਾ ਵੀ ਟੋਲ਼ੀਂ ਵੇ
ਟੋਲ਼ੀਂ ਸਭ ਪਰਿਵਾਰੇ
ਸੱਸ ਵੀ ਟੋਲ਼ੀਂ ਬੀਬੀ ਸਹੁਰਾ ਵੀ ਟੋਲ਼ਿਆ ਨੀ
ਟੋਲ਼ਿਆ ਨੀ ਸਭ ਪਰਿਵਾਰੇ
ਜੇਠ ਵੀ ਟੋਲ਼ੀਂ ਬਾਬਾ ਜਠਾਣੀ ਵੀ ਟੋਲ਼ੀਂ ਵੇ
ਟੋਲ਼ੀਂ ਸਭ ਪਰਿਵਾਰੇ
ਜੇਠ ਵੀ ਟੋਲ਼ਿਆ ਬੀਬੀ ਜਠਾਣੀ ਵੀ ਟੋਲ਼ੀਂ ਨੀ
ਟੋਲ਼ਿਆ ਸਭ ਪਰਿਵਾਰੇ
ਨਣਦ ਵੀ ਟੋਲ਼ੀਂ ਬਾਬਾ ਨਣਦੋਈਆ ਵੀ ਟੋਲ਼ੀਂ
ਟੋਲ਼ੀ ਸਭ ਪਰਿਵਾਰੇ
ਨਣਦ ਵੀ ਟੋਲ਼ੀਂ ਬੀਬੀ ਨਣਦੋਈਆ ਵੀ ਟੋਲ਼ਿਆ ਨੀ
ਟੋਲ਼ਿਆ ਸਭ ਪਰਿਵਾਰੇ
4
ਦਈਂ ਵੇ ਬਾਬਲਾ ਓਸ ਘਰੇ
ਜਿੱਥੇ ਸੱਸ ਭਲੀ ਪਰਧਾਨ
ਤੇ ਸਹੁਰਾ ਠਾਣੇਦਾਰ ਹੋਵੇ
ਸੱਸ ਨੂੰ ਸੱਦਣ ਸ਼ਰੀਕਣੀਆਂ
ਸਹੁਰਾ ਕਚਿਹਰੀ ਦਾ ਮਾਲਕ
ਬਾਬਲ ਤੇਰਾ ਪੁੰਨ ਹੋਵੇ
ਤੇਰਾ ਦਿੱਤੜਾ ਦਾਨ ਪਰਵਾਨ
ਬਾਬਲਾ ਤੇਰਾ ਪੁੰਨ ਹੋਵੇ

ਦਈਂ ਵੇ ਬਾਬਲਾ ਓਸ ਘਰੇ
ਜਿੱਥੇ ਸੱਸੂ ਦੇ ਬਾਹਲੜੇ ਪੁੱਤ
ਬਾਬਲਾ ਤੇਰਾ ਪੁੰਨ ਹੋਵੇ
ਇਕ ਮੰਗਦੀ ਇਕ ਵਿਆਂਮਦੀ
ਮੈਂ ਸ਼ਾਦੀਆਂ ਵੇਖਾਂ ਗੀ ਨਿੱਤ
ਬਾਬਲ ਤੇਰਾ ਪੁੰਨ ਹੋਵੇ

ਦਈਂ ਵੇ ਬਾਬਲਾ ਓਸ ਘਰੇ
ਜਿੱਥੇ ਕਾਲ਼ੀਆਂ ਬੂਰੀਆਂ ਸੱਤ
ਮੈਂ ਇਕ ਚੋਮਦੀ, ਇਕ ਜਮਾਂਮਦੀ
ਮੇਰਾ ਚਾਟੀਆਂ ਦੇ ਵਿੱਚ ਹੱਥ
ਬਾਬਲਾ ਤੇਰਾ ਪੁੰਨ ਹੋਵੇ



ਦਈਂ ਵੇ ਬਾਬਲਾ ਓਸ ਘਰੇ
ਜਿੱਥੇ ਘਾੜਤ ਘੜੇ ਸੁਨਿਆਰ
ਮੈਂ ਇਕ ਪਾਂਮਦੀ, ਇਕ ਲਾਂਹਮਦੀ
ਮੇਰਾ ਡੱਬਿਆਂ ਦੇ ਵਿੱਚ ਹੱਥ
ਬਾਬਲਾ ਤੇਰਾ ਪੁੰਨ ਹੋਵੇ

ਦਈਂ ਵੇ ਬਾਬਲਾ ਓਸ ਘਰੇ
ਜਿੱਥੇ ਦਰਜੀ ਸੀਵੇ ਪੱਟ
ਇਕ ਪਾਮਾਂ ਇਕ ਰੰਗਾਮਾਂ
ਵੇ ਮੇਰਾ ਸੰਦੂਖਾਂ ਦੇ ਵਿੱਚ ਹੱਥ
ਬਾਬਲਾ ਤੇਰਾ ਪੁੰਨ ਹੋਵੇ
ਤੇਰਾ ਹੋਵੇ ਵੱਡੜਾ ਜੱਸ
ਬਾਬਲ ਤੇਰਾ ਪੁੰਨ ਹੋਵੇ
5
ਮੈਂ ਤੈਨੂੰ ਵਰਜਦੀ ਬਾਬਲਾ ਵੇ
ਧੀਆਂ ਦੂਰ ਨਾ ਦਈਏ
ਦੂਰਾਂ ਦੀਆਂ ਵਾਟਾਂ ਲੰਮੀਆਂ
ਵੇ ਸਾਥੋਂ ਤੁਰਿਆ ਨਾ ਜਾਵੇ
ਤੁਰਦੀ ਆਂ ਛਮ ਛਮ ਰੋਨੀ ਆਂ
ਵੇ ਨੈਣੀਂ ਨੀਂਦ ਨਾ ਆਵੇ

ਮੈਂ ਤੈਨੂੰ ਵਰਜਦੀ ਵੀਰਨਾ ਵੇ
ਭੈਣਾਂ ਦੂਰ ਨਾ ਦਈਏ
ਦੂਰਾਂ ਦੀਆਂ ਵਾਟਾਂ ਲੰਮੀਆਂ
ਵੇ ਸਾਥੋਂ ਤੁਰਿਆ ਨਾ ਜਾਵੇ
ਤੁਰਦੀ ਆਂ ਛਮ ਛਮ ਰੋਨੀ ਆਂ
ਵੇ ਨੈਣੀਂ ਨੀਂਦ ਨਾ ਆਵੇ
6
ਲੰਬੀਏ ਨੀ ਲੰਝੀਏ ਲਾਲ ਖਜੂਰੇ
ਕੀਹਨੇ ਵਰ ਟੋਲ਼ਿਆ ਨੀ ਦੂਰੇ
ਬਾਬਲ ਤਾਂ ਮੇਰਾਂ ਦੇਸਾਂ ਦਾ ਰਾਜਾ
ਜੀਹਨੇ ਵਰ ਟੋਲ਼ਿਆ ਨੀ ਦੂਰੇ

ਲੰਬੀਏ ਨੀ ਲੰਝੀਏ ਲਾਲ ਖਜੂਰੇ
ਕੀਹਨੇ ਵਰ ਟੋਲ਼ਿਆ ਨੀ ਦੂਰੇ


ਵੀਰਨ ਮੇਰਾ ਰਾਜੇ ਦਾ ਨੌਕਰ
ਜੀਹਨੇ ਵਰ ਟੋਲ਼ਿਆ ਨੀ ਦੂਰੇ
7
ਕਿਹੜੇ ਵੇ ਸ਼ਹਿਰ ਦਿਆ ਰਾਜਿਆ
ਮਾਲੀ ਬਾਗ਼ ਵੇ ਲਵਾਇਆ
ਕਿਹੜੇ ਵੇ ਸ਼ਹਿਰ ਦੇ ਰਾਜੇ
ਕੰਨਿਆਂ ਨੂੰ ਵਿਆਹੁਣ ਆਏ
ਮਾਦਪੁਰ ਸ਼ਹਿਰ ਦੇ ਰਾਜੇ
ਮਾਲੀ ਬਾਗ਼ ਵੇ ਲਵਾਇਆ
ਬੇਗੋਵਾਲ ਦਾ ਰਾਜਾ
ਕੰਨਿਆਂ ਨੂੰ ਵਿਆਹੁਣ ਵੇ ਆਇਆ
8
ਬੀਬੀ ਦਾ ਬਾਬਲ ਚਤੁਰ ਸੁਣੀਂਂਦਾ
ਪਰਖ ਵਰ ਟੋਲ਼ਿਆ
ਕਾਗਤਾਂ ਦਾ ਲਖਊਆ
ਰੁਪਈਆ ਉਹਦਾ ਰੋਜ਼ ਦਾ
ਦਿੱਲੀ ਦਾ ਏ ਰਾਜਾ
ਮੁਹੱਲੇ ਦਾ ਚੌਧਰੀ
ਹਾਥੀ ਤਾਂ ਝੂਲਣ ਉਹਦੇ ਬਾੜੇ
ਘੋੜੇ ਤਾਂ ਹਿਣਕਣ ਧੌਲਰੀਂ
ਬੀਬੀ ਦਾ ਬਾਬਲ ਚਤੁਰ ਸੁਣੀਂਦੀ
ਪਰਖ ਵਰ ਟੋਲ਼ਿਆ
9
ਸਿੰਜੀੰ ਵੇ ਬਾਬਲ ਧਰਮ ਕਿਆਰੀਆਂ
ਜੋੜੀਂ ਵੇ ਬਾਬਾ ਹਾਰੀ ਹਲਟ
ਸਿੰਜੀ ਧਰਮ ਕਿਆਰੀਆਂ
ਜੋੜਿਆ ਨੀ ਬੇਟੀ ਹਾਰੀ ਹਲਟ
ਮੇਰੀ ਲਾਡਲੀ
ਸਿੰਜੀਆਂ ਧਰਮ ਕਿਆਰੀਆਂ
ਕਿਥੋਂ ਵੇ ਬਾਬਾ ਆਈ ਮੇਰੀ ਜੰਨ
ਕਿਥੇ ਸਿਰੀ ਰੰਗ ਆਪ ਐ
ਨੀਵੇਓਂ ਨੀ ਆਈ ਬੇਟੀ ਤੇਰੀ ਜੰਨ
ਮੇਰੀ ਲਾਡਲੀ
ਉੱਚਿਓਂ ਨੀ ਸਿਰੀ ਰੰਗ ਆਪ
ਕਿੱਥੇ ਵੇ ਉਤਰੀ ਬਾਬਾ ਮੇਰੀ ਜੰਨ
ਕਿੱਥੇ ਸ਼੍ਰੀ ਰੰਗ ਆਪ ਐ



ਮਹਿਲੀਂ ਨੀ ਉਤਰੀ ਤੇਰੀ ਜੰਨ
ਤੰਬੂਏਂ ਸਿਰੀ ਰੰਗ ਆਪ ਐ
ਦੇਏਓ ਦੇ ਨਾਈਓ ਥਾਲੀਆਂ ਕਟੋਰੇ
ਪੀਵਣਗੇ ਹਰੀ ਜੀ ਦੇ ਜਾਨੀ
ਪਾਇਓ ਵੇ ਵੀਰੋ ਸੀਰਨੀ
ਖਾਵਣਗੇ ਹਰੀ ਜੀ ਦੇ ਜਾਨੀ
10
ਉੱਪਰ ਤਾਂ ਬਾੜੇ ਤੈਨੂੰ ਸਦ ਹੋਈ
ਸਾਲੂ ਵਾਲ਼ੀਏ ਨੀਂ
ਆਣ ਕੇ ਸਾਹਾ ਨੀ ਸਧਾ
ਦਿਲਾਂ ਵਿੱਚ ਵਸ ਰਹੀਏ
ਸਾਹਾ ਸਧਾਵਣ ਨਾਈ ਬਾਹਮਣ
ਚੀਰੇ ਵਾਲ਼ਿਆ
ਜਿਨ੍ਹਾਂ ਨੇ ਲੈਣਾ ਤੈਥੋਂ ਲਾਗ
ਦਿਲਾਂ ਵਿੱਚ ਵਸ ਰਹੀਏ
11
ਉਠ ਸਵੇਰੇ ਮੈਂ ਪਾਧੇ ਦੇ ਜਾਵਾਂ
ਆਪਣੇ ਬਨੇਰੇ ਦਾ ਮੈਂ ਸਾਹਾ ਸਧਾਵਾਂ
ਨੰਦ ਜੀ ਦੀ ਬੰਸਰੀ ਸੌਣੇ ਨਾ ਦੇਵੇ
ਪਲਕਾਂ ਲਗਣੇ ਨਾ ਦੇਵੇ
ਨੰਦ ਜੀ ਦੀ ਬੰਸਰੀ

ਉਠ ਸਵੇਰੇ ਮੈਂ ਦਰਜੀ ਦੇ ਜਾਵਾਂ
ਆਪਣੇ ਬਨਰੇ ਦਾ ਮੈਂ ਸੂਟ ਸਮਾਵਾਂ
ਨੰਦ ਜੀ ਦੀ ਬੰਸਰੀ ਸੌਣੇ ਨਾ ਦੇਵੇ
ਪਲਕਾਂ ਲਗਣ ਨਾ ਦੇਵੇ

ਉਠ ਸਵੇਰੇ ਮੈਂ ਲਲਾਰੀ ਦੇ ਜਾਵਾਂ
ਆਪਣੇ ਬਨਰੇ ਦਾ ਮੈਂ ਚੀਰਾ ਰੰਗਾਵਾਂ
ਨੰਦ ਜੀ ਦੀ ਬੰਸਰੀ ਸੌਣੇ ਨਾ
ਦੇਵੇ ਪਲਕਾਂ ਲਗਣ ਨਾ ਦੇਵੇ
ਨੰਦ ਜੀ ਦੀ ਬੰਸਰੀ
12
ਬੇਦੀ ਦੇ ਅੰਦਰ ਮੇਰਾ ਬਾਬਾ ਬੁਲਾਵੇ
ਸੱਦਿਆਂ ਬਾਝ ਕਿਉਂ ਨੀ ਆਉਂਦਾ
ਵੇ ਰੰਗ ਰੱਤੜਿਆ ਕਾਨ੍ਹਾਂ


ਗਊਆਂ ਦੇ ਦਾਨ ਪਾਧੇ ਪੰਡਤ ਲੈਂਦੇ
ਧੀਆਂ ਦੇ ਦਾਨ ਜਮਾਈ
ਵੇ ਰੰਗ ਰੱਤੜਿਆ ਕਾਨ੍ਹਾ
ਦਿਤੜੇ ਦਾਨ ਕਿਉਂ ਨੀ ਲੈਂਦਾ
ਵੇ ਰੰਗ ਰੱਤੜਿਆ ਕਾਨ੍ਹਾ
13
ਬੇਦੀ ਦੇ ਅੰਦਰ ਮੇਰਾ ਬਾਬਾ ਬੈਠਾ
ਉੱਤੇ ਹੀ ਕਾਹਨ ਸੀ ਆਇਆ
ਵੇ ਮੈਂ ਸ਼ਰਮੀਂ ਮਰ ਮਰ ਜਾਵਾਂ
ਕਾਹਨਾ ਤਾਹੀਓਂ ਕੁਲ ਜੁਗ ਆਇਆ
14
ਆਪਣੇ ਬੰਨੇ ਨੂੰ ਮੈਂ ਦੇਖ ਆਈ
ਚਤਰ ਬੰਨੇ ਨੂੰ ਮੈਂ ਦੇਖ ਆਈ
ਜਾਲੀ ਦੀ ਓਟ ਮਾਂ
ਸੁਰਮਾ ਮੈਂ ਪਾ ਆਈ
ਸ਼ੀਸ਼ਾ ਦਖਲਾ ਆਈ
ਚੀਰਾ ਬਨ੍ਹਾ ਆਈ
ਜਾਲੀ ਦੀ ਓਟ ਮਾਂ
ਅਪਣੇ ਬੰਨੇ ਨੂੰ ਮੈਂ ਦੇਖ ਆਈ
ਚਤਰ ਬੰਨੇ ਨੂੰ ਮੈਂ ਦੇਖ ਆਈ
ਜਾਲੀ ਦੀ ਓਟ ਮਾਂ
ਕੈਂਠਾ ਪਵਾ ਆਈ
ਵਰਦੀ ਪਵਾ ਆਈ
ਘੋੜੀ ਚੜ੍ਹਾ ਆਈ
ਜਾਲੀ ਦੀ ਓਟ ਮਾਂ
ਅਪਣੇ ਬੰਨੇ ਨੂੰ ਮੈਂ ਦੇਖ ਆਈ
ਚਤਰ ਬੰਨੇ ਨੂੰ ਦੇਖ ਆਈ
ਜਾਲੀ ਦੀ ਓਟ ਮਾਂ
15
ਬੀਬੀ ਬਾਹਰ ਖੇਡਣ ਮੱਤ ਜਾਇਓ
ਸੱਜਨ ਘਰ ਆਉਣਗੇ
ਮੈਂ ਤਾਂ ਲੁਕਜੂੰ ਬਾਬੇ ਜੀ ਦੀ ਗੋਦ
ਜਦੋਂ ਸੱਜਨ ਘਰ ਆਉਣਗੇ

ਬੀਬੀ ਬਾਹਰ ਖੇਡਣ ਮੱਤ ਜਾਇਓ
ਸੱਜਣ ਘਰ ਆਉਣਗੇ

ਮੈਂ ਤਾਂ ਲੁਕਜੂੰ ਦਾਦੀ ਜੀ ਦੀ ਗੋਦ
ਜਦੋਂ ਸੱਜਣ ਘਰ ਆਉਣਗੇ

ਬਾਹਰ ਬੀਬੀ ਖੇਡਣ ਮੱਤ ਜਾਇਓ
ਸੱਜਣ ਘਰ ਆਉਣਗੇ
ਮੈਂ ਤਾਂ ਲੁਕਜੂੰ ਬਾਬਲ ਜੀ ਦੀ ਗੋਦ
ਜਦੋਂ ਸੱਜਣ ਘਰ ਆਉਣਗੇ
16
ਉੱਚਾ ਸੀ ਬੁਰਜ ਲਾਹੌਰ ਦਾ
ਵੇ ਬੋਪਾਂ ਪਾਣੀ ਨੂੰ ਗਈ ਆ
ਜਦ ਬੋਪਾਂ ਪਾਨੜਾ ਭਰ ਮੁੜੀ
ਰਣ ਸਿੰਘ ਪਲੜਾ ਚੱਕਿਆ ਵੇ
ਨਾ ਚੱਕੀਂ ਪੱਲੜਾ ਰਣ ਸਿਆਂ
ਬੋਪਾਂ ਜਾਤ ਕੁਜਾਤੇ

ਰਣ ਸਿਓਂ ਪੁੱਛਦਾ ਪਾਂਧੇ ਤੇ ਪੰਡਤਾਂ ਨੂੰ
ਵੇ ਬੋਪਾਂ ਕੀਹਦੀ ਐ ਜਾਈ
ਪਾਂਧੇ ਤੇ ਪੰਡਤ ਸੱਚ ਦੱਸਿਆ
ਵੇ ਬੋਪਾਂ ਰਾਜੇ ਦੀ ਜਾਈ

ਸਦਿਓ ਬਾਬਲ ਦੇ ਪਾਂਧੇ ਨੂੰ
ਵੇ ਮੇਰਾ ਸਾਹਾ ਸਧਾਇਓ ਵੇ
ਸਦਿਓ ਬਾਬਲ ਦੇ ਨਾਈ ਨੂੰ
ਵੇ ਮੇਰੀ ਚਿੱਠੀ ਤੁਰਾਇਓ ਵੇ
ਸਦਿਓ ਬਾਬਲ ਦੇ ਸੁਨਿਆਰੇ ਨੂੰ
ਵੇ ਮੇਰਾ ਗਹਿਣਾ ਘੜਾਇਓ ਵੇ
ਸਦਿਓ ਬਾਬਲ ਦੇ ਦਰਜੀ ਨੂੰ
ਮੇਰਾ ਸੂਟ ਸਮਾਇਓ ਵੇ
ਸਦਿਓ ਮੇਰੇ ਬਾਬਲ ਦੇ ਮੋਚੀ ਨੂੰ
ਮੇਰਾ ਜੋੜਾ ਸਮਾਇਓ ਵੇ
17
ਅੰਬਾਂ ਹੇਠਾਂ ਬੀਬੀ ਝੂਟਦੀਏ
ਬੰਜਾਰੜੇ ਆਏ
ਮੈਂ ਕੀ ਜਾਣਾ ਦਾਦਾ ਮੇਰੜਿਆ
ਤੁਸੀਂ ਸਦ ਬੁਲਾਏ



ਅੰਬਾਂ ਹੇਠਾਂ ਬੀਬੀ ਝੂਟਦੀਏ
ਬੰਜਾਰੜੇ ਆਏ
ਮੈਂ ਕੀ ਜਾਣਾ ਬਾਬਲ ਮੇਰੜਿਆ
ਤੁਸੀਂ ਸਦ ਬੁਲਾਏ

ਅੰਬਾਂ ਹੇਠਾਂ ਭਤੀਜੀਏ ਝੂਟਦੀਏ
ਬੰਜਾਰੜੇ ਆਏ
ਮੈਂ ਕੀ ਜਾਣਾਂ ਚਾਚਾ ਮੇਰੜਿਆ
ਤੁਸੀਂ ਸਦ ਬੁਲਾਏ
18
ਤੂੰ ਰਤਨ ਵਰਿੱਕ ਲੈ ਨੀ ਮੇਰੀ ਬੀਬੀ
ਤੈਂ ਅਗੋਂ ਕਿਉਂ ਨਾ ਦੱਸਿਆ ਵੇ ਮੇਰੇ ਬਾਬਾ
ਇਹ ਰਤਨ ਕਾਲ਼ਾ ਏ, ਵੇ ਮੇਰਿਆ ਬਾਬਾ

ਤੂੰ ਰਤਨ ਵਰਿੱਕ ਲੈ ਨੀ ਮੇਰੀਏ ਧੀਏ
ਇਹ ਰਤਨ ਕਾਣਾ ਏ ਵੇ ਮੇਰਿਆ ਬਾਬਾ
ਤੂੰ ਅੱਗੋਂ ਕਿਉਂ ਨਾ ਦੱਸਿਆ ਮੇਰੀਏ ਧੀਏ
19
ਨੀ ਤੂੰ ਜਾ ਬੀਬੀ ਵਿਹੜੇ
ਬਾਬੇ ਕਾਜ ਰਚਾਏ
ਨੀ ਤੂੰ ਦੇ ਦਾਦੀ ਚਾਵਲ ਖੰਡ
ਮੇਵੇ ਦੀਆਂ ਪੁੜੀਆਂ
ਖੰਡ ਥੋਹੜੀ ਸਜਨ ਬਹੁਤੇ ਆਏ
ਬਾਬਾ ਦੋ ਦਿਲ ਹੋਇਆ
ਵੇ ਨਾ ਹੋ ਬਾਬਾ ਦੋ ਦਿਲ ਵੇ
ਸਤਗੁਰ ਕਾਜ ਰਚਾਏ
20
ਉਠ ਵੇ ਬਾਬਲ ਸੁੱਤਆ
ਤੂੰ ਜਾਗ ਪਓ ਵੇ
ਤੇਰੇ ਗੋਰੇ ਗੋਰੇ ਮੋਟਰਾਂ ਦੀ ਧੂੜ ਉੱਡ ਆਈ

ਉਠ ਵੇ ਚਾਚਾ ਸੁੱਤਿਆ
ਤੂੰ ਜਾਗ ਪਓ ਵੇ
ਤੇਰੇ ਗੋਰੇ ਗੋਰੇ ਮੋਟਰਾਂ ਦੀ ਧੂੜ ਉੱਡ ਆਈ


ਉਠ ਵੇ ਮਾਮਾ ਸੁੱਤਿਆ
ਤੂੰ ਜਾਗ ਪਓ ਵੇ
ਤੇਰੇ ਗੋਰੇ ਗੋਰੇ ਮੋਟਰਾਂ ਦੀ ਧੂੜ ਉੱਡ ਆਈ

ਉਠ ਵੇ ਵੀਰਨ ਸੁੱਤਿਆ
ਤੂੰ ਜਾਗ ਪਓ ਵੇ
ਤੇਰੇ ਗੋਰੇ ਗੋਰੇ ਮੋਟਰਾਂ ਦੀ ਧੂੜ ਉੱਡ ਆਈ
21
ਉੱਚੇ ਮਹਿਲੀਂ ਜਾ ਮੇਰੀ ਬੀਬੀ
ਜਿੱਥੇ ਬੈਠਾ ਤੇਰਾ ਬਾਬਾ
ਉਠ ਵੇ ਬਾਬਾ ਸੁੱਤਿਆ
ਘਰ ਕਾਰਜ ਤੇਰੇ
ਨਾ ਸੁੱਤਾ ਨਾ ਜਾਗਾਂ ਬੀਬੀ
ਨੈਣੀਂ ਨੀਂਦ ਨਾ ਆਏ

ਉੱਚੇ ਮਹਿਲੀਂ ਜਾ ਮੇਰੀ ਬੀਬੀ
ਜਿੱਥੇ ਬੈਠਾ ਬਾਬਲ ਤੇਰਾ
ਉਠ ਵੇ ਬਾਬਲ ਸੁੱਤਿਆ
ਘਰ ਕਾਰਜ ਤੇਰੇ
ਨਾ ਸੁੱਤਾ ਨਾ ਜਾਗਾਂ ਧੀਏ
ਨੈਣੀਂ ਨੀਂਦ ਨਾ ਆਏ

ਉੱਚੇ ਮਹਿਲੀਂ ਜਾ ਮੇਰੀ ਬੀਬੀ
ਜਿੱਥੇ ਬੈਠਾ ਤਾਇਆ ਤੇਰਾ
ਉਠ ਵੇ ਤਾਇਆ ਸੁੱਤਿਆ
ਘਰ ਕਾਰਜ ਤੇਰੇ
ਨਾ ਸੁੱਤਾ ਨਾ ਜਾਗਾਂ ਭਤੀਜੜੀਏ
ਨੈਣੀਂ ਨੀਂਦ ਨਾ ਆਏ

ਉੱਚੇ ਮਹਿਲੀਂ ਜਾ ਮੇਰੀ ਬੀਬੀ
ਜਿੱਥੇ ਬੈਠਾ ਚਾਚਾ ਤੇਰਾ
ਉਠ ਵੇ ਚਾਚਾ ਸੁੱਤਿਆ
ਘਰ ਕਾਰਜ ਤੇਰੇ
ਨਾ ਸੁੱਤਾ ਨਾ ਜਾਗਾਂ ਭਤੀਜੜੀਏ
ਨੈਣੀਂ ਨੀਂਦ ਨਾ ਆਏ

ਉੱਚੇ ਮਹਿਲੀਂ ਜਾ ਮੇਰੀ ਬੀਬੀ
ਜਿੱਥੇ ਬੈਠਾ ਮਾਮਾ ਤੇਰਾ
ਉਠ ਵੇ ਮਾਮਾ ਸੁੱਤਿਆ



ਘਰ ਕਾਰਜ ਤੇਰੇ
ਨਾ ਸੁੱਤਾ ਨਾ ਜਾਗਾਂ ਭਾਣਜੀਏ
ਨੈਣੀਂ ਨੀਂਦ ਨਾ ਆਏ
22
ਪਾਲਕੀਆਂ ਤੋਂ ਉਠ ਮੇਰੇ ਬਾਬਾ
ਬੀਬੀ ਦਾ ਸਾਹਾ ਸਧਾ
ਬੀਬੀ ਦਾ ਬਾਬਾ ਕਦੇ ਨਾ ਨਿਮਿਆ
ਬੀਬੀ ਆਣ ਨਿਮਾਇਆ
ਤੂੰ ਹੱਥ ਬੰਨ੍ਹ ਮੇਰੇ ਬਾਬਾ
ਹੱਥ ਬੰਨ੍ਹਣੇ ਆਏ

ਪਾਲਕੀਆਂ ਤੋਂ ਉਠ ਮੇਰੇ ਬਾਬਲ
ਬੀਬੀ ਦਾ ਸਾਹਾ ਸਧਾ
ਬੀਬੀ ਦਾ ਬਾਬਲ ਕਦੇ ਨਾ ਨਿਮਿਆ
ਬੀਬੀ ਆਣ ਨਿਮਾਇਆ
ਤੂੰ ਹੱਥ ਬੰਨ੍ਹ ਮੇਰੇ ਬਾਬਲ
ਹੱਥ ਬੰਨ੍ਹਣੇ ਆਏ
23
ਸੱਗੀ ਕਰਨੀ ਦਿੱਤੀ
ਫੁੱਲ ਜੜਨੇ ਦਿੱਤੇ
ਨਿਗ੍ਹਾ ਰੱਖੀਂ ਵੇ ਵਿੱਚ ਮੂਰਤਾਂ ਦੇ
ਨੀ ਨਾ ਰੋ ਮਾਏਂ
ਸਾਨੂੰ ਤੋਰ ਮਾਏਂ
ਨਾਲ ਮੂਰਤਾਂ ਦੇ
24
ਦੇ ਦੇ ਮਾਏਂ ਅਜ ਮੁਕਲਾਵਾ ਨੀ
ਤੇਰਾ ਭਾਈ ਜੀਵੇ ਤੇਰਾ ਸਾਈਂ ਜੀਵੇ
ਦੇ ਦੇ ਮਾਏਂ ਅਜ ਮੁਕਲਾਵਾ ਨੀ

ਜੇ ਤੇਰੇ ਘਰ ਹੈਨੀ ਮੌਲੀ
ਬਾਣ ਦੀਆਂ ਰੱਸੀਆਂ ਮੰਗਾਂ ਦੇ ਨੀ
ਦੇ ਦੇ ਮਾਏਂ ਅਜ ਮੁਕਲਾਵਾ ਨੀ
ਤੇਰਾ ਭਾਈ ਜੀਵੇ ਤੇਰਾ ਸਾਈਂ ਜੀਵੇ

ਜੇ ਤੇਰੇ ਘਰ ਹੈਨੀ ਲੱਡੂਏ
ਮੈਨੂੰ ਕੱਲੀਓ ਸ਼ੱਕਰ ਮੰਗਾ ਦੇ ਨੀ


ਦੇ ਦੇ ਮਾਏਂ ਮੁਕਲਾਵਾ ਨੀ
ਤੇਰਾ ਭਾਈ ਜੀਵੇ ਤੇਰਾ ਸਾਈਂ ਜੀਵੇ

ਜੇ ਤੇਰੇ ਘਰ ਹੈ ਨੀ ਮਹਿੰਦੀ
ਮੈਨੂੰ ਅੱਸਰ ਝੋਟੀ ਦਾ ਗੋਹਾ ਮੰਗਾ ਦੇ ਨੀ
ਦੇ ਦੇ ਮਾਏਂ ਮੁਕਲਾਵਾ ਨੀ
ਤੇਰਾ ਭਾਈ ਜੀਵੇ ਤੇਰਾ ਸਾਈਂ ਜੀਵੇ

ਜੇ ਤੇਰੇ ਘਰ ਹੈਨੀ ਕੱਪੜੇ
ਮੈਨੂੰ ਬੋਰੀ ਦਾ ਪੱਲੜ ਸਮਾ ਦੇ ਨੀ
ਦੇ ਦੇ ਮਾਏਂ ਮੁਕਲਾਵਾ ਨੀ
ਤੇਰਾ ਭਾਈ ਜੀਵੇ ਤੇਰਾ ਸਾਈਂ ਜੀਵੇ
ਦੇ ਦੇ ਮਾਏਂ ਮੁਕਲਾਵਾ ਨੀ
25
ਜੇ ਅਸੀਂ ਦਿੱਤੀ ਮੋਠਾਂ ਦੀ ਮੁੱਠੀ
ਮੋਤੀ ਕਰਕੇ ਜਾਣਿਓਂਂ ਜੀ
ਜੇ ਅਸੀਂ ਦਿੱਤਾ ਪਾਣੀ ਦਾ ਛੰਨਾ
ਦੁਧੁਆ ਕਰਕੇ ਜਾਣਿਓਂਂ ਜੀ
ਜੇ ਅਸੀਂ ਦਿੱਤਾ ਖੱਦਰ ਚੌਂਸੀ
ਰੇਸ਼ਮ ਕਰਕੇ ਜਾਣਿਓਂਂ ਜੀ
ਜੇ ਸਾਡੀ ਬੀਬੀ ਮੋਟਾ ਕੱਤੇ
ਨਿੱਕਾ ਕਰਕੇ ਜਾਣਿਓਂ ਜੀ
ਜੇ ਸਾਡੀ ਬੀਬੀ ਕੰਮ ਵਿਗਾੜੇ
ਅੰਦਰ ਬੜ ਸਮਝਾਇਓ ਜੀ
26
ਸਾਡਾ ਚਿੜੀਆਂ ਦਾ ਚੰਬਾ ਵੇ
ਬਾਬਲ ਅਸਾਂ ਉਡ ਵੇ ਜਾਣਾ
ਸਾਡੀ ਲੰਬੀ ਉਡਾਰੀ ਵੇ
ਬਾਬਲ ਕਿਹੜੇ ਦੇਸ ਜਾਣਾ

ਸਾਡਾ ਚਿੜੀਆਂ ਦਾ ਚੰਬਾ ਵੇ
ਵੀਰਨ ਅਸੀਂ ਉਡ ਵੇ ਜਾਣਾ
ਸਾਡੀ ਲੰਬੀ ਉਡਾਰੀ ਵੇ
ਵੀਰਨ ਕਿਹੜੇ ਦੇਸ ਜਾਣਾ
27
ਲੈ ਚੱਲੇ ਬਾਬਲਾ ਲੈ ਚੱਲੇ ਵੇ
ਲੈ ਚੱਲੇ ਦੇਸ਼ ਪਰਾਏ



ਬਾਬਲਾ ਤੇਰੀ ਲਾਡਲੀ ਵੇ
ਆਲ਼ੇ ਛੋਡੀਆਂ ਗੁੱਡੀਆਂ
ਮੇਰਾ ਤ੍ਰਿੰਜਣ ਛੋਡਿਆ ਛੋਪ
ਬਾਬਲਾ ਤੇਰੀ ਲਾਡਲੀ ਵੇ

ਲੈ ਚੱਲੇ ਵੀਰਾ ਲੈ ਚੱਲੇ ਵੇ
ਲੈ ਚੱਲੇ ਦੇਸ ਪਰਾਏ
ਵੀਰਾ ਤੇਰੀ ਲਾਡਲੀ ਵੇ
ਆਲ਼ੇ ਛੋਡੀਆਂ ਗੁੱਡੀਆਂ
ਮੇਰਾ ਤ੍ਰਿੰੰਜਣ ਛੋਡਿਆ ਛੋਪ
ਵੀਰਾ ਤੇਰੀ ਲਾਡਲੀ ਵੇ
28
ਬਾਬਲ ਵਿਦਾ ਕਰੇਂਦਿਆ
ਮੈਨੂੰ ਰੱਖ ਲੈ ਅੱਜ ਦੀ ਰਾਤ ਵੇ
ਮੈਂ ਕਿੱਕਣ ਰੱਖਾਂ ਧੀਏ ਮੇਰੀਏ
ਮੈਂ ਤਾਂ ਸਜਣ ਸਦਾ ਲਏ ਆਪ ਨੀ
29
ਸੋਨੇ ਦੀ ਸੱਗੀ ਮਾਪਿਓ
ਉੱਤੇ ਪਾਏ ਜੰਜੀਰ ਵੇ
ਤੁਸੀਂ ਕਿਉਂ ਬੈਠੇ ਮਾਪਿਓ
ਦਿਲ ਦਲਗੀਰ ਵੇ
ਖਾਊਂਗੀ ਕਿਸਮਤ ਮਾਪਿਓ
ਪਹਿਨੂੰਗੀ ਤਕਦੀਰ ਵੇ

ਸਿੱਠਣੀਆਂ

ਪੰਜਾਬੀ ਲੋਕ ਗੀਤ ਕਈ ਰੂਪਾਂ ਵਿੱਚ ਮਿਲਦੇ ਹਨ। ਲੋਰੀਆਂ, ਗਿੱਧੇ ਦੀਆਂ ਬੋਲੀਆਂ, ਸਾਵੇਂ ਤੇ ਤ੍ਰਿੰੰਜਣ ਦੇ ਲੰਮੇ ਗਾਉਣ, ਘੋੜੀਆਂ, ਸੁਹਾਗ, ਹੇਰੇ, ਸਿੱਠਣੀਆਂ ਤੇ ਦੋਹੇ ਆਦਿ ਪੰਜਾਬੀ ਲੋਕ ਗੀਤਾਂ ਦੇ ਭਵਿੰਨ ਰੂਪ ਹਨ।
ਹੇਰੇ, ਸਿੱਠਣੀਆਂ, ਸੁਹਾਗ ਅਤੇ ਘੋੜੀਆਂ ਮੰਗਣੇ ਅਤੇ ਵਿਆਹ ਦੀਆਂ ਰਸਮਾਂ ਨਾਲ਼ ਸੰਬੰਧ ਰਖਦੇ ਗੀਤ ਹਨ। ਮੁੰਡੇ ਦੇ ਘਰ ਘੋੜੀਆਂ ਗਾਈਆਂ ਜਾਂਦੀਆਂ ਹਨ ਤੇ ਕੁੜੀ ਵਾਲੇ ਘਰ ਸੁਹਾਗ ਗਾਉਣ ਦੀ ਪਰੰਪਰਾ ਹੈ।
ਮੰਗਣੇ ਅਤੇ ਵਿਆਹ ਦੇ ਅਵਸਰ ਤੇ ਨਾਨਕਿਆਂ ਦਾਦਕਿਆਂ ਵਲੋਂ ਇਕ ਦੂਜੇ ਨੂੰ ਦਿੱਤੀਆਂ ਸਿੱਠਣੀਆਂ ਅਤੇ ਜੰਜ ਅਥਵਾ ਬਰਾਤ ਦਾ ਹੇਰਿਆਂ ਸਿੱਠਣੀਆਂ ਨਾਲ਼ ਸੁਆਗਤ ਦੋਹਾਂ ਧਿਰਾਂ ਲਈ ਖ਼ੁਸ਼ੀ ਪਰਦਾਨ ਕਰਦਾ ਹੈ।
ਮਹਾਨ ਕੋਸ਼ ਦੇ ਰਚੇਤਾ ਭਾਈ ਕਾਨ੍ਹ ਸਿੰਘ ਨਾਭਾ ਅਨੁਸਾਰ "ਸਿੱਠਣੀ ਦਾ ਭਾਵ ਅਰਥ ਵਯੰਗ ਨਾਲ਼ ਕਹੀ ਹੋਈ ਬਾਣੀ ਹੈ। ਵਿਆਹ ਸਮੇਂ ਇਸਤਰੀਆਂ ਜੋ ਗਾਲ਼ੀਆਂ ਨਾਲ਼ ਮਲਾਕੇ ਗੀਤ ਗਾਉਂਦੀਆਂ ਹਨ, ਉਹਨਾਂ ਦੀ ਸਿੱਠਣੀ ਸੰਗਯਾ ਹੈ।" ਮਨੋਰੰਜਣ ਦੇ ਮਨੋਰਥ ਨਾਲ਼ ਸਿੱਠਣੀਆਂ ਰਾਹੀਂ ਇਕ ਧਿਰ ਦੂਜੀ ਧਿਰ ਦਾ ਵਿਅੰਗ ਰਾਹੀਂ ਮਖੌਲ ਉਡਾਉਂਦੀ ਹੈ। ਇਹ ਗੀਤ ਕਿਸੇ ਮੰਦ ਭਾਵਨਾ ਅਧੀਨ ਨਹੀਂ ਬਲਕਿ ਸਦਭਾਵਨਾ ਅਧੀਨ ਵਿਨੋਦ ਭਾਵ ਉਪਜਾਉਣ ਲਈ ਗਾਏ ਜਾਂਦੇ ਹਨ।
ਜਿਵੇਂ ਕਿ ਪਹਿਲਾਂ ਵਰਨਣ ਕੀਤਾ ਗਿਆ ਹੈ ਵਿਆਹ ਦੇ ਗੀਤਾਂ ਨੂੰ ਅਸੀਂ ਚਾਰ ਰੂਪਾਂ ਵਿੱਚ ਵੰਡਦੇ ਹਾਂ-ਘੋੜੀਆਂ, ਸੁਹਾਗ, ਸਿੱਠਣੀਆਂ ਅਤੇ ਹੇਰੇ। ਘੋੜੀਆਂ ਮੁੰਡੇ ਦੇ ਵਿਆਹ ਤੇ ਗਾਈਆਂ ਜਾਂਦੀਆਂ ਹਨ, ਕੁੜੀ ਦੇ ਵਿਆਹ ਸਮੇਂ ਗਾਏ ਜਾਂਦੇ ਗੀਤਾਂ ਨੂੰ ਸੁਹਾਗ ਆਖਦੇ ਹਨ। ਹੇਰੇ ਅਤੇ ਸਿੱਠਣੀਆਂ ਮੁੰਡੇ ਕੁੜੀ ਦੇ ਵਿਆਹ ਸਮੇਂ ਕੱਠੇ ਹੀ ਗਾਏ ਜਾਂਦੇ ਹਨ।
ਵਿਆਹ ਦਾ ਸਮਾਂ ਹਾਸ ਹੁਲਾਸ ਦਾ ਸਮਾਂ ਹੁੰਦਾ ਹੈ। ਇਸ ਅਵਸਰ ਤੇ ਪੰਜਾਬੀ ਆਪਣੇ ਖਿੜਵੇਂ ਰੌਂ ਵਿੱਚ ਨਜ਼ਰ ਆਉਂਦੇ ਹਨ। ਪੰਜਾਬੀਆਂ ਦਾ ਖੁਲ੍ਹਾ ਡੁੱਲ੍ਹਾ ਹਾਸਾ ਤੇ ਸੁਭਾਅ ਵਿਆਹ ਸਮੇਂ ਹੀ ਉਘੜਵੇਂ ਰੂਪ ਵਿੱਚ ਪ੍ਰਗਟ ਹੁੰਦਾ ਹੈ।
ਸਿੱਠਣੀਆਂ ਰਾਹੀਂ ਔਰਤਾਂ ਆਪਣੇ ਮਨਾਂ ਦੇ ਗੁਭ ਗੁਵਾੜ ਕੱਢਦੀਆਂ ਹਨ। ਉਂਜ ਤੇ ਤੀਵੀਆਂ ਨੂੰ ਕੌਣ ਕੁਸਕਣ ਦਿੰਦਾ ਹੈ। ਮਰਦ ਉਸ ਤੇ ਸਦਾ ਜ਼ੁਲਮ ਕਰਦਾ ਆਇਆ ਹੈ। ਉਹ ਉਹਨੂੰ ਮਾਰਦਾ ਕੁਟਦਾ ਹੈ, ਗੰਦੀਆਂ ਤੋਂ ਗੰਦੀਆਂ ਗ਼ਾਲ਼ੀਆਂ ਕਢਦਾ ਹੈ। ਸੱਸ, ਸਹੁਰੇ ਦਾ ਦਾਬਾ ਵਖਰਾ। ਪੰਜਾਬਣ ਸਦਾ ਸੁੰਗੜੀ ਸੁੰਗੜੀ ਰਹੀ ਹੈ। ਸਿਰਫ ਵਿਆਹ ਦਾ ਹੀ ਅਵਸਰ ਹੁੰਦਾ ਹੈ ਜਿੱਥੇ ਉਹ ਆਪਣੇ ਦੱਬੇ ਭਾਂਬੜ ਬਾਹਰ ਕੱਢਦੀ ਹੈ। ਉਹ ਸਿੱਠਣੀਆਂ ਦੇ ਰੂਪ ਵਿੱਚ ਲਾੜੇ ਨੂੰ, ਉਸ ਦੇ ਮਾਂ, ਬਾਪ, ਭੈਣਾਂ ਨੂੰ ਖੂਬ ਪੁਣਦੀ ਹੈ, ਉਹਨਾਂ ਦੀਆਂ ਕਮਜ਼ੋਰੀਆਂ ਦਾ ਮਖੌਲ ਉਡਾਉਂਦੀ ਹੈ। ਹਰ ਪਾਸੇ ਮਖੌਲ ਹੀ ਮਖੌਲ! ਕੋਈ ਗੁੱਸਾ ਨਹੀਂ, ਫੇਰ ਉਹ ਅਜਿਹੇ ਅਵਸਰ ਦਾ ਲਾਭ ਕਿਉਂ ਨਾਂ ਉਠਾਵੇ। ਨਾਨਕਿਆਂ ਦੇ ਮੇਲ਼ ਦਾ ਵਿਆਹ ਵਿੱਚ ਵਿਸ਼ੇਸ਼ ਹੱਥ ਹੁੰਦਾ ਹੈ। ਜਿਵੇਂ ਕਹਿੰਦੇ ਹਨ ਨਾਨਕਿਆਂ ਦਾ ਤਾਂ ਅੱਧਾ ਵਿਆਹ ਹੁੰਦਾ ਹੈ ਚਾਹੇ ਕੁੜੀ ਦਾ ਹੋਵੇ ਚਾਹੇ ਮੁੰਡੇ ਦਾ। ਇਸੇ ਕਰਕੇ ਨਾਨਕਿਆਂ ਦਾ ਮੇਲ਼ ਸਿੱਠਣੀਆਂ ਦੇ ਪਿੜ ਵਿੱਚ ਮੁਖ ਨਸ਼ਾਨਾ ਬਣਿਆ ਹੁੰਦਾ ਹੈ।
ਜਦੋਂ ਨਾਨਕਾ ਮੇਲ਼ ਆਉਂਦਾ ਹੈ ਤਾਂ ਪਿੰਡੋਂ ਬਾਹਰ ਉਹਨਾਂ ਦੇ ਸੁਆਗਤ ਲਈ ਪਿੰਡ ਦੀਆਂ ਜਨਾਨੀਆਂ ਪੁਜ ਜਾਂਦੀਆਂ ਹਨ। ਦੋਨੋਂ ਧਿਰਾਂ ਇਕ ਦੂਜੇ ਦਾ ਸੁਆਗਤ ਸਿੱਠਣੀਆਂ ਨਾਲ਼ ਕਰਦੀਆਂ ਹਨ।

ਹੁਣ ਕਿੱਧਰ ਗਈਆਂ
ਨੀ ਬੀਬੀ ਤੇਰੀਆਂ ਨਾਨਕੀਆਂ
ਅਸੀਂ ਹਾਜ਼ਰ ਨਾਜਰ ਫੁੱਲਾਂ ਬਰਾਬਰ ਖੜੀਆਂ
ਨੀ ਬੀਬੀ ਤੇਰੀਆਂ ਨਾਨਕੀਆਂ
ਨੀ ਕਿਧਰ ਗਈਆਂ
ਨੀ ਬੀਬੀ ਤੇਰੀਆਂ ਨਾਨਕੀਆਂ
ਚੱਬੀਆਂ ਸੀ ਮੱਠੀਆਂ
ਜੰਮੀਆਂ ਸੀ ਕੱਟੀਆਂ
ਕੱਟੀਆਂ ਚਰਾਵਣ ਗਈਆਂ
ਨੀ ਬੀਬੀ ਤੇਰੀਆਂ ਨਾਨਕੀਆਂ
ਹੁਣ ਕਿੱਧਰ ਗਈਆਂ ਨੀ ਬੀਬੀ ਤੇਰੀਆਂ ਨਾਨਕੀਆਂ
ਚੱਬੇ ਸੀ ਪਕੌੜੇ
ਜੰਮੇ ਸੀ ਜੌੜੇ
ਜੌੜੇ ਖਿਡਾਵਣ ਗਈਆਂ
ਨੀ ਬੀਬੀ ਤੇਰੀਆਂ ਨਾਨਕੀਆਂ
ਨੀ ਕਿੱਧਰ ਗਈਆਂ ਬੀਬੀ ਤੇਰੀਆਂ ਨਾਨਕੀਆਂ
ਖਾਧੇ ਸੀ ਲੱਡੂ
ਜੰਮੇ ਸੀ ਡੱਡੂ
ਟੋਭੇ ਛੁਡਾਵਣ ਗਈਆਂ
ਨੀ ਬੀਬੀ ਤੇਰੀਆਂ ਨਾਨਕੀਆਂ
ਹੁਣ ਕਿੱਧਰ ਗਈਆਂ ਨੀ ਬੀਬੀ ਤੇਰੀਆਂ ਨਾਨਕੀਆਂ
ਅਸੀਂ ਹਾਜ਼ਰ ਨਾਜਰ, ਫੁੱਲਾਂ ਬਰਾਬਰ ਖੜੀਆਂ
ਨੀ ਬੀਬੀ ਤੇਰੀਆਂ ਨਾਨਕੀਆਂ

ਸਿਰਾਂ ਤੇ ਟਰੰਕ ਤੇ ਹੱਥਾਂ 'ਚ ਝੋਲੇ ਫੜੀਂ ਨਾਨਕਾ ਮੇਲ਼ ਦੇ ਗਲ਼ੀ ਵਿੱਚ ਪ੍ਰਵੇਸ਼ ਕਰਨ ਤੇ ਗਲ਼ੀ ਦੀਆਂ ਔਰਤਾਂ ਹਾਸਿਆਂ ਮਖੌਲਾਂ ਨਾਲ਼ ਉਹਨਾਂ ਦਾ ਸੁਆਗਤ ਕਰਦੀਆਂ ਹਨ। ਸਿੱਠਣੀਆਂ ਤੇ ਹੇਰਿਆਂ ਦੀ ਛਹਿਬਰ ਲਗ ਜਾਂਦੀ ਹੈ ਤੇ ਇਕ ਸਮਾਂ ਬੰਨ੍ਹਿਆਂਂ ਜਾਂਦਾ ਹੈ। ਵਿਆਹ ਵਾਲੇ ਘਰ ਪੁੱਜਣ ਤੇ ਲੱਡੂਆਂ ਨਾਲ ਉਹਨਾਂ ਦਾ ਸੁਆਗਤ ਹੁੰਦਾ ਹੈ ਤੇ ਨਾਲੇ ਸਿੱਠਣੀਆਂ ਦੀ ਬੁਛਾੜ ਸ਼ੁਰੂ ਹੋ ਜਾਂਦੀ ਹੈ:-

ਛੱਜ ਉਹਲੇ ਛਾਨਣੀ
ਪਰਾਤ ਉਹਲੇ ਤਵਾ ਓਏ



ਨਾਨਕਿਆਂ ਦਾ ਮੇਲ਼ ਆਇਆ
ਸੂਰੀਆਂ ਦਾ ਰਵਾ ਓਏ

ਛੱਜ ਓਹਲੇ ਛਾਨਣੀ
ਪਰਾਤ ਉਹਲੇ ਗੁੱਛੀਆਂ
ਨਾਨਕਿਆਂ ਦਾ ਮੇਲ਼ ਆਇਆ
ਸੱਭੇ ਰੰਨਾਂ ਲੁੱਚੀਆਂ

ਛੱਜ ਉਹਲੇ ਛਾਨਣੀ
ਪਰਾਤ ਉਹਲੇ ਛੱਜ ਓਏ
ਓਏ ਨਾਨਕਿਆਂ ਦਾ ਮੇਲ਼ ਆਇਆ
ਗਾਉਣ ਦਾ ਨਾ ਚੱਜ ਓਏ

ਵਿਆਹ ਵਾਲੇ ਘਰ ਹਾਸੇ ਠੱਠੇ ਦਾ ਮਾਹੌਲ ਬਣਿਆਂ ਹੁੰਦਾ ਹੈ। ਇਸੇ ਰੌਲੇ ਰੱਪੇ ਵਿੱਚ ਮਾਸੀ ਜਾਂ ਭੂਆ ਦਾ ਪਰਿਵਾਰ ਅਤੇ ਨਾਨਕਾ ਮੇਲ਼ ਘਰ ਵਿੱਚ ਪ੍ਰਵੇਸ਼ ਕਰਦਾ ਹੈ- ਉਹ ਆਪਣੀ ਪਹੁੰਚ ਸਿੱਠਣੀ ਦੇ ਰੂਪ ਵਿੱਚ ਦੇਂਦੇ ਹਨ:-

ਸੁਰਜੀਤ ਕੁਰੇ ਕੁੜੀਏ
ਗੁੜ ਦੀ ਰੋੜੀ ਚਾਹ ਦੇ ਪੱਤੇ
ਦੁੱਧ ਬਜ਼ਾਰੋਂ ਲਿਆ ਦੇ
ਫੱਕਰ ਨੀ ਤੇਰੇ ਬਾਹਰ ਖੜੇ
ਸਾਨੂੰ ਚਾਹ ਦੀ ਘੁੱਟ ਪਲ਼ਾ ਦੇ
ਫੱਕਰ ਨੀ ਤੇਰੇ ਬਾਹਰ ਖੜੇ
ਸਾਨੂੰ ਆਈਆਂ ਨੂੰ ਮੰਜਾ ਨਾ ਡਾਹਿਆ
ਨੀ ਚੱਲੋ ਭੈਣੋਂ ਮੁੜ ਚੱਲੀਏ
ਸੋਡਾ ਵੇਹੜਾ ਭੀੜਾ ਨੀ
ਚੱਲੋ ਭੈਣੋਂ ਮੁੜ ਚੱਲੀਏ
ਸੋਡੇ ਕੋਠੇ ਤੇ ਥਾਂ ਹੈ ਨੀ
ਚੱਲੋ ਭੈਣੋਂ ਮੁੜ ਚੱਲੀਏ

ਨਾਨਕਾ ਮੇਲ਼ ਦਾ ਗ੍ਰਹਿ-ਪ੍ਰਵੇਸ਼ ਸ਼ਗਨਾਂ ਨਾਲ਼ ਕੀਤਾ ਜਾਂਦਾ ਹੈ। ਵਿਆਂਦੜ ਮੁੰਡੇ-ਕੁੜੀ ਦੀ ਮਾਂ ਜਾਂ ਲਾਗਣ ਬੂਹੇ ਉੱਤੇ ਤੇਲ ਚੋ ਕੇ ਉਹਨਾਂ ਦਾ ਆਦਰ ਮਾਣ ਨਾਲ ਸੁਆਗਤ ਕਰਦੀ ਹੈ।
ਐਨੇ ਨੂੰ ਬਰਾਤ ਆਉਣ ਦਾ ਸਮਾਂ ਨੇੜੇ ਢੁੱਕ ਜਾਂਦਾ ਹੈ.. ਰਥਾਂ, ਗੱਡੀਆਂ, ਊਠਾਂ ਅਤੇ ਘੋੜੀਆਂ ਦੀ ਧੂੜ ਪਿੰਡ ਦੀਆਂ ਬਰੂਹਾਂ ਤਕ ਪੁੱਜ ਜਾਂਦੀ ਹੈ ਤੇ ਸਾਰੀਆਂ ਮੇਲਣਾਂ ਕੱਠੀਆਂ ਹੋ ਕੇ ਆਪਣੇ ਘਰ ਦੇ ਦਰਵਾਜੇ ਮੂਹਰੇ ਖੜਕੇ ਸੁਆਗਤੀ ਗੀਤ ਗਾਉਂਦੀਆਂ ਹਨ:-

ਲੌਂਗਾਂ ਦੀ ਬਾੜ ਕਰੋ
ਜੀ ਜੰਨ ਨੇੜੇ ਨੇੜੇ
ਲੌਂਗਾਂ ਦੀ ਬਾੜ ਕਰੋ
ਜੀ ਜੰਨ ਨੇੜੇ ਨੇੜੇ

ਬੀਬੀ ਦੇ ਬਾਬਲ ਨੂੰ ਖ਼ਬਰ ਕਰੋ
ਜੀ ਜੰਨ ਨੇੜੇ ਨੇੜੇ
ਲੌਗਾਂ ਦੀ ਬਾੜ ਕਰੋ
ਜੀ ਜੰਨ ਨੇੜੇ ਨੇੜੇ

ਬੀਬੀ ਦੇ ਮਾਮੇ ਨੂੰ ਖ਼ਬਰ ਕਰੋ
ਜੀ ਜੰਨ ਨੇੜੇ ਨੇੜੇ
ਲੌਂਗਾਂ ਦੀ ਬਾੜ ਕਰੋ
ਜੀ ਜੰਨ ਨੇੜੇ ਨੇੜੇ

ਬੀਬੀ ਦੇ ਚਾਚਿਆਂ ਨੂੰ ਖ਼ਬਰ ਕਰੋ
ਜੀ ਜੰਨ ਨੇੜੇ ਨੇੜੇ
ਲੌਂਗਾਂ ਦੀ ਬਾੜ ਕਰੋ
ਜੀ ਜੰਨ ਨੇੜੇ ਨੇੜੇ

ਬਰਾਤ ਦੇ ਢੁਕਾਅ ਤੇ ਕੁੜਮਾਂ ਤੇ ਮਾਮਿਆਂ ਦੀ ਮਿਲਣੀ ਕਰਵਾਈ ਜਾਂਦੀ ਸੀ। ਮਿਲਣੀ ਉਪਰੰਤ ਸਾਰੇ ਵਾਤਾਵਰਣ ਵਿੱਚ ਖ਼ੁਸ਼ੀ ਦੀਆਂ ਫੁਹਾਰਾਂ ਵਹਿ ਟੁਰਨੀਆਂ ਤੇ ਸਾਰਾ ਮਾਹੌਲ ਖੁਲ੍ਹਾ ਖੁਲਾਸਾ ਬਣ ਜਾਣਾ ਤੇ ਇਸੇ ਮਾਹੌਲ ਦਾ ਲਾਹਾ ਲੈਂਦਿਆਂ ਮੇਲਣਾਂ ਨੇ ਪਹਿਲਾਂ ਘੱਟ ਕਰਾਰੀਆਂ ਤੇ ਮਗਰੋਂ ਸਲੂਣੀਆਂ ਸਿੱਠਣੀਆਂ ਦੇਣੀਆਂ ਸ਼ੁਰੂ ਕਰ ਦੇਣੀਆਂ-

ਕੋਰੀ ਤੇ ਤੌੜੀ ਅਸੀਂ ਰਿੰਨ੍ਹੀਆਂ ਗੁੱਲੀਆਂ
ਭੁੱਖ ਲੱਗੀ ਲਾੜਾ ਕੱਢਦਾ ਬੁੱਲ੍ਹੀਆਂਂ
ਰੋਟੀ ਭਜਾਉਣੀ ਪਈ
ਨਿਲੱਜਿਓ ਲੱਜ ਤੁਹਾਨੂੰ ਨਹੀਂ

ਭੈੜੇ ਭੈੜੇ ਤੁਸੀਂ ਕਰਦੇ ਹੋ ਕਾਰੇ
ਇਨ੍ਹੀਂਂ ਕਰਤੂਹੀਂ ਤੁਸੀਂ ਰਹੇ ਕੁਆਰੇ
ਕਰਤੂਤ ਤੇ ਛਿਪਦੀ ਨਹੀਂ
ਨਿਲੱਜਿਓ ਲੱਜ ਤੁਹਾਨੂੰ ਨਹੀਂ

ਸਾਡੇ ਤਾਂ ਵਿਹੜੇ ਮੁੱਢ ਮਕੱਈ ਦਾ
ਦਾਣੇ ਤਾਂ ਮੰਗਦਾ ਉਧਲ ਗਈ ਦਾ
ਭੱਠੀ ਤਪਾਉਣੀ ਪਈ
ਨਿਲੱਜਿਓ ਲਜ ਤੁਹਾਨੂੰ ਨਹੀਂ

ਸਾਡੇ ਤਾਂ ਵਿਹੜੇ ਤਾਣਾ ਤਣੀਂਦਾ
ਲਾੜੇ ਦਾ ਪਿਓ ਕਾਣਾ ਸੁਣੀਂਂਦਾ
ਐਨਕ ਲਵਾਉਣੀ ਪਈ
ਨਿਲੱਜਿਓ ਲੱਜ ਤੁਹਾਨੂੰ ਨਹੀਂ

ਕੁੜੀ ਤਾਂ ਸਾਡੀ ਤਿੱਲੇ ਦੀ ਤਾਰ ਏ
ਮੁੰਡਾ ਤਾਂ ਸੁਣੀਂਂਦਾ ਕੋਈ ਘੁਮਾਰ ਏ



ਜੋੜ ਤਾਂ ਜੁੜਦਾ ਨਹੀਂ
ਨਿਲੱਜਿਓ ਲੱਜ ਤੁਹਾਨੂੰ ਨਹੀਂ

ਪੈਸਾ ਪੈਸਾ ਸਾਡੇ ਪਿੰਡਾਂ ਜੀ ਪਾਓ
ਲਾੜੇ ਜੋਗਾ ਤੁਸੀਂ ਬਾਜਾ ਮੰਗਾਓ
ਜੰਨ ਤੇ ਸਜਦੀ ਨਹੀਂ
ਨਿਲੱਜਿਓ ਲੱਜ ਤੁਹਾਨੂੰ ਨਹੀਂ

ਆਏ ਬਰਾਤੀਆਂ ਤੇ ਵਯੰਗ ਕਸੇ ਜਾਂਦੇ ਹਨ। ਨਾ ਉਹਨਾਂ ਵਲੋਂ ਲਿਆਂਦੀ ਵਰੀ ਉਹਨਾਂ ਦੇ ਪਸੰਦ ਹੈ ਤੇ ਨਾ ਹੀ ਆਏ ਬਰਾਤੀ ਉਹਨਾਂ ਨੂੰ ਚੰਗੇ ਲੱਗਦੇ ਹਨ। ਉਹ ਬਰਾਤੀਆਂ ਦਾ ਮਖੌਲ ਉਡਾਉਂਦੀਆਂ ਹਨ:-

ਮੈਂ ਲਾਜ ਮੋਈ ਮੈਂ ਲਾਜ ਮੋਈ
ਇਹ ਵਰੀ ਪੁਰਾਣੀ ਲਿਆਏ
ਮੈਂ ਲਾਜ ਮੋਈ ਮੈਂ ਲਾਜ ਮੋਈ
ਇਹ ਕੀ ਕੀ ਵਸਤ ਲਿਆਏ
ਮੈਂ ਲਾਜ ਮੋਈ ਮੈਂ ਲਾਜ ਮੋਈ
ਇਹ ਬੁਢੜੇ ਕਾਹਨੂੰ ਆਏ
ਮੈਂ ਲਾਜ ਮੋਈ ਮੈਂ ਲਾਜ ਮੋਈ
ਇਹ ਗੱਭਰੂ ਕਿਉਂ ਨਾ ਲਿਆਏ
ਮੈਂ ਲਾਜ ਮੋਈ ਮੈਂ ਲਾਜ ਮੋਈ
ਇਹ ਸਾਰੇ ਆਂਢਲ ਆਏ

ਪਹਿਲੇ ਸਮਿਆਂ ਵਿੱਚ ਬਰਾਤਾਂ ਤਿੰਨ ਦਿਨ ਠਹਿਰਿਆ ਕਰਦੀਆਂ ਸਨ। ਇਕ ਦਿਨ ਆਉਣ ਦਾ ਤੇ ਇਕ ਦਿਨ ਵਦਾਇਗੀ ਦਾ। ਫੇਰ ਦੋ ਦਿਨ ਠਹਿਰਨ ਲੱਗੀਆਂ ਤੇ ਅਜ ਕਲ ਤਾਂ ਇਕ ਦਿਨ ਵਿੱਚ ਹੀ ਸਾਰੇ ਕਾਰਜ ਪੂਰੇ ਜਾਂਦੇ ਹਨ।
ਜਨ ਦਾ ਉਤਾਰਾ ਜਨ-ਘਰ ਜਾਂ ਧਰਮਸ਼ਾਲਾ ਵਿੱਚ ਕਰਵਾਇਆ ਜਾਂਦਾ ਸੀ। ਪਹਿਲੀ ਰਾਤ ਦੀ ਰੋਟੀ ਘਿਉ-ਬੂਰੇ ਜਾਂ ਚੌਲ ਸ਼ੱਕਰ ਨਾਲ ਦਿੱਤੀ ਜਾਂਦੀ ਸੀ ਇਸ ਨੂੰ "ਕੁਆਰੀ ਰੋਟੀ" ਜਾਂ "ਮਿੱਠੀ ਰੋਟੀ" ਆਖਦੇ ਸਨ। ਗੈਸਾਂ ਅਤੇ ਲਾਲਟੈਣਾਂ ਦੇ ਚਾਨਣ ਵਿੱਚ ਬਰਾਤੀ ਕੋਰਿਆਂ ਉੱਤੇ ਬੈਠ ਕੇ ਰੋਟੀ ਛਕਦੇ। ਵਰਤਾਵੇ ਜਿਨ੍ਹਾਂ ਨੂੰ ਮਾਲਵੇ ਵਿੱਚ ਪਰੀਹੇ ਆਖਿਆ ਜਾਂਦਾ ਹੈ ਕੱਲੀ ਕੱਲੀ ਲਾਈਨ ਵਿੱਚ ਜਾਕੇ ਸ਼ਕਰ, ਬੂਰਾ ਤੇ ਘਿਓ ਆਦਿ ਵਰਤਾਉਂਦੇ। ਮਿੱਠੀ ਰੋਟੀ ਵੇਲੇ ਲਾੜਾ ਬਰਾਤ ਨਾਲ ਨਹੀਂ ਸੀ ਜਾਂਦਾ, ਉਸ ਦੀ ਰੋਟੀ ਡੇਰੇ ਭੇਜੀ ਜਾਂਦੀ ਸੀ। ਬਰਾਤੀਆਂ ਨੇ ਰੋਟੀ ਖਾਣੀ ਸ਼ੁਰੂ ਕਰਨੀ ਓਧਰ ਬਨੇਰਿਆਂ ਤੇ ਬੈਠੀਆਂ ਸੁਆਣੀਆਂ ਨੇ ਸਿੱਠਣੀਆਂ ਦਾ ਨਿਸ਼ਾਨਾ ਕੁੜਮ ਨੂੰ ਬਨਾਉਣਾ:-

ਕੁੜਮ ਚੱਲਿਆ ਗੰਗਾ ਦਾ ਨਾਉਣ
ਹਰ ਗੰਗਾ ਨਰੈਣ ਗੰਗਾ
ਪਹਿਲੇ ਗੋਤੇ ਗਿਆ ਪਤਾਲ਼
ਹਰ ਗੰਗਾ ਨਰੈਣ ਗੰਗਾ
ਮੱਛੀ ਨੇ ਫੜ ਲਿਆ ਮੁੱਛ ਦਾ ਵਾਲ਼
ਹਰ ਗੰਗਾ ਨਰੈਣ ਗੰਗਾ

ਏਥੇ ਫੇਰ ਨਹੀਂ ਆਉਂਦਾ ਤੇਰੇ ਦਰਬਾਰ
ਹਰ ਗੰਗਾ ਨਰੈਣ ਗੰਗਾ
ਏਥੇ ਕਰਦੂ ਬੇਬੇ ਦਾ ਦਾਨ
ਹਰ ਗੰਗਾ ਨਰੈਣ ਗੰਗਾ

ਕੁੜਮ ਸਿੱਠਣੀਆਂ ਦਾ ਸ਼ਿਕਾਰ ਬਣਿਆ ਭਮੱਤਰ ਜਾਂਦਾ ਹੈ। ਕੋਈ ਉਸ ਦੇ ਸਰੀਰਕ ਨੁਕਸ ਲਭਦੀ ਹੈ ਕੋਈ ਉਹਦੀ ਜ਼ੋਰੋ ਦੇ ਤਾਅਨੇ ਮਾਰਦੀ ਹੈ, ਬਰਾਤੀ ਮੁੱਛਾਂ ਵਿੱਚ ਮੁਸਕਰਾਉਂਦੇ ਹੋਏ ਅਨੂਠਾ ਆਨੰਦ ਮਾਣਦੇ ਹਨ। ਬਨੇਰੇ ਤੋਂ ਸਿੱਠਣੀਆਂ ਦੀਆਂ ਫੁਹਾਰਾਂ ਪੈ ਰਹੀਆਂ ਹਨ:-

ਜੇ ਕੁੜਮਾਂ ਤੇਰੀਆਂ ਅੱਖਾਂ ਦੁਖਦੀਆਂ
ਮੋਗੇ ਲਾਜ ਕਰਾ ਲੈ ਵੇ
ਕੁੱਛ ਫੈਦਾ ਹੋ ਜੂ
ਇਕ ਗੁੜ ਦੀ ਡਲ਼ੀ
ਇਕ ਤੇਲ ਦੀ ਪਲ਼ੀ
ਵਿੱਚ ਮਿਰਚਾਂ ਦੀ ਲੱਪ ਪਵਾ ਲੈ ਵੇ
ਕੁੱਛ ਫੈਦਾ ਹੋ ਜੂ
ਮੋਗੇ ਲਾਜ ਕਰਾ ਲੈ
ਵੇ ਕੁੱਛ ਫੈਦਾ ਹੋ ਜੂ
ਇਕ ਗੁੜ ਦੀ ਡਲ਼ੀ
ਇਕ ਤੇਲ ਦੀ ਪਲ਼ੀ
ਵਿੱਚ ਬਿੱਲੀ ਦੀ ਪੂਛ ਫਰਾ ਲੈ ਵੇ
ਕੁੱਛ ਫੈਦਾ ਹੋ ਜੂ
ਮੋਗੇ ਲਾਜ਼ ਕਰਾ ਲੈ ਵੇ
ਕੁੱਛ ਫੈਦਾ ਹੋ ਜੂ

ਕੁੜਮ ਦੀ ਜ਼ੋਰੋ ਬਾਰੇ ਅਨੇਕਾਂ ਸਿੱਠਣੀਆਂ ਦਿੱਤੀਆਂ ਜਾਂਦੀਆਂ ਹਨ ਉਸ ’ਤੇ ਚਰਿੱਤਰ ਹੀਣ ਹੋਣ ਦੇ ਦੂਸ਼ਨ ਲਾਏ ਜਾਂਦੇ ਹਨ। ਭਲਾ ਕੌਣ ਮਸਤੀ ਦੀ ਮੌਜ ਵਿੱਚ ਗਾ ਰਹੀਆਂ ਸੁਆਣੀਆਂ ਦੇ ਮੂੰਹ ਫੜ ਸਕਦਾ ਹੈ:-

ਵੇ ਜੋਰੋ ਤੇਰੀ ਕੁੜਮਾਂ
ਕਰਦੀ ਪਾਣੀ ਪਾਣੀ
ਕੌਣ ਦਾਰੀ ਦਾ ਰਸੀਆ
ਕੌਣ ਲਿਆਵੇ ਪਾਣੀ
ਦਿਓਰ ਦਾਰੀ ਦਾ ਰਸੀਆ
ਓਹੋ ਲਿਆਵੇ ਪਾਣੀ
ਨੀ ਸਰ ਸੁਕਗੇ ਨਖਰੋ
ਕਿਥੋਂ ਲਿਆਵਾਂ ਪਾਣੀ
ਵੇ ਇਕ ਬੱਦਲ ਵਰ੍ਹਿਆ
ਵਿੱਚ ਰਾਹਾਂ ਦੇ ਪਾਣੀ
ਵੇ ਜੋਰੋ ਤੇਰੀ ਕੜਮਾਂ

ਕਰਦੀ ਡੇਲੇ ਡੇਲੇ
ਕੌਣ ਦਾਰੀ ਦਾ ਰਸੀਆ
ਉਹਨੂੰ ਤੋੜ ਲਿਆਵੇ ਡੇਲੇ
ਉਹਦਾ ਦਿਓਰ ਦਾਰੀ ਦਾ ਰਸੀਆ
ਉਹਨੂੰ ਤੋੜ ਲਿਆਵੇ ਡੇਲੇ
ਨੀ ਬਣ ਸੁਕਗੇ ਨਖਰੋ
ਕਿਥੋਂ ਲਿਆਵਾਂ ਡੇਲੇ

ਕੁੜਮਣੀ ਤੇ ਕਈ ਪ੍ਰਕਾਰ ਦੇ ਦੋਸ਼ ਲਗਾਏ ਜਾਂਦੇ ਹਨ, ਮੇਲਣਾਂ ਵਿਦ ਵਿਦ ਕੇ ਸਿੱਠਣੀਆਂ ਦੇਂਦੀਆਂ ਹਨ:-

ਨਿੱਕੀ ਜਹੀ ਕੋਠੜੀਏ
ਤੈਂ ਵਿੱਚ ਮੇਰਾ ਆਟਾ
ਕੁੜਮਾਂ ਜੋਰੋ ਉੱਧਲ ਚੱਲੀ
ਲੈ ਕੇ ਧੌਲਾ ਝਾਟਾ

ਨਿੱਕੀ ਜਹੀ ਕੋਠੜੀਏ
ਤੂੰ ਵਿੱਚ ਮੇਰੇ ਦਾਣੇ
ਕੁੜਮਾਂ ਜੋਰੋ ਉੱਧਲ ਚੱਲੀ
ਲੈ ਕੇ ਨਿੱਕੇ ਨਿਆਣੇ

ਨਿੱਕੀ ਜਹੀ ਕੋਠੜੀਏ
ਤੈਂ ਵਿੱਚ ਮੇਰੀ ਭੇਲੀ
ਕੁੜਮਾਂ ਜੋਰੋ ਉੱਧਲ ਚੱਲੀ
ਲੈ ਕੇ ਫੱਤੂ ਤੇਲੀ

ਕੁੜਮ ਵਿਚਾਰਾ ਪਾਣੀਓਂ ਪਾਣੀ ਹੋਇਆ ਇਕ ਹੋਰ ਤੱਤੀ ਤੱਤੀ ਸਿੱਠਣੀ ਸੁਣਦਾ ਹੈ, ਮੁਟਿਆਰਾਂ ਦਾ ਜਲੌਅ ਝੱਲਿਆ ਨੀ ਜਾਂਦਾ:-

ਕੁੜਮਾਂ ਜੋਰੋ ਸਾਡੇ ਆਈ
ਘਗਰੀ ਲਿਆਈ ਪਾਟੀ
ਸਮਾ ਲੈ ਨੀ
ਸਮਾ ਲੈ ਯਾਰਾਂ ਪਾਟੀ
ਸਮਾ ਲੈ ਨੀ
ਕੌਣ ਜੁ ਉਹਦੇ ਧਾਗੇ ਵੱਟੇ
ਕੌਣ ਜੁ ਲਾਵੇ ਟਾਕੀ
ਸਮਾ ਲੈ ਨੀ
ਸਮਾ ਲੈ ਯਾਰਾਂ ਪਾਟੀ
ਛੜੇ ਜੋ ਤੇਰੇ ਧਾਗੇ ਵੱਟਣ
ਉਹੀ ਲਾਉਣ ਟਾਕੀ
ਸਮਾ ਲੈ ਨੀ

ਸਮਾਂ ਲੈ ਯਾਰਾਂ ਪਾਟੀ
ਸਮਾ ਲੈ ਨੀ

ਦੂਜੀ ਭਲਕ, ਫੇਰਿਆਂ ਤੋਂ ਮਗਰੋਂ, ਗੱਭਲੀ ਰੋਟੀ ਜਿਸ ਨੂੰ "ਖੱਟੀ ਰੋਟੀ" ਵੀ ਆਖਦੇ ਹਨ ਸਮੇਂ ਲਾੜਾ ਬਾਰਾਤ ਵਿੱਚ ਸ਼ਾਮਲ ਹੋ ਕੇ ਰੋਟੀ ਖਾਣ ਜਾਂਦਾ ਹੈ। ਜਾਨੀ ਪੂਰੀ ਟੋਹਰ ਵਿੱਚ ਹੁੰਦੇ ਹਨ ਓਧਰ ਬਨੇਰਿਆਂ ਤੇ ਬੈਠੀਆਂ ਮੁਟਿਆਰਾਂ ਤੇ ਔਰਤਾਂ ਲਾੜੇ ਨੂੰ ਆਪਣੀਆਂ ਸਿੱਠਣੀਆਂ ਦਾ ਨਿਸ਼ਾਨਾ ਬਣਾਉਂਦੀਆਂ ਹਨ:-

ਲਾੜਿਆ ਪਗ ਟੇਢੀ ਨਾ ਬੰਨ੍ਹ ਕੇ
ਸਾਨੂੰ ਹੀਣਤ ਆਵੇ
ਤੇਰੀ ਬੇਬੇ ਦੇ ਉਧਲੀ
ਸਾਡੇ ਮਹਿਲਾਂ ਨੂੰ ਆਵੇ
ਤੇਰੀ ਬੇਬੇ ਦੇ ਬਦਣੀ
ਬੈਠੀ ਜੋਕਾਂ ਵੇ ਲਾਵੇ
ਇਕ ਜੋਕ ਗਵਾਚੀ
ਬੈਠੀ ਝਗੜਾ ਪਾਵੇ
ਇਕ ਪੈਸਾ ਨੀ ਲੈ ਲੈ
ਝਗੜਾ ਛਡ ਬਦਕਾਰੇ
ਪੈਸਾ ਨਹੀਓਂ ਲੈਣਾ
ਝਗੜਾ ਜਾਊ ਸਰਕਾਰੇ
ਸਾਡਾ ਚਾਚਾ ਛੈਲ
ਝਗੜਾ ਜਿਤ ਘਰ ਆਵੇ

ਲਾੜੇ ਦੇ ਕੋੜਮੇ ਨੂੰ ਪੁਣਦੀਆਂ ਹੋਈਆਂ ਮੁਟਿਆਰਾਂ ਸਾਰੇ ਮਾਹੌਲ ਵਿੱਚ ਹਾਸੇ ਛਣਕਾ ਦੇਂਦੀਆਂ ਹਨ। ਕੋਈ ਵਡਾਰੂ ਕੁੜੀਆਂ ਨੂੰ ਸਲੂਣੀਆਂ ਸਿੱਠਣੀਆਂ ਦੇਣ ਤੋਂ ਵਰਜਣ ਲਗਦਾ ਹੈ ਤਾਂ ਅਗੋਂ ਕੋਈ ਰਸੀਆ ਆਖ ਦੇਂਦਾ ਹੈ।"ਦੇ ਲੋ ਭਾਈ ਦੇ ਲੋ-ਆਹ ਦਿਨ ਕਿਹੜਾ ਰੋਜ਼ ਰੋਜ਼ ਆਉਣੈ।" ਇੰਨੇ ਨੂੰ ਸਿੱਠਣੀ ਦੇ ਬੋਲ ਉਭਰਦੇ ਹਨ:-

ਲਾੜਿਆ ਵੇ ਮੇਰਾ ਨੌਕਰ ਲਗ ਜਾ ਵੇ
ਟਕਾ ਮਜੂਰੀ ਦਵਾ ਦਿੰਨੀ ਆਂ
ਮੇਰੇ ਅੰਦਰੋਂ ਸੁੰਭਰ ਮੇਰੇ ਬਾਹਰੋਂ ਸੁੰਭਰ
ਮੇਰੇ ਮਹਿਲੀਂ ਰੜਕਾ ਫੇਰ ਆਈਂ ਵੇ
ਟਕਾ ਮਜੂਰੀ ਦਵਾ ਦਿੰਨੀ ਆਂ
ਮੇਰਾ ਉਤਲਾ ਧੋ
ਮੇਰੀ ਕੁੜਤੀ ਧੋ
ਚੀਰੇ ਵਾਲੇ ਦੀ ਜਾਕਟ ਧੋ ਲਿਆਈਂ ਵੇ
ਟਕਾ ਮਜਰੂਰੀ ਦਵਾ ਦਿੰਨੀ ਆਂ
ਮੇਰੀ ਮੱਝ ਨਲ੍ਹਾ
ਮੇਰੀ ਕੱਟੀ ਨਲ੍ਹਾ
ਚੀਰੇ ਵਾਲੇ ਦਾ ਘੋੜਾ ਨਲ੍ਹਾ ਲਿਆਈਂ ਵੇ
ਟਕਾ ਮਜੂਰੀ ਦਵਾ ਦਿੰਨੀ ਆਂ

ਨਮੋਸ਼ੀ ਦਾ ਮਾਰਿਆ ਲਾੜਾ ਤਾਂ ਨਿਗਾਹ ਚੁੱਕ ਕੇ ਬਨੇਰਿਆਂ ਤੇ ਬੈਠੀਆਂ ਮੁਟਿਆਰਾਂ

ਵਲ ਝਾਕਣ ਦੀ ਜੁਰਅਤ ਵੀ ਨਹੀਂ ਕਰ ਸਕਦਾ। ਜਦੋਂ ਵੇਖਦਾ ਹੈ ਝਟ ਟੋਕਾ ਟਾਕੀ ਸ਼ੁਰੂ ਹੋ ਜਾਂਦੀ ਹੈ:-

ਲਾੜਿਆ ਆਪਣੀਆਂ ਵਲ ਵੇਖ ਵੇ
ਕਿਉਂ ਲਵੇਂ ਪਰਾਈਆਂ ਬਿੜਕਾਂ
ਘਰ ਭੈਣ ਜੁ ਤੇਰੀ ਕੰਨਿਆ ਕੁਮਾਰੀ
ਤੂੰ ਉਹਦਾ ਦੇ ਦੇ ਸਾਕ ਵੇ
ਕਿਉਂ ਲਵੇਂ ਪਰਾਈਆਂ ਬਿੜਕਾਂ
ਤੂੰ ਆਪਣੀਆਂ ਵਲ ਝਾਕ ਵੇ
ਕਿਉਂ ਲਵੇਂ ਪਰਾਈਆਂ ਬਿੜਕਾਂ

ਸਿੱਠਣੀਆਂ ਦੇਣ ਦਾ ਰਿਵਾਜ ਹੁਣ ਖਤਮ ਹੋ ਗਿਆ ਹੈ। ਇਕ ਦਿਨ ਦੇ ਵਿਆਹ ਨੇ, ਉਹ ਵੀ ਮੈਰਜ ਪੈਲੇਸਾਂ ਵਿੱਚ ਹੋਣ ਕਾਰਨ, ਵਿਆਹ ਦੀਆਂ ਸਾਰੀਆਂ ਰਸਮਾਂ ਤੇ ਰੌਣਕਾਂ ਸਮਾਪਤ ਕਰ ਦਿੱਤੀਆਂ ਹਨ। ਬਸ ਸ਼ੋਰ ਹੀ ਰਹਿ ਗਿਆ ਹੈ। ਸੈਂਕੜਿਆਂ ਦੀ ਗਿਣਤੀ ਵਿੱਚ ਸਿੱਠਣੀਆਂ ਉਪਲਭਧ ਹਨ। ਇਹਨਾਂ ਨੂੰ ਸਾਂਭਣ ਦੀ ਅਤਿਅੰਤ ਲੋੜ ਹੈ। ਇਹ ਸਾਡੀ ਸੱਭਿਆਚਾਰਕ ਵਿਰਾਸਤ ਦਾ ਵੱਡਮੁੱਲਾ ਸਰਮਾਇਆ ਹਨ।

ਨਾਨਕਿਆਂ ਦਾ ਮੇਲ਼ ਆਇਆ

1
ਨੀ ਕਿਧਰ ਗਈਆਂ ਬੀਬੀ ਤੇਰੀਆਂ ਨਾਨਕੀਆਂ
ਚੂਹੜੇ ਛੱਡ ਚਮਾਰਾਂ ਦੇ ਗਈਆਂ
ਨੀ ਬੀਬੀ ਤੇਰੀਆਂ ਨਾਨਕੀਆਂ
ਨੀ ਕਿਧਰ ਗਈਆਂ
ਨੀ ਬੀਬੀ ਤੇਰੀਆਂ ਨਾਨਕੀਆਂ
ਚੱਬੀਆਂ ਸੀ ਮੱਠੀਆਂ
ਜੰਮੀਆਂ ਸੀ ਕੱਟੀਆਂ
ਕੱਟੀਆਂ ਚਰਾਵਣ ਗਈਆਂ
ਨੀ ਬੀਬੀ ਤੇਰੀਆਂ ਨਾਨਕੀਆਂ

ਹੁਣ ਕਿਧਰ ਗਈਆਂ
ਬੀਬੀ ਤੇਰੀਆਂ ਨਾਨਕੀਆਂ
ਚੱਬੇ ਸੀ ਪਕੌੜੇ
ਜੰਮੇ ਸੀ ਜੌੜੇ
ਜੌੜੇ ਖਿਡਾਵਣ ਗਈਆਂ
ਨੀ ਬੀਬੀ ਤੇਰੀਆਂ ਨਾਨਕੀਆਂ

ਨੀ ਕਿਧਰ ਗਈਆਂ
ਬੀਬੀ ਤੇਰੀਆਂ ਨਾਨਕੀਆਂ
ਖਾਧੇ ਸੀ ਲੱਡੂ
ਜੰਮੇ ਸੀ ਡੱਡੂ
ਟੋਭੇ ਛੁਡਾਵਣ ਗਈਆਂ
ਨੀ ਬੀਬੀ ਤੇਰੀਆਂ ਨਾਨਕੀਆਂ
2
ਕਿਥੋਂ ਆਈਆਂ ਵੇ
ਸਰਵਣਾ ਤੇਰੀਆਂ ਨਾਨਕੀਆਂ
ਪੀਤੀ ਸੀ ਪਿੱਛ ਜੰਮੇ ਸੀ ਰਿੱਛ
ਹੁਣ ਕਲੰਦਰਾ ਵਿਹੜੇ ਵੇ
ਸਰਵਣਾ ਤੇਰੀਆਂ ਨਾਨਕੀਆਂ

ਖਾਧੇ ਸੀ ਲੱਡੂ ਜੰਮੇ ਸੀ ਡੱਡੂ
ਹੁਣ ਛੱਪੜਾਂ ਦੇ ਕੰਢੇ ਵੇ
ਸਰਵਣਾ ਤੇਰੀਆਂ ਨਾਨਕੀਆਂ
ਖਾਧੇ ਸੀ ਮਾਂਹ ਜੰਮੇ ਸੀ ਕਾਂ
ਕਾਂ ਕਾਂ ਕਰਦੀਆਂ ਵੇ
ਸਰਵਣਾ ਤੇਰੀਆਂ ਨਾਨਕੀਆਂ
ਖਾਧੇ ਸੀ ਖਜੂਰ ਜੰਮੇ ਸੀ ਸੂਰ
ਹੁਣ ਸੂਰਾਂ ਦੇ ਗਈਆਂ ਵੇ
ਸਰਵਣਾ ਤੇਰੀਆਂ ਨਾਨਕੀਆਂ
ਖਾਧੀਆਂ ਸੀ ਖਿੱਲਾਂ
ਜੰਮੀਆਂ ਸੀ ਇਲ੍ਹਾਂ
ਹੁਣ ਅੰਬਰ ਭੌਂਂਦੀਆਂ ਵੇ
ਸਰਵਣਾ ਤੇਰੀਆਂ ਨਾਨਕੀਆਂ
ਖਾਧੇ ਸੀ ਪਕੌੜੇ, ਮੁੰਡੇ ਜੰਮੇ ਜੌੜੇ
ਹੁਣ ਜੌੜੇ ਖਿਡਾਵਣ ਗਈਆਂ ਵੇ
ਸਰਵਣਾ ਤੇਰੀਆਂ ਨਾਨਕੀਆਂ
3
ਛੱਜ ਉਹਲੇ ਛਾਨਣੀ
ਪਰਾਤ ਉਹਲੇ ਤਵਾ ਓਏ
ਨਾਨਕਿਆਂ ਦਾ ਮੇਲ਼ ਆਇਆ
ਸੂਰੀਆਂ ਦਾ ਰਵਾ ਓਏ

ਛੱਜ ਓਹਲੇ ਛਾਨਣੀ
ਪਰਾਤ ਉਹਲੇ ਗੁੱਛੀਆਂ
ਨਾਨਕਿਆਂ ਦਾ ਮੇਲ਼ ਆਇਆ
ਸੱਭੇ ਰੰਨਾਂ ਲੁੱਚੀਆਂ

ਛੱਜ ਉਹਲੇ ਛਾਨਣੀ
ਪਰਾਤ ਉਹਲੇ ਛੱਜ ਓਏ
ਨਾਨਕਿਆਂ ਦਾ ਮੇਲ਼ ਆਇਆ
ਗਾਉਣ ਦਾ ਨਾ ਚੱਜ ਓਏ
4
ਸੁਰਜੀਤ ਕੁਰੇ ਕੁੜੀਏ
ਗੁੜ ਦੀ ਰੋੜੀ ਚਾਹ ਦੇ ਪੱਤੇ
ਦੁੱਧ ਬਜਾਰੋਂ ਲਿਆ ਦੇ
ਫੱਕਰ ਨੀ ਤੇਰੇ ਬਾਹਰ ਖੜੇ


ਸਾਨੂੰ ਚਾਹ ਦੀ ਘੁੱਟ ਪਲਾ ਦੇ
ਫੱਕਰ ਨੀ ਤੇਰੇ ਬਾਹਰ ਖੜੇ
5
ਸਾਨੂੰ ਆਈਆਂ ਨੂੰ ਮੰਜਾ ਨਾ ਡਾਹਿਆ
ਨੀ ਚੱਲੋ ਭੈਣੋਂ ਮੁੜ ਚੱਲੀਏ
ਸੋਡਾ ਵਿਹੜਾ ਭੀੜਾ ਨੀ
ਚੱਲੋ ਨੀ ਭੈਣੇਂ ਮੁੜ ਚੱਲੀਏ
ਸੋਡੇ ਕੋਠੇ ਤਾਂ ਥਾਂ ਹੈਨੀ
ਚੱਲੀ ਨੀ ਭੈਣੋਂ ਮੁੜ ਚੱਲੀਏ
6
ਮੋਠ ਕੁੜੇ ਨੀ ਮੋਠ ਕੁੜੇ
ਮਾਮਾ ਸੁੱਕਕੇ ਤੀਲਾ ਹੋਇਆ
ਮਾਮੀ ਹੋ ਗਈ ਤੋਪ ਕੁੜੇ
ਮਰਹੱਟੇ ਵਾਲ਼ੀ ਤੋਪ ਕੁੜੇ
ਫਰੰਗੀ ਵਾਲ਼ੀ ਤੋਪ ਕੁੜੇ

ਜੰਨ ਦਾ ਸੁਆਗਤ


7
ਲੌਂਗਾਂ ਦੀ ਬਾੜ ਕਰੋ
ਜੀ ਜੰਨ ਨੇੜੇ ਨੇੜੇ
ਲੌਂਗਾਂ ਦੀ ਬਾੜ ਕਰੋ
ਜੀ ਜੰਨ ਨੇੜੇ ਨੇੜੇ

ਬੀਬੀ ਦੇ ਬਾਬਲ ਨੂੰ ਖ਼ਬਰ ਕਰੋ
ਜੀ ਜੰਨ ਨੇੜੇ ਨੇੜੇ
ਲੌਂਗਾਂ ਦੀ ਬਾੜ ਕਰੋ
ਜੀ ਜੰਨ ਨੇੜੇ ਨੇੜੇ

ਬੀਬੀ ਦੇ ਮਾਮੇ ਨੂੰ ਖ਼ਬਰ ਕਰੋ
ਜੀ ਜੰਨ ਨੇੜੇ ਨੇੜੇ
ਲੌਂਗਾਂ ਦੀ ਬਾੜ ਕਰੋ
ਜੀ ਜੰਨ ਨੇੜੇ ਨੇੜੇ

ਬੀਬੀ ਦੇ ਚਾਚਿਆਂ ਨੂੰ ਖ਼ਬਰ ਕਰੋ
ਜੀ ਜੰਨ ਨੇੜੇ ਨੇੜੇ
ਲੌਂਗਾਂ ਦੀ ਬਾੜ ਕਰੋ
ਜੀ ਜੰਨ ਨੇੜੇ ਨੇੜੇ
8
ਆਉਂਦੇ ਸਜਨਾਂ ਨੂੰ ਕੋਰੇ ਵਛਾ ਦਿਓ
ਦਰੀਆਂ ਦੇ ਮੇਲ ਮਲਾ ਦਿਓ
ਮਨ ਸੋਚਕੇ ਗੁਰਾਂ ਵਲ ਜਾਇਓ
ਆਉਂਦੇ ਸਜਨਾਂ ਦੇ ਹੱਥ ਧੁਆ ਦਿਓ
ਗੜਬਿਆਂ ਦੇ ਮੇਲ ਮਲਾ ਦਿਓ
ਮਨ ਸੋਚਕੇ ਗੁਰਾਂ ਵਲ ਜਾਇਓ
9
ਮੈਂ ਲਾਜ ਮੋਈ ਮੈਂ ਲਾਜ ਮੋਈ
ਇਹ ਵਰੀ ਪੁਰਾਣੀ ਲਿਆਏ
ਮੈਂ ਲਾਜ ਮੋਈ ਮੈਂ ਲਾਜ ਮੋਈ

ਇਹ ਕੀ ਕੀ ਵਸਤ ਲਿਆਏ
ਮੈਂ ਲਾਜ ਮੋਈ ਮੈਂ ਲਾਜ ਮੋਈ
ਇਹ ਬੁਢੜੇ ਕਾਹਨੂੰ ਆਏ
ਮੈਂ ਲਾਜ ਮੋਈ ਮੈਂ ਲਾਜ ਮੋਈ
ਇਹ ਗੱਭਰੂ ਕਿਉਂ ਨਾ ਲਿਆਏ
ਮੈਂ ਲਾਜ ਮੋਈ ਮੈਂ ਲਾਜ ਮੋਈ
ਇਹ ਸਾਰੇ ਆਂਡਲ ਆਏ
10
ਜਾਨੀ ਓਸ ਪਿੰਡੋਂ ਆਏ
ਜਿੱਥੇ ਰੁੱਖ ਵੀ ਨਾ
ਇਹਨਾਂ ਦੇ ਤੌੜਿਆਂ ਵਰਗੇ ਮੂੰਹ
ਉੱਤੇ ਮੁੱਛ ਵੀ ਨਾ

ਜਾਨੀ ਓਸ ਪਿੰਡੋਂ ਆਏ
ਜਿੱਥੇ ਤੂਤ ਵੀ ਨਾ
ਇਹਨਾਂ ਦੇ ਖੱਪੜਾਂ ਵਰਗੇ ਮੂੰਹ
ਉੱਤੇ ਰੂਪ ਵੀ ਨਾ

ਜਾਨੀ ਓਸ ਪਿੰਡੋਂ ਆਏ
ਜਿਥੇ ਟਾਲ੍ਹੀ ਵੀ ਨਾ
ਇਹਨਾਂ ਦੇ ਪੀਲੇ ਡੱਡੂ ਮੂੰਹ
ਉੱਤੇ ਲਾਲੀ ਵੀ ਨਾ
11
ਪਾਰਾਂ ਤੋਂ ਦੋ ਗੜਵੇ ਆਏ
ਵਿੱਚ ਗੜਵਿਆਂ ਦੇ ਭੂਕਾਂ
ਲੰਦਨ ਨੂੰ ਜਾਣਾ
ਵਿਆਹੇ ਵਿਆਹੇ ਜੰਨ ਚੜ੍ਹ ਆਏ
ਛੜੇ ਮਾਰਦੇ ਕੂਕਾਂ
ਲੰਦਨ ਨੂੰ ਜਾਣਾ
12
ਚਾਦਰ ਵੀ ਕੁੜਮਾ ਮੇਰੀ ਪੰਜ ਪਟੀ
ਵਿੱਚ ਗੁਲਾਬੀ ਫੁੱਲ
ਜਦ ਮੈਂ ਨਿਕਲ਼ੀ ਪਹਿਨ ਕੇ
ਤੇਰੀ ਸਾਰੀ ਜਨੇਤ ਦਾ ਮੁੱਲ
13
ਚੰਨ ਚਾਨਣੀ ਰਾਤ
ਤਾਰਾ ਕੋਈ ਕੋਈ ਐ

ਜੰਨ ਬੁੱਢਿਆਂ ਦੀ ਆਈ
ਮੁੰਡਾ ਕੋਈ ਕੋਈ ਐ
ਚੰਨ ਚਾਨਣੀ ਰਾਤ
ਤਾਰਾ ਇਕ ਵੀ ਨਹੀਂ
ਜੰਨ ਕਾਣਿਆਂ ਦੀ ਆਈ
ਸਾਬਤ ਇਕ ਵੀ ਨਹੀਂ
14
ਸੱਦੇ ਸੀ ਅਸੀਂ ਪੰਜ ਪਰਾਹੁਣੇ
ਸੱਦੇ ਸੀ ਅਸੀਂ ਪੰਜ ਪਰਾਹੁਣੇ
ਟੋਲੇ ਬੰਨ੍ਹ ਬੰਨ੍ਹ ਆਏ
ਅਸੀਂ ਸਜਣ ਬੜੇ ਸਮਝਾਏ
ਧਰਮ ਨਾਲ਼ ਸਜਣ ਬੜੇ ਸਮਝਾਏ

ਸੱਦੇ ਸੀ ਅਸੀਂ ਸੋਹਣੇ ਸੋਹਣੇ
ਸੱਦੇ ਸੀ ਅਸੀਂ ਸੋਹਣੇ ਸੋਹਣੇ
ਪੰਜ ਦਵੰਜੇ ਆਏ
ਧਰਮ ਨਾਲ਼ ਪੰਜ ਦਵੰਜੇ ਆਏ

ਸੱਦੇ ਸੀ ਅਸੀਂ ਗੱਭਰੁ ਗੱਭਰੂ
ਸੱਦੇ ਸੀ ਅਸੀਂ ਗੱਭਰੂ ਗੱਭਰੂ
ਇਹ ਬੁਢੜੇ ਕਾਹਨੂੰ ਆਏ
ਅਸੀਂ ਸੱਜਣ ਬੜੇ ਸਮਝਾਏ
ਧਰਮ ਨਾਲ਼ ਸੱਜਣ ਬੜੇ ਸਮਝਾਏ
15
ਸਾਡੇ ਖੂਹਾਂ ਦਾ ਠੰਡਾ ਠੰਡਾ ਪਾਣੀ
ਵੇ ਜਾਨੀਓਂ ਪੀ ਕੇ ਜਾਇਓ
ਖੂਹਾਂ ਵਾਲ਼ਿਆਂ ਨੂੰ ਦੇ ਕੇ ਜਾਇਓ ਮਾਂ
ਵੇ ਜਾਨੀਓਂ ਪੀ ਕੇ ਜਾਇਓ

ਸਾਡੀਆਂ ਬੇਰੀਆਂ ਦੇ ਮਿੱਠੇ ਮਿੱਠੇ ਬੇਰ
ਵੇ ਜਾਨੀਓਂ ਖਾ ਕੇ ਜਾਇਓ
ਬੇਰੀਆਂ ਵਾਲ਼ਿਆਂ ਨੂੰ ਦੇ ਕੇ ਜਾਇਓ ਮਾਂ
ਵੇ ਜਾਨੀਓ ਖਾ ਕੇ ਜਾਇਓ
ਸਾਡੇ ਤੂਤਾਂ ਦੀ ਠੰਡੀ ਠੰਡੀ ਛਾਂ
ਵੇ ਜਾਨੀਓਂ ਮਾਣ ਕੇ ਜਾਇਓ
ਸਾਡੇ ਤੂਤਾਂ ਦੀ ਠੰਡੀ ਠੰਡੀ ਛਾਂ
ਵੇ ਜਾਨੀਓਂ ਮਾਣ ਕੇ ਜਾਇਓ



ਲਾੜਾ ਲਾਡਲਾ ਨੀ


16
ਆ ਜਾ ਝਟ ਬਹਿਜਾ ਕ੍ਰਿਸ਼ਨਾ
ਕੰਵਲ ਫੁੱਲਾਂ ਦੀ ਠੰਡੀ ਛਾਂ
ਵੇ ਪਾਣੀ ਤੈਨੂੰ ਮੈਂ ਦਿੰਨੀ ਆਂ
ਸਾਬਣ ਦੇਵੇਗੀ ਤੇਰੀ ਮਾਂ
ਆ ਜਾਂ ਝਟ ਬਹਿਜਾ ਕ੍ਰਿਸ਼ਨਾ
ਕੰਵਲ ਫੁੱਲਾਂ ਦੀ ਠੰਡੀ ਛਾਂ
ਵੇ ਬਸਤਰ ਤੈਨੂੰ ਮੈਂ ਦਿੰਨੀ ਆਂ
ਪਲੰਘ ਦੇਵੇਗੀ ਤੇਰੀ ਮਾਂ

ਆ ਜਾ ਝੱਟ ਬਹਿਜਾ ਕ੍ਰਿਸ਼ਨਾ
ਕੰਵਲ ਫੁੱਲਾਂ ਦੀ ਠੰਡੀ ਛਾਂ
ਬੂਟ ਤੈਨੂੰ ਮੈਂ ਦਿੰਨੀ ਆਂ
ਮੁਕਟ ਦੇਵੇਗੀ ਤੇਰੀ ਮਾਂ

ਆ ਜਾ ਝਟ ਬਹਿਜਾ ਕ੍ਰਿਸ਼ਨਾ
ਕੰਵਲ ਫੁੱਲਾਂ ਦੀ ਠੰਡੀ ਛਾਂ
ਕੁੜਤਾ ਤੈਨੂੰ ਮੈਂ ਦਿੰਨੀ ਆਂ
ਬਟਨ ਦੇਵੇਗੀ ਤੇਰੀ ਮਾਂ

ਆ ਜਾ ਝੱਟ ਬਹਿਜਾ ਕ੍ਰਿਸ਼ਨਾ
ਕੰਵਲ ਫੁੱਲਾਂ ਦੀ ਠੰਡੀ ਛਾਂ
ਵੇ ਭੋਜਨ ਤੈਨੂੰ ਮੈਂ ਦਿੰਨੀ ਆਂ
ਥਾਲ਼ੀ ਦੇਵੇਗੀ ਤੇਰੀ ਮਾਂ
ਆ ਜਾ ਝਟ ਬਹਿਜਾ ਕ੍ਰਿਸ਼ਨਾ
ਕੰਵਲ ਫੁੱਲਾਂ ਦੀ ਠੰਡੀ ਛਾਂ
17
ਤੇਰੀ ਮਦ ਵਿੱਚ ਮਦ ਵਿੱਚ ਮਦ ਵਿੱਚ ਵੇ
ਬੂਟਾ ਰਾਈ ਦਾ
ਤੂੰ ਪੁੱਤ ਐਂ ਲਾੜਿਆ ਵੇ
ਸਾਡੇ ਨਾਈ ਦਾ


ਤੇਰੀ ਮਦ ਵਿੱਚ ਮਦ ਵਿੱਚ ਮਦ ਵਿੱਚ ਵੇ
ਬੂਟਾ ਜਾਮਣ ਦਾ
ਤੂੰ ਪੁੱਤ ਐਂ ਲਾੜਿਆ ਵੇ
ਸਾਡੇ ਬਾਹਮਣ ਦਾ
ਤੇਰੀ ਮਦ ਵਿੱਚ ਮਦ ਵਿਚ ਮਦ ਵਿੱਚ ਵੇ
ਬੂਟਾ ਗੋਭੀ ਦਾ
ਤੂੰ ਪੁੱਤ ਹੈਂ ਲਾੜਿਆ ਵੇ
ਕਿਸੇ ਸੂਮ ਤੇ ਲੋਭੀ ਦਾ
18
ਲਾੜਿਆ ਕੱਲੜਾ ਕਿਉਂ ਆਇਆ ਵੇ
ਅੱਜ ਦੀ ਘੜੀ
ਨਾਲ ਅੰਮਾਂ ਨੂੰ ਨਾ ਲਿਆਇਆ ਵੇ
ਅੱਜ ਦੀ ਘੜੀ
ਤੇਰੀ ਬੇਬੇ ਸਾਡਾ ਬਾਪੂ
ਜੋੜੀ ਅਜਬ ਬਣੀ
19
ਲਾੜਿਆ ਅਪਣੀਆਂ ਵਲ ਵੇਖ ਵੇ
ਕਿਊਂ ਲਵੇਂ ਪਰਾਈਆਂ ਬਿੜਕਾਂ
ਘਰ ਭੈਣ ਜੁ ਤੇਰੀ ਕੰਨਿਆ ਕੁਮਾਰੀ
ਤੂੰ ਉਹਦਾ ਦੇ ਦੇ ਸਾਕ ਵੇ
ਕਿਊਂ ਲਵੇਂ ਪਰਾਈਆਂ ਬਿੜਕਾਂ
ਤੂੰ ਆਪਣੀਆਂ ਵਲ ਝਾਕ ਵੇ
ਕਿਉਂ ਲਵੇਂ ਪਰਾਈਆਂ ਬਿੜਕਾਂ
ਘਰ ਭੂਆ ਜੁ ਤੇਰੀ ਕੰਨਿਆ ਕੁਮਾਰੀ
ਤੂੰ ਉਹਦਾ ਦੇ ਦੇ ਸਾਕ ਵੇ
ਕਿਉਂ
ਕਿਊਂ ਲਵੇਂ ਪਰਾਈਆਂ ਬਿੜਕਾਂ
20
ਕੋਰੀ ਤੇ ਤੌੜੀ ਅਸੀਂ ਰਿੰੰਨ੍ਹੀਆਂ ਗੁੱਲੀਆਂ
ਭੁੱਖ ਲੱਗੀ ਲਾੜਾ ਕੱਢਦਾ ਬੁੱਲ੍ਹੀਆਂ
ਰੋਟੀ ਭਜਾਉਣੀ ਪਈ
ਨਿਲੱਜਿਓ ਲੱਜ ਤੁਹਾਨੂੰ ਨਹੀਂ

ਭੈੜੇ ਭੈੜੇ ਤੁਸੀਂ ਕਰਦੇ ਹੋ ਕਾਰੇ
ਇਨ੍ਹੀਂ ਕਰਤੂਤੀਂ ਤੁਸੀਂ ਰਹੇ ਕੰਵਾਰੇ
ਕਰਤੂਤ ਤੇ ਛਿਪਦੀ ਨਹੀਂ
ਨਿਲੱਜਿਓ ਲੱਜ ਤੁਹਾਨੂੰ ਨਹੀਂ



ਸਾਡੇ ਤਾਂ ਵਿਹੜੇ ਮੁੱਢ ਮੱਕਈ ਦਾ
ਦਾਣੇ ਤਾਂ ਮੰਗਦਾ ਉਧਲ ਗਈ ਦਾ
ਭੱਠੀ ਤਪਾਉਣੀ ਪਈ
ਨਿਲੱਜਿਓ ਲੱਜ ਤੁਹਾਨੂੰ ਨਹੀਂ

ਸਾਡੇ ਤਾਂ ਵਿਹੜੇ ਤਾਣਾ ਤਣੀਂ ਦਾ
ਲਾੜੇ ਦਾ ਪਿਓ ਕਾਣਾ ਸੁਣੀਂਂਦਾ
ਐਨਕ ਲਵਾਉਣੀ ਪਈ
ਨਿਲੱਜਿਓ ਲੱਜ ਤੁਹਾਨੂੰ ਨਹੀਂ

ਕੁੜੀ ਤਾਂ ਸਾਡੀ ਤਿੱਲੇ ਦੀ ਤਾਰ ਏ
ਮੁੰਡਾ ਤਾਂ ਸੁਣੀਂਦਾ ਕੋਈ ਘੁਮਾਰ ਏ
ਜੋੜ ਤਾਂ ਜੁੜਦਾ ਨਹੀਂ
ਨਿਲੱਜਿਓ ਲੱਜ ਤੁਹਾਨੂੰ ਨਹੀਂ

ਪੈਸਾ ਪੈਸਾ ਸਾਡੇ ਪਿੰਡੋਂ ਜੀ ਪਾਓ
ਲਾੜੇ ਜੋਗਾ ਤੁਸੀਂ ਬਾਜਾ ਮੰਗਾਓ
ਜੰਨ ਤਾਂ ਸਜਦੀ ਨਹੀਂ
ਨਿਲੱਜਿਓ ਲੱਜ ਤੁਹਾਨੂੰ ਨਹੀਂ,
21
ਲਾੜਿਆ ਪਗ ਟੇਢੀ ਨਾ ਬੰਨ੍ਹ ਵੇ
ਸਾਨੂੰ ਹੀਣਤ ਆਵੇ
ਤੇਰੀ ਬੇਬੇ ਵੇ ਉਧਲੀ
ਸਾਡੇ ਮਹਿਲਾਂ ਨੂੰ ਆਵੇ
ਤੇਰੀ ਬੇਬੇ ਦੇ ਬਦਣੀ
ਬੈਠੀ ਜੋਕਾਂ ਵੇ ਲਾਵੇ
ਇਕ ਜੋਕ ਗਵਾਚੀ
ਬੈਠੀ ਝਗੜਾ ਪਾਵੇ
ਇਕ ਪੈਸਾ ਨੀ ਲੈ ਲੈ
ਝਗੜਾ ਛੱਡ ਬਦਕਾਰੇ
ਪੈਸਾ ਨਹੀਓਂ ਲੈਣਾ
ਝਗੜਾ ਜਾਊ ਸਰਕਾਰੇ
ਸਾਡਾ ਚਾਚਾ ਛੈਲ
ਝਗੜਾ ਜਿਤ ਘਰ ਆਵੇ
22
ਲਾੜਾ ਲਾਡਲਾ ਨੀ
ਅੱਧੀ ਰਾਤ ਮੰਗੇ ਪਿੱਛ

ਲਾੜੇ ਦਾ ਬਾਪੂ ਐਂ ਬੈਠਾ
ਜਿਵੇਂ ਕੀਲੇ ਬੰਨ੍ਹਿਆ ਰਿੱਛ
ਲਾੜਾ ਲਾਡਲਾ ਨੀ
ਅੱਧੀ ਰਾਤ ਮੰਗੇ ਪਿੱਛ
23
ਸੁਣ ਲਾੜਿਆ ਵੇ
ਕੱਟੇ ਨੂੰ ਬਾਪੂ ਆਖਿਆ ਕਰ
ਸੁਣ ਕੱਟਿਆ ਵੇ
ਬਾਪੂ ਕਹੇ ਤੇ ਟੱਪਿਆ ਕਰ
ਸੁਣ ਲਾੜਿਆ ਵੇ
ਕਾਟੋ ਨੂੰ ਬੇਬੇ ਆਖਿਆ ਕਰ
ਸੁਣ ਕਾਟੋ ਨੀ
ਬੇਬੇ ਕਹੇ ਤੇ ਟੱਪਿਆ ਕਰ
24
ਕੀ ਗਲ ਪੁੱਛਾਂ ਲਾੜਿਆ ਵੇ
ਕੀ ਗਲ ਪੁੱਛਾਂ ਵੇ
ਨਾ ਤੇਰੇ ਦਾੜ੍ਹੀ ਭੌਂਦੂਆ ਵੇ
ਨਾ ਤੇਰੇ ਮੁੱਛਾਂ ਵੇ
ਬੋਕ ਦੀ ਲਾ ਲੈ ਦਾੜ੍ਹੀ
ਚੂਹੇ ਦੀਆਂ ਮੁੱਛਾਂ ਵੇ
25
ਲਾੜੇ ਦੇ ਪਿਓ ਦੀ ਦਾਹੜ੍ਹੀ ਦੇ
ਦੋ ਕੁ ਵਾਲ਼ ਦੋ ਕੁ ਵਾਲ਼
ਦਾੜ੍ਹੀ ਮੁੱਲ ਲੈ ਲੈ ਵੇ
ਮੁੱਛਾਂ ਵਿਕਣ ਬਜ਼ਾਰ
26
ਮੇਰਾ ਮੁਰਗਾ ਗ਼ਰੀਬ
ਕਿਨੇ ਮਾਰਿਆ ਭੈਣੋਂ
ਨਾ ਮੇਰੇ ਮੁਰਗੇ ਦੇ ਟੰਗਾਂ ਬਾਹਾਂ
ਨਾ ਮੇਰੇ ਮੁਰਗੇ ਦੇ ਢੂਹੀ
ਮੇਰੇ ਮੁਰਗੇ ਨੇ ਹਿੰਮਤ ਕੀਤੀ
ਲਾੜੇ ਦੀ ਭੈਣ ਧੂਹੀ
ਮੇਰਾ ਮੁਰਗਾ ਗ਼ਰੀਬ
ਕਿਨੇ ਮਾਰਿਆਂ ਭੈਣੋਂਂ


27
ਲਾੜਿਆ ਵੇ ਮੇਰਾ ਨੌਕਰ ਲਗ ਜਾ ਵੇ
ਟਕਾ ਮਜੂਰੀ ਦਵਾ ਦਿੰਨੀ ਆਂ
ਮੇਰੇ ਅੰਦਰੋਂ ਸੁੰਭਰ ਮੇਰੇ ਬਾਹਰੋਂ ਸੁੰਭਰ
ਮੇਰੇ ਮਹਿਲੀਂ ਰੜਕਾ ਫੇਰ ਆਈਂ ਵੇ
ਟਕਾ ਮਜੂਰੀ ਦਵਾ ਦਿੰਨੀ ਆਂ
ਮੇਰਾ ਉਤਨਾ ਧੋ
ਮੇਰੀ ਕੁੜਤੀ ਧੋ
ਚੀਰੇ ਵਾਲ਼ੇ ਦੀ ਜਾਕਟ ਧੋ ਲਿਆਈਂ ਵੇ
ਟਕਾ ਮਜੂਰੀ ਦਵਾ ਦਿੰਨੀ ਆਂ
ਮੇਰੀ ਮੱਝ ਨਲ੍ਹਾ
ਮੇਰੀ ਕੱਟੀ ਨਲ੍ਹਾ
ਚੀਰੇ ਵਾਲ਼ੇ ਦਾ ਘੋੜਾ ਨਲ੍ਹਾ ਲਿਆਈਂ ਵੇ
ਟਕਾ ਮੰਜੂਰੀ ਦਵਾ ਦਿੰਨੀ ਆਂ
28
ਅਸਾਂ ਨੇ ਕੀ ਕਰਨੇ ਬੇ-ਬਹਾਰੇ ਕੱਦੂ
ਅਸਾਂ ਨੇ ਕੀ ਕਰਨੇ ਬੇ-ਬਹਾਰੇ ਕੱਦ
ਲਾੜਾ ਬੈਠਾ ਐਂ ਝਾਕੇ
ਜਿਉਂ ਛੱਪੜ ਕੰਢੇ ਡੱਡੂ
29
ਅਸਾਂ ਨਾ ਲੈਣੇ
ਪੱਤਾਂ ਬਾਝ ਕਰੇਲੇ
ਲਾੜੇ ਦਾ ਚਾਚਾ ਐਂ ਝਾਕੇ
ਜਿਵੇਂ ਚਾਮਚੜਿਕ ਦੇ ਡੇਲੇ
30
ਨੀ ਮੈਂ ਅਜ ਸੁਣਿਆਂ ਨੀ
ਬਾਰੀ ਦੇ ਓਹਲੇ ਵਜ਼ੀਰ ਖੜਾ
ਨੀ ਮੈਂ ਅਜ ਸੁਣਿਆਂ ਨੀ
ਲਾੜੇ ਦੀ ਅੰਮਾਂ ਦਾ ਯਾਰ ਖੜਾ
ਲਾੜੇ ਦੀਏ ਮਾਏਂ ਨੀ
ਸੁਨਿਆਰ ਤੇਰਾ ਯਾਰ
ਨੀ ਸੁਨਿਆਰ ਲਿਆਵੇ ਚੂੜੀਆਂ
ਸੁਨਿਆਰ ਲਿਆਵੇ ਹਾਰ
ਨੀ ਪਹਿਨ ਲੈ ਪਿਆਰੀਏ
ਮੈਂ ਨੀ ਤੇਰਾ ਯਾਰ


31
ਮੇਰੇ ਰਾਮ ਜੀ
ਬਜ਼ਾਰ ਵਿਕੇ ਤੇਲ ਦੀ ਕੜਾਹੀ
ਲਾੜੇ ਦੀ ਬੇਬੇ ਦਾ ਯਾਰ ਵੇ ਹਲਵਾਈ
ਮੇਰੇ ਰਾਮ ਜੀ
ਅੱਧੀ-ਅੱਧੀ ਰਾਤੀਂ ਦਿੰਦਾ ਮਠਿਆਈ
ਖਾ ਕੇ ਮਿਠਿਆਈ
ਇਹਨੂੰ ਨੀਂਦ ਕਿਹੋ ਜਹੀ ਆਈ
32
ਸਾਡੇ ਵੇਹੜੇ ਮਾਂਦਰੀ ਬਈ ਮਾਂਦਰੀ
ਲਾੜੇ ਦੀ ਭੈਣ ਬਾਂਦਰੀ ਬਈ ਬਾਂਦਰੀ
33
ਬਾਪੂ ਓਏ ਬੂੰਦੀ ਆਈ ਐ
ਚੁੱਪ ਕਰ ਸਾਲਿਆ ਮਸੀਂ ਥਿਆਈ ਐ
34
ਹੋਰ ਜਾਨੀ ਲਿਆਏ ਊਠ ਘੋੜੇ
ਲਾੜਾ ਲਿਆਇਆ ਟੱਟੂ
ਨੀ ਮੰਨੋ ਦੇ ਜਾਣਾ
ਬੇਹੜੇ ਦੀ ਜੜ ਪੱਟੂ
ਨੀ ਮੰਨੋ ਦੇ ਜਾਣਾ
35
ਲਾੜੇ ਦੀ ਭੈਣ
ਚੜ੍ਹ ਗਈ ਡੇਕ
ਚੜ੍ਹ ਗਈ ਡੇਕ
ਟੁੱਟ ਗਿਆ ਟਾਹਣਾ
ਡਿਗ ਪਈ ਹੇਠ
ਪੁੱਛ ਲਓ ਮੁੰਡਿਓ ਰਾਜ਼ੀ ਐ?
ਰਾਜ਼ੀ ਐ ਬਈ ਰਾਜ਼ੀ ਐ
ਸਾਡੇ ਆਉਣ ਨੂੰ ਰਾਜ਼ੀ ਐ
ਤੁਸੀਂ ਲੈਣੀ ਐਂ ਕਿ ਨਾ?
ਨਾ ਜੀ ਨਾ
ਸਾਡੇ ਕੰਮ ਦੀ ਵੀ ਨਾ
36
ਲਾੜੇ ਭੈਣ ਦੀ ਕੱਚੀ ਖੂਹੀ ਕੱਚੀ ਖੂਹੀ
ਡੋਲ ਫਰ੍ਹਾ ਗਿਆ ਕੋਈ ਹੋਰ


ਹੋਰ ਭੈਣੇ ਹੋਰ ਬਾਗੀਂ ਕੂਕਦੇ ਸੀ ਮੋਰ
ਡੋਲ ਫਰ੍ਹਾ ਗਿਆ ਕੋਈ ਹੋਰ

ਲਾੜੇ ਭੈਣ ਦੀ ਖਿੜ ਗਈ ਕਿਆਰੀ
ਖਿੜੀ ਕਿਆਰੀ ਅੱਧੀ ਰਾਤ
ਟੀਂਡਾ ਤੋੜ ਗਿਆ ਕੋਈ ਹੋਰ
ਬਾਗ਼ੀਂ ਬੋਲਦੇ ਸੀ ਮੋਰ
ਟੀਂਡਾ ਤੋੜ ਗਿਆ ਕੋਈ ਹੋਰ

ਲਾੜੇ ਦੀ ਭੈਣ ਦੀ ਖੁੱਲ੍ਹੀ ਖਿੜਕੀ
ਖੁੱਲ੍ਹੀ ਖਿੜਕੀ ਅੱਧੀ ਰਾਤ
ਕੁੰਡਾ ਲਾ ਗਿਆ ਕੋਈ ਹੋਰ
ਬਾਗੀਂਂ ਬੋਲਦੇ ਸੀ ਮੋਰ
ਕੁੰਡਾ ਲਾ ਗਿਆ ਕੋਈ ਹੋਰ
37
ਲਾੜੇ ਦੀ ਭੈਣ ਕੰਜਰੀ ਸੁਣੀਂਦੀ
ਕੰਜਰੀ ਸੁਣੀਂਦੀ ਬਹੇਲ ਸੁਣੀਂਦੀ
ਕੋਠੇ ਚੜ੍ਹ ਜਾਂਦੀ ਬਿਨ ਪੌੜੀ
ਨੀ ਕੰਜਰਾਂ ਨੇ ਮੱਤ ਨਾ ਦਿੱਤੀ
ਸਾਗ ਘੋਟਦੀ ਨੇ ਭੰਨਤੀ ਤੌੜੀ
ਨੀ ਕੰਜਰਾਂ ਨੇ ਮੱਤ ਨਾ ਦਿੱਤੀ
38
ਨੀ ਏਥੇ ਮੇਰਾ ਰਣ ਬਟੂਆ
ਰਣ ਬਟੂਏ ਦੀਆਂ ਡੋਰਾਂ
ਨੀ ਏਥੇ ਮੇਰਾ ਰਣ ਬਟੂਆ
ਖੋਹਲੋ ਬਟੂਆ ਕੱਢੋ ਪੈਸੇ
ਲਿਆਓ ਪਤਾਸੇ ਭੰਨੋ ਲਾੜੇ ਦੀ ਭੈਣ ਦੇ ਪਾਸੇ
ਨੀ ਏਥੇ ਮੇਰਾ ਰਣ ਬਟੂਆ
ਰਣ ਬਟੂਏ ਦੀਆਂ ਡੋਰਾਂ
ਨੀ ਏਥੇ ਮੇਰਾ ਰਣ ਬਟੂਆ
ਖੋਹਲੋ ਬਟੂਆ ਕੱਢ ਪੈਸੇ
ਲਿਆਓ ਪਤਾਸੇ ਭੰਨੋ ਕੁੜਮਾਂ ਜੋਰੂ ਦੇ ਪਾਸੇ
ਨੀ ਏਥੇ ਮੇਰਾ ਰਣ ਬਟੂਆ
39
ਲਾੜਿਆ ਭਰ ਲਿਆ ਪਾਣੀ ਦਾ ਡੋਲ
ਪਹਿਲੀ ਘੁੱਟ ਮੈਂ ਭਰਦੀ ਆਂ


ਤੂੰ ਦੇ ਦੇ ਭੈਣਾਂ ਦਾ ਸਾਕ
ਵਚੋਲਣ ਮੈਂ ਬਣਦੀ ਆਂ
ਤੂੰ ਕਰਦੇ ਭੈਣਾਂ ਨੂੰ ਤਿਆਰ
ਜੱਕਾ ਭਾੜੇ ਮੈਂ ਕਰਦੀ ਆਂ
ਤੂੰ ਗੱਡ ਦੇ ਬੇਹੜੇ ਵਿੱਚ ਬੇਦੀ
ਪਿਪੜੇ ਮੈਂ ਪੜ੍ਹਦੀ ਆਂ
40
ਪਿਛਲੇ ਅੰਦਰ ਹਨੇਰਾ
ਸੱਪਾਂ ਦਾ ਡੇਰਾ
ਸੱਪਾਂ ਤੋਂ ਮੈਂ ਡਰਦੀ ਆਂ
ਲਾੜੇ ਦੀ ਭੈਣ ਛਨਾਲ਼
ਖੇਲੇ ਮੁੰਡਿਆਂ ਨਾਲ਼
ਮੁੰਡੇ ਇਹਦੇ ਯਾਰ
ਉਲਾਂਭੇ ਤੋਂ ਮੈਂ ਡਰਦੀ ਆਂ...

ਪਿਛਲੇ ਅੰਦਰ ਹਨੇਰਾ
ਸੱਪਾਂ ਦਾ ਡੇਰਾ
ਸੱਪਾਂ ਤੋਂ ਮੈਂ ਡਰਦੀ ਆਂ
ਲਾੜੇ ਦੀ ਭੂਆ ਛਨਾਲ
ਖੇਲੇ ਮੁੰਡਿਆਂ ਨਾਲ਼
ਮੁੰਡੇ ਇਹਦੇ ਯਾਰ
ਉਲਾਂਭੇ ਤੋਂ ਮੈਂ ਡਰਦੀ ਆਂ
ਪਿਛਲੇ ਅੰਦਰ ਹਨੇਰਾ
ਸੱਪਾਂ ਦਾ ਡੇਰਾ
ਸੱਪਾਂ ਤੋਂ ਮੈਂ ਡਰਦੀ ਆਂ
ਕੁੜਮਾਂ ਜੋਰੋ ਛਨਾਲ
ਖੇਲੇ ਮੁੰਡਿਆਂ ਨਾਲ਼
ਮੁੰਡੇ ਇਹਦੇ ਯਾਰ
ਉਲਾਂਭੇ ਤੋਂ ਮੈਂ ਡਰਦੀ ਆਂ
41
ਚੱਬੀਂ ਵੇ ਚੱਬੀਂ ਲਾੜਿਆ ਮੱਠੀਆਂ
ਤੇਰੀ ਭੈਣ ਵਿਕੇਂਦੀ ਹੱਟੀਆਂ
ਵੇ ਗਾਹਕ ਇਕ ਵੀ ਨਹੀਂ

ਚੱਬੀਂਂ ਵੇ ਚੱਬੀਂ ਲਾੜਿਆ ਨੌਂ ਮਣ ਦਾਣੇ
ਤੇਰੀ ਬੇਬੇ ਦੇ ਨੌਂ ਵੇ ਨਿਆਣੇ
ਸਾਬਤ ਇਕ ਵੀ ਨਹੀਂ

ਚੱਬੀਂ ਵੇ ਚੱਬੀਂ ਲਾੜਿਆ ਨੌਂ ਮਣ ਦਾਣੇ
ਤੇਰੇ ਕਿੰਨੇ ਬਾਪੂ ਤੇਰੀ ਬੇਬੇ ਜਾਣੇ
ਸਾਬਤ ਇਕ ਵੀ ਨਹੀਂ
42
ਹਲ਼ ਜਹੀਆਂ ਟੰਗਾਂ
ਪਲਾਹ ਜਹੀਆਂ ਬਾਹਾਂ
ਦੇਖੀਂ ਵੇ ਲਾੜਿਆ
ਤੂੰ ਡਿਗ ਪੈਂਦਾ ਠਾਹਾਂ
ਭਨਾਉਣੀਆਂ ਸੀ ਟੰਗਾਂ
ਭਨਾ ਲਈਆਂ ਬਾਹਾਂ
43
ਅਸਾਂ ਨਾ ਲੈਣੇ
ਪੱਤਾਂ ਬਾਝ ਕਰੇਲੇ
ਅਸਾਂ ਨਾ ਲੈਣੇ
ਲਾੜਾ ਭੌਂਦੂ ਐਂ ਝਾਕੇ
ਜਿਵੇਂ ਚਾਮ ਚੜਿੱਕ ਦੇ ਡੇਲੇ
ਅਸਾਂ ਨਾ ਲੈਣੇ
ਪੱਤਾਂ ਬਾਝ ਕਰੇਲੇ
44
ਭਲਾ ਮੈਂ ਆਖਦੀ ਵੇ
ਵੇ ਲਾੜਿਆ ਲੱਕੜੀਆਂ ਚੁਗ ਲਿਆ
ਭਲਾ ਮੈਂ ਆਖਦਾ ਨੀ
ਮੇਰੇ ਹੱਥ ਕੁਹਾੜਾ ਨਾ
ਭਲਾ ਮੈਂ ਆਖਦੀ ਵੇ
ਭੈਣ ਵੇਚ ਕੁਹਾੜਾ ਲਿਆ
ਭਲਾ ਮੈਂ ਆਖਦਾ ਨੀ
ਕੋਈ ਲੈਂਦਾ ਵੀ ਨਾ
45
ਮੇਰੀ ਲੌਂਗਾਂ ਦੀ ਕਿਆਰੀ
ਬੂਟਾ ਬਦਾਮਾਂ ਦਾ
ਲਾੜੇ ਦੀ ਭੈਣ ਦੁੱਧ ਮੰਗੇ
ਪੁੱਤ ਮੰਗੇ
ਖਸਮ ਮੰਗੇ ਪਟਵਾਰੀ
ਮੇਰੀ ਲੌਂਗਾਂ ਦੀ ਕਿਆਰੀ
ਬੂਟਾ ਬਦਾਮਾਂ ਦਾ

ਕੁੜਮਾਂ ਜੋਰੋ ਦੁੱਧ ਮੰਗੇ
ਪੁੱਤ ਮੰਗੇ
ਖਸਮ ਮੰਗੇ ਪਟਵਾਰੀ
ਮੇਰੀ ਲੌਂਂਗਾਂ ਦੀ ਕਿਆਰੀ
ਬੂਟਾ ਬਦਾਮਾਂ ਦਾ
ਲਾੜੇ ਦੀ ਭੂਆ ਦੁੱਧ ਮੰਗੇ
ਪੁੱਤ ਮੰਗੇ
ਖਸਮ ਮੰਗੇ ਪਟਵਾਰੀ
ਮੇਰੀ ਲੌਂਗਾਂ ਦੀ ਕਿਆਰੀ
ਬੂਟਾ ਬਦਾਮਾਂ ਦਾ
ਲਾੜੇ ਦੀ ਮਾਸੀ ਦੁੱਧ ਮੰਗੇ
ਪੁੱਤ ਮੰਗੇ
ਖਸਮ ਮੰਗੇ ਪਟਵਾਰੀ
ਮੇਰੀ ਲੌਂਗਾਂ ਦੀ ਕਿਆਰੀ
46
ਲਾੜਿਆ ਜੁੜ ਜਾ ਮੰਜੇ ਦੇ ਨਾਲ਼
ਮੰਜਾ ਤੇਰਾ ਕੀ ਲੱਗਦਾ
ਬੀਬੀ ਕਿੱਕਣ ਜੁੜਾਂ ਮੰਜੇ ਨਾਲ਼
ਮੰਜਾ ਮੇਰਾ ਪਿਓ ਲੱਗਦਾ
ਕਿੱਕਣ ਜੁੜਾਂ ਮੰਜੇ ਨਾਲ਼
ਮੰਜਾ ਮੇਰਾ ਪਿਓ ਲਗਦਾ
47
ਲਾੜਿਆ ਵੇ ਅੰਗਣ ਖੀਸਾ ਲਾਇਕੇ
ਲੱਡੂ ਲਏ ਚੁਰਾ
ਤੇਰੇ ਮਗਰ ਪਿਆਦਾ ਲਾ ਕੇ
ਸਾਵੇਂ ਲਏ ਕਢਾ
ਵੇ ਭੌਂਦੂਆ ਲੱਖਾਂ ਦੀ ਤੇਰੀ ਪੱਤ ਗਈ
ਆਪੇ ਲਈ ਵੇ ਗੰਵਾ
ਭੌਂਦੂਆ ਲੱਖਾਂ ਦੀ ਤੇਰੀ ਪੱਤ ਗਈ
48
ਘੁੰਮ ਨੀ ਮਧਾਣੀਏਂ ਘੁੰਮ ਨੀ
ਘੁੰਮ ਨੀ ਨੇਤਰੇ ਨਾਲ਼
ਲਾੜੇ ਦੀ ਮਾਂ ਉੱਧਲ ਚੱਲੀ
ਕੋਈ ਲੱਭੋ ਨੀ ਮਸ਼ਾਲਾਂ ਬਾਲ਼
ਚਲੋ ਵੇ ਨਿਆਣਿਓਂ ਚਲੋ ਵੇ ਸਿਆਣਿਓਂ



ਲਭੋ ਮਸ਼ਾਲਾਂ ਬਾਲ਼
ਸਾਡੇ ਮੁੰਡਿਆਂ ਲਭ ਲਿਆਂਦੀ
ਪਿੰਡ ਦੀ ਜੂਹ ਚੋਂ ਭਾਲ਼
ਸਾਂਝੇ ਮਾਲ ਦੀ ਕਰੋ ਨਿਲਾਮੀ
ਢੋਲ ਢਮੱਕਿਆਂ ਨਾਲ਼
ਨੀ ਕੋਈ ਢੋਲ ਢਮੱਕਿਆਂ ਨਾਲ਼
49
ਨੀ ਡੱਕਾ ਡੇਕ ਦਾ
ਨਾਲ਼ੇ ਲਾੜਾ ਬੇਬੇ ਦੇਵੇ
ਨਾਲ਼ੇ ਮੱਥਾ ਟੇਕਦਾ
ਹਾਂ ਨੀ ਚਰਖੇ ਬੀੜੀਆਂ
ਨਾਲ਼ੇ ਲਾੜਾਂ ਬੇਬੇ ਦੇਵੇ
ਨਾਲ਼ੇ ਪਾਉਂਦਾ ਤਿਊੜੀਆਂ
ਨੀ ਡੱਕਾ ਡੇਕ ਦਾ
50
ਜੇ ਲਾੜਿਆ ਤੇਰਾ ਵਿਆਹ ਨੀ ਹੁੰਦਾ
ਕੁੱਤੀ ਨਾਲ਼ ਕਰਾ ਲੈ
ਸੰਜੋਗ ਤੇਰੇ
ਆਹੋ ਸੰਜੋਗ ਤੇਰੇ
ਜੇ ਕੁੱਤੀ ਦੀ ਲੰਬੀ ਪੂਛ
ਛਮ ਛਮ ਫੇਰੇ ਲੈ ਲੈ
ਸੰਜੋਗ ਤੇਰੇ
ਆਹੋ ਸੰਜੋਗ ਤੇਰੇ
ਜੇ ਕੁੱਤੀ ਦੀਆਂ ਗੋਲ ਅੱਖਾਂ
ਅੱਖ ਮਟੱਕੇ ਲਾ ਲੈ
ਸੰਜੋਗ ਤੇਰੇ
ਆਹੋ ਸੰਜੋਗ ਤੇਰੇ
51
ਮੇਰੀ ਮੱਛਲੀ ਦਾ ਪੱਤ ਹਿੱਲਿਆ
ਪਰ ਮੱਲੋ ਮੱਲੀ ਪਰ ਧੱਕੋ ਧੱਕੀ
ਨੀ ਲਾੜਾ ਹਰਾਮ ਦਾ ਜੰਮਿਆ
ਪਰ ਮੱਲੋ ਮੱਲੀ ਪਰ ਧੱਕੋ ਧੱਕੀ
ਖੇਲਣੇ ਨੂੰ ਮੰਗਦਾ ਗੁੱਲੀ ਚੁਟੁੱਲੀ
ਈਲੀ ਪਟੀਲੀ ਚਟਾਕਾ ਪਟਾਕਾ


ਹਰਾਮ ਦਾ ਥੋੜ੍ਹਿਆਂ ਦਿਨਾਂ ਦਾ
ਮੇਰੀ ਮੱਛਲੀ ਦਾ ਪੱਤ ਹਿੱਲਿਆ....
52
ਸਾਡੇ ਨਵੇਂ ਸਜਨ ਘਰ ਆਏ
ਸਲੋਨੀ ਦੇ ਨੈਣ ਭਰੇ
ਸਾਨੂੰ ਕੀ ਕੀ ਵਸਤ ਲਿਆਏ
ਸਲੋਨੀ ਦੇ ਨੈਣ ਭਰੇ
ਸਾਨੂੰ ਖੋਪਾ ਖੋਪੇ ਦੀਆਂ ਤੁਰੀਆਂ
ਲਾੜੇ ਦੀ ਮਾਂ ਨੂੰ ਬਣੀਆਂ
ਲਾੜੇ ਮਾਂ ਜਾਰਨੀਏਂ
ਸਾਡੇ ਨਵੇਂ ਸਜਨ ਘਰ ਆਏ
ਸਲੋਨੀ ਦੇ ਨੈਣ ਭਰੇ
53
ਮੇਰਾ ਸੋਨੇ ਦਾ ਸ਼ੀਸ਼ਾ ਵਿੱਚ ਰੁਪਏ ਦੀ ਧਾਰੀ
ਲਾੜੇ ਦੀ ਅੰਮਾ ਨੀ ਫਿਰੇ ਹਾਰੀ ਸ਼ਿੰਗਾਰੀ
ਇਹ ਰੂਪ ਸ਼ਿੰਗਾਰ ਵੇ ਪਾ ਧਰਿਓ ਪਟਾਰੀ
ਇਹਦਾ ਜੋਬਨ ਖਿੜਿਆ ਵੇ
ਜਿਊਂ ਖਰਬੂਜ਼ੇ ਦੀ ਫਾੜੀ
ਵੇ ਇਹਦੀ ਡੁੱਲ੍ਹ ਨਾ ਜਾਵੇ ਵੇ
ਸੁਰਮੇ ਦੀ ਧਾਰੀ
ਲਾੜੇ ਦੀ ਅੰਮਾ ਨੀ ਫਿਰੇ ਹਾਰੀ ਸ਼ਿੰਗਾਰੀ
ਸਾਡੇ ਪਿੰਡ ਦੇ ਮੁੰਡਿਓ ਵੇ
ਸਾਂਭਿਓ ਖਰਬੂਜ਼ੇ ਦੀ ਫਾੜੀ
54
ਪਾਰਾਂ ਤੇ ਦੋ ਬਗੇਲੇ ਆਏ
ਕੇਹੜੀ ਕੁੜੀ ਸਦਾਏ
ਬੋਲੀ ਬੋਲ ਜਾਣਗੇ ਜੀ
ਇਹ ਲਾੜੇ ਭੈਣ ਸਦਾਏ
ਬੋਲੀ ਬੋਲ ਜਾਣਗੇ ਜੀ
ਇਹਦੀ ਚਾਦਰ ਬੜੀ ਗਰਾਬਣ
ਮੁੰਡੇ ਤਾਣ ਸੌਣਗੇ ਜੀ
ਇਹਦਾ ਓਟਾ ਮੋਰੀਆਂ ਵਾਲ਼ਾ
ਮੁੰਡੇ ਝਾਕ ਜਾਣਗੇ ਜੀ

ਕੁੜਮ ਬੈਟਰੀ ਵਰਗਾ

55
ਜੈਸੀ ਵੇ ਕਾਲ਼ੀ ਕੁੜਮਾਂ ਕੰਬਲ਼ੀ
ਓਸੀ ਤੇਰੀ ਜੋ
ਮਾਘ ਮਹੀਨੇ ਪੁੰਨ ਕਰੀਂ
ਪੁੰਨ ਪਰਾਪਤ ਹੋ
56
ਕੁੜਮਾਂ ਹੱਥ ਖੋਦਿਆ
ਗੜਵੇ ਵਿੱਚ ਬੜ
ਨਹੀਂ ਅੰਮਾਂ ਨੂੰ ਬਾੜ
ਨਹੀਂ ਬੋਬੋ ਨੂੰ ਬਾੜ
ਨਹੀਂ ਤੇਰੀ ਬਾਰੀ ਆਈ ਐ
ਤੂੰਹੀਓਂ ਬੜ
57
ਕੁੜਮਾਂ ਕੱਲੜਾ ਕਿਉਂ ਆਇਆ
ਵੇ ਤੂੰ ਅਜ ਦੀ ਘੜੀ
ਨਾਲ਼ ਜੋਰੋ ਨੂੰ ਨਾ ਲਿਆਇਆ
ਵੇ ਅਜ ਦੀ ਘੜੀ
ਬੀਬੀ ਕਿਥੋਂ ਲਿਆਮਾਂ ਜੋਰੋ
ਉਹਨੂੰ ਜੰਮੀ ਆ ਕੁੜੀ
ਦੇਮਾਂ ਸੁੰਢ ਤੇ ਜਮੈਣ
ਨਾਲ਼ੇ ਲੌਗਾਂ ਦੀ ਪੁੜੀ
ਕੁੜਮਾਂ ਕੱਲੜਾ ਕਿਊਂ ਆਇਆ
ਵੇ ਤੂੰ ਅੱਜ ਦੀ ਘੜੀ
58
ਕੁੜਮ ਚਲਿਆ ਗੰਗਾ ਦਾ ਨ੍ਹਾਉਣ
ਹਰ ਗੰਗਾ ਨਰੈਣ ਗੰਗਾ
ਪਹਿਲੇ ਗੋਤੇ ਗਿਆ ਪਤਾਲ਼
ਹਰ ਗੰਗਾ ਨੈਰਣ ਗੰਗਾ
ਮੱਛੀ ਨੇ ਫੜ ਲਿਆ ਮੁੱਛ ਦਾ ਬਾਲ਼



ਹਰ ਗੰਗਾ ਨਰੈਣ ਗੰਗਾ
ਮੁੜ ਕੇ ਨੀ ਆਉਂਦਾ ਤੇਰੇ ਦਰਬਾਰ
ਹਰ ਗੰਗਾ ਨਰੈਣ ਗੰਗਾ
ਕਰਦੂੰ ਗਾ ਬੇਬੇ ਦਾ ਦਾਨ
ਹਰ ਗੰਗਾ ਨਰੈਣ ਗੰਗਾ
59
ਸਭ ਗੈਸ ਬੁਝਾ ਦਿਓ ਜੀ
ਕੁੜਮ ਬੈਟਰੀ ਵਰਗਾ
ਕੋਈ ਕੰਡਾ ਕਢਾ ਲੋ ਜੀ
ਕੁੜਮ ਮੋਚਨੇ ਵਰਗਾ
ਕੋਈ ਬਾੜ ਗਡਾ ਲੋ ਜੀ
ਕੁੜਮ ਗੰਦਾਲੇ ਵਰਗਾ
60
ਕੁੜਮਾਂ ਨੂੰ ਖਲ਼ ਕੁੱਟ ਦਿਓ ਜੀ
ਜੀਹਨੇ ਧੌਣ ਪੱਚੀ ਸੇਰ ਖਾਣਾ
ਸਾਨੂੰ ਪੂਰੀਆਂ ਵੇ
ਜਿਨ੍ਹਾਂ ਮੁਸ਼ਕ ਲਏ ਰੱਜ ਜਾਣਾ
71
ਮੇਰੀ ਹਾਜ਼ਰੀ ਰੱਬਾ
ਮੋਠਾਂ ਨੂੰ ਲੱਗੀਆਂ ਨੌਂ ਫਲ਼ੀਆਂ
ਮੇਰੀ ਹਾਜ਼ਰੀ ਰੱਬਾ
ਕੁੜਮਾਂ ਦੇ ਜੰਮੀਆਂ ਨੌਂ ਕੁੜੀਆਂ
ਮੇਰੀ ਹਾਜ਼ਰੀ ਰੱਬਾ
ਨਾ ਮੰਗੀਆਂ ਨਾਂ ਟੰਗੀਆਂ
ਨਾ ਸਾਨੂੰ ਦਿੱਤੀਆਂ
ਮੇਰੀ ਹਾਜ਼ਰੀ ਰੱਬਾ
ਪਾ ਕੇ ਭੜੋਲੇ ਵਿੱਚ ਮੁੰਦ ਦਿੱਤੀਆਂ
ਵੇ ਮੇਰੀ ਹਾਜ਼ਰੀ ਰੱਬਾ
ਨੌਆਂ ਨੂੰ ਦਿੱਤੀਆਂ ਨੌ ਚੁੰਨੀਆਂ
ਵੇ ਮੇਰੀ ਹਾਜ਼ਰੀ ਰੱਬਾ
62
ਕੁੜਮ ਜੁ ਚਲਿਆ ਦੂਣੀ ਨੀ
ਬਰਜੰਗ ਬਜਾ ਲੈ
ਜੋਰੋ ਪਾ ਲਈ ਗੂਣੀਂ ਨੀ
ਬਰਜੰਗ ਬਜਾ ਲੈ



ਗੂਣਾਂ ਪਾਟਣ ਆਈਆਂ ਨੀ
ਬਰਜੰਗ ਬਜਾ ਲੈ
ਸ਼ਾਬਾ ਨੀ ਬਰਜੰਗ ਬਜਾ ਲੈ
ਰੜੇ ਲਿਆ ਪਟਕਾਈਆਂ ਨੀ
ਬਰਜੰਗ ਬਜਾ ਲੈ
ਨਾਲ਼ੇ ਰੋਵੇ ਨਾਲ਼ੇ ਦੱਸੇ ਨੀ
ਬਰਜੰਗ ਬਜਾ ਲੈ
ਸ਼ਾਬਾ ਨੀ ਬਰਜੰਗ ਬਜਾ ਲੈ
63
ਵੇ ਜੋਰੋ ਤੇਰੀ ਕੁੜਮਾਂ
ਕਰਦੀ ਪਾਣੀ ਪਾਣੀ
ਕੌਣ ਦਾਰੀ ਦਾ ਰਸੀਆ
ਕੌਣ ਲਿਆਵੇ ਪਾਣੀ
ਦਿਓਰ ਦਾਰੀ ਦਾ ਰਸੀਆ
ਓਹੋ ਲਿਆਵੇ ਪਾਣੀ
ਨੀ ਸਰ ਸੁੱਕਗੇ ਨਖਰੋ
ਕਿਥੋਂ ਲਿਆਵਾਂ ਪਾਣੀ
ਵੇ ਇਕ ਬੱਦਲ ਵਰ੍ਹਿਆ
ਵਿੱਚ ਰਾਹਾਂ ਦੇ ਪਾਣੀ

ਵੇ ਜੋਰੋ ਤੇਰੀ ਕੁੜਮਾਂ
ਕਰਦੀ ਡੇਲੇ ਡੇਲੇ
ਕੌਣ ਦਾਰੀ ਦਾ ਰਸੀਆ
ਉਹਨੂੰ ਤੋੜ ਲਿਆਵੇ ਡੇਲੇ
ਉਹਦਾ ਦਿਓਰ ਦਾਰੀ ਦਾ ਰਸੀਆ
ਉਹਨੂੰ ਤੋੜ ਲਿਆਵੇ ਡੇਲੇ
ਨੀ ਬਣ ਸੁੱਕਗੇ ਨਖਰੋ
ਕਿਥੋਂ ਲਿਆਵਾਂ ਡੇਲੇ
64
ਜੇ ਕੁੜਮਾਂ ਤੇਰੀਆਂ ਅੱਖਾਂ ਦੁਖਦੀਆਂ
ਮੋਗੇ ਲਾਜ ਕਰਾ ਲੈ ਵੇ
ਕੁੱਛ ਫੈਦਾ ਹੋ ਜੂ
ਇਕ ਗੁੜ ਦੀ ਡਲ਼ੀ
ਇਕ ਤੇਲ ਦੀ ਪਲ਼ੀ
ਵਿੱਚ ਮਿਰਚਾਂ ਦੀ ਲੱਪ ਪਵਾ ਲੈ ਵੇ
ਕੁੱਛ ਫੈਦਾ ਹੋ ਜੂ


ਇਕ ਗੁੜ ਦੀ ਡਲ਼ੀ
ਇਕ ਤੇਲ ਦੀ ਪਲ਼ੀ
ਵਿੱਚ ਬਿੱਲੀ ਦੀ ਪੂਛ ਫਰਾ ਲੈ ਵੇ
ਕੁਛ ਫੈਦਾ ਹੋ ਜੂ
ਮੋਗੇ ਲਾਜ ਕਰਾ ਲੈ ਵੇ
ਕੁਛ ਫੈਦਾ ਹੋ ਜੂ
65
ਕੁੜਮ ਜੁ ਚੜ੍ਹ ਆਇਆ ਜੰਨ
ਗੁਰੂ ਜਾਣੇ ਸ਼ਾਵਾ ਗੁਰੂ ਜਾਣੇ
ਮਗਰੇ ਹੀ ਚੜ੍ਹ ਆਈ ਰੰਨ
ਗੁਰੂ ਜਾਣੇ ਸ਼ਾਵਾ ਗੁਰੂ ਜਾਣੇ
ਜੇ ਤੇਰੀ ਮੁੜ ਆਵੇ ਰੰਨ
ਗੁਰੂ ਜਾਣੇ ਸ਼ਾਵਾ ਗੁਰੂ ਜਾਣੇ
ਸਾਡੇ ਪੀਰਾਂ ਫਕੀਰਾਂ ਨੂੰ ਮੰਨ
ਗੁਰੂ ਜਾਣੇ ਸ਼ਾਵਾ ਗੁਰੂ ਜਾਣੇ
66
ਸੁਣਿਆਂ ਨੀ ਮਾਸੜ ਦੇ ਪਿੱਸੂ ਲੜਿਆ
ਹਾਂ ਜੀ ਹਾਂ ਪਿੱਸੂ ਲੜਿਆ
ਪਿੱਸੂ ਕਮਲ਼ਾ ਦੀਵਾਨਾ
ਕੁੜਮ ਦੀ ਗੋਗੜ ਉੱਤੇ ਚੜ੍ਹਿਆ
ਹਾਂ ਜੀ ਹਾਂ ਗੋਗੜ ਤੇ ਚੜ੍ਹਿਆ
ਓਥੇ ਬੜੀ ਰੇਲ ਚੱਲੀ
ਓਥੇ ਬੜਾ ਤਮਾਸ਼ਾ ਹੋਇਆ
ਓਥੇ ਵੇਖਣ ਲੋਕ ਆਇਆ
ਨੀ ਕਹਿੰਦੇ ਪਿੱਸੂ ਲੜਿਆ
ਹਾਂ ਜੀ ਹਾਂ ਪਿੱਸੂ ਲੜਿਆ


ਕੁੜਮਾ ਜੋਰੋ ਸਾਡੇ ਆਈ


67
ਪੋਸਤ ਦਾ ਕੀ ਬੀਜਣਾ
ਜੀਹਦੇ ਪੋਲੇ ਡੋਡੇ
ਕੁੜਮਾਂ ਜੋਰੋ ਜਾਰਨੀ
ਵੇ ਸਾਡੇ ਮਹਿਲੀਂ ਬੋਲੇ
ਦਿਨ ਨੂੰ ਬੋਲੇ ਚੋਰੀਏਂ
ਰਾਹੀਂ ਸੈਂਤਕ ਬੋਲੇ
ਦਿਨ ਨੂੰ ਖੋਹਲੇ ਮੋਰੀਆਂ
ਰਾਤੀਂ ਫਾਟਕ ਖੋਲੇ
ਦਿਨ ਨੂੰ ਡਾਹੇ ਪੀਹੜੀਆਂ
ਰਾਤੀਂ ਪਲੰਘ ਬਛਾਵੇ
ਦਿਨ ਨੂੰ ਖਾਵੇ ਰੋਟੀਆਂ
ਰਾਹੀਂ ਪੇੜੇ ਖਾਵੇ
ਦਿਨ ਨੂੰ ਆਉਂਦੇ ਬੁਢੜੇ
ਰਾਤੀਂ ਗੱਭਰੂ ਆਉਂਦੇ
ਦਿਨੇ ਘਲਾਵੇ ਬੀਬੀਆਂ
ਰਾਤੀਂ ਲਾਲ ਘਲਾਵੇ
68
ਕੁੜਮਾਂ ਦੀ ਜੋਰੋ ਪਾਣੀ ਨੂੰ ਚੱਲੀ
ਅੱਗੇ ਤਾਂ ਸਾਡਾ ਚਾਚਾ ਜੀ ਟੱਕਰਿਆ
ਕਹਾਂ ਚੱਲੀ ਨਾਜੋ ਪਿਆਰੀ ਰੇ
ਮੁਸਾਫਰ ਗਿਰਦਾ ਦਾਰੀ
ਸਿਰ ਦੀ ਪਟਿਆਰੀ
ਭੂਏਂ ਨਾਲ਼ ਮਾਰੀ
ਅੰਬਾਂ ਦੇ ਹੇਠ ਲਤਾੜੀ ਰੇ
ਮੁਸਾਫਰ ਗਿਰਦਾ ਦਾਰੀ
69
ਭਲਿਆਂ ਘਰਾਂ ਦੀਆਂ ਧੀਆਂ ਨੂਹਾਂ
ਤੁਰਦੀਆਂ ਪੜਦੇ ਕਰਕੇ


ਕੁੜਮਾਂ ਜੋਰੋ ਪਾਣੀ ਨੂੰ ਚੱਲੀ ਐ
ਚਾਰ ਘੜੀ ਦੇ ਤੜਕੇ
ਬਦਨਾਮੀ ਲੈ ਲੀ
ਆਹੋ ਬਦਨਾਮੀ ਲੈ ਲੀ
ਭਲਿਆਂ ਘਰਾਂ ਦੀਆਂ ਧੀਆਂ ਨੂੰਹਾਂ
ਤੁਰਦੀਆਂ ਪੜਦੇ ਕਰਕੇ
ਬਦਨਾਮੀ ਲੈ ਲੀ
ਆਹੋ ਨੀ ਬਦਨਾਮੀ ਲੈ ਲੀ
ਧੀ ਆਪਣੀ ਨੂੰ ਮਾਂ ਸਮਝਾਵੇ
ਅਗਲੇ ਅੰਦਰ ਬੜ ਕੇ
ਭਲਿਆਂ ਘਰਾਂ ਦੀਆਂ ਧੀਆਂ ਨੂੰਹਾਂ
ਤੁਰਦੀਆਂ ਪਰਦੇ ਕਰਕੇ
ਬਦਨਾਮੀ ਲੈ ਲੀ
ਆਹੋ ਬਈ ਬਦਨਾਮੀ ਲੈ ਲੀ
70
ਟੁੰਡੇ ਪਿਪਲੇ ਵੇ ਪੀਘਾਂ ਪਾਈਆਂ ਰਾਮਾਂ
ਕੁੜਮਾਂ ਜੋਰੋ ਵੇ ਝੂਟਣ ਆਈਆਂ ਰਾਮਾਂ
ਝੂਟਣ ਨਾ ਜਾਣਦੀ ਫੜ ਝੁਟਾਈਆਂ ਰਾਮਾਂ
ਹੱਥੀਂ ਗਜਰੇ ਵੇ ਪੈ ਗੇ ਝਗੜੇ ਰਾਮਾਂ
ਹੱਥੀਂ ਗੂਠੀਆਂ ਬਚਨੋਂ ਝੂਠੀਆਂ ਰਾਮਾਂ
ਹੱਥੀਂ ਥਾਲੀਆਂ ਵੇ ਬਾਰਾਂ ਤਾਲੀਆਂ ਰਾਮਾਂ
71
ਮੇਰੇ ਇੰਨੂੰਏ ਦੀ ਲੰਬੀ ਲੰਬੀ ਡੋਰ
ਵੇ ਪਿੱਛੇ ਗਜ ਪੈਂਦੀ ਐ
ਕੁੜਮਾਂ ਜੋਰੋ ਨੂੰ ਲੈ ਗੇ ਚੋਰ
ਵੇ ਪਿੱਛੇ ਡੰਡ ਪੈਂਦੀ ਐ
72
ਘਰ ਨਦੀ ਕਿਨਾਰੇ ਚਿੱਕੜ ਬੂਹੇ ਬਾਰੇ
ਵੇ ਜੋ ਤੇਰੀ ਕੁੜਮਾਂ ਗਈ ਜੁਲਾਹੇ ਨਾਲ਼
ਵੇ ਉਹ ਜਾਂਦੀ ਦੇਖੀ ਨੂਰਪੁਰੇ ਦੇ ਝਾੜੀਂ
ਉਹਦੇ ਹੱਥ ਵਿੱਚ ਖੁਰਪੀ ਡੱਗੀ ਡੂਮਾਂ ਵਾਲ਼ੀ
ਤੇ ਉਹ ਖੂਪ ਜੁਲਾਹੀ ਬਾਗੀਂ ਤਾਣਾ ਲਾਇਆ
ਵੇ ਤਣਦੀ ਥੱਕੀ ਤੈਂ ਫੇਰਾ ਨਾ ਪਾਇਆ
ਵੇ ਪੰਜ ਪਾਂਜੇ ਭੁਲਗੀ ਤਾੜ ਤਮਾਚਾ ਲਾਇਆ


73
ਸ਼ੱਕਰ ਦੀ ਭਰੀ ਓ ਪਰਾਤ
ਵਿਚੇ ਆਰਸੀਆਂ
ਵੇ ਜੋ ਤੇਰੀ ਕੁੜਮਾ
ਪੜ੍ਹਦੀ ਐ ਫਾਰਸੀਆਂ
ਅੱਲਾ ਕਹੇ ਬਿਸਮਿੱਲਾ ਕਹੇ
ਉਹ ਰੋਜ਼ੇ ਰੱਖੇ ਪੰਜ ਚਾਰ
ਪੜ੍ਹਦੀ ਐ ਫਾਰਸੀਆਂ
74
ਕੁੜਮਾਂ ਜੋ ਨੂੰ ਰਾਮੀਆਂ ਵੇ
ਟੁਟੜੀ ਜਹੀ ਮੰਜੜੀ ਦੇ ਵਿੱਚ
ਨੌਆਂ ਜਣਿਆਂ ਨੇ ਰਾਮੀਆਂ ਵੇ
ਦਸਵਾਂ ਫਿਰੇ ਅਲੱਥ ਦਿਲ ਜਾਨੀਆਂ ਵੇ
ਦਸਵਾਂ ਫਿਰੇ ਅਲੱਥ
ਨੌਆਂ ਜਣਿਆਂ ਨੇ ਪੀਤੀਆਂ ਲੱਸੀਆਂ
ਦਸਵੇਂ ਨੇ ਪੀਤੀ ਐ ਪਿੱਛ
ਦਿਲਜਾਨੀਆਂ ਵੇ ਦਸਵੇਂ ਨੀ ਪੀਤੀ ਐ ਪਿੱਛ
ਨੌਆਂ ਜਣਿਆਂ ਦੇ ਜੰਮੀਆਂ ਬੀਬੀਆਂ
ਦਸਵੇਂ ਦੇ ਜੰਮਿਆਂ ਰਿੱਛ
ਦਿਲਜਾਨੀਆਂ ਵੇ ਦਸਵੇਂ ਦੇ ਜੰਮਿਆ ਰਿੱਛ
ਕਿੱਥੇ ਤਾਂ ਮੰਗੀਏ ਬੀਬੀਆਂ ਵੇ
ਕਿੱਥੇ ਟਪਾਈਏ ਰਿੱਛ
ਮਾਦਪੁਰ ਮੰਗੀਏ ਬੀਬੀਆਂ ਵੇ
ਗੋਰੇ ਟਪਾਈਏ ਰਿੱਛ
ਦਿਲ ਜਾਨੀਆਂ ਵੇ ਗੋਰੇ ਟਪਾਈਏ ਰਿੱਛ
75
ਕੁੜਮਾਂ ਜੋਰੋ ਸਾਡੇ ਆਈ
ਘਗਰੀ ਲਿਆਈ ਪਾਟੀ
ਸਮਾ ਲੈ ਨੀ
ਸਮਾ ਲੈ ਯਾਰਾਂ ਪਾਟੀ
ਸਮਾ ਲੈ ਨੀ
ਕੌਣ ਉਹਦੇ ਧਾਗੇ ਵੱਟੇ
ਕੌਣ ਜੁ ਲਾਵੇ ਟਾਕੀ
ਸਮਾ ਲੈ ਨੀ
ਸਮਾ ਲੈ ਯਾਰਾਂ ਪਾਟੀ
ਛੜੇ ਜੁ ਤੇਰੇ ਧਾਗੇ ਵੱਟਣ

ਉਹੀ ਲਾਉਣ ਟਾਕੀ
ਸਮਾ ਲੈ ਨੀ
ਸਮਾ ਲੈ ਯਾਰਾਂ ਪਾਟੀ
ਸਮਾ ਲੈ ਨੀ
76
ਕੁੜਮਾਂ ਜੋਰੋ ਐਂ ਬੈਠੀ
ਜਿਵੇਂ ਫੁੱਟਾ ਭੜੋਲੇ ਦਾ ਥੱਲਾ
ਨਕਾਰੀਏ ਕੰਮ ਕਰ ਨੀ
ਤੂੰ ਕਿਊਂ ਛੱਡਿਆ ਧੰਦਾ
ਨਕਾਰੀਏ ਕੰਮ ਕਰ ਨੀ
77
ਤੇਰੀ ਬੋਤਲ ਫੁਟਗੀ ਵੇ
ਕੁੜਮਾਂ ਸ਼ਰਾਬੀਆ ਲਾਲਚੀਆ
ਤੇਰੀ ਜੋਰੋ ਰੁਸਗੀ ਵੇ
ਕੁੜਮਾਂ ਸ਼ਰਾਬੀਆ ਲਾਲਚੀਆ
ਉਹਨੂੰ ਹੁਣ ਕੌਣ ਮਨਾਵੇ ਵੇ
ਕੁੜਮਾਂ ਸ਼ਰਾਬੀਆ ਲਾਲਚੀਆ
ਛੜਾ ਮਨਾਵੇ ਵੇ
ਕੁੜਮਾਂ ਸ਼ਰਾਬੀਆ ਲਾਲਚੀਆ
78
ਕਿੱਕਣ ਜੀਵੇਂਗੀ ਨੀ ਕੁੜਮਾਂ ਜੋਰੋ ਯਾਰ ਬਿਨਾਂ
ਕਿੱਕਣ ਜੀਵੇਂਗੀ
ਤੂੰ ਤਾਂ ਐਂ ਸੁੰਨੀ
ਜਿਊਂ ਘੋੜਾ ਸੁੰਨਾ ਅਸਵਾਰ ਬਿਨਾਂ
ਕਿੱਕਣ ਜੀਵੇਂਗੀ ਨੀ ਕੁੜਮਾਂ ਜੋਰੋ ਯਾਰ ਬਿਨਾਂ
ਤੂੰ ਤਾਂ ਐਂ ਸੁੰਨੀ
ਜਿਉਂ ਰੋਹੀ ਸੁੰਨੀ ਬਘਿਆੜ ਬਿਨਾਂ
ਕਿੱਕਣ ਜੀਵੇਂਗੀ ਨੀ ਕੁੜਮਾਂ ਜੋਰੋ ਯਾਰ ਬਿਨਾਂ
ਤੂੰ ਤਾਂ ਐਂ ਸੁੰਨੀ
ਜਿਉਂ ਪਿੰਡ ਸੁੰਨਾ ਚੌਕੀਦਾਰ ਬਿਨਾਂ
ਕਿਕਣ ਜੀਵੇਂਗੀ ਨੀ ਕੁੜਮਾਂ ਜੋਰੋ ਯਾਰ ਬਿਨਾਂ
ਤੂੰ ਤਾਂ ਐਂ ਸੁੰਨੀ
ਜਿਉਂ ਪਰਜਾ ਸੁੰਨੀ ਸਰਕਾਰ ਬਿਨਾਂ
ਕਿੱੱਕਣ ਜੀਵੇਂਗੀ ਨੀ ਕੁੜਮਾਂ ਜੋਰੋ ਯਾਰ ਬਿਨਾਂ
ਕਿੱਕਣ ਜੀਵੇਂਗੀ


79
ਨਿੱਕੀ ਜਹੀ ਕੋਠੜੀਏ
ਤੈਂ ਵਿੱਚ ਮੇਰਾ ਆਟਾ
ਕੁੜਮਾਂ ਜੋਰੋ ਉੱਧਲ ਚੱਲੀ
ਲੈ ਕੇ ਧੌਲ਼ਾ ਝਾਟਾ
ਨਿੱਕੀ ਜਹੀ ਕੋਠੜੀਏ
ਤੈਂ ਵਿੱਚ ਮੇਰੇ ਦਾਣੇ
ਕੁੜਮਾਂ ਜੋਰੋ ਉੱਧਲ ਚੱਲੀ
ਲੈ ਕੇ ਨਿੱਕੇ ਨਿਆਣੇ
ਨਿੱਕੀ ਜਿਹੀ ਕੋਠੜੀਏ
ਤੈਂ ਵਿੱਚ ਮੇਰੀ ਭੇਲੀ
ਕੁੜਮਾਂ ਜੋਰੋ ਉੱਧਲ ਚੱਲੀ
ਲੈ ਕੇ ਫੱਤੂ ਤੇਲੀ
80
ਮੇਰੀ ਲਾਲ ਪੱਖੀ ਪੰਜ ਦਾਣਾ
ਸਹੀਓ ਨੀ ਮੇਰੀ ਲਾਲ ਪੱਖੀ ਪੰਜ ਦਾਣਾ
ਕੁੜਮਾਂ ਜੋਰੋ ਨੂੰ ਖਸਮ ਕਰਾਦੋ
ਇਕ ਅੰਨ੍ਹਾ ਦੂਜਾ ਕਾਣਾ
ਸਈਓ ਨੀ ਮੇਰੀ ਲਾਲ ਪੱਖੀ ਪੰਜ ਦਾਣਾ
ਕਾਣਾ ਤਾਂ ਉਹਦੀ ਰੋਟੀ ਲਾਹੇ
ਅੰਨ੍ਹਾ ਦੇਵੇ ਦੱਖੂ ਦਾਣਾ
ਸਹੀਓ ਨੀ ਮੇਰੀ ਲਾਲ ਪੱਖੀ ਪੰਜ ਦਾਣਾ
ਲਾੜੇ ਦੀ ਭੈਣ ਨੂੰ ਖਸਮ ਕਰਾ ਦੋ
ਇਕ ਅੰਨ੍ਹਾ ਦੂਜਾ ਕਾਣਾ
ਸਹੀਓ ਨੀ ਮੇਰੀ ਲਾਲ ਪੱਖੀ ਪੰਜ ਦਾਣਾ
ਕਾਣਾ ਤਾਂ ਉਹਦੀ ਰੋਟੀ ਲਾਹੇ
ਅੰਨ੍ਹਾਂ ਦੇਵੇ ਦੱਖੂ ਦਾਣਾ
ਸਈਓ ਨੀ ਮੇਰੀ ਲਾਲ ਪੱਖੀ ਪੰਜ ਦਾਣਾ
81
ਕੁੜਮਾਂ ਜੋਰੋ ਕੈ ਕੁ ਤੇਰੇ ਯਾਰ ਨੀ
ਇਕ 'ਜ ਅੰਦਰ ਬੜੇ ਗਿਆ
ਦੂਜੇ ਨੇ ਰੋਕਿਆ ਬਾਰ ਨੀ
ਤੀਜਾ ਪੌੜੀ ਚੜ੍ਹੇ ਗਿਆ
ਚੌਥੇ ਨੇ ਚੱਕੀ ਡਾਂਗ ਨੀ
ਪੰਜਵਾਂ ਖੜਾ ਪਿਛੋਕੜ ਰੋਵੇ
ਛੇਵੇਂ ਦਾ ਕੀ ਹਾਲ ਨੀ

ਸੱਤਵਾਂ ਤੇਰੀ ਟਿੱਕੀ ਲਾਹੇ
ਅੱਠਵਾਂ ਪੜ੍ਹੇ ਨਿਵਾਜ ਨੀ
ਨੌਵਾਂ ਤੈਨੂੰ ਸੈਨਾਂ ਮਾਰੇ
ਦਸਵਾਂ ਲੈ ਗਿਆ ਨਾਲ਼ ਨੀ
ਟੁੱਟੀ ਜਿਹੀ ਮੰਜੜੀ 'ਚ ਰੋਵੇ ਤੇਰਾ ਯਾਰ ਨੀ
ਕੁੜਮਾਂ ਜੋਰੇ ਕੈ ‘ਕ ਤੇਰੇ ਯਾਰ ਨੀ
82
ਕੁੜਮਾਂ ਜੋਰੋ ਦਾ ਬੜਾ ਦੁਮਾਲਾ ਮੌਜ ਦਾ
ਨੀ ਨਖਰੋ ਦਾ ਬੜਾ ਦੁਮਾਲਾ ਮੌਜ ਦਾ
ਨੀ ਵਿੱਚੇ ਲੰਗਰ ਖਾਨਾ
ਵਿੱਚੇ ਖੂਹੀ ਲਵਾਈ
ਖੱਟੇ ਮਿੱਠੇ ਲਾਏ
ਨੀ ਗੱਭਰੂ ਤੋੜਨ ਆਏ
ਨੀ ਅੰਨ੍ਹੇ ਟੋਹਾ ਟਾਹੀ
ਨੀ ਬੋਲੇ ਕੰਨ ਜੜੱਕੇ
ਨੀ ਡੁੱਡੇ ਲੜ ਚਲਾਈਂ
ਨੀ ਵਿੱਚੇ ਈਰੀ ਪੀਰੀ
ਨੀ ਵਿੱਚੇ ਸੁੰਢ ਪੰਜੀਰੀ
ਵਿੱਚੇ ਰੰਘੜੀ ਦਾਈ
ਕਾਣੀ ਕੁੜੀ ਜਮਾਈ
ਨੀ ਵਿੱਚੇ ਲੱਭੂ ਨਾਈ
ਘਰ ਘਰ ਦੋਵੋ ਵਧਾਈ
ਨੀ ਵਿੱਚੇ ਝਿਊਰ ਛੱਕਾ
ਨੀ ਪਾਣੀ ਭਰਦਾ ਥੱਕਾ
ਨੀ ਇਹਦਾ ਬੜਾ ਦੁਮਾਲਾ
ਨਖਰੋ ਦਾ ਬੜਾ ਦੁਮਾਲਾ



ਸਤਨਾਜਾ

83
ਕਾਣਿਆਂ ਵੇ ਕੱਜ ਮਾਰਿਆ
ਕਾਹਨੂੰ ਆਇਆ ਸੰਸਾਰ
ਹੱਥ ਨਾ ਬੰਨ੍ਹਿਆਂ ਕੰਗਣਾ
ਤੇਰੇ ਬੂਹੇ ਨਾ ਬੈਠੀ ਨਾਰ
ਕਾਣਿਆਂ ਵੇ ਕੱਜ ਮਾਰਿਆ
ਕਦੀ ਚੱਲੀਂ-ਸਾਡੇ ਖੇਤ
ਗੰਨਾ ਦੇਵਾਂ ਪੱਟ ਕੇ
ਤੇਰੀ ਅੱਖ 'ਚ ਪਾਵਾਂ ਰੇਤ
84
ਸਾਡਾ ਬਾਹਮਣ ਲਾਡਲਾ
ਕੰਨੀਂ ਸੋਨੇ ਦਾ ਬਾਲ਼ਾ
ਕੁੜਮਾਂ ਦਾ ਬਾਹਮਣ ਲਾਡਲਾ
ਕੰਨੀਂ ਗੱਤੇ ਦਾ ਪਹੀਆ
ਕੁੜਮਾਂ ਦਾ ਬਾਹਮਣ ਕਿਥੇ ਵਿਆਹਿਆ
ਕੋਟਲੀ ਜੀ ਕੋਟਲੀ
ਕੁੜਮਾਂ ਦੇ ਬਾਹਮਣ ਨੂੰ ਕੀ ਕੁਝ ਦੇਈਏ
ਦਈਏ ਜੂਆਂ ਦੀ ਪੋਟਲੀ ਜੀ ਪੋਟਲੀ
ਕੁੜਮਾਂ ਦਿਆ ਵੇ ਬਾਹਮਣਾ ਮੋਤੀ ਕਰਕੇ ਜਾਣੀ
ਕੁੜਮਾਂ ਦਾ ਬਾਹਮਣ ਕਿੱਥੇ ਵਿਆਹਿਆ
ਧੂਰੀ ਜੀ ਧੂਰੀ
ਕੁੜਮਾਂ ਦੇ ਬਾਹਮਣ ਨੂੰ ਕੀ ਕੁਝ ਦਿੱਤਾ
ਦਿੱਤੀ ਕੁੱਤੀ ਬੂਰੀ ਜੀ ਬੂਰੀ
ਕੁੜਮਾਂ ਦਿਆ ਵੇ ਬਾਹਮਣਾ
ਇਹਨੂੰ ਝੋਟੀ ਕਰਕੇ ਜਾਣੀ
ਕੁੜਮਾਂ ਦਾ ਬਾਹਮਣ ਕਿੱਥੇ ਵਿਆਹਿਆ
ਘਨੌਰੀ ਜੀ ਘਨੌਰੀ
ਕੁੜਮਾਂ ਦੇ ਬਾਹਮਣ ਨੂੰ ਕੀ ਕੁਝ ਦਿੱਤਾ
ਦਿੱਤੀ ਫੁੱਟੀ ਜੀ ਤੌੜੀ
ਕੁੜਮਾਂ ਦਿਆ ਵੇ ਬਾਹਮਣਾ
ਗਾਗਰ ਕਰਕੇ ਜਾਣੀ

85
ਆਮਦੜੀਏ ਵੇ ਵੀਰਾ ਸਾਹਮਣੇ ਚੁਬਾਰੇ
ਤੇਰੀ ਮਾਂ ਰੁਪਿਆ ਬਾਰੇ
ਤੇਰੀ ਸੱਸ ਬੜੀ ਬਦਕਾਰ
ਉਧਲ ਆਈ ਕੁੜਮਾਂ ਨਾਲ
ਆਮਦੜੀਏ ਘਰ ਸੇਹੀੜੇ
ਆਮਦੜੀਏ ਵੀਰਾ ਆਪਣੀ ਹਵੇਲੀ
ਤੇਰੀ ਮਾਂ ਫਿਰੇ ਅਲਬੇਲੀ
ਤੇਰੀ ਸਸ ਬੜੀ ਬਦਕਾਰ
ਉਧਲ ਆਈ ਕੁੜਮਾਂ ਨਾਲ਼
ਆਮਦੜੀਏ ਘਰ ਸੇਹੀੜੇ
86
ਸਾਡਾ ਗੋਹਾ ਗਿੱਲਾ ਵੇ
ਇਸ ਰਾਣੀ ਉੱਤੇ ਬਿੱਲਾ ਵੇ
ਸਾਡੀਆਂ ਬੀਹੀਆਂ ਗਿੱਲੀਆਂ
ਇਸ ਰਾਣੀ ਦੀ ਗੋਦੀ ਬਿੱਲੀਆਂ
87
ਨੀ ਭਜਨੋ ਨਖਰੋ
ਜਟ ਨਾਲ਼ ਵੱਢਦੀ ਸੀ ਹਾੜੀ
ਨੀ ਤੈਂ ਕਿੱਥੇ ਦੇਖੀ
ਜਟ ਨਾਲ਼ ਵਢਦੀ ਹਾੜੀ
ਨੀ ਮੈਂ ਓਥੇ ਦੇਖੀ
ਨੂਰ ਮਹਿਲ ਦੇ ਝਾੜੀਂ
ਨੀ ਜਟ ਛਾਵੇਂ ਬੈਠਾ
ਆਪ ਵੱਢਦੀ ਸੀ ਹਾੜੀ
88
ਤੂੰ ਘੁੰਮ ਮੇਰਿਆ ਚਰਖਿਆ
ਲਟਕ ਗਲ਼ ਦਿਆ ਹਾਰਾ
ਛਿੰਦਰ ਨਖਰੋ ਦੀ
ਕੋਈ ਲੈ ਗਿਆ ਘੱਗਰੀ
ਤੇ ਕੋਈ ਲੈ ਗਿਆ ਨਾਲ਼ਾ
ਨੀ ਕੀ ਕਰਨੀ ਘੱਗਰੀ
ਤੇ ਕੀ ਕਰਨਾ ਨਾਲ਼ਾ
ਤੇੜ ਪਾਉਣੀ ਘੱਗਰੀ
ਨੇਫੇ ਪਾਉਣਾ ਨਾਲ਼ਾ

89
ਨੀ ਛਿੰਦਰ ਨਖਰੋ
ਬਿੱਲੇ ਨਾਲ਼ ਦੋਸਤੀ ਨਾ ਲਾਈਂ
ਨੀ ਦੁਧ ਸਾਰਾ ਪੀ ਗਿਆ
ਉੱਤੇ ਦੀ ਖਾ ਗਿਆ ਮਲ਼ਾਈ
ਨੀ ਨਾ ਮਾਰੀਂ ਨਖਰੋ
ਤੇਰੇ ਤਾਂ ਬਾਪ ਦਾ ਜੁਆਈ
90
ਲੰਬਾ ਸੀ ਵਿਹੜਾ ਨੇਂਬੂ ਪਾਏ ਵਿਹੜੇ ਵਿੱਚ
ਨੀ ਨਖੱਤੀਏ ਨੇਂਬੂ ਪਾਏ ਵਿਹੜੇ ਵਿੱਚ
ਲੜੀਏ ਭਿੜੀਏ ਰੋਟੀ ਨਾ ਛੱਡੀਏ
ਕੌਣ ਮਨਾਊ ਤੈਨੂੰ ਨਿੱਤ
ਨੀ ਨਖੱਤੀਏ ਕੌਣ ਮਨਾਊ ਤੈਨੂੰ ਨਿੱਤ
ਲੜੀਏ ਭਿੜੀਏ ਭੁੰਜੇ ਨਾ ਪਈਏ
ਕੀੜੇ ਪਤੰਗੇ ਦੀ ਰੁੱਤ
ਨੀ ਨਖੱਤੀਏ ਕੀੜੇ ਪਤੰਗੇ ਦੀ ਰੁੱਤ
91
ਭਜਨੋ ਨੀ
ਤੇਰਾ ਢਿੱਡ ਬੜਾ ਚਟ ਕੂਣਾ
ਨੀ ਤੂੰ ਖਾਂਦੀ ਸਭਨਾਂ ਤੋਂ ਦੂਣਾ
92
ਮੱਕੀ ਦਾ ਦਾਣਾ ਰਾਹ ਵਿੱਚ ਵੇ
ਬਚੋਲਾ ਨੀ ਰਖਣਾ ਵਿਆਹ ਵਿਚ ਵੇ
ਮੱਕੀ ਦਾ ਦਾਣਾ ਦਰ ਵਿੱਚ ਵੇ
ਬਚੋਲਾ ਨੀ ਰੱਖਣਾ ਘਰ ਵਿੱਚ ਵੇ
ਮੱਕੀ ਦਾ ਦਾਣਾ ਟਿੰਡ ਵਿੱਚ ਵੇ
ਬਚੋਲਾ ਨੀ ਰਖਣਾ ਪਿੰਡ ਵਿੱਚ ਵੇ
ਮੱਕੀ ਦਾ ਦਾਣਾ ਖੂਹ ਵਿੱਚ ਵੇ
ਬਚੋਲਾ ਨੀ ਰਖਣਾ ਜੂਹ ਵਿੱਚ ਵੇ

ਆਉਂਦੀਏ ਕੁੜੀਏ ਜਾਂਦੀਏ ਕੁੜੀਏ

‘ਆਉਂਦੀਏ ਕੁੜੀਏ ਜਾਂਦੀਏ ਕੁੜੀਏ’ ਦੀ ਧਾਰਨਾ ਤੇ ਰਚੀਆਂ ਹੋਈਆਂ ਸਿੱਠਣੀਆਂ ਦਾ ਇਕ ਵਲੱਖਣ ਕਾਵਿ ਰੂਪ ਹੈ ਜੋ ਕਿ ਮਾਲਵੇ ਵਿੱਚ ਹੀ ਪ੍ਰਚਲਤ ਰਿਹਾ ਹੈ।
ਆਮ ਕਰਕੇ ਵਿਆਹ ਵਾਲੇ ਘਰ ਸ਼ਰੀਕੇ ਵਿੱਚ ਪਰੋਸੇ ਆਦਿ ਫੇਰਨ ਦਾ ਕੰਮ ਮੇਲਣਾਂ ਹੀ ਕਰਦੀਆਂ ਸਨ। ਲਾੜਾ ਲਾੜੀ ਨੂੰ ਛਟੀਆਂ ਘਲਾਉਣ ਸਮੇਂ ਅਤੇ ਜਠੇਰਿਆਂ ਤੇ ਮੱਥਾ ਟਕਾਉਣ ਸਮੇਂ ਵੀ ਮੇਲਣਾਂ ਨੇ ਪਿੰਡ ਦੀਆਂ ਗਲੀਆਂ ਵਿੱਚੋਂ ਗੀਤ ਗਾਉਂਦੇ ਹੋਏ ਲੰਘਣਾ, ਆਥਣ ਸਵੇਰੇ ਬਾਹਰ ਅੰਦਰ ਜਾਂਦੀਆਂ ਹੋਈਆਂ ਗੀਤ ਗਾਉਂਦੀਆਂ ਪਿੰਡ ਦੀਆਂ ਗਲ਼ੀਆਂ ਵਿੱਚ ਫੇਰਾ ਤੋਰਾ ਮਾਰਦੀਆਂ। ਚਾਵਾਂ ਮੱਤਾ ਭੂਸਰਿਆ ਹੋਇਆ ਮੇਲ਼ ਰਾਹ ਜਾਂਦਿਆਂ ਨਾਲ ਠਹਿਰਦਾ। ਜਾਗੋ ਕੱਢਣ ਸਮੇਂ ਵੀ ਕੁੜੀਆਂ ਦਾ ਇਕੱਠ ਰਾਹ ਗਲ਼ੀ ’ਚ ਮਿਲਣ ਵਾਲ਼ੇ ਨਾਲ ਘੱਟ ਨਹੀਂ ਸੀ ਗੁਜ਼ਾਰਦਾ। ਕਈਆਂ ਦੇ ਮੰਜੇ ਮੂਧੇ ਕਰ ਦੇਣੇ, ਓਟੇ, ਝਲਿਆਨੀਆਂ ਭੰਨ ਦੇਣੀਆਂ, ਚੁਲ੍ਹੇ ਢਾਅ ਦੇਣੇ, ਪਰਨਾਲ਼ੇ ਧੂ ਸੁੱਟਣੇ, ਪਿੰਡ ਦੇ ਹਟਵਾਣੀਆਂ ਦੀਆਂ ਹੱਟੀਆਂ ਲੁੱਟ ਲੈਣੀਆਂ! ਇਸ ਤਰ੍ਹਾਂ ਪਿੰਡ ’ਚ ਆਉਣ ਜਾਣ ਸਮੇਂ ਮੇਲਣਾਂ ਨੇ ਵੱਖ-ਵੱਖ ਮਿਲਣ ਵਾਲ਼ੇ ਪਾਤਰਾਂ ਨੂੰ ਸੰਬੋਧਿਤ ਹੋਕੇ ਸਿੱਠਣੀਆਂ ਦੇਣੀਆਂ। ਕਈ ਵਾਰ ਆਪੋ ਵਿੱਚ ਹੀ ਸਿੱਠਣੀਓ ਸਿੱਠਣੀ ਹੋ ਜਾਣਾ। ਇਕ ਦੂਜੀ ਨੂੰ ਸੰਬੋਧਿਤ ਗੁੱਝੇ ਵਿਅੰਗ ਕੱਸਣੇ, ਇਹ ਵਿਅੰਗ ਦੋਹਾਂ ਧਿਰਾਂ ਨੂੰ ਅਗੰਮੀ ਖ਼ੁਸ਼ੀ ਪਰਦਾਨ ਕਰਦੇ ਸਨ। ਹਰ ਪਾਸੇ ਖ਼ੁਸ਼ੀ ਦੀਆਂ ਫੁਹਾਰਾਂ ਵਹਿ ਤੁਰਨੀਆਂ।


ਅਜੋਕੇ ਸਮੇਂ ਵਿੱਚ ਵਿਆਹ ਦਾ ਰੂਪ ਬਦਲ ਗਿਆ ਹੈ, ਕੇਵਲ ਇਕੋ ਦਿਨ ਵਿੱਚ ਵਿਆਹ ਦੀਆਂ ਰਸਮਾਂ ਨਿਭਾਈਆਂ ਜਾਣ ਕਰਕੇ ਨਾ ਕੋਈ ਪਰੋਸੇ ਫੇਰਦਾ ਹੈ ਨਾ ਹੀ ਮੇਲਣਾਂ ਗਲ਼ੀਆਂ ਵਿੱਚ ਖਰੂਦ ਪਾਉਂਦੀਆਂ ਹਨ। ਸਿੱਠਣੀਆਂ ਦੇਣ ਦੀ ਇਹ ਪਰੰਪਰਾ ਵੀ ਸਮਾਪਤ ਹੋ ਗਈ ਹੈ.....ਬਸ ਯਾਦਾਂ ਹੀ ਰਹਿ ਗਈਆਂ ਹਨ।

ਆਉਂਦੀ ਕੁੜੀਏ ਜਾਂਦੀਏ ਕੁੜੀਏ

1
ਆਉਂਦੀ ਕੁੜੀਏ ਜਾਂਦੀ ਕੁੜੀਏ
ਚੱਕ ਲਿਆ ਬਜ਼ਾਰ ਵਿਚੋਂ ਕਾਨਾ
ਭਗਤੀ ਦੋ ਕਰਗੇ
ਗੁਰੂ ਨਾਨਕ ਤੇ ਮਰਦਾਨਾ
ਭਗਤੀ ਦੋ ਕਰਗੇ
2
ਆਉਂਦੀ ਕੁੜੀਏ ਜਾਂਦੀ ਕੁੜੀਏ
ਚੱਕ ਲਿਆ ਬਾਜ਼ਾਰ ਵਿਚੋਂ ਖੀਰਾ
ਹਰਖਾਂ ਨਾਲ਼ ਮੈਂ ਭਰਗੀ
ਮੇਰਾ ਸਿਰ ਨਾ ਪਲੋਸਿਆ ਵੀਰਾ
ਹਰਖਾਂ ਨਾਲ਼ ਮੈਂ ਭਰਗੀ
3
ਆਉਂਦੀ ਕੁੜੀਏ ਜਾਂਦੀ ਕੁੜੀਏ
ਭਰ ਲਿਆ ਕਣਕ ਦੀ ਥਾਲ਼ੀ
ਭੋਗ ਪੈਂਦਾ ਖੰਡ ਪਾਠ ਦਾ
ਸੱਦਾ ਦੇ ਗੀ ਝਾਂਜਰਾਂ ਵਾਲ਼ੀ
ਭੋਗ ਪੈਂਦਾ ਖੰਡ ਪਾਠ ਦੇ
4
ਆਉਂਦੀ ਕੁੜੀਏ ਜਾਂਦੀਏ ਕੁੜੀਏ
ਚੱਕ ਲਿਆ ਬਜ਼ਾਰ ਵਿਚੋਂ ਝਾਵਾਂ
ਕਹਿ ਦਿਓ ਮੇਰੇ ਚੰਦ ਵੀਰ ਨੂੰ
ਮੇਰੀ ਆਮਨਾ ਰੱਖੇ ਤਾਂ ਆਵਾਂ
ਕਹਿ ਦਿਓ ਮੇਰੇ ਚੰਦ ਵੀਰ ਨੂੰ
5
ਆਉਂਦੀ ਕੁੜੀਏ ਜਾਂਦੀਏ ਕੁੜੀਏ
ਚੱਕ ਲਿਆ ਬਾਜ਼ਾਰ ਵਿਚੋਂ ਡੋਈ
ਵੀਰ ਘਰ ਆਉਂਦੇ ਨੂੰ
ਚੰਦ ਵਰਗੀ ਰੋਸ਼ਨੀ ਹੋਈ
ਵੀਰ ਘਰ ਆਉਂਦੇ ਨੂੰ

6
ਆਉਂਦੀ ਕੁੜੀਏ ਜਾਂਦੀ ਕੁੜੀਏ
ਹਰੀਆਂ ਹਰੀਆਂ ਕਣਕਾਂ
ਉੱਤੇ ਉੱਡਣ ਭੰਬੀਰੀਆਂ
ਬੋਲੋ ਵੀਰੋ ਵੇ
ਭੈਣਾਂ ਮੰਗਣ ਜੰਜੀਰੀਆਂ
7
ਖੜੋਤੀਏ ਕੁੜੀਏ
ਪਾਣੀ ਡੋਲ੍ਹਿਆ ਤਿਲ੍ਹਕਣ ਨੂੰ
ਵੀਰ ਉਠਗੇ
ਰੁਪਿਆਂ ਵਾਲੀ ਮਿਰਕਣ ਨੂੰ
ਵੀਰ ਉਠਗੇ
8
ਆਉਂਦੀ ਕੁੜੀ ਨੇ ਸਭਾ ਲਗਾਈ
ਵਿੱਚ ਨਾ ਹੁੱਕੇ ਵਾਲ਼ਾ ਆਵੇ
ਸਭਾ ਦੇ ਵਿੱਚ ਰੰਗ ਵੀਰ ਦਾ
ਸਾਨੂੰ ਵਾਸ਼ਨਾ ਫੁੱਲਾਂ ਦੀ ਆਵੇ
ਸਭਾ ਦੇ ਵਿੱਚ ਰੰਗ ਵੀਰ ਦਾ
9
ਆਉਂਦੀ ਕੁੜੀਏ ਜਾਂਦੀ ਕੁੜੀਏ
ਚੱਕ ਲਿਆ ਬਾਜ਼ਾਰ ਵਿਚੋਂ ਖੀਰਾ
ਹਰਖਾਂ ਨਾਲ਼ ਮੈਂ ਭਰਗੀ
ਮੇਰਾ ਸਿਰ ਨਾ ਪਲੋਸਿਆ ਵੀਰਾ
ਹਰਖ਼ਾਂ ਨਾਲ਼ ਮੈਂ ਭਰਗੀ
10
ਆਉਂਦੀ ਕੁੜੀਏ ਜਾਂਦੀਏ ਕੁੜੀਏ
ਸੱਚ ਦੇ ਬਚਨ ਵਿੱਚ ਦੋਹਣਾ
ਵੀਰ ਦੇ ਕਮੀਜ਼ ਕੁੜਤਾ
ਬੈਠਾ ਲੱਗਦਾ ਸਭਾ ਦੇ ਵਿੱਚ ਸੋਹਣਾ
ਵੀਰ ਦੇ ਕਮੀਜ਼ ਕੁੜਤਾ
11
ਆਉਂਦੀ ਕੁੜੀਏ ਜਾਂਦੀ ਕੁੜੀਏ
ਗੜਵਾ ਗੜਵਾ ਗੜਵੇ ਪਰ ਦੋਹਣਾ

ਵੀਰ ਦੇ ਰੁਮਾਲ ਕੁੜਤਾ
ਬੈਠਾ ਲਗਦਾ ਸਭਾ ਦੇ ਵਿੱਚ ਸੋਹਣਾ
ਵੀਰ ਦੇ ਰੁਮਾਲ ਕੁੜਤਾ
12
ਆਉਂਦੀ ਕੁੜੀਏ ਜਾਂਦੀ ਕੁੜੀਏ
ਅੱਗੇ ਤਾਂ ਭੈਣਾਂ ਨੂੰ ਭਾਈ ਲੈਣ ਆਉਂਦੇ
ਹੁਣ ਕਿਉਂ ਆਉਂਦੇ ਨਾਈ
ਨੀ ਮੁਹਬੱਤਾਂ ਤੋੜ ਗਏ
ਭੈਣਾਂ ਨਾਲ਼ੋਂ ਭਾਈ
ਨੀ ਮੁਹੱਬਤਾਂ ਤੋੜ ਗਏ
13
ਆਉਂਦੀ ਕੁੜੀਏ ਜਾਂਦੀ ਕੁੜੀਏ
ਰਿਝਦੀ ਖੀਰ ਵਿੱਚ ਡੋਈ
ਟੁੱਟ ਕੇ ਨਾ ਬਹਿਜੀਂ ਵੀਰਨਾ
ਭੈਣਾਂ ਵਰਗਾ ਸਾਕ ਨਾ ਕੋਈ
ਟੁੱਟ ਕੇ ਨਾ ਬਹਿਜੀਂ ਵੀਰਨਾ
14
ਆਉਂਦੀ ਕੁੜੀਏ ਜਾਂਦੀ ਕੁੜੀਏ
ਸਬਜ਼ ਬਾਲਟੀ ਭਰ ਲਿਆ
ਨਹਾਉਣਾ ਨੀ
ਗੋਬਿੰਦ ਸਿੰਘ ਮਹਾਰਾਜ ਨੇ
15
ਆਉਂਦੀ ਕੁੜੀਏ ਜਾਂਦੀ ਕੁੜੀਏ
ਬਹਿ ਪਟੜੇ ਪੁਰ ਨਾਹ ਲੈ
ਭਜਨ ਕਰ ਗੋਬਿੰਦ ਦਾ
ਮੁੱਖੋਂ ਮੰਗੀਆਂ ਮੁਰਾਦਾਂ ਪਾ ਲੈ
ਭਜਨ ਕਰ ਗੋਬਿੰਦ ਦਾ
16
ਆਉਂਦੀ ਕੁੜੀਏ ਜਾਂਦੀ ਕੁੜੀਏ
ਕਛ ਕੜਾ ਕਰਪਾਨ ਗਾਤਰਾ ਪਾ ਲੈ
ਤੇਰੇ ਨੀ ਮੂਹਰੇ ਹੱਥ ਬੰਨ੍ਹਦਾ
ਤੂੰ ਮੇਰੀ ਕਾਲਣ ਬਣ ਜਾ
ਤੇਰੇ ਨੀ ਮੂਹਰੇ ਹੱਥ ਬੰਨ੍ਹਦਾ
17
ਆਉਂਦੀ ਕੁੜੀਏ ਜਾਂਦੀ ਕੁੜੀਏ
ਲਾਹ ਕਿੱਕਰਾਂ ਤੋਂ ਛਾਪੇ

ਆ ਜਾ ਧੀਏ ਸਰਦਲ ਤੇ
ਤੇਲ ਚੋ ਨੀ ਆਏ ਨੇ ਤੇਰੇ ਮਾਪੇ
ਆ ਜਾ ਧੀਏ ਸਰਦਲ ਤੇ
18
ਚਲੀ ਜਾਂਦੀ ਕੁੜੀਏ
ਚੱਕ ਲਿਆ ਬਾਜ਼ਾਰ ਵਿਚੋਂ ਸ਼ੀਸ਼ੀ
ਜਰਮਨ ਹਾਰ ਗਿਆ
ਉਹਦੀ ਮਦਦ ਕਿਸੇ ਨਾ ਕੀਤੀ
ਜਰਮਨ ਹਾਰ ਗਿਆ
19
ਆਉਂਦੀ ਕੁੜੀਏ ਜਾਂਦੀ ਕੁੜੀਏ
ਤੋੜ ਲਿਆ ਖੇਤ ਚੋਂ ਛੇਜਾ
ਨਾਭੇ ਵਾਲ਼ਾ ਕਰੇ ਮਦਤਾਂ
ਕਿਤੇ ਹਾਰ ਨਾ ਜਾਈਂ ਅੰਗਰੇਜ਼ਾ
ਨਾਭੇ ਵਾਲ਼ਾ ਕਰੇ ਮਦਤਾਂ
20
ਆਉਂਦੀ ਕੁੜੀਏ ਜਾਂਦੀ ਕੁੜੀਏ
ਸਿਰ ਤੇ ਟੋਕਰਾ ਨਰੰਗੀਆਂ ਦਾ
ਕਿੱਥੇ ਰੱਖਾਂ ਵੇ ਕਿੱਥੇ ਰੱਖਾਂ ਵੇ
ਰਾਜ ਫਰੰਗੀਆਂ ਦਾ
ਕਿੱਥੇ ਰੱਖਾਂ ਵੇ
21
ਵੀਰੋ ਕੁੜੀਏ
ਸਿਰ ਉੱਤੇ ਟੋਕਰਾਂ ਨਾਰੰਗੀਆਂ ਦਾ
ਕਦੋਂ ਜਾਵੇਗਾ ਕਦੋਂ ਜਾਵੇਗਾ
ਨੀ ਇਹ ਰਾਜ ਫਰੰਗੀਆਂ ਦਾ
ਕਦੋਂ ਜਾਵੇਗਾ
22
ਚੰਦ ਕੁਰ ਕੁੜੀਏ
ਸਿਰ ਉੱਤੇ ਟੋਕਰਾ ਨੜਿਆਂ ਦਾ
ਕਿੱਥੇ ਲਾਹੇਂਗੀ ਕਿਥੇ ਲਾਹੇਂਗੀ
ਇਹ ਪਿੰਡ ਛੜਿਆਂ ਦਾ
ਕਿੱਥੇ ਲਾਹੇਂਗੀ
23
ਚਲੀ ਜਾਂਦੀ ਕੁੜੀਏ
ਚਕ ਲਿਆ ਬਾਜ਼ਾਰ ਵਿਚੋਂ ਥਾਲੀ

ਤੈਂ ਕੀ ਸ਼ੇਰ ਮਾਰਨਾ
ਤੇਰੇ ਬਾਪ ਨੇ ਬਿੱਲੀ ਨਾ ਮਾਰੀ
ਤੈਂ ਕੀ ਸ਼ੇਰ ਮਾਰਨਾ
24
ਆਉਂਦੀ ਕੁੜੀਏ ਜਾਂਦੀ ਕੁੜੀਏ
ਚੱਕ ਲਿਆ ਬਾਜ਼ਾਰ ਵਿਚੋਂ ਸ਼ੀਸ਼ੀ
ਘੱਗਰੇ ਦਾ ਫੇਰ ਦੇਖ ਕੇ
ਠਾਣੇਦਾਰ ਨੇ ਕਚਹਿਰੀ ਬੰਦ ਕੀਤੀ
ਘੱਗਰੇ ਦਾ ਫੇਰ ਦੇਖ ਕੇ
25
ਆਉਂਦੀ ਕੁੜੀਏ
ਚੱਕ ਲਿਆ ਬਾਜ਼ਾਰ ਵਿਚੋਂ ਤਾਰਾਂ
ਤੂੰ ਕਿਹੜਾ ਨੈਬ ਦੀ ਬੱਚੀ
ਸੁੱਚੀਆਂ ਮੰਗੇ ਤਲਵਾਰਾਂ
ਤੂੰ ਕਿਹੜਾ ਨੈਬ ਦੀ ਬੱਚੀ
26
ਆਉਂਦੀ ਕੁੜੀਏ ਜਾਂਦੀ ਕੁੜੀਏ
ਚੱਕ ਲਿਆ ਬਾਜ਼ਾਰ ਵਿਚੋਂ ਦਾਣਾ
ਬੋਲਿਆ ਚਲਿਆ ਮਾਫ ਕਰਨਾ
ਅਸੀਂ ਆਪਣਿਆਂ ਘਰਾਂ ਨੂੰ ਉਠ ਜਾਣਾ
ਬੋਲਿਆ ਚਲਿਆ ਮਾਫ ਕਰਨਾ
27
ਖੜੋਤੀਏ ਕੁੜੀਏ
ਗੱਭਰੂ ਤੋਰ ਤੇ ਚੀਨ ਨੂੰ
ਰਹਿਗੇ ਬੁੱਢੇ ਠੇਰੇ
ਹੁੱਕੀਆਂ ਪੀਣ ਨੂੰ
ਰਹਿਗੇ ਬੁੱਢੇ ਠੇਰੇ
28
ਆਉਂਦੀ ਕੁੜੀਏ ਜਾਂਦੀ ਕੁੜੀਏ
ਸੱਚ ਦੇ ਬਚਨ ਵਿੱਚ ਤਵੀਤੀ
ਮਰਜੇਂ ਜਨਾਹ ਬੰਦਿਆ
ਸਾਰੀ ਦੁਨੀਆਂ ਦੀ ਹਿਲ ਜੁਲ ਕੀਤੀ
ਮਰਜੇਂ ਜਨਾਹ ਬੰਦਿਆ
29
ਆਉਂਦੀ ਕੁੜੀਏ ਜਾਂਦੀ ਕੁੜੀਏ
ਚਿਊਕਣੀ ਮਿੱਟੀ ਦੇ ਖਾਰੇ

ਖਦ ਖਦ ਖੀਰ ਰਿਝਦੀ
ਖਾਣਗੇ ਰੁਮਾਲਾਂ ਵਾਲ਼ੇ
ਖਦ ਖਦ ਖੀਰ ਰਿੱਝਦੀ
30
ਆਉਂਦੀ ਕੁੜੀ ਨੇ ਸੁੱਥਣ ਸਮਾਲੀ
ਕੁੰਦੇ ਚਾਰ ਰੱਖਦੀ
ਮਾਰੀ ਸ਼ੌਂਕ ਦੀ
ਹੱਥ ’ਚ ਰੁਮਾਲ ਰੱਖਦੀ
ਮਾਰੀ ਸ਼ੌਂਕ ਦੀ
31
ਆਉਂਦੀ ਕੁੜੀਏ
ਚੱਕ ਲਿਆ ਬਾਜ਼ਾਰ ਵਿਚੋਂ ਛੋਲੇ
ਫੜ ਲੈ ਕੇਸਾਂ ਤੋਂ
ਜਟ ਫੇਰ ਨਾ ਬਰਾਬਰ ਬੋਲੇ
ਫੜ ਲੈ ਕੇਸਾਂ ਤੋਂ
32
ਜਾਂਦੀ ਕੁੜੀਏ
ਭਿਉਂ ਗੜਵੇ ਵਿੱਚ ਛੋਲੇ
ਨੀ ਫੜ ਲੈ ਕੇਸਾਂ ਤੋਂ
ਮੁੰਡਾ ਫੇਰ ਨਾ ਬਰੋਬਰ ਬੋਲੇ
ਨੀ ਫੜ ਲੈ ਕੇਸਾਂ ਤੋਂ
33
ਆਉਂਦੀ ਕੁੜੀਏ ਜਾਂਦੀਏ ਕੁੜੀਏ
ਉੱਚੀਆਂ ਕੰਧਾਂ ਨੀਵੇਂ ਆਲ਼ੇ
ਚਾਹਾਂ ਵਾਲ਼ੇ ਬੁਲ੍ਹ ਫੂਕਦੇ
ਮੌਜਾਂ ਮਾਣਦੇ ਢੰਡਿਆਈਆਂ ਵਾਲ਼ੇ
ਚਾਹਾਂ ਵਾਲ਼ੇ ਬੁਲ੍ਹ ਫੂਕਦੇ
34
ਖੜੋਤੀਏ ਕੁੜੀਏ ਬਚਨੀਏ ਦਾਰੀਏ
ਭੱਠੀ ਭਨਾ ਲੈ ਨੀ ਡੇਲੇ
ਚਿਰਾਂ ਦਿਆਂ ਵਿਛੜਿਆਂ ਦੇ
ਅਜ ਹੋ ਗੇ ਸਬੱਬ ਨਾਲ਼ ਮੇਲੇ
ਚਿਰਾਂ ਦਿਆਂ ਵਿਛੜਿਆਂ ਦੇ
35
ਆਉਂਦੀਏ ਕੁੜੀਏ ਜਾਂਦੀਏ ਕੁੜੀਏ
ਭੰਨ ਕਿੱਕਰਾਂ ਦੇ ਡਾਹਣੇ

ਅੱਜ ਛੜੇ ਮੱਚ ਜਾਣਗੇ
ਪਾਏ ਦੇਖ ਕੇ ਰੰਨਾਂ ਦੇ ਬਾਣੇ
ਅੱਜ ਛੜੇ ਮੱਚ ਜਾਣਗੇ
36
ਆਉਂਦੀ ਕੁੜੀਏ ਜਾਂਦੀਏ ਕੁੜੀਏ
ਚੱਕ ਲਿਆ ਬਾਜ਼ਾਰ ਵਿੱਚੋਂ ਪੇੜਾ
ਅਸਾਂ ਕਿਹੜਾ ਨਿੱਤ ਆਵਣਾ
ਸਾਡਾ ਵਜਣਾ ਸਬੱਬ ਨਾਲ਼ ਗੇੜਾ
ਅਸਾਂ ਕਿਹੜਾ ਨਿੱਤ ਆਵਣਾ
37
ਆਉਂਦੀ ਕੁੜੀਏ ਜਾਂਦੀਏ ਕੁੜੀਏ
ਭਿਉਂ ਬੱਠਲਾਂ ਵਿੱਚ ਛੋਲੇ
ਤੂੰ ਕਿਉਂ ਬੋਲੇਂ ਚੌਰ ਦਾਹੜੀਆ
ਸਾਡੇ ਹਾਣ ਦਾ ਮੁੰਡਾ ਨਾ ਬੋਲੇ
ਤੂੰ ਕਿਉਂ ਬੋਲੇਂ ਚੌਰ ਦਾਹੜੀਆ
38
ਆਉਂਦੀਏ ਕੁੜੀਏ ਜਾਂਦੀਏ ਕੁੜੀਏ
ਸੱਚ ਦੇ ਬਚਨ ਦਾ ਪਾਵਾ
ਨੀ ਛਾਤੀ ਤੇਰੀ ਪੁੱਤ ਮੰਗਦੀ
ਤੇਰੇ ਪੱਟ ਮੰਗਦੇ ਮੁਕਲਾਵਾ
ਛਾਤੀ ਤੇਰੀ ਪੁੱਤ ਮੰਗਦੀ
39
ਆਉਂਦੀ ਕੁੜੀਏ ਜਾਂਦੀ ਕੁੜੀਏ
ਸੱਚ ਦੇ ਬਚਨ ਦੀ ਡੋਈ
ਪਹਿਲਾ ਮੁੰਡਾ ਮਿੱਤਰਾਂ ਦਾ
ਲਾਮਾਂ ਆਲੇ ਦਾ ਉਜਰ ਨਾ ਕੋਈ
ਪਹਿਲਾ ਮੁੰਡਾ ਮਿੱਤਰਾਂ ਦਾ
40
ਆਉਂਦੀ ਕੁੜੀ ਨੇ ਸੁੱਥਣ ਸਮਾਈ
ਘਗਰੇ ਦਾ ਮੇਚ ਦਿਵਾ ਦਾਰੀਏ
ਮੰਨ ਭਾਉਂਦਾ ਮੰਨ ਭਾਉਂਦਾ
ਯਾਰ ਹੰਡਾ ਦਾਰੀਏ
ਮਨ ਭਾਉਂਦਾ
41
ਛਿੰਦੋ ਕੁੜੀ ਨੇ ਸੁੱਥਣ ਸਮਾਈ
ਵਿੱਚ ਪਾ ਲਿਆ ਰੇਸ਼ਮੀ ਨਾਲ਼ਾ

ਨੀ ਟੋਲੀ ਆਉਂਦੀ ਛੜਿਆਂ ਦੀ
ਨਾਲ਼ਾ ਟੰਗ ਲੈ ਘੁੰਗਰੂਆਂ ਵਾਲ਼ਾ
ਨੀ ਟੋਲੀ ਆਉਂਦੀ ਛੜਿਆਂ ਦੀ
42
ਆਉਂਦੀ ਕੁੜੀਏ ਜਾਂਦੀਏ ਕੁੜੀਏ
ਸੱਚ ਦੇ ਬਚਨ ਦੀਆਂ ਢਾਈਆਂ
ਨੀ ਏਥੇ ਦੇ ਮਲੰਗ ਬਾਣੀਏਂ
ਸਾਨੂੰ ਜੰਗ ਹਰੜਾਂ ਨਾ ਥਿਆਈਆਂ
ਨੀ ਏਥੇ ਦੇ ਮਲੰਗ ਬਾਣੀਏਂ
43
ਆਉਂਦੀਏ ਕੁੜੀਏ ਜਾਂਦੀਏ ਕੁੜੀਏ
ਚੱਕ ਲਿਆ ਬਜ਼ਾਰ ਵਿਚੋਂ ਚਾਂਦੀ
ਤੇਰੇ ਨਾਲ਼ੋ ਬਾਂਦਰੀ ਚੰਗੀ
ਜਿਹੜੀ ਨਿਤ ਮੁਕਲਾਵੇ ਜਾਂਦੀ
ਤੇਰੇ ਨਾਲ਼ੋ ਬਾਂਦਰੀ ਚੰਗੀ
44
ਮਿੰਦੋ ਕੁੜੀ ਨੇ ਸੁੱਥਣ ਸਮਾਈ
ਸੁੱਥਣ ਸਮਾਈ ਸੂਫ ਦੀ ਨੀ
ਜਾਵੇ ਸ਼ੂਕਦੀ ਛੜੇ ਦੀ ਹਿੱਕ ਫੂਕਦੀ
ਜਾਵੇ ਸ਼ੂਕਦੀ ਨੀ
ਛੜੇ ਦੀ ਹਿੱਕ ਫੂਕਦੀ
45
ਆਉਂਦੀਏ ਕੁੜੀਏ ਜਾਂਦੀਏ ਕੁੜੀਏ
ਚੱਕ ਲਿਆ ਬਾਜ਼ਾਰ ਵਿਚੋਂ ਧਾਈਆਂ
ਨੀ ਕੁੜਤੀ ਤੇ ਮੋਰਨੀਆਂ
ਛੜੇ ਪੱਟਣ ਨੂੰ ਪਾਈਆਂ
ਨੀ ਕੁੜਤੀ ਤੇ ਮੋਰਨੀਆਂ
46
ਆਉਂਦੀਏ ਕੁੜੀਏ ਜਾਂਦੀਏ ਕੁੜੀਏ
ਚੱਕ ਲਿਆ ਬਜ਼ਾਰ ਵਿਚੋਂ ਮੇਥੇ
ਨੀ ਅੱਖ ਨਾਲ਼ ਗਲ ਕਰਗੀ
ਤੇਰੇ ਬੁਲ੍ਹ ਨਾ ਫਰਕਦੇ ਦੇਖੇ
ਨੀ ਅੱਖ ਨਾਲ਼ ਗਲ ਕਰਗੀ
47
ਆਉਂਦੀਏ ਕੁੜੀਏ ਜਾਂਦੀਏ ਕੁੜੀਏ
ਸੱਚ ਦੇ ਬਚਨ ਦੇ ਤਾਰੇ
ਨੀ ਢਲਮੀਂ ਜੀ ਗੁੱਤ ਵਾਲ਼ੀਏ


ਤੇਰੀ ਗਲ ਚੜ੍ਹਗੀ ਸਰਕਾਰੇ
ਢਲਮੀਂ ਨੀਂ ਗੁੱਤ ਵਾਲ਼ੀਏ
48
ਆਉਂਦੀ ਕੁੜੀਏ ਜਾਂਦੀਏ ਕੁੜੀਏ
ਭਿਉਂ ਬਠਲਾਂ ਵਿੱਚ ਛੋਲੇ
ਨੀ ਵਿੱਚ ਤੇਰੇ ਤਕੀਏ ਦੇ
ਠਾਣੇਦਾਰ ਦਾ ਕਬੂਤਰ ਬੋਲੇ
ਨੀ ਵਿੱਚ ਤੇਰੇ ਤਕੀਏ ਦੇ
49
ਆਉਂਦੀ ਕੁੜੀਏ ਜਾਂਦੀਏ ਕੁੜੀਏ
ਚੱਕ ਲਿਆ ਬਾਜ਼ਾਰ ਵਿਚੋਂ ਛੈਣੇ
ਨੀ ਲੁੱੱਧਿਆਣੇ ਮੰਡੀ ਲੱਗਣੀ
ਮੁੱਲ ਸੋਹਣੀਆਂ ਰੰਨਾਂ ਦੇ ਪੈਣੇ
ਨੀ ਲੁਧਿਆਣੇ ਮੰਡੀ ਲੱਗਣੀ
50
ਆਉਂਦੀਏ ਕੁੜੀਏ ਜਾਂਦੀਏ ਕੁੜੀਏ
ਸੱਚ ਦੇ ਵਚਨ ਦੀ ਗੋਭੀ
ਆਪ ਫੌਜੀ ਲਾਮ ਤੇ ਗਿਆ
ਤੈਨੂੰ ਛੱਡ ਗਿਆ ਸ਼ਰੀਕਾਂ ਜੋਗੀ
ਆਪ ਫੌਜੀ ਲਾਮ ਤੇ ਗਿਆ
51
ਆਉਂਦੀਏ ਕੁੜੀਏ ਜਾਂਦੀਏ ਕੁੜੀਏ
ਚੱਕ ਲਿਆ ਬਾਜ਼ਾਰ ਵਿਚੋਂ ਰੜਕੇ
ਗੋਭੀ ਨੂੰ ਲਾ ਦੇ ਤੜਕੇ
ਮੁੰਡੇ ਆਉਣਗੇ ਸਕੂਲੋਂ ਪੜ੍ਹਕੇ
ਗੋਭੀ ਨੂੰ ਲਾ ਦੇ ਤੜਕੇ
52
ਆਉਂਦੀ ਕੁੜੀਏ ਜਾਂਦੀਏ ਕੁੜੀਏ
ਚੱਕ ਲਿਆ ਬਾਜ਼ਾਰ ਵਿਚੋਂ ਪਾਵੇ
ਤੂੜੀ ਵਾਲ਼ੇ ਅੱਗ ਲਗ ਗੀ
ਬੁੜ੍ਹਾ ਬੁੜ੍ਹੀ ਨੂੰ ਘੜੀਸੀਂ ਜਾਵੇ
ਤੂੜੀ ਵਾਲ਼ੇ ਅੱਗ ਲਗ ਗੀ
53
ਆਉਂਦੀ ਕੁੜੀਏ ਜਾਂਦੀਏ ਕੁੜੀਏ
ਸੱਚ ਦੇ ਬਚਨਾਂ ਦੀ ਆਰੀ
ਆਹ ਲੈ ਮਾਏ ਸਾਂਭ ਕੁੰਜੀਆਂ
ਧੀਆਂ ਕਰ ਚੱਲੀਆਂ ਸਰਦਾਰੀ
ਆਹ ਲੈ ਮਾਏਂ ਸਾਂਭ ਕੁੰਜੀਆਂ

54
ਖੜੋਤੀ ਕੁੜੀਏ
ਚੱਕ ਲਿਆ ਬਾਗ ਵਿਚੋਂ ਊਰੇ
ਭਾਗਾਂ ਵਾਲ਼ਿਆਂ ਦੇ
ਅੱਜ ਹੋ ਗਏ ਨੇ ਕਾਗਜ਼ ਪੂਰੇ
ਭਾਗਾਂ ਵਾਲ਼ਿਆਂ ਦੇ
55
ਖੜੋਤੀ ਕੁੜੀ ਦੇ ਵੱਡੇ ਵੱਡੇ ਵਾਲ਼ੇ
ਕੋਲ਼ ਨੱਢਾ ਬੜ੍ਹਕਾਂ ਮਾਰੇ
ਨੀ ਮੋਗੇ ਦੁੱਧ ਵਿਕਦਾ
ਤੂੰ ਲੈ ਲੈ ਨਵੀਏਂ ਮੁਟਿਆਰੇ
ਨੀ ਮੋਗੇ ਦੁੱਧ ਵਿਕਦਾ
56
ਆਉਂਦੀ ਕੁੜੀਏ
ਜੋਰੋ ਨਿਕਲੀ ਪੰਜੇਬਾਂ ਪਾ ਕੇ
ਮੁੰਡਿਓ ਮਾਰਿਓ ਠੀਕਰੀਆਂ
ਪਰ ਮਾਰਿਓ ਪ੍ਰੀਤਾਂ ਲਾ ਕੇ
ਮੁੰਡਿਓ ਮਾਰਿਓ ਠੀਕਰੀਆਂ
57
ਬੰਤੀ ਕੁੜੀਏ ਦਾਰੀਏ
ਭੱਠੀ ਭਨਾ ਲੈ ਨੀ ਰੋੜੇ
ਖਿੱਚੀ ਤੇਰਾ ਮੋਹ ਆਉਂਦਾ
ਹੋਰ ਕਿਹੜਾ ਘਰ ਵਸਦੇ ਥੋਹੜੇ
ਖਿੱਚੀ ਤੇਰਾ ਮੋਹ ਆਉਂਦਾ
58
ਖੜੋਤੀ ਕੁੜੀਏ
ਸੱਚ ਦੇ ਬਚਨ ਵਿੱਚ ਰੌਣਾ
ਨੀ ਖੂਹ ਦੇ ਚੱਕ ਵਾਂਗੂੰ
ਫੇਰ ਨੀ ਜਗਤ ਤੇ ਆਉਣਾ
ਨੀ ਖੂਹ ਦੇ ਚੱਕ ਵਾਂਗੂੰ
59
ਆਉਂਦੀ ਕੁੜੀ ਨੇ ਬਾਗ ਲਵਾਇਆ
ਵਿੱਚ ਬਰੋਟਾ ਹੱਲਿਆ ਨੀ
ਮਾਂ ਦਾ ਸੂਰਮਾ
ਬਹੂ ਦੇ ਮੂਹਰੇ ਚਲਿਆ ਨੀ
ਮਾਂ ਦਾ ਸੂਰਮਾ

60
ਆਉਂਦੀ ਕੁੜੀਏ
ਸੱਚ ਦੇ ਬਚਨ ਹੁੰਦੇ ਗੂੜ੍ਹੇ
ਬਈ ਸੱਗੀਆਂ ਨਿਲਾਮ ਹੋ ਗਈਆਂ
ਹੁਣ ਚੱਲ ਪਏ ਜਲੇਬੀ ਜੂੜੇ
ਬਈ ਸੱਗੀਆਂ ਨਿਲਾਮ ਹੋ ਗਈਆਂ
61
ਆਉਂਦੀ ਕੁੜੀਏ
ਬੀਜ ਦੇ ਮੱਕੀ ਦੇ ਵੱਢ ਆਲੂ
ਪਹਿਰਾ ਆਇਆ ਕਲ਼ਜੁਗ ਦਾ
ਸੱਸਾਂ ਕੀਤੀਆਂ ਨੂਹਾਂ ਨੇ ਚਾਲੂ
ਪਹਿਰਾ ਆਇਆ ਕਲ਼ਜੁਗ ਦਾ
62
ਆਉਂਦੀ ਕੁੜੀਏ
ਮੁਰਕੀ ਚੁਰਕੀ ਕੋਕਰੂ ਕੰਨਾਂ ਦੇ ਵਾਲ਼ੇ
ਬਈ ਨੇਕੀ ਖੱਟ ਜਾਣਗੇ
ਮਿੱਠੀਆਂ ਜ਼ਬਾਨਾਂ ਵਾਲ਼ੇ
ਬਈ ਨੇਕੀ ਖੱਟ ਜਾਣਗੇ
63
ਆਉਂਦੀਏ ਕੁੜੀਏ ਜਾਂਦੀਏ ਕੁੜੀਏ
ਭਰ ਲਿਆ ਗਲਾਸ ਕੱਚੀ ਲੱਸੀ ਦਾ
ਨੀ ਤੇਰੇ ਹਾਣ ਦਾ ਮੁੰਡਾ
ਪਿੰਡ ਮਾਦਪੁਰ ਦੱਸੀਦਾ
ਨੀ ਤੇਰੇ ਹਾਣ ਦਾ ਮੁੰਡਾ
64
ਆਉਂਦੀਏ ਕੁੜੀਏ ਜਾਂਦੀਏ ਕੁੜੀਏ
ਚੱਕ ਲਿਆ ਬਾਜ਼ਾਰ ਵਿਚੋਂ ਗਾਨੀ
ਨੀ ਮਾਪੇ ਤੈਨੂੰ ਘੱਟ ਰੋਣਗੇ
ਬਹੁਤਾ ਰੋਣਗੇ ਦਿਲਾਂ ਦੇ ਜਾਨੀ
ਨੀ ਮਾਪੇ ਤੈਨੂੰ ਘੱਟ ਰੋਣਗੇ
65
ਆਉਂਦੀ ਕੁੜੀਏ ਜਾਂਦੀਏ ਕੁੜੀਏ
ਉੱਚਾ ਚੁਬਾਰਾ ਹੇਠ ਪੌੜੀਆਂ
ਪਤਲੋ ਰੂੰ ਪਈ ਵੇਲੇ
ਵਿਛੜੇ ਸੱਜਣਾਂ ਦੇ
ਕਦੋਂ ਹੋਣਗੇ ਸੰਜੋਗੀਂ ਮੇਲੇ
ਵਿਛੜੇ ਸੱਜਣਾਂ ਦੇ

ਹੇਰੇ

ਹੇਰਾ ਪੰਜਾਬ ਵਿਸੇਸ਼ ਕਰਕੇ ਮਾਲਵਾ ਖੇਤਰ ਦਾ ਲੰਬੀ ਹੇਕ ਨਾਲ਼ ਗਾਇਆ ਜਾਣ ਵਾਲ਼ਾ ਗੀਤ ਰੂਪ ਹੈ ਜਿਸ ਨੂੰ ਗਾਉਣ ਦੀ ਪਰੰਪਰਾ ਬਹੁਤ ਪੁਰਾਣੀ ਹੈ। ਇਹ ਛੋਟੇ ਆਕਾਰ ਦਾ ਦੋ ਤੁਕਾਂ ਵਾਲ਼ਾ ਗੀਤ ਕਾਵਿ ਹੈ ਜਿਸ ਦਾ ਸੁਭਾਅ ਦੋਹੇ ਨਾਲ਼ ਮੇਲ ਖਾਂਦਾ ਹੈ। ਇਹ ਸ਼ਗਨਾਂ ਦਾ ਗੀਤ ਹੈ ਜੋ ਵਿਆਹ ਦੀਆਂ ਵੱਖ-ਵੱਖ ਰਸਮਾਂ ਤੇ ਨਿਭਾਈਆਂ ਜਾਣ ਵਾਲ਼ੀਆਂ ਰੀਤਾਂ ਸਮੇਂ ਔਰਤਾਂ ਵਲੋਂ ਗਾਇਆ ਜਾਂਦਾ ਹੈ। ਮੰਗਣੇ ਦੀ ਰਸਮ ਸਮੇਂ ਭੈਣਾਂ ਭਰਾਵਾਂ ਨੂੰ ਹੇਰੇ ਦੇਂਦੀਆਂ ਹਨ, ਵਟਣਾ ਮਲਣ, ਜੰਨ ਚੜ੍ਹਨ ਸਮੇਂ, ਸੁਰਮਾ ਪਾਉਣ ਤੇ ਸਲਾਮੀ ਵੇਲ਼ੇ ਭੈਣਾਂ ਵੀਰਾਂ ਨੂੰ ਅਤੇ ਭਰਜਾਈਆਂ ਦਿਓਰਾਂ ਨੂੰ ਰਸ ਭਰਪੂਰ ਹੇਰੇ ਦੇਕੇ ਵਿਨੋਦ ਭਰਪੂਰ ਸਮਾਂ ਬੰਨ੍ਹਦੀਆਂ ਹਨ। ਜਨ ਦੇ ਢੁਕਾ ਸਮੇਂ ਮੇਲਣਾ ਵਲੋਂ ਬਰਾਤੀਆਂ ਅਤੇ ਲਾੜੇ ਨੂੰ ਹੇਰੇ ਦੇਣ ਦਾ ਰਿਵਾਜ ਹੈ। ਫੇਰਿਆਂ ਵੇਲ਼ੇ, ਰੋਟੀ ਖਾਣ ਸਮੇਂ ਅਤੇ ਖਟ ਦੇ ਅਵਸਰ ਤੇ ਮੇਲਣਾਂ ਕੁੜਮ, ਲਾੜੇ ਅਤੇ ਬਰਾਤੀਆਂ ਨੂੰ ਵਿਅੰਗ ਭਰਪੂਰ ਹੇਰੇ ਅਤੇ ਸਿੱਠਣੀਆਂ ਦੇਕੇ ਵਾਤਾਵਰਣ ਵਿੱਚ ਸੁਗੰਧੀ ਵਖੇਰ ਦੇਂਦੀਆਂ ਹਨ। ਲਾੜੇ ਤੋਂ ਛੰਦ ਸੁਣਨ ਵੇਲੇ ਸਾਲੀਆਂ ਜੀਜੇ ਦੇ ਗਿਆਨ ਦੀ ਪਰਖ ਕਰਦੀਆਂ ਹੋਈਆਂ ਬੁਝਾਰਤਾਂ ਰੂਪੀ ਹੇਰੇ ਲਾਕੇ ਸਮੁੱਚੇ ਮਾਹੌਲ ਨੂੰ ਗੰਭੀਰ ਤੇ ਹੁਲਾਸ ਭਰਪੂਰ ਬਣਾ ਦੇਂਦੀਆਂ ਹਨ। ਡੋਲ਼ੀ ਦੀ ਵਿਦਾਇਗੀ ਸਮੇਂ ਭੈਣਾਂ ਵਲੋਂ ਭੈਣ ਨੂੰ ਅਤੇ ਭਰਜਾਈਆਂ ਵਲੋਂ ਨਣਦ ਨੂੰ ਦਿੱਤੇ ਗਏ ਵੈਰਾਗਮਈ ਹੇਰੇ ਸਾਰੇ ਵਾਤਾਵਰਣ ਵਿੱਚ ਸੋਗੀ ਵਾਵਾਂ ਬਖੇਰ ਦੇਂਦੇ ਹਨ। ਸਰੋਤਿਆਂ ਦੀਆਂ ਅੱਖਾਂ ਹੰਝੂਆਂ ਦੀ ਝੜੀ ਲਾ ਦੇਂਦੀਆਂ ਹਨ, ਗਲ਼ਾ ਭਰ ਭਰ ਆਉਂਦਾ ਹੈ। ਡੋਲ਼ੀ ਦੇ ਸੁਆਗਤ ਸਮੇਂ ਭੈਣਾਂ ਆਪਣੀ ਨਵੀਂ ਭਰਜਾਈ ਦਾ ਸੁਆਗਤ ਉਸ ਦੇ ਹੁਸਨ ਦੀ ਮਹਿਮਾ ਗਾਉਣ ਵਾਲ਼ੇ ਹੇਰੇ ਗਾ ਕੇ ਕਰਦੀਆਂ ਹਨ। ਵਿਆਹ ਦੇ ਹੋਰ ਅਵਸਰਾਂ ਤੇ ਵੀ ਬਣਦੇ ਰਿਸ਼ਤੇ ਫੁੱਫੜਾਂ, ਮਾਸੜਾਂ ਨੂੰ ਹੇਰੋ ਸੁਣਾਕੇ ਉਹਨਾਂ ਦਾ ਮਜ਼ਾਕ ਉਡਾਂਦੀਆਂ ਹਨ। ਹੇਰਿਆਂ ਦਾ ਮਜ਼ਾਕ ਸਿੱਠਣੀਆਂ ਵਾਂਗ ਤਿੱਖਾ ਨਹੀਂ ਹੁੰਦਾ ਨਾ ਹੀ ਚੁੱਭਵਾਂ ਹੁੰਦਾ ਹੈ। ਦਾਦਕੀਆਂ-ਨਾਨਕੀਆਂ ਵਿਆਹ 'ਚ ਜਦੋਂ ਕੋਈ ਵਿਹਲ ਮਿਲੇ ਇਕ ਦੂਜੀ ਨੂੰ ਵਿਅੰਗਮਈ ਹੇਰਾ ਸੁਣਾ ਕੇ ਆਪਣੇ ਮਨ ਦਾ ਭਾਰ ਹੌਲਾ ਕਰਦੀਆਂ ਹਨ।

ਹੇਰੇ ਕੇਵਲ ਵਿਆਹ ਵਿੱਚ ਰੰਗ ਭਰਨ ਅਤੇ ਹਾਸੇ ਮਖੌਲ ਦਾ ਵਾਤਾਵਰਣ ਉਸਾਰਨ ਲਈ ਹੀ ਨਹੀਂ ਗਾਏ ਜਾਂਦੇ ਬਲਕਿ ਇਹਨਾਂ ਰਾਹੀਂ ਗੂੜ੍ਹ ਗਿਆਨ ਦੀ ਚਾਸ਼ਨੀ ਵੀ ਚਾੜ੍ਹੀ ਜਾਂਦੀ ਹੈ। ਇਹ ਲੋਕ ਸਿਆਣਪਾਂ ਦਾ ਅਮੁੱਲ ਭੰਡਾਰ ਹਨ।

ਹੇਰਾ ਮੰਗਲਮਈ ਗੀਤ ਹੈ। ਇਸ ਦੇ ਗਾਉਣ ਦਾ ਆਪਣਾ ਅੰਦਾਜ਼ ਹੈ, ਨੇਮ ਹੈ। ਇਹ ਬੋਲਾਂ ਨੂੰ ਟਕਾਕੇ ਲੰਬੀ ਹੇਕ ਨਾਲ਼ ਗਾਇਆ ਜਾਂਦਾ ਹੈ।

ਲੋਕ ਸਾਹਿਤ ਦੇ ਹੋਰਨਾਂ ਰੂਪਾਂ ਵਾਂਗ ਹੇਰੇ ਲਾਉਣ ਦੀ ਲੋਕ ਪਰੰਪਰਾ ਵੀ ਪੰਜਾਬ ਦੇ ਜਨ ਜੀਵਨ ਵਿਚੋਂ ਸਮਾਪਤ ਹੋ ਰਹੀ ਹੈ..... ਵਿਆਹ, ਮੰਗਣੇ ਮੈਰਿਜ ਪੈਲੇਸਾਂ ਵਿੱਚ ਹੋਣ ਕਰਕੇ ਇਸ ਨੂੰ ਬਹੁਤ ਵੱਡੀ ਢਾਅ ਲੱਗੀ ਹੈ... ਹੁਣ ਆਰਥਕ ਪੱਖੋਂ ਪਛੜੇ ਵਰਗ ਦੇ ਲੋਕਾਂ ਦੇ ਵਿਆਹ ਸ਼ਾਦੀਆਂ ਦੇ ਮੌਕਿਆਂ ਤੇ ਹੀ ਕਿਧਰੇ ਕਿਧਰੇ ਹੇਰੇ ਸੁਣਾਈਂ ਦੇਂਦੇ ਹਨ।

ਤੇਰੇ ਨਾਲ਼ ਹੇਰਾ ਕੀ ਲਾਵਾਂ

1
ਕਿਥੋਂ ਨੀ ਬੀਬੀ ਹੇਰਾ ਜਰਮਿਆਂ
ਕਿਥੋਂ ਹੋਇਆ ਸਬੂਤ
ਜੀਭ ਇਹਦੀ ਮਾਂ ਬਣੇ
ਬੁਲ੍ਹ ਬਨਣਗੇ ਪਿਓ
2
ਇੱਟੀਂ ਵੇ ਭਰਿਆ ਕਿਸ਼ਨ ਸਿਹਾਂ ਟੋਕਰਾ
ਰੋੜੀਂ ਭਰਿਆ ਖੂਹ
ਤੇਰੇ ਨਾਲ਼ ਹੇਰਾਂ ਕੀ ਲਾਵਾਂ
ਤੇਰਾ ਖੱਖਰ ਖਾਧਾ ਮੂੰਹ
3
ਹਰੀਆਂ ਵੇ ਚੜ੍ਹਾਵਾਂ ਚੂੜੀਆਂ
ਪੀਲ਼ੇ ਚੜ੍ਹਾਵਾਂ ਬੰਦ
ਤੇਰੇ ਨਾਲ਼ ਹੇਰਾ ਕੀ ਲਾਵਾਂ
ਤੇਰੇ ਘੁਣਖੀ ਖਾਧੇ ਦੰਦ
4
ਗੱਡਾ ਵੀ ਜਾਵੇ ਰੜੇ ਰੜੇ
ਗੱਡੀ ਜਾਵੇ ਲੀਹ
ਜੇ ਤੈਨੂੰ ਹੇਰਾ ਨਾ ਆਵੇ
ਮੇਰੀ ਚੱਕੀ ਬੈਠਕੇ ਪੀਹ
5
ਉਰਲਾ ਕੋਠਾ ਤਿਲ੍ਹਕਣਾ
ਪਰਲੇ ਪੈਂਦੀ ਗਲ਼ੀ
ਤੇਰੇ ਨਾਲ਼ ਹੇਰਾ ਕੀ ਲਾਵਾਂ
ਤੇਰੇ ਬੁਲ੍ਹ ਤੇ ਪੈਂਦੀ ਨਲ਼ੀ
6
ਸਾਡੇ ਵੀ ਗੋਰੇ ਛੱਪੜੀ
ਉਪਰ ਤਰੇਂਦੇ ਵਿੱਢ
ਤੇਰੇ ਨਾਲ਼ ਹੇਰਾ ਕੀ ਲਾਵਾਂ
ਤੇਰਾ ਭੜੋਲੇ ਵਰਗਾ ਢਿੱਡ
7
ਗੱਡਾ ਵੀ ਜਾਂਦਾ ਰੜੇ ਰੜੇ
ਕੋਈ ਗੱਡੀ ਜਾਵੇ ਲੀਹ
ਜੇ ਤੈਨੂੰ ਹੇਰਾ ਨਾ ਆਵੇ
ਮੇਰੀ ਚੱਕੀ ਬੈਠ ਕੇ ਪੀਹ


8
ਚੱਕੀ ਵੀ ਤੇਰੀ ਭੰਨ ਸਿੱਟਾਂ
ਟੁਕੜੇ ਕਰਦੀ ਚਾਰ
ਖਸਮ ਤੇਰੇ ਨੂੰ ਬੇਚ ਕੇ
ਤੈਨੂੰ ਲਜਾਵਾਂ ਆਪਣੇ ਨਾਲ਼
9
ਬੋਹੀਆ ਵੀ ਮੇਰਾ ਬਾਂਸ ਦਾ
ਨੌਂ ਛਟੀਆਂ ਦੀ ਬਾੜ
ਜੇ ਤੈਨੂੰ ਹੇਰਾ ਨਾ ਆਵੇ
ਤੂੰ ਬਣ ਮੇਰੇ ਕੰਤ ਦੀ ਨਾਰ
10
ਹਰੀਆਂ ਵੀ ਚੜ੍ਹਾਵਾਂ ਚੂੜੀਆਂ
ਪੀਲ਼ੇ ਲਗਾਵਾਂ ਬੰਦ
ਤੇਰੇ ਨਾਲ ਹੇਰਾ ਕੀ ਲਾਵਾ
ਤੇਰੇ ਧੁਨਖੀ ਖਾਧੇ ਦੰਦ
11
ਇੱਟੀਂ ਵੀ ਭਰਿਆ ਟੋਕਰਾ
ਇੱਟ ਰੋੜੇ ਭਰਿਆ ਖੂਹ
ਤੇਰੇ ਨਾਲ਼ ਹੇਰਾ ਕੀ ਲਾਵਾਂ
ਤੇਰਾ ਖੁਣਖੀ ਖਾਧਾ ਮੂੰਹ
12
ਛੱਲੇ ਪਹਿਲਾਂ ਛਨ ਛਣੇ
ਕੋਈ ਛਾਪਾਂ ਪਹਿਨਾਂ ਚਾਰ
ਡਰਦੀ ਹੇਰਾ ਨਾ ਲਾਵਾਂ
ਮੈਂ ਤਾਂ ਬੁਰੇ ਕੰਤ ਦੀ ਨਾਰ
13
ਹਰੇ ਵੇ ਸਾਫੇ ਵਾਲ਼ਿਆ
ਤੇਰੇ ਸਾਫੇ ਤੇ ਬੈਠੀ ਜੂੰ
ਤੇਰੇ ਨਾਲ਼ ਹੇਰਾ ਕੀ ਲਾਵਾਂ
ਤੇਰਾ ਖੱਖਰ ਖਾਧਾ ਮੂੰਹ
14
ਖਿੜਿਆ ਫੁੱਲ ਗ਼ੁਲਾਬ ਦਾ
ਉਹਦੀ ਕੜ ਕੜ ਬਣੇ ਗ਼ੁਲਕੰਦ
ਤੇਰੇ ਨਾਲ਼ ਹੇਰਾ ਕੀ ਲਾਵਾਂ
ਜੀਹਦੇ ਘੁਣਕੀ ਖਾਧੇ ਦੰਦ
15
ਹੇਅਰੇ ਬਥੇਰੇ ਜਾਣਦੀ
ਹੇਰਿਆਂ ਦਾ ਲਾਵਾਂ ਢੇਰ
ਅੱਜ ਹੈ ਕੰਮ ਜ਼ਰੂਰ ਦਾ
ਹੇਰੇ ਲਾਵਾਂਗੇ ਫੇਰ

ਵੀਰਜ ਫੁੱਲ ਗ਼ੁਲਾਬ ਦਾ


16
ਜਿੱਦਣ ਵੀਰਾ ਤੂੰ ਜਰਮਿਆਂ
ਵਗੀ ਪੁਰੇ ਦੀ ਵਾਲ਼
ਕਦੇ ਨਾ ਮੁੱਖੋਂ ਬੋਲਿਆ
ਕਦੇ ਨਾ ਕੱਢੀ ਗਾਲ਼
17
ਪੱਗ ਬੰਨ੍ਹੀਂ ਵੀ ਪੱਗ ਬੰਨ੍ਹੀਂ
ਪੱਗ ਬੰਨ੍ਹੀਂ ਗਜ਼ ਤੀਸ
ਐਸਾ ਕੋਈ ਨਾ ਜਰਮਿਆਂ
ਜਿਹੜਾ ਕਰੇ ਅਸਾਡੀ ਰੀਸ
18
ਬੰਨ੍ਹੀਂ ਵੀਰਾਂ ਪੱਗ ਬੰਨ੍ਹੀਂ
ਬੰਨ੍ਹੀਂ ਗਜ਼ ਚਾਰ
ਐਡਾ ਜੱਗ ਵਿੱਚ ਕੌਣ ਹੈ
ਜਿਹੜਾ ਆਪਣੀ ਕਰੇ ਵਿਚਾਰ
19
ਜਿੱਦਣ ਵੀਰਾ ਤੂੰ ਜਰਮਿਆਂ
ਤੇਰੀ ਮਾਂ ਨੇ ਖਾਧੀ ਖੰਡ
ਸਿਖਰ ਦੁਪਹਿਰੇ ਜੰਨ ਚੜ੍ਹਿਆ
ਤੇਰਾ ਚੋ ਚੋ ਪੈਂਦਾ ਰੰਗ
20
ਹਾਰੇ ਵਿਚੋਂ ਦੁੱਧ ਕੱਢਾਂ ਵੀਰਾ
ਵੇ ਕੋਈ ਦੁੱਧ ਦੀ ਬਣਾਵਾਂ ਵੇ ਖੀਰ
ਕੜਛੀ ਕੜਛੀ ਵੰਡ ਕੇ ਵੀਰਨ ਮੇਰਿਆ
ਤੇਰਾ ਜਗ ਵਿੱਚ ਹੋ ਗਿਆ ਸੀਰ
21
ਚਾਂਦੀ ਦੀ ਵੀਰਾ ਕਾਗਤੀ
ਸੋਨੇ ਕਲਮ ਦੁਆਤ
ਸ਼ਾਹੀ ਲੇਖਾ ਕਰਦਾ
ਤੇਰੀ ਹਾਕਮ ਪੁਛਦੇ ਬਾਤ


22
ਵੀਰਾ ਵੇ ਪਟਵਾਰੀਆ
ਤੂੰ ਜਾਵੇਂ ਕੁਮਲਾ
ਜੇ ਮੈਂ ਹੋਵਾਂ ਬੱਦਲੀ
ਸੂਰਜ ਦੇਵਾਂ ਛੁਪਾ
23
ਆਉਂਦਾ ਵੇ ਵੀਰਾ ਤੂੰ ਸੁਣਿਆਂ
ਰੋੜੇ ਵਾਲ਼ੀ ਢਾਬ
ਵੇ ਤੇਰੇ ਹੇਠ ਵਿਛਾਵਾਂ ਰੇਸ਼ਮੀ
ਤੈਨੂੰ ਝੱਲਾਂ ਪੱਖੇ ਦੀ ਵਾਲ਼
24
ਹੱਥ ਵੇ ਬੰਨ੍ਹਿਆਂਂ ਵੀਰਾ ਕੰਗਣਾ
ਕਿ ਡੌਲ਼ੇ ਬਾਜੂਬੰਦ
ਭਾਈਆਂ ਦੇ ਵਿੱਚ ਇਉਂ ਸੋਹੇਂ
ਜਿਊਂ ਤਾਰਿਆਂ ਵਿੱਚ ਚੰਦ
25
ਡੱਬੀ ਮੇਰੀ ਕੰਚ ਦੀ
ਕੋਈ ਵਿੱਚ ਸਰ੍ਹੋਂ ਦਾ ਸਾਗ
ਹੋਰਾਂ ਦੇ ਮੱਥੇ ਤਿਊੜੀਆਂ
ਮੇਰੇ ਵੀਰ ਦੇ ਮੱਥੇ ਭਾਗ
26
ਡੱਬੀ ਵੀਰਾ ਤੇਰੀ ਕੰਚ ਦੀ
ਵਿੱਚ ਸਰ੍ਹੋਂ ਦਾ ਸਾਗ
ਹੋਰਨਾਂ ਮੱਥੇ ਤਿਊੜੀਆਂ
ਮੇਰੇ ਵੀਰਨ ਦੇ ਮੱਥੇ ਭਾਗ
27
ਕਿਊ ਖੜੈਂ ਵੀਰਾਂ ਕਿਊਂ ਖੜੈਂ
ਕੀਹਦੀ ਕਰਦੈਂ ਆਸ
ਬਾਪ ਜੁ ਤੇਰਾ ਘਰ ਨਹੀਂ
ਤੂੰ ਚਲ ਭਾਈਆਂ ਦੇ ਸਾਥ
28
ਜੁੱਤੀ ਵੇ ਵੀਰਾ ਤੇਰੀ ਜੜਕਣੀ
ਤੁਰੇਂ ਪੱਬਾਂ ਦੇ ਭਾਅ
ਸਿਖਰ ਦੁਪਹਿਰੇ ਚੜ੍ਹ ਚਲਿਐਂ
ਤੈਨੂੰ ਨਵੀਂ ਬੰਨੋ ਦਾ ਚਾਅ
29
ਅੰਦਰ ਵੀ ਲਿੱਪਾਂ ਵੀਰਾ
ਵਿਹੜੇ ਕਰਾਂ ਛੜਕਾ


ਮੱਥਾ ਟੇਕਣਾ ਭੁੱਲ ਗਿਆ
ਤੈਨੂੰ ਨਵੀਂ ਬੰਨੋ ਦਾ ਚਾਅ
30
ਤੇਰੇ ਵੇ ਵੀਰਾ ਰੂਪ ਦੇ
ਕੋਈ ਦਿੱਲੀ ਛੱਪਣ ਅਖ਼ਬਾਰ
ਝੁਕ ਝੁਕ ਵੇਖਣ ਨਾਰੀਆਂ
ਲੁਕ ਲੁਕ ਦੇਖੇ ਨਾਰ
31
ਕੁੜਤਾ ਤੇਰਾ ਵੀਰਾ ਮੈਂ ਸਿਊਮਾਂ
ਕੋਈ ਜਾਗਟ ਸਿਊਂਦੀ ਤੰਗ
ਸਿਖ਼ਰ ਦੁਪਹਿਰੇ ਜੰਨ ਚੜ੍ਹਿਆ
ਤੇਰਾ ਚੋ ਚੋ ਪੈਂਦਾ ਰੰਗ
32
ਜੰਨ ਚੜ੍ਹੀਂਂ ਵੀਰਾ ਹੱਸ ਕੇ
ਬਹੂ ਲਿਆਈਂ ਮੁਟਿਆਰ
ਅੰਗ ਹੋਵੇ ਪਤਲੀ
ਜਿਹੜੀ ਸੋਹੇ ਬੂਹੇ ਦੇ ਬਾਰ
33
ਕਿਊਂ ਖੜਾ ਵੀਰਾ ਕਿਊਂ ਖੜਾ
ਕਿਊਂ ਖੜਾ ਦਿਲਗੀਰ
ਦਾਤ ਬਥੇਰੀ ਦੇਣਗੇ
ਤੇਰੇ ਲੜ ਲਾਉਣਗੇ ਹੀਰ
34
ਕਿਊਂ ਖੜਾ ਵੀਰਾ ਕਿਉਂ ਖੜਾ
ਕਿਊਂ ਖੜਾ ਦਿਲਗੀਰ
ਗੱਡਾ ਦੇਣਗੇ ਦਾਜ ਦਾ
ਤੇਰੇ ਮਗਰ ਲਾਉਣਗੇ ਹੀਰ
35
ਕਹੀਆਂ ’ਕ ਦੇਖੀਆਂ ਵੀਰਾ ਸਾਲ਼ੀਆਂ
ਕਹੀ ’ਕ ਦੇਖੀ ਨਾਰ
ਚੂੜੀ ਵਾਲ਼ੀਆਂ ਬੀਬੀ ਸਾਲ਼ੀਆਂ
ਕੋਈ ਘੁੰਗਟ ਵਾਲ਼ੀ ਨਾਰ
36
ਜੁੱਤੀ ਤਾਂ ਤੇਰੀ ਮੈਂ ਕੱਢਾਂ
ਵੀਰਾ ਸੁੱਚੀ ਜ਼ਰੀ ਦੇ ਨਾਲ਼
ਝੁਕ ਝੁਕ ਦੇਖਣ ਸਾਲ਼ੀਆਂ
ਝੁਕ ਝੁਕ ਦੇਖੇ ਨਾਰ

37
ਡੱਬੀ ਵੇ ਵੀਰਾ ਕਨਚਦੀ
ਵਿੱਚ ਸੋਨੇ ਦੀ ਤਾਰ
ਕਹੀਆਂ 'ਕੁ ਦਿੱਤੀਆਂ ਰੋਟੀਆਂ
ਕਹੀ ਕੁ ਦਿੱਤੀ ਦਾਤ
38
ਡੱਬੀ ਨੀ ਭੈਣੇਂ ਮੇਰੀ ਕਨਚ ਦੀ
ਵਿੱਚ ਚਮਕਦੀ ਤਾਰ
ਚੰਗੀਆਂ ਦਿੱਤੀਆਂ ਰੋਟੀਆਂ
ਚੰਗੀ ਦਿੱਤੀ ਦਾਤ
39
ਜਦੋਂ ਵੇ ਵੀਰਾ ਤੂੰ ਜੰਨ ਚੜ੍ਹਿਆ
ਤੇਰੀ ਮਾਂ ਨੇ ਚੱਬੀ ਜਵੈਣ
ਬਹੂ ਲਿਆਂਦੀ ਵਿਆਹ ਕੇ
ਕਿ ਨਫੇ 'ਚ ਲਿਆਇਆ ਨੈਣ
40
ਡੱਬੀਏ ਚਿਤਰਮ-ਚਿਤਰੀਏ
ਭਰੀਏ ਅਤਰ ਫਲੇਲ
ਵੀਰਨ ਫੁਲ ਗ਼ੁਲਾਬ ਦਾ
ਭਾਬੋ ਨਗਰ ਦੀ ਵੇਲ
41
ਡੱਬੀ ਵੀਰਾ ਤੇਰੀ ਕਨਚ ਦੀ
ਵਿੱਚ ਮਿਸ਼ਰੀ ਦੀ ਡਲ਼ੀ
ਵੀਰਜ ਫੁੱਲ ਗ਼ੁਲਾਬ ਦਾ
ਭਾਬੋ ਚੰਬੇ ਦੀ ਕਲੀ
42
ਅਠ ਜਿੰਦੇ ਨੌਂ ਕੁੰਜੀਆਂ
ਕੁੰਜੀ ਕੁੰਜੀ ਡੋਰ
ਡਰਦੀ ਹੇਰਾ ਨਾ ਲਾਵਾਂ
ਮੇਰੇ ਵੀਰ ਖੜੋਤੇ ਕੋਲ਼
43
ਅੱਠ ਜਿੰਦੇ ਨੌਂ ਕੁੰਜੀਆਂ
ਕੋਈ ਕੁੰਜੀ ਦੀ ਕੁੰਜੀ ਟੋਲ਼
ਹੇਅਰੇ ਬਥੇਰੇ ਜਾਣਦੀ
ਮੇਰੇ ਵੀਰ ਖੜੋਤੇ ਕੋਲ਼

ਪੈਸਾ ਵੀ ਕਰਲੀਂ ਬਾਬਾ ਠੀਕਰੀ

44
ਪੈਸਾ ਵੀ ਕਰਲੀਂ ਬਾਬਾ ਠੀਕਰੀ
ਦਿਲ ਕਰ ਲੀਂ ਦਰਿਆ
ਲਾਡਲੇ ਪੋਤੇ ਨੂੰ ਵਿਆਹ ਕੇ
ਸੋਭਾ ਲੈ ਘਰ ਆ
45
ਦੰਮਾਂ ਦਾ ਬੰਨ੍ਹ ਲੈ ਚੌਂਤਰਾ ਬਾਪੂ ਜੀ
ਮੋਹਰਾਂ ਦਾ ਲਾ ਲੋ ਜੀ ਢੇਰ
ਦੰਮ ਬਥੇਰੇ ਆਉਣਗੇ
ਕਦੀ ਸਮਾਂ ਨਾ ਆਵੇ ਫੇਰ
46
ਜੇ ਬਾਬਾ ਤੈਂ ਰਤਨ ਟੋਲ਼ਿਆ
ਰਤਨ ਬੈਠਾ ਮੇਰੇ ਸਾਹਮਣੇ
ਜੇ ਰਤਨ ਵਿੱਚ ਵਿਗਾੜ ਹੋਵੇ
ਉਮਰ ਭਰ ਦੇਊਂਗੀ ਉਲਾਂਭੜੇ
47
ਜਿੱਦਣ ਬੀਬੀ ਤੂੰ ਜਨਮੀ
ਦਿਨ ਸੀ ਮੰਗਲਵਾਰ
ਮਾਪੀਂ ਸੋਭਾ ਪਾ ਗਈ
ਤੂੰ ਨੇਕੀ ਲੈ ਗਈ ਨਾਲ਼
48
ਕੋਠੇ ਤੇ ਦੋ ਬੱਤਕਾਂ
ਕਰਦੀਆਂ ਬੱਤੋ ਬੱਤ
ਧੀਆਂ ਵਾਲ਼ਿਆਂ ਦੀ ਬੇਨਤੀ
ਅਸੀਂ ਬੰਨ੍ਹ ਖੜੋਤੇ ਹੱਥ
49
ਤੇਜੋ ਕੁੜੀਏ ਵੱਟੀਂਂ-ਵੱਟੀਂ ਫਿਰ ਲੈ
ਛੋਲਿਆਂ ਦੇ ਸਾਗ ਨੂੰ ਨੀ
ਬੜਾ ਰੰਗ ਲੱਗ ਗਿਆ
ਰੰਗ ਲਗ ਗਿਆ ਬਾਪੂ ਦੇ ਬਾਗ ਨੂੰ ਨੀ
50
ਆ ਜੋ ਬਈ ਬੈਠ ਜਾਓ
ਹਰੀ ਕਿੱਕਰ ਦੀ ਛੌਂ
ਵਿਹੜਾ ਮੇਰੇ ਬਾਪੂ ਜੀ ਦਾ
ਕੋਈ ਬੈਠੇ ਮਹਾਜਨ ਲੋਕ

ਭੈਣ ਕਸੀਦੇਦਾਰ

51
ਉੱਚਾ ਬੁਰਜ ਲਾਹੌਰ ਦਾ
ਨੀਵੇਂ ਰੱਖਦੀ ਬਾਰ
ਭੈਣ ਸਾਡੀ ਨੂੰ ਐਂ ਰੱਖਿਓ
ਜਿਵੇਂ ਗਲ਼ ਫੁੱਲਾਂ ਦਾ ਹਾਰ
52
ਤੂੰ ਵੀ ਬੋਲੀ ਘਰ ਆਪਣੇ
ਮੈਂ ਪਛਾਣਿਆਂ ਬੋਲ
ਤੂੰ ਸਿਵਿਆਂ ਦੀ ਭੂਤਨੀ
ਮੈਂ ਬਾਗਾਂ ਦੀ ਕੋਲ
53
ਡੱਬੀ ਸਜਨੋ ਕਨਚ ਦੀ
ਵਿੱਚ ਸੋਨੇ ਦੀ ਤਾਰ
ਜੇ ਤੂੰ ਪੜ੍ਹਿਆ ਫਾਰਸੀ
ਸਾਡੀ ਭੈਣ ਕਸੀਦੇ-ਦਾਰ
54
ਚਕਲ਼ੇ ਪਰ ਚਕਲ਼ੀ
ਚਕਲ਼ੇ ਪਰ ਢੀਮ
ਭੈਣ ਪਿਆਰੀ ਨਾ ਮਿਲੀ
ਖਾ ਮਰਾਂਗੀ ਫੀਮ
55
ਕੋਠੇ ਪਰ ਕੋਠੜੀ
ਉੱਤੇ ਪਾਵਾਂ ਮੱਕੀ
ਜਿੱਥੇ ਭੈਣ ਨੂੰ ਦੇਖ ਲਾਂ
ਘੁੱਟ ਕੇ ਪਾਵਾਂ ਜੱਫੀ
56
ਕੋਠੇ ਪਰ ਕੋਠੜੀ
ਖੜੀ ਸੁਕਾਵਾਂ ਕੇਸ
ਪੈਸੇ ਦੇ ਲੋਭੀ ਮਤ ਬਣਿਓ
ਖ਼ਤ ਪਾਇਓ ਹਮੇਸ਼

57
ਛੰਨਾ ਭਰਿਆ ਮਾਸੜਾ ਦੁੱਧ ਦਾ
ਕੋਈ ਘੁੱਟੀਂ-ਘੁੱਟੀਂ ਪੀ
ਜੇ ਥੋਡਾ ਪੁੱਤ ਹੈ ਲਾਡਲਾ
ਸਾਡੀ ਪੁੱਤਾਂ ਬਰਾਬਰ ਧੀ
58
ਸੂਹੇ ਨੀ ਭੈਣੇ ਤੇਰੇ ਕੱਪੜੇ
ਕਾਲ਼ੇ ਕਾਲ਼ੇ ਕੇਸ
ਧਨ ਜਿਗਰਾ ਤੇਰੇ ਬਾਪ ਦਾ
ਜੀਹਨੇ ਦਿੱਤੀ ਪਰਾਏ ਦੇਸ
59
ਕਿੱਕਰੇ ਨੀ ਕੰਡਿਆਲੀਏ
ਤੇਰੇ ਤੁੱਕੀਂ ਪੈ ਗਏ ਬੀ
ਅੰਕ ਸਹੇਲੀ ਛੱਡਕੇ
ਮੇਰਾ ਕਿਤੇ ਨਾ ਲੱਗਦਾ ਜੀ
60
ਵੱਸ ਨਹੀਂ ਭੈਣੇ ਵੱਸ ਨਹੀਂ
ਨਹੀਂ ਚੱਲਾਂ ਮੈਂ ਤੇਰੇ ਨਾਲ਼
ਮਾਪੇ ਦੇਣਗੇ ਗਾਲ਼ੀਆਂ
ਕੋਈ ਲੋਕੀ ਕਰੂ ਵਿਚਾਰ
61
ਦੋ ਕਬੂਤਰ ਰੰਗਲੇ
ਚੁਗਦੇ ਨਦਿਓਂ ਪਾਰ
ਸਾਡੀ ਭੈਣ ਨੂੰ ਇਉਂ ਰੱਖਿਓ
ਜਿਊਂ ਫੁੱਲਾਂ ਦਾ ਹਾਰ

ਉੱਤਰ ਭਾਬੋ ਡੋਲ਼ਿਓਂ

62
ਡੱਬੀ ਨੀ ਭਾਬੋ ਮੇਰੀ ਕਨਚ ਦੀ
ਵਿੱਚ ਸੋਨੇ ਦੀ ਮੇਖ
ਮਾਦਪੁਰ ਖੇੜੇ ਢੁਕ ਕੇ
ਤੈਂ ਚੰਗੇ ਲਖਾਏ ਲੇਖ
63
ਉੱਤਰ ਭਾਬੋ ਡੋਲ਼ਿਓਂ
ਦੇਖ ਸਹੁਰੇ ਦਾ ਬਾਰ
ਕੰਧਾਂ ਚਿੱਤਮ ਚਿੱਤੀਆਂ
ਕਲੀ ਚਮਕਦਾ ਬਾਰ
64
ਦੋ ਕਬੂਤਰ ਰੰਗਲੇ
ਚੁਗਦੇ ਨਦੀਓਂ-ਪਾਰ
ਉੱਤਰ ਨੀ ਭਾਬੋ ਡੋਲ਼ਿਓਂ
ਦੇਖ ਸਹੁਰੇ ਦਾ ਬਾਰ
65
ਉੱਤਰ ਨੀ ਭਾਬੋ ਡੋਲ਼ਿਓਂ
ਦੇਖ ਸਹੁਰੇ ਦਾ ਬਾਰ
ਧੀਆਂ ਨੂੰ ਪਾਉਂਦੇ ਕੰਢੀਆਂ
ਨੂਹਾਂ ਨੂੰ ਨੌ ਲੱਖੋ ਹਾਰ|
66
ਕਿਊਂ ਬੈਠੀ ਨੀ ਭਾਬੋ ਕਿਊਂ ਬੈਠੀ
ਕਿਊਂ ਬੈਠੀ ਦਿਲਗੀਰ
ਡੱਬਾ ਪਾਇਆ ਟੂੰਬਾਂ ਦਾ
ਤੇਰੇ ਮੂਹਰੇ ਲਾਇਆ ਵੀਰ
67
ਕਿਉਂ ਖੜ੍ਹੀ ਨੀ ਭਾਬੋ ਕਿਊਂ ਖੜ੍ਹੀ
ਕਿਉਂ ਖੜ੍ਹੀ ਦਿਲਗੀਰ
ਲੜ ਫੜ ਪਿੱਛੇ ਲੱਗ ਜਾ
ਅੱਗੇ ਲੱਗੇ ਮੇਰਾ ਵੀਰ

ਲਾਲਾਂ ਦੀ ਮੈਂ ਲਾਲੜੀ

68
ਅੰਦਰ ਵੀ ਤਲ਼ੀਆਂ ਦੇ ਰਹੀ
ਡਿਓਢੀ ਕਰਾਂ ਛੜਕਾਓ
ਬਹੂ ਬੰਨੇ ਨੂੰ ਦੇਖ ਕੇ
ਮੇਰਾ ਸੀਤਲ ਹੋ ਗਿਆ ਜੀਓ
69
ਸੋਨੇ ਦੀ ਮੇਰੀ ਆਰਸੀ
ਸ਼ੀਸ਼ਾ ਜੜਿਆ ਗੁਜਰਾਤ
ਮੂਰਖ ਪੱਲੈ ਪੈ ਗਿਆ
ਲਾਵਾਂ ਵਾਲ਼ੀ ਰਾਤ
70
ਲਾਲਾਂ ਦੀ ਮੈਂ ਲਾਲੜੀ
ਮੇਰੇ ਲਾਲ ਪੱਲੇ ਪਏ
ਮੂਰਖ ਦੇ ਲੜ ਲਗ ਕੇ
ਮੇਰੇ ਉਹ ਵੀ ਡੁਲ੍ਹ ਗਏ
71
ਉਰਲੇ ਕਿਆਰੇ ਗਾਜਰਾਂ
ਪਰਲੇ ਕਿਆਰੇ ਇੱਖ
ਲੋਕਾਂ ਭਾਣੇਂ ਆਦਮੀ
ਕੋਈ ਮੇਰੇ ਭਾਣੇ ਰਿੱਛ
72
ਸੁੱਕਾ ਫੁੱਲ ਗ਼ੁਲਾਬ ਦਾ
ਮੇਰੀ ਝੋਲੀ ਆਣ ਪਿਆ
ਚੰਗੀ ਭਲੀ ਮੇਰੀ ਜਾਨ
ਨੂੰ ਝੋਰਾ ਲੱਗ ਗਿਆ।
73
ਤਿੱਤਰੀ ਵੀ ਹੋਵਾਂ ਉਡ ਜਾਵਾਂ
ਮੈਂ ਡਿੱਗਾਂ ਕੰਤ ਦੇ ਬਾਰ
ਡਰਦੀ ਕੂਕ ਨਾ ਮਾਰਦੀ
ਬੁਰੇ ਕੰਤ ਦੀ ਨਾਰ

74
ਪੁੱਤ ਵੀ ਸੱਸੇ ਤੈਂ ਜਣਿਆਂ
ਕੋਈ ਜਣਿਆ ਗੋਹੇ ਦਾ ਪਿੰਨ
ਲੋਕਾਂ ਭਾਣੇ ਚਤੁਰ ਹੈ
ਮੇਰੇ ਭਾ ਦਾ ਜਿੰਨ
75
ਸਰਹਾਣੇ ਬੰਨ੍ਹੀ ਬਾਂਦਰੀ
ਪੈਂਦੇ ਬੰਨ੍ਹਿਆ ਕੁੱਤਾ
ਵੇ ਲੈਣ ਕਿਉਂ ਨੀ ਆਉਂਦਾ
ਕੁਪੱਤੀ ਮਾਂ ਦਿਆ ਪੁੱਤਾ
76
ਸੰਦਲੀ ਚਾਦਰ ਵਾਲ਼ੀਏ
ਤੇਰੀ ਚਾਦਰ ਤੇ ਬੈਠੀ ਜੂੰ
ਹੋਰਨਾਂ ਨੇ ਪਤੀ ਛੋਡਤੇ
ਤੇਰੇ ਪਤੀ ਨੇ ਛੋਡੀ ਤੂੰ

ਰੁੱਸਿਆ ਹੈ ਭਗਵਾਨ

77
ਭਗਵੇਂ ਬੀਬੀ ਤੇਰੇ ਕੱਪੜੇ
ਕੋਈ ਕਾਲ਼ੇ ਤੇਰੇ ਕੇਸ
ਪਰ ਜਿਗਰਾ ਤੇਰੇ ਮਾਪਿਆਂ ਦਾ
ਜੀਹਨੇ ਤੋਰੀ ਬਗਾਨੇ ਦੇਸ
78
ਬੁੱਢਿਆ ਦੇ ਬੁੱਢ ਕੰਜਰਾ
ਥਰ ਥਰ ਕੰਬੇ ਦੇਹ
ਜਾਂ ਤੂੰ ਰੱਬਾ ਚੱਕ ਲੈ
ਜਾਂ ਫੇਰ ਜੁਆਨੀ ਦੇਹ
79
ਵੇਲੇ ਨੀ ਅਣਫਲ਼ੀਏ ਵੇਲੇ
ਰਹੀ ਬਣਾਂ ਦੇ ਹੇਠ
ਰੁੱਤ ਆਈ ਬੀਜਣ ਦੀ
ਤੂੰ ਚਲ ਹਮਾਰੇ ਦੇਸ
80
ਡਾਕਰ ਵੀ ਭੋਏਂ ਸੰਘਣੀ
ਕੋਈ ਬੀਜਣ ਵਾਲ਼ਾ ਨਦਾਨ
ਵੇਲ ਵਿਚਾਰੀ ਕੀ ਕਰੇ
ਜਦ ਰੁੱਸਿਆ ਹੈ ਭਗਵਾਨ

ਸਿਖਰ ਦੁਪਿਹਰੇ ਦਿਓਰਾ ਜਨ ਚੜ੍ਹਿਆ

81
ਪਹਿਲੀ ਸਲਾਈ ਦਿਓਰਾ ਰਸ ਭਰੀ
ਦੂਜੀ ਗੁਲ ਅਨਾਰ
ਤੀਜੀ ਸਲਾਈ ਤਾਂ ਪਾਵਾਂ
ਜੇ ਮੋਹਰਾਂ ਦੇਵੇਂ ਚਾਰ
82
ਪਹਿਲੀ ਵੀ ਸਲਾਈ ਦਿਓਰਾ ਰਸ ਭਰੀ
ਦੁਜੀ ਸਲਾਈ ਨਸੰਗ
ਤੀਜੀ ਸਲਾਈ ਤਾਂ ਪਾਵਾਂ
ਜੇ ਮੋਹਰਾਂ ਦੇਵੇਂ ਪੰਜ
83
ਦਿਓਰਜ ਦਿਓਰਜ ਕਰੇ ਰਹੀ
ਤੂੰ ਮੇਰੇ ਬੁਲਾਇਆਂ ਬੋਲ
ਮੈਂ ਤੇਰੇ ਤੇ ਐਂ ਘੁੰਮਾਂ
ਜਿਊਂ ਲਾਟੂ ਤੇ ਘੁੰਮੇ ਡੋਰ
84
ਹਰਾ ਵੀ ਗੰਨਾ ਰਸ ਭਰਿਆ
ਕੋਈ ਹਰਾ ਉੱਤੇ ਆਗ
ਮੈਂ ਤੇਰੇ ਤੇ ਐਂ ਘੁੰਮਾਂ
ਜਿਊਂ ਬਿਰਮੀ ਤੇ ਘੁੰਮੇ ਨਾਗ
85
ਤੇਰਾ ਵੀ ਬੋਲਿਆ ਦਿਓਰਾ ਲਿਖ ਧਰਾਂ
ਕੋਈ ਸੱਜੇ ਕੌਲ਼ੇ ਦੇ ਨਾਲ਼
ਆਉਂਦੀ ਜਾਂਦੀ ਰਹਾਂ ਵਾਚਦੀ
ਮੈਂ ਤਾਂ ਗੂੜ੍ਹੇ ਨੈਣਾਂ ਦੇ ਨਾਲ਼
86
ਤੇਰਾ ਵੀ ਮੇਰਾ ਦਿਓਰਾ ਇਕ ਮਨ
ਕੋਈ ਲੋਕਾਂ ਭਾਣੇ ਦੋ
ਕੰਡਾ ਧਰ ਕੇ ਤੋਲ ਲੈ
ਕੋਈ ਹਵਾ ਬਰਾਬਰ ਹੋ

87
ਸ਼ੀਸ਼ਾ ਸੁਰਮਾ ਦੋ ਜਣੇ ਵੇ ਦਿਓਰਾ
ਦੋਵੇਂ ਸਕੇ ਭਰਾ
ਇਕ ਪਾਈਏ ਇਕ ਦੇਖੀਏ
ਤੈਨੂੰ ਨਵੀਂ ਬੰਨੋ ਦਾ ਚਾਅ
88
ਸਿਖਰ ਦੁਪਹਿਰੇ ਦਿਓਰਾ ਜਨ ਚੜ੍ਹਿਆ
ਕੋਈ ਧੁੱਪ ਲੱਗੇ ਕੁਮਲਾ
ਜੇ ਮੈਂ ਹੋਵਾਂ ਬੱਦਲੀ ਵੇ ਦਿਓਰਾ ਸਹੁਣਿਆਂ
ਸੂਰਜ ਲਵਾਂ ਛੁਪਾ
89
ਤੇਰਾ ਵੀ ਬੋਲਿਆ ਦਿਉਰਾ ਇਊਂ ਲੱਗੇ
ਜਿਊਂ ਸ਼ਰਬਤ ਦੀ ਘੁੱਟ
ਇਕ ਭਰੇਂਦੀ ਦੋ ਭਰਾਂ ਵੇ ਦਿਓਰਾ
ਮੇਰੇ ਟੁੱਟਣ ਸਰੀਰੀਂ ਦੁੱਖ
90
ਅੰਦਰ ਵੀ ਦੇਵਾਂ ਤਲ਼ੀਆਂ ਦਿਓਰਾ
ਬਾਹਰ ਕਰਾਂ ਛਿੜਕਾ
ਮੱਥਾ ਟੇਕਣਾ ਭੁਲ ਗਿਆ
ਤੈਨੂੰ ਨਵੀਂ ਬੰਨੋ ਦਾ ਚਾਅ
91
ਗੱਡੀ ਵੀ ਤੇਰੀ ਦਿਓਰਾ ਰੁਣਝੁਣੀ
ਕੋਈ ਬਲਦ ਕਲਿਹਰੀ ਮੋਰ
ਛੁਟਦਿਆਂ ਹੀ ਉਡ ਜਾਣਗੇ
ਵੇ ਹੋ ਨਵੀਂ ਬੰਨੋ ਦੇ ਕੋਲ਼
92
ਚੰਨਣ ਚੌਂਕੀ ਦਿਓਰਾ ਮੈਂ ਡਾਹੀ
ਕੋਈ ਆਣ ਖੜੋਤਾ ਤੂੰ
ਮੁੱਖ ਤੋਂ ਪੱਲਾ ਵਲ ਕਰੀਂ
ਤੇਰਾ ਦੇਖਣ ਜੋਗਾ ਮੂੰਹ

ਖੋਗੀ ਜੀਜਾ ਆਰਸੀ

93
ਮੇਰੀ ਵੀ ਖੋਗੀ ਜੀਜਾ ਆਰਸੀ
ਤੇਰੀ ਖੋਗੀ ਮਾਂ
ਆਪਾਂ ਦੋਨੋ ਟੋਲੀਏ
ਤੂੰ ਕਰ ਛੱਤਰੀ ਦੀ ਛਾਂ
94
ਤੂੰ ਵੀ ਬੈਠਾ ਮੇਰੇ ਸਾਹਮਣੇ
ਕੋਈ ਮੱਥੇ ਤਿਲਕ ਲਗਾ
ਸੌਂਹ ਤੈਨੂੰ ਤੇਰੇ ਰਾਮ ਦੀ
ਇਕ ਹੇਰਾ ਲਾ ਕੇ ਦਖਾ
95
ਉਰਲੇ ਕਿਆਰੇ ਗਾਜਰਾਂ
ਪਰਲੇ ਕਿਆਰੇ ਇੱਖ
ਤੇਰੀ ਮਾਂ ਦੀ ਗੋਦੀ ਬਾਂਦਰੀ
ਤੇਰੀ ਗੋਦੀ ਰਿੱਛ
96
ਚਟਕੀ ਮਾਰਾਂ ਰਾਖ ਦੀ
ਤੈਨੂੰ ਬਾਂਦਰ ਲਵਾਂ ਬਣਾ
ਗਲ਼ ਵਿੱਚ ਸੰਗਲੀ ਪਾ ਕੇ
ਤੈਨੂੰ ਦਰ ਦਰ ਲਵਾਂ ਟਪਾ
97
ਤੇਰੇ ਮੂੰਹ ਤੇ ਨਿਕਲ਼ੀ ਸੀਤਲਾ
ਤੇਰੀ ਮਾਂ ਨੇ ਰੱਖੀ ਨਹੀਂ ਰੱਖ
ਤੇਰੇ ਨੈਣੀਂ ਚਿੱਟਾ ਪੈ ਗਿਆ
ਤੇਰੀ ਕਾਣੀ ਹੋ ਗਈ ਅੱਖ
98
ਚੰਨਣ ਦੀ ਚੌਂਕੀ ਮੈਂ ਡਾਹੀ
ਜੀਜਾ ਆਣ ਖੜੋਤਾ ਤੂੰ
ਮੂੰਹ ਤੋਂ ਪੱਲਾ ਲਾਹ ਦੇ
ਦੇਖਣ ਜੋਗਾ ਵੇ ਜੀਜਾ ਮੇਰਾ ਮੂੰਹ

99
ਤੜਕੇ ਦੀ ਜੀਜਾ ਉਡੀਕ ਦੀ
ਜੀਜਾ ਆਇਆ ਪਿਛਲੀ ਰਾਤ
ਕਿੱਥੇ ਕ ਭੇਡਾਂ ਚਾਰੀਆਂ
ਤੈਨੂੰ ਪੈ ਗਈ ਵੇ ਜੀਜਾ ਮੇਰਿਆ ਰਾਤ
100
ਜੀਜਾ ਜੀਜਾ ਕਰ ਰਹੀ
ਤੂੰ ਮੇਰੇ ਬੁਲਾਇਆਂ ਬੋਲ
ਮੈਂ ਤੇਰੇ ਤੇ ਇਊਂ ਘੁੰਮਾਂ
ਜਿਊਂ ਲਾਟੂ ਤੇ ਘੁੰਮੇ ਡੋਰ
101
ਤੇਰਾ ਵੀ ਬੋਲਿਆ ਜੀਜਾ ਲਿਖ ਧਰਾਂ
ਕੋਈ ਸਜੇ ਕੌਲ਼ੇ ਦੇ ਨਾਲ਼
ਆਉਂਦੀ ਜਾਂਦੀ ਰਹਾਂ ਵਾਚਦੀ
ਗੂੜ੍ਹੇ ਨੈਣਾਂ ਦੇ ਨਾਲ਼
102
ਗੱਡਾ ਵੀ ਜਾਵੇ ਰੜੇ ਰੜੇ
ਕੋਈ ਗੱਡੀ ਜਾਵੇ ਲੀਹ
ਜੇ ਤੂੰ ਐਡਾ ਚਤਰ ਹੈਂ
ਸਾਡੀ ਚੱਕੀ ਬੈਠ ਕੇ ਪੀਹ
103
ਚੱਕੀ ਵੀ ਕੁੜੀਏ ਤੇਰੀ ਭੰਨ ਦੇਵਾਂ
ਕੋਈ ਟੁਕੜੇ ਕਰ ਦੇਵਾਂ ਚਾਰ
ਕੰਤ ਤੇਰੇ ਨੂੰ ਵੇਚ ਕੇ
ਤੈਨੂੰ ਲੈ ਚੱਲਾਂ ਨਾਲ਼

ਨਵੇਂ ਸੱਜਨ ਘਰ ਆਏ

104
ਤੇਰੀ ਮਦ ਵਿੱਚ ਵੇ
ਬੂਟਾ ਕਾਈ ਦਾ
ਤੂੰ ਪੁੱਤ ਐਂ ਲਾੜਿਆ ਵੇ
ਸਾਡੇ ਨਾਈ ਦਾ
105
ਜੈਸੀ ਵੀ ਕਾਲ਼ੀ ਕੁੜਮਾਂ ਕੰਬਲੀ
ਓਸੀ ਤੇਰੀ ਜੋ
ਮਾਘ ਮਹੀਨੇ ਪੁੰਨ ਕਰੀਂ
ਪੁੰਨ ਪਰਾਪਤ ਹੋ
106
ਚਾਦਰ ਵੀ ਕੁੜਮਾ ਮੇਰੀ ਪੰਜ ਗਜ਼ੀ
ਵਿੱਚ ਗ਼ੁਲਾਬੀ ਫੁੱਲ
ਜਦ ਮੈਂ ਨਿਕਲ਼ੀ ਪਹਿਨ ਕੇ
ਤੇਰੀ ਸਾਰੀ ਜਨੇਤ ਦਾ ਮੁੱਲ
107
ਕਾਲ਼ੀ ਕੁੜਮਾਂ ਤੇ ਕੰਬਲ਼ੀ
ਕਾਲ਼ੀ ਤੇਰੀ ਜੋ
ਮਾਘ ਮਹੀਨੇ ਪੁੰਨ ਕਰ
ਤੇਰਾ ਪੁੰਨ ਪਰਾਪਤ ਹੋ
108
ਸਤ ਕੋਠੇ ਸਜਨੋਂ ਮੈਂ ਟੱਪੀ
ਮੈਥੋਂ ਬੁਰਜ ਟੱਪਿਆ ਨਾ ਜਾਏ
ਭਰ ਭਰ ਮੁੱਠੀਆਂ ਮੈਂ ਵੰਡਾਂ
ਮੈਥੋਂ ਰੂਪ ਵੰਡਿਆ ਨਾ ਜਾਏ
109
ਕੋਠੇ ਤੇ ਸਜਨੋਂ ਮੈਂ ਖੜੀ
ਕੀਹਨੇ ਚਲਾਇਆ ਰੋੜ

ਰੋੜ ਦੀ ਮਾਰੀ ਨਾ ਮਰਾਂ
ਮੇਰੇ ਚੂੜੇ ਪੈ ਗਿਆ ਬੋੜ
110
ਉਠ ਖੜੋ ਸਜਨੋਂ ਉਠ ਖੜੋ
ਉੱਤੋਂ ਚੜ੍ਹ ਗਈ ਧੁੱਪ
ਤੁਸੀਂ ਤਾਂ ਰੋਟੀ ਖਾ ਹਟੇ
ਸਾਡੇ ਵੀਰਾਂ ਨੂੰ ਲੱਗੀ ਭੁੱਖ
111
ਬੰਨ੍ਹ ਦਿੱਤੇ ਸਜਣੋਂ ਬੰਨ੍ਹ ਦਿੱਤੇ
ਬੰਨ੍ਹ ਦਿੱਤੇ ਮਦਾਨ
ਕੁੰਜੀਆਂ ਸਾਡੇ ਕੋਲ ਪਈਆਂ
ਕੌਣ ਖੋਹਲੂ ਮਾਈ ਦਾ ਲਾਲ
112
ਵਟੋ ਵਟ ਸਜਣੋਂ ਖਰਬੂਜੜੇ
ਉਹਨਾਂ ਦੇ ਮਿੱਠੇ ਮਿੱਠੇ ਬੀ
ਰੱਜ ਕੇ ਭੋਜਨ ਛੱਕ ਲਵੋ
ਥੋਡਾ ਵਿੱਚ ਨਾ ਰਹੇ ਜੀ
113
ਚਾਂਦੀ ਸਜੀ ਤੇਰੀ ਘੋੜੀ ਸਜਨਾ
ਸੋਨੇ ਦੀ ਲਗਾਮ
ਜਿੰਨ੍ਹੀਂ ਰਾਹੀਂ ਤੂੰ ਆਇਆ ਸਜਨਾ
ਤਾਰੇ ਕਰਨ ਸਲਾਮ
114
ਸਾਡੇ ਨਵੇਂ ਸੱਜਨ ਘਰ ਆਏ
ਸਲੋਨੀ ਦੇ ਨੈਣ ਭਲੇ
ਸਾਨੂੰ ਕੀ ਕੀ ਵਸਤ ਲਿਆਏ
ਸਲੋਨੀ ਦੇ ਨੈਣ ਭਲੇ
115
ਛੰਨਾ ਭਰਿਆ ਕਣਕ ਦਾ
ਵਿਚੋਂ ਚੁਗਦੀ ਆਂ ਰੋੜ
ਕੁੜੀਆਂ ਵੰਨੀਂ ਝਾਕਦਿਓ
ਥੋਡੇ ਅੱਖੀਂ ਦੇਵਾਂ ਤੋੜ
116
ਕਾਣਿਆਂ ਵੇ ਕੱਜ ਮਾਰਿਆ
ਕਾਹਨੂੰ ਆਇਆ ਸੰਸਾਰ

ਹੱਥ ਨਾ ਬੰਨ੍ਹਿਆਂ ਕੰਗਣਾ
ਤੇਰੇ ਬੂਹੇ ਨਾ ਬੈਠੀ ਨਾਰ
117
ਕਾਣਿਆਂ ਵੇ ਕੱਜ ਮਾਰਿਆ
ਕਦੀਂ ਚੱਲੀਂ ਸਾਡੇ ਖੇਤ
ਗੰਨਾ ਦੇਵਾਂ ਪਟਕੇ
ਤੇਰੀ ਅੱਖ 'ਚ ਪਾਵਾਂ ਰੇਤ
118
ਨੀਲੇ ਸਾਫੇ ਵਾਲ਼ਿਆ
ਤੇਰੇ ਸਾਫੇ ਤੇ ਬੈਠਾ ਮੋਰ
ਜੇ ਤੂੰ ਮੇਰੇ ਵਲ ਦੇਖੇਂ
ਤੇਰੇ ਅੱਖਾਂ 'ਚ ਦੇ ਦੂੰ ਤੋੜ
119
ਤੈਨੂੰ ਮਾਰਾਂ ਰਾਮ ਸਿਆਂ ਚੱਕ ਕੇ
ਸੁੱਟਾਂ ਸਰਹੋਂ ਦੇ ਵਿੱਚ
ਆਏ ਤੇਲੀ ਤੋਲ ਗਏ
ਤੈਨੂੰ ਪੀੜਾਂ ਕੋਹਲੂ ਦੇ ਵਿੱਚ
120
ਤੈਨੂੰ ਮਾਰਾਂ ਚਕ ਕੇ
ਸਿੱਟਾਂ ਹਾੜ੍ਹੀ ਦੇ ਵਿੱਚ
ਆਏ ਵਪਾਰੀ ਤੋਲ ਗਏ
ਤੈਨੂੰ ਕੱਟਾਂ ਮਾਮਲੇ ਵਿੱਚ
121
ਕਦੇ ਨਾ ਵਾਹੀਆਂ ਬੋਦੀਆਂ
ਕਦੇ ਨਾ ਲਾਇਆ ਤੇਲ
ਤੇਰੇ ਵਰਗੇ ਕਲੂੰਜੜੇ
ਸਾਡੀ ਗਲ਼ੀਏਂ ਵੇਚਦੇ ਤੇਲ
122
ਕਿੱਕਰ ਵੀ ਵੱਢਾਂ ਗਜ਼ ਕਰਾਂ
ਗਜ਼ ਦੀ ਕਰਾਂ ਕਮਾਣ
ਕਸ ਕਸ ਲਾਮਾਂ ਕਾਨੀਆਂ
ਤੇਰਾ ਦਿਆਂ ਕਲੇਜਾ ਛਾਣ
123
ਕਿੱਕਰ ਵੀ ਵੱਢਾਂ ਗਜ਼ ਕਰਾਂ
ਗਜ਼ ਕਰਾਂ ਕਮਾਣ


ਗਿਣ ਗਿਣ ਛਮਕਾਂ ਮਾਰਦੀ
ਤੇਰਾ ਦਿੰਦੀ ਕਲੇਜਾ ਛਾਣ
124
ਸੁਣ ਵੇ ਹਰੇ ਸਾਫੇ ਵਾਲ਼ਿਆ
ਤੇਰੇ ਸਾਫੇ ਤੇ ਬੈਠੀ ਜੂੰ
ਹੋਰਨਾਂ ਨੇ ਛੋਡੀਆਂ ਗੋਰੀਆਂ
ਤੇਰੀ ਗੋਰੀ ਨੇ ਛੱਡਿਆ ਤੂੰ
125
ਚੁਟਕੀ ਵੀ ਮਾਰਾਂ ਰਾਖ ਦੀ
ਤੈਨੂੰ ਖੋਤਾ ਲਵਾਂ ਬਣਾ
ਨੌ ਮਣ ਛੋਲੇ ਲੱਦਕੇ
ਤੈਨੂੰ ਪਾਵਾਂ ਸ਼ਹਿਰ ਦੇ ਰਾਹ
126
ਚੁਟਕੀ ਮਾਰਾਂ ਕੁੜੀਏ ਰਾਖ ਦੀ
ਤੈਨੂੰ ਬਾਂਦਰੀ ਲਵਾਂ ਬਣਾ
ਗਲ਼ ਵਿੱਚ ਸੰਗਲੀ ਪਾ ਕੇ
ਤੈਨੂੰ ਦਰ ਦਰ ਲਵਾਂ ਟਪਾ
127
ਅੱਠ ਕੂਏਂ ਨੌਂ ਪਾੜਛੇ ਵੇ ਕੁੜਮਾਂ
ਤੇ ਪਾਣੀ ਘੁੰਮਣ ਘੇਰ
ਜੇ ਤੂੰ ਚਤਰ ਸੁਜਾਨ
ਤਾਂ ਦਸ ਪਾਣੀ ਕਿਤਨੇ ਸੇਰ
128
ਨਾ ਅੱਠ ਕੂਏਂ ਨਾ ਨੌ ਪਾੜਛੇ ਨੀ ਚਤਰੋ
ਤੇ ਪਾਣੀ ਘੁੰਮਣ ਘੇਰ
ਜਿੰਨੇ ਪੱਤੇ ਬਣੋ ਬਣਾਸ ਦੇ
ਉਂਂਨੇ ਪਾਣੀ ਸੇਰ
129
ਨੀ ਹਾਥੀ ਵਰਗੀ ਪਤਲੀਏ
ਕੋਇਲ ਵਰਗੀਏ ਲਾਲ
ਕੁੱਤੇ ਦੀ ਤੇਰੀ ਭੌਂਕਣੀ
ਗਧ੍ਹੇ ਦੀ ਤੇਰੀ ਚਾਲ
130
ਚੁਟਕੀ ਮਾਰਾਂ ਰਾਖ ਦੀ
ਤੈਨੂੰ ਖੋਤਾ ਲਵਾਂ ਬਣਾ


ਦਸ ਮਣ ਛੋਲੇ ਲੱਦ ਕੇ
ਤੈਨੂੰ ਪਾਵਾਂ ਸਿਵਿਆਂ ਦੇ ਰਾਹ
131
ਚੁਟਕੀ ਮਾਰਾਂ ਰਾਖ ਦੀ ਵੇ
ਤੈਨੂੰ ਬੱਕਰਾ ਲਵਾਂ ਬਣਾ
ਚੌਂਕੀ ਜਾਵਾਂ ਹਦਰ ਸ਼ੇਖ ਦੀ
ਤੈਨੂੰ ਉਹਨੂੰ ਦਿਆਂ ਚੜ੍ਹਾ
132
ਚੁਟਕੀ ਮਾਰਾਂ ਰਾਖ ਦੀ ਵੇ
ਤੈਨੂੰ ਬਾਂਦਰ ਲਵਾਂ ਬਣਾ
ਗਲ਼ ਵਿੱਚ ਰੱਸਾ ਪਾਇਕੇ
ਤੈਥੋਂ ਖੇਡਾਂ ਲਵਾਂ ਪਵਾ
133
ਉੱਚਾ ਵੀ ਬੁਰਜ ਲਾਹੌਰ ਦਾ
ਕੋਈ ਉਡਦੇ ਫਿਰਦੇ ਪਤੰਗ
ਤੇਰੇ ਵਰਗੇ ਪੂਪਨੇ
ਸਾਡੀ ਗਲ਼ੀਏਂ ਵੇਚਦੇ ਅੰਬ
134
ਛੱਪੜ ਦੀਏ ਟਟੀਹਰੀਏ
ਮੰਦੇ ਬੋਲ ਨਾ ਬੋਲ
ਅਸੀਂ ਹੰਸ ਚੱਲੇ ਘਰ ਆਪਣੇ
ਤੂੰ ਬੈਠੀ ਚਿੱਕੜ ਫੋਲ
135
ਤੇਰੇ ਅੱਖੀਂ ਨੂਰ ਚਮਕੇ
ਮੇਰਾ ਫਿੰਨਾ ਨੱਕ
ਦੋਵੇਂ ਧਿਰਾਂ ਇੱਕੋ ਜਹੀਆਂ
ਖਾਤਰ ਜਮਾਂ ਰੱਖ
136
ਔਹ ਗਿਆ ਕੁੜਮਾਂ ਔਹ ਗਿਆ
ਗਿਆ ਸਮੁੰਦਰੋਂ ਪਾਰ
ਰੱਜ ਕੇ ਨਾ ਗੱਲਾਂ ਕੀਤੀਆਂ
ਮੇਰੇ ਮਨੋਂ ਨਾ ਲਿਹਾ ਚਾਅ
137
ਵਸ ਨਹੀਂ ਸਜਨੋਂ ਵਸ ਨਹੀਂ
ਥੋਨੂੰ ਲੈਂਦੀ ਰੱਖ

ਥੋਨੂੰ ਪਾਵਾਂ ਸ਼ੀਰਨੀ
ਥੋਡੇ ਬਲਦਾਂ ਨੂੰ ਪਾਵਾਂ ਕੱਖ
138
ਆਉਂਦੇ ਜਾਨੀ ਇਊਂ ਆਏ
ਜਿਵੇਂ ਸਰਹੋਂ ਦਾ ਖਿੜਿਆ ਖੇਤ
ਜਾਂਦੇ ਜਾਨੀ ਇਊਂ ਗਏ
ਜਿਵੇਂ ਉੜੇ ਟਿੱਬਿਆਂ ਦੀ ਰੇਤ
139
ਬੰਨਾ ਬੰਨੀ ਲੈ ਚੱਲਿਆ
ਕੁੜਮ ਜੀ ਲੈ ਗਏ ਦਾਤ
ਜਾਨੀ ਪਿੱਛੇ ਪਏ ਫਿਰਨ
ਕੋਈ ਨਾ ਪੁੱਛੇ ਬਾਤ
140
ਕੋਠੇ ਉੱਤੇ ਕੋਠੜੀ
ਹੇਠ ਤਪੇ ਤੰਦੂਰ
ਗਿਣ ਗਿਣ ਲਾਵਾਂ ਰੋਟੀਆਂ
ਖਾਣ ਵਾਲੇ ਜਾਣਗੇ ਦੂਰ
141
ਟੁਰ ਚੱਲੇ ਸਾਜਨ ਟੁਰ ਚੱਲੇ
ਵੇਖ ਮਾਰ ਕੇ ਝਾਤ
ਸੂਰਜ ਘਰ ਨੂੰ ਉਠ ਚਲਿਆ
ਚੜ੍ਹੀ ਆਉਂਦੀ ਰਾਤ