ਸਮੱਗਰੀ 'ਤੇ ਜਾਓ

ਪਾਕਿਸਤਾਨੀ/ਅਧੂਰੀ ਕਹਾਣੀ

ਵਿਕੀਸਰੋਤ ਤੋਂ

ਅਧੂਰੀ ਕਹਾਣੀ

ਬੱਸ ਸਵਾਰੀਆਂ ਨਾਲ ਖਚਾ-ਖਚ ਭਰੀ ਪਈ ਸੀ। ਪਰ ਕੰਡਕਟਰ ਹਾਲੀਂ ਵੀ ਆਵਾਜ਼ਾਂ ਮਾਰੀ ਜਾ ਰਿਹਾ ਸੀ। ਮੈਨੂੰ ਖਿਝ ਚੜ੍ਹ ਰਹੀ ਸੀ ਕਿ ਕੰਡਕਟਰ ਬੱਸ ਕਿਉਂ ਨਹੀਂ ਤੋਰ ਰਿਹਾ। ਮੈਂ ਕਾਫ਼ੀ ਦੇਰ ਤੋਂ ਬੱਸ ਵਿੱਚ ਬੈਠਾ ਸੀ। ਹੇਠਾਂ ਉੱਤਰ ਨਹੀਂ ਸੀ ਸਕਦਾ ਕਿਉਂਕਿ ਸੀਟ ਮਸਾਂ ਮਿਲੀ ਸੀ। ਅੰਦਰ ਬੈਠੇ ਨੂੰ ਗਰਮੀ ਬਹੁਤ ਲੱਗ ਰਹੀ ਸੀ। ਪਸੀਨੇ ਦੀ ਖੱਟੀ ਮੁਸ਼ਕ ਨਾਲ ਮੇਰਾ ਜੀਅ ਖਰਾਬ ਹੋ ਰਿਹਾ ਸੀ।

ਮੰਮੀ ਨੇ ਠੀਕ ਹੀ ਕਿਹਾ ਸੀ-"ਕਾਰ ਲੈ ਜਾ! ਮੈਂ ਹੀ ਨਹੀਂ ਮੰਨਿਆ। ਦਰਅਸਲ, ਮੇਰਾ ਇਰਾਦਾ ਕੁਲਦੀਪ ਕੋਲ ਕੁਝ ਦਿਨ ਰੁਕਣ ਦਾ ਸੀ। ਪਿੱਛੋਂ ਕਾਰ ਦੀ ਘਰ ਲੋੜ ਪੈ ਸਕਦੀ ਸੀ।

ਮੈਂ ਭਾਵੇਂ ਪਿੰਡ ਵਿੱਚ ਹੀ ਰਹਿੰਦਾ ਸੀ। ਪਰ ਮੈਨੂੰ ਇਸ ਤਰ੍ਹਾਂ ਦੀਆਂ ਮਿੰਨੀ ਬੱਸਾਂ ਵਿੱਚ ਸਫਰ ਕਰਨ ਦੀ ਆਦਤ ਨਹੀਂ ਸੀ। ਛੋਟੇ ਹੁੰਦਿਆਂ ਸ਼ਹਿਰ ਨੂੰ ਸਕੂਲ ਜਾਣ ਲਈ ਸਕੂਲ ਦੀ ਵੈਨ ਪਿੰਡ ਆਇਆ ਕਰਦੀ ਸੀ। ਹੁਣ ਲੁਧਿਆਣੇ ਜਿਹੜੇ ਕਾਲਜ ਵਿੱਚ ਮੈਂ ਦਾਖਲਾ ਲਿਆ ਸੀ, ਉੱਥੇ ਰਹਿਣ ਲਈ ਹੋਸਟਲ ਸੀ।

ਹੋਸਟਲ ਦਾ ਮੈਨੂੰ ਇੱਕ ਹੋਰ ਫਾਇਦਾ ਇਹ ਹੋਇਆ ਕਿ ਮੈਂ ਉੱਥੇ ਆਪਣਾ ਲਿਖਣ ਦਾ ਸ਼ੌਕ ਪਾਲ ਸਕਦਾ ਸੀ। ਘਰ ਤਾਂ ਅਕਸਰ ਹੀ ਮੰਮੀ ਮੈਨੂੰ ਟੋਕਦੀ ਰਹਿੰਦੀ ਸੀ, "ਹਾਅ ਕਾਗ਼ਜ਼ਾਂ 'ਚੋਂ ਅੱਖਾਂ ਗਾਲ ਕੇ ਕੁਸ਼ ਨੀ ਨਿਕਲਣਾ! ਆਪਣੀ ਪੜ੍ਹਾਈ ਵੱਲ ਧਿਆਨ ਦੇ ਲਿਆ ਕਰ!"

ਕੱਲ੍ਹ ਵੀ ਮੈਂ ਕੁਲਦੀਪ ਨੂੰ ਮਿਲਣ ਦੇ ਬਹਾਨੇ ਉਸਦੇ ਪਿੰਡ ਕਹਾਣੀ ਲਿਖਣ ਲਈ ਹੀ ਆਇਆ ਸੀ। ਕੁਲਦੀਪ ਸਕੂਲ ਦੇ ਦਿਨਾਂ ਵਿੱਚ ਮੇਰਾ ਹਮਜਮਾਤੀ ਸੀ। ਉਸਦਾ ਪਿੰਡ ਵੀ ਮੇਰੇ ਪਿੰਡ ਤੋਂ ਬਹੁਤੀ ਦੂਰ ਨਹੀਂ ਸੀ। ਤਦ ਤੋਂ ਹੀ ਸਾਡੇ ਵਿਚਕਾਰ ਗਹਿਰੀ ਦੋਸਤੀ ਹੋ ਗਈ ਸੀ।

ਕੁਲਦੀਪ ਵੀ ਅੱਜ ਮੇਰੇ ਘਰ ਵਾਪਿਸ ਮੁੜ ਜਾਣ ਕੇ ਹੈਰਾਨ ਸੀ। "ਕੱਲ੍ਹ ਸ਼ਾਮੀਂ ਤਾਂ ਤੂੰ ਆਇਐਂ! ਹਾਲੀਂ ਤਾਂ ਤੇਰੀ ਕਹਾਣੀ ਵੀ ਅਧੂਰੀ ਪਈ ਐ, ਯਾਰ!..... ਸਵੇਰੇ ਈ ਤੈਨੂੰ ਕੀ ਹੋ ਗਿਆ?" ਪਰ ਮੇਰਾ ਮਨ ਉਸਨੂੰ ਕੋਈ ਵੀ ਜਵਾਬ ਦੇਣ ਲਈ ਤਿਆਰ ਨਹੀਂ ਸੀ। ਉਸਨੂੰ ਵੀ ਮੇਰੇ ਸੁਭਾਅ ਦਾ ਪਤਾ ਸੀ-ਜਿੱਧਰ ਵੱਲ ਮਨ ਹੋ ਜਾਵੇ, ਉੱਧਰ ਵੱਲ ਜਾਵੇ! ਮੈਨੂੰ ਕੋਈ ਬਹਾਨਾ ਨਹੀਂ ਰੋਕ ਸਕਦਾ ਸੀ।

ਮੰਮੀ ਠੀਕ ਹੀ ਆਖਦੇ ਸਨ ਕਿ ਮੈਂ ਬਹੁਤ ਜਨੂੰਨੀ ਹਾਂ। ਥੋੜੇ ਦਿਨਾਂ ਤੱਕ ਕਾਲਜ ਖੁੱਲ ਜਾਣਾ ਸੀ ਤੇ ਮੈਂ ਹੋਸਟਲ ਜਾ ਕੇ ਆਰਾਮ ਨਾਲ ਕਹਾਣੀ ਲਿਖ ਸਕਦਾ ਸੀ। ਪਰ ਜਦੋਂ ਤੱਕ ਅੰਦਰੋਂ ਉੱਠ ਰਹੇ ਵੇਗ ਨੂੰ ਮੈਂ ਕਾਗਜ਼ ਤੇ ਨਹੀਂ ਸੀ ਉਤਾਰ ਲੈਂਦਾ, ਮੈਨੂੰ ਚੈਨ ਨਹੀਂ ਸੀ ਆਉਂਦਾ। ਕਹਾਣੀ ਤਾਂ ਬਣੀ ਪਈ ਸੀ, ਬੱਸ ਲਿਖਣ ਦੀ ਦੇਰ ਸੀ।

ਇੱਕ ਅਧਖੜ ਉਮਰ ਦੀ ਜਨਾਨੀ ਨਾਲ ਸਤਾਰਾਂ ਕੁ ਵਰਿਆਂ ਦੀ ਕੁੜੀ ਬੱਸ ਵਿੱਚ ਚੜ੍ਹੀ। ਵੇਖਣ ਨੂੰ ਉਹ ਕੁੜੀ ਬਿਲਕੁਲ ਰਾਣੀ ਵਰਗੀ ਲੱਗਦੀ ਸੀ। ਦਰਮਿਆਨਾ ਕੱਦ, ਕਣਕਵੰਨਾ ਰੰਗ, ਜ਼ਰਾ ਕੁ ਤਿੱਖੇ ਨੈਣ-ਨਕਸ਼, ਵਗੈਰ ਕਿਸੇ ਡਿਜ਼ਾਈਨ ਤੋਂ ਵਾਲ ਗੁੰਦ ਕੇ ਕੀਤੀ ਹੋਈ ਮੋਟੀ ਗੁੱਤ-ਨਾ ਕੋਈ ਮੇਕਅੱਪ, ਨਾ ਫੈਸ਼ਨ!

ਸ਼ਾਇਦ ਬਹੁਤੀਆਂ ਪੇਂਡੂ ਕੁੜੀਆਂ ਇੱਕੋ ਜਿਹੀਆਂ ਹੀ ਹੁੰਦੀਆਂ ਹਨ। ਪਰ ਨਹੀਂ-ਕਾਲਜ ਵਿੱਚ ਜਾ ਕੇ ਤਾਂ ਕਈ ਪੇਂਡੂ ਕੁੜੀਆਂ ਨੂੰ ਪਰ ਲੱਗ ਜਾਂਦੇ ਹਨ। ਪਿੰਡਾਂ ਤੋਂ ਆਈਆਂ ਕਈ ਕੁੜੀਆਂ ਕਾਲਜ 'ਚ ਆ ਕੇ ਮੈਂ ਬਦਲਦੀਆਂ ਵੇਖੀਆਂ ਸਨ। ਉਹਨਾਂ ਦੇ ਪੰਜਾਬੀ ਸੂਟਾਂ ਦੀ ਥਾਂ ਜੀਨਸਾਂ ਨੇ ਲੈ ਲਈ ਸੀ। "ਜੱਟੀ-ਟਰਨਡ-ਮੋਡ", ਸ਼ਹਿਰ ਦੀਆਂ ਕੁੜੀਆਂ ਅਜਿਹੀਆਂ ਪੇਂਡੂ ਕੁੜੀਆਂ ਤੇ ਹੱਸਦੀਆਂ ਸਨ।

ਰਾਣੀ ਭਾਵੇਂ ਕਦੇ ਕਾਲਜ ਨਹੀਂ ਸੀ ਗਈ, ਪਰ ਸ਼ਾਇਦ ਸਹੁਰੇ ਘਰ ਜਾ ਕੇ ਉਹ ਵੀ ਬਦਲ ਜਾਵੇਗੀ। ਜਿਸ ਦਿਨ ਵਿਆਹ ਤੋਂ ਬਾਅਦ ਉਹ ਪਹਿਲੀ ਵਾਰ ਸਾਡੇ ਘਰ ਆਈ ਸੀ, ਉਸ ਦਿਨ ਮੰਮੀ ਸਾਹਮਣੇ ਆਪਣੇ ਸਹੁਰੇ ਘਰ ਦੀਆਂ ਤਾਰੀਫਾਂ ਦੇ ਪੁਲ ਬੰਨ੍ਹਦੀ ਨਹੀਂ ਸੀ ਥੱਕਦੀ।

"ਲੱਗਦੈ, ਰਾਜੇ ਨੂੰ ਰਾਣੀ ਲੱਭ-ਗੀ!" ਜਦੋਂ ਕੁਲਦੀਪ ਨੂੰ ਮੈਂ ਪਹਿਲੀ ਵਾਰ ਰਾਣੀ ਬਾਰੇ ਦੱਸਿਆ ਸੀ ਤਾਂ ਉਸਦੇ ਸ਼ਬਦਾਂ ਦੀ ਥਾਂ ਉਸਦੀਆਂ ਅੱਖਾਂ ਵੀ ਟਿੱਚਰ ਕਰ ਰਹੀਆਂ ਸਨ।

"ਇਹੋ-ਜੀ ਕੋਈ ਗੱਲ ਨੀ!"

"ਅੱਛਿਆ! ਤਾਂ ਤੂੰ ਮੇਰੇ ਤੋਂ ਵੀ ਗੱਲਾਂ ਲੁਕਾਉਣ ਲੱਗ ਪਿਐਂ!"

"ਜੇ ਇਹੋ ਜੀ ਗੱਲ ਹੁੰਦੀ ਤਾਂ ਮੈਂ ਉਸਦੇ ਮੰਗਣੇ ਤੋਂ ਖ਼ੁਸ਼ ਕਿਉਂ ਹੁੰਦਾ?" ਮੈਂ ਕੁਲਦੀਪ ਨੂੰ ਯਕੀਨ ਦਿਵਾਉਣਾ ਚਾਹੁੰਦਾ ਸੀ।

"......... ਤਾਂ ਫਿਰ ਉਹਨੂੰ ਭੈਣ ਕਹੇਂਗਾ?" ਛੇੜਖਾਨੀ ਵਿੱਚ ਕੁਲਦੀਪ ਦਾ ਪੱਖ ਭਾਰੂ ਹੁੰਦਾ ਜਾ ਰਿਹਾ ਸੀ। ਪਰ ਮੈਨੂੰ ਇਹ ਮਜ਼ਾਕ ਚੰਗਾ ਨਹੀਂ ਸੀ ਲੱਗ ਰਿਹਾ, "ਕਿਉਂ, ਭੈਣ ਕਿਵੇਂ ਬਣੀ ਮੇਰੀ?"

"........ ਤੇਰੇ ਪਿੰਡ ਦੀ ਕੁੜੀ ਐ", ਕੁਲਦੀਪ ਜਦੋਂ ਫਸ ਗਿਆ ਤਾਂ ਉਸਦੀ ਹਾਜ਼ਰਜਵਾਬੀ ਨੇ ਕੰਮ ਦਿੱਤਾ, "ਪਿੰਡ ਦੀਆਂ ਸਾਰੀਆਂ ਕੁੜੀਆਂ ਭੈਣਾਂ ਈ ਤਾਂ......."

"ਤੈਨੂੰ ਪਤੈ, ਮੈਂ ਇਹਨਾਂ ਪੁਰਾਣੇ ਰਵਾਜ਼ਾਂ ਨੂੰ ਨੀ ਮੰਨਦਾ!"

"ਚਲੋ, ਫੇਰ, ਦੋਸਤ ਕਹਿ ਲੈਨੇ ਆਂ ਆਪਾਂ!" ਮੇਰੀ ਗੰਭੀਰਤਾ ਨੂੰ ਸਮਝਦਿਆਂ ਕੁਲਦੀਪ ਨੇ ਗੱਲ ਸਮੇਟਣ ਦੀ ਕੋਸ਼ਿਸ਼ ਕੀਤੀ।

"ਕੁੜੀ ਨਾਲ ਦੋਸਤੀ ਦਾ ਤਾਂ ਪਿੰਡਾਂ 'ਚ ਸਵਾਲ ਈ ਪੈਦਾ ਨੀ ਹੁੰਦਾ।" ......

... ਤੇ ਰਾਣੀ ਦੇ ਵਿਆਹ ਤੋਂ ਕੁਝ ਦਿਨਾਂ ਬਾਅਦ ਕੁਲਦੀਪ ਦਾ ਫੋਨ ਆਇਆ ਸੀ, "ਤੁਹਾਡੀ ਰਾਣੀ ਵਿਆਹ ਕੇ ਸਾਡੇ ਪਿੰਡ ਆ-ਗੀ!"

ਮੈਂ ਹੈਰਾਨ ਸੀ। ਮੈਂ ਕਦੇ ਵੀ ਇਹ ਜਾਨਣ ਦੀ ਕੋਸ਼ਿਸ਼ ਨਹੀਂ ਸੀ ਕੀਤੀ ਕਿ ਰਾਣੀ ਦਾ ਵਿਆਹ ਕਿਹੜੇ ਪਿੰਡ ਹੋਇਆ ਸੀ... ਤੇ ਨਾ ਹੀ ਮੈਨੂੰ ਇਸ ਵਿੱਚ ਕੋਈ ਦਿਲਚਸਪੀ ਸੀ।

ਇਹ ਤਾਂ ਮੈਨੂੰ ਬਾਅਦ ਵਿੱਚ ਕੁਲਦੀਪ ਨੇ ਦੱਸਿਆ ਕਿ ਉਹ ਤਾਂ ਮਜ਼ਾਕ ਵਿੱਚ ਉਹਨਾਂ ਦੇ ਘਰ ਨੇੜੇ ਨਵੀਂ ਵਿਆਹ ਕੇ ਆਈ ਕਿਸੇ ਕੁੜੀ ਬਾਰੇ ਗੱਲ ਕਰ ਰਿਹਾ ਸੀ। "ਪਰ ਲੱਗਦੀ ਉਹ ਰਾਣੀ ਵਰਗੀ ਈ ਐ, ਬਿਲਕੁਲ... ਜਿਹੋ ਜਿਹਾ ਤੂੰ ਰਾਣੀ ਬਾਰੇ ਮੈਨੂੰ ਦੱਸਿਐ!... ਸਾਡੇ ਪਿੰਡ ਆਇਆ, ਤਾਂ ਦਿਖਾਊਂ ਤੈਨੂੰ!"

ਮੇਰੀ ਵੀ ਦਿਲਚਸਪੀ ਜਾਗ ਪਈ ਸੀ। ਪਰ ਪੜ੍ਹਾਈ ਕਰਕੇ ਕਦੇ ਜਾ ਹੀ ਨਹੀਂ ਹੋਇਆ। ਹੁਣ ਛੁੱਟੀਆਂ ਵਿੱਚ ਸੋਚਿਆ ਕਿ ਕੁਲਦੀਪ ਕੋਲ ਕੁੱਝ ਦਿਨ ਗੁਜ਼ਾਰ ਆਵਾਂ ਤੇ ਦਿਮਾਗ ’ਚ ਚਲਦੀ ਕਹਾਣੀ ਵੀ ਪੂਰੀ ਕਰ ਲਵਾਂ।

...ਬੱਸ ਚੱਲ ਪਈ ਸੀ। ਹਵਾ ਲੱਗਣ ਨਾਲ ਕੁਝ ਰਾਹਤ ਮਹਿਸੂਸ ਹੋਈ। ਅਗਲੇ ਅੱਡੇ ਤੇ ਜਦੋਂ ਉਹੋ ਸਤਾਰਾਂ ਕੁ ਵਰ੍ਹਿਆਂ ਦੀ ਕੁੜੀ ਬੱਸ ਚੋਂ ਉੱਤਰੀ ਤਾਂ ਮੈਨੂੰ ਉਸ 'ਚੋਂ ਦੁਬਾਰਾ ਰਾਣੀ ਦੀ ਝਲਕ ਪਈ।

ਜਦੋਂ ਤੋਂ ਮੈਂ ਰਾਣੀ ਦੀ ਜ਼ਿੰਦਗੀ ਨੂੰ ਸਮਝਣ ਦੀ ਕੋਸ਼ਿਸ਼ ਕਰਨ ਲੱਗਿਆ ਸੀ, ਮੈਂ ਔਰਤ ਦੇ ਦੁੱਖ-ਸੁੱਖ ਨੂੰ ਵੱਧ ਮਹਿਸੂਸ ਕਰਨ ਲੱਗ ਪਿਆ ਸੀ।

ਆਪਣੇ ਘਰ ਦਾ ਸਾਰਾ ਕੰਮ ਰਾਣੀ ਹੀ ਕਰਦੀ ਸੀ, ਫਿਰ ਵੀ ਉਸ ਨਾਲ ਟੈਂ-ਟੈਂ ਹੁੰਦੀ ਰਹਿੰਦੀ। ਉਸਦੀ ਦਾਦੀ ਤੇ ਮਾਂ ਨੇ ਪਤਾ ਨਹੀਂ ਉਸ ਤੇ ਕਿੰਨੀਆਂ ਕੁ ਪਾਬੰਦੀਆਂ ਲਾ ਰੱਖੀਆਂ ਸਨ-ਇਹ ਨਹੀਂ ਕਰਨਾ, ਉਹ ਨਹੀਂ ਕਰਨਾ! ਮੈਨੂੰ ਹੈਰਾਨੀ ਹੁੰਦੀ ਸੀ ਕਿ ਰਾਣੀ ਵਿਦਰੋਹ ਕਿਉਂ ਨਹੀਂ ਸੀ ਕਰਦੀ, "ਇਹ ਕੁੜੀਆਂ ਨਰਕ ਭਰੀ ਜ਼ਿੰਦਗੀ ਕਿਵੇਂ ਕਬੂਲ ਕਰ ਲੈਂਦੀਆਂ ਨੇ!" ...ਤੇ ਕਾਲਜ ਵਿੱਚ ਔਰਤਾਂ ਦੇ ਅਧਿਕਾਰਾਂ ਬਾਰੇ ਕੀਤੀਆਂ ਬਹਿਸਾਂ ਮੇਰੇ ਸਿਰ ਅੰਦਰ ਚੱਕਰ ਖਾਣ ਲੱਗ ਪੈਂਦੀਆਂ।

ਰਾਣੀ ਦਸ ਜਮਾਤਾਂ ਵੀ ਨਹੀਂ ਸੀ ਪੜ੍ਹੀ। "ਕੁੜੀਆਂ ਨੇ ਪੜ੍ਹ ਕੇ ਕੀ ਕਰਨੈ! ਕੁੜੀਆਂ ਨੂੰ ਤਾਂ, ਬਸ, ਘਰ ਦਾ ਕੰਮ-ਕਾਜ ਚੰਗੀ ਤਰ੍ਹਾਂ ਆਉਣਾ ਚਾਹੀਦੈ!" ਉਸਦੇ ਬਾਪ ਦੇ ਵਿਚਾਰ ਸਨ। ਉਹ ਤਾਂ ਘਿਉ-ਦੁੱਧ ਦੇ ਮਾਮਲੇ ਵਿੱਚ ਵੀ ਉਸਨੂੰ ਕਹਿੰਦਾ ਸੀ, "ਤੂੰ ਕਿਹੜਾ ਖਾ-ਪੀ ਕੇ ਹਲ ਵਾਹੁਣੈ!"........

ਪਿੰਡ ਆ ਗਿਆ ਸੀ। ਬੱਸ ਵਿੱਚੋਂ ਉੱਤਰ ਕੇ ਮੈਨੂੰ ਕੁਝ ਸਾਹ ਆਇਆ। ਮੌਸਮ ਵੀ ਕੁਝ ਠੀਕ ਹੋ ਗਿਆ ਸੀ।

"ਕੁਲਦੀਪ ਦੇ ਘਰ ਦੇ ਵੀ ਪਤਾ ਨੀ ਕੀ ਸੋਚਦੇ ਹੋਣਗੇ!" ਇੰਨੇ ਸਮੇਂ ਬਾਅਦ ਉਹਨਾਂ ਦੇ ਘਰ ਜਾਣ ਕਰਕੇ ਉਹਨਾਂ ਨੇ ਆਦਰ-ਮਾਣ ਵੀ ਬਹੁਤ ਕੀਤਾ ਸੀ। ਉਹਨਾਂ ਨੂੰ ਵੀ ਸਮਝ ਨਹੀਂ ਸੀ ਆ ਰਿਹਾ ਕਿ ਮੈਂ ਅਚਾਨਕ ਘਰ ਵਾਪਿਸ ਜਾਣ ਦਾ ਮਨ ਕਿਉਂ ਬਣਾ ਲਿਆ ਸੀ।

ਕੱਲ੍ਹ ਸ਼ਾਮ ਰੋਟੀ ਖਾਣ ਤੋਂ ਬਾਅਦ ਮੈਂ ਤੇ ਕੁਲਦੀਪ ਟਹਿਲਣ ਲਈ ਘਰੋਂ ਬਾਹਰ ਵੱਲ ਹੋ ਤੁਰੇ ਸੀ।

ਕੁਝ ਕਦਮ ਚੱਲਣ ਤੋਂ ਬਾਅਦ ਇੱਕ ਘਰ ’ਚੋਂ ਆ ਰਹੀਆਂ ਆਵਾਜ਼ਾਂ ਨੇ ਮੇਰਾ ਧਿਆਨ ਆਪਣੇ ਵੱਲ ਖਿੱਚਿਆ।

"ਦੇਖ ਖਾਂਹ, ਕਿਮੇਂ ਜ਼ਬਾਨ ਚਲਾਉਂਦੀ ਐ!"

"...... ਨਾ, ਆਹ ਸਾਰਾ ਕੁਸ਼ ਕੀ ਆਪਣੇ ਪਿਓ ਦੇ ਘਰੋਂ ਲਿਆਈਐ? ... ਪਿਓ ਕੰਜਰ ਨੇ ਦਿੱਤਾ ਈ ਕੀ ਐ..........!........ਤਾਰਿਆ, ਇਹਦੀਗੁਤਨੀ ਪੱਟ ਸਮਾਰਕੇ, ਤਾ ਲੋਟ ਆਊ ਇਹ.......!!"

ਸ਼ਾਇਦ ਉੱਥੇ ਕੁਝ ਮਾਰ-ਕੁਟਾਈ ਹੋ ਰਹੀ ਸੀ। ਕੁਝ ਹਨ੍ਹੇਰੇ ਕਾਰਨ ਤੇ ਕੁਝ ਦੂਰ ਹੋਣ ਕਰਕੇ ਪਤਾ ਨਹੀਂ ਸੀ ਲੱਗ ਰਿਹਾ। ਮੈਂ ਕੁਲਦੀਪ ਵੱਲ ਪ੍ਰਸ਼ਨ ਭਰੀਆਂ ਨਜ਼ਰਾਂ ਨਾਲ ਵੇਖਿਆ, "ਆਹ ਕੀ ਹੋ ਰਿਹੈ .......?"

"ਇਹਨਾਂ ਦਾ ਤਾਂ ਰੋਜ਼ ਦਾ ਈ ਕੰਮ ਐ! ਰੋਜ਼ ਦਾਰੂ ਪੀ ਕੇ ਘਰਵਾਲੀ ਨਾਲ ਲੜ ਪੈਂਦੈ, ਵਿੱਚੇ ਮਾਂ ਲੱਗ ਜਾਂਦੀ ਐ.......!"

"ਇਹ ਫੇਰ ਚੁੱਪ ਕਰਕੇ ਜਰੀ ਕਿਉਂ ਜਾਂਦੀ ਐ?"

"ਹੋਰ ਕੀ ਕਰੇ, ਗਉ ਵਿਚਾਰੀ!"

ਘਰੇਲੂ ਹਿੰਸਾ ਵਿਰੁੱਧ ਕਾਨੂੰਨ ਨਾਲ ਸੰਬੰਧਿਤ ਪੜ੍ਹੇ ਸਾਰੇ ਲੇਖ ਮੇਰੀ ਯਾਦ ਵਿੱਚ ਤਾਜ਼ਾ ਹੋ ਗਏ," ......... ਪੁਲਿਸ........."

ਪੁਲਿਸ ਕੀ ਕਰੂ, ਆਖਿਰ ਰਹਿਣਾ ਤਾਂ ਇਸੇ ਘਰ ’ਚ ਈ ਐ! ਨਾਲੇ, ਪੇਕੇ ਕਿੰਨੀ ਦੇਰ ਰੱਖ ਲੈਣਗੇ? ....." ਕੁਲਦੀਪ ਨੇ ਮੇਰੀਆਂ ਸੋਚਾਂ ਦੀ ਲੜੀ ਨੂੰ ਤੋੜਿਆ, "ਚੱਲ, ਛੱਡ! ਆ, ਘਰ ਚੱਲੀਏ! ਤੈਂ ਕਹਾਣੀ ਵੀ ਲਿਖਣੀ ਐ!"

ਘਰ ਵੱਲ ਪਰਤਦਿਆਂ ਕੁਲਦੀਪ ਨੇ ਮੈਨੂੰ ਦੱਸਿਆ, "ਇਹ ਉਹ ਈ ਕੁੜੀ ਐ, ਜਿਹੜੀ ਐਂ ਕਹਿੰਦਾ ਸੀ ਰਾਣੀ ਵਰਗੀ ਲੱਗਦੀ ਐ।"

ਰਾਤੀਂ ਕਹਾਣੀ ਲਿਖਣ ਦੀ ਕੋਸ਼ਿਸ਼ ਕਰਦਿਆਂ ਮੈਂ ਰਾਣੀ ਬਾਰੇ ਮੁੜ ਸੋਚਿਆ- ਉਸਦੇ ਆਪਣੇ ਸਹੁਰਿਆਂ ਬਾਰੇ ਆਖੇ ਸ਼ਬਦ........... ਉਸਦੇ ਦਹੇਜ ਵਿੱਚ ਦਿੱਤਾ ਸਾਮਾਨ....... ਉਸਦੇ ਵਿਆਹ ਤੇ ਉਸਦੇ ਘਰਦਿਆਂ ਦਾ ਬੇਹੱਦ ਰੋਣਾ... ਉਸਦੀ ਮਾਂ ਤੇ ਦਾਦੀ ਦੇ ਸ਼ਬਦ........."ਰੋਟੀ-ਟੁੱਕ ਸਹੀ ਤਰ੍ਹਾਂ ਕਰ ਲੈ, ਨਹੀਂ ਤਾਂ 'ਗਾਂਹ ਗੁਤਨੀ ਪਟਾਵੇਂਗੀ!" .......... "ਬਗਾਨਿਆਂ ਨੇ ਨੀਂ ਝੱਲਣਾ ਹਾਅ ਕੁਸ਼!"

ਇਸੇ ਤਰ੍ਹਾਂ ਰਾਤ ਲੰਘ ਗਈ-ਕਹਾਣੀਦਾ ਬਣਿਆ-ਬਣਾਇਆ ਪਲਾਟ ਟੁੱਟ ਚੁੱਕਿਆ ਸੀ।......

ਘਰ ਨੇੜੇ ਪਹੁੰਚਦਿਆਂ ਹੀ ਮੇਰੀ ਪਹਿਲੀ ਨਜ਼ਰ ਰਾਣੀ ਦੇ ਮਕਾਨ ਤੇ ਪਈ। ਉਸਦਾ ਘਰ ਮੈਨੂੰ ਉਹਨਾਂ ਇਤਿਹਾਸਿਕ ਕਿਲਿਆਂ ਵਰਗਾ ਲੱਗਿਆ, ਜਿੱਥੇ ਕਦੇ ਜਿਉਂਦੇ-ਜਾਗਦੇ ਲੋਕ ਵੱਸਿਆ ਕਰਦੇ ਸਨ।