ਸਮੱਗਰੀ 'ਤੇ ਜਾਓ

ਪਾਕਿਸਤਾਨੀ/ਗਵਾਚਿਆ ਡੱਡੂ

ਵਿਕੀਸਰੋਤ ਤੋਂ

ਗਵਾਚਿਆ ਡੱਡੂ

"ਉਏ, ਲਿਆ ਉਏ, ਬਚ੍ਹੀ, ਦੋ ਇੱਟਾਂ ਫੜਾ ਜ਼ਰਾ!" ਮਿਸਤਰੀ ਨੇ ਕੰਮ ਮੁਕਾਉਣ ਦੇ ਰੌਂਅ 'ਚ ਬਾਰਾਂ ਕੁ ਸਾਲਾਂ ਦੇ ਮੁੰਡੇ ਨੂੰ ਅਵਾਜ਼ ਮਾਰੀ। ਪਰ ਆਪਣੇ ਆਲੇ-ਦੁਆਲੇ ਤੋਂ ਅਣਜਾਣ ਬਚ੍ਹੀ 'ਮਸਾਲਾ' ਬਣਾਉਣ ਲਈ ਇਕੱਠੇ ਕੀਤੇ ਪਾਣੀ ਵਿੱਚ ਡੱਡੂ ਫੜਨ 'ਚ ਮਸਤ ਸੀ।

"ਉਏ, ਕਮਲਿਆ, ਤੈਨੂੰ ਸੁਣਦਾ ਨੀ!" ਮਿਸਤਰੀ ਨੇ ਗੁੱਸੇ ਨਾਲ ਦੂਜੀ ਆਵਾਜ਼ ਮਾਰੀ ਤਾਂ ਬਚ੍ਹੀ ਦਾ ਧਿਆਨ ਉਸ ਵੱਲ ਹੋਇਆ। "ਕੀ ਐ?" ਬਚ੍ਹੀ ਵੀ ਖਿਝ ਕੇ ਬੋਲਿਆ।

"ਲੱਗਦਾ ਕੀ ਦਾ!........... ਤੈਨੂੰ ਕਿਹੈ, ਦੋ ਇੱਟਾਂ ਫੜਾ ਦੇ, ਕੰਮ ਮੁੱਕਦਾ ਹੋਵੇ।" ਕੰਧ ਪੂਰੀ ਹੋਣ ਵਿੱਚ ਇੱਟਾਂ ਦੇ ਦੋ ਟੋਟੇ ਥੜਦੇ ਸਨ, ਤੇ ਸਿਰਫ਼ ਦੋ ਇੱਟਾਂ ਲਈ ਉਹ ਕਿਸੇ ਮਜ਼ਦੂਰ ਦਾ ਕੰਮ ਨਹੀਂ ਸੀ ਛੁਡਾਉਣਾ ਚਾਹੁੰਦਾ।

ਬਚੀ ਅਣਮੰਨੇ ਮਨ ਨਾਲ ‘ਛੱਪੜੀ' 'ਚੋਂ ਬਾਹਰ ਨਿਕਲਿਆ। ਇੱਕ ਪਾਸੇ ਚਿਣ ਕੇ ਲਾਏ ਇੱਟਾਂ ਦੇ ਢੇਰ ਵਿੱਚੋਂ ਦੋ ਇੱਟਾਂ ਚੁੱਕ ਕੇ ਉਸਨੇ ਮਿਸਤਰੀ ਨੂੰ ਫੜਾ ਦਿੱਤੀਆਂ।

ਕੰਮ ਪੂਰਾ ਹੁੰਦਿਆਂ ਹੀ ਮਿਸਤਰੀ ਨੇ ਰੀਝ ਨਾਲ ਕੰਧ ਵੱਲ ਵੇਖਿਆ, ਤੇ ਉਸਦੇ ਚਿਹਰੇ ਤੇ ਤਸੱਲੀ ਭਰੀ ਮੁਸਕਰਾਹਟ ਫੈਲ ਗਈ।

ਬਚ੍ਹੀ ਫਿਰ ਛੱਪੜੀ 'ਚ ਜਾ ਵੜਿਆ। ਪਾਣੀ ਵਿੱਚ ਜਿੱਥੇ ਵੀ ਉਹਨੂੰ ਡੱਡੂ ਨਜ਼ਰੀਂ ਪੈਂਦਾ, ਉਹ ਉੱਥੇ ਹੀ ਹੱਥ ਮਾਰਦਾ। ਪਰ ਡੱਡੂ ਟਪੂਸੀ ਮਾਰ ਜਾਂਦਾ, ਜਾਂ ਪਾਣੀ ਹੇਠਾਂ ਕਿਧਰੇ ਗਵਾਚ ਜਾਂਦਾ। ਭਾਵੇਂ ਹੁਣ ਤੱਕ ਇੱਕ-ਦੋ ਵਾਰ ਡੱਡੂ ਬਚ੍ਹੀ ਦੇ ਹੱਥ ਆ ਵੀ ਗਿਆ ਸੀ, ਪਰ ਉਹਨੇ ਉਸਨੂੰ ਪਾਣੀ ਵਿੱਚ ਸੁੱਟ ਕੇ ਮੁੜ ਲੱਭਣਾ ਸ਼ੁਰੂ ਕਰ ਦਿੱਤਾ। ਇਸੇ ਵਿੱਚ ਹੀ ਉਹਨੂੰ ਮਜ਼ਾ ਆ ਰਿਹਾ ਸੀ। ਪਰ, ਕਦੇ ਮਿਸਤਰੀ, ਤੇ ਕਦੇ ਮਜ਼ਦੂਰ, ਕੋਈ ਨਾ ਕੋਈ ਕੰਮ ਕਹਿ ਕੇ ਉਹਦਾ ਮਜ਼ਾ ਕਿਰਕਿਰਾ ਕਰ ਰਹੇ ਸਨ।

ਦੁਪਹਿਰ ਨੂੰ ਮਿਸਤਰੀ ਅਤੇ ਮਜ਼ਦੂਰ ਰੋਟੀ ਖਾਣ ਬੈਠ ਗਏ। ਬਚ੍ਹੀ ਹਾਲੀਂ ਵੀ ਡੱਡੂ ਫੜਨ 'ਚ ਵਿਅਸਤ ਸੀ। ਜਦੋਂ ਮਿਸਤਰੀ ਨੇ ਵੇਖਿਆ, ਤਾਂ ਉਸਨੇ ਨਾਲ ਬੈਠੇ ਮਜ਼ਦੂਰ ਨੂੰ ਕਿਹਾ, "ਇਹਨੂੰ ਮਾਰੀਂ'ਵਾਜ਼, ਪਾਗਲ ਜਿਹੇ ਨੂੰ!...........ਨਾ ਰੋਟੀ ਦਾ ਧਿਆਨ, ਨਾ ਕਾਸੇ ਹੋਰ ਦਾ!"

ਮਜ਼ਦੂਰ ਆਵਾਜ਼ ਮਾਰਨ ਦੀ ਥਾਂ ਆਪ ਉੱਠ ਕੇ ਬਚ੍ਹੀ ਨੂੰ ਬਾਹੋਂ ਫੜ ਲਿਆਇਆ।

ਬਚ੍ਹੀ ਨੂੰ ਤੇਜ਼-ਤੇਜ਼ ਰੋਟੀ ਖਾਂਦਿਆਂ ਵੇਖ ਕੇ ਮਿਸਤਰੀ ਨੇ ਕਿਹਾ, "ਮਗਰ ਪਿਐ ਕੋਈ! ਰੋਟੀ ਤਾਂ 'ਰਾਮ ਨਾਲ ਖਾ ਲੈ!" ਫਟਾ-ਫਟ ਰੋਟੀ ਮੁਕਾ ਕੇ ਬਚ੍ਹੀ ਫਿਰ ਛੱਪੜੀ 'ਚ ਜਾ ਵੜਿਆ।

ਦੁਪਹਿਰ ਢਲਦਿਆਂ ਇੱਕ ਕਾਰ ਪਲਾਟ ਦੇ ਵਿਚਕਾਰ ਆ ਕੇ ਰੁਕੀ। ਬਾਬੂਮਈ ਕੱਪੜਿਆਂ 'ਚ ਬਣ ਰਹੇ ਮਕਾਨ ਦਾ ਮਾਲਕ ਤੇ ਰੰਗ-ਬਿਰੰਗੇ ਕੱਪੜੇ ਪਹਿਨੀਂ ਉਸਦਾ ਅੱਠ ਸਾਲਾਂ ਦਾ ਮੁੰਡਾ ਅੰਦਰੋਂ ਨਿੱਕਲੇ।

ਥੋੜ੍ਹੀ ਦੇਰ ਲਈ ਮਾਲਕ ਉਥੇ ਹੀ ਖੜ੍ਹਾ ਲੱਕ ਤੇ ਹੱਥ ਰੱਖੀਂ ਚੱਲ ਰਹੇ ਕੰਮ ਤੇ ਨਜ਼ਰ ਮਾਰਦਾ ਰਿਹਾ। ਮਾਲਕ ਨੂੰ ਵੇਖ ਕੇ ਮਿਸਤਰੀ ਅਤੇ ਮਜ਼ਦੂਰ ਹੋਰ ਫੁਰਤੀ ਨਾਲ ਕੰਮ ਕਰਨ ਲੱਗ ਪਏ। ਸਿਰਫ਼ ਬਚ੍ਹੀ ਹੀ, ਬੇਧਿਆਨਾ, ਡੱਡੂ ਫੜਨ ਵਿੱਚ ਮਸਤ ਸੀ।

"ਉਏ, ਤੂੰ ਐਥੇ ਕੀ ਕਰਦੈ?" ਮਾਲਕ ਨੇ ਬਚ੍ਹੀ ਤੋਂ ਪੁੱਛਿਆ।

ਮਾਲਕ ਦੀ ਆਮਦ ਦਾ ਅਹਿਸਾਸ ਹੁੰਦਿਆਂ ਹੀ ਬਚ੍ਹੀ ਨੇ ਉਹਨੂੰ ‘ਸਤਿ ਸ੍ਰੀ ਅਕਾਲ' ਬੁਲਾਈ। ਪਰ ਧਿਆਨ ਉਸਦਾ ਡੱਡੂ ਵਿੱਚ ਹੀ ਰਿਹਾ।

"ਉਏ, ਤੂੰ ਕੰਮ ਕਰ ਲੈ ਕੋਈ।.......... ਐਥੇ ਸ਼ਰਾਰਤਾਂ ਕਰੀ ਜਾਨੈ!" ਮਾਲਕ ਨੇ ਬਚ੍ਹੀ ਵੱਲ ਪੈਰ ਪੁਟਦਿਆਂ ਕਿਹਾ।

"ਸਾਰੇ ਕੰਮ ਮੁਕਾ ’ਤੇ, ਜੀ!" ਬਚ੍ਹੀ ਨੇ ਬੇਧਿਆਨੀ ਨਾਲ ਕਿਹਾ।

"ਇੱਟਾਂ ਨੂੰ ਪਾਣੀ ਲਾ ਤਾ?"

"ਹਾਂ, ਜੀ।"

"ਫੇਰ, ਮਿਸਤਰੀ ਹੁਰਾਂ ਨੂੰ ਪਾਣੀ-ਪੂਣੀ ਪਲਾ ਦੇ।"

"ਉਹ ਤਾਂ, ਜੀ, ਜਦੋਂ ਉਹਨਾਂ ਨੂੰ ਪਿਆਸ ਲੱਗਦੀ ਐ, ਮੈਂ ਪਿਲਾ ਦਿੰਨਾਂ।" ਬਚ੍ਹੀ ਦਾ ਧਿਆਨ ਹਾਲੀ ਵੀ ਡੱਡੂ ਵੱਲ ਹੀ ਸੀ।

ਮਾਲਕ ਨੂੰ ਕੋਈ ਹੋਰ ਕੰਮ ਨਹੀਂ ਸੁੱਝ ਰਿਹਾ ਸੀ। "ਚੰਗਾ, ਫੇਰ, ਆਏਂ ਕਰ! ਮੇਰੀ ਗੱਡੀ ਧੋ ਦੇ, ਜ਼ਰਾ!"

ਬਚ੍ਹੀ ਨੂੰ ਗੁੱਸਾ ਤਾਂ ਆਇਆ, ਪਰ ਮਾਲਕ ਦਾ ਹੁਕਮ ਉਹ ਕਿਵੇਂ ਮੋੜ ਸਕਦਾ ਸੀ।

ਬਚ੍ਹੀ ਨੂੰ ਮਜ਼ਦੂਰਾਂ ਨੂੰ ਚਾਹ-ਪਾਣੀ ਪਿਲਾਉਣ ਲਈ ਰੱਖਿਆ ਹੋਇਆ ਸੀ-ਬਾਰਾਂ ਸੌ ਰੁਪਏ ਮਹੀਨੇ ਤੇ ਕੀ ਮਾੜਾ ਸੀ। ਨਹੀਂ ਤਾਂ, ਮਜ਼ਦੂਰ, ਪਾਣੀ ਪੀਣ ਦੇ ਬਹਾਨੇ, ਕੰਮ ਵਿੱਚੋਂ ਛੱਡ ਕੇ ਆਰਾਮ ਕਰਨ ਬਹਿ ਜਾਂਦੇ ਸਨ।

ਬਚ੍ਹੀ ਨੇ ਮਿੰਟਾਂ ਵਿੱਚ ਕਾਰ ਧੋ-ਸੰਵਾਰ ਦਿੱਤੀ। ਜਦੋਂ ਉਹ ਛੱਪੜੀ ਕੋਲ ਵਾਪਿਸ ਗਿਆ, ਤਾਂ ਮਾਲਕ ਦੇ ਮੁੰਡੇ ਨੂੰ ਉਥੇ ਖੜ੍ਹਾ ਵੇਖ ਕੇ ਉਸਨੇ ਪੁੱਛਿਆ, "ਡੱਡੂ ਫੜ ਕੇ ਦੇਵਾਂ?"

ਮੁੰਡੇ ਨੇ ‘ਹਾਂ' ਵਿੱਚ ਸਿਰ ਹਿਲਾਇਆ।

ਬਚ੍ਹੀ ਮੁੜ ਛੱਪੜੀ ਵਿੱਚ ਵੜ ਗਿਆ।

ਆਪਣੇ ਮੁੰਡੇ ਨੂੰ ਛੱਪੜੀ ਕਿਨਾਰੇ ਖੜ੍ਹਾ ਵੇਖ, ਮਾਲਕ ਨੇ ਆਵਾਜ਼ ਮਾਰੀ, "ਹਨੀ! ਏਧਰ ਆ ਜਾ, ਬੇਟਾ! ਏਥੇ ਡਿੱਗ ਜਾਵੇਂਗਾ!"

"ਪਾਪਾ, ਮੈਂ ਡੱਡੂ ਲੈਣੈ।" ਮੁੰਡੇ ਤੇ ਕੋਈ ਅਸਰ ਨਾ ਹੋਇਆ ਵੇਖ, ਮਾਲਕ ਨੇ ਫਿਰ ਕਿਹਾ, "ਏਥੇ ਗੰਦਾ ਪਾਣੀ ਐ। ਏਧਰ ਆ ਜਾ।"

ਪਰ ਮੁੰਡੇ ਨੇ "ਮੈਂ ਨਹੀਂ" ਦੇ ਅੰਦਾਜ਼ ਵਿੱਚ ਮੋਢੇ ਹਿਲਾਏ।

"ਬੇਟੇ, ਆਪਾਂ ਬਾਜ਼ਾਰ ਵਿੱਚੋਂ ਸੋਹਣੇ ਫਰੌਗਜ਼ ਲੈ ਕੇ ਆਵਾਂਗੇ। ਏਥੇ ਤਾਂ ਗੰਦੇ ਨੇ।" ਪਲਾਸਟਿਕ ਦੇ ਡੱਡੂਆਂ ਨੂੰ ਕਲਪਦਿਆਂ ਮਾਲਕ ਨੇ ਮੁੰਡੇ ਨੂੰ ਕਿਹਾ।

ਤਦ ਨੂੰ ਬਚ੍ਹੀ ਨੇ ਖ਼ੁਸ਼ੀ ਵਿੱਚ ਉੱਛਲਦਿਆਂ ਚੀਖ਼ ਮਾਰੀ। ਉਸਦੇ ਹੱਥ ਵਿੱਚ ਡੱਡੂ ਸੀ।

ਵੇਖ ਕੇ ਹਨੀ ਵੀ ਤਾੜੀਆਂ ਮਾਰਨ ਲੱਗ ਪਿਆ।

ਮਾਲਕ ਨੇ ਇੱਕ ਜ਼ੋਰਦਾਰ ਥੱਪੜ ਬਚ੍ਹੀ ਦੀ ਗਰਦਨ 'ਚ ਮਾਰਿਆ। "ਸੁੱਟ ਏਹਨੂੰ ਹੇਠਾਂ!....... ਨਾ ਕੰਮ, ਨਾ ਕਾਰ! ਸਾਰਾ ਦਿਨ ਸ਼ਰਾਰਤਾਂ 'ਚ ਲੱਗਿਆ ਰਹਿਨੈ!.......... ਚੱਲ, ਮਿਸਤਰੀ ਨੂੰ ਇੱਟਾਂ ਫੜਾ ਚੱਲ ਕੇ।"

ਬਚੀ ਦੇ ਹੱਥੋਂ ਡੱਡੂ ਹੇਠਾਂ ਡਿੱਗ ਪਿਆ ਸੀ। ਡੱਡੂ ਟਪੂਸੀਆਂ ਮਾਰਦਾ ਛੱਪੜੀ 'ਚ ਕਿਧਰੇ ਗਵਾਚ ਗਿਆ।

ਅੱਖਾਂ ਵਿੱਚ ਦਹਿਸ਼ਤ ਲਈ, ਹਨੀ ਕਾਰ ਅੰਦਰ ਸੀਟ ਤੇ ਸੁੰਗੜ ਕੇ ਬੈਠ ਗਿਆ।

ਇੱਟਾਂ ਚੁੱਕੀ ਜਾਂਦੇ ਬਚ੍ਹੀ ਨੇ ਜਦੋਂ ਮੁੜ ਛੱਪੜੀ ਵੱਲ ਵੇਖਿਆ ਤਾਂ ਉਸਦੀਆਂ ਅੱਖ ਵਿੱਚ ਅਟਕਿਆ ਅੱਥਰੂ ਆਪ-ਮੁਹਾਰੇ ਉਸ ਦੀ ਗੱਲ੍ਹ ਤੇ ਵਗ ਤੁਰਿਆ।