ਸਮੱਗਰੀ 'ਤੇ ਜਾਓ

ਪਾਕਿਸਤਾਨੀ/ਛੁਪਿਆ ਰੁਸਤਮ

ਵਿਕੀਸਰੋਤ ਤੋਂ
50998ਪਾਕਿਸਤਾਨੀ — ਛੁਪਿਆ ਰੁਸਤਮਮੁਹੰਮਦ ਇਮਤਿਆਜ਼

ਛੁਪਿਆ ਰੁਸਤਮ

ਦੂਰੋਂ ਆਉਂਦੀ ਚਿੱਟੀ ਮਾਰੂਤੀ ਦੇਖਦਿਆਂ ਹੀ ਕੁਹਾੜਿਆਂ ਦੀ ਟੱਕ-ਟੱਕ ਹੋਰ ਤੇਜ਼ ਹੋ ਗਈ।

ਕਾਰ ਡਿੱਗੇ ਪਏ ਸਫੈਦਿਆਂ ਦੇ ਵਿਚਕਾਰ ਆ ਕੇ ਰੁਕ ਗਈ।

ਡਰਾਇਵਰ ਦੇ ਨਾਲ ਦੀ ਸੀਟ ਤੋਂ ਬਾਬੂ ਚੇਤ ਰਾਮ ਬਾਹਰ ਨਿਕਲਿਆ।

ਡਰਾਇਵਰ ਸੀਟ ਤੇ ਬੈਠਾ ਨੌਜਵਾਨ ਮੁੰਡਾ ਕਾਰ ਅੰਦਰ ਹੀ ਸ਼ੀਸ਼ੇ ਵੱਲ ਦੇਖ ਕੇ ਆਪਣੇ ਵਾਲ ਠੀਕ ਕਰਨ ਲੱਗ ਪਿਆ। ਉਸਦੇ ਬੈਠੇ ਰਹਿਣ ਦੇ ਅੰਦਾਜ਼ ਤੋਂ ਸਾਫ ਪਤਾ ਲੱਗਦਾ ਸੀ ਕਿ ਉਸਦਾ ਕਾਰ ਵਿੱਚੋਂ ਉਤਰਨ ਦਾ ਕੋਈ ਇਰਾਦਾ ਨਹੀਂ ਸੀ।

ਪਿੱਠ ਪਿੱਛੇ ਹੱਥ ਚ ਹੱਥ ਫਸਾਈ ਬਾਬੂ ਚੇਤ ਰਾਮ ਨੇ ਇੱਕ ਡੂੰਘੀ ਨਿਗ੍ਹਾ ਕੁਹਾੜੇ ਚਲਾਉਂਦੇ ਮਜ਼ਦੂਰਾਂ ਅਤੇ ਵੱਢੇ ਪਏ ਦਰਖਤਾਂ ਉੱਤੇ ਮਾਰੀ।

"ਹਾਂ, ਬਈ, ਠੀਕ-ਠਾਕ ਚੱਲ ਰਿਹੈ ਸਭ ਕੁਸ਼?" ਸੱਜੇ ਪੈਰ ਨਾਲ ਡਿੱਗੇ ਪਏ ਦਰਖਤ ਦੀ ਟਾਹਣੀ ਨੂੰ ਛੇੜਦਿਆਂ ਬਾਬੂ ਨੇ ਪੁੱਛਿਆ।

"ਹਾਂ ਜੀ!" ਕੁਹਾੜੀ ਚਲਾਉਂਦਿਆਂ ਜੈਲੇ ਨੇ ਸੰਖੇਪ ਜਿਹਾ ਉੱਤਰ ਦਿੱਤਾ। ਅਸਲ ਵਿੱਚ ਸਾਰੇ ਮਜ਼ਦੂਰ ਕੰਮ ਵਿੱਚ ਰੁੱਝੇ ਹੋਣ ਦਾ ਦਿਖਾਵਾ ਕਰ ਰਹੇ ਸਨ।

ਆਲੇ-ਦੁਆਲੇ ਧਿਆਨ ਮਾਰਦਿਆਂ ਬਾਬੂ ਚੇਤ ਰਾਮ ਦਰਖਤਾਂ ਦੇ ਪਿਛਲੇ ਪਾਸੇ ਬਣੀ ਕੋਠੀ ਅੰਦਰ ਚਲਾ ਗਿਆ। ਇਸੇ ਕੋਠੀ ਦੇ ਮਾਲਕ ਤੋਂ ਉਸਨੇ ਇਹ ਦਰਖਤ ਖਰੀਦੇ ਸਨ।

ਕਾਰ ਵਿੱਚੋਂ ਉੱਤਰ ਕੇ ਨੌਜਵਾਨ ਮੁੰਡਾ ਵੀ ਮਗਰੇ ਹੀ ਤੁਰ ਪਿਆ।

"ਬਾਬੂ ਜੀ! ਨਮਸਤੇ ਜੀ!" ਕੋਲੋਂ ਲੰਘਦੇ ਮੁੰਡੇ ਵੱਲ ਜੈਲਾ ਕੁਹਾੜੀ ਛੱਡ ਕੇ ਬੜੇ ਤਪਾਕ ਨਾਲ ਸੰਬੋਧਿਤ ਹੋਇਆ।

"ਨਮਸਤੇ!" ਬੇਧਿਆਨੀ ਨਾਲ ਰੁੱਖਾ ਜਿਹਾ ਜਵਾਬ ਦੇ ਕੇ ਮੁੰਡਾ ਕੋਠੀ ਵੱਲ ਲੰਘ ਗਿਆ।

"ਇਹ ਬਾਬੂ ਜੀ ਦਾ ਬੜਾ ਮੁੰਡਾ ਨੀ, ਭਲਾਂ?" ਜੈਲੇ ਨੇ ਪਤਾ ਨਹੀਂ ਕਿਸ ਤੋਂ ਪੁੱਛਿਆ ਸੀ।

ਫਿਰ, ਬਿਨਾ ਕਿਸੇ ਦੇ ਉੱਤਰ ਦੀ ਆਸ ਕੀਤੇ ਆਪ ਹੀ ਬੋਲਿਆ, "ਦੇਖ ਲੈ, ਇਹ ਮੁੰਡਾ ਜਮ੍ਹੀਂ ਏਨਾ ਕੁ ਹੁੰਦਾ ਤੀ!" ਜੈਲੇ ਨੇ ਲੱਕ ਤੋਂ ਹੇਠਾਂ ਤੱਕ ਹੱਥ ਕਰਕੇ ਸਮਝਾਇਆ, "ਹੁਣ ਤਾਂ ਸੁੱਖ ਨਾਲ ਗੱਭਰੂ ਹੋ ਗਿਆ!"

"ਲੈ, ਹੋ ਗਿਆ ਸ਼ੁਰੂ!" ਨਛੱਤਰ ਮਨ ਹੀ ਮਨ ਮੁਸਕਰਾਇਆ।

ਨਛੱਤਰ ਨੂੰ ਜੈਲਾ ਤੇ ਬੁੱਧੂ ਦੋਵੇਂ ਇਹਨਾਂ ਗੱਲਾਂ ਕਰਕੇ ਹੀ ਚੰਗੇ ਨਹੀਂ ਸੀ ਲੱਗਦੇ। ਉਸਦੇ ਮਨ ਵਿੱਚ ਉਹਨਾਂ ਪ੍ਰਤੀ ਇਹੋ ਸ਼ਿਕਾਇਤ ਰਹਿੰਦੀ ਸੀ ਕਿ ਉਹ ਹਮੇਸ਼ਾ ਬਾਬੂ ਬਾਰੇ ਹੀ ਕਿਉਂ ਗੱਲਾਂ ਕਰਦੇ ਸਨ, ਆਪਣੇ ਬਾਰੇ ਕਿਉਂ ਨਹੀਂ ਕਰਦੇ। ਇਸੇ ਕਰਕੇ ਉਸਨੂੰ ਬਾਬੂ ਚੇਤ ਰਾਮ ਪ੍ਰਤੀ ਕੁਝ ਤਲਖ਼ੀ ਜਿਹੀ ਹੋ ਗਈ ਸੀ।

ਜੈਲਾ, ਬਾਬੂ ਚੇਤ ਰਾਮ ਦੀ ‘ਲੇਬਰ’ ਵਿੱਚ ਬਹੁਤ ਪੁਰਾਣਾ ਕੰਮ ਕਰਦਾ ਸੀ। ਉਹ ਹਮੇਸ਼ਾ ਹੀ ਬਾਬੂ ਦੇ ਪਿਛੋਕੜ ਨਾਲ ਆਪਣੇ ਸੰਬੰਧਾਂ ਬਾਰੇ ਦੱਸਦਾ ਰਹਿੰਦਾ ਸੀ। ਬੁੱਧੂ ਵੀ ਕੋਈ ਮੌਕਾ ਨਹੀਂ ਸੀ ਖੁੰਝਣ ਦਿੰਦਾ। ਭਾਵੇਂ ਜੈਲੇ ਜਿੰਨਾ ਪੁਰਾਣਾ ਨਾ ਹੋਣ ਕਰਕੇ ਉਹ ਬਾਬੂ ਦੇ ਪਿਛੋਕੜ ਬਾਰੇ ਜ਼ਿਆਦਾ ਨਹੀਂ ਸੀ ਜਾਣਦਾ, ਪਰ ਉਹ ਲੋਕਾਂ ਤੋਂ ਸੁਣੀਆਂ ਗੱਲਾਂ ਨਾਲ ਇਸਦੀ ਪੂਰਤੀ ਕਰ ਲੈਂਦਾ ਸੀ।

ਹਰ ਕੋਈ ਜਾਣਦਾ ਸੀ ਕਿ ਸੁਣਾਉਣ ਵਾਲੇ ਨੇ ਗੱਲ ਕਿੰਨੀ ਵਧਾਈ-ਚੜ੍ਹਾਈ ਹੋਈ ਹੈ, ਪਰ ਫਿਰ ਵੀ ਉਹ ਉਹਨਾਂ ਗੱਲਾਂ ਨੂੰ ਬੇਧਿਆਨੀ ਨਾਲ ਕੋਰੇ ਸੱਚ ਵਾਂਗ ਪ੍ਰਵਾਨ ਕਰ ਲੈਂਦੇ ਸਨ। ਆਪਣੀ ਗੱਲ ਸੁਣਾਉਣ ਲਈ ਦੂਜੇ ਦੀ ਗੱਲ ਧਿਆਨ ਨਾਲ ਸੁਣਨ ਦਾ ਨਾਟਕ ਵੀ ਕਰਨਾ ਹੀ ਪੈਂਦਾ ਸੀ। ਪਰ ਹਰ ਕੋਈ ਸੁਣਦਾ ਘੱਟ ਸੀ, ਸੁਣਾਉਂਦਾ ਵੱਧ ਸੀ।

ਇੱਕ ਸਿਰਫ਼ ਨਛੱਤਰ ਕੋਲ ਹੀ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਸੀ ਹੁੰਦੀ। ਅਸਲ ਵਿੱਚ ਉਸਨੂੰ ਇਸ 'ਲੇਬਰ’ ਵਿੱਚ ਕੰਮ ਕਰਦੇ ਨੂੰ ਥੋੜ੍ਹੇ ਹੀ ਦਿਨ ਹੋਏ ਸਨ। ਜਦੋਂ ਤੋਂ ਇਹਨਾਂ ਸਫੈਦਿਆਂ ਦੀ ਕਟਾਈ ਸ਼ੁਰੂ ਹੋਈ ਸੀ, ਉਦੋਂ ਤੋਂ ਹੀ ਉਸਨੇ ਬਾਬੂ ਚੇਤ ਰਾਮ ਲਈ ਕੰਮ ਕਰਨਾ ਸ਼ੁਰੂ ਕੀਤਾ ਸੀ। ਬਾਬੂ ਨੇ ਉਸ ਨਾਲ ਕਦੇ ਕੋਈ ਖ਼ਾਸ ਗੱਲ ਨਹੀਂ ਸੀ ਕੀਤੀ। ਇਸੇ ਕਰਕੇ ਉਸ ਕੋਲ ਜੈਲੇ ਜਾਂ ਬੁੱਧੂ ਵਰਗੀਆਂ ਗੱਲਾਂ ਨਹੀਂ ਸਨ ਹੁੰਦੀਆਂ। ਉਸਨੂੰ ਲੱਗਦਾ ਸੀ ਕਿ ਜਿਵੇਂ ਉਹ ਦੋਵੇਂ ਇਹੋ ਜਿਹੀਆਂ ਗੱਲਾਂ ਕਰਕੇ ਆਪਣੇ ਆਪ ਨੂੰ ‘ਉੱਚਾ' ਸਿੱਧ ਕਰਨ ਦੀ ਕੋਸ਼ਿਸ਼ ਕਰਦੇ ਸਨ। ਤਾਂ ਹੀ ਤਾਂ, ਕਈ ਵਾਰ ਜੈਲਾ ਬਾਕੀਆਂ ਨੂੰ ਕੰਮ ਲਈ ਘੂਰ ਵੀ ਦਿੰਦਾ ਸੀ। ਭਾਵੇਂ ਇਸ ਵਿੱਚ ਉਸਦੀ ਵੱਡੀ ਉਮਰ ਦਾ ਵੀ ਦਖ਼ਲ ਸੀ।

ਪਰ ਨਛੱਤਰ ਨੂੰ ਇਹਨਾਂ ਗੱਲਾਂ ਤੋਂ ਚਿੜ੍ਹ ਸੀ, "ਸਾਰਾ ਦਿਨ ਉਹੋ ਗੱਲਾਂ!"

ਇਸੇ ਕਰਕੇ ਕੰਮ ਪ੍ਰਤੀ ਉਸਦਾ ਉਤਸ਼ਾਹ ਘਟਦਾ ਜਾ ਰਿਹਾ ਸੀ। ਪਿਛਲੇ ਬਾਬੂ ਨਾਲ ਤਾਂ ਉਸਦੀ ਕਾਫ਼ੀ ਨੇੜਤਾ ਸੀ। ਉਸਦੇ ਕੋਲ ਉਹ ਬਹੁਤ ਪੁਰਾਣਾ ਕੰਮ ਕਰਦਾ ਸੀ। ਉਥੇ ਤਾਂ ਉਹ ਕਈ ਵਾਰ ਜੈਲੇ ਵਾਂਗ ਦੂਜੇ ਮਜ਼ਦੂਰਾਂ ਨੂੰ ਘੂਰ ਵੀ ਦਿੰਦਾ ਸੀ। ਉਸਦੀ ਇਸੇ ਆਦਤ ਕਰਕੇ ਕਈ ਨਵੇਂ ਮਜ਼ਦੂਰ ਕੰਮ ਹੀ ਛੱਡ ਜਾਂਦੇ ਸਨ।........

ਬਾਬੂ ਚੇਤ ਰਾਮ ਤੇ ਉਸਦਾ ਮੁੰਡਾ ਕੋਠੀ ਵਿੱਚੋਂ ਬਾਹਰ ਨਿਕਲੇ ਤਾਂ ਕੁਹਾੜਿਆਂ ਦੀ ਟੱਕ-ਟੱਕ ਇੱਕ ਵਾਰ ਫਿਰ ਤੇਜ਼ ਹੋ ਗਈ।

"ਹੋਰ ਫੇਰ, ਨਛੱਤਰਾ, ਕਿਮੇਂ ਐਂ? ਕੋਈ ਔਖਿਆਈ ਤਾਂ ਨੀ ਐਥੇ?"

ਬਾਬੂ ਦੀ ਆਵਾਜ਼ ਨੇ ਨਛੱਤਰ ਨੂੰ ਹਲੂਣ ਕੇ ਰੱਖ ਦਿੱਤਾ। ਉਸਨੇ ਮੂੰਹ ਉਤਾਂਹ ਚੁੱਕ ਕੇ ਦੇਖਿਆ, ਬਾਬੂ ਉਸੇ ਵੱਲ ਸੰਬੋਧਿਤ ਸੀ। "ਹੈਂ ਜੀ! ...", ਗੱਲ ਇੱਕ ਪਲ ਰੁਕ ਕੇ ਨਛੱਤਰ ਦੇ ਦਿਮਾਗ 'ਚ ਵੜੀ, "... ਹਾਂ ਜੀ, ਹਾਂ! ਕੋਈ ਔਖਿਆਈ ਨੀ, ਥੋਡੀ ਦਿਆ ਨਾਲ!" ਉਸਦੀ ਆਵਾਜ਼ ਆਦਰ ਨਾਲ ਭਿੱਜ ਕੇ ਪੇਤਲੀ ਹੋ ਗਈ। ਉਹ ਖ਼ੁਦ ਆਪਣੀ ਇਸ ਤਬਦੀਲੀ ਤੇ ਹੈਰਾਨ ਸੀ। ਉਸ ਅੰਦਰੋਂ ਬਾਬੂ ਪ੍ਰਤੀ ਸਾਰੀ ਤਲਖੀ ਜਾਂਦੀ ਰਹੀ ਸੀ।

ਬਾਬੂ ਤੇ ਮੁੰਡਾ ਚਲੇ ਗਏ। ਪਰ ਸਾਰਿਆਂ ਸਾਹਮਣੇ ਬਾਬੂ ਦਾ ਉਸਨੂੰ ਹਾਲ-ਚਾਲ ਪੁੱਛਣਾ ਨਛੱਤਰ ਨੂੰ ਹੁਲਾਰਾ ਜਿਹਾ ਦੇ ਗਿਆ, ਤੇ ਉਸਦੇ ਕੁਹਾੜੇ ਦੀ ਗਤੀ ਤੇਜ਼ ਹੋ ਗਈ।

ਨਛੱਤਰ ਦੇ ਹੱਥ-ਪੈਰ ਕਾਹਲੀ-ਕਾਹਲੀ ਚੱਲ ਰਹੇ ਸਨ। ਚਾਹ ਪੀਣ ਲੱਗਿਆਂ ਉਹ ਅੱਜ ਪਹਿਲਾਂ ਵਾਂਗ ਸੁਸਤ ਤੇ ਨੀਰਸ ਜਿਹਾ ਨਹੀਂ ਸੀ ਨਜ਼ਰ ਆਉਂਦਾ। ਬੜਾ ਚੁਸਤ ਤੇ ਤੇਜ਼ ਜਾਪਦਾ ਸੀ। ਇਹ ਦੇਖ ਕੇ ਜੈਲੇ ਤੋਂ ਰਹਿ ਨਾ ਹੋਇਆ ਤੇ ਉਸਨੇ ਪੁੱਛ ਹੀ ਲਿਆ, "ਉਏ, ਕੀ ਗੱਲ, ਨਛੱਤਰਾ! ਐਥੇ ਔਖ ਐ ਤੈਨੂੰ ਕੋਈ? ਬਾਬੂ ਪੁੱਛਦਾ ਤੀ ਤੈਨੂੰ?"

ਨਛੱਤਰ ਨੂੰ ਤਾਂ ਜਿਵੇਂ ਇਸੇ ਦੀ ਉਡੀਕ ਸੀ। "ਓ ਕਾਹਨੂੰ, ਜਾਰ...," ਉਸਨੇ ਮੂੰਹ ਜਿਹਾ ਬਣਾਇਆ, "...ਬਾਬੂ ਆਇਆ ਤੀ ਮੇਰੇ ਕੋਲ, ਕਹਿੰਦਾ ਮੈਨੂੰ ਬੰਦੇ ਦੀ ਲੋੜ ਐ। ਮੈਂ ਸਾਫ ਜੁਆਬ ਦੇ ‘ਤਾ! ਮੈਂ ਕਿਹਾ, ਬਈ, ਦੇਖ! ਤੇਰੀਆਂ ਕਟਾਈਆਂ ਲੱਗਦੀਆਂ ਨੇ ਦੂਰ-ਦੂਰ, ਤੇ ਆਪਾਂ ਨੂੰ, ਤੈਨੂੰ ਪਤੈ, ਘਰੋਂ ਦੂਰ ਰਹਿਣਾ ਔਖੈ।... ਬਾਬੂ ਤਾਂ ਮਿੰਨਤਾਂ ਜਿਹੀਆਂ ਕਰਨ ਲੱਗ ਗਿਆ! ਕਹਿੰਦਾ, ਔਖਾ ਹੋ, ਸੌਖਾ ਹੈ, ਮੇਰਾ ਕੰਮ ਸਾਰ! ਮੇਰਾ ਕੰਮ ਖੜੈ, ਮੈਨੂੰ ਬੰਦੇ ਦੀ ਲੋੜ ਐ, ਤੇ ਬੰਦਾ ਕੋਈ ਮਿਲਦਾ ਨੀ!.. ਮੈਂ ਕਿਹਾ, ਚੱਲ, ਔਖੇ-ਸੌਖੇ ਤੇਰੇ ਨਾਲ ਦੋ-ਤਿੰਨ ਕਟਾਈਆਂ ਲਵਾ ਦਿੰਨੇ ਆਂ।... ਉਹੀ ਪੁੱਛਦਾ ਤੀ ਅੱਜ, ਬਈ, ਕੋਈ ਔਖਿਆਈ ਹੋਵੇ ਤਾਂ ਦੱਸੀਂ!" ਗੱਲ ਖ਼ਤਮ ਕਰਦਿਆਂ ਹੀ ਨਛੱਤਰ ਨੇ ਅੰਦਰੋਂ ਹੌਲਾ-ਫੁੱਲ ਮਹਿਸੂਸ ਕੀਤਾ।

ਸ਼ਾਮ ਨੂੰ ਚਾਹ ਪੀਦਿਆਂ, ਨਛੱਤਰ ਇਸ ਬਾਰੇ ਕਿਸੇ ਦੂਜੇ ਮਜ਼ਦੂਰ ਨੂੰ ਹੱਸਦੇ ਹੋਏ ਦੱਸ ਰਿਹਾ ਸੀ, "ਜੈਲਾ ਤੇ ਬੁੱਧੂ ਕੱਚੇ ਜਿਹੇ ਹੋਗੇ, ਢਹੇ ਹੋਏ ਭਲਵਾਨ ਵਾਂਗ! ਮੂੰਹ ਲਟਕਾਈਂ ਦੋਹੇਂ ਜਣੇ ਸੋਚੀਂ ਜਾਣ, ਬਈ, ਇਹ ਕਿਧਰੋਂ ਨਿਕਲ ਆਇਆ, ਛੁਪਿਆ ਰੁਸਤਮ!!"