ਸਮੱਗਰੀ 'ਤੇ ਜਾਓ

ਪਾਕਿਸਤਾਨੀ/ਨਵੇਂ ਗੁਆਂਢੀ

ਵਿਕੀਸਰੋਤ ਤੋਂ
51007ਪਾਕਿਸਤਾਨੀ — ਨਵੇਂ ਗੁਆਂਢੀਮੁਹੰਮਦ ਇਮਤਿਆਜ਼

ਨਵੇਂ ਗੁਆਂਢੀ

ਮਕਾਨ ਦੇ ਬਾਹਰ ਰਿਕਸ਼ਾ ਖੜ੍ਹਾ ਵੇਖ ਕੇ ਡਾਕਟਰ ਅੰਮ੍ਰਿਤਾ ਦਾ ਪਾਰਾ ਚੜ੍ਹ ਗਿਆ। ਮੱਥਾ ਤਾਂ ਉਸ ਦਾ ਉਦੋਂ ਹੀ ਠਣਕ ਗਿਆ ਸੀ, ਜਦੋਂ ਉਸ ਨੇ ਗਲੀ ਦੇ ਮੋੜ ਤੇ ਅਧਨੰਗੇ ਬੱਚੇ ਖੇਡਦੇ ਵੇਖੇ ਸਨ।

"ਸ਼ੀਲਾ ਆਅ! ...," ਉਸ ਨੇ ਆਪਣੇ ਘਰ ਅੰਦਰ ਦਾਖ਼ਲ ਹੁੰਦਿਆਂ ਹੀ ਨੌਕਰਾਣੀ ਨੂੰ ਆਵਾਜ਼ ਦਿੱਤੀ, "... ਨਾਲ ਦੇ ਮਕਾਨ ਵਿੱਚ ਕਿਰਾਏਦਾਰ ਕੌਣ ਆਇਐ?"

ਅੰਦਰੋਂ ਕੋਈ ਜਵਾਬ ਨਹੀਂ ਆਇਆ। ਸ਼ਾਇਦ ਸ਼ੀਲਾ ਹਾਲੀ ਆਈ ਨਹੀਂ ਸੀ, ਤੇ ਬੱਚੇ ਅੰਦਰ ਪੜ੍ਹ ਰਹੇ ਸਨ। ਬੁੜਬੁੜਾਉਂਦਿਆਂ ਅੰਮ੍ਰਿਤਾ ਕਮਰੇ ਵਿੱਚ ਵੜ ਗਈ।

ਜਦੋਂ ਤੋਂ ਨਾਲ ਵਾਲੇ ਨਵੇਂ ਮਕਾਨ ਦੀ ਮਾਲਕਣ ਤੋਂ ਅੰਮ੍ਰਿਤਾ ਨੂੰ ਪਤਾ ਲੱਗਿਆ ਸੀ ਕਿ ਉਹ ਮਕਾਨ ਨੂੰ ਕਿਰਾਏ ਤੇ ਚੜ੍ਹਾਉਣਗੇ, ਤਦੋਂ ਤੋਂ ਹੀ ਉਸ ਅੰਦਰ ਇੱਕ ਡਰ ਬੈਠ ਗਿਆ ਸੀ।

ਅੰਮ੍ਰਿਤਾ ਨੇ ਇਸ ਖੁੱਲ੍ਹੇ-ਡੁੱਲ੍ਹੇ ਮੁਹੱਲੇ ਵਿੱਚ ਮਕਾਨ ਇਸੇ ਲਈ ਖ਼ਰੀਦਿਆਂ ਸੀ ਤਾਂ ਜੋ ਉਹ ਸ਼ਹਿਰ ਦੇ ਰੌਲੇ-ਰੱਪੇ ਤੋਂ ਦੂਰ, ਸ਼ਾਂਤ ਮਹੌਲ ਵਿੱਚ, ਰਹਿ ਸਕੇ। ਪਰ, ਹੁਣ ਜੇ ਉਸ ਦਾ ਵਾਸਤਾ ਕਿਸੇ ਮਾੜੇ ਗੁਆਂਢੀ ਨਾਲ ਪੈ ਗਿਆ ਤਾਂ...!

ਸ਼ਾਮ ਨੂੰ ਜਦੋਂ ਉਹ ਬਗੀਚੇ ਵਿੱਚ ਕੁਰਸੀ ਡਾਹ ਕੇ ਬੈਠੀ ਤਾਂ ਨਵੇਂ ਗੁਆਂਢੀ ਕਿਰਾਏਦਾਰਾਂ ਦੇ ਰੌਲੇ-ਰੱਪੇ ਨੇ ਉਸ ਨੂੰ ਬੇਚੈਨ ਕਰ ਦਿੱਤਾ। ਕੁਦਰਤੀਂ, ਬਗੀਚੇ ਦੀ ਕੰਧ ਵੀ ਉਹਨਾਂ ਦੀ ਕੰਧ ਨਾਲ ਸਾਂਝੀ ਸੀ।

ਦੁਪਹਿਰ ਦੇ ਤਿੰਨ ਵਜੇ ਤੱਕ ਉਸਨੂੰ ਹਸਪਤਾਲ ਵਿੱਚ ਮਰੀਜ਼ਾਂ ਨਾਲ ਮਗਜ਼-ਖਪਾਈ ਕਰਨੀ ਪੈਂਦੀ ਸੀ। ਉਸ ਤੋਂ ਬਾਅਦ ਉਹ ਘਰ ਆ ਕੇ ਬੱਚਿਆਂ ਨੂੰ ਪੜ੍ਹਾਉਂਦੀ ਤੇ ਫਿਰ ਘਰ ਦੇ ਕੰਮਾਂ ਵਿੱਚ ਰੁੱਝ ਜਾਂਦੀ। ਰਾਤ ਦੇ ਖਾਣੇ ਦੀ ਤਿਆਰੀ ਤੋਂ ਪਹਿਲਾਂ ਇਹੋ ਹੀ ਕੁਝ ਪਲ ਉਸ ਦੇ ਆਪਣੇ ਹੁੰਦੇ ਸਨ। ਇਹਨਾਂ ਪਲਾਂ ਨੂੰ ਉਹ ਇਕੱਲਿਆਂ ਮਾਨਣਾ ਚਾਹੁੰਦੀ ਸੀ-ਦੋ ਘੜੀ ਸ਼ਾਂਤ-ਚਿੱਤ ਬੈਠ ਕੇ!

ਅੰਮ੍ਰਿਤਾ ਬਚਪਨ ਤੋਂ ਹੀ ਸ਼ਾਂਤੀ ਪਸੰਦ ਸੀ। ਛੋਟੇ ਹੁੰਦਿਆਂ ਉਹ ਉਂਨਾ ਕੁ ਹੀ ਪੜ੍ਹਦੀ ਸੀ ਜਿੰਨੀ ਪੜ੍ਹਾਈ ਨਾਲ ਚੰਗੇ ਨੰਬਰ ਆ ਜਾਣ-ਨਾ ਕਲਾਸ 'ਚ ਪਹਿਲੇ ਨੰਬਰ ਤੇ ਆਉਣ ਦੀ ਕੋਸ਼ਿਸ਼, ਤੇ ਨਾ ਹੀ ਸਕੂਲ ਦੀ ਕਿਸੇ ਹੋਰ ਗਤੀਵਿਧੀ `ਚ ਭਾਗ ਲੈਣਾ! ਜਦੋਂ ਮਾਂ ਨੇ ਸਮਝਾਇਆ ਕਿ ਕੁੜੀਆਂ ਨੂੰ ਘਰ ਦਾ ਕੰਮ ਵੀ ਕਰਨਾ ਪੈਂਦਾ ਹੈ, ਤਾਂ ਉਸ ਨੇ ਉੱਨਾ ਕੁ ਕੰਮ ਕਰਨਾ ਸ਼ੁਰੂ ਕਰ ਦਿੱਤਾ ਜਿੰਨੇ ਨਾਲ ਮਾਂ ਖ਼ੁਸ਼ ਰਹੇ। ਬਾਕੀ ਸਮਾਂ ਉਹ ਆਪਣੇ ਕਮਰੇ ਦੀਆਂ ਚੀਜ਼ਾਂ ਨੂੰ ਤਰਤੀਬ ’ਚ ਰੱਖਣ, ਘਰ ਦੇ ਫੁੱਲ-ਬੂਟਿਆਂ ਨੂੰ ਸੰਭਾਲਣ, ਤੇ ਗ਼ਜ਼ਲਾਂ ਸੁਣਨ 'ਚ ਗੁਜ਼ਾਰ ਦਿੰਦੀ।

ਦਸਵੀਂ 'ਚ ਜਦੋਂ ਸਮਝ ਆਈ ਕਿ ਜ਼ਿੰਦਗੀ ’ਚ ‘ਸੈਟਲ' ਵੀ ਹੋਣਾ ਹੁੰਦਾ ਹੈ ਤਾਂ ਇੰਨੀ ਕੁ ਪੜ੍ਹ ਲਈ ਕਿ ਐਮ.ਬੀ.ਬੀ.ਐਸ. ’ਚ ਦਾਖ਼ਲਾ ਮਿਲ ਗਿਆ। ਪਰ ਡਿਗਰੀ ਕਰਨ ਤੋਂ ਬਾਅਦ ਨਾ ਤਾਂ ਉਸ ਨੇ ਨਾਲ ਦਿਆਂ ਵਾਂਗ ਐਮ.ਡੀ. ਜਾਂ ਐਮ. ਐਸ. 'ਚ ਦਾਖ਼ਲੇ ਲਈ ਕੋਸ਼ਿਸ਼ ਕੀਤੀ, ਤੇ ਨਾ ਹੀ ਪ੍ਰਾਈਵੇਟ ਪ੍ਰੈਕਟਿਸ ਕੀਤੀ।

ਪੜ੍ਹਾਈ ਤੋਂ ਤੁਰੰਤ ਬਾਅਦ ਸਿਵਲ ਹਸਪਤਾਲ 'ਚ ਨੌਕਰੀ ਮਿਲ ਗਈ, ਤੇ ਛੇਤੀ ਹੀ ਡਾਕਟਰ ਮੁੰਡੇ ਨਾਲ ਵਿਆਹ ਹੋ ਗਿਆ। ਬੱਸ! ...ਇਸ ਤੋਂ ਵਧ ਕੇ ਉਸ ਅੰਦਰ ਕੋਈ ਮਹੱਤਵਾਕਾਂਕਸ਼ਾ ਨਹੀਂ ਸੀ! ਬਾਕੀ ਜ਼ਿੰਦਗੀ ਉਹ ਆਪਣੀ ਮਸਤੀ 'ਚ ਹੀ ਬਿਤਾਉਣਾ ਚਾਹੁੰਦੀ ਸੀ।

ਪਰ ਕੰਧ ਪਾਰਲੀਆਂ ਆਵਾਜ਼ਾਂ ਨੇ ਉਸ ਦੀ ਸ਼ਾਂਤੀ ਵਿੱਚ ਵਿਘਨ ਪਾ ਦਿੱਤਾ ਸੀ। ਉਸ ਨੂੰ ਇਨਸਾਨੀ ਆਵਾਜ਼ਾਂ ਦੇ ਨਾਲ-ਨਾਲ ਸਾਮਾਨ ਦੀਆਂ ਆਵਾਜ਼ਾਂ ਵੀ ਤੰਗ ਕਰ ਰਹੀਆਂ ਸਨ। ਉਸ ਨੂੰ ਲੱਗ ਰਿਹਾ ਸੀ ਕਿ ਸਾਰਾ ਸੰਸਾਰ ਕੰਧ ਦੇ ਪਾਰ ਇਕੱਠਾ ਹੋ ਕੇ ਉਸ ਨੂੰ ਮੌਲਿਕ ਅਧਿਕਾਰਾਂ ਤੋਂ ਵਾਂਝਿਆਂ ਕਰਨ ਦੀ ਸਾਜ਼ਿਸ਼ ਕਰ ਰਿਹਾ ਸੀ।

ਰਾਤ ਦਾ ਖਾਣਾ ਖਾਂਦੇ ਹੋਏ ਅੰਮ੍ਰਿਤਾ ਨੇ ਪਤੀ ਕੋਲ ਗੱਲ ਕੀਤੀ। ਪਰ ਪਤੀ ਦੇਵ ਨੇ ਸਾਰੀ ਸ਼ਿਕਾਇਤ ਨੂੰ ਸਿਰਫ "ਹੂੰ-ਹਾਂ" ਕਰ ਕੇ ਹੀ ਨਿਪਟਾ ਦਿੱਤਾ। ਡਾਕਟਰ ਸਾਹਿਬ ਨੂੰ ਪਤਾ ਸੀ ਕਿ ਅੰਮ੍ਰਿਤਾ ਦਾ ਇਹ ਅਲਾਪ ਕਈ ਦਿਨਾਂ ਤੱਕ ਜਾਰੀ ਰਹਿਣਾ ਸੀ। ਇਸ ਲਈ ਉਹਨਾਂ ਨੇ ਆਪਣੇ ਆਪ ਨੂੰ ਇਸ ਦੇ ਲਈ ਮਾਨਸਿਕ ਤੌਰ ਤੇ ਤਿਆਰ ਕਰ ਲਿਆ ਸੀ।

ਹੋਇਆ ਵੀ ਇੰਝ ਹੀ! ਜਦੋਂ ਵੀ ਅੰਮ੍ਰਿਤਾ ਬਗੀਚੇ ਵਿੱਚ ਜਾਂਦੀ ਤਾਂ ਉਸ ਨੂੰ ਮੱਧਮ ਤੋਂ ਮੱਧਮ ਆਵਾਜ਼ ਵੀਚੁਭ ਜਾਂਦੀ। ਗਲੀ ’ਚੋਂ ਲੰਘਦੇ ਸਕੂਟਰ ਮੋਟਰਸਾਇਕਲ ਤੇ ਕਾਰਾਂ ਦੀਆਂ ਆਵਾਜ਼ਾਂ-ਜਿੰਨ੍ਹਾਂ ਵੱਲ ਪਹਿਲਾਂ ਕਦੇ ਉਸ ਦਾ ਧਿਆਨ ਹੀ ਨਹੀਂ ਗਿਆ ਸੀ-ਤੇ ਵੀ ਉਸ ਨੂੰ ਖਿਝ ਚੜ੍ਹਨ ਲੱਗ ਪਈ ਸੀ।

"ਡਾਕਟਰ ਸਾਹਿਬ! ...," ਅੰਮ੍ਰਿਤਾ ਨੇ ਇੱਕ ਰਾਤ ਰੋਟੀ ਖਾਂਦਿਆਂ ਪਤੀ ਨਾਲ ਦੁਬਾਰਾ ਗੱਲ ਕਰਨ ਦੀ ਕੋਸ਼ਿਸ਼ ਕੀਤੀ।

"ਹੂੰ?"

"... ਜੇ ਆਪਾਂ ਘਰ ਬਦਲ ਲਈਏ?...."

"ਕਿਉਂ?" ਦਾਲ ਦੇ ਸਵਾਦ 'ਚ ਵਿਅਸਤ ਡਾਕਟਰ ਸਾਹਿਬ ਨੇ ਬਿਨਾ ਮੂੰਹ ਉੱਪਰ ਚੁੱਕਿਆਂ ਪੁੱਛਿਆ।

"ਏਥੇ ਸ਼ੋਰ ਬਹੁਤ ਐ! ... ਬੱਚਿਆਂ ਦੀ ਪੜ੍ਹਾਈ 'ਚ ਵਿਘਨ ਪੈਂਦੈ!"

"ਪਰ, ਤੂੰ ਹੀ ਤਾਂ ਪਹਿਲਾਂ ਕਹਿੰਦੀ ਸੀ ਕਿ ਇਹ ਏਰੀਆ ਸ਼ਹਿਰ 'ਚ ਸਭ ਤੋਂ ਵੱਧ ਸ਼ਾਂਤੀ ਵਾਲੈ!" ਗੱਲ ਕਰਨ ਦੇ ਨਾਲ-ਨਾਲ ਡਾਕਟਰ ਸਾਹਿਬ ਰੋਟੀ ਦੇ ਨਵਾਲੇ ਵੀ ਮੂੰਹ 'ਚ ਪਾਈ ਜਾ ਰਹੇ ਸਨ। "...ਪਹਿਲਾਂ ਸੀ! ਹੁਣ ਆਹ ਨਵੇਂ ਕਿਰਾਏਦਾਰਾਂ ਨੇ ਆ ਕੇ ਸਾਰੀ ਕਲੋਨੀ ਦੀ ਸ਼ਾਂਤੀ ਭੰਗ ਕਰ ’ਤੀ।" ਅੰਮ੍ਰਿਤਾ ਰੋਟੀ ਦੀ ਅਗਲੀ ਬੁਰਕੀ ਤੋੜਨ ਤੋਂ ਪਹਿਲਾਂ ਰੁਕ ਕੇ ਬੋਲੀ।

"ਹੂੰ!" ਕਹਿ ਕੇ ਡਾਕਟਰ ਸਾਹਿਬ ਨੇ ਦਾਲ ਦੀ ਕੌਲੀ ਖ਼ਤਮ ਕਰਕੇ ਪਾਸੇ ਰੱਖ ਦਿੱਤੀ, ਤੇ ਹੱਥ ਧੋਣ ਲਈ ਉੱਠ ਖੜ੍ਹੇ।

ਅੰਮ੍ਰਿਤਾ ਖਿਝ ਦਾ ਘੁੱਟ ਅੰਦਰ ਲੰਘਾ ਕੇ ਫਿਰ ਰੋਟੀ ਖਾਣ ਲੱਗ ਪਈ। ਉਸ ਨੂੰ ਪਤਾ ਸੀ ਕਿ ਡਾਕਟਰ ਸਾਹਿਬ ਨੇ ਉਸ ਦੀ ਗੱਲ ਨੂੰ ਸਿਰਫ ਟਰਕਾਇਆ ਹੀ ਸੀ।

ਹੁਣ ਘਰ ਵਿੱਚ ਹਰ ਗੱਲ ਘੁੰਮ-ਫਿਰ ਕੇ ਗੁਆਂਢੀਆਂ ਤੇ ਆ ਜਾਂਦੀ ਸੀ। ਜੇ ਉਬਾਲਣ ਲਈ ਰੱਖਿਆ ਦੁੱਧ ਨਿਕਲ ਜਾਂਦਾ, ਜੇ ਬੱਚਿਆਂ ਵਿੱਚੋਂ ਕੋਈ ਉਸ ਦੀ ਗੱਲ ਨਾ ਸੁਣਦਾ, ਜੇ ਸ਼ੀਲਾ ਆਉਣ ਲੱਗਿਆਂ ਦੇਰ ਕਰ ਦਿੰਦੀ, ਜਾਂ ਕੁਝ ਵੀ ਮਾੜਾ ਹੁੰਦਾ, ਤਾਂ ਉਸ ਦਾ ਦੋਸ਼ ਅੰਮ੍ਰਿਤਾ ਗੁਆਂਢੀਆਂ ਤੇ ਮੜ੍ਹ ਦਿੰਦੀ। ਉਹ ਗੱਲ-ਗੱਲ ਤੇ ਉਹਨਾਂ ਨੂੰ ਕੋਸਦੀ ਰਹਿੰਦੀ, ਤੇ ਘਰ ਦੇ ਬਾਕੀ ਜੀਅ ਅਣਸੁਣਿਆਂ ਕਰ ਦਿੰਦੇ।

ਸ਼ਾਮ ਨੂੰ ਜਦੋਂ ਬਗੀਚੇ ਵਿੱਚ ਬੈਠਿਆਂ ਕੰਧ ਪਾਰ ਤੋਂ ਆਵਾਜ਼ਾਂ ਜ਼ਿਆਦਾ ਆਉਣ ਲੱਗਦੀਆਂ ਤਾਂ ਅੰਮ੍ਰਿਤਾ ਉੱਠ ਕੇ ਅੰਦਰ ਚਲੀ ਜਾਂਦੀ। ਕਦੇ-ਕਦੇ ਆਵਾਜ਼ਾਂ ਦੇ ਬਾਵਜੂਦ ਉਹ ਉਥੇ ਹੀ ਕੁਰਸੀ ਡਾਹ ਕੇ ਬੈਠੀ ਰਹਿੰਦੀ। ਹੌਲੀ-ਹੌਲੀ ਉਸ ਨੂੰ ਕੰਧ ਪਾਰ ਤੋਂ ਬੱਚਿਆਂ ਦੇ ਰੋਣ ਦੀਆਂ, ਲੜਾਈ ਦੀਆਂ, ਉੱਚੀ ਬੋਲਣ ਦੀਆਂ ਆਵਾਜ਼ਾਂ ਆਮ ਲੱਗਣ ਲੱਗ ਪਈਆਂ- ਜਿਵੇਂ ਘਰ ਵਿੱਚ ਕੂਲਰ ਦੀਆਂ, ਪੱਖੇ ਦੀਆਂ ਜਾਂ ਨਾਲ ਦੇ ਕਮਰੇ 'ਚੋਂ ਟੈਲੀਵਿਜ਼ਨ ਦੀਆਂ ਆਵਾਜ਼ਾਂ ਨਾਲ ਕੋਈ ਵਿਘਨ ਨਹੀਂ ਪੈਂਦਾ।

ਇਕ ਦਿਨ, ਜਦੋਂ ਅੰਮ੍ਰਿਤਾ ਬਗੀਚੇ ਵਿੱਚ ਕੁਰਸੀ ਡਾਹ ਕੇ ਬੈਠੀ ਤਾਂ ਉਸ ਨੂੰ ਆਲੇ-ਦੁਆਲੇ ਸ਼ਾਂਤੀ ਪ੍ਰਤੀਤ ਹੋਈ।

ਕੁਝ ਹੀ ਦੇਰ ਬਾਅਦ ਉਸ ਨੂੰ ਇਹ ਸ਼ਾਂਤੀ ਅਜੀਬ ਲੱਗਣ ਲੱਗ ਪਈ।

ਅੰਮ੍ਰਿਤਾ ਇਕ ਦਮ ਉੱਠੀ, ਤੇ ਘਰੋਂ ਬਾਹਰ ਨਿਕਲ ਕੇ ਨਾਲ ਦੇ ਮਕਾਨ ਤੱਕ ਗਈ। ਉਥੇ ਗੇਟ ਨੂੰ ਜੰਦਰਾ ਲੱਗਿਆ ਹੋਇਆ ਸੀ।

ਉਸ ਨੇ ਸ਼ੁਕਰ ਮਨਾਇਆ ਕਿ ਬਹੁਤ ਸਮੇਂ ਬਾਅਦ ਅੱਜ ਉਹ ਸ਼ਾਂਤ ਚਿੱਤ ਬੈਠ ਸਕੇਗੀ।

ਜਦੋਂ ਉਹ ਦੁਬਾਰਾ ਬਗੀਚੇ ਵਿੱਚ ਆਈ ਤਾਂ ਉਸ ਨੇ ਫੁੱਲ-ਬੂਟਿਆਂ ਤੇ ਧਿਆਨ ਕੇਂਦਰਿਤ ਕਰਨ ਦੀ ਕੋਸ਼ਿਸ਼ ਕੀਤੀ। ਪਰ ਆਲੇ-ਦੁਆਲੇ ਪਸਰੀ ਚੁੱਪ ਉਸ ਨੂੰ ਬੇਚੈਨ ਕਰੀ ਜਾ ਰਹੀ ਸੀ।

ਥੋੜ੍ਹੀ ਦੇਰ ਬਾਅਦ ਉਸ ਨੂੰ ਆਲਾ-ਦੁਆਲਾ ਸੁੰਞਾ-ਸੁੰਞਾ ਲੱਗਣ ਲੱਗ ਪਿਆ। ਫਿਰ ਜਦੋਂ ਇਹ ਸ਼ਾਂਤੀ ਉਸ ਲਈ ਅਸਹਿ ਹੋ ਗਈ ਤਾਂ ਉਹ ਉੱਠ ਕੇ ਅੰਦਰ ਚਲੀ ਗਈ।  ਸ਼ਾਮ ਦਾ ਬਾਕੀ ਸਮਾਂ ਵੀ ਉਦਾਸੀ ਵਿੱਚ ਗੁਜ਼ਰਿਆ। ਉਸ ਨੂੰ ਆਪਣੀ ਕਲੋਨੀ ਕਿਸੇ ਬੀਤ ਚੁੱਕੇ ਸਮੇਂ ਦੀ ਨਿਸ਼ਾਨੀ ਲੱਗਣ ਲੱਗ ਪਈ। ਬਿਲਕੁਲ ਅਜਿਹਾ ਹੀ ਅਹਿਸਾਸ ਉਸ ਨੂੰ ਇੱਕ ਸਾਲ ਪਹਿਲਾਂ ਹੋਇਆ ਸੀ, ਜਦੋਂ ਉਹ ਮਾਂ ਦੇ ਮਰਨ ਤੋਂ ਬਾਅਦ ਪਹਿਲੀ ਵਾਰ ਪੇਕੇ ਗਈ ਸੀ।

ਅਗਲੀ ਸਵੇਰ ਜਦੋਂ ਸ਼ੀਲਾ ਕੰਮ ਤੇ ਆਈ ਤਾਂ ਅੰਮ੍ਰਿਤਾ ਨੇ ਨਾ ਚਾਹੁੰਦਿਆਂ ਵੀ ਉਸ ਤੋਂ ਪੁੱਛ ਹੀ ਲਿਆ, "ਆਹ, ਨਾਲ ਵਾਲੇ ਗੁਆਂਢੀ ਚਲੇ ਗਏ?"

ਸ਼ੀਲਾ ਨੂੰ ਸਾਰੇ ਮੁਹੱਲੇ ਦੀ ਖ਼ਬਰ ਰਹਿੰਦੀ ਸੀ, ਤੇ ਇਸੇ ਕਰਕੇ ਉਸਨੂੰ ਨਾਲ ਵਾਲੇ ਗੁਆਂਢੀਆਂ ਬਾਰੇ ਵੀ ਪਤਾ ਹੋਣਾ ਸੀ।

"ਨਹੀਂ, ਜੀ! ਗਏ ਤਾਂ ਨ੍ਹੀਂ! ਊਂ, ਜਾਣ ਨੂੰ ਕਹਿੰਦੇ ਨੇ!" "ਕਿਉਂ!?... ਐਨਾ ਵਧੀਆ ਮਕਾਨ ਐ, ਤੇ ਏਰੀਆ ਵੀ ਵਧੀਐ!"

‘‘ਪਰ, ਗਰੀਬ ਬੰਦੇ ਨੇ, ਬੀਬੀ ਜੀ! ਐਨਾ ਕਰਾਇਆ ਨ੍ਹੀਂ ਦੇ ਸਕਦੇ।"

"ਕੋਈ ਨ੍ਹੀਂ! ਇਹਨਾਂ ਨੂੰ ਕਹਿ-ਦੀ, ਮੈਂ ਮਕਾਨ ਮਾਲਕਣ ਨਾਲ ਗੱਲ ਕਰ ਲਊਂਗੀ, ਕਰਾਇਆ ਘੱਟ ਕਰਨ ਵਾਸਤੇ! ਐਹੋ ਜੇ ਮਕਾਨ ਕਿਤੇ ਮਿਲਦੇ ਨੇ ਸ਼ਹਿਰ 'ਚ!... ਮਕਾਨ ਮਾਲਕਣ ਨੇ ਵੀ, ਦੱਸ, ਸਾਰੇ ਪੈਸੇ ਇਹਨਾਂ ਤੋਂ ਈ ਲੈਣੇ ਨੇ! ਜਿਹੜੇ ਦੋ ਕਮਰੇ ਖਾਲੀ ਪਏ ਨੇ, ਉਹ ਕਿਸੇ ਹੋਰ ਨੂੰ ਕਿਰਾਏ ਤੇ ਦੇ ਕੇ ਪੈਸੇ ਪੂਰੇ ਕਰ ਲਵੇ!"

ਸ਼ੀਲਾ ਨੇ ਹੈਰਾਨੀ ਨਾਲ ਅੰਮ੍ਰਿਤਾ ਵੱਲ ਵੇਖਿਆ।

ਉਸ ਦੀਆਂ ਪ੍ਰਸ਼ਨ ਭਰੀਆਂ ਨਜ਼ਰਾਂ ਅੰਮ੍ਰਿਤਾ ਨੂੰ ਆਪਣੇ ਚਿਹਰੇ ਤੇ ਚੁਭੀਆਂ। "ਗਰੀਬ ਬੰਦੇ ਨੇ!... ਜੇ ਕਿਸੇ ਦਾ ਭਲਾ ਹੋ-ਜੂ ਤਾਂ ਆਪਣਾ ਕੀ ਜਾਂਦੈ।" ਕਹਿੰਦਿਆਂ ਅੰਮ੍ਰਿਤਾ ਕਾਹਲੀ ਨਾਲ ਕਮਰੇ 'ਚ ਵੜ ਗਈ।