ਪਾਕਿਸਤਾਨੀ/ਪਸੀਨੇ ਦੀ ਬਦਬੂ

ਵਿਕੀਸਰੋਤ ਤੋਂ
Jump to navigation Jump to search

ਪਸੀਨੇ ਦੀ ਬਦਬੂ

ਜੱਗੀ ਨੂੰ ਖੁਸ਼ੀ ਦੇ ਨਾਲ-ਨਾਲ ਬੇਯਕੀਨੀ ਵੀ ਸੀ। ਉਸਨੂੰ ਅਕਾਰਨ ਹੀ ਸ਼ੱਕ ਸੀ ਕਿ ਕਿਤੇ ਅਜਿਹਾ ਨਾ ਹੋਵੇ ਕਿ ‘ਬਣਦੇ' ਚਾਲੀ ਰੁਪਏ ਉਸਨੂੰ ਨਾ ਮਿਲਣ। ਕੰਮ ਤੋਂ ਬਾਅਦ ਰੁਪਏ ਹੱਥ ਵਿੱਚ ਫੜ ਕੇ ਉਸ ਨੂੰ ਕੁੱਝ ਤਸੱਲੀ ਹੋਈ।

ਅੱਜ ਫਿਰ ਉਹ ਸਵੇਰ ਦਾ ਚੌਂਕ ਵਿੱਚ ਖੜ੍ਹਾ ਕੰਮ ਨੂੰ ਉਡੀਕ ਰਿਹਾ ਸੀ। ਉਸਨੂੰ ਦਿਹਾੜੀ ਮਿਲਣ ਦੀ ਕੋਈ ਆਸ ਨਹੀਂ ਸੀ ਕਿਉਂਕਿ ਲਗਭਗ ਪਿਛਲੇ ਇੱਕ ਹਫਤੇ ਤੋਂ, ਜਦ ਤੋਂ ਉਸ ਨੇ ਕੰਮ ਸ਼ੁਰੂ ਕੀਤਾ ਸੀ, ਇਸੇ ਤਰ੍ਹਾਂ ਹੁੰਦਾ ਆ ਰਿਹਾ ਸੀ। ਪਰ ਫਿਰ ਵੀ ਉਹ ਖੜ੍ਹਾ ਸੀ, ਬੇਆਸ ਹੋਇਆ! ਕੁਦਰਤੀਂ ਉਸ ਨੂੰ ਅੱਧੀ ਦਿਹਾੜੀ ਲਈ ਕੰਮ ਮਿਲ ਹੀ ਗਿਆ। ਉਸ ਨੇ ਰੁਪਏ ਖੀਸੇ ਵਿੱਚ ਪਾਏ ਤੇ ਤੁਰ ਪਿਆ। 'ਸ਼ਰੀਰ ਤੇ ਪਸੀਨਾ ਤੇ ਖੀਸੇ ਵਿੱਚ ਚਾਲੀ ਰੁਪਏ' ਵੱਲ ਧਿਆਨ ਜਾਣ ਤੇ ਉਸਨੂੰ ਆਪਣਾ ਆਪ ਮਰਦ ਮਹਿਸੂਸ ਹੋਇਆ। ਉਸ ਨੂੰ ਅਪਣੇ ਪਸੀਨੇ ਦੀ ਬਦਬੂ ਚੰਗੀ-ਚੰਗੀ ਲੱਗੀ। ਅਜਿਹੀ ਆਕਰਸ਼ਕ ਬਦਬੂ ਉਸਦੇ ਬਾਪ ਦੇ ਸ਼ਰੀਰ ਵਿੱਚੋਂ ਆਇਆ ਕਰਦੀ ਸੀ। ਜਦੋਂ ਵੀ ਉਹ ਖੇਡ-ਕੁੱਦ ਕੇ ਘਰ ਵੜਦਾ ਸੀ ਤਾਂ ਉਸ ਨੂੰ ਅਪਣੇ ਪਸੀਨੇ ਦੀ ਬਦਬੂ ਬਹੁਤ ਭੈੜੀ ਲੱਗਦੀ ਸੀ। ਉਸ ਦੇ ਬਾਪ ਦੇ ਪਸੀਨੇ ਦੀ ਬਦਬੂ ਤਾਂ ਇਸ ਨਾਲੋਂ ਕਿਤੇ ਵੱਖਰੀ ਸੀ। ਪਰ ਅੱਜ ਪਹਿਲੀ ਵਾਰ ਉਸ ਨੂੰ ਅਪਣੇ ਆਪ ਵਿੱਚੋਂ ਇਹੋ ਜਿਹੀ ਬਦਬੂ ਆ ਰਹੀ ਸੀ। ਤੁਰਦਿਆਂ, ਧਰਤੀ ਤੇ ਉਸਨੂੰ ਅਪਣਾ ਆਪ ਕੁਝ ਅਰਥ ਭਰਪੂਰ ਲੱਗਿਆ-ਬਿਲਕੁਲ ਅਪਣੇ ਬਾਪ ਵਾਂਗ!

ਉਸ ਨੂੰ ਖੁਸ਼ੀ ਸੀ ਕਿ ਅੱਜ ਉਹ ਘਰ ਵਿੱਚ ਬਾਕੀ ਬੱਚਿਆਂ ਵਾਂਗ ਅਣਗੌਲਿਆ ਨਹੀਂ ਰਹੇਗਾ। ਅੱਜ ਉਹ ਅਜ਼ਾਦ ਸੀ-ਨਾ ਤਾਂ ਹੁਣ ਉਸ ਨੂੰ ਬਾਪ ਦੀਆਂ ਨਜ਼ਰਾਂ ਤੋਂ ਬਚਕੇ ਰਹਿਣ ਦੀ ਲੋੜ ਸੀ ਤੇ ਨਾ ਹੀ ਘਰ ਵਿੱਚ ਕਿਸੇ ਨੂੰ ਹੁਕਮ ਲਾਉਣੋਂ ਡਰ ਲੱਗਣਾ ਸੀ। ਅੱਜ ਤਾਂ ਸਗੋਂ ਸਾਰਿਆਂ ਨੇ ਉਸ ਦੀ ਮਰਜ਼ੀ ਵਿੱਚ ਉਸ ਦਾ ਸਾਥ ਦੇਣਾ ਸੀ। ਹਰੇਕ ਲਈ ਕੁਝ ਨਾ ਕੁਝ ਖਰੀਦਣ ਦੇ ਇਰਾਦੇ ਨਾਲ ਉਹ ਬਜ਼ਾਰ ਵੱਲ ਮੁੜ ਪਿਆ। ਅਪਣੇ ਦਿਮਾਗ ਵਿੱਚ ਹੀ ਉਹ ਚੀਜ਼ਾਂ ਦੇ ਹਿਸਾਬ ਨਾਲ ਚਾਲੀ ਰੁਪਏ ਵੰਡੀ ਜਾ ਰਿਹਾ ਸੀ। ਇਕ ਸੇਲ ਵਿੱਚ ਖੜ੍ਹ ਕੇ ਉਹ ਕੱਪੜੇ ਵੇਖਣ ਲੱਗ ਪਿਆ। "ਹਾਂ ਜੀ, ਦੱਸੋ," ਦੁਕਾਨਦਾਰ ਉਸਦੇ ਨਾਲ ਆਦਰ ਭਰੇ ਅੰਦਾਜ਼ ਵਿੱਚ ਬੋਲਿਆ। "ਕਿੰਨੇ-ਕਿੰਨੇ ਦੀ ਲਾਈ ਐ," ਜੱਗੀ ਇੱਕ ਟੀ-ਸ਼ਰਟ ਵੇਖ ਰਿਹਾ ਸੀ।

"ਸੱਤਰ ਰੁਪਏ ਦੀ"

"ਸੱਤਰ ਰੁਪਏ ਦੀ........?" "ਤੁਸੀਂ ਦੱਸ ਦਿਉ ਫਿਰ!"

"ਮੈਂ ਕੀ ਦੱਸਾਂ, ਯਾਰ!..... ਤੂੰ ਮਹਿੰਗੀ ਹੀ ਬੜੀ ਲਾਉਨੈਂ!" ਦਬਦੀ ਅਵਾਜ਼ ਵਿੱਚ ਬੋਲਦਿਆਂ ਉਹ ਟੀ-ਸ਼ਰਟ ਦਾ ਕੱਪੜਾ ਵੇਖਣ ਲੱਗ ਪਿਆ, ਭਾਵੇਂ ਉਸ ਨੂੰ ਕੱਪੜੇ ਬਾਰੇ ਭੋਰਾ ਵੀ ਜਾਂਚ ਨਹੀਂ ਸੀ। ਉਹ ਕੱਪੜੇ ਤੇ ਹੱਥ ਫੇਰਦਾ ਰਿਹਾ ਤੇ ਸੋਚਦਾ ਰਿਹਾ।

ਦੁਕਾਨਦਾਰ ਹੋਰ ਗ੍ਰਾਹਕਾਂ ਨੂੰ ਨਿਪਟਾਉਣ ਲੱਗ ਪਿਆ।

ਬਾਕੀ ਗ੍ਰਾਹਕਾਂ ਨਾਲ ਦੁਕਾਨਦਾਰ ਦਾ ਆਦਰ ਭਰਿਆ ਨਜ਼ਰੀਆ ਅਤੇ ਖ਼ੁਦ ਨੂੰ ਅਣਗੌਲਿਆਂ ਵੇਖ ਜੱਗੀ ਨੂੰ ਬੇਇੱਜ਼ਤੀ ਮਹਿਸੂਸ ਹੋਈ। ਜਦੋਂ ਉਹ ਉਥੋਂ ਤੁਰਿਆ ਤਾਂ ਦੁਕਾਨਦਾਰ ਨੇ ਪਿੱਛੋਂ ਅਵਾਜ਼ ਦਿੱਤੀ ਕੀ "ਗੱਲ?"

"ਓ ਬੱਸ ਯਾਰ .... ਤੇਰਾ ਰੇਟ ਈ ਨੀ ਸਹੀ!" ਜੱਗੀ ਨੇ ਬਿਨਾਂ ਮੁੜਿਆਂ ਜਵਾਬ ਦਿੱਤਾ ਤੇ ਫਿਰ ਕਾਹਲ ਨਾਲ ਤੁਰ ਪਿਆ। ਪਿੱਛੋਂ ਦੁਕਾਨਦਾਰ ਕੁਝ ਬੁੜਬੁੜਾਇਆ, ਜਿਸ ਦੀ ਜੱਗੀ ਨੂੰ ਸਮਝ ਤਾਂ ਨਹੀਂ ਪਈ, ਪਰ ਉਹ ਬੇਇੱਜ਼ਤੀ ਮਹਿਸੂਸ ਕਰਕੇ ਅਪਣੇ ਆਪ ਵਿੱਚ ਹੀ ਘੁਟ ਗਿਆ।

ਛੇਤੀ ਹੀ ਉਸ ਦੇ ਅੰਦਰੋਂ ਇੱਕ ਅਣਜਾਣ ਖ਼ੁਸ਼ੀ ਦਾ ਫੁਹਾਰਾ ਫੁੱਟਿਆ, ਜਿਸਨੇ ਉਸਨੂੰ ਫਿਰ ਖੋਲ੍ਹ ਦਿੱਤਾ। ਫਿਰ ਉਸ ਨੇ ਇਰਾਦਾ ਕੀਤਾ ਕਿ ਬਿਨਾ ਕੋਈ ਚੀਜ਼ ਖਰੀਦਿਆਂ ਚਾਲੀ ਦੇ ਚਾਲੀ ਰੁਪਏ ਉਹ ਬੇਬੇ ਦੇ ਹੱਥ ਉੱਤੇ ਧਰ ਦੇਵੇਗਾ।

ਤੁਰੇ ਜਾਂਦਿਆਂ ਉਹ ਸੋਚ ਰਿਹਾ ਸੀ ਕਿ ਅੱਜ ਤਾਂ ਬੇਬੇ ਵੀ ਉਸ ਨੂੰ ਪੁੱਤ-ਪੁੱਤ ਕਰਦੀ ਨਹੀਂ ਥੱਕੇਗੀ। ਜਦੋਂ ਉਹ ਛੋਟੀਆਂ ਭੈਣਾ ਕੋਲੋਂ ਪਾਣੀ ਦਾ ਗਲਾਸ ਮੰਗੇਗਾ, ਜੇਕਰ ਉਹਨਾਂ ਨੇ ਨਾਂਹ-ਨੁੱਕਰ ਕੀਤੀ ਤਾਂ ਬੇਬੇ ਉਹਨਾਂ ਨੂੰ ਡਾਂਟੇਗੀ, "ਨੀ, ਥੋਨੂੰ ਸ਼ਰਮ ਨਹੀਂ ਆਉਂਦੀ! ਵੀਰ ਥੋਡਾ ਥੱਕ ਹਾਰ ਕੇ ਆਇਐ, ਤੁਸੀਂ ਪਾਣੀ ਦਾ ਗਲਾਸ ਵੀ ਨੀ ਦੇ ਸਕਦੀਆਂ!" ਪਰ ਉਹ ਆਪ "ਚਲ, ਛੱਡ, ਜਬਾਕੜੀਆਂ ਨੇ!" ਕਹਿ ਕੇ ਬੇਬੇ ਨੂੰ ਚੁੱਪ ਕਰਵਾ ਦੇਵੇਗਾ। ਫਿਰ ਉਸ ਲਈ ਖ਼ਾਸ ਬਿਸਤਰਾ ਵਿਛਾਇਆ ਜਾਵੇਗਾ ਤੇ ਉਸ ਨੂੰ ਪੀਣ ਲਈ ਦੁੱਧ ਵੀ ਥੋੜ੍ਹਾ ਵੱਧ ਮਿਲੇਗਾ। ਪਰ ਉਹ ਅੱਧਾ ਪੀ ਕੇ ਬਾਕੀ ਛੋਟੇ ਭਰਾ ਨੂੰ ਫੜਾ ਦੇਵੇਗਾ। ਬੇਬੇ ਉਸ ਨੂੰ ਟੋਕੇਗੀ, "ਇਹ ਤਾਂ ਸਾਰਾ ਦਿਨ ਖਾਂਦਾ ਪੀਂਦਾ ਨਹੀਂ ਥੱਕਦਾ, ਇਹਨੂੰ ਕਾਹਨੂੰ ਫੜਾ ਤਾ ਦੁੱਧ!"

"ਓ ਚੱਲ, ਕੋਈ ਨੀ, ਬੇਬੇ! ਜੇ ਖਾਊ-ਪੀਊ, ਤਾਂ ਹੀ ਤਕੜਾ ਹੋਊ।"

ਤੇ ਫਿਰ ਜੇ ਛੋਟਿਆਂ ਵਿੱਚੋਂ ਕਿਸੇ ਨੇ ਸ਼ਰਾਰਤ ਕੀਤੀ ਤਾਂ ਬੇਬੇ ਉਸ ਕੋਲ ਉਹਨਾਂ ਦੀ ਸ਼ਿਕਾਇਤ ਕਰੇਗੀ ਅਤੇ ਉਸ ਦੀ ਇੱਕ ਝਿੜਕ ਨਾਲ ਉਹ ਟਿਕ ਕੇ ਬੈਠ ਜਾਣਗੇ।

ਗਲੀ ਦੇ ਸਿਰੇ ਤੋਂ ਹੀ ਅਪਣੇ ਘਰ ਦਾ ਗੇਟ ਦਿਸਦਿਆਂ ਜੱਗੀ ਦੇ ਕਦਮ ਕਾਹਲੇ ਹੋ ਗਏ। ਤੁਰੇ ਜਾਂਦਿਆਂ ਉਸ ਨੇ ਆਪਣਾ ਹੱਥ ਖੀਸੇ ਵਿੱਚ ਪਾਇਆ, ਪਰ ਉਸ ਦੀਆਂ ਅੱਖਾਂ ਅਤੇ ਮੂੰਹ ਅੱਡੇ ਰਹਿ ਗਏ ਤੇ ਉਸਦੇ ਦਿਲ ਦੀ ਧੜਕਨ ਤੇਜ਼ ਹੋ ਗਈ।

ਉਸਦਾ ਹੱਥ ਫਟੇ ਹੋਏ ਖੀਸੇ ਦੇ ਪਾਰ ਲੰਘ ਗਿਆ ਸੀ। ਪੈਸੇ ਪਾਉਣ ਲੱਗਿਆਂ ਉਸਨੂੰ ਖੀਸੇ ਦੇ ਫਟੇ ਹੋਣ ਦਾ ਧਿਆਨ ਹੀ ਨਹੀਂ ਰਿਹਾ ਸੀ।

ਸਾਰੀ ਗੱਲ ਸਮਝ ਆ ਜਾਣ ਦੇ ਬਾਵਜੂਦ ਵੀ ਉਹ ਵਾਰ-ਵਾਰ ਖੀਸੇ ਵਿੱਚ ਹੱਥ ਮਾਰਦਾ ਰਿਹਾ। ਉਸਨੇ ਸਾਰੇ ਕੁੜਤੇ ਨੂੰ ਫਰੋਲ ਛੱਡਿਆ।

ਜ਼ਮੀਨ ਤੇ ਨਿਗ੍ਹਾ ਮਾਰਦਿਆਂ ਉਹ ਗਲੀ ਦੇ ਮੋੜ ਤੱਕ ਗਿਆ। ਪਰ ਫਿਰ ਵਾਪਸ ਮੁੜ ਆਇਆ। ਉਸਨੂੰ ਪਤਾ ਸੀ ਕਿ ਹੁਣ ਪੈਸੇ ਨਹੀਂ ਸਨ ਲੱਭਣੇ।

ਉਸਨੂੰ ਅਪਣੇ ਸ਼ਰੀਰ ਦੇ ਕੱਪੜਿਆਂ ਵਿੱਚੋਂ ਭੈੜੀ ਜਿਹੀ ਬਦਬੂ ਆਈ ਜੋ ਉਸ ਨੂੰ ਖੇਡਣ ਤੋਂ ਬਾਅਦ ਆਪਣੇ ਪਸੀਨੇ 'ਚੋਂ ਆਇਆ ਕਰਦੀ ਸੀ।