ਪਾਦਰੀ ਸੇਰਗਈ/4

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਲਿਖਤ ਨੂੰ ਸੁਣੋ (ਮਦਦ | ਡਾਊਨਲੋਡ)
4

ਸੇਰਗਈ ਦੇ ਇਕਾਂਤਵਾਸ ਦੇ ਛੇਵੇਂ ਸਾਲ ਵਿਚ ਸ਼ਰਵਟਾਇਡ ਤਿਉਹਾਰ ਦੇ ਮੌਕੇ ਉਤੇ ਨੇੜਲੇ ਸ਼ਹਿਰ ਦੇ ਕੁਝ ਧਨੀ ਲੋਕ ਮੌਜ-ਮੇਲਾ ਮਨਾਉਣ ਲਈ ਇਕੱਠੇ ਹੋਏ। ਰੂਸੀ ਪੂੜਿਆਂ ਤੇ ਸ਼ਰਾਬ ਦੀ ਦਾਅਵਤ ਤੋਂ ਪਿਛੋਂ ਸਾਰੇ ਆਦਮੀ ਤੇ ਔਰਤਾਂ ਸਲੈਜਾਂ ਵਿਚ ਸੈਰ-ਸਪਾਟੇ ਲਈ ਚੱਲ ਪਏ। ਇਹਨਾਂ ਵਿਚ ਦੋ ਵਕੀਲ ਸਨ, ਇਕ ਧਨਾਢ ਜ਼ਿਮੀਂਦਾਰ, ਇਕ ਅਫਸਰ ਤੇ ਚਾਰ ਔਰਤਾਂ ਸਨ। ਇਕ ਅਫਸਰ ਦੀ ਅਤੇ ਦੁਸਰੀ ਜ਼ਿਮੀਂਦਾਰ ਦੀ ਬੀਵੀ ਸੀ, ਤੀਸਰੀ ਜ਼ਿਮੀਂਦਾਰ ਦੀ ਕੁਆਰੀ ਭੈਣ ਤੇ ਚੌਥੀ ਇਕ ਬਹੁਤ ਹੀ ਸੋਹਣੀ ਤੇ ਧਨਾਢ ਔਰਤ ਸੀ। ਜਿਸਦਾ ਤਲਾਕ ਹੋ ਚੁਕਾ ਸੀ। ਉਹ ਬੜੀ ਅਜੀਬ ਜਿਹੀ ਔਰਤ ਸੀ ਤੇ ਆਪਣੇ ਰੰਗ-ਢੰਗ ਨਾਲ ਸ਼ਹਿਰਵਾਸੀਆਂ ਨੂੰ ਚਕ੍ਰਿਤ ਕਰਦੀ ਰਹਿੰਦੀ ਸੀ ਤੇ ਸਨਸਨੀ ਪੈਦਾ ਕਰਦੀ ਰਹਿੰਦੀ ਸੀ।

ਮੌਸਮ ਬਹੁਤ ਹੀ ਸੁਹਾਵਣਾ ਸੀ, ਸੜਕ ਸਾਫ ਸਪਾਟ ਸੀ। ਸ਼ਹਿਰ ਤੋਂ ਕੋਈ ਦਸ ਕੁ ਵਰਸਟ ਦੂਰ ਉਹਨਾਂ ਨੇ ਸਲੈੱਜਾਂ ਰੋਕੀਆਂ ਤੇ ਇਹ ਸਲਾਹ ਕਰਨ ਲਗੇ-ਅੱਗੇ ਚਲਿਆ ਜਾਏ ਜਾਂ ਵਾਪਸ।

"ਇਹ ਸੜਕ ਕਿਹੜੇ ਪਾਸੇ ਜਾਂਦੀ ਹੈ?" ਤਲਾਕ-ਸ਼ੁਦਾ ਸੁੰਦਰੀ ਮਾਕੋਵਕੀਨਾ ਨੇ ਪੁੱਛਿਆ।

"ਤਾਮਬੀਨੋ, ਇਥੋਂ ਬਾਰ੍ਹਾਂ ਵਰਸਟ ਹੈ, " ਉਸ ਦੇ ਆਸ਼ਕ ਵਕੀਲ ਨੇ ਕਿਹਾ।

"ਉਸ ਤੋਂ ਪਿਛੋਂ?"

"ਉਸ ਤੋਂ ਪਿਛੋਂ ਇਹ ਸੜਕ ਮਠ ਦੇ ਕੋਲੋਂ ਦੀ ਲੰਘਦੀ ਹੋਈ ਜਾਂਦੀ ਹੈ।"

"ਉਸੇ ਮਠ ਦੇ ਕੋਲੋਂ ਦੀ ਜਿਥੇ ਇਹ ਪਾਦਰੀ ਸੈਰਰਈ ਰਹਿੰਦਾ ਹੈ। "ਹਾਂ"

"ਕਸਾਤਸਕੀ? ਉਹ ਹੀ ਸੋਹਣਾ ਇਕਾਂਤਵਾਸੀ?"

"ਹਾਂ"

"ਬੀਬੀਓ ਤੇ ਸੱਜਣੋ! ਅਸੀਂ ਕਸਾਤਸਕੀ ਕੋਲ ਚਲਦੇ ਹਾਂ। ਤਾਮਬੀਨੋ ਹੀ ਕੁਝ ਖਾਵਾਂਗੇ, ਪੀਵਾਂਗੇ, ਆਰਾਮ ਕਰਾਂਗੇ।"

"ਪਰ ਫਿਰ ਰਾਤ ਹੁੰਦਿਆਂ ਤਕ ਅਸੀਂ ਘਰ ਵਾਪਸ ਨਹੀਂ ਜਾ ਸਕਾਂਗੇ।"

"ਕੋਈ ਗੱਲ ਨਹੀਂ, ਕਸਾਤਸਕੀ ਕੋਲ ਹੀ ਰਾਤ ਕੱਟਾਂਗੇ।"

"ਹਾਂ, ਉਥੇ ਮਠ ਦਾ ਇਕ ਚੰਗਾ ਹੋਸਟਲ ਵੀ ਹੈ। ਮਾਖੀਨ ਦੇ ਮੁਕੱਦਮੇ ਦੀ ਪੈਰਵੀ ਕਰਦੇ ਸਮੇਂ ਮੈਂ ਉਥੇ ਹੀ ਰਿਹਾ ਸਾਂ।"

"ਨਹੀਂ, ਮੈਂ ਤਾਂ ਕਸਾਤਸਕੀ ਕੋਲ ਹੀ ਰਾਤ ਕੱਟਾਂਗੀ।"

"ਆਪਣੀ ਸਰਬ-ਸ਼ਕਤੀਮਾਣਤਾ ਦੇ ਬਾਵਜੂਦ ਵੀ ਤੁਹਾਡੇ ਲਈ ਐਸਾ ਕਰ ਸਕਣਾ ਨਾਮੁਮਕਿਨ ਹੈ।"

"ਨਾਮੁਮਕਿਨ ਹੈ, ਤਾਂ ਸ਼ਰਤ ਹੋ ਜਾਏ।"

"ਹੋ ਜਾਏ। ਜੇ ਤੁਸੀਂ ਉਸ ਕੋਲ ਰਾਤ ਕੱਟ ਲਵੋ ਤਾਂ ਜੋ ਮੰਗੋਗੇ, ਉਹੀ ਦੇਵਾਂਗਾ।"

"ਪੱਕੀ ਗੱਲ।"

"ਤੇ ਤੁਸੀਂ ਵੀ ਇਸੇ ਤਰ੍ਹਾਂ ਹੀ ਕਰੋਗੇ।"

"ਹਾਂ, ਹਾਂ। ਤਾਂ ਚਲੋ।

ਉਹਨਾਂ ਨੇ ਕੋਚਵਾਨਾਂ ਨੂੰ ਸ਼ਰਾਬ ਪਿਆਈ ਅਤੇ ਆਪਣੇ ਲਈ ਕੇਕਾਂ, ਸ਼ਰਾਬ ਦੀਆਂ ਬੋਤਲਾਂ ਅਤੇ ਟਾਫੀਆਂ ਨਾਲ ਭਰੀ ਇਕ ਟੋਕਰੀ ਨਾਲ ਲੈ ਲਈ। ਔਰਤਾਂ ਆਪਣੇ ਫਰ ਕੋਟਾਂ ਵਿਚ ਗੁੱਛਾ-ਮੁੱਛਾ ਜਿਹੀਆਂ ਹੋ ਗਈਆਂ। ਕੋਚਵਾਨ ਆਪਸ ਵਿਚ ਬਹਿਸਣ ਲਗੇ ਕਿ ਸਭ ਤੋਂ ਅੱਗੇ ਕਿਸ ਦੀ ਸਲੈੱਜ ਹੋਵੇਗੀ। ਉਹਨਾਂ ਵਿਚ ਇਕ, ਜਿਹੜਾ ਜਵਾਨ ਸੀ, ਸ਼ਾਨ ਨਾਲ ਆਪਣੀ ਸੀਟ ਉਤੇ ਇਕ ਪਾਸੇ ਮੁੜਿਆ, ਉਸਨੇ ਆਪਣਾ ਲੰਮਾ ਚਾਬੁਕ ਉਲਾਰਿਆ ਅਤੇ ਚਿੱਲਾ ਕੇ ਘੋੜੇ ਨੂੰ ਹੱਕਿਆ। ਘੋੜੇ ਦੀਆਂ ਟੱਲੀਆਂ ਟਨਟਨਾ ਉਠੀਆਂ ਅਤੇ ਸਲੈੱਜ ਦੇ ਹੇਠਲੇ ਹਿੱਸੇ ਜ਼ੋਰ ਨਾਲ ਘਸੀਟੇ ਜਾਣ ਲਗੇ।

ਸਲੈੱਜਾਂ ਕੁਝ ਕੁਝ ਕੰਬ ਰਹੀਆਂ ਸਨ, ਹਿਚਕੋਲੇ ਖਾ ਰਹੀਆਂ ਸਨ। ਪਾਸੇ ਦਾ ਘੋੜਾ ਬੜੀ ਤੇਜ਼ੀ ਅਤੇ ਇਕ-ਤਾਰੇ ਆਪਣੀ ਬਨ੍ਹੀ ਹੋਈ ਪੂਛ ਨੂੰ ਸੋਹਣੇ ਸਾਜ ਤੋਂ ਉਪਰ ਚੁੱਕੀ ਫਟਾ-ਫਟ ਦੌੜੀ ਜਾ ਰਿਹਾ ਸੀ। ਸਾਫ-ਸਪਾਟ ਰਸਤਾ ਤੇਜ਼ੀ ਨਾਲ ਪਿਛੇ ਰਹਿੰਦਾ ਜਾ ਰਿਹਾ ਸੀ। ਬਾਂਕਾ ਨੌਜਵਾਨ ਲਗਾਮਾਂ ਨਾਲ ਖੇਡਾਂ ਜਿਹੀਆਂ ਕਰ ਰਿਹਾ ਸੀ। ਮਾਕੋਵਕਿਨਾ ਤੇ ਉਸਦੇ ਪਾਸੇ ਬੈਠੀ ਔਰਤ ਦੇ ਸਾਹਮਣੇ ਬੈਠਾ ਵਕੀਲ ਤੇ ਅਫਸਰ ਕੁਝ ਬਕ-ਬਕ ਕਰਦੇ ਜਾ ਰਹੇ ਸਨ। ਖੁਦ ਮਾਕੇਵਕਿਨਾ ਫ਼ਰ ਕੋਟ ਵਿਚ ਗੁੱਛਾ-ਮੁੱਛਾ ਹੋਈ, ਅਹਿੱਲ ਬੈਠੀ ਹੋਈ ਸੋਚ ਰਹੀ ਸੀ: "ਹਮੇਸ਼ਾ ਇਹੋ ਕੁਝ ਹੀ ਹੁੰਦਾ ਹੈ, ਇਸੇ ਤਰ੍ਹਾਂ ਦੀ ਗੰਦਗੀ ਨਾਲ ਵਾਹ ਪਿਆ ਰਹਿੰਦੈ। ਸ਼ਰਾਬ ਤੇ ਤੰਬਾਕੂ ਦੀ ਬਦਬੂ ਵਾਲੇ ਚਮਕਦੇ ਲਾਲ ਚਿਹਰੇ, ਉਹੀ ਇਕੋ ਤਰ੍ਹਾਂ ਦੇ ਲਫ਼ਜ਼, ਉਹੀ ਇਕੋ ਤਰ੍ਹਾਂ ਦੇ ਵਿਚਾਰ ਤੇ ਸਭ ਕੁਝ ਗੰਦਗੀ ਦੇ ਆਸ-ਪਾਸ ਹੀ ਚੱਕਰ ਕੱਟਦਾ ਰਹਿੰਦੈ। ਇਹ ਸਭ ਇਸ ਨਾਲ ਖੁਸ਼ ਹਨ; ਇਹਨਾਂ ਨੂੰ ਇਸ ਗੱਲ ਦਾ ਯਕੀਨ ਵੀ ਹੈ ਕਿ ਇਸੇ ਤਰ੍ਹਾਂ ਹੋਣਾ ਚਾਹੀਦਾ ਹੈ ਤੇ ਇਹ ਜ਼ਿੰਦਗੀ ਭਰ ਇਸੇ ਤਰ੍ਹਾਂ ਜਿਉ ਵੀ ਸਕਦੇ ਹਨ। ਪਰ ਮੈਂ ਇਸ ਤਰ੍ਹਾਂ ਨਹੀਂ ਕਰ ਸਕਦੀ, ਮੈਨੂੰ ਅਕੇਵਾਂ ਮਹਿਸੂਸ ਹੁੰਦਾ ਹੈ। ਮੈਂ ਤਾਂ ਐਸਾ ਚਾਹੁੰਦੀ ਹਾਂ ਕਿ ਇਹ ਸਭ ਕੁਝ ਤਬਾਹ ਹੋ ਜਾਏ, ਉਲਟ-ਪੁਲਟ ਜਾਏ। ਬੇਸ਼ਕ ਕੁਝ ਉਸੇ ਤਰ੍ਹਾਂ ਦੀ ਚੀਜ਼ ਹੋ ਜਾਏ, ਜਿਸ ਤਰ੍ਹਾਂ ਦੀ ਕਿ ਸ਼ਾਇਦ ਸਰਾਤੋਵ ਵਿਚ ਹੋਈ ਸੀ; ਉਹ ਲੋਕ ਕਿਤੇ ਚਲ ਪਏ ਤੇ ਠੰਡ ਵਿਚ ਜੰਮ ਕੇ ਰਹਿ ਗਏ। ਐਸੀ ਹਾਲਤ ਵਿਚ ਸਾਡੇ ਲੋਕ ਕੀ ਕਰਦੇ? ਕਿਸ ਤਰ੍ਹਾਂ ਦਾ ਵਿਹਾਰ ਹੁੰਦਾ ਇਹਨਾਂ ਦਾ? ਸ਼ਾਇਦ, ਬਹੁਤ ਹੀ ਘਟੀਆ। ਹਰ ਕੋਈ ਆਪਣੀ ਹੀ ਸੋਚਦਾ। ਹਾਂ, ਖ਼ੁਦ ਮੈਂ ਵੀ ਘਟੀਆਪਣ ਹੀ ਦਿਖਾਉਂਦੀ। ਪਰ ਘੱਟੋ ਘੱਟ ਮੈਂ ਖੂਬਸੂਰਤ ਤਾਂ ਹਾਂ। ਇਹ ਏਨਾ ਤਾਂ ਜਾਣਦੇ ਹੀ ਹਨ ਅਤੇ ਉਹ ਸੰਨਿਆਸੀ? ਕੀ ਉਹ ਹੁਣ ਇਹ ਚੀਜ਼ ਨਹੀਂ ਸਮਝਦਾ? ਨਹੀਂ; ਐਸਾ ਨਹੀਂ ਹੋ ਸਕਦਾ। ਇਹੋ ਤਾਂ ਇਕ ਚੀਜ਼ ਹੈ, ਜੋ ਉਹ ਸਮਝਦੇ ਹਨ। ਪੱਤਝੜ ਦੇ ਦਿਨਾਂ ਵਿਚ ਉਸ ਕੈਡੇਟ ਦੀ ਤਰ੍ਹਾਂ। ਕੈਸਾ ਉੱਲੂ ਸੀ ਉਹ..."

"ਈਵਾਨ ਨਿਕੋਲਾਈਵਿਚ" ਉਹ ਬੋਲੀ।

"ਕੀ ਹੁਕਮ ਹੈ ਸਰਕਾਰ?"

"ਕਿੰਨੀ ਉਮਰ ਹੈ ਉਸਦੀ?"

"ਕਿਸ ਦੀ?"

"ਕਸਾਤਸਕੀ ਦੀ?"

"ਮੇਰੇ ਖਿਆਲ ਵਿਚ ਚਾਲ੍ਹੀ ਤੋਂ ਕੁਝ ਉਪਰ।"

"ਕੀ ਉਹ ਸਾਰਿਆਂ ਨਾਲ ਮੁਲਾਕਾਤ ਕਰਦਾ ਹੈ?"

"ਸਾਰਿਆਂ ਨਾਲ, ਹਰ ਸਮੇਂ ਨਹੀਂ।"

"ਮੇਰੇ ਪੈਰ ਢੱਕ ਦੇਵੋ। ਇਸ ਤਰ੍ਹਾਂ ਨਹੀਂ। ਕਿਸ ਤਰ੍ਹਾਂ ਦੇ ਅਨਾੜੀ ਹੋ ਤੁਸੀਂ। ਹੋਰ ਚੰਗੀ ਤਰ੍ਹਾਂ, ਹੋਰ ਚੰਗੀ ਤਰ੍ਹਾਂ ਢੱਕੋ, ਇਸ ਤਰ੍ਹਾਂ। ਮੇਰੇ ਪੈਰਾਂ ਨੂੰ ਦਬਾਉਣ ਦੀ ਜ਼ਰੂਰਤ ਨਹੀਂ।" ਇਸੇ ਤਰ੍ਹਾਂ ਉਹ ਉਸ ਜੰਗਲ ਵਿਚ ਪਹੁੰਚੇ, ਜਿਥੇ ਸੇਰਗਈ ਦੀ ਕੋਠੜੀ ਸੀ।

ਮਾਕੋਵਕਿਨਾ ਸਲੈੱਜ ਤੋਂ ਉਤਰ ਗਈ ਤੇ ਬਾਕੀ ਲੋਕਾਂ ਨੂੰ ਉਸਨੇ ਅੱਗੇ ਜਾਣ ਲਈ ਕਿਹਾ। ਉਹਨਾਂ ਨੇ ਉਸਨੂੰ ਇਸ ਤਰ੍ਹਾਂ ਕਰਨ ਤੋਂ ਮਨ੍ਹਾ ਕੀਤਾ, ਪਰ ਇਸ ਤੋਂ ਉਹ ਤਿਲਮਿਲਾ ਉਠੀ ਤੇ ਜ਼ੋਰ ਦੇਂਦਿਆਂ ਹੋਇਆ ਬੋਲੀ ਕਿ ਉਹ ਚਲੇ ਜਾਣ। ਫਿਰ ਸਲੈੱਜਾਂ ਅੱਗੇ ਵਧੀਆਂ ਤੇ ਉਹ ਆਪਣਾ ਫ਼ਰ ਦਾ ਕੋਟ ਪਾਈ ਪਗਡੰਡੀ ਉਤੇ ਤੁਰ ਪਈ। ਵਕੀਲ ਵੀ ਸਲੈੱਜ ਤੋਂ ਉਤਰ ਗਿਆ ਤੇ ਇਹ ਵੇਖਣ ਲਈ ਰੁਕ ਗਿਆ ਕਿ ਅਗੇ ਕੀ ਹੁੰਦੈ।