ਸਮੱਗਰੀ 'ਤੇ ਜਾਓ

ਪਾਰਸ/ਨਿਸ਼ ਕ੍ਰਿਤਿ/੯.

ਵਿਕੀਸਰੋਤ ਤੋਂ
43749ਪਾਰਸ — ੯.ਸ: ਦਸੌਂਧਾ ਸਿੰਘ ਜੀਬਾਬੂ ਸਰਤ ਚੰਦ ਚੈਟਰਜੀ

(੯)

ਕਿਸੇ ਆਪਣੇ ਵਾਸਤੇ ਭਾਵੇਂ ਉਹ ਕਿੰਨਾ ਵੀ ਵੱਡਾ ਕਿਉਂ ਨਾ ਹੋਵੇ, ਆਦਮੀ ਹਰ ਵੇਲੇ ਹੀ ਅਫਸੋਸ ਨਹੀਂ ਕਰਦਾ ਰਹਿ ਸਕਦਾ। ਸਿਧੇਸ਼ਵਰੀ ਵਾਸਤੇ ਵੀ ਸ਼ੈਲਜਾ ਦਾ ਆਖਾ ਹੌਲੀ ਹੌਲੀ ਪੂਰਾ ਹੋਣ ਲੱਗ ਪਿਆ, ਪਹਿਲਾਂ ਉਹ ਸ਼ੈਲਜਾ ਦੇ ਕਮਰੇ ਵੱਲ ਵੇਖ ਵੀ ਨਹੀਂ ਸੀ ਸਕਦੀ, ਪਰ ਹੁਣ ਬਰਾਂਡੇ ਥਾਣੀ ਲੰਘ ਸਕਦੀ ਹੈ। ਇਹਦਾ ਕਦੇ ਖਿਆਲ ਨਹੀਂ ਆਉਂਦਾ ! ਕਨ੍ਹਿਆਈ ਤੇ ਪਟਲ ਦੀ ਖਬਰ ਨੂੰ ਉਹ ਦਿਨ ਰਾਤ ਤਰਸਦੀ ਰਹਿੰਦੀ ਸੀ । ਹੁਣ ਇਹ ਤਰਸੇਵਾਂ ਅੱਧਾ ਰਹਿ ਗਿਆ ਹੈ। ਏਸ ਤਰ੍ਹਾਂ ਔਖਾ ਸੌਖਾ ਹੋਕੇ ਇਕ ਸਾਲ ਲੰਘ ਗਿਆ ਹੈ।

ਉਸ ਦਿਨ ਸਿਧੇਸ਼ਵਰੀ ਦੇ ਕੰਨੀ ਅਚਾਨਕ ਭਿਣਕ ਪਈ ਕਿ ਛੋਟੇ ਦਿਉਰ ਦੇ ਬਰਖਿਲਾਫ -ਜਾਇਦਾਦ ਤੇ ਜ਼ਮੀਨ ਦਾ ਝਗੜਾ ਚਲ ਰਿਹਾ ਹੈ ਤੇ ਇਹ ਝਗੜਾ ਖੁਦ ਬਾਬੂ 'ਹਰੀਸ਼' ਚਲਾ ਰਹੇ ਹਨ। ਦੀਵਾਨੀ ਤਾਂ ਚਲ ਹੀ ਰਹੀ ਸੀ, ਵਿਚਕਾਰ ਇਕ ਦੋ ਕੇਸ ਫੌਜਦਾਰੀ ਦੇ ਵੀ ਖੜੇ ਹੋ ਗਏ ਹਨ । ਇਹ ਖਬਰ ਸੁਣਕੇ ਸਿਧੇਸ਼ਵਰੀ ਡਰ ਦੇ ਫਿਕਰ ਨਾਲ ਮਰ ਗਈ ।

ਪਤੀ ਪਾਸੋਂ ਪੂਰੀ ਗੱਲ ਦਾ ਪਤਾ ਲੱਗਦਾ ਨ ਵੇਖਕੇ ਉਹ ਸ਼ਾਮ ਨੂੰ ਹਰੀਸ਼ ਪਾਸ ਚਲੀ ਗਈ । ਪੁਛਣ ਲੱਗੀ, 'ਕਿਉਂ ਲਾਲਾ ਜੀ, ਛੋਟੇ ਲਾਲਾ ਜੀ ਕੋਈ ਮੁਕਦਮਾ ਕਰ ਰਹੇ ਹਨ ?'

ਹਰੀਸ਼ ਨੇ ਸੋਚਦਿਆਂ ਹੋਇਆਂ, ਕਿਹਾ 'ਹਾਂ ਭਾਬੀ ਜੀ ਹੋ ਤਾਂ ਇਉਂ ਹੀ ਰਿਹਾ ਹੈ ।'

ਸਿਧੇਸ਼ਵਰੀ ਦਾ ਸੁਣਦਿਆਂ ਹੀ ਚਿਹਰਾ ਫਿਕਾ ਪੈ ਗਿਆ ਕਹਿਣ ਲੱਗੀ, 'ਮੈਨੂੰ ਤਾਂ ਯਕੀਨ ਨਹੀਂ ਆਉਂਦਾ ਲਾਲਾ ਜੀ ! ਕੀ ਹੁਣ ਚੰਦ ਸੂਰਜ ਨਹੀਂ ਨਿਕਲਦੇ ? ਭਰਾਵਾਂ ਭਰਾਵਾਂ ਦੇ ਮੁਕਦਮੇ ?'

ਨੈਨਤਾਰਾ ਨੇ ਆਖਿਆ, ਜੋ ਕਿ ਮੰਜੇ ਤੇ ਬੈਠੀ ਛੋਟੀ ਨੂੰ ਸੁਲਾ ਰਹੀ ਸੀ, 'ਚੰਦ ਸੂਰਜ ਤਾਂ ਨਿਕਲਦੇ ਹਨ ਬੀਬੀ ਜੀ ! ਜਦੋਂ ਤੂੰ ਇਕ ਛੋਟੇ ਦਿਉਰ ਨੂੰ ਹਜ਼ਾਰ ਹਜ਼ਾਰ ਰੁਪਿਆ ਰੋਜ਼ਗਾਰ ਵਾਸਤੇ ਦੇਂਦੀ ਹੁੰਦੀ ਸਾਏਂ ਓਦੋਂ ਇਹ ਰੁਪੈ ਨਹੀਂ ਸਨ ਉੱਜੜਦੇ ਹੁਣ ਉਜੜ ਰਹੇ ਹਨ, ਓਦੋਂ ਚੰਦ ਸੂਰਜ ਕਿਧਰੇ ਨਹੀਂ ਸਨ ਚਲੇ ਗਏ ਹੁਣ ਚਲੇ ਗਏ ਹਨ ?'

ਸਿਧੇਸ਼ਵਰੀ ਨੇ ਕੁਛ ਚਿਰ ਚੁ੫ ਰਹਿਕੇ ਪੁਛਿਆ, 'ਮੁਕਦਮਾ ਕਿਉਂ ਕਰਦੇ ਹੋ ?'

ਹਰੀਸ਼ ਨ ਆਖਿਆ, 'ਇਸ ਵਾਸਤੇ ਕਿ ਬਿਨਾਂ ਮੁਕਦਮਾ ਕੀਤੇ ਦੇ ਹੋਰ ਕੋਈ ਚਾਰਾ ਨਹੀਂ ਸੀ ਦਿਸਦਾ ਆਪਣੇ ਪਿੰਡ ਦੀ ਜਾਇਦਾਦ ਹੀ ਤਾਂ ਅਸਲੀ ਜਾਇਦਾਦ ਹੈ। ਜਦ ਵੇਖਿਆ ਕਿ ਸਾਡੇ ਪਿਛੋਂ ਸਾਡੇ ਬੱਚੇ ਇਕ ਮਰਲਾ ਜ਼ਮੀਨ ਵੀ ਨਹੀਂ ਲੈ ਸਕਦੇ ਤੇ ਪਤਾ ਨਹੀਂ ਕਿ ਉਹਨਾਂ ਨੂੰ ਘਰ ਵੀ ਵੜਨਾ ਮਿਲੇ ਜਾਂ ਨਾਂ ਤਾਂ ਹੋਰ ਕੀ ਕੀਤਾ ਜਾਂਦਾ ? ਭਾਬੀ ਇਉਂ ਸਮਝ ਲੈ ਕਿ ਦੇਸ਼ ਵਿਚ ਜੋ ਕੁਝ ਸੀ ਸਭ ਤੇ ਕਬਜਾ ਕਰਕੇ ਉਹ ਬੈਠ ਗਿਆ ਹੈ ? ਮੁਆਮਲਾ ਆਦ ਆਪ ਵਸੂਲ ਕਰ ਰਿਹਾ ਹੈ। ਇਕ ਪੈਸਾ ਵੀ ਨਹੀਂ ਦੇਂਦਾ । ਜਮੀਨ ਜਾਇਦਾਦ ਜੋ ਕੁਝ ਹੈ ਉਹ ਭਰਾ ਨੇ ਹੀ ਤਾਂ ਬਣਾਈ ਹੈ । ਫੇਰ ਵੀ ਉਨਾਂ ਦੀ ਚਿੱਠੀ ਦਾ ਜਵਾਬ ਤਕ ਤਾਂ ਉਸਨੇ ਨਹੀਂ ਦਿੱਤਾ ਐਹੋ ਜਿਹਾ ਅਕ੍ਰਿਤਘਣ ਰਮੇਸ਼ ਹੈ ? ਮੈਂ ਵੀ ਸੌਂਹ ਖਾਧੀ ਹੋਈ ਹੈ ਕਿ ਜਦ ਤਕ ਇਸਨੂੰ ਮਕਾਨ ਵਿਚੋਂ ਨਹੀਂ ਕਢ ਲੈਂਦਾ ਚੈਨ ਨਹੀਂ ਕਰ ਸਕਦਾ ।' ਸਿਧੇਸ਼ਵਰੀ ਥੋੜਾ ਚਿਰ ਚੁ੫ ਰਹਿਕੇ ਫੇਰ ਕਹਿਣ ਲੱਗੀ, 'ਉਹ ਵੀ ਬਾਲ ਬੱਚੜਦਾਰ ਹੋਇਆ ਕਬੀਲਾ ਲੈਕੇ ਕਿਥੇ ਚਲਿਆ ਜਾਵੇ ?'

ਹਰੀਸ਼ ਨੇ ਅਖਿਆ, 'ਸਾਨੂੰ ਇਹਦੇ ਨਾਲ ਕੀ ਭਾਬੀ ?'

ਸਿਧੇਸ਼ਵਰੀ ਨੇ ਆਖਿਆ, 'ਤੇਰੇ ਭਰਾ ਨੇ ਕੀ ਆਖਿਆ ਹੈ ?'

ਹਰੀਸ਼ ਕਹਿਣ ਲੱਗਾ ਜੇ ਭਰਾ ਕਿਤੇ ਏਦਾਂ ਦਾ ਹੁੰਦਾ ਤਾਂ ਫਿਕਰ ਕਿਸ ਗੱਲ ਦਾ ਸੀ । ਜਦ ਅਖਾਂ ਪਾੜਕੇ ਵਿਖਾ ਦਿੰਦਾ ਤਾਂ ਰਮੇਸ਼ ਉਹਨਾਂ ਦੇ ਘਰੋਂ ਪਲ ਪੋਸਕੇ ਉਹਨਾਂ ਦੇ ਰੁਪੈ ਨਾਲ ਉਹਨਾਂ ਦਾ ਬੇੜਾ ਗਰਕ ਕਰ ਰਿਹਾ ਹੈ ਤਾਂ ਕਿਤੇ ਆਪਣੀ ਰਾਇ ਦੱਸੀ ਨੇ ? ਮੈਂ ਫੌਜਦਾਰੀ ਵਿਚ ਰਮੇਸ਼ ਭਰਾ ਨੂੰ ਫਸਾ ਦੇਣ ਲੱਗਾ ਸਾਂ, ਬੜੀ ਮੁਸ਼ਕਲ ਨਾਲ ਬਚਾ ਹੋਇਆ ਹੈ।

ਨੈਨਤਾਰਾ ਨੇ ਪੋਲਾ ਜਿਹਾ ਮੂੰਹ ਬਣਾਕੇ ਆਖਿਆ, 'ਮੰਨ ਲਓ ਕਿ ਛੋਟੇ ਲਾਲਾ ਜੀ ਹੀ ਕਸੂਰਵਾਰ ਹਨ, ਪਰ ਮੈਂ ਤਾਂ ਹੈਰਾਨ ਹਾਂ ਕਿ ਛੋਟੀ ਨੋਂਹ ਨੇ ਮੁਕਦਮਾ ਲੜਨ ਦੀ ਸਲਾਹ ਕਿੱਦਾਂ ਦੇ ਦਿੱਤੀ ? ਅਸੀਂ ਸਾਰੇ ਲੋਕੀਂ ਭੈੜੇ ਹੋ ਸਕਦੇ ਸੀ ਪਰ ਉਹ ਤਾਂ ਆਪਣੇ ਵਡੇ ਜੇਠ ਨੂੰ ਜਾਣਦੀ ਹੈ ? ਉਹਨਾਂ ਨੂੰ ਜੇਹਲ ਭਿਜਵਾਕੇ ਉਹਨੂੰ ਕੀ ਸੁਖ ਮਿਲ ਜਾਂਦਾ ?'

ਸਿਧੇਸ਼ਵਰੀ ਇਕੋਵਾਰੀ ਹੀ ਤੜ੫ ਉਠੀ, ਫੇਰ ਕੋਈ ਗੱਲ ਕਰਨ ਤੋਂ ਬਿਨਾਂ ਹੀ ਉੱਠਕੇ ਬਾਹਰ ਚਲੀ ਗਈ ।

ਉਥੋਂ ਤੁਰਕੇ ਉਹ ਪਤੀ ਦੇ ਕਮਰੇ ਵਿਚ ਆਈ, ਗਰੀਸ਼ ਬਾਕਾਇਦਾ ਕੰਮ ਲੱਗਾ ਹੋਇਆ ਸੀ, ਸਿਰ ਚੁਕਕੇ ਘਰ ਵਾਲੀ ਦੇ ਮੂੰਹ ਵਲ ਤੱਕਦਿਆਂ ਹੀ ਉਸਦੀ ਸੁਭਾਵਕ ਲਗਨ ਟੁਟ ਗਈ । ਹੱਥ ਵਿਚਲੇ ਕਾਗਜ਼ ਥਲੇ ਰੱਖਕੇ ਉਸਨੇ ਆਖਿਆ, 'ਅਜ ਇੱਥੇ ਆਉਣ ਲਈ ਕਿੱਦਾਂ ਜੀਅ ਕਰ ਆਇਆ ? ਕੀ ਬੁਖਾਰ ਦਾ ਆਰਾਮ ਹੈ ?'

ਸਿਧੇਸ਼ਵਰੀ ਨੇ ਬੜੇ ਮਾਣ ਨਾਲ ਆਖਿਆ, 'ਸ਼ੁਕਰ ਹੈ ਪੁਛ ਤਾਂ ਲਿਆ ਹੈ ?'

ਗਰੀਸ਼ ਨੇ ਖੁਸ਼ ਜਹੇ ਹੋ ਕੇ ਆਖਿਆ, 'ਵਾਹ ਮੈਂ ਅਜੇ ਵੀ ਨਾ ਪੁਛਦਾ ? ਪਰਸੋਂ ਮਣੀ ਨੂੰ ਸੱਦ ਕੇ ਪੁੱਛਿਆ ਸੀ, ਆਪਣੀ ਮਾਂ ਨੂੰ ਦਵਾ ਦਾਰੂ ਲਿਆ ਕੇ ਦੇਂਦਾ ਹੈਂ ਯਾ ਕਿ ਨਹੀਂ ? ਅੱਜ ਕੱਲ ਦੀ ਉਲਾਦ ਹੀ ਇਹੋ ਜਹੀ ਹੈ ਜੋ ਮਾਂ ਬਾਪ ਨੂੰ ਨਹੀਂ ਮੰਨਦੀ ।'

ਸਿਧੇਸ਼ਵਰੀ ਨਾਰਾਜ਼ ਹੋ ਕੇ ਬੋਲੀ, 'ਬੁੱਢੇ ਵਾਰੇ ਝੂਠ ਮਾਰਦਿਆਂ ਸ਼ਰਮ ਨਹੀਂ ਆਉਂਦੀ । ਪੰਦਰਾਂ ਦਿਨ ਹੋਏ ਮਣੀ ਆਪਣੀ ਭੂਆ ਪਾਸ ਇਲਾਹਬਾਦ ਗਿਆ ਹੋਇਆ ਹੈ। ਤੁਸਾਂ ਪਰਸੋਂ ਕਿਦਾਂ ਪੁਛ ਲਿਆ ? ਜੋ ਗੱਲ ਕਦੇ ਨਹੀਂ ਸੀ ਕੀਤੀ ਉਹ ਹੁਣ ਕਰੋਗੇ ? ਖੈਰ ਜਾਣ ਦਿਓ ਮੈਂ ਇਸ ਵਾਸਤੇ ਨਹੀਂ ਆਈ। ਮੈਂ ਏਸ ਵਾਸਤੇ ਆਈ ਹਾਂ ਕਿ ਪਤਾ ਕਰ ਸਕਾਂ ਜੋ ਛੋਟੇ ਲਾਲਾ ਜੀ ਨਾਲ ਮੁਕਦਮਾ ਕਿਸ ਗੱਲ ਦਾ ਚਲ ਰਿਹਾ ਹੈ ?'

ਗਰੀਸ਼ ਬਰੁਤ ਕ੍ਰੋਧ ਵਿਚ ਆਕੇ ਕਹਿਣ ਲੱਗੇ, 'ਉਹ ਤਾਂ ਚੋਰ ਹੈ, ਚੋਰ ! ਇਕ ਦਮ ਹੀ ਕੰਗਾਲ ਹੋ ਗਿਆ ਹੈ। ਜਮੀਨ ਤੇ ਜਾਇਦਾਦ ਸਭ ਫੂਕੀ ਜਾਂਦਾ ਹੈ । ਉਹਨੂੰ ਬਿਨਾਂ ਬਾਹਰ ਕੱਢੇ ਤੋਂ ਆਪਣਾ ਬਚਾ ਨਹੀਂ ਹੋ ਸਕਦਾ । ਸਭ ਕੁਝ ਬਰਬਾਦ ਕਰ ਸੁਟਿਆ ਹੈ ।' ਸਿਧੇਸ਼ਵਰੀ ਨੇ ਸੁਵਾਲ ਕੀਤਾ, 'ਚੰਗਾ ਕੀਤਾ ਇਹ ਦਾਹਵਾ ਕਰ ਦਿੱਤਾ । ਪਰ ਮੁਕੱਦਮੇ ਬਿਨਾਂ ਪੈਸਿਆਂ ਤੋਂ ਕਿੱਥੋਂ ਹੋ ਸਕਦੇ ਹਨ ? ਛੋਟੇ ਲਾਲਾ ਜੀ ਪਾਸ ਰੁਪੈ ਕਿੱਥੋਂ ਆ ਗਏ ?'

ਹਰੀਸ਼ ਉਤਰ ਕੇ ਲੜਕਿਆਂ ਦੇ ਪੜ੍ਹਨ ਵਾਲੇ ਕਮਰੇ ਵਿਚ ਜਾ ਰਿਹਾ ਸੀ । ਭਰਾ ਦਾ ਉੱਚਾ ਬੋਲ ਸੁਣਕੇ ਹੌਲੀ ਜਹੀ ਇਹਨਾਂ ਦੇ ਕਮਰੇ ਵਿਚ ਆ ਗਿਆ। ਉਸ ਨੇ ਜੁਵਾਬ ਦਿੱਤਾ, 'ਰੁਪਇਆਂ ਦੀ ਸਾਰੀ ਗੱਲ ਤਾਂ ਵਿਚਕਾਰਲੀ ਵਹੁਟੀ ਨੇ ਚੰਗੀ ਤਰ੍ਹਾਂ ਸਮਝਾ ਦਿੱਤੀ ਸੀ । ਭਾਬੀ, ਪੱਟ ਦੀ ਦਲਾਲੀ ਦੇ ਬਹਾਨੇ ਭਰਾ ਪਾਸੋਂ ਚਾਰ ਹਜ਼ਾਰ ਰੁਪਇਆ ਜੋ ਲਿਆ ਸੀ, ਉਹ ਕੋਲ ਹੀ ਹੈ। ਇਸਤੋਂ ਬਿਨਾਂ ਛੋਟੀ ਨੂੰਹ ਦੇ ਹੱਥ ਵਿਚ ਵੀ ਤਾਂ ਸਾਰਾ ਮਾਲ ਖਜ਼ਾਨਾ ਰਹਿੰਦਾ ਰਿਹਾ ਹੈ, ਸਮਝ ਲਿਆ ?'

ਗਰੀਸ਼ ਫੇਰ ਚਮਕਿਆ, 'ਮੇਰਾ ਸਭ ਕੁਝ ਹੀ ਲੈ ਗਿਆ, ਕੁਝ ਵੀ ਬਾਕੀ ਨਹੀ ਛੱਡਿਆ ? ਉਹ ਤਾਂ ਇਕ ਦਮ ਹੀ ਨੰਗਾ ਸ਼ੁਹਦਾ ਹੋ ਗਿਆ ਹੈ। ਸ਼ੁਕਰਵਾਰ ਕਚਹਿਰੀ ਵਿਚ ਆ ਕੇ ਆਖਣ ਲੱਗਾ, 'ਘਰ ਬਾਰ ਦੀ ਮੁਰੰਮਤ ਕਰਨ ਵਾਲੀ ਹੈ, ਪੰਜ ਸੌ ਰੁਪੈ ਚਾਹੀਦੇ ਹਨ।'

ਹਰੀਸ਼ ਦੰਗ ਹੋ ਕੇ ਕਹਿਣ ਲੱਗਾ 'ਕੀ ਗੱਲ ਆਖਦੇ ਹੋ ਭਰਾ ਜੀ ਉਸਦੀ ਹਿੰਮਤ ਤਾਂ ਕੋਈ ਘੱਟ ਨਹੀਂ !' ਗਰੀਸ਼ ਨੇ ਆਖਿਆ, 'ਹਿੰਮਤ ਦੀ ਕੋਈ ਹੱਦ ਹੈ ਇਕ ਦਮ ਲੰਮਾ ਚੌੜਾ ਹਿਸਾਬ ਪੇਸ਼ ਕਰ ਦਿੱਤਾ। ਘਰ ਦੀ ਮੁਰੰਮਤ ਕਰਨੀ ਹੈ, ਲੰਬਾਈ ਕਰਨੀ ਹੈ, ਇਹਦੇ ਬਿਨਾਂ ਕੰਮ ਨਹੀਂ ਚਲ ਸਕਦਾ, ਉਹਦੇ ਬਣਾਏ ਬਗੈਰ ਗੁਜਾਰਾ ਹੀ ਨਹੀਂ, ਸਿਰਫ ਇਹ ਗਲ ਨਹੀਂ, ਘਰ ਵਿਚ ਤੰਗੀ ਹੈ। ਸਰਦੀਆਂ ਲਈ ਕਪੜੇ ਬਣਵਾਣੇ ਹਨ । ਚੌਲ ਤੇ ਆਲੂ ਖ਼ਰੀਦਣੇ ਹਨ! ਇਸੇ ਤਰ੍ਹਾਂ ਦੀਆਂ ਕਈ ਹੋਰ ਲੋੜਾਂ ਵਿਖਾਕੇ ਹੋਰ ਵੀ ਤਿੰਨ ਸੌ ਰੁਪਇਆ ਮੰਗ ਲਿਆ।'

ਹਰੀਸ਼ ਨੇ ਆਪਣੇ ਨ ਸਹਾਰੇ ਜਾਣ ਵਾਲੇ ਗੁੱਸੇ ਨੂੰ ਦਬਾਉਂਦਿਆਂ ਹੋਇਆਂ ਆਖਿਆ, 'ਬੇਸ਼ਰਮ ਕਿਸੇ ਥਾਂ ਦਾ' ਫੇਰ ਇਹਦੇ ਪਿਛੇ ?'

ਗਰੀਸ਼ ਨੇ ਆਖਿਆ, 'ਠੀਕ ਆਖਿਆ ਏ ਤੂੰ । ਬਿਲਕੁਲ ਏਸੇ ਤਰ੍ਹਾਂ ਹੀ ਹੈ।ਭੈੜੇ ਨੂੰ ਸ਼ਰਮ ਹਿਆ ਤਾਂ ਇੱਕ ਵਾਰ ਵੀ ਨਹੀਂ ਆਉਂਦੀ-ਜ਼ਰਾ ਵੀ ਨਹੀਂ। ਸਭ ਰਲਾਕੇ ਅਠ ਸੌ ਰੁਪੈ ਲੈ ਲਏ ਤਦ ਕਿਤੇ ਗਲੋਂ ਲੱਥਾ ।'

'ਲੈ ਗਿਆ ? ਤੁਸਾਂ ਦੇ ਦਿੱਤੇ ?'

ਗਰੀਸ਼ ਨੇ ਆਖਿਆ, 'ਉਹ ਬਿਨਾਂ ਲਿਆਂ ਕਦੋਂ ਖਹਿੜਾ ਛਡਣ ਵਾਲਾ ਸੀ ਲੈਕੇ ਹੀ ਹਟਿਆ।'

ਹਰੀਸ਼ ਦਾ ਸਾਰਾ ਚਿਹਰਾ ਪਹਿਲਾਂ ਤਾਂ ਕ੍ਰੋਧ ਨਾਲ ਲਾਲ ਹੋ ਗਿਆ ਫੇਰ ਦੂਜੇ ਪਲ ਹੀ ਕਾਲਾ ਸ਼ਾਹ ਹੋ ਗਿਆ । ਉਹ ਕੁਝ ਚਿਰ ਬੁੱਤ ਜਿਹਾ ਬਣਕੇ ਬੈਠਾ ਰਿਹਾ ਤੇ ਫੇਰ ਆਖਣ ਲੱਗਾ, 'ਭਰਾਵਾ ਫੇਰ ਮੁਕੱਦਮਾ ਕਰਨ ਦੀ ਕੀ ਲੋੜ ਹੈ।'

ਗਰੀਸ਼ ਨੇ ਆਖਿਆ, 'ਕੁਝ ਨਹੀਂ । ਆਪਣੇ ਟੱਬਰ ਦਾ ਖਰਚ ਪੂਰਾ ਕਰ ਸਕਣ ਦੀ ਵੀ ਤਾਂ ਉਸ ਵਿਚ ਤਾਕਤ ਨਹੀਂ । ਭੈੜਾ ਐਡਾ ਕਰਮਾ ਦਾ ਬਲੀ ਹੈ । ਸਾਰਾ ਦਿਨ ਤਾਸ਼ ਚੌਪੜ ਖੇਡਣੀ ਤੇ ਫੇਰ ਪੈ ਕੇ ਸੌਂ ਰਹਿਣਾ। ਇਹ ਉਸਦਾ ਦਿਹਾੜੀ ਦਾ ਕੰਮ ਹੈ। ਜਿਦਾਂ ਲੋਕੀਂ ਸ਼ਿਵਾਂ ਦੀ ਮੂਰਤੀ ਨੂੰ ਮੰਦਰ ਵਿੱਚ ਬਠਾਕੇ ਉਸਦੀ ਪੂਜਾ ਕਰਦੇ ਹਨ, ਸਾਡੇ ਲੋਕਾਂ ਦਾ ਵੀ ਇਹੋ ਹਾਲ ਹੈ ।' ਫੇਰ ਆਪਣੇ ਆਪ ਹੀ ਜਵਾਰ ਦੇ ਫੁੱਲਿਆਂ ਵਾਂਗੂ ਖਿੜ ਖਿੜ ਕੇ ਉਨ੍ਹਾਂ ਸਾਰਾ ਘਰ ਭਰ ਦਿੱਤਾ।

ਹਰੀਸ਼ ਪਾਸੋਂ ਹੋਰ ਨ ਸਹਾਰਿਆ ਗਿਆ ਉਹ ਉਠਕੇ ਚਲਿਆ ਗਿਆ। ਜਾਂਦਾ ਹੋਇਆ ਦੰਦੀਆਂ ਪੀਹ ਪੀਹ ਕੇ ਕਹਿੰਦਾ ਗਿਆ, 'ਚੰਗਾ ਮੈਂ ਇਕੱਲਾ ਹੀ ਉਸ ਨਾਲ ਸਿੱਝ ਲਵਾਂਗਾ ।'

+ + +

ਮਾਘ ਮਹੀਨੇ ਦੀ ਸੁਦੀ ਸਤਵੀਂ ਨੂੰ ਮੁਕਦਮੇ ਦੀ ਤਰੀਕ ਸੀ । ਉਸ ਤੋਂ ਦੋ ਦਿਨ ਪਹਿਲਾਂ ਭਾਈਚਾਰੇ ਦੀ ਇੱਕ ਲੜਕੀ ਦੇ ਵਿਆਹ ਤੇ ਲੜਕੀ ਦੇ ਪਿਉ ਨੇ ਗਰੀਸ਼ ਬਾਬੂ ਨੂੰ ਆ ਫੜਿਆ, ਕਹਿਣ ਲੱਗਾ, 'ਤੁਸੀਂ ਜਰੂਰ ਦੇਸ ਜਾਕੇ ਮੇਰੀ ਲੜਕੀ ਦੇ ਵਿਆਹ ਵਿਚ ਖੜੇ ਹੋਵੋ । ਮੇਰੀ ਇਹ ਬੜੀ ਭਾਰੀ ਇੱਛਾ ਹੈ ਭਾਵੇਂ ਤੁਸੀਂ ਇੱਕ ਦਿਨ ਵਾਸਤੇ ਹੀ ਜਾਓ।'

ਨਾਂਹ ਤਾਂ ਗਰੀਸ਼ ਕਹਿ ਹੀ ਨਹੀਂ ਸਕਦਾ ਸੀ। ਉਸੇ ਵੇਲ ਹੀ ਮੰਨ ਕੇ ਕਹਿਣ ਲੱਗਾ; 'ਚੰਗਾ ਭਾਈ ਸਾਹਿਬ ਜਰੂਰ ਚੱਲਾਂਗਾ।'

ਲੜਕੀ ਦਾ ਪਿਉ ਬੇ ਫਿਕਰ ਹੋਕੇ ਚਲਿਆ ਗਿਆ ਪਰ ਇਸ 'ਜਰੂਰੀ' ਸ਼ਬਦ ਦੇ ਅਰਥ ਮੌਕੇ ਉਤੇ ਕੀ ਹੋਣਗੇ, ਇਸ ਗੱਲ ਨੂੰ ਸਭ ਤੋਂ ਵਧ ਸਿਧੇਸ਼ਵਰੀ ਹੀ ਸਮਝਦੀ ਸੀ । ਸੋ ਇਕਰਾਰ ਨੂੰ ਗਰੀਸ਼ ਭਾਵੇਂ ਭੁੱਲ ਗਿਆ ਹੋਵੇ, ਉਹ ਨਹੀਂ ਭੁੱਲੀ ।

ਉਸ ਦਿਨ ਸਵੇਰੇ ਗਰੀਸ਼ ਜਾਣੀਦੇ, ਅਸਮਾਨ ਤੋਂ ਡਿੱਗ ਕੇ ਬੋਲੇ, 'ਕੀ ਆਖਦੀ ਏਂ ? ਅਜ ਤਾਂ ਮੇਰਾ ਉਹ ਜੈਪੁਰ ਵਾਲਾ ਮੁਕੱਦਮਾ ਹੈ !'

'ਨਹੀਂ ਤੁਹਾਨੂੰ ਜਾਣਾ ਹੀ ਪਏਗਾ । ਜਦੋਂ ਦੇ ਵਕੀਲ ਬਣੇ ਹੋ, ਝੂਠ ਹੀ ਮਾਰਦੇ ਆਏ ਹੋ, ਇੱਕ ਵਾਰੀ ਤਾਂ ਸੱਚ ਬੋਲ ਦਿਉ । ਕੀ ਤੁਹਾਨੂੰ ਅਗਲੇ ਜਹਾਨ ਦਾ ਡਰ ਹੀ ਨਹੀਂ ਰਿਹਾ ?'

ਗਰੀਸ਼ ਨੇ ਆਖਿਆ, 'ਪਰਲੋਕ ? ਸੋ ਠੀਕ ਹੈ,..... ਪਰ........ '

'ਨਹੀਂ, ਇਸ ਤਰ੍ਹਾਂ ਕੰਮ ਨਹੀਂ ਚਲੇਗਾ, ਤੁਹਾਨੂੰ ਜਾਣਾ ਹੀ ਪਏਗਾ ਜਾਉ ।'

ਅਖੀਰ ਨੂੰ ਗਰੀਸ਼ ਨੂੰ ਦੇਸ ਜਾਣਾ ਹੀ ਪਿਆ।

ਜਾਣ ਲਗਿਆਂ ਸਿਧੇਸ਼ਵਰੀ ਨੇ ਬੜੀ ਮਿੱਠੀ ਅਵਾਜ਼ ਵਿਚ ਆਖਿਆ, 'ਦੋਹਾਂ ਬਚਿਆਂ ਨੂੰ......' ਤੇ ਇਹ ਆਖਕੇ ਉਹ ਰੋ ਪਈ।

'ਚੰਗਾ ! ਚੰਗਾ ! ਵੇਖੀ ਜਾਇਗੀ ।' ਆਖਦਾ ਹੋਇਆ ਗਗੀਸ਼ ਘਰੋਂ ਨਿਕਲ ਤੁਰਿਆ । ਪਰ ਕੀ ਵੇਖਿਆ ਜਾਇਗਾ ਇਹ ਦੋਹਾਂ ਜੀਆਂ ਵਿਚੋਂ ਕੋਈ ਵੀ ਨ ਸਮਝ ਸਕਿਆ । ਨੈਨਤਾਰਾ ਨੇ ਸਿਧੇਸ਼ਵਰੀ ਨੂੰ ਇਸ਼ਾਰਾ ਕਰਕੇ ਇਕਲਵਾਂਜੇ ਸੱਦਕੇ ਆਖਿਆ, 'ਜੇਠ ਜੀ ਨੂੰ ਮਨ੍ਹਾਂ ਕਿਉਂ ਨਹੀਂ ਕਰ ਦਿੱਤਾ ਕਿ ਓਸ ਘਰੋਂ ਕੁਝ ਨ ਖਾਏ ਪੀਏ ?'

ਸਿਧੇਸ਼ਵਰੀ ਨੰ ਹੈਰਾਨ ਹੋਕੇ ਪੁਛਿਆ 'ਕਿਉਂ ?' ਨੈਨਤਾਰਾ ਨੇ ਚਿਹਰੇ ਨੂੰ ਗੰਭੀਰ ਬਣਾਕੇ ਆਖਿਆ, ਕੀ ਪਤਾ ਹੈ ਬੀਬੀ ਜੀ, ਕੁਝ ਕਿਹਾ ਥੋੜਾ ਜਾ ਸਕਦਾ ਹੈ ?'

ਸਿਧੇਸ਼ਵਰੀ ਦੀਆਂ ਅੱਖਾਂ ਵਿਚੋਂ ਹੁਣ ਵੀ ਅਥਰੂ ਵਗ ਰਹੇ ਸਨ । ਉਨ੍ਹਾਂ ਨੂੰ ਪੱਲੇ ਨਾਲ ਪੂੰਝਕੇ ਉਹ ਜ਼ਰਾ ਚੁੱਪ ਰਹਿਕੇ ਬੋਲੀ, 'ਇਹ ਤੂੰ ਕਰ ਸਕਦੀ ਏਂ, ਸ਼ੈਲਜਾ ਦਾ ਜੇ ਸਿਰ ਵੱਢ ਕੇ ਵੀ ਸੁੱਟ ਦਿੱਤਾ ਜਾਏ ਤਾਂ ਉਹ ਏਦਾਂ ਨਹੀਂ ਕਰ ਸਕਦੀ ।' ਇਹ ਆਖਕੇ ਉਹ ਛੇਤੀ ਨਾਲ ਚਲੀ ਗਈ । ……………………

ਇਕ ਦਿਨ ਪਹਿਲਾਂ ਹੀ ਮੁਕੱਦਮੇ ਦੀ ਪੈਰਵੀ ਕਰਨ ਲਈ ਰਮੇਸ਼ ਤਿਆਰੀ ਕਰ ਰਿਹਾ ਸੀ ਸ਼ੈਲ ਉਥੇ ਨਹੀਂ ਸੀ । ਉਹ ਠਾਕਰ ਦੁਆਰੇ ਵਿੱਚ, ਸਰੀਰ ਦਾ ਅਖੀਰਲਾ ਗਹਿਣਾ ਮੂਰਤੀ ਅਗੇ ਰੱਖੀ, ਗੋਡੇ ਮੂਧੇ ਮਾਰੀ ਆਖ ਰਹੀ ਸੀ, 'ਭਗਵਾਨ ਹੁਣ ਤਾਂ ਕੁਝ ਬਚਿਆ ਨਹੀਂ । ਹੁਣ ਤਾਂ ਜਿੱਦਾਂ ਵੀ ਹੋ ਸਕੇ ਮੈਨੂੰ 'ਨਿਸ਼ਕ੍ਰਿਤਿ' ਦਿਹ । ਮੇਰੇ ਬਚੇ ਬਿਨਾਂ ਰੋਟੀ ਤੋਂ ਭੁੱਖੇ ਮਰ ਰਹੇ ਹਨ । ਮੇਰੇ ਪਤੀ ਦੇਵ ਚਿੰਤਾ ਦੇ ਮਾਰੇ ਰੁਲ ਗਏ ਹਨ । ਸੁੱਕ ਕੇ ਹੱਡੀਆਂ ਹੀ ਹੱਡੀਆਂ ਨਿਕਲ ਆਈਆਂ ਹਨ ।' …………………

'ਓ ਕਨ੍ਹਿਆਈ, ਓ ਪਟਲ ।'

ਸ਼ੈਲਜਾ ਤ੍ਰਹਬਕ ਪਈ ! ਇਹ ਉਹਦੇ ਜੇਠ ਦੀ ਅਵਾਜ਼ ਸੀ। ਬਾਰੀ ਥਾਣੀ ਵੇਖਿਆ, 'ਉਹੋ ਤਾਂ ਹਨ ? ਚਿੱਟੇ ਵਾਲ, ਚਿੱਟੀਆਂ ਤੇ ਕਾਲੀਆਂ ਮੁੱਛਾਂ, ਉਹੋ ਹੀ ਸ਼ਾਂਤ ਸੁਭਾ ਠੰਡੀ ਮੂਰਤੀ ਜਿਹੋ ਜਹੀ ਪਹਿਲਾਂ ਵੇਖਦੀ ਹੁੰਦੀ ਸੀ ਉਹੋ ਜਹੀ ਹੁਣ ਹੈ। ਕਿਸੇ ਅੰਗ ਵਿੱਚ ਜਾਂ ਚਿਹਰੇ ਦੇ ਭਾਵਾਂ ਵਿੱਚ ਕੋਈ ਫਰਕ ਨਹੀਂ ਪਿਆ । ਕਨ੍ਹਿਆਈ ਪੜ੍ਹਨਾ ਛਡਕੇ ਆ ਗਿਆ ਤੇ ਪੈਰੀਂ ਹੱਥ ਲਾਇਆ । ਪਟਲ ਖੇਲ ਛੱਡਕੇ ਭੱਜਾ ਆਇਆ ਤੇ ਇਸਨੂੰ ਉਨ੍ਹਾਂ ਕੁੱਛੜ ਚੁਕ ਲਿਆ ।

ਰਮੇਸ਼ ਨੇ ਵੀ ਅੰਦਰੋਂ ਨਿਕਲ ਕੇ 'ਨਮਸਤੇ' ਆਖੀ ਤੇ ਚਰਨਾਂ ਦੀ ਧੂੜ ਲਈ ।

ਗਰੀਸ਼ ਨੇ ਆਖਿਆ, 'ਹੁਣ ਐਨੀ ਛੇਤੀ ਕਿਥੇ ਜਾ ਰਹੇ ਹੋ ?'

ਰਮੇਸ਼ ਨੇ ਸਾਫ ਸਾਫ ਆਖਿਆ,'ਜ਼ਿਲੇ ਕਚਹਿਰੀ।'

ਗਰੀਸ਼ ਪਲ ਵਿਚ ਹੀ ਬਰੂਦ ਵਾਂਗੂੰ ਭੜਕ ਉਠੇ, 'ਭੈੜਾ ਨਾਲਾਇਕ ਕਿਸੇ ਥਾਂ ਦਾ, ਮੇਰਾ ਹੀ ਖਾਵੇਂਗਾ ਤੇ ਮੇਰੇ ਨਾਲ ਹੀ ਮੁਕਦਮਾ ਲੜੇਂਗਾ? ਤੈਨੂੰ ਮੈਂ ਇਕ ਦਮੜੀ ਦੀ ਜ਼ਮੀਨ ਤੇ ਜਾਇਦਾਦ ਵੀ ਨਹੀਂ ਦੇਣੀ । ਮੇਰੇ ਘਰੋਂ ਹੁਣੇ ਨਿਕਲ ਜਾਹ ਇਕ ਮਿੰਟ ਵੀ ਨਾ ਲਾ, ਇਨ੍ਹਾਂ ਕਪੜਿਆਂ ਨਾਲ ਹੀ ਦਫਾ ਹੋ ਜਾਹ ।'

ਰਮੇਸ਼ ਨੇ ਨਾ ਕੋਈ ਜਵਾਬ ਦਿਤਾ ਤੇ ਨਾ ਹੀ ਭਰਾ ਦੇ ਸਾਹਮਣੇ ਅੱਖ ਕੀਤੀ। ਜਿੱਦਾਂ ਖਲੋਤਾ ਸੀ ਉਸੇ ਤਰਾਂ ਹੀ ਬਾਹਰ ਨਿਕਲ ਗਿਆ । ਭਰਾ ਦੀ ਜਿੰਨੀ ਇੱਜ਼ਤ ਤੇ ਸਤਕਾਰ ਉਸਦੇ ਦਿਲ ਵਿਚ ਸੀ, ਉੱਨਾਂ ਹੀ ਭਰਾ ਨੂੰ ਉਹ ਪਛਾਣਦਾ ਵੀ ਸੀ। ਇਸ ਨਿਰਾਦਰ ਦੀ ਅਸਲੀਅਤ ਨੂੰ ਸਮਝਕੇ ਉਹ ਉਸ ਵੇਲੇ ਚੁਪਚਾਪ ਬਾਹਰ ਚਲਿਆ ਗਿਆ ।

ਤਦ ਸ਼ੈਲਜਾ ਨੇ ਆਕੇ, ਗਲ ਵਿਚ ਪੱਲਾ ਪਾਕੇ ਦੂਰੋਂ ਹੀ ਨਮਸਕਾਰ ਕੀਤੀ ।

ਗਰੀਸ਼ ਨੇ ਅਸ਼ੀਰਵਾਦ ਦੇਕੇ ਆਖਿਆ 'ਆ ਧੀਏ ਰਾਜ਼ੀ ਏਂ ?' ਇਹਨਾਂ ਦੀ ਅਵਾਜ ਵਿਚ ਨਾ ਕੋਈ ਗਰਮੀ ਸੀ ਤੇ ਨਾ ਕੋਈ ਜਲਨ । ਬਾਹਰ ਦਾ ਓਪਰਾ ਵੇਖਣ ਵਾਲਾ ਨਹੀਂ ਸੀ ਕਹਿ ਸਕਦਾ ਕਿ ਇਹੋ ਆਦਮੀ ਇਕ ਮਿੰਟ ਪਹਿਲਾਂ ਏਦਾਂ ਲੋਹੇ ਲਾਖਾ ਹੋ ਰਿਹਾ ਸੀ ।

ਗਰੀਸ਼ ਦੀ ਨਿਗਾਹ ਵਿਚ ਕਦੇ ਕੋਈ ਚੀਜ਼ ਨਹੀਂ ਸੀ ਆਉਂਦੀ ਹੁੰਦੀ, ਪਰ ਅੱਜ ਪਤਾ ਨਹੀਂ, ਇਸਨੇ ਕਿੱਦਾਂ ਵੇਖ ਲਿਆ ਉਹਦੀ ਨਜ਼ਰ ਅੱਜ ਹੈਰਾਨ ਕਰ ਦੇਣ ਵਾਲੀ ਪੂਰਣਤਾ ਨੂੰ ਪਹੁੰਚ ਚੁਕੀ ਸੀ । ਸ਼ੈਲਜਾ ਨੂੰ ਵੇਖਕੇ ਆਖਣ ਲੱਗੇ, 'ਬੀਬੀ ਤੇਰੇ ਸਰੀਰ ਤੇ ਗਹਿਣੇ ਕਿਉਂ ਨਹੀਂ ਦਿਸਦੇ ਕਿੱਥੇ ਗਏ ?'

ਸ਼ੈਲਜਾ ਨੀਵੀਂ ਪਾਈ ਚੁਪਚਾਪ ਖੜੀ ਰਹੀ ।

ਗਰੀਸ਼ ਦੀ ਅਵਾਜ਼ ਫੇਰ ਹੌਲੀ ਹੌਲੀ ਉੱਚੀ ਹੋਣ ਲੱਗੀ,'ਉਸੇ ਭੈਂਸੇ ਸੂਰ ਨੇ ਵੇਚ ਖਾਧੇ ਹੋਏ ਹਨ, ਇਹ ਗਹਿਣੇ ਕਿਸਦੇ ਹਨ ? ਮੇਰੇ ਹਨ । ਉਸਨੂੰ ਮੈਂ ਜਰੂਰ ਜੇਹਲ ਭੇਜਕੇ ਹੀ ਸਾਹ ਲਵਾਂਗਾ ।' ……………

ਮੁਕਦਮੇ ਦੀ ਪੇਸ਼ੀ ਦਾ ਦਿਨ ਸੀ । ਸ਼ਾਮ ਨੂੰ ਹਰੀਸ਼ ਕਾਲਾ ਜਿਹਾ ਮੂੰਹ ਲੈਕੇ, ਹੁਗਲੀ ਅਦਾਲਤੋਂ ਘਰ ਨੂੰ ਮੁੜਿਆ, ਆਉਂਦਿਆਂ ਸਾਰ ਹੀ ਬਿਨਾਂ ਲੀੜੇ ਕਪੜੇ ਖੋਲੇ ਓਸੇਤਰਾਂ ਹੀ ਬਿਸਤਰੇ ਤੇ ਲੇਟ ਗਿਆ ।

ਨੈਨਤਾਰਾ ਰੋਣ ਹਾਕੀ ਜੇਹੀ ਹੋਕੇ ਕਈ ਕੁਝ ੫ਛਣ ਲੱਗੀ । ਪਤਾ ਲਗਣ ਤੇ ਸਿਧੇਸ਼ਵਰੀ ਵੀ ਆ ਗਈ । ਪਰ ਹਰੀਸ਼ ਆਉਂਦਿਆਂ ਸਾਰ ਹੀ ਸੱਥਰ ਲਹਿ ਗਿਆ ਤੇ ਉਸਦੇ ਮੂੰਹੋਂ ਭਲੀ ਗਲ ਨਹੀਂ ਨਿਕਲ ਸਕੀ । ਮੁਕਦਮਾ ਹਰ ਗਿਆ ਹੈ, ਇਹਦੇ ਵਿਚ ਤਾਂ ਕਿਸੇ ਨੂੰ ਕੋਈ ਸ਼ੱਕ ਨਹੀਂ ਸੀ । ਦੋਵੇਂ ਦਿਰਾਣੀ ਜਿਠਾਣੀ ਬਰਾਬਰ ਬਹਿਕੇ ਸਮਝਾਉਣ ਲੱਗੀਆਂ 'ਮੁਕਦਮੇ ਵਿਚ ਹਾਰ ਜਿੱਤ ਤਾਂ ਹੁੰਦੀ ਹੀ ਹੈ। ਇਸ ਤੋਂ ਅਗੇ ਹਾਈ ਕੋਰਟ ਹੈ, ਫੇਰ ਵਲਾਇਤ ਤਕ ਅਪੀਲ ਕਰਨ ਦੀ ਗੁੰਜਾਇਸ਼ ਹੈ । ਫੇਰ ਤੁਸੀਂ ਅਗੋਂ ਹੀ ਕਿਉਂ ਹਿੰਮਤ ਹਾਰਕੇ ਬਹਿ ਗਏ ਹੋ?'

ਪਰ ਅਸਚਰਜ ਇਹ ਹੈ ਕਿ ਦੋਹਾਂ ਜਨਾਨੀਆਂ ਨੂੰ ਮੁਕਦਮਾ ਜਿੱਤ ਲੈਣ ਦਾ ਜਿੰਨਾ ਭਰੋਸਾ ਸੀ, ਹਰੀਸ਼ ਨੂੰ ਵਕੀਲ ਹੁੰਦਿਆਂ ਹੋਇਆਂ ਬੀ ਐਨਾ ਯਕੀਨ ਨਹੀਂ ਸੀ। ਜਦੋਂ ਨਾਂ ਹੀ ਸਹਾਰਿਆ ਗਿਆ ਤਾਂ ਸਿਧੇਸ਼ਵਰੀ ਨੇ ਹਰੀਸ਼ ਨੂੰ ਹਿਲਾਕੇ ਆਖਿਆ, 'ਲਾਲਾ ਜੀ ਮੈਂ ਆਖਦੀ ਹਾਂ ਕਿ ਤੁਸੀਂ ਕਦੇ ਨਹੀਂ ਹਾਰੋਗੇ । ਜਿੰਨਾ ਰੁਪਯਾ ਲੱਗੇ ਮੈਂ ਦੇਵਾਂਗੀ ! ਤੁਸੀਂ ਹਾਈ ਕੋਰਟ ਵਿਚ ਜਰੂਰ ਝਗੜੋ ! ਮੈ ਅਸ਼ੀਰਬਾਦ ਦੇਨੀ ਹਾਂ ਕਿ ਤੁਸੀਂ ਜਰੂਰ ਜਿੱਤੋਗੇ ।'

ਏਨੇ ਚਿਰ ਨੂੰ ਹਰੀਸ਼ ਨੇ ਪਾਸਾ ਮੋੜਕੇ ਸਿਰ ਹਿਲਾਉਂਦੇ ਹੋਏ ਨੇ ਕਿਹਾ, 'ਨਹੀਂ ਭਾਬੀ ਜੀ ਹੁਣ ਕੁਝ ਨਹੀਂ ਹੋ ਸਕਦਾ ਸਭ ਕਾਸੇ ਦਾ ਭੋਗ ਪੈ ਗਿਆ ! ਹਾਈ ਕੋਰਟ ਛਡਕੇ ਭਾਵੇਂ ਵਲੈਤ ਚਲ ਜਾਈਏ ਕੁਛ ਨਹੀਂ ਬਣ ਸਕਦਾ, ਸਾਰੀ ਜਾਇਦਾਦ ਭਰਾ ਹੋਰਾਂ ਦੇ ਨਾਂ ਤੇ ਹੀ ਤਾਂ ਖਰੀਦੀ ਗਈ ਸੀ, ਉਹ ਵਿਆਹੇ ਗਏ ਸਭ ਕੁਝ ਛੋਟੀ ਨੋਂਹ ਦੇ ਨਾਂ ਦਾਨ ਕਰ ਆਏ ਨੇ । ਰਜਿਸਟਰੀ ਵੀ ਹੋ ਚੁਕੀ ਹੈ। ਦੇਸ ਵੱਲ ਤਾਂ ਅਸੀਂ ਹੁਣ ਮੂੰਹ ਵੀ ਨਹੀਂ ਕਰ ਸਕਦੇ।'

ਦਿਰਾਣੀ ਜਿਠਾਣੀ ਦੋਵੇਂ ਇਕ ਦੂਜੇ ਵੱਲ ਵੇਖਦੀਆਂ ਹੋਈਆਂ, ਪੱਥਰ ਦੀਆਂ ਮੂਰਤਾਂ ਵਾਗੂੰ ਬੈਠੀਆਂ ਰਹੀਆਂ।

ਸ਼ਾਮ ਨੂੰ ਗਰੀਸ਼ ਦੇ ਅਦਾਲਤੋਂ ਮੁੜ ਆਉਣ ਤੇ ਜੋ ਮੌਜ ਮੇਲਾ ਹੋਇਆ ਉਹਦੇ ਤਾਂ ਦੱਸਣ ਦੀ ਲੋੜ ਹੀ ਨਹੀਂ। ਮੂਰਖ, ਪਾਗਲ, ਬੇਸਮਝ ਆਦਿ ਆਖ ਆਖਕੇ ਹਰ ਕਿਸੇ ਨੇ ਗਰੀਸ਼ ਬਾਬੂ ਦੀ ਨਿਰਾਦਰੀ ਕਰਕੇ ਕਸਰ ਪੂਰੀ ਕਰ ਲਈ।

ਪਰ ਗਰੀਸ਼ ਬਾਬੂ ਸਾਰਿਆਂ ਦੇ ਉਲਟ ਖੜੇ ਹੋਕੇ ਤਰਤੀਬ ਵਾਰ ਸਾਰਿਆਂ ਨੂੰ ਸਮਝਾਉਣ ਲੱਗੇ, 'ਇਹਦੇ ਬਿਨਾਂ ਹੋਰ ਕੋਈ ਰਾਹ ਹੀ ਨਹੀਂ ਸੀ, ਭੈੜਾ, ਨਾਲਾਇਕ, ਬਦਮਾਸ਼ ਨੂੰਹ ਦਾ ਗਹਿਣਾ ਵੀ ਵੇਚਕੇ ਖਾ ਗਿਆ ਸੀ। ਜੇ ਥੋੜਾ ਚਿਰ ਹੋਰ ਹੋ ਜਾਂਦਾ ਤਾਂ ਮਕਾਨ ਦੀਆਂ ਕੜੀਆਂ ਤੇ ਇੱਟਾਂ ਤੱਕ ਵੇਚਕੇ ਖਾ ਜਾਂਦਾ। ਵਡਿਆਂ ਦਾ ਸੱਤਾਂ ਪੀੜ੍ਹੀਆਂ ਦਾ ਘਰ ਖੁਰਦ ਬੁਰਦ ਹੋ ਜਾਂਦਾ। ਸਾਰੀਆਂ ਗਲਾਂ ਨੂੰ ਸੋਚਕੇ ਹੀ ਮੈਂ ਮੁਕਰਜੀ ਵੰਸ਼ ਦੀ ਭਾਰ ਨਾਲ ਡੁਬ ਰਹੀ ਬੇੜੀ ਨੂੰ ਪਾਰ ਲਾ ਆਇਆ ਹਾਂ। ਉਹਨੂੰ ਬਚਾਉਣ ਦੀ ਤਦਬੀਰ ਕਰ ਆਇਆ ਹਾਂ!

ਸਿਰਫ ਸਿਧੇਸ਼ਵਰੀ ਹੀ ਇਕੇ ਪਾਸੇ ਚੁ੫ ਚਾ੫ ਬੈਠੀ ਹੋਈ ਸੀ। ਚੰਗੀ ਮਾੜੀ ਕੋਈ ਵੀ ਉਸ ਨੇ ਆਪਣੀ ਜ਼ਬਾਨੋਂ ਨਹੀਂ ਸੀ ਕੱਢੀ। ਸਾਰਿਆਂ ਦੇ ਚਲੇ ਜਾਣ ਪਿਛੋਂ ਉਹ ਪਤੀ ਦੇ ਸਾਹਮਣੇ ਆ ਖੜੀ ਹੋਈ। ਅੱਖਾਂ ਵਿਚ ਅੱਥਰੂ ਡਲਕ ਰਹੇ ਸਨ। ਪਤੀ ਦੇ ਪੈਰਾਂ ਤੇ ਸਿਰ ਰੱਖਕੇ, ਉਨ੍ਹਾਂ ਦੀ ਚਰਨ ਧੂੜ ਲਈ ਤੇ ਕਿਹਾ, 'ਅੱਜ ਤੁਸੀਂ ਮੈਨੂੰ ਮੁਆਫ ਕਰ ਦਿਉ। ਜਿਹਦੇ ਮੂੰਹ ਵਿਚ ਜਿਦਾਂ ਆਈ ਤੁਹਾਨੂੰ ਗਾਲ ਮੰਦਾ ਕਹਿ ਗਏ ਹਨ, ਪਰ ਤੁਸੀਂ ਉਹਨਾਂ ਸਾਰਿਆ ਨਾਲੋਂ ਕਿੰਨੇ ਵੱਡੇ ਹੋ, ਇਹ ਮੈਂ ਜਿੰਨਾ ਅੱਜ ਜਾਣ ਸਕੀ ਹਾਂ ਅਗੇ ਕਦੇ ਨਹੀਂ ਜਾਣਿਆਂ।'

ਗਰੀਸ਼ ਬਹੁਤ ਹੀ ਅਧੀਨ ਹੋ ਕੇ ਵਾਰ ਵਾਰ ਸਿਰ ਹਿਲਾਕੇ ਆਖਣ ਲੱਗੇ, 'ਵੇਖਿਆ ਜੇ, ਮੇਰੀਆਂ ਅੱਖਾਂ ਸਭ ਪਾਸੇ ਰਹਿੰਦੀਆਂ ਹਨ ਕਿ ਨਹੀਂ।' ਰਮੇਸ਼ ਕਲ ਦਾ ਛੋਕਰਾ ਹੈ, ਉਹ ਮੇਰੀ ਏਨੀ ਮਿਹਨਤ ਨਾਲ ਪੈਦਾ ਕੀਤੀ ਹੋਈ ਜਾਇਦਾਦ ਨੂੰ ਕਿੱਦਾਂ ਨਸ਼ਟ ਕਰ ਸਕਦਾ ਹੈ? ਮੈਂ ਉਸ ਨੂੰ ਇਸ ਤਰ੍ਹਾਂ ਬੰਨ੍ਹ ਆਇਆ ਹਾਂ ਕਿ ਹੁਣ ਬੱਚੂ ਕੁਝ ਨਹੀਂ ਕਰ ਸਕਦਾ। ਉਹਦੀ ਇਹ ਚਲਾਕੀ ਨਹੀਂ ਚਲ ਸਕਦੀ।'

ਇਹ ਆਖਕੇ ਪਤਾ ਨਹੀਂ ਕਿਹੜੀ ਗੱਲੋਂ, ਉਹ ਆਪਣੇ ਆਪ ਹੀ ਹੱਸਦੇ ਹੱਸਦੇ ਲੋਟਣ ਕਬੂਤਰ ਹੋ ਗਏ।

    1. 9 ##