ਪੰਜਾਬ ਦੇ ਹੀਰੇ/ਸ੍ਰੀ ਗੁਰੂ ਅਮਰਦਾਸ ਜੀ

ਵਿਕੀਸਰੋਤ ਤੋਂ
Jump to navigation Jump to search


ਗੁਰੂ ਅਮਰ ਦਾਸ

ਪਿਤਾ ਜੀ ਦਾ ਨਾਂ ਤੇਜ ਭਾਨ ਭੱਲਾ ਖਤ੍ਰੀ। ਵਸਨੀਕ ਬਾਸਰਕੀ ਜ਼ਿਲਾ ਅੰਮ੍ਰਿਤਸਰ। ਆਪ ਭੀ ਸਕੰਦਰ ਲੋਧੀ ਦੇ ਸਮੇਂ ੯ ਵਿਸਾਖ ੧੫੩੬ ਬਿ: ਮੁਤਾਬਕ ੧੪੭੯ ਈ: ਵਿੱਚ ਪ੍ਰਗਟ ਹੋਏ।

ਆਪ ਮੁਢ ਤੋਂ ਹੀ ਖੁਦਾ ਪ੍ਰਸਤ ਅਤੇ ਫ਼ਕੀਰ ਦੋਸਤ ਸਨ। ਤੀਰਥ ਯਾਤ੍ਰਾ ਦਾ ਆਪ ਨੂੰ ਸਦਾ ਹੀ ਸ਼ੌਕ ਰਹਿੰਦਾ ਸੀ ਇਸ ਲਈ ਆਪ ਕਈ ਵਾਰੀ ਨੰਗੇ ਪੈਰੀਂ ਤੁਰ ਕੇ ਗੰਗਾ ਜੀ ਦੇ ਇਸ਼ਨਾਨ ਲਈ ਗਏ।

੨੦ ਸਾਲਾਂ ਦੀ ਉਮਰ ਵਿੱਚ ਆਪ ਦੀ ਸ਼ਾਦੀ ਬੀਬੀ ਰਾਮ ਕੌਰ ਨਾਲ ਹੋਈ ਜਿਨ੍ਹਾਂ ਤੋਂ ਦੋ ਸਪੁਤ੍ਰ ਅਤੇ ਇਕ ਪੁਤ੍ਰੀ ਹੋਏ।

ਇਕ ਵਾਰੀ ਆਪ ਨੇ ਗੁਰੂ ਅੰਗਦ ਸਾਹਿਬ ਦੀ ਸਾਹਿਬਜ਼ਾਦੀ ਬੀਬੀ ਅਮਰੋ ਪਾਸੋਂ ਜੋ ਆਪ ਦੇ ਭਰਾ ਦੇ ਪੁਤ੍ਰ ਨਾਲ ਵਿਆਹੀ ਹੋਈ ਸੀ, ਗੁਰਬਾਣੀ ਸੁਣੀ, ਜਿਸ ਕਾਰਨ ਆਪ ਦੇ ਦਿਲ ਵਿਚ ਸ਼ਰਧਾ ਹੋਈ ਅਤੇ ਆਪ ਦਰਸ਼ਨਾਂ ਲਈ ਆਏ। ਆਪ ਘੋੜੇ ਉੱਤੇ ਜਾ ਰਹੇ ਸਨ ਕਿ ਪਿੰਡੋਂ ਬਾਹਰ ਆਪਨੂੰ ਇਕ ਗੁਰਸਿਖ ਨਜ਼ਰੀਂ ਪਏ। ਆਪ ਨੇ ਉਨ੍ਹਾਂ ਪਾਸੋਂ ਗੁਰੂ ਜੀ ਦਾ ਪਤਾ ਪੁਛਿਆ। ਉਸ ਨੇ ਆਪ ਦੇ ਘੋੜੇ ਦੀਆਂ ਵਾਗਾਂ ਫੜ ਲਈਆਂ ਅਤੇ ਗੁਰੂ ਘਰ ਵੱਲ ਲੈ ਤੁਰਿਆ। ਆਪ ਨੇ ਘੋੜਾ ਬੰਨਿਆ ਅਤੇ ਗੁਰੂ ਜੀ ਦੇ ਦਰਸ਼ਨਾਂ ਲਈ ਅੰਦਰ ਗਏ ਤਾਂ ਆਪ ਦੀ ਹੈਰਾਨੀ ਦੀ ਹਦ ਨ ਰਹੀ ਜਦ ਆਪ ਨੇ ਵੇਖਿਆ ਕਿ ਘੋੜੇ ਦੀਆਂ ਵਾਗਾਂ ਫੜ ਕੇ ਤੁਰਨ ਵਾਲਾ ਸਿਖ ਆਪ ਤਖਤ ਤੇ ਬੈਠਾ ਹੈ। ਆਪ ਚਰਨਾਂ ਤੇ ਡਿਗ ਪਏ ਅਤੇ ਗੁਰੂ ਜੀ ਦੇਤ੍ਰੈ ਪਹਿਰੇ ਇਸ਼ਨਾਨ ਦੀ ਸੇਵਾ ਆਪ ਨੇ ਲੈ ਲਈ। ਇਹ ਸੇਵਾ ਆਪ ਨੇ ਸ਼ਰਧਾ ਨਾਲ ਬਾਰਾਂ ਸਾਲ ਕੀਤੀ। ਇਸ ਨਿਸ਼ਕਾਮ ਸੇਵਾ ਦਾ ਸਿੱਟਾ ਇਹ ਹੋਇਆ ਕਿ ਆਪ ਗੁਰੂ ਅੰਗਦ ਦੇਵ ਜੀ ਦੇ ਚਲਾਣੇ ਪਿਛੋਂ ੧੬੦੬ ਬਿ: ਵਿਚ ਗੱਦੀ ਦੇ ਵਾਰਸ ਹੋ ਕੇ ਸਿੱਖਾਂ ਦੇ ਤੀਜੇ ਗੁਰੂ ਅਖਵਾਏ।

੧੬੧੫ ਬਿ: ਵਿਚ ਆਪ ਨੇ ਗੋਇੰਦਵਾਲ ਵਿਚ ੮੪ ਪੌੜੀਆਂ ਦੀ ਇਕ ਬਾਉਲੀ ਨਿਕਲਵਾਈ, ਜਿਸ ਦੇ ਕੜ ਟੁਟਣ ਉਪਰ ਅਕਬਰ ਨੂੰ ਚਤੌੜ ਦਾ ਕਿਲਾ ਟੁਟਣ ਦਾ ਵਰ ਬਖਸ਼ਿਆ ਤੇ ਅਕਬਰ ਦੀ ਜੈਮਲ ਫਤੇ ਉਤੇ ਫਤਿਹ ਹੋਈ।

 ਆਪ ਨੇ ਆਪਣੇ ਜਵਾਈ ਗੁਰੁ ਰਾਮਦਾਸ ਜੀ ਨੂੰ ਸੇਵਾ ਬਦਲੇ ਗੱਦੀ ਦਿਤੀ ਅਤੇ ਆਪ ੯੫ ਸਾਲ ਤ੍ਰੈ ਮਹੀਨੇ ੧੩ ਦਿਨ ਦੀ ਉਮਰ ਭੋਗ ਕੇ ਕੂਚ ਕਰ ਗਏ । ਆਪ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਵਿਚ ਹੈ:-

ਵੇਖੋ ਵਨਗੀ:-

ਅਨਦੁ ਸੁਣਹੁ ਵਡਭਾਗੀਹੋ ਸਗਲ ਮਨੋਰਥ ਪੂਰੇ
ਪਾਰਬ੍ਰਹਮੁ ਪ੍ਰਭੁ ਪਾਇਆ ਉਤਰੇ ਸਗਲ ਵਿਸੂਰੇ
ਦੂਖ ਰੋਗ ਸੰਤਾਪ ਉਤਰੇ ਸੁਣੀ ਸਚੀ ਬਾਣੀ
ਸੰਤ ਸਾਜਨ ਭਏ ਸਰਸੇ ਪੂਰੇ ਗੁਰ ਤੇ ਜਾਣੀ
ਸੁਣਤੇ ਪੁਨੀਤ ਕਹਤੇ ਪਵਿਤੁ ਸਤਿਗੁਰੁ ਰਹਿਆ ਭਰਪੂਰੇ
ਬਿਨਵੰਤਿ ਨਾਨਕੁ ਗੁਰ ਚਰਣ ਲਾਗੇ ਵਾਜੇ ਅਨਹਦ ਤੂਰੇ