ਪੰਨਾ:ਅਰਸ਼ੀ ਝਲਕਾਂ.pdf/180

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਭੈਣਾਂ ਮੋਈਆਂ ਰੀਝਾਂ ਮੁਕੀਆਂ,
ਭਾਈ ਮਰ ਗਏ ਤੇ ਭਾ ਮਰ ਗਏ।
ਬਾਪ ਨਾਲ ਮਰ ਗਿਆ ਆਸਰਾ,
ਮਾਂ ਮੋਈ ਸੱਧਰਾਂ ਚਾ ਮਰ ਗਏ।

ਹੁਣ ਨਹੀਂ ਤੇਰੀ ਲੋੜ ਕਿਸੇ ਨੂੰ,
ਤੂੰ ਸਭ ਨੂੰ ਦੁਖਿਆਰ ਜਹੀ ਏਂ।
ਜੂਠੇ ਟੁਕਰਾਂ ਤੇ ਪੱਲ ਕੇ ਵੀ,
ਟੱਬਰ ਦੇ ਸਿਰੇ ਭਾਰੇ ਜਹੀ ਏ।

ਸਾਰੇ ਕੰਮ ਹੋਣਗੇ ਘਰ ਦੇ,
ਤੇਰਾ ਸੰਭਾਲਾ ਹੋ ਨਹੀਂ ਸਕਨਾ।
ਆਪੇ ਹੱਗੀਂ ਲਿਬੜੀ ਮਿਧੀ,
ਤੈਨੂੰ ਕਿਸੇ ਨੇ ਧੋ ਨਹੀਂ ਸਕਨਾ।

ਰੁਖ਼ਾ ਮਿੱਸਾ ਜੁੜਿਆ ਖਾ ਕੇ,
ਢਿੱਡ ਦੀ ਅੱਗ ਬੁਝਾ ਲੀਤਾ ਕਰ।
ਘੁਟਕੀ, ਝਿੜਕ, ਠਪੋਕੀ, ਸਹਿਕੇ,
ਵੇਲਾ ਵਕਤ ਇਤਾ ਲੀਤਾ ਕਰ।

ਚੁਲ੍ਹੇ ਵਿਚ ਪਾ ਮਨ ਦੀ ਮਰਜ਼ੀ,
ਸਬਰੋਂ ਵਧ ਕੁਝ ਹੋਰ ਨਹੀਂ ਹੁੰਦਾ।
ਛੱਡ ਦੇ ਜ਼ਿਦਾਂ ਕਲਪਿਆ ਨਾ ਕਰ,
ਓਪਰਿਆਂ ਤੇ ਜ਼ੋਰ ਨਹੀਂ ਹੁੰਦਾ।

੪੬