ਪੰਨਾ:ਅਸਤਿਤਵਵਾਦੀ ਆਲੋਚਨਾ – ਧਰਮਚੰਦ ਵਾਤਿਸ਼.pdf/145

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਮੁਲਕ ਵੀ ਬਦਨਾਮ ਹੋਵੇਗਾ। ਪਰ ਲੂਣਾ ਦਾ ਕਹਿਣਾ ਹੈ ਹਾਣ ਨਾ ਲੱਭਕੇ ਬਾਬਲ ਨੇ ਉਸ ਨਾਲ ਪਾਪ ਕਮਾਇਆ ਹੈ। ਲੂਣਾ ਚਰਿੱਤਰਹੀਣ ਨਹੀਂ। ਉਹ ਤਾਂ ਆਪਣਾ ਹਾਣ ਲੱਭ ਰਹੀ ਹੈ। ਸਲਵਾਨ ਤਾਂ ਉਸ ਦੇ ਬਾਬਲ ਵਰਗਾ ਹੈ। ਸਲਵਾਨ ਦੀ ਸੇਜ ਦੇ ਛਿਣ 'ਲੂਣਾ' ਚੋਂ 'ਲੂਣਾ’ ਮਰ ਜਾਂਦੀ ਹੈ ਅਰਥਾਤ ਵਿਅਕਤਿਤਵਹੀਣ (Depersonalize) ਹੋ ਜਾਂਦੀ ਹੈ। ਲੂਣਾ ਦੀ ਹੋਂਦ (Being) ਗੁਆਚ ਜਾਂਦੀ ਹੈ। ਲੂਣਾ ਦਾ ਅਸਤਿਤਵਹੀਣ ਹੋਣਾ ਉਸਦੇ ਆਪਣੇ ਬੋਲਾਂ ਵਿੱਚ ਹੀ ਪੇਸ਼ ਹੈ:

ਮੇਰੇ ਸਿਰ ਦਾ,/ਉਤਲਾ ਅੰਬਰ ਤਿੜਕ ਚੁੱਕਾ ਹੈ
ਹੋਂਦ ਮੇਰੀ ਦਾ ਪੈਰ,/ ਚਿਰਾਂ ਤੋਂ ਥਿੜਕ ਚੁੱਕਾ ਹੈ
ਹੁਣ ਹੋਣੀ ਦੀ ਪੌਣ/ਉਡਾਈ ਫਿਰਦੀ ਹੈ
ਲੂਣਾ ਤੇ ਲੂਣਾ ਦੀ ਮਿੱਟੀ ਕਿਰਦੀ ਹੈ।[1]

ਈਰਾ ‘ਈਡੀਪਸ ਕੰਪਲੈਕਸ’ ਵੱਲ ਸੰਕੇਤ ਕਰਦੀ ਹੋਈ ਔਰਤ ਦੀ ਦਸ਼ਾ ਨੂੰ ਨਾ ਜਿਉਂਦਿਆਂ, ਨਾ ਮਰਿਆਂ ਵਿੱਚ ਸ਼ੁਮਾਰ ਕਰਦੀ ਹੈ। ਇਹ ਸੰਸਾਰ ਜਿਸ ਵਿੱਚ ਔਰਤ ਨੂੰ ਸੁੱਟਿਆ ਗਿਆ ਹੈ, ਇਸਦੀ ਤਥਾਤਮਕਤਾ (Facticity) ਵੱਲ ਈਰਾ ਇਉਂ ਇਸ਼ਾਰਾ ਕਰਦੀ ਹੈ:

ਇਹ ਧਰਤੀ, ਇੱਕ ਨਗਨ ਨਪੁੰਸਕ ਬਸਤੀ ਹੈ
ਏਥੇ ਰੋਟੀ ਮਹਿੰਗੀ,/ਨਾਰੀ ਸਸਤੀ ਹੈ।[2]

ਇਥੇ ਹਰ ਸ਼ੈ ਰੋਟੀ ਬਦਲੇ ਤੁਲਦੀ ਹੈ। ਹਰੇਕ ਲੂਣਾ ਰੋਟੀ ਖ਼ਾਤਰ ਗਿਰਵੀ ਹੈ। ਇਸ ਸੰਸਾਰ ਦਾ ਹਰ ਵਸਨੀਕ ‘ਨਿਖੜਵੀਂ ਸ਼ਖ਼ਸੀਅਤ' (Unique personality) ਹੈ। ਈਰਾ ਦੀ ਸਿੱਖਿਆ ਹੈ ਕਿ ਲੂਣਾ ਆਪਣੇ ਅੰਦਰ ਦੀ ਲੂਣਾ (Conscience) ਨੂੰ ਮਾਰ ਲਵੇ, ਤਾਂ ਹੀ ਠੀਕ ਹੈ।

ਲੂਣਾ ਕਹਿੰਦੀ ਹੈ ਕਿ ਹਰ ਧੀ ਬਾਬਲ ਦੇ ਵਿਹੜੇ ਇਕ ਸੁਪਨਾ ਲੈਂਦੀ ਹੈ ਪਰ ਉਹ ਸੁਪਨਾ ਬਾਬਲ ਦੇ ਵਿਹੜੇ ਹੀ ਰਹਿ ਜਾਂਦਾ ਹੈ। ਉਹ ਆਪਣੇ ਸਵੈ ਨੂੰ ਪੂਰਨ ਦੇ ਅੰਗਾਂ ਦੀ ਖ਼ੁਸ਼ਬੋ ਕਹਿੰਦੀ ਹੈ। ਈਰਾ ਲੂਣਾ ਦੀ ਸੋਚ ਨੂੰ ਮ੍ਰਿਗਤ੍ਰਿਸ਼ਨਾ ਨਾਲ ਤੁਲਨਾ ਦਿੰਦੀ ਹੈ ਕਿਉਂਕਿ ਇਸ ਸੰਸਾਰ ਵਿੱਚ ਹਰ ਅਸੰਤੁਸ਼ਟ ਕਾਮ ਸੰਤੁਸ਼ਟ ਕਾਮ ਤੇ ਮਰਦਾ ਹੈ।

ਏਨੇ ਨੂੰ ਉੱਥੇ ਪੂਰਨ ਵੀ ਪਹੁੰਚ ਜਾਂਦਾ ਹੈ ਅਤੇ ਈਰਾ ਉੱਥੋਂ ਚਲੀ ਜਾਂਦੀ ਹੈ। ਕੁੱਝ ਮੌਸਮ, ਇੰਦਰ ਦੇਵਤਾ ਆਦਿ ਬਾਰੇ ਅਪ੍ਰਤੀਬਿੰਬਤ ਚੇਤਨਾ (unreflected consciousness) ਅਨੁਸਾਰ ਇਧਰਲੀਆਂ ਉਧਰਲੀਆਂ ਗੱਲਾਂ ਮਾਰਨ ਤੋਂ ਬਾਅਦ ਲੂਣਾ ਪ੍ਰਤਿਬਿੰਬਤ ਚੇਤਨਾ (Reflected consciousness) ਵੱਲ ਪਰਤਦੀ ਹੋਈ ਪੂਰਨ ਪ੍ਰਤੀ ਆਪਣੀ ਇੱਛਾ ਦਾ ਇਜ਼ਹਾਰ ਕਰਦੀ ਹੈ।

ਅਸਤਿਤਵਵਾਦੀ ਆਲੋਚਨਾ (ਸਿਧਾਂਤ ਅਤੇ ਵਿਹਾਰ) / 145

  1. ਸ਼ਿਵ ਕੁਮਾਰ, ਉਹੀ, ਪੰ. 127
  2. ਉਹੀ, ਪੰ. 128