ਪੰਨਾ:ਅੱਖਰਾਂ ਦੀ ਸੱਥ.pdf/21

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਕਲੋਨੀ ਵਿਚਲੇ ਬਾਕੀ ਚੂਹਿਆਂ ਦੀ ਸੁੱਖ-ਸੁਵਿਧਾ ਵੇਖਕੇ ਚੰਨੂ ਵੀ ਗਰੁੱਪ ਵਿਚ ਸ਼ਾਮਲ ਹੋਣ ਲਈ ਸੋਚਣ ਲੱਗਾ। ਫਿਰ ਚੰਨੂ ਨੇ ਕਲੋਨੀ ਵਿਚਲੇ ਕਿਸੇ ਹੋਰ ਚੂਹੇ ਰਾਹੀਂ ਗਰੁੱਪ ਦੇ ਐਡਮਿਨ ਤਕ ਪਹੁੰਚ ਕੀਤੀ ਤੇ ਉਹ ਵੀ ਗਰੁੱਪ ਵਿਚ ਸ਼ਾਮਲ ਹੋ ਗਿਆ।

ਹੁਣ ਚੰਨੂ ਵੀ ਸੁਖੀ ਵਸਣ ਲੱਗ ਪਿਆ ਸੀ। ਉਸ ਲਈ ਮਾਣੋ ਬਿੱਲੀ ਦਾ ਖੌਫ਼ ਨਹੀਂ ਰਿਹਾ ਸੀ।

ਚੰਨੂ ਨੂੰ ਗਰੁੱਪ ਵਿੱਚੋਂ ਮਾਣੋ ਬਿੱਲੀ ਦੇ ਨਾਲ ਨਾਲ ਹੋਰ ਖ਼ਤਰਿਆਂ ਤੇ ਸੁਵਿਧਾਵਾਂ ਦੀ ਜਾਣਕਾਰੀ ਵੀ ਮਿਲਣ ਲੱਗ ਪਈ ਸੀ।

'ਕਲੋਨੀ ਵਿਚ ਕਿੱਥੇ ਬਿਜਲੀ ਦੀ ਤਾਰ ਲਮਕਦੀ ਹੈ। ਗਲ਼ੀਆਂ ਵਿਚ ਕਿੱਥੇ-ਕਿੱਥੇ ਤਿਲਕਣ ਹੈ ਤੇ ਕਿਸ ਘਰ ਵਿਚ ਕੀ ਸਬਜ਼ੀ ਤੇ ਸਵੀਟ ਡਿਸ਼ ਬਣੀ ਹੋਈ ਹੈ।'

ਗਰੁੱਪ ਵਿਚਲੀ ਇਸ ਤਰ੍ਹਾਂ ਦੀ ਜਾਣਕਾਰੀ ਨੇ ਚੰਨੂ ਚੂਹੇ ਦਾ ਜਿਓਣਾ ਹੋਰ ਵੀ ਸੁਖਾਲਾ ਤੇ ਆਰਾਮਦਾਇਕ ਕਰ ਦਿੱਤਾ ਸੀ। ਚੰਨੂ ਸੁਖੀ ਤਾਂ ਵਸਣ ਲੱਗ ਪਿਆ ਸੀ ਪਰ ਉਸਦੀ ਸੋਚ ਨਹੀਂ ਬਦਲੀ ਸੀ। ਚੰਨੂ ਬੇਹਦ ਮਾੜੀ ਸੋਚ ਦਾ ਮਾਲਕ ਸੀ। ਉਹ ਆਪ ਜਾਣਬੁਝ ਕੇ ਗਰੁੱਪ ਵਿਚ ਭੁਲੇਖਾ ਪਾਉਣ ਵਾਲੀਆਂ ਪੋਸਟਾਂ ਪਾਉਣ ਲੱਗ ਪਿਆ। ਜਿੱਥੇ ਬਿੱਲੀ ਹੁੰਦੀ, ਚੰਨੂ ਉਸ ਥਾਂ ਨੂੰ ਸੁਰੱਖਿਅਤ ਦੱਸਦਾ ਤੇ ਜਿੱਥੇ ਬਿੱਲੀ ਨਾ ਹੁੰਦੀ, ਉਸ ਥਾਂ ਨੂੰ ਖਤਰੇ ਵਾਲੀ। ਚੰਨੂ ਦੇ ਇਸ ਤਰ੍ਹਾਂ ਕਰਨ ਨਾਲ ਕਲੋਨੀ ਵਿਚਲੇ ਕਈ ਚੂਹੇ ਬਿੱਲੀ ਦੇ ਕਾਬੂ ਆ ਗਏ ਸਨ। ਕਲੋਨੀ ਵਿੱਚੋਂ ਚੂਹੇ ਘਟਣ ਲੱਗ ਪਏ ਸਨ।

22/ਅੱਖਰਾਂ ਦੀ ਸੱਥ