ਸਮੱਗਰੀ 'ਤੇ ਜਾਓ

ਪੰਨਾ:ਅੱਜ ਵੀ ਖਰੇ ਹਨ ਤਾਲਾਬ.pdf/10

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਬਦਲਣ ਲਈ ਕਹਿੰਦੇ ਸਨ, ਕਿਉਂਕਿ ਜਲ ਨਾਲ ਹੀ ਜੀਵਨ ਦੀ ਜੋਤ ਬਲਦੀ ਹੈ। ਅਜਿਹੀਆਂ ਗਹਿਰੀਆਂ ਆਸਥਾਵਾਂ ਨਾਲ ਜੁੜੇ ਯਾਦਾਂ ਦੇ ਅਨੇਕ ਸਫ਼ੇ ਖੁੱਲ੍ਹਦੇ ਚਲੇ ਗਏ .... ਲੇਕਿਨ ਅਚਾਨਕ ਬਚਪਨ ਦੀਆਂ ਯਾਦਾਂ ਨਾਲ ਜੁੜੇ ਅਜਿਹੇ ਹੀ ਇੱਕ ਸਫ਼ੇ ਉੱਤੇ ਆਤਮਾ ਠਹਿਰ ਗਈ ....

ਇਹ ਗੱਲ ਬਚਪਨ ਦੀ ਯਾਨੀ ਤੀਹ-ਬੱਤੀ ਸਾਲ ਪੁਰਾਣੀ ਹੈ। ਉਨ੍ਹਾਂ ਭਲੇ ਵਕਤਾਂ ਵਿੱਚ ਬੱਚੇ ਗਰਮੀ ਦੀਆਂ ਛੁੱਟੀਆਂ ਮਨਾਉਣ ਆਪਣੇ ਨਾਨਕੇ ਜਾਇਆ ਕਰਦੇ ਸਨ। ਮੈਂ ਵੀ ਆਪਣੇ ਨਾਨਕੇ ਪਿੰਡ ਪਾਇਲ (ਜ਼ਿਲ੍ਹਾ ਲੁਧਿਆਣਾ) ਗਿਆ ਹੋਇਆ ਸੀ। ਚੁਹੱਟੇ ਮੁਹੱਲੇ ਵਿੱਚ ਨਾਨਾ ਜੀ ਦਾ ਘਰ ਸੀ, ਹੁਣ ਵੀ ਹੈ। ਨਾਨਾ ਜੀ ਲੱਕੜੀ ਦੇ ਕਿਸੇ ਕੰਮ ਵਿੱਚ ਮਸ਼ਗੂਲ ਸਨ। ਉਸ ਦਿਨ ਵੀ ਨਾਨਾ ਜੀ ਆਪਣੇ ਕੋਲ ਬੈਠੇ ਇੱਕ ਬਜ਼ੁਰਗ ਦਾ ਕੋਈ ਕੰਮ ਕਰ ਰਹੇ ਸਨ। ਕੋਲ ਹੀ ਸਾਰੇ ਮੁਹੱਲੇ ਦੇ ਬੱਚੇ ਬੰਟੇ ਖੇਡ ਰਹੇ ਸਨ। ਮੈਂ ਵੀ ਆਪਣੀ ਵਾਰੀ ਦੀ ਉਡੀਕ ਵਿੱਚ ਨਾਨਾ ਜੀ ਦੇ ਕੋਲ ਹੀ ਬੈਠਾ ਸੀ। ਮੈਨੂੰ ਯਾਦ ਹੈ ਲਿਸ਼ਕਦੀਆਂ ਅੱਖਾਂ ਵਾਲੇ ਉਹ ਬਜ਼ੁਰਗ ਨਾਨਾ ਜੀ ਨੂੰ ਆਪਣੇ ਉਸ ਪੁੱਤਰ ਬਾਰੇ ਦੱਸ ਰਹੇ ਸਨ, ਜਿਸਦੀ ਸ਼ਾਇਦ ਕਿਸੇ ਉੱਚੇ ਅਹੁਦੇ ਵਾਲੀ ਨੌਕਰੀ ਨਵੀਂ-ਨਵੀਂ ਲੱਗੀ ਸੀ। ਬੰਟੇ ਖੇਡਦੇ ਬੱਚਿਆਂ ਦੇ ਰੌਲੇ ਵਿੱਚ ਵੀ ਮੈਨੂੰ ਉਨ੍ਹਾਂ ਦੀਆਂ ਗੱਲਾਂ ਵਿੱਚੋਂ ਸੁਆਦ ਆਉਣ ਲੱਗਾ। ਬਾਬਾ ਜੀ ਕਹਿ ਰਹੇ ਸਨ, "ਨੰਦ ਰਾਮਾਂ! ਮੇਰੇ ਘਰ ਸੱਤ ਪੁੱਤ ਜੰਮੇ, ਪਰ ਕੋਈ ਬਚਦਾ ਹੀ ਨਹੀਂ ਸੀ, ਸਾਰੇ ਬਹੁਤ ਦੁਖੀ ਸਨ। ਸਭ ਜਗ੍ਹਾ ਮੱਥਾ ਟੇਕ ਆਏ, ਪਰ ਹਰ ਵਾਰ ਖ਼ੁਸ਼ੀ ਦੀ ਕਿਲਕਾਰੀ ਦੀ ਥਾਂ ਘਰ ਦੇ ਅੰਦਰੋਂ ਮੌਤ ਦੀ ਚੀਕ ਹੀ ਬਾਹਰ ਆਉਂਦੀ ਸੀ। ਮੈਂ ਹਾਰ ਗਿਆ ਸੀ, ਟੁੱਟ ਗਿਆ ਸੀ, ਪਤਾ ਨਹੀਂ ਸਾਡੀ ਦੇਹਲੀ ਉੱਤੇ ਵੀ ਕੋਈ ਦੀਵਾ ਬਾਲਣ ਵਾਲਾ ਹੋਵੇਗਾ ਜਾਂ ਨਹੀਂ।" ਥੋੜ੍ਹੀ ਦੇਰ ਦੀ ਚੁੱਪੀ ਤੋਂ ਬਾਅਦ ਬਾਬਾ ਜੀ ਫੇਰ ਬੋਲੇ,"ਨੰਦ ਰਾਮਾਂ, ਇੱਕ ਦਿਨ ਤੜਕੇ-ਸਾਝਰੇ, ਬਹ੍ਰਮ ਬੇਲਾ ਵਿੱਚ, ਮੈਂ ਖੇਤਾਂ ਵਿੱਚ ਜਾਂਦੇ-ਜਾਂਦੇ ਆਪਣੇ ਪਿੰਡ ਦੇ ਚੌਰਾਹੇ ਦੀ ਤ੍ਰਿਵੈਣੀ ਹੇਠ ਬਣੇ ਚਬੂਤਰੇ ਉੱਤੇ ਬੈਠ ਗਿਆ, ਚੜ੍ਹਦੇ ਸੂਰਜ ਦੇ ਚਾਨਣੇ ਵੱਲ ਵੇਖਦਿਆਂ ਮਨ ਹੀ ਮਨ ਵਾਹਿਗੁਰੂ ਅੱਗੇ ਅਰਦਾਸ ਕਰਨ ਲੱਗਾ, ਹੇ ਸੱਚੇ ਪਾਤਸ਼ਾਹ! ਜੇਕਰ ਇਸ ਵਾਰ ਤੂੰ ਮੇਰੇ ਘਰ ਆਉਣ ਵਾਲੇ ਜੀਅ ਦੀ ਜ਼ਿੰਦਗੀ ਬਖ਼ਸ਼ ਦੇਵੇਂ ਤਾਂ ਮੈਂ ਪਿੰਡ ਦੇ ਸਾਰੇ ਚੌਰਾਹਿਆਂ ਉੱਤੇ ਤ੍ਰਿਵੈਣੀਆਂ ( ਨਿੰਮ, ਪਿੱਪਲ, ਬਰੋਟੇ) ਲਗਵਾਵਾਂਗਾ ਅਤੇ ਪਿੰਡ ਦੇ ਮੰਦਰ ਦੀ ਬਾਓਲੀ, ਗੁਰਦੁਆਰੇ ਦਾ ਸਰੋਵਰ ਅਤੇ ਸ਼ਮਸ਼ਾਨ ਵਾਲਾ ਘਾਟ ਸਾਫ਼ ਕਰਵਾਵਾਂਗਾ। ....ਨੰਦ ਰਾਮਾਂ, ਔਹ ਵੇਖ, ਔਹ,ਤ੍ਰਿਵੈਣੀ ਉਹੀ ਹੈ ਜਿਹੜੀ ਕਾਕੇ ਦੇ ਜੰਮਣ ’ਤੇ ਮੈਂ ਆਪਣੇ ਹੱਥਾਂ ਨਾਲ, ਪਰਮਪਿਤਾ ਦਾ ਧੰਨਵਾਦ ਕਰਦਿਆਂ ਲਗਾਈ ਸੀ। ਵਾਹਿਗੁਰੂ ਮੇਰੇ ਕਾਕੇ ਨੂੰ ਉਸ ਤ੍ਰਿਵੈਣੀ ਦੀ ਉਮਰ ਅਤੇ ਉਸ ਤ੍ਰਿਵੈਣੀ ਨੂੰ ਮੇਰੇ ਕਾਕੇ ਦੀ ਉਮਰ ਬਖ਼ਸ਼ੇ।"

ਮੈਨੂੰ ਅੱਜ ਵੀ ਬਾਬਾ ਜੀ ਦੀ ਅੱਖਾਂ ਦੀ ਉਹ ਲਿਸ਼ਕ ਯਾਦ ਹੈ। ਯਾਦਾਂ ਦੇ ਇਸ ਪਵਿੱਤਰ ਆਲਮ ਵਿੱਚ ਮੈਨੂੰ ਅਨੁਪਮ ਜੀ ਦੀ ਇਸੇ ਪੁਸਤਕ ਨੇ ਪਹੁੰਚਾਇਆ ਸੀ।

6
ਅੱਜ ਵੀ ਖਰੇ ਹਨ
ਤਾਲਾਬ