ਪੰਨਾ:ਇਸ਼ਕ ਸਿਰਾਂ ਦੀ ਬਾਜ਼ੀ - ਸੁਖਦੇਵ ਮਾਦਪੁਰੀ.pdf/48

ਵਿਕੀਸਰੋਤ ਤੋਂ
Jump to navigation Jump to search
ਇਹ ਸਫ਼ਾ ਪ੍ਰਮਾਣਿਤ ਹੈ


ਮੇਰੇ ਸਿਰ ਦਾ ਕੰਤ ਮਰੇ
ਪੰਜ ਮਤ ਮਰਨ ਗਵਾਂਢਣਾਂ
ਰਹਿੰਦੀਆਂ ਨੂੰ ਤਾਪ ਚੜ੍ਹੇ
ਹੱਟੀ ਢਹੇ ਕਰਾੜ ਦੀ
ਜਿੱਥੇ ਦੀਵਾ ਨਿਤ ਬਲ਼ੇ
ਕੁੱਤੀ ਮਰੇ ਫਕੀਰ ਦੀ
ਜਿਹੜੀ ਚਊਂ ਚਊਂ ਨਿਤ ਕਰੇ
ਗਲ਼ੀਆਂ ਹੋਵਣ ਸੁੰਨੀਆਂ
ਵਿੱਚ ਮਿਰਜ਼ਾ ਯਾਰ ਫਿਰੇ

ਮਿਰਜਾ ਆਪਣੀ ਪਾਕ ਮੁਹੱਬਤ ਲਈ ਕੁਰਬਾਨ ਹੋ ਗਿਆ। ਉਹਦੀ ਬਹਾਦਰੀ ਦੀਆਂ ਵਾਰਾਂ ਅੱਜ ਪੰਜਾਬ ਦੇ ਗਭਰੂਆਂ ਦੇ ਹੇਠਾਂ ਤੇ ਸਜੀਵ ਹਨ:

ਦਖਣ ਦੇ ਵਲੋਂ ਚੜ੍ਹੀਆਂ ਨੇ ਨ੍ਹੇਰੀਆਂ
ਉਡਦੇ ਨੇ ਗਰਦ ਗਵਾਰ
ਬੁਲਬੁਲਾਂ ਵਰਗੀਆਂ ਘੋੜੀਆਂ
ਉੱਤੇ ਵੀਰਾਂ ਜਹੇ ਅਸਵਾਰ
ਹੱਥੀਂ ਤੇਗਾਂ ਨੰਗੀਆਂ
ਕਰਦੇ ਮਾਰੋ ਮਾਰ
ਵੇ ਤੂੰ ਹੇਠਾਂ ਜੰਡ ਦੇ ਸੌਂ ਗਿਐਂ
ਜੱਟਾ ਕਰਕੇ ਆ ਗਿਆ ਵਾਰ
ਤੈਨੂੰ ਭੱਜੇ ਨੂੰ ਜਾਣ ਨਾ ਦੇਣਗੇ
ਜੱਟਾ ਜਾਨੋਂ ਦੇਣਗੇ ਮਾਰ:

ਪੰਜਾਬੀ, ਮਿਰਜ਼ੇ ਦੀ ਸਾਹਿਬਾਂ ਦੇ ਭਰਾਵਾਂ ਨਾਲ ਹੋਈ ਲੜਾਈ ਦੇ ਵਿਰਤਾਂਤ ਨੂੰ ਬੜੇ ਲਟਕਾਂ ਨਾਲ਼ ਗਾਉਂਦੇ ਹਨ:

ਭੱਥੇ 'ਚੋਂ ਕੱਢ ਲਿਆ ਜੱਟ ਨੇ ਫੋਲ ਕੇ
ਰੰਗ ਦਾ ਸੁਨਹਿਰੀ ਤੀਰ
ਮਾਰਿਆਂ ਜੱਟ ਨੇ ਮੁੱਛਾਂ ਕੋਲ਼ੋਂ ਵੱਟ ਕੇ
ਉਡ ਗਿਆ ਵਾਂਗ ਭੰਬੀਰ
ਪੰਜ ਸਤ ਲਾਹ ਲਏ ਘੋੜਿਉਂ
ਨੌਵਾਂ ਲਾਹਿਆ ਸਾਹਿਬਾਂ ਦਾ ਵੀਰ
ਸਾਹਿਬਾਂ ਡਿਗਦੇ ਭਰਾਵਾਂ ਨੂੰ ਦੇਖਕੇ
ਅੱਖੀਉਂ ਸੁੱਟਦੀ ਨੀਰ
ਆਹ ਕੀ ਕੀਤਾ ਮਿਰਜ਼ਿਆ ਖੂਨੀਆਂ
ਹੋਰ ਨਾ ਚਲਾਈਂ ਐਸਾ ਤੀਰ

32/ ਇਸ਼ਕ ਇਰਾਂ ਦੀ ਬਾਜ਼ੀ