ਪੰਨਾ:ਏਸ ਜਨਮ ਨਾ ਜਨਮੇ - ਸੁਖਪਾਲ.pdf/34

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਕਦੇ ਤਾਂ ਮਿਲੀਏ

ਕਦੇ ਤਾਂ ਮਿਲੀਏ...

ਰਹੀਏ ਦਿਨ ਭਰ ਨਾਲੋ ਨਾਲ
ਉੱਡਣ ਦੇਈਏ ਮਨ ਨੂੰ ਤਨ ਨੂੰ
ਦੂਰੋਂ ਸਿਰਫ਼ ਉਡਾਰੀ ਤੱਕੀਏ

ਜਿਥੇ ਵੀ ਜੀਅ ਆਵੇ ਜਾਈਏ
ਜਿਥੇ ਜੀਅ ਆਵੇ ਰਹਿ ਜਾਈਏ
ਜਿਹੜੀ ਵੀ ਭੁੱਲ ਹੋਵੇ ਕਰੀਏ
ਜਿਹੜਾ ਚੇਤਾ ਆਵੇ ਸੁਣੀਏ
ਜੋ ਜੀਅ ਆਵੇ ਕਹੀਏ
ਕੁੰਜਾਂ ਤੱਕ ਕੇ
ਦੁਖੜਾ ਝੱਲ ਕੇ
ਜਲ ਵਿੱਚ ਭਿੱਜ ਕੇ
ਇੱਕ ਦੂਜੇ ਤੋਂ ਖਿੱਝ ਕੇ...

ਸੁਣੀਏ ਇੱਕ ਦੂਜੇ ਦੀ
ਜੀਕਰ ਮਾਂ ਸੁਣਦੀ ਬੱਚੇ ਦੀ
ਜਿਸ ਸਭ ਗਲਤ ਹੀ ਕੀਤਾ
ਪਰ ਚਿਰ ਮਗਰੋਂ ਘਰੇ ਪਰਤਿਆ

ਢਲਣ ਤੀਕ ਪਰਛਾਵੇ ਸ਼ਾਇਦ
ਸਾਡੇ ਅੰਦਰੋਂ
ਜਾਗ ਪਵੇ ਉਹ ਬੱਚਾ ਜਿਹੜਾ
ਡੇਰੇ ਦੇ ਕੇ ਧੱਕਾ
ਫਿਰ ਵੀ ਘੜੀ ਕੁ ਮਗਰੋਂ
ਬੂਹੇ ਲੱਗ ਖਲੋਵੇ
ਪੁੱਛੇ...
...ਖੇਡਣ ਚੱਲੀਏ...?

ਕਦੇ ਤਾਂ ਮਿਲੀਏ...

(30)