ਗਏ ਹੋ ਕੇ ਬੇ-ਤਖ਼ਤੇ ਤਾਜੇ, ਕੋਈ ਦੁਨੀਆਂ ਦਾ ਇਤਬਾਰ ਨਹੀਂ।
ਕਿੱਥੇ ਹੈ ਸੁਲਤਾਨ ਸਿਕੰਦਰ, ਮੌਤ ਨਾ ਛੱਡੇ ਪੀਰ ਪੈਗੰਬੰਰ,
ਸੱਭੇ ਛੱਡ ਛੱਡ ਗਏ ਅਡੰਬਰ, ਕੋਈ ਏਥੇ ਪਾਇਦਾਰ ਨਹੀਂ।
ਕਿੱਥੇ ਯੂਸਫ ਮਾਹਿ-ਕਨਿਆਨੀ, ਲਈ ਜ਼ੁਲੈਖਾ ਫੇਰ ਜਵਾਨੀ,
ਕੀਤੀ ਮੌਤ ਨੇ ਓੜਕ ਫ਼ਾਨੀ, ਫੇਰ ਉਹ ਹਾਰ ਸ਼ਿੰਗਾਰ ਨਹੀਂ।
ਕਿੱਥੇ ਤਖ਼ਤ ਸੁਲੇਮਾਨ ਵਾਲਾ, ਵਿੱਚ ਹਵਾ ਉਡਦਾ ਸੀ ਬਾਲਾ,
ਉਹ ਭੀ ਕਾਦਰ ਆਪ ਸੰਭਾਲਾ, ਕੋਈ ਜਿੰਦਗੀ ਦਾ ਇਤਬਾਰ ਨਹੀਂ।
ਕਿੱਥੇ ਮੀਰ ਮਲਕ ਸੁਲਤਾਨਾਂ? ਸੱਭੇ ਛੱਡ ਛੱਡ ਗਏ ਟਿਕਾਣਾ,
ਕੋਈ ਮਾਰ ਨਾ ਬੈਠੇ ਠਾਣਾ, ਲਸ਼ਕਰ ਦਾ ਜਿਨ੍ਹਾਂ ਸ਼ੁਮਾਰ ਨਹੀਂ।
ਫੁੱਲਾਂ ਫੁੱਲ ਚੰਬੇਲੀ ਲਾਲਾ, ਸੋਸਨ ਸਿੰਬਲ ਸਰੂ ਨਿਰਾਲਾ,
ਬਾਦਿ-ਖ਼ਿਜ਼ਾ ਕੀਤਾ ਬੁਰ ਹਾਲਾ, ਨਰਗਸ ਨਿਤ ਖ਼ੁਮਾਰ ਨਹੀਂ।
ਜੋ ਕੁੱਝ ਕਰਨੇਂ ਸੋ ਕੁਝ ਪਾਸੋਂ ਨਹੀਂ ਤੇ ਓੜਕ ਪਛੋਤਸੈਂ,
ਸੁੰਝੀ ਕੂੰਜ ਵਾਂਙ ਕੁਰਲਾਸੈਂ, ਖੰਭਾਂ ਬਾਝ ਉਡਾਰ ਨਹੀਂ।
ਡੇਰਾ ਕਰਸੇਂ ਉਹਨੀ ਜਾਈਂ, ਜਿਥੇ ਸ਼ੇਰ ਪਲੰਗ ਬਲਾਈਂ,
ਖ਼ਾਲੀ ਰਹਿਣ ਮਹਿਲ ਸਰਾਈਂ, ਫਿਰ ਤੂੰ ਵਿਰਸੇਦਾਰ ਨਹੀਂ।
ਅਸੀਂ ਆਜਜ਼ ਵਿਚ ਕੋਟ ਇਲਮ ਦੇ, ਓਸੇ ਆਂਦੇ ਵਿਚ ਕਲਮ ਦੇ,
ਬਿਨ ਕਲਮੇ ਦੇ ਨਾਹੀਂ ਕੰਮ ਦੇ ਬਾਝੋ ਕਲਮੇ ਪਾਰ ਨਹੀਂ।
ਬੁਲ੍ਹਾ ਸ਼ਹੁ ਬਿਨ ਕੋਈ ਨਾਹੀਂ ਏਥੇ ਓਥੇ ਦੋਹੀਂ ਸਰਾਈਂ,
ਸੰਭਲ ਸੰਭਲ ਕੇ ਕਦਮ ਟਿਕਾਈਂ, ਫਿਰ ਆਵਣ ਦੂਜੀ ਵਾਰ ਨਹੀਂ।
11