ਕਾਦਰਯਾਰ ਮੀਆਂ ਸਲਵਾਹਨ ਰਾਜੇ,
ਹੱਥੋਂ ਸਾਈਂ ਦੇ ਨਾਮ ਕੁੱਝ ਦਾਨ ਕੀਤਾ।
ਦਾਲ ਦਸਦਾ ਪੁਛਦਾ ਲਾਗੀਆਂ ਨੂੰ,
ਸਲਵਾਹਨ ਰਾਜਾ ਤਦੋਂ ਗੱਜ ਕੇ ਜੀ।
ਪੂਰਨ ਭਗਤ ਦਾ ਢੂੰਡਸਾਂ ਸਾਕ ਯਾਰੋ,
ਜਿੱਥੇ ਚੱਲ ਢੁਕੀਏ ਦਿਨ ਅੱਜ ਕੇ ਜੀ।
ਮੈਨੂੰ ਸਿਕਦਿਆਂ ਰੱਬ ਨੇ ਲਾਲ ਦਿੱਤਾ,
ਅੱਖੀਂ ਵੇਖ ਲੀਤਾ ਹੁਣ ਰੱਜ ਕੇ ਜੀ।
ਕਾਦਰਯਾਰ ਮੀਆਂ ਪੂਰਨ ਭਗਤ ਅੱਗੋਂ,
ਕਹਿੰਦਾ ਸੁਖਨ ਸੱਚਾ ਇਕ ਵੱਜ ਕੇ ਜੀ।
ਜ਼ਾਲ ਜ਼ਰਾ ਨਾ ਬਾਪ ਤੋਂ ਸੰਗ ਕਰਦਾ,
ਕਹਿੰਦਾ ਬਾਬਲਾ ਪੁੱਤ ਵਿਆਹੁ ਨਾਹੀ।
ਜਿਸ ਵਾਸਤੇ ਲੋਕ ਵਿਆਹ ਕਰਦੇ,
ਮੇਰੇ ਮਨ ਅਜੇ ਕੋਈ ਚਾਹੁ ਨਾਹੀ।
ਮੇਰਾ ਭੌਰ ਸਲਾਮਤੀ ਰਹੂ ਏਵੇਂ,
ਬੰਨ੍ਹ ਬੇੜੀਆਂ ਬਾਬਲਾ ਪਾਉ ਨਾਹੀ।
ਕਾਦਰਯਾਰ ਨਾ ਸੰਗਦਾ ਕਹੇ ਪੂਰਨ,
ਮੈਥੋਂ ਰੱਬ ਦਾ ਨਾਉਂ ਭੁਲਾਉ ਨਾਹੀ।
ਰੇ ਰੰਗ ਤਗੀਰ ਹੋ ਗਿਆ ਸੁਣ ਕੇ,
ਪੂਰਨ ਭਗਤ ਵਲੋਂ ਸਲਵਾਹਨ ਦਾ ਈ।
ਕੋਲੋਂ ਉਠਿ ਵਜ਼ੀਰ ਨੇ ਮਤਿ ਦਿਤੀ,
ਅਜੇ ਇਹ ਕੀ ਰਾਜਿਆ ਜਾਣਦਾ ਈ।
ਜਦੋਂ ਹੋਗੁ ਜੁਆਨ ਕਰ ਲੈਗੁ ਆਪੇ,
ਤੈਥੋਂ ਬਾਹਰਾ ਫਿਕਰ ਵਿਆਹਨ ਦਾ ਈ।
ਕਾਦਰਯਾਰ ਵਜ਼ੀਰ ਦੇ ਲੱਗ ਆਖੇ,
ਰਾਜਾ ਫੇਰ ਖੁਸ਼ੀ ਅੰਦਰ ਆਂਵਦਾ ਈ।
ਜ਼ੇ ਜ਼ੁਬਾਨ ਥੀਂ ਰਾਜੇ ਨੇ ਹੁਕਮ ਕੀਤਾ,
ਘਰ ਜਾਹੁ ਸਲਾਮ ਕਰ ਮਾਈਆਂ ਨੂੰ।
ਜਿਸ ਵਾਸਤੇ ਭੋਰੇ ਦੇ ਵਿੱਚ ਪਾਇਆ,
ਹੁਣ ਮੋੜ ਨਾ ਖੁਸ਼ੀਆਂ ਆਈਆਂ ਨੂੰ।
11