ਸਮੱਗਰੀ 'ਤੇ ਜਾਓ

ਪੰਨਾ:ਕਿੱਸਾ ਸ਼ੀਰੀਂ ਫ਼ਰਿਹਾਦ.pdf/49

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(29)

ਨੂੰ॥ ਬਾਪ ਸਦ ਫ਼ਰਿਹਾਦ ਨੂੰ ਪਾਸ ਲੈਂਦਾ ਅਤੇ ਸ਼ਾਦ ਸੀ ਸ਼ਾਦੀਆਂ ਆਈਆਂ ਨੂੰ॥ ਛੁਹਾਰਾ ਦਿਤੋ ਨੇ ਮੁਖ ਫ਼ਰਿਹਾਦੜੇ ਦੇ ਜਿਵੇਂ ਦੇਂਵਦੇ ਲੋਕ ਜਵਾਈਆਂ ਨੂੰ॥ ਸ਼ਕਰ ਵੰਡ ਵੰਡਾਇਕੇ ਉਠ ਬੈਠੇ ਅਤੇ ਝਲਕੇ ਸਭ ਭਲਿਆਈਆਂ ਨੂੰ॥ ਚਲੋ ਭਲਕੇ ਫੇਰ ਵਿਆਹ ਹੋਸੀ ਆਖ ਛਡਿਆ ਨੌਕਰਾਂ ਨਾਈਆਂ ਨੂੰ॥ ਕਿਸ਼ਨ ਸਿੰਘ ਵਿਹਾਹ ਦੀ ਚਾਹ ਐਸੀ ਜੈਸੇ ਪੀਆ ਦੀ ਚਾਹ ਪ੍ਰਨਾਈਆਂ ਨੂੰ॥੨੧॥

ਸਾਮਾਨ ਸ਼ਾਦੀ ਫ਼ਰਿਹਾਦ ਦੀ ਦਾ

ਦੇਖੋ ਵਿਆਹ ਦਾ ਸਾਜ਼ ਸਾਮਾਨ ਹੋਯਾ ਲੱਕ ਬੰਨ੍ਹਕੇ ਸਭ ਤਯਾਰ ਹੋਏ॥ ਕੁਝ ਖਾਵਨੇ ਪੀਵਨੇ ਦੇਖਨੇ ਨੂੰ ਕੱਠੇ ਆਦਮੀ ਆਨ ਹਜ਼ਾਰ ਹੋਏ॥ ਕਿਤੇ ਬੱਕਰੇ ਕੋਹਿ ਕੇ ਦੇਗ ਪਾਏ ਕਿਤੇ ਚਾਵਲਾਂ ਦੇ ਮੁਸ਼ਕ ਬਾਰ ਹੋਏ॥ ਕਿਤੇ ਦਾਲ ਦੇ ਦੇਗਚੇ ਲਾਲ ਕੀਤੇ ਕਿਤੇ ਬੋਲਕੇ ਬਾਲ ਬੇਜ਼ਾਰ ਹੋਏ॥ ਕਿਤੇ ਨਰਾਂ ਨੇ ਸਾਜਿਆ ਨਖਰਿਆਂ ਨੂੰ ਕਿਤੇ ਨਾਰਾਂ ਦੇ ਹਾਰ ਸਿੰਗਾਰ ਹੋਏ॥ ਕਿਤੇ ਹੋਨ ਮੁਜਰੇ ਨੰਚਨ ਵਾਲੀਆਂ ਦੇ ਕਿਤੇ ਘੁੰਗਰੂ ਦੇ ਛਨਕਾਰ ਹੋਏ॥ ਕਿਤੇ ਰੋਟੀਆਂ ਖਾਨ ਮਨੁੱਖ ਬੈਠੇ ਕਿਤੇ ਔਰਤਾਂ ਦੇ ਘੁਮਕਾਰ ਹੋਏ॥ ਕਿਤੇ ਗਾਂਦੀਆਂ ਲੜਕੀਆਂ ਵਿੱਚ ਵੇਹੜੇ ਕਿਤੇ ਕੋਠੇ ਤੇ ਬੈਠ ਨਜ਼ਾਰ ਹੋਏ॥ ਇੱਕ ਆਂਦੀਆਂ ਤੇ ਇੱਕ ਜਾਂਦੀਆਂ ਨੀ ਜਿਵੇਂ ਵੱਗਦਾ ਪਿਆ ਬਾਜ਼ਾਰ ਹੋਏ॥ ਛਾਲਾਂ ਮਾਰ ਕੇ ਛੋਹਰੀਆਂ ਛੱਤ ਟੱਪਨ ਜਿਵੇਂ ਹਰਨੀਆਂ ਦੀ ਕੋਈ ਡਾਰ ਹੋਏ॥ ਇੱਕ ਦੂਈ ਦੇ ਨਾਲ ਮਿਲ ਜਾਇ ਰਹੀਆਂ ਜਿਵੇਂ ਕੂੰਜਾਂ ਦੀ ਡਾਰ ਕਤਾਰ ਹੋਏ॥ ਨਾਲ ਹੇਕ ਬਾਰੀਕ ਦੇ ਬੋਲ ਬੋਲਨ ਜਿਵੇਂ ਕੋਇਲਾਂ ਕੂਕ ਪੁਕਾਰ ਹੋਏ॥