ਸਮੱਗਰੀ 'ਤੇ ਜਾਓ

ਪੰਨਾ:ਕਿੱਸਾ ਹੀਰ ਲਾਹੌਰੀ.djvu/15

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੧੧)

ਮਹੀਂ ਵਾਲ ਸੋਹਣੀ ਦਾ ਕੀ ਹਾਲ ਕੀਤਾ ਇਸ਼ਕ ਵਿਚ ਝਨਾਂ ਡੁਬਾਇਆ ਏ
ਸੱਸੀ ਥਲਾਂ ਦੇ ਵਿਚ ਘਬਰਾ ਮੋਈ ਪੁੰਨੂ ਆਣ ਕੇ ਗੋਰ ਸਮਾਇਆ ਏ
ਆਸ਼ਕ ਜਾਂ ਫ਼ਰਿਹਾਦ ਪਹਾੜ ਕੱਟੇ ਖਾਤਰ ਸ਼ੀਰੀਂ ਦੀ ਨਹਿਰ ਲਿਆਯਾ ਏ
ਆਈ ਜਦੋਂ ਫ਼ਰਿਹਾਦ ਦੀ ਲਾਸ਼ ਰੁੜਦੀ ਮਾਰੀ ਛਾਲ ਸ਼ੀਰੀਂ ਸਿਰ ਨਵਾਯਾ ਏ
ਇਸ਼ਕਦਾਰ ਮਨਸੂਰ ਚੜਾਇਆ ਏ ਚਾ ਸਰਮਦ ਦਾ ਸੀਸ ਕਟਾਇਆ ਏ
ਇਸ਼ਕ ਦੇਖ ਫਰੀਦ ਫਕੀਰ ਤਾਈਂ ਕੱਚੀ ਤੰਦ ਦੇ ਨਾਲ ਲਟਕਾਇਆ ਏ
ਮਿਰਜ਼ੇ ਸਾਹਿਬਾਂ ਨਾਲ ਕੀ ਇਸ਼ਕ ਕੀਤੀ ਹੇਨਾਂ ਜੰਡ ਦੇ ਲਾਲ ਕੁਹਾਇਆ ਏ
ਗ਼ਰਜ਼ ਇਸ਼ਕ ਕੋਲੋਂ ਖਾਲੀ ਕੋਈ ਨਾਹੀਂ ਬੰਦਾ ਜੋ ਜਹਾਨ ਤੇ ਆਇਆ ਏ
ਝੰਡੇ ਆਸ਼ਕਾਂ ਝੁਲਨ ਜਹਾਨ ਉਤੇ ਜਿਨ੍ਹਾਂ ਰੱਬ ਦਾ ਇਸ਼ਕ ਕਮਾਇਆ ਏ
ਲਾਹੌਰੀ ਖ਼ਬਰ ਨਾਹੀਂ ਕੀ ਕੀ ਹੋਰ ਕਰਸੀ ਕਾਮਾਂ ਰਾਂਝਣਾ ਅਜੇ ਬਨਾਇਆ ਏ

ਤਾਰੀਫ ਹੁਸਨ ਹੀਰ

ਸੂਰਤ ਹੀਰ ਦੀ ਵਾਂਗ ਮਹਿਤਾਬ ਰੋਸ਼ਨ ਦੱਸਾਂ ਹੁਸਨ ਦੀ ਜੇਹੀ ਫਬੱਨ ਜਾਨੀ
ਬਿਨਾ ਢਾਲ ਤਲਵਾਰ ਮੈਦਾਨ ਅੰਦਰ ਅਖੀਆਂ ਤ੍ਰਿਛੀਆਂ ਜੰਗ ਕਰੱਨ ਜਾਨੀ
ਭੱਵਾਂ ਵਾਂਗ ਕਮਾਨ ਤੇ ਚਿੱਲਾ ਕਜਲਾ ਪਲਕਾਂ ਤੀਰਾਂ ਦੇ ਵਾਂਗ ਬਰਸੱਨ ਜਾਨੀ
ਬੇਤਕਸੀਰ ਐਵੇਂ ਵੇਖਣ ਵਾਲਿਆਂ ਦੇ ਆਨ ਜਿਗਰ ਦੇ ਵਿਚ ਖੁਭੱਨ ਜਾਨੀ
ਨੱਕ ਤੇਜ਼ ਤਲਵਾਰ ਦੀ ਧਾਰ ਕੋਲੋਂ ਮੱਥਾ ਚੌਧਵੀਂ ਰਾਤ ਦਾ ਚੰਨ ਜਾਨੀ
ਜ਼ੁਲਫ਼ਾਂ ਨਾਗਨਾਂ ਪਾਲੀਆਂ ਕਾਲੀਆਂ ਦੋ ਐਵੇਂ ਛੇੜਿਆਂ ਬਾਜ ਡਸੱਨ ਜਾਨੀ
ਸੁਟਾਂ ਵਾਰ ਗੁਲਾਬ ਰੁਖਸਾਰ ਉਤੋਂ ਠੋਡੀ ਸੇਬ ਤੇ ਚਾਹ ਜ਼ਕੱਨ ਜਾਨੀ
ਪਾਈ ਡੰਡੀਆਂ ਡੰਡ ਜਹਾਨ ਅੰਦਰ ਹੀਰੋ ਹੀਰ ਹੀ ਲੋਗ ਕਰੱਨ ਜਾਨੀ
ਵੇਖ ਲੱਬਾਂ ਦੀ ਲਾਲੀ ਨੂੰ ਕਹਿਣ ਜੌਹਰੀ ਵਾਰੇ ਏਸ ਤੋਂ ਲਾਲੇ ਯਮੱਨ ਜਾਨੀ
ਹਾਰ ਮੋਤੀਆਂ ਨਾਮ ਗਲ ਵਿਚ ਸੋਹੇ ਹੀਰੇ ਲਾਲ ਜਵਾਹਰ ਰਤੱਨ ਜਾਨੀ
ਬਾਹੀਂ ਗੋਰੀਆਂ ਊਂਗਲੀਆਂ ਮੂੰਗਫਲੀਆਂ ਕੇਲੇ ਪਿੰਨੀਆਂ ਕੂੰਜ ਗਰਦੱਨ ਜਾਨੀ
ਧੁੰਨੀ ਸ਼ੌਹ ਝਨਾਂ ਵਿਚ ਪੈਨ ਘੁੰਮਰ ਆਸ਼ਕ ਕੰਢੜੀ ਖੜੇ ਡਰੱਨ ਜਾਨੀ
ਆਸ਼ਕ ਦੇਖ ਫੱਟੇ ਅੱਖੀਂ ਤ੍ਰਿਛੀਆਂ ਦੇ ਮਿਰਗਾਂ ਵਾਂਗ ਫਿਰਦੇ ਬਨ ਬਨ ਜਾਨੀ