ਪੰਨਾ:ਕੇਸਰ ਕਿਆਰੀ.pdf/149

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੬੭. ਸੰਭਲ ਕੇ.

(ਗ਼ਜ਼ਲ)

ਸੰਭਲ ਕੇ ਪੈਰ ਧਰ, ਪਾਂਧੀ !
ਏ ਧਰਤੀ ਊ ਅਜ਼ਾਬਾਂ ਦੀ,
ਅਜ਼ਾਬਾਂ ਬੇਹਿਸਾਬਾਂ ਦੀ,
ਏ ਦੁਨੀਆਂ ਇਨਕਲਾਬਾਂ ਦੀ ।

ਚਮਕਦੇ ਜ਼ੱਰਿਆਂ ਨੂੰ ਚਾ ਕੇ-
ਧਰਤੀ ਤੋਂ, ਹਵਾ ਹੱਸੀ,
ਏ ਮਿੱਟੀ ਉਡ ਖਲੋਤੀ ਹੈ,
ਬੁਝੇ ਹੋਏ ਆਫ਼ਤਾਬਾਂ ਦੀ ।

ਗਲੇਡੂ ਭਰ, ਖ਼ਿਜ਼ਾਂ ਬੋਲੀ,
ਦਊਦੀ ਤੇ ਹਜ਼ਾਰੇ ਨੂੰ,
ਚਲੋ, ਕਰੀਏ ਚਮਨ ਖ਼ਾਲੀ,
ਬਹਾਰ ਆਈ ਗੁਲਾਬਾਂ ਦੀ ।

ਖ਼ੁਦੀ ਦੇ ਲੋਰ ਵਿਚ, ਦੁਨੀਆਂ-
ਨਹੀਂ ਦਿਸਦੀ ਦਿਵਾਨੇ ਨੂੰ,
ਕੋਈ ਦਿਨ ਦੀ ਪਰਹੁਣੀ ਹੈ,
ਏ ਬਦਮਸਤੀ ਸ਼ਰਾਬਾਂ ਦੀ ।

-੧੧੮-