ਪੰਨਾ:ਕੌਡੀ ਬਾਡੀ ਦੀ ਗੁਲੇਲ - ਚਰਨ ਪੁਆਧੀ.pdf/7

ਵਿਕੀਸਰੋਤ ਤੋਂ
Jump to navigation Jump to search
ਇਹ ਸਫ਼ਾ ਪ੍ਰਮਾਣਿਤ ਹੈ

ਭੂਮਿਕਾ

ਚਰਨ ਪੁਆਧੀ ਵੱਖਰੇ ਅੰਦਾਜ਼ ਵਿਚ ਬਾਲ ਸਾਹਿਤ ਦੀ ਰਚਨਾ ਕਰਨ ਵਾਲਾ ਲਿਖਾਰੀ ਹੈ। ਉਸ ਦੀਆਂ ਬਾਲ ਕਵਿਤਾਵਾਂ ਅਤੇ ਨਰਸਰੀ ਗੀਤਾਂ ਵਿਚਲਾ ਆਕਰਸ਼ਣ ਬੱਚਿਆਂ ਨੂੰ ਹੀ ਨਹੀਂ, ਵਡੇਰੀ ਉਮਰ ਦੇ ਪਾਠਕਾਂ ਨੂੰ ਵੀ ਪ੍ਰਭਾਵਿਤ ਕਰਨ ਦਾ ਜਾਦੂ ਰੱਖਦਾ ਹੈ।

ਪੁਆਧੀ ਦੀ ਹੱਥਲੀ ਕਾਵਿ ਪੁਸਤਕ 'ਕੌਡੀ-ਬਾਡੀ ਦੀ ਗੁਲੇਲ ਵਿਚ ਬੱਚਿਆਂ ਲਈ ਬਹੁਭਾਂਤੀ-ਵਿਸ਼ਿਆਂ ਉਪਰ ਲਿਖੀਆਂ ਗਈਆਂ ਕਵਿਤਾਵਾਂ ਹਨ। ਇਹਨਾਂ ਕਵਿਤਾਵਾਂ ਵਿਚ ਉਹ ਉਹਨਾਂ ਵਿਸ਼ਿਆਂ ਬਾਰੇ ਬਾਲ ਪਾਠਕਾਂ ਦੀ ਸਾਂਝ ਪੁਆਉਂਦਾ ਹੈ, ਜਿਨ੍ਹਾਂ ਦਾ ਸਾਡੇ ਸਮਾਜ ਨਾਲ ਸਿੱਧੇ ਰੂਪ ਵਿਚ ਸੰਬੰਧ ਹੈ। ਇਉਂ ਵੀ ਕਿਹਾ ਜਾ ਸਕਦਾ ਹੈ ਕਿ ਇਹਨਾਂ ਕਵਿਤਾਵਾਂ ਵਿਚ ਫਲ, ਫੁੱਲ, ਰੁੱਖ, ਪਾਣੀ, ਧਰਤੀ, ਪਹਾੜ, ਨਦੀਆਂ, ਵੰਨ ਸੁਵੰਨੇ ਪੰਛੀ ਆਦਿ ਦੇ ਰੂਪ ਵਿਚ ਪ੍ਰਕ੍ਰਿਤੀ ਦੀ ਸੁੰਦਰਤਾ ਨੂੰ ਬਚਾਉਣ ਲਈ ਸੁਨੇਹੇ ਵੀ ਹਨ ਅਤੇ ਸਿੱਖਿਆ ਪ੍ਰਾਪਤੀ ਕਰਕੇ ਉੱਚੀ ਮੰਜ਼ਿਲ ਹਾਸਲ ਕਰਨ ਦੀ ਹੱਲਾਸ਼ੇਰੀ ਵੀ। ਬੱਚਿਆਂ ਨੂੰ ਆਪਣੇ ਸੁਪਨੇ ਸਾਕਾਰ ਕਰਨ ਲਈ ਥਾਪੜਾ ਵੀ ਦਿੱਤਾ ਗਿਆ ਹੈ। ਪੁਆਧੀ ਦੀਆਂ ਇਹਨਾਂ ਕਵਿਤਾਵਾਂ ਅਤੇ ਗੀਤਾਂ ਵਿਚ ਕਿਧਰੇ ਪੇਂਡੂ ਸੱਭਿਆਚਾਰ ਦੇ ਚਿਤ੍ਨ ਵਿਖਾਈ ਦਿੰਦਾ ਹੈ ਅਤੇ ਕਿਧਰੇ ਆਪਣੀ ਮਾਂ ਬੋਲੀ ਪੰਜਾਬੀ ਤੋਂ ਬੇਮੁੱਖ ਹੋ ਰਹੇ ਵਿਅਕਤੀਆਂ ਨੂੰ ਸਾਵਧਾਨ ਵੀ ਕੀਤਾ ਗਿਆ ਹੈ। ਉਸ ਦੀ ਇਕ ਕਵਿਤਾ 'ਸੱਚੇ ਬੋਲ' ਦੀਆਂ ਸਤਰਾਂ ਹਨ:

ਘੁੰਮੋ ਚਾਹੇ ਦੇਸ ਵਿਦੇਸ਼।

ਯਾਦ ਮਾਂ ਬੋਲੀ ਰੱਖੋ ਹਮੇਸ਼।

ਇਹ ਕਵਿਤਾਵਾਂ ਕਲਾ ਪੱਖ ਤੋਂ ਵੀ ਵਿਸ਼ੇਸ਼ ਹਨ। ਕਿਤੇ ਕਿਤੇ ਪੁਆਧੀ ਰੰਗ ਇਹਨਾਂ ਵਿਚ ਭਾਸ਼ਾਈ ਵੰਨ ਸੁਵੰਨਤਾ ਲੈ ਆਉਂਦਾ ਹੈ। ਪੰਜਾਬੀ ਵਿਚ ਅਜਿਹੇ ਦਿਲਚਸਪ, ਸਰਲ ਅਤੇ ਸੁਖੈਨ ਸਾਹਿਤ ਦੀ ਬਹੁਤ ਜ਼ਰੂਰਤ ਹੈ। ਬੱਚਿਆਂ ਵਿਚ ਮਾਂ ਬੋਲੀ ਪੰਜਾਬੀ ਪ੍ਰਤੀ ਚੇਤਨਾ ਪੈਦਾ ਕਰਨ ਵਾਲੀ ਇਸ ਪੁਸਤਕ ਦੀ ਪ੍ਰਕਾਸ਼ਨਾ 'ਤੇ ਮੈਂ ਚਰਨ ਪੁਆਧੀ ਨੂੰ ਵਧਾਈ ਦਿੰਦਾ ਹਾਂ ਤੇ ਆਸ ਕਰਦਾ ਹਾਂ ਕਿ ਇਸ ਪੁਸਤਕ ਨੂੰ ਬੱਚੇ ਚਾਹ ਕੇ ਪੜ੍ਹਨਗੇ।

-ਦਰਸ਼ਨ ਸਿੰਘ 'ਆਸ਼ਟ' (ਡਾ.)
ਸ਼੍ਰੋਮਣੀ ਪੰਜਾਬੀ ਬਾਲ ਸਾਹਿਤ ਲੇਖਕ ਅਤੇ ਸਾਹਿਤ ਅਕਾਦਮੀ ਐਵਾਰਡੀ
ਪੰਜਾਬੀ ਯੂਨੀਵਰਸਿਟੀ ਕੈਂਪਸ, ਪਟਿਆਲਾ। ਸੰਪਰਕ: 98144--23703
ਈਮੇਲ-dsaasht@yahoo.co.in

ਕੌਡੀ-ਬਾੜੀ ਦੀ ਗੁਲੇਲ - 5