ਮੁੱਖ-ਬੰਧ
ਇਹ ਖੁਲ੍ਹੇ ਲੇਖ ਆਮ ਖਿਆਲਾਂ ਦੇ ਧਰਤੀ ਉੱਪਰ ਪਏ ਕਿਸੀ ਨੁਕਤੇ ਥੀਂ ਨਹੀਂ ਲਿਖੇ ਗਏ, ਕਦੀ ਕੋਈ ਘੜੀ ਆਣ ਵਾਪਰਦੀ ਹੈ ਜਦ ਜੀਵਨ ਕੇਂਦਰ ਧਰਤੀ ਥੀਂ ਉੱਠ ਕੇ ਆਪ ਮੁਹਾਰਾ ਕਿਸੀ ਅਣਡਿੱਠੇ ਅਕਾਸ਼ ਵਿੱਚ ਜਾ ਚਮਕਦਾ ਹੈ ਤੇ ਉਸ ਬਲਦੀ ਹੀਰੇ ਦੀ ਕਣੀ ਦੀ ਅਗ-ਨੋਕ ਦੇ ਉਡਾਰੂ ਜਿਹੇ ਕੇਂਦਰ ਥੀਂ ਕੁਛ ਵਰ੍ਹਦਾ ਹੈ। ਰਿਮ ਝਿਮ ਰਿਮ ਝਿਮ ਜੋਤੀ ਦਾ ਮੀਂਹ ਪੈਂਦਾ ਹੈ, ਜੋ ਮਰਜੀ ਕਰੀਏ, ਬਰਤਨ ਰੱਖੀਏ, ਮੂੰਹ ਅਡੀਏ, ਹੱਥ ਪਸਾਰੀਏ, ਰੇਸ਼ਮੀ ਚਾਦਰਾਂ ਤਾਣੀਏ, ਨੂਰੀ ਫੁਹਾਰ ਦੀ ਕੋਈ ਕੋਈ ਬੂੰਦ ਲੂਆਂ ਵਿੱਚ ਲਿਸ਼ਕਦੀ ਦਿਸਦੀ ਹੈ ਪਰ ਨਹੀਂ ਦਿਸਦੀ, ਹੱਥਾਂ ਵਿੱਚ ਆਉਂਦੀ ਹੈ ਪਰ ਨਹੀਂ ਆਉਂਦੀ, ਇੰਨਾਂ ਪ੍ਰਤੀਤ ਹੁੰਦਾ ਹੈ ਕਿ ਕਿਸੀ ਮਿੱਠੀ ਨੀਂਦਰ ਨੇ ਆਣ ਟੁੰਬ ਉਠਾ- ਲਿਆ ਹੈ। ਇਨ੍ਹਾਂ ਲੇਖਾਂ ਵਿੱਚ ਉਸ ਅਣਮੁੱਲੀ ਲਿਸ਼ਕ ਦੀ ਕਿਧਰੇ ਕਿਧਰੇ ਧਾਰੀ ਦਿਸ ਆਵੇਗੀ।
ਖਿਆਲ ਸੋਚੇ ਨਹੀਂ ਜਾਂਦੇ, ਆਪ ਮਹਾਰੇ ਚਿੱਟੇ ਬਾਜਾਂ ਵਾਂਗ ਉਡਾਰੀ ਮਾਰ ਨੀਲ ਗਗਨ ਵਿੱਚ ਆਪਣੇ ਸੁਹਣੇ ਢੰਗਾਂ ਦੀ ਫਰਫੱਰਾਟ ਵਿੱਚ ਰੂਪਮਾਨ ਹੁੰਦੇ ਹਨ। ਦੁਖੀ, ਦੁਖੀ ਵਿਛੜੇ ਮਿਲੇ, ਦੋਹਾਂ ਦੇ ਨੈਣ ਅਗੰਮ ਦੇ ਜਲ ਨਾਲ