ਮੁੱਢਲੇ ਸ਼ਬਦ
ਕਿਸੇ ਵਿਸ਼ੇਸ਼ ਮੌਕੇ ਤੇ ਜਦੋਂ ਸਾਡੇ ਅੰਦਰੋਂ ਖ਼ੁਸ਼ੀ ਦੀਆਂ ਤਰੰਗਾਂ ਉਗਮਦੀਆਂ ਹਨ ਤਾਂ ਸਾਡਾ ਮਨ ਵਜਦ ਵਿੱਚ ਆ ਜਾਂਦਾ ਹੈ ਤੇ ਅਸੀਂ ਆਪਣੇ ਸਰੀਰ ਦੀਆਂ ਵੱਖ-ਵੱਖ ਹਰਕਤਾਂ ਰਾਹੀਂ ਇਸ ਦਾ ਪ੍ਰਗਟਾਵਾ ਕਰਦੇ ਹਾਂ। ਰਾਗ ਤੇ ਤਾਲ ਦੇ ਸੁਮੇਲ ਨਾਲ ਮਨੁੱਖ ਨੱਚ ਉਠਦਾ ਹੈ। ਕੱਲੇ ਮਨੁੱਖ ਦੀ ਖ਼ੁਸ਼ੀ ਵਿੱਚ ਸ਼ਾਮਲ ਹੋਣ ਲਈ ਜਦੋਂ ਉਸ ਦੇ ਦੂਜੇ ਸਾਥੀ ਉਸ ਨਾਲ ਰਲ ਕੇ ਨੱਚਣ ਲੱਗ ਜਾਂਦੇ ਹਨ ਤਾਂ ਇਹ ਨਾਚ ਸਮੂਹਿਕ ਨਾਚ ਦਾ ਰੂਪ ਧਾਰ ਲੈਂਦਾ ਹੈ ਜਿਸ ਨੂੰ ਅਸੀਂ ਲੋਕ ਨਾਚ ਦਾ ਨਾਂ ਦਿੰਦੇ ਹਾਂ।
ਲੋਕ ਨਾਚ ਮਨ ਦੀ ਖ਼ੁਸ਼ੀ ਦਾ ਸਰੀਰਕ ਪ੍ਰਗਟਾਵਾ ਹੈ। ਇਹ ਉਹ ਚਸ਼ਮਾ ਹੈ ਜਿਸ ਵਿਚੋਂ ਖ਼ੁਸ਼ੀ ਦੀਆਂ ਫੁਹਾਰਾਂ ਆਪ-ਮੁਹਾਰੇ ਹੀ ਵਹਿ ਤੁਰਦੀਆਂ ਹਨ।
ਲੋਕ ਨਾਚ ਬਿਨਾਂ ਕਿਸੇ ਨਿਯਮ ਦੀ ਬੰਧੇਜ ਦੇ ਮੌਜ ਵਿੱਚ ਨੱਚਿਆ ਜਾਂਦਾ ਹੈ! ਇਸ ਨੂੰ ਸਿੱਖਣ ਲਈ ਵਿਸ਼ੇਸ਼ ਉਸਤਾਦ ਦੀ ਲੋੜ ਨਹੀਂ। ਲੋਕ ਨਾਚ ਦੀਆਂ ਮੁਦਰਾਵਾਂ ਸਾਧਾਰਨ ਲੋਕਾਂ ਦੀ ਜ਼ਿੰਦਗੀ ਵਾਂਗ ਬੜੀਆਂ ਸਿੱਧੀਆਂ ਅਤੇ ਸਪੱਸ਼ਟ ਹੁੰਦੀਆਂ ਹਨ।
ਜਨ ਸਾਧਾਰਨ ਦੀ ਜ਼ਿੰਦਗੀ ਇਹਨਾਂ ਨਾਚਾਂ ਵਿੱਚ ਧੜਕਦੀ ਹੈ। ਇਹ ਸਾਡੇ ਸੱਭਿਆਚਾਰ ਦਾ ਦਰਪਣ ਹਨ। ਕਿਸੇ ਇਲਾਕੇ ਦੀ ਭੂਗੋਲਿਕ, ਰਾਜਨੀਤਿਕ ਅਤੇ ਸਮਾਜਿਕ ਸਥਿਤੀ ਅਨੁਸਾਰ ਹੀ ਲੋਕ ਨਾਚਾਂ ਦੀ ਰੂਪ ਰੇਖਾ ਉਭਰਦੀ ਹੈ। ਪਹਾੜੀ, ਸਾਗਰੀ, ਮੈਦਾਨੀ ਇਲਾਕੇ ਦੇ ਲੋਕਾਂ ਅਤੇ ਜੰਗਲੀ ਜੀਵਨ ਜੀ ਰਹੇ ਲੋਕਾਂ ਦੇ ਨਾਚਾਂ ਵਿੱਚ ਅੰਤਰ ਹੈ। ਕਈ ਇਲਾਕਿਆਂ ਵਿੱਚ ਮਰਦ ਤੀਵੀਆਂ ਰਲ ਕੇ ਨੱਚਦੇ ਹਨ, ਕਈਆਂ ਵਿੱਚ ਕੱਠਿਆਂ ਨੱਚਣ ਦੀ ਮਨਾਹੀ ਹੈ।
ਪੰਜਾਬ ਦੇ ਲੋਕ ਨਾਚ ਪੰਜਾਬੀ ਸੱਭਿਆਚਾਰ ਦੀ ਮੂੰਹ-ਬੋਲਦੀ ਤਸਵੀਰ ਹਨ। ਪੰਜਾਬ ਦੀ ਭੂਗੋਲਿਕ ਅਤੇ ਰਾਜਨੀਤਕ ਸਥਿਤੀ ਅਨੁਸਾਰ ਪੰਜਾਬੀਆਂ ਨੂੰ ਮੁੱਢ ਤੋਂ ਹੀ ਹੱਡ ਭੰਨਵੀਂ ਕਾਰ ਕਰਨ ਤੋਂ ਉਪਰੰਤ ਬਦੇਸੀ ਹਮਲਾਵਰਾਂ ਨਾਲ ਜੂਝਣਾਂ ਪਿਆ ਹੈ! ਪੰਜਾਬੀਆਂ ਦੇ ਜੁੱਸੇ ਬੜੇ ਨਰੋਏ ਅਤੇ ਖੂਬਸੂਰਤ ਹਨ। ਪੰਜਾਬ ਦੀ ਉਪਜਾਊ ਧਰਤੀ, ਇਸ ਦੇ ਮੇਲ੍ਹਦੇ ਦਰਿਆ, ਲਹਿ ਲਹਾਂਦੀਆਂ ਫਸਲਾਂ ਅਤੇ ਪੈਲਾਂ ਪਾਂਦੀਆਂ ਮੁਟਿਆਰਾਂ ਪੰਜਾਬੀਆਂ ਨੂੰ ਸਦਾ ਟੁੰਭਦੀਆਂ ਰਹੀਆਂ ਹਨ। ਪੰਜਾਬੀਆਂ ਦੇ ਸੁਭਾਅ ਅਤੇ ਮਰਦਊਪਣੇ ਦੇ ਲੱਛਣ ਪੰਜਾਬ ਦੇ ਲੋਕ ਨਾਚਾਂ ਵਿੱਚ ਆਮ ਦਿਸ ਆਉਂਦੇ ਹਨ। ਗਿੱਧਾ, ਭੰਗੜਾ, ਝੂੰਮਰ, ਲੁੱਡੀ, ਸੰਮੀ ਅਤੇ ਕਿੱਕਲੀ ਆਦਿ ਪੰਜਾਬੀਆਂ ਦੇ ਹਰਮਨ ਪਿਆਰੇ ਲੋਕ ਨਾਚ ਹਨ।
ਗਿੱਧਾ ਪੰਜਾਬ ਦੇ ਮਾਲ਼ਵੇ ਦੇ ਇਲਾਕੇ ਦਾ ਮੁਟਿਆਰਾਂ ਦਾ ਮਨਮੋਹਕ ਲੋਕ ਨਾਚ ਹੈ। ਗਿੱਧੇ ਦੇ ਨੱਚਣ ਨੂੰ 'ਗਿੱਧਾ ਪਾਉਣਾ` ਆਖਦੇ ਹਨ। ਗਿੱਧਾ ਕਿਸੇ ਵੀ ਖ਼ੁਸ਼ੀ ਦੇ ਮੌਕੇ ਤੇ ਪਾਇਆ ਜਾ ਸਕਦਾ ਹੈ। ਮੁੰਡੇ ਦੀ ਛਟੀ, ਲੋਹੜੀ, ਮੰਗਣੀ ਅਤੇ ਵਿਆਹ-ਸ਼ਾਦੀ ਦੇ ਅਵਸਰ ਤੇ ਵਿਸ਼ੇਸ਼ ਤੌਰ ਤੇ ਪਾਇਆ ਜਾਂਦਾ ਹੈ। ਸਾਉਣ ਦੇ ਮਹੀਨੇ ਵਿੱਚ ਪੰਜਾਬ ਦੀਆਂ