ਇਹ ਸਫ਼ਾ ਪ੍ਰਮਾਣਿਤ ਹੈ
ਹੌਲੀ ਹੌਲੀ ਨੱਚ ਭਾਬੀਏ
ਤੇਰੇ ਲੱਕ ਨੂੰ ਜਰਬ ਨਾ ਆਵੇ
ਛੱਡ ਦਿਓ ਬਾਂਹ ਕੁੜੀਓ-
ਮੈਥੋਂ ਹੋਰ ਨੱਚਿਆ ਨਾ ਜਾਵੇ।
51
ਝਾਮਾਂ ਝਾਮਾਂ ਝਾਮਾਂ
ਕੁੜਤੀ ਲਿਆ ਦੇ ਟੂਲ ਦੀ
ਰੇਸ਼ਮੀ ਸੁੱਥਣ ਨਾਲ ਪਾਵਾਂ
ਕੰਨਾਂ ਨੂੰ ਕਰਾਦੇ ਡੰਡੀਆਂ
ਤੇਰਾ ਜੱਸ ਗਿੱਧੇ ਵਿੱਚ ਗਾਵਾਂ
ਮਿਸ਼ਰੀ ਕੜੱਕ ਬੋਲਦੀ-
ਲੱਡੂ ਲਿਆਮੇਂ ਤਾਂ ਭੋਰ ਕੇ ਖਾਵਾਂ
52
ਟੌਰੇ ਬਾਝ ਨਾ ਸੋਂਹਦਾ ਗੱਭਰੂ
ਕਾਠੀ ਬਾਝ ਨਾ ਬੋਤੀ
ਪੱਤਾਂ ਬਾਝ ਨਾ ਸੋਂਹਦੀ ਮੱਛਲੀ
ਤੁੰੰਗਲਾਂ ਬਾਝ ਨਾ ਮੋਤੀ
ਮਣਕਿਆਂ ਬਾਝ ਨਾ ਸੋਂਹਦੇ ਮੂੰਗੇ
ਅਸਾਂ ਐਮੇਂ ਈ ਲੜੀ ਪਰੋਤੀ
ਇਹਨੇ ਕੀ ਨੱਚਣਾ-
ਇਹ ਤਾਂ ਕੌਲੇ ਨਾਲ ਖਲੋਤੀ
53
ਉੱਤੇ ਹੀਰ ਨੇ ਲਈ ਫੁਲਕਾਰੀ
ਕੁੜਤੀ ਖੱਦਰ ਦੀ ਪਾਈ
ਬਾਹੀਂ ਉਹਦੇ ਸੱਜਣ ਚੂੜੀਆਂ
ਰੰਗਲੀ ਮਹਿੰਦੀ ਲਾਈ
ਕੁੜੀਆਂ ’ਚ ਚੰਦ ਚੜ੍ਹ ਗਿਆ
ਹੀਰ ਗਿੱਧੇ ਵਿੱਚ ਆਈ
ਰੌਣਕ ਕੁੜੀਆਂ ਦੀ-
ਹੋ ਗਈ ਦੂਣ ਸਵਾਈ
54
ਕੁੜੀਆਂ ਚਿੜੀਆਂ ਹੋਈਆਂ ਕੱਠੀਆਂ
ਸਭ ਤੋਂ ਚੜ੍ਹਦੀ ਨੂਰੀ
ਆਪੋ ਵਿੱਚ ਦੀ ਗੱਲਾਂ ਕਰਦੀਆਂ
ਹੁੰਦੀਆਂ ਘੂਰਮ ਘੂਰੀ
35