ਇਹ ਸਫ਼ਾ ਪ੍ਰਮਾਣਿਤ ਹੈ
ਸਿੰਗ ਉਨ੍ਹਾਂ ਦੇ ਗਜ਼ ਗਜ਼ ਲੰਬੇ
ਦੰਦ ਚੰਬੇ ਦੀਆਂ ਕਲੀਆਂ
ਦੁੱਧ ਉਹਨਾਂ ਦਾ ਐਕਣ ਮਿੱਠਾ
ਜਿਉਂ ਮਿਸ਼ਰੀ ਦੀਆਂ ਡਲ਼ੀਆਂ
ਮੱਝਾਂ ਸਾਂਵਲੀਆਂ-
ਭੱਜ ਬੇਲੇ ਵਿੱਚ ਬੜੀਆਂ
114
ਨਿੱਕੀ ਨਿੱਕੀ ਕਣੀ ਦਾ ਮੀਂਹ ਵਰਸੇਂਦਾ
ਗੋਡੇ ਗੋਡੇ ਗਾਰਾ
ਮਿੱਤਰਾਂ ਦੀ ਮਹਿੰ ਭਜਗੀ-
ਮੋੜੀਂ ਵੇ ਮਲਾਹਜ਼ੇਦਾਰਾ
115
ਖੱਖਰ ਖਾਧਾ ਮੈਨੂੰ ਹੈਂ ਦਸਦੀ
ਆਪ ਹੁਸਨ ਹੈਂ ਬਾਨੋ
ਦਿਨੇ ਦੇਖ ਕੇ ਡਰ ਹੈ ਲਗਦਾ
ਡਿਗਦੇ ਹੰਸ ਆਸਮਾਨੋਂ
ਪਿੰਡਾ ਮਹਿੰ ਵਰਗਾ-
ਸੋਹਣੀ ਬਣੇਂ ਜਹਾਨੋਂ
116
ਝੋਟਾ
ਦਾੜ੍ਹੀ ਚਾੜ੍ਹ ਕੇ ਬਹਿ ਗਿਆ ਤਕੀਏ
ਕਣਕ ਖਾ ਗਿਆ ਝੋਟਾ
ਜੇ ਮੈਂ ਕਹਿੰਦੀ ਝੋਟਾ ਮੋੜ ਲਿਆ
ਮੂੰਹ ਕਰ ਲੈਂਦਾ ਮੋਟਾ
ਸਾਰ ਜਨਾਨੀ ਦੀ ਕੀ ਜਾਣੇ
ਚੁੱਕ ਚੁੱਕ ਆਵੇਂ ਸੋਟਾ
ਮੇਰੇ ਉਤਲੇ ਦਾ-
ਘੱਸ ਗਿਆ ਸੁਨਿਹਰੀ ਗੋਟਾ
117
ਭੇਡ
ਉੱਚੇ ਟਿਬੇ ਮੇਰੀ ਬੋਤੀ ਚੁਗਦੀ
ਨੀਵੇਂ ਕਰਦੀ ਲੇਡੇ
ਤੋਰ ਸ਼ੁਕੀਨਾਂ ਦੀ-
ਤੂੰ ਕੀ ਜਾਣੇਂਂ ਭੇਡੇ
51