ਸਮੱਗਰੀ 'ਤੇ ਜਾਓ

ਪੰਨਾ:ਗ਼ੁਮਨਾਮ ਕੁੜੀ ਦੇ ਖ਼ਤ.pdf/64

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਵੀ ਮਧਮ ਜਿਹੀ ਹੁੰਦੀ ਹੁੰਦੀ ਖ਼ਤਮ ਹੋ ਗਈ।

ਕਹਿੰਦੇ ਨੇ, ਜਦੋਂ ਕਿਸੇ ਨੂੰ ਬੜਾ ਯਾਦ ਕਰੀਏ, ਉਹ ਫਿਰ ਸੁਪਨੇ ਵਿਚ ਵੀ ਮਿਲਦਾ ਹੈ। ਠੀਕ ਉਸੇ ਤਰ੍ਹਾਂ ਅਜ ਮੇਰੇ ਨਾਲ ਹੋਈ।

ਥੋੜੀ ਬਹੁਤੀ ਰੋਟੀ ਖਾ ਕੇ ਜਦ ਰਾਤੀਂ ਜਲਦੀ ਹੀ ਮੰਜੇ ਤੇ ਲੇਟ ਗਈ ਤਾਂ ਪੜ੍ਹਨ ਨੂੰ ਜੀ ਨਹੀਂ ਸੀ ਕਰਦਾ। ਪਹਿਲੋਂ ਤੇ ਐਵੇਂ ਕੁਝ ਅਜੀਬ ਜਹੇ ਖਿਆਲ ਆਉਣ ਫੇਰ ਹੌਲੀ ਹੌਲੀ ਅੱਖਾਂ ਭਾਰੀਆਂ ਹੁੰਦੀਆਂ ਗਈਆਂ, ਤੇ ਮੈਂ ਸੌਂ ਗਈ। ਪਤਾ ਨਹੀਂ ਕਿੰਨਾਂ ਕੁ ਚਿਰ ਬੀਤਿਆ ਹੋਣਾ ਏ, ਕਿ ਮੈਨੂੰ ਇਉਂ ਮਲੂਮ ਹੋਵੇ ਜਿਸ ਤਰਾਂ ਕੋਈ ਬੂਹੇ ਨੂੰ ਖੜਕਾ ਰਿਹਾ ਹੈ। ਪਹਿਲੋਂ ਤੇ ਮੈਂ ਡਰੀ, ਚਾਦਰ ਮੂੰਹ ਤੇ ਲਪੇਟ ਲਈ, ਫਿਰ ਹੌਲੀ ਜਿਹੀ ਦੱਬੇ ਹੋਏ ਪੈਰਾਂ ਨਾਲ ਉਠੀ, ਬੂਹਾ ਖੋਲ੍ਹਿਆ। ਇਕ ਸੋਹਣਾ ਨੌਜਵਾਨ ਮੇਰੇ ਅਗੇ ਖੜਾ ਸੀ। ਮੈਂ ਪਸੀਨਾ ਪਸੀਨਾ ਹੋਈ ਜਾਵਾਂ। ਕਦੀ ਉਹਦੀ ਵਲ ਦੇਖਾਂ ਕਦੀ ਫੇਰ ਅੱਆਂ ਨੀਵੀਆਂ ਪਾ ਲਵਾਂ। ਉਹ ਇਕ ਅਜੀਬ ਮਦਹੋਸ਼ ਜਿਹਾ ਹੋਇਆ, ਮੇਰੇ ਵਲ ਵਧਦਾ ਚਲਾ ਆਏ। ਮੇਰੇ ਵਲ ਇਸ ਤਰ੍ਹਾਂ ਪਿਆਰ ਦੀਆਂ ਨਜ਼ਰਾਂ ਨਾਲ ਦੇਖੇ ਜਿਸ ਤਰਾਂ ਇਕ ਪੁਜਾਰੀ ਕਿਸੇ ਪੂਜਯ ਵਲ ਦੇਖਦਾ ਹੈ। ਮੇਰਾ ਦਿਲ ਇੰਨਾ ਜ਼ੋਰ ਦੀ ਧੜਕੇ ਕਿ ਇਸ ਦੀ ਆਵਾਜ਼ ਮੈਨੂੰ ਸਾਫ਼ ਸੁਣਾਈ ਦੇਵੇ। ਹੌਲੀ ਹੌਲੀ ਉਹ ਮੇਰੇ ਇੰਨੀ ਨੇੜੇ ਆ ਗਿਆ ਕਿ ਮੈਨੂੰ ਉਸ ਦੇ ਸਾਹ ਦੀ ਆਵਾਜ਼ ਵੀ ਸੁਣਾਈ ਦੇਣ ਲਗੀ। ਮੇਰੀ ਹਾਲਤ ਕੁਝ ਅਜੀਬ ਜਿਹੀ ਹੋਈ ਜਾਏ। ਜਦ ਉਹ ਮੇਰੇ ਬਿਲਕੁਲ ਕੋਲ ਆ ਗਿਆ ਤਾਂ ਮੇਰੇ ਹਥ ਨੂੰ ਉਸ ਨੇ ਫੜ ਲਿਆ। ਮੈਂ ਵਧੇਰੇ ਗਹੁ ਨਾਲ ਹਨੇਰੇ ਵਿਚ ਦੇਖਿਆ ਤਾਂ ਘਬ੍ਰਾਹਟ ਨਾਲ ਝਟ ਮੇਰੇ ਮੂੰਹੋਂ ਨਿਕਲ ਗਿਆ "ਦੇਵਿੰਦਰ!" ਇਹ ਕਹਿਣ ਮਗਰੋਂ ਮੇਰੀਆਂ ਅੱਖੀਆਂ ਫੌਰਨ ਜ਼ਮੀਨ ਵਲ ਗਡੀਆਂ ਗਈਆਂ। ਕੋਸ਼ਿਸ਼ ਕਰਨ ਤੇ ਵੀ ਉੱਚੀਆਂ ਨਾ ਹੋਈਆਂ।

ਤੁਸਾਂ ਮੇਰੇ ਹਥ ਨੂੰ ਘੁਟਣ ਦੀ ਕੋਸ਼ਿਸ਼ ਕੀਤੀ, ਮੈਂ ਪਿਛੇ ਖਿਚਣ ਲਈ ਜਤਨ ਕੀਤਾ, ਪਰ ਫ਼ਜ਼ੂਲ। ਦਿਲ ਕਰੇ,ਪੁਛਾਂ "ਤੁਸੀਂ ਐਸ ਵੇਲੇ ਕਿਸ ਤਰ੍ਹਾਂ ਆਏ?ਬੜੀ ਹਿਮੰਤ ਕੀਤੀ", ਪਰ ਸ਼ਰਮ ਨੇ ਜ਼ਬਾਨ ਨਾ ਖੋਲ੍ਹਣ ਦਿਤੀ।

੫੪