ਪੰਨਾ:ਗ਼ੁਲਬੀਨ - ਦ ਕਲਾਈਡੋਸਕੋਪ.pdf/138

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਉਹ ਕਈ ਗੁਣਾਂ ਜਿਆਦਾ ਖਾ ਜਾਂਦਾ ਹੈ ਜਿਸ ਨਾਲ ਅਨੇਕਾਂ ਸ਼ਾਕਾਹਾਰੀ ਲੋਕਾਂ ਦੀ ਭੋਜਨ ਦੀ ਲੋੜ ਪੂਰੀ ਹੋ ਸਕਦੀ ਸੀ। ਇਹ ਦਲੀਲ ਭਰਮਾਊ ਬਹੁਤ ਹੈ, ਮਨ ਨੂੰ ਬੜੀ ਜਚਦੀ ਹੈ ਪਰ ਜੇ ਜਰਾ ਦਿਮਾਗ ਲਾ ਕੇ ਸੋਚਿਆ ਜਾਵੇ ਤਾਂ ਇਹ ਬਿਲਕੁਲ ਫੋਕੀ ਦਲੀਲ ਹੈ। ਜੇ ਭਲਾ ਲੋਕੀਂ ਮੀਟ ਖਾਣਾ ਛੱਡ ਦੇਣ ਤਾਂ ਕੀ ਇਹ ਜਾਨਵਰ ਅਨਾਜ ਜਾਂ ਹੋਰ ਫਸਲਾਂ ਖਾਣੀਆ ਛੱਡ ਦੇਣਗੇ? ਕੀ ਉਹ ਮਨੁੱਖ ਦਾ ਧੰਨਵਾਦ ਕਰਨ ਲਈ ਵਰਤ ਰੱਖ ਲੈਣਗੇ? ਗੱਲ ਤਾਂ ਸਗੋਂ ਉਲਟੀ ਹੋਵੇਗੀ, ਜੇ ਜਾਨਵਰਾਂ ਨੂੰ ਮੀਟ ਪ੍ਰਾਪਤੀ ਲਈ ਨਾ ਮਾਰਿਆ ਜਾਵੇਗਾ ਤਾਂ ਉਨ੍ਹਾਂ ਦੀ ਗਿਣਤੀ ਐਨੀ ਵਧ ਜਾਵੇਗੀ ਕਿ ਜੋ ਫਸਲ ਜਾਂ ਅਨਾਜ ਮਨੁੱਖਾਂ ਦੁਆ ਵਰਤਿਆ ਜਾਂਦਾ ਹੈ ਉਸ ਦਾ ਵੀ ਬਹੁਤਾ ਹਿੱਸਾ ਜਾਨਵਰ ਖਾ ਜਾਣਗੇ। ਸੋ ਮਨੁੱਖ ਇੱਕ ਪਾਸੇ ਮੀਟ ਖਾਣ ਤੋਂ ਵਾਂਝਾ ਰਹੇਗਾ ਦੂਸਰੇ ਪਾਸੇ ਫਸਲਾਂ ਅਤੇ ਅਨਾਜ ਵੀ ਉਸਦੇ ਹਿੱਸੇ ਘੱਟ ਆਉਣਗੇ।

ਸੋ ਤਰਕਸ਼ੀਲ ਨਜ਼ਰੀਏ ਤੋਂ ਦੇਖਿਆ ਜਾਵੇ ਤਾਂ ਮੀਟ ਮਨੁੱਖੀ ਭੋਜਨ ਦਾ ਇੱਕ ਅੰਗ ਹੈ ਮੀਟ ਖਾਣ ਵਿੱਚ ਕੋਈ ਬੁਰਾਈ ਨਹੀਂ ਸਗੋਂ ਕੁਦਰਤੀ ਸੰਤੁਲਨ ਪੱਖੋਂ ਇੱਕ ਜਰੂਰਤ ਹੈ। ਕੋਈ ਵੀ ਜੀਵ ਪਵਿੱਤਰ ਜਾਂ ਅਪਵਿੱਤਰ ਨਹੀਂ ਹੁੰਦਾ। ਕਿਸੇ ਵੀ ਜੀਵ ਦਾ ਮਾਰਿਆ ਜਾਣਾ ਜਾਂ ਨਾ ਮਾਰਿਆ ਜਾਣਾ ਮਨੁੱਖ ਅਤੇ ਕੁਦਰਤ ਦੋਹਾਂ ਦੀ ਲੋੜ ਵਿਚੋਂ ਉਪਜਦਾ ਹੈ। ਜੀਵਾਂ ਵਿੱਚ ਜਿੰਨੀ ਦੇਰ ਜੀਵਨ ਚਿਣਗ ਹੁੰਦੀ ਹੈ ਓਨੀ ਦੇਰ ਉਨ੍ਹਾਂ ਨੂੰ ਦੁੱਖ-ਸੁੱਖ ਦਾ ਅਨੁਭਵ ਹੁੰਦਾ ਹੈ। ਸੋ ਮਨੁੱਖ ਦਾ ਇਹ ਫਰਜ਼ ਜਰੂਰ ਬਣਦਾ ਹੈ ਕਿ ਉਸ ਦੀ ਦੇਖਭਾਲ ਹੇਠ ਜਿਉਂ ਰਹੇ ਜੀਵਾਂ ਨੂੰ ਬੇਲੋੜੇ ਕਸ਼ਟ ਨਾ ਸਹਾਰਨੇ ਪੈਣ ਅਤੇ ਨਾ ਹੀ ਉਨ੍ਹਾਂ ਉਪਰ ਕੇਵਲ ਆਪਣੇ ਸ਼ੌਕ ਪੂਰੇ ਕਰਨ ਲਈ ਹਿੰਸਾ ਕੀਤੀ ਜਾਵੇ। ਇਹ ਫਰਜ਼ ਵੀ ਤਦ ਹੀ ਪੂਰਾ ਕੀਤਾ ਜਾ ਸਕੇਗਾ ਜੇ ਇਨ੍ਹਾਂ ਜੀਵ ਜੰਤੂਆਂ ਦੀ ਗਿਣਤੀ ਇੱਕ ਹੱਦ ਦੇ ਅੰਦਰ ਰਹੇਗੀ।

139