ਪੰਨਾ:ਗੁਲਨਾਰ – ਗੁਰਭਜਨ ਗਿੱਲ.pdf/120

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਅਕਸਰ ਚੇਤੇ ਕਰਦਾ ਰਹਿੰਦਾ, ਬੋਹੜ ਪਿੱਪਲ ਦੀਆਂ ਛਾਵਾਂ ਨੂੰ।
ਸੁਪਨੇ ਵਿਚ ਵੀ ਤਰਦਾ ਰਹਿੰਦਾਂ ਭਰ ਵਗਦੇ ਦਰਿਆਵਾਂ ਨੂੰ।

ਸ਼ਹਿਰ ਸਮੁੰਦਰ ਅੰਦਰ ਮੇਰਾ ਡੇਰਾ ਹੈ, ਵਿਸ਼ਰਾਮ ਨਹੀਂ,
ਨਮਕ ਹਰਾਮੀ ਖਾ ਚੱਲਿਆ ਹੈ, ਕੋਮਲ ਸੱਜਰੇ ਚਾਵਾਂ ਨੂੰ।

ਤੇਰੇ ਘਰ ਵੀ ਖ੍ਵਾਬ ਨਵੇਲੇ, ਵਾਂਗ ਪ੍ਰਾਹੁਣਿਆਂ ਆਵਣਗੇ,
ਚੂਰੀ ਕੁੱਟ ਕੇ ਪਾਵੇਂਗਾ ਜੇ, ਸ਼ਾਮ ਸਵੇਰੇ ਕਾਵਾਂ ਨੂੰ।

ਸੁਖ ਵੇਲੇ ਤਾਂ ਬੜੇ ਸੁਨੇਹੀ, ਰਹਿੰਦੇ ਨੇ ਪਰਛਾਵੇਂ ਵਾਂਗ,
ਸੰਕਟ ਵੇਲੇ ਲੱਭਦਾ ਫਿਰਦਾਂ, ਨਕਲੀ ਭੈਣ-ਭਰਾਵਾਂ ਨੂੰ।

ਇਹ ਮਨ ਜੰਗਲ ਦੇ ਵਿਚ ਭੱਜਦਾ, ਹਿਰਨੋਟੇ ਤੋਂ ਤੇਜ਼ ਤਰਾਰ,
ਚੰਚਲ ਚਿੱਤ ਬੇਕਾਬੂ ਨਾ ਕਰ, ਖਿੱਚ ਕੇ ਰੱਖ ਤਣਾਵਾਂ ਨੂੰ।

ਮੋਹ ਮਮਤਾ ਦੀ ਅਸਲੀ ਕੀਮਤ ਪਿਆਰ ਮੁਹੱਬਤ ਵੰਡਿਆ ਕਰ,
ਹੋਰ ਕਿਸੇ ਦੌਲਤ ਦੀ ਬੱਚਿਆ, ਲੋੜ ਨਾ ਹੁੰਦੀ ਮਾਵਾਂ ਨੂੰ।

ਧਰਤੀ ਮਾਂ ਨੇ ਮੈਨੂੰ ਇਹ ਗੱਲ ਦੱਸੀ ਤੇ ਮੈਂ ਸਮਝ ਗਿਆਂ,
ਪਗਡੰਡੀਆਂ ਨੇ ਪੈੜ-ਪੁਸਤਕਾਂ ਪੜ੍ਹ ਤੂੰ ਕੱਚੀਆਂ ਰਾਹਵਾਂ ਨੂੰ।

*

ਗੁਲਨਾਰ- 120