ਪੰਨਾ:ਗੁਲਨਾਰ – ਗੁਰਭਜਨ ਗਿੱਲ.pdf/69

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਦਿਲ ਨੂੰ ਇਹ ਸਮਝਾਉਂਦਾ ਰਹਿਨਾਂ, ਮੋਇਆਂ ਨਾਲ ਤੇ ਮਰ ਨਹੀਂ ਹੁੰਦਾ।
ਅਕਲ ਪਰੇ ਕਰ, ਦਿਲ ਕਹਿੰਦਾ ਏ, ਰੂਹ ਨੂੰ ਪੱਥਰ ਕਰ ਨਹੀਂ ਹੁੰਦਾ।

ਮੁੜ ਜਾਹ ਚਿੜੀਏ ਸ਼ੀਸ਼ੇ ਅੱਗਿਉਂ, ਆਲ੍ਹਣਿਆਂ ਵਿਚ ਬੋਟ ਉਡੀਕਣ,
ਆਪੇ ਨਾਲ ਲੜਨ ਦੀ ਜੰਗ ਦਾ, ਕਦੇ ਮੋਰਚਾ ਸਰ ਨਹੀਂ ਹੁੰਦਾ।

ਆਉਂਦੀ ਹੀ ਨਹੀਂ ਚਿਰ ਹੋਇਆ ਏ, ਮੇਰੀਆਂ ਅੱਖੀਆਂ ਦੇ ਵਿਚ ਨੀਂਦਰ,
ਸੁਪਨੇ ਦਰ ਖੜਕਾ ਕੇ ਮੁੜਦੇ, ਆਖਣ ਖੁੱਲ੍ਹਾ ਦਰ ਨਹੀਂ ਹੁੰਦਾ।

ਜ਼ੋਰ ਜ਼ੁਲਮ ਦੀ ਤੇਜ਼ ਹਨ੍ਹੇਰੀ, ਵਗਦੀ ਬੂਹੇ ਆ ਪਹੁੰਚੀ ਏ,
ਲਾਟ ਬੁਝਣ ਤੋਂ ਡਰਦੇ ਮਾਰੇ, ਹਾਉਕਾ ਵੀ ਹੁਣ ਭਰ ਨਹੀਂ ਹੁੰਦਾ।

ਬੇਗਮ ਪੁਰ ਦੇ ਰਾਹੀਆਂ ਨੂੰ ਅੱਜ ਆਲਮ ਤਾਹੀਉਂ ਚੇਤੇ ਕਰਦਾ,
ਸੀਸ ਤਲੀ ਧਰ ਤੁਰਦੇ ਨੇ ਉਹ, ਮਨ ਖੱਲੜੀ ਵਿਚ ਡਰ ਨਹੀਂ ਹੁੰਦਾ।

ਵਾਹੇਂ ਇਹ ਕੀਹ ਘੀਚ ਮਚੋਲੇ, ਜ਼ਿੰਦਗੀ ਦੀ ਬਦਰੰਗ ਕੈਨਵਸ ਤੇ,
ਕਲਾਕਾਰ ਅਖਵਾਇਆ ਨਾ ਕਰ, ਜੇ ਰੰਗ ਤੈਥੋਂ ਭਰ ਨਹੀਂ ਹੁੰਦਾ।

ਸੁਰਤਿ ਸ਼ਬਦ ਦੀ ਨਗਰੀ ਅੰਦਰ, ਬੇਸੁਰਿਆਂ ਦੀ ਅਰਦਲ ਬਹੀਏ,
ਮੈਂ ਚਲਿਆਂ, ਇਹ ਨਾਟਕ ਮੈਥੋਂ, ਹੋਰ ਘੜੀ ਵੀ ਜਰ ਨਹੀਂ ਹੁੰਦਾ।

ਨੰਗੀ ਅੱਖ ਨੂੰ ਦਿਸਦਾ ਕੂੜਾ, ਹੂੰਝ ਰਿਹਾ ਏਂ ਇਹ ਨਾ ਭੁੱਲੀਂ,
ਕੂੜ ਪਸਾਰ ਸਮੇਟੇ ਤੋਂ ਬਿਨ, ਸਾਫ਼ ਕਦੇ ਵੀ ਘਰ ਨਹੀਂ ਹੁੰਦਾ।

*

ਗੁਲਨਾਰ- 69