ਪੰਨਾ:ਚੰਦ ਤਾਰੇ.pdf/6

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਜਦੋਂ ਵਿਆਹ ਕੇ ਹੀਰ ਲੈ ਗਏ ਨੇ ਖੇੜੇ,
ਤੂੰ ਪਾਏ ਨੇ ਰੱਬਾ ਇਹ ਕੀ ਕੀ ਬਖੇੜੇ
ਕਿਤੇ ਚੋਰ ਨੂੰ ਤੂੰ ਕੁਤਬ ਚਾ ਬਨਾਵੇਂ,
ਕਿਤੇ ਅਗ ਲਭਦੇ ਨੂੰ ਜਲਵਾ ਦਖਾਵੇਂ
ਕਿਤੇ ਤੱਤੇ ਥਮ੍ਹਾਂ ਤੇ ਕੀੜੀ ਵਸਾਵੇਂ,
ਕਿਸੇ ਨੂੰ ਰੁਵਾਵੇਂ, ਕਿਸੇ ਨੂੰ ਹਸਾਵੇਂ।
ਕਿਤੇ ਬੇੜੀ ਡੋਬੇਂ ਤਰਾ ਦੇਵੇਂ ਬੇੜੇ,
ਤੂੰ ਪਾਏ ਨੇ ਰੱਬਾ ਇਹ ਕੀ ਕੀ ਬਖੇੜੇ
ਕਿਤੇ ਗਲ 'ਚ ਮਾਲਾ, ਤੇ ਦਿਲ ਕਾਲਾ ਕਾਲਾ,
ਕਿਤੇ ਬਰਫਾਂ 'ਚ ਬਲਦੀ ਜਵਾਲਾ।
ਕਿਤੇ ਸ਼ਾਂਤ ਵਰਤੀ ਕਿਤੇ ਹੈ ਉਛਾਲਾ,
ਕਿਤੇ ਚਿਟਾ ਚਾਣਨ ਕਿਤੇ ਧੂੰ ਬਗੁਲਾ।
ਕੋਈ ਤੇਰੇ ਭਾਣੇ ਨੂੰ ਮਰ ਮਰ ਨਬੇੜੇ,
ਤੂੰ ਪਾਏ ਨੇ ਰੱਬਾ ਇਹ ਕੀ ਕੀ ਬਖੇੜੇ।
ਕੋਈ ਬਘੀ ਦੇ ਵਿਚ ਬੈਹ ਬੈਹ ਥਕੇਂਦਾ,
ਤੇ ਕੋਈ ਹੈ ਘੋੜੇ ਦੇ ਅਗੇ ਫਸੇਂਦਾ
ਕਿਸੇ ਨੂੰ ਅਜੀਰਨ ਕੋਈ ਭੁਖ ਮਰੇਂਦਾ,
ਕੋਈ ਤੇਰੇ ਨਾਂ ਦੀ ਦੁਹਾਈ ਹੈ ਦੇਂਦਾ।
ਕਿਤੇ ਘਾਟਾ ਅੱਨ ਦਾ ਕਿਤੇ ਦੁਧ ਪੇੜੇ,
ਇਹ ਪਾਏ ਨੇ ਰੱਬਾ ਤੂੰ ਕੀ ਕੀ ਬਖੇੜੇ।
ਕਿਤੇ ਕੋਈ ਸਿਆਣਾ ਹੈ ਭੁਖਾ ਨਿਮਾਣਾ,
ਕਿਤੇ ਕੋਈ ਬੁਧੂ ਹੈ ਰਾਜਾ ਤੇ ਰਾਣਾ।
ਹੈ ਇਕ ਦੀ ਜ਼ਮੀਨ ਭੋਂ ਨਾ ਇਕ ਦਾ ਠਕਾਨਾ,
ਹੈ ਕੇਹੜੀ ਦਾਨਾਈ ਇਹ ਭਿੰਨ ਭੇਤ ਪਾਨਾ।
ਕਿਤੇ ਉਚੇ ਹੋਏ ਕਿਤੇ ਪੁਠੇ ਗੇੜੇ,
ਇਹ ਪਾਏ ਨੇ ਰੱਬਾ ਤੂੰ ਕੀ ਕੀ ਬਖੇੜੇ।

-੬-