ਪੰਨਾ:ਜ਼ਫ਼ਰਨਾਮਾ ਸਟੀਕ.pdf/58

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੨੪)

(੨੨)ਚੁਕਾਰ ਅਜ਼ ਹਮਹ ਹੀਲਤੇ ਦਰਗੁਜ਼ਸ਼ਤ।
ਹਲਾਲ ਅਸਤ ਬੁਰਦਨ ਬ ਸ਼ਮਸ਼ੇਰ ਦਸਤ॥

(۲٢) چو کار از همه حیلتی درگذشت - حلال است بردن به شمشیر دست

ਚੁ = ਜਬ, ਜਦੋਂ, ਜਿਸ ਵੇਲੇ
ਕਾਰ =ਕਮ
ਅਜ਼ = ਸੇ, ਤੋਂ
ਹਮਹ = ਸਾਰੇ, ਸਾਰਿਆਂ
ਹੀਲਤੇ - ਉਪਾਉ, ਬਹਾਨਾ,ਧੋਖਾ
ਦਰਗੁਜਸ਼ਤ = ਲੰਘ ਜਾਵੇ
      ਗੁਜ਼ਰ ਜਾਵੇ,

ਹਲਾਲ = ਧਰਮ ਅਨੁਸਾਰ ਠੀਕ
           ਉਚਿਤ
ਅਸਤ= ਹੈ
ਬੁਰਦਨ = ਲੈ ਜਾਣਾ
ਬ = ਪਰ, ਉਤੇ
ਸ਼ਮਸ਼ੇਰ = ਤਲਵਾਰ, ਸ੍ਰੀ ਸਾਹਿਬ
ਦਸਤ = ਹੱਥ

ਅਰਥ

ਜਦੋਂ ਸਭ ਉਪਾਵਾਂ ਤੋਂ ਕੰਮ ਲੰਘ ਜਾਵੇ (ਫੇਰ) ਤਲਵਾਰ ਪਰ ਹਥ ਲੈ ਜਾਣਾ ਧਰਮ ਅਨੁਸਾਰ ਹੁੰਦਾ ਹੈ।

ਭਾਵ

ਹੇ ਔਰੰਗਜ਼ੇਬ ਜੇ ਤੂੰ ਏਹ ਆਖੇਂ ਕਿ ਬੇਸ਼ਕ ਮੇਰੇ ਸਰਦਾਰਾਂ ਨੇ ਤਾਂ ਆਪਣੇ ਬਚਨ ਨੂੰ ਤੋੜਿਆ ਪਰ ਤੁਸੀਂ ਤਾਂ ਆਪਣੇ ਨਿਯਮ ਪਰ ਪੱਕਾ ਰਹਿਣਾ ਸੀ, ਤੁਸੀਂ ਕਿਉਂ ਤੀਰ ਤੇ ਗੋਲੀਆਂ ਚਲਾਉਣ ਲਗੇ, ਇਸ ਲਈ ਮੈਂ ਤੈਨੂੰ ਦਸਦਾ ਹਾਂ ਕਿ ਜਿਥੇ ਸਭ ਉਪਾਉ ਰਹ ਜਾਣ ਉਥੇ ਤਲਵਾਰ ਫੜਨੀ ਧਰਮ ਅਨੁਸਾਰ ਹੁੰਦੀ ਹੈ ਇਸ ਲਈ ਸਾਨੂੰ ਤਲਵਾਰ ਫੜਨੀ ਪਈ ਤੇ ਅਸੀਂ ਆਪਣੇ ਨਿਯਮ ਪਰ ਪੱਕੇ ਰਹੇ ਏਹ ਸਭ ਤੇਰੇ ਸਰਦਾਰਾਂ ਦਾ ਹੀ ਦੋਸ਼ ਹੈ॥