1
੧ਓ ਵਾਹਿਗੁਰੂ ਜੀ ਕੀ ਫਤਹਿ॥
ਜ਼ਿੰਦਗੀ ਬਿਲਾਸ
ਕ੍ਰਿਤ ਸਾਧੂ ਦੈਯਾ ਸਿੰਘ ਆਰਫ
ਨਿਵਾਸੀ ਜਲਾਲਾਬਾਦ
(ਈਸ਼ਵਰ ਦਾ ਧੰਨਵਾਦ ਤੇ ਸਿਫਤ ਸਲਾਹ ਬੈਂਤ)
ਅਵਲ ਅਕਲ ਦੇ ਨਾਲ ਵਿਚਾਰ ਖਾਂ ਤੂੰ, ਕਾਯਾ[1] ਕੋਠੜਾ ਕੌਣ ਬਨੌਣ ਵਾਲਾ
ਪੰਜ ਤਤ ਦਾ ਕੁਲ ਪਸਾਰ ਕੀਹਦਾ, ਕੇਹੜਾ ਰੂਹ ਕਲਬੂਤ ਵਿਚ ਪੌਣ ਵਾਲਾ
ਦਮ ਨਿਕਲ[2]ਵਜੂਦ ਥੀਂ ਬਾਹਰ ਆਵੇ,ਕੇਹੜਾ ਪ੍ਰਤਕੇ ਫਿਰ ਲਿਔਣ ਵਾਲਾ
ਗੰਦੇ [3]ਰੁਦਰ ਨੂੰ [4]ਉਦਰ ਦੇ ਵਿਚ ਪਾਕੇ ਮਾਸ ਹਡੀਆਂ ਸਾਜ ਦਿਖਲੌਣ ਵਾਲਾ
ਕੇੜਾ ਨਕਸ਼ਗ੍ਰ [5]ਨਕਸ਼ ਦਾ ਕੰਮ ਕਰਦਾ, ਅਕਸੋਂ ਖਿਚ ਤਸਵੀਰ ਨੂੰ ਲੌਣ ਵਾਲਾ
ਕਾਰਨ ਕਾਰਜੋਂ ਪਿਆ ਪ੍ਰਤੀਤ ਹੁੰਦਾ ਕੋਈ ਘੜਾ ਘੁਮਿਆਰ ਪਕੌਣ ਵਾਲਾ
ਹਥ ਪੈਰ ਮੂੰਹ ਅਖੀਆਂ ਨਕ ਦਿਤਾ, ਸੋਹਣੀ ਦੰਦਾਂ ਦੀ ਜੜਤ ਜੜੌਣ ਵਾਲਾ
ਵਿਚ ਪੇਟ ਦੇ ਪੇਟ ਨੂੰ ਪੂਰਦਾ ਏ, ਅੰਦਰੋਂ ਅੰਦਰੀ ਰਿਜ਼ਕ ਪੁਚੌਣ ਵਾਲਾ
ਕੇਹੜਾ ਤੁਧ ਨੂੰ ਬਖਸ਼ਦਾ ਤੰਦਰੁਸਤੀ, ਐਸ਼ ਇਸ਼ਰਤਾਂ ਖੁਸ਼ੀ ਦਿਖਲੌਣ ਵਾਲਾ
ਕੇਹੜਾ ਨਾਲ ਤਕਦੀਰ ਬੀਮਾਰ ਕਰਦਾ,ਮਛੀ ਵਾਂਗਰਾਂ ਜਾਨ ਤੁੜਵੌਣ ਵਾਲਾ
ਮਰਨਾ ਜੰਮਣਾ ਹੈ ਕਿਸਦੇ ਹੁਕਮ ਅੰਦਰ ਅੰਦ ਹੁਕਮ ਦੇ ਜਾਣ ਤੇ ਔਫ ਵਾਲਾ
ਕੀਹਦੇ ਆਸਰੇ ਗਾਫਲਾ ਨੀਂਦ ਆਵੇ, ਕੇਹੜਾ ਪਰਤ ਕੇ ਫੇਰ ਜਗੌਣ ਵਾਲਾ
ਕੀਹਦੇ ਹੁਕਮ ਦੇ ਵਿਚ ਹੈ ਚੁਪ ਰਹਿੰਦਾ, [6]ਖਾਕੀ ਬੂਤ ਨੂੰ ਕੌਣ ਬੁਲੌਣ ਵਾਲਾ
ਕੀਹਦੇ ਆਸਰੇ ਦਿਲ ਦਰਿਆ ਵਗਦਾ ਨੈਹਰਾਂ ਨਾੜੀਆਂ ਕੌਣ ਚਲੌਣ ਵਾਲਾ
ਜੇਹੜੇ ਆਖਦੇ ਰਾਮ ਰਹੀਮ ਹੈ ਨਹੀਂ, ਮਿਲਿਆ ਗੁਰੂ ਨ ਬਾਤ ਸਮਝੌਣ ਵਾਲਾ
ਕਿਸ ਨੇ ਪੁਤਲਾ ਸਾਜ ਤਿਆਰ ਕੀਤਾ ਮਿਟੀ ਅਗ ਅਕਾਸ਼ 'ਚ ਪੌਣ ਵਾਲਾ
ਕੇਹੜਾ ਵਿਚ ਦੁਨੀਆਂ ਨਾਮਦਾਰ ਕਰਦਾ,ਕੇੜਾ ਜਗ ਤੋਂ ਨਾਮ ਗੁਵੌਣ ਵਾਲਾ
ਕੀਹਦੇ ਹੁਕਮ ਦੇ ਵਿਚ ਹੈ ਪੌਣ ਪਾਣੀ ਕੇੜਾ ਉਪਰੋਂ [7]ਮੀਂਹ ਬਰਸੌਣ ਵਾਲਾ