ਬਚਪਨ ਤੋਂ ਹੀ ਲੋਕ ਗਾਥਾਵਾਂ ਮੇਰੀ ਅੰਤਰ-ਆਤਮਾ ਵਿਚ ਰਮੀਆਂ ਹੋਈਆਂ ਹਨ। ਵਿਆਹ ਸ਼ਾਦੀ ਦੇ ਅਵਸਰ 'ਤੇ ਜਦੋਂ ਸਾਡੇ ਪਿੰਡਾਂ ਵਿਚ ਬਰਾਤਾਂ ਤਿੰਨ-ਤਿੰਨ ਦਿਨ ਠਹਿਰਦੀਆਂ ਸਨ ਤਾਂ ਗੱਭਲੇ ਦਿਨ ਬਰਾਤ ਨਾਲ਼ ਆਏ ਢਾਡੀਆਂ ਅਤੇ ਕਵੀਸ਼ਰਾਂ ਨੇ ਅਖਾੜੇ ਲਾਉਣੇ। ਉਨ੍ਹਾਂ ਪਾਸੋਂ ਹੀਰ-ਰਾਂਝਾ, ਸੱਸੀ-ਪੁੰਨੂੰ, ਸੋਹਣੀ-ਮਹੀਂਵਾਲ, ਮਿਰਜ਼ਾ-ਸਾਹਿਬਾਂ ਦੀਆਂ ਪ੍ਰੀਤ ਗਾਥਾਵਾਂ ਤੋਂ ਇਲਾਵਾ ਪੂਰਨ ਭਗਤ, ਰਾਜਾ ਰਸਾਲੂ, ਦੁੱਲਾ ਭੱਟੀ, ਰਾਜਾ ਭਰਥਰੀ,
ਸੁੱਚਾ ਸੂਰਮਾ ਅਤੇ ਜੀਊਣਾ ਮੌੜ ਵਰਗੇ ਸੂਰਮਿਆਂ ਦੀਆਂ ਵੀਰ ਰਸੀ ਗਾਥਾਵਾਂ ਸੁਣ ਕੇ ਅਨੂਠਾ ਆਨੰਦ ਮਾਣਨਾ। ਮੇਲਿਆਂ ਮਸਾਵਿਆਂ 'ਤੇ ਵੀ ਗਮੰਤਰੀ ਅਖਾੜੇ ਲਾਉਂਦੇ ਜਿਥੇ ਉਹ ਪੰਜਾਬੀ ਲੋਕ ਗਾਥਾਵਾਂ ਗਾ ਕੇ ਸਰੋਤਿਆਂ ਦਾ ਮਨੋਰੰਜਨ ਕਰਦੇ। ਲੋਕੀ ਹੁੰਮ ਹੁੰਮਾ ਕੇ ਉਨ੍ਹਾਂ ਨੂੰ ਸੁਣਨ ਜਾਂਦੇ ਸਨ। ਪੁਰਾਣੇ ਸਮੇਂ ਤੋਂ ਹੀ ਲੋਕ ਗਾਥਾਵਾਂ ਪੰਜਾਬੀ ਲੋਕ ਮਾਨਸ ਦੇ ਮਨੋਰੰਜਨ ਦਾ ਪ੍ਰਮੁੱਖ ਸਾਧਨ ਰਹੀਆਂ ਹਨ।
ਇਹ ਸਾਰੀਆਂ ਪ੍ਰੀਤ ਗਾਥਾਵਾਂ ਮੱਧਕਾਲ ਵਿਚ ਵਾਪਰੀਆਂ ਸਨ। ਪਹਿਲਾਂ ਇਹ ਲੋਕ ਮਾਨਸ ਦੇ ਚੇਤਿਆਂ ਵਿਚ ਸਾਂਭੀਆਂ ਹੋਈਆਂ ਸਨ। ਲੋਕ ਚੇਤਿਆਂ ਤੋਂ ਸੁਣ ਕੇ ਮੱਧਕਾਲ ਦੇ ਕਿੱਸਾਕਾਰਾਂ ਨੇ ਇਨ੍ਹਾਂ ਨੂੰ ਆਪਣੇ ਕਿੱਸਿਆਂ ਵਿਚ ਪੇਸ਼ ਕੀਤਾ ਹੈ। ਸੈਂਕੜਿਆਂ ਦੀ ਗਿਣਤੀ ਵਿਚ ਇਹ ਕਿੱਸੇ ਉਪਲਬਧ ਹਨ। ਵਾਰਸ ਦੀ ਹੀਰ, ਫ਼ਜ਼ਲ ਸ਼ਾਹ ਦੀ ਸੋਹਣੀ, ਪੀਲੂ ਦਾ ਮਿਰਜ਼ਾ ਅਤੇ ਹਾਸ਼ਮ ਦੀ ਸੱਸੀ ਪੰਜਾਬੀ ਕਿੱਸਾ-ਕਾਵਿ ਦੀਆਂ ਅਮਰ ਰਚਨਾਵਾਂ ਹਨ।
ਲੋਕ ਗਾਥਾਵਾਂ ਪੰਜਾਬੀ ਵਿਰਾਸਤ ਦਾ ਵੱਡਮੁੱਲਾ ਸਰਮਾਇਆ ਹਨ, ਜਿਨ੍ਹਾਂ ਵਿਚ ਪੰਜਾਬ ਦੀ ਆਤਮਾ ਵਿਦਮਾਨ ਹੈ। ਇਹ ਚਸ਼ਮੇ ਦੇ ਪਾਣੀ ਵਾਂਗ ਅੱਜ ਵੀ ਸਜਰੀਆਂ ਹਨ ਜਿਨ੍ਹਾਂ ਨੂੰ ਪੜ੍ਹ ਕੇ/ਸੁਣ ਕੇ ਪੰਜਾਬੀ ਮਨ ਆਤਮਕ ਅਤੇ ਬੋਧਕ ਆਨੰਦ ਪ੍ਰਾਪਤ ਕਰਦਾ ਹੈ।
-ਸੁਖਦੇਵ ਮਾਦਪੁਰੀ