ਪੰਨਾ:ਜੂਠ ਤੇ ਹੋਰ ਨਾਟਕ - ਬਲਰਾਮ.pdf/34

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ


ਉਹ ਜ਼ਨਾਨੀ ਤਾਂ ਸੁੱਖਣ ਵੱਲ ਟਿਕਟਿਕੀ ਲਾ ਕੇ ਖੜ੍ਹ
ਗਈ, ਫੇਰ ਮੇਰੇ ਵੱਲ ਹੋ ਲੀ, ਤੇ ਤੂੰ ਵੇ ?” ਮੈਂ ਨੌਵੀਂ ਦੇ ਪਰਚੇ
ਦਿੱਤੇ ਨੇ ।` ਉਹਨੂੰ ਜਿਵੇਂ ਇਹ ਪਸੰਦ ਨਹੀਂ ਸੀ ਆਇਆ, ਸਾਡਾ
ਪੜ੍ਹਣਾ। ਫਿਰ ਉਹੋ ਬੋਲ ਜਿੰਨਾਂ ਦਾ ਮੈਂ ਆਦੀ ਹੋ ਗਿਆ ਸੀ, “ਜਿੰਨਾ
ਮਰਜ਼ੀ ਪੜ੍ਹ ਲਓ..., ਰਹਿਣਾ ਤਾਂ ਉਹ ਐ ਨਾ ਚੂਹੜੇ।" ਅਸੀਂ ਘਰ
ਮੁੜ ਆਏ। ਮੈਂ ਰੱਜਕੇ ਪਾਣੀ ਪੀਤਾ ਜਿਵੇਂ ਜਨਮਾਂ ਦਾ ਤਿਹਾਇਆ
ਹੋਵਾਂ। ਮਜ਼ਾ ਤਾਂ ਕਿਰਕਿਰਾ ਹੋ ਈ ਚੁੱਕਾ ਸੀ। ਵਿਆਹ ਦੇ ਪਹਿਲੇ ਈ
ਦਿਨ ਇਹੋ ਜਿਹੀ ਹੀਣ-ਭਾਵਨਾ ਅੰਦਰ ਭਰ ਦਿੱਤੀ ਜਾਂਦੀ... ਜਿਹੜੀ
ਸਾਰੀ ਉਮਰ ਪਿੱਛਾ ਨਹੀਂ ਸੀ ਛੱਡਦੀ।
ਕਹਾਣੀ ਪਸੰਦ ਕੀਤੀ ਗਈ। ਕਈ ਲੋਕਾਂ ਨੇ ਖੁੱਲ੍ਹਕੇ ਤਾਰੀਫ਼
ਵੀ ਕੀਤੀ। ਮੈਂ ਉਹਨਾਂ ਸਾਹਿਤਕਾਰਾਂ ਦੀ ਗੱਲ ਨੀ ਕਰਦਾ। ਜਿਹੜੇ
ਸਿਆਣੀਆਂ ਗੱਲਾਂ ਕਰਦੇ ਤੇ ਜਿਨ੍ਹਾਂ ਨੂੰ ਮੇਰੇ ’ਚੋਂ ਲਾਉਡਨੈੱਸ ਤੇ ਹੋਰ
ਪਤਾ ਨਹੀਂ ਕੀ ਕੀ ਨਜ਼ਰ ਆਉਂਦਾ। ਮੈਂ ਜੋ ਆਪਣੀ ਜ਼ਿੰਦਗੀ 'ਚ
ਹੰਡਾਇਆ ਜੇ ਉਹਦੇ ’ਚ ਗੰਦ ਈ ਗੰਦ ਐ ਤਾਂ ਇਹਦੇ ਚ ਮੇਰਾ ਕੀ
ਕਸੂਰ? (ਦਮ ਜਿਹਾ ਲੈਂਦਾ ਹੈ।)

ਚੁੱਪ !


ਮੈਂ ਕੁੜੱਤਣ ਨਾਲ ਭਰਿਆ ਪਿਆਂ, (ਤੜਫ਼ਦਾ ਹੈ।) ਖਾਲੀ
ਹੋਣਾਂ ਚਾਹੁੰਦਾਂ..., ਪਰ ਕੀ ਕਰਾਂ..., ਕਿੱਥੇ ਸੁੱਟਾਂ ਇਸਨੂੰ, ਇਹ ਤਾਂ
ਰਗ-ਰਗ `ਚ ਰਿਸ ਗਈ ਏ..., ਮੈਂ ਕਿੱਥੋਂ ਲਿਆਵਾਂ ਖੁਸ਼ਬੂਆਂ
ਰੂਹਾਨੀਅਤ ਦੀਆਂ! (ਸਾਹੋ-ਸਾਹੀ ਹੋ ਜਾਂਦਾ ਹੈ।) ਇਸ ਸੱਚਾਈ `ਚ
ਨਾ ਕੁਝ 'ਸ਼ਿਵ' ਹੈ ਨਾ 'ਸੰਦਰ' । ਇਸ ਸਭ ਕੁਝ ਨੂੰ ਜੀਣਾ ਤੇ ਵਾਰ-
ਵਾਰ ਜੀਣਾ ... ਇਹ ਕੋਈ ਸ਼ੌਕ ਨਹੀਂ ਮੇਰਾ।

(ਚੁੱਪ)


(ਖ਼ੁਦ ਨੂੰ ਸ਼ਾਂਤ ਕਰਦੇ ਹੋਏ) ਸਾਹਿਤ ਉਹਨਾਂ ਲਈ ਕੋਈ
ਰੂਹਾਨੀ ਸਾਧਨਾ ਹੋਏਗੀ, ਮੇਰੇ ਲਈ ਤਾਂ ਜ਼ਖਮ ਦਰ ਜ਼ਖਮ ਉਧੜਨਾ
ਹੈ... ਯਾਦਾਂ ਦਾ, ਭੁਗਤੇ ਤਸੀਹਿਆਂ ਨੂੰ ਮੁੜ-ਮੁੜ ਭੁਗਤਣਾ ਹੈ, ਮੁਕਤੀ
ਦੀ ਆਸ ’ਚ, ਤਾਂ ਜੋ ਕਿਤੇ ਪੱਲਾ ਛੁੱਟੇ .. ਬਸ, ਇਹੋ ਹੈ ਮੇਰੇ ਪੱਲੇ!

32