ਪੰਨਾ:ਜੂਠ ਤੇ ਹੋਰ ਨਾਟਕ - ਬਲਰਾਮ.pdf/76

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਖਾਨ : ਖਾ ਲੈ, ਅਖ਼ਬਾਰ ਈ ਪਿਛਲੇ ਸਾਲ ਦਾ।
ਕਰੋੜੀ ਮੱਲ : (ਰੋਣਹਾਕਾ) ਮਜ਼ਾਕ ਕਰਦੈਂ..., ਸੰਗ ਨੀ ਆਉਂਦੀ।
ਖਾਨ : ਸ਼ੁਰੂਆਤ ਤਾਂ ਤੂੰ ਈ ਕੀਤੀ। ਨਾ ਖਾਣ ਨੂੰ ਹੁੰਦਾ ਤਾਂ ਫਿਰ ਤੇਰੇ ਕੋਲ
ਕਾਹਨੂੰ ਆਉਂਦਾ।
ਕਰੋੜੀ ਮੱਲ : (ਹੂੰਗਦਾ।) ਤੁਰਿਆ ਵੀ ਨੀ ਜਾਂਦਾ ਹੁਣ...!
ਖਾਨ : ਐਵੇਂ ਗਿੱਟੇ ਸੁਜਾ ਲਏ।
ਕਰੋੜੀ ਮੱਲ : ਬਹਿ ਜਾਹ... ਏਥੇ ਈ।
ਖਾਨ : ਲਾਲਾ ਔਹ ਸਾਹਮਣੇ ਦੇਖ... ਓਧਰ...।
ਕਿਸਾਨ : ਮਾਰੇ ਗਏ, ਦੇਖ ਲਿਆ ਜਮਦੂਤਾਂ ਨੇ।
ਕਰੋੜੀ ਮੱਲ : ਆਖ਼ਰੀ ਵਕਤ ਆ ਗਿਆ ਮੇਰਾ ਤਾਂ, ਦੇਖੀਂ ਦੇਹ ਨਾ ਰੁਲੇ ਮੇਰੀ,
ਸੰਸਕਾਰ ਜ਼ਰੂਰ ਕਰ ਦੇਈਂ ਬਾਈ ਬਣਕੇ ।
ਖਾਨ : ਓ ਲਾਲਾ; ਝੀਲ।
ਕਰੋੜੀ ਮੱਲ : ਚੰਗਾ, ਅਸਥੀਆਂ ਏਥੇ ਈ ਪਾ ਦੇਈਂ।
ਖਾਨ : ਮੱਛੀਆਂ ਦੇਖ... ਕਰਾੜਾ, ਨੀਲੀਆਂ... ਹਰੀਆਂ...ਰੰਗ-
ਬਿਰੰਗੀਆਂ। ਓ ਕਰਾੜਾ..., ਦੇਖ ਤਾਂ ਸਹੀ ਕਿਵੇਂ ਕੰਢੇ 'ਤੇ ਈ
ਦੌੜੀਆਂ ਫਿਰਦੀਆਂ। ਮੁੰਹ `ਚ ਪਾਣੀ ਆ ਗਿਆ ਮੇਰੇ ਤਾਂ।
ਫੜੀਏ?
ਕਰੋੜੀ ਮੱਲ : ਨਾ ਭਰਾਵਾ ਮੈਨੂੰ ਤਾਂ ਤੈਰਨਾ ਵੀ ਨੀ ਆਉਂਦਾ। ਹੋਰ ਪੈਰ ਤਿਲਕ
ਗਿਆ ਕਿਤੇ...।
ਖਾਨ : ਬੈਠਿਆਂ ਤਾਂ ਨੀ ਮੂੰਹ `ਚ ਪਾ ਜਾਣਾ ਕਿਸੇ ਨੇ।
ਕਰੋੜੀ ਮੱਲ : ਤੇਰਾ ਤਾਂ ਖੁਦਕੁਸ਼ੀ ਦਾ ਇਰਾਦਾ।
ਖਾਨ : ਕੁਝ ਤਾਂ ਕਰਨਾ ਈ ਪਊ...!
ਕਰੋੜੀ ਮੱਲ : ਨਾਂਹ ਕਰ ਨਾ ਫੇਰ।
ਖਾਨ : ਲਿਆ ਪਰਸ ਕੱਢ ਫਟਾਫਟ।
ਕਰੋੜੀ ਮੱਲ : ਉਹ ਕੀ ਕਰਨੈਂ?
ਖਾਨ : ਓ ਫੜਾ ਤਾਂ ਸਹੀ, ਦੇਖੀਏ ਸ਼ਾਇਦ... ਨੋਟ ਦੇਖ ਕੇ ਈ ਆ
ਜਾਣ।

74