ਪੰਨਾ:ਟੈਕਸੀਨਾਮਾ.pdf/100

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਸੀ ਅਤੇ 1 ਡਾਲਰ 20 ਸੈਂਟ ਪ੍ਰਤੀ ਕਿਲੋਮੀਟਰ ਹੁੰਦਾ ਸੀ। ਸਾਲ 2010 ਦੇ ਜੁਲਾਈ ਮਹੀਨੇ ਤੋਂ ਇਹ ਰੇਟ 33 ਡਾਲਰ 07 ਸੈਂਟ ਉਡੀਕ ਸਮਾਂ, ਮੀਟਰ ਦੀ ਸ਼ੁਰੂਆਤ 3 ਡਾਲਰ 20 ਸੈਂਟ ਅਤੇ 1 ਡਾਲਰ 85 ਸੈਂਟ ਪ੍ਰਤੀ ਕਿਲੋਮੀਟਰ ਹੋ ਗਏ ਹਨ। ਇਸ ਕਿਰਾਏ ਵਿੱਚ 12% ਟੈਕਸ ਹੁੰਦਾ ਹੈ। ਇਹ ਟੈਕਸ ਅਗਾਂਹ ਸਰਕਾਰ ਨੂੰ ਦੇਣਾ ਪੈਂਦਾ ਹੈ।

ਹਰ ਟੈਕਸੀ ਕੰਪਨੀ ਆਪਣੇ ਕਾਰਜ-ਖੇਤਰ ਨੂੰ ਕਈ ਹਿੱਸਿਆ ਵਿੱਚ ਵੰਡ ਲੈਂਦੀ ਹੈ। ਇਸ ਨੂੰ ਜ਼ੋਨ ਆਖਦੇ ਹਨ। ਜ਼ੋਨ ਵਿੱਚ ਅੱਗੇ ਅੱਡੇ ਹੁੰਦੇ ਹਨ। ਇਹ ਅੱਡੇ ਕਿਸੇ ਹੋਟਲ, ਰੇਲ ਸਟੇਸ਼ਨ ਦੇ ਮੂਹਰੇ, ਕਿਸੇ ਮਾਲ ਵਿੱਚ ਜਾਂ ਕਿਸੇ ਅਜੇਹੇ ਥਾਂ ਹੁੰਦੇ ਹਨ, ਜਿੱਥੇ ਲੋਕਾਂ ਨੂੰ ਟੈਕਸੀ ਦੀ ਲੋੜ ਆਮ ਹੁੰਦੀ ਹੋਵੇ। ਡਰਾਈਵਰ ਆਪਣੀ ਟੈਕਸੀ ਨੂੰ ਜ਼ੋਨ ਅਤੇ ਫਿਰ ਅੱਡੇ ਉੱਪਰ ਬੁੱਕ ਕਰ ਦਿੰਦੇ ਹਨ। ਜਦੋਂ ਵੀ ਉਸ ਅੱਡੇ ਦੇ ਘੇਰੇ ਵਿੱਚੋਂ ਕਿਸੇ ਸਵਾਰੀ ਨੂੰ ਟੈਕਸੀ ਚਾਹੀਦੀ ਹੋਵੇ, ਡਿਸਪੈਚਰ ਉੱਥੇ ਪਹਿਲੀ ਟੈਕਸੀ ਨੂੰ ਭੇਜ ਦਿੰਦਾ ਹੈ। ਟੈਕਸੀ ਦੇ ਸਵਾਰੀ ਕੋਲ ਪਹੁੰਚਣ ਦਾ ਔਸਤਨ ਸਮਾਂ ਦਸ ਮਿੰਟ ਹੁੰਦਾ ਹੈ। ਬਹੁਤੇ ਵਾਰੀ ਟੈਕਸੀ ਇਸ ਤੋਂ ਘੱਟ ਸਮੇਂ ਵਿੱਚ ਹੀ ਸਵਾਰੀ ਕੋਲ ਪਹੁੰਚ ਜਾਂਦੀ ਹੈ। ਮੀਂਹ-ਕਣੀ, ਬਰਫ਼ਬਾਰੀ ਜਾਂ ਕਿਸੇ ਹੋਰ ਰੁਝੇਵੇਂ ਵਾਲੇ ਦਿਨ ਇਹ ਉਡੀਕ ਲੰਮੀ ਵੀ ਹੋ ਜਾਂਦੀ ਹੈ। ਵੈਨਕੂਵਰ ਸ਼ਹਿਰ ਦੀਆਂ ਟੈਕਸੀਆਂ ਲਈ ਮਈ ਤੋਂ ਸਤੰਬਰ ਤੱਕ ਰੁਝੇਵੇਂ ਵਾਲਾ ਸਮਾਂ ਹੁੰਦਾ ਹੈ। ਇਨ੍ਹਾਂ ਮਹੀਨਿਆਂ ਵਿੱਚ ਅਲਾਸਕਾ ਅਤੇ ਵੈਨਕੂਵਰ ਦੌਰਾਨ ਕਰੂਜ਼ਸ਼ਿੱਪ ਆਉਂਦੇ-ਜਾਂਦੇ ਹਨ, ਜਿਸ ਕਰਕੇ ਹਜ਼ਾਰਾਂ ਹੀ ਯਾਤਰੀ ਟੈਕਸੀ ਵਰਤਦੇ ਹਨ। ਇਸ ਤੋਂ ਬਿਨ੍ਹਾਂ ਸ਼ੁੱਕਰਵਾਰ ਤੇ ਸ਼ਨਿੱਚਰਵਾਰ ਦੀਆਂ ਰਾਤਾਂ ਨੂੰ ਪੱਬਾਂ ਦੇ ਬੰਦ ਹੋਣ ਸਮੇਂ (ਦੋ ਤੋਂ ਚਾਰ ਵਜੇ ਦਰਮਿਆਨ) ਵੀ ਟੈਕਸੀਆਂ ਲਈ ਕਮਾਈ ਦਾ ਸਮਾਂ ਹੁੰਦਾ ਹੈ।

ਅੱਜ ਮੈਟਰੋ ਵੈਨਕੂਵਰ ਦੀਆਂ ਤਕਰੀਬਨ ਸਾਰੀਆਂ ਹੀ ਵੱਡੀਆਂ ਟੈਕਸੀ ਕੰਪਨੀਆਂ ਕੰਪਿਊਟਰ ਡਿਸਪੈਚ ਸਿਸਟਮ ਵਰਤਦੀਆਂ ਹਨ। ਇਹ ਸਿਸਟਮ ਪਿਛਲੀ ਸਦੀ ਦੇ ਅੱਸੀਵਿਆਂ ਵਿੱਚ ਸ਼ੁਰੂ ਹੋਇਆ ਸੀ। ਉਸ ਤੋਂ ਪਹਿਲਾਂ ਰੇਡੀਓ ਡਿਸਪੈਚ ਸਿਸਟਮ ਸੀ। ਇਹ ਸਿਸਟਮ ਹਾਲੇ ਵੀ ਹਰ ਟੈਕਸੀ ਵਿੱਚ ਹੈ। ਕੰਮਪਿਊਟਰ ਦੇ ਖਰਾਬ ਹੋਣ ਦੀ ਸੂਰਤ ਵਿੱਚ ਜਾਂ ਡਿਸਪੈਚਰ ਨਾਲ ਗੱਲ-ਬਾਤ ਕਰਨ ਲਈ ਇਸ ਨੂੰ ਵਰਤਿਆ ਜਾਂਦਾ ਹੈ। ਕਈ ਛੋਟੀਆਂ ਕੰਪਨੀਆਂ ਹਾਲੇ ਵੀ ਸਿਰਫ਼ ਰੇਡੀਓ ਡਿਸਪੈਚ ਸਿਸਟਮ ਹੀ ਵਰਤਦੀਆਂ ਹਨ। 1950ਵਿਆਂ ਵਿੱਚ ਰੇਡੀਓ ਡਿਸਪੈਚ ਸਿਸਟਮ ਸ਼ੁਰੂ ਹੋਇਆ ਸੀ। ਉਸ ਤੋਂ ਪਹਿਲਾਂ ਟੈਕਸੀਆਂ ਨੂੰ ਸਵਾਰੀ ਲੈਣ ਲਈ ਅੱਡਿਆਂ 'ਤੇ ਜਾਣਾ ਪੈਂਦਾ ਸੀ। ਉਨ੍ਹਾਂ ਅੱਡਿਆਂ ’ਤੇ ਫੋਨ ਲੱਗੇ ਹੁੰਦੇ ਸਨ, ਜਿਹੜੇ ਟੈਕਸੀ ਦੇ ਦਫ਼ਤਰ ਨਾਲ ਜੁੜੇ ਹੁੰਦੇ। ਡਰਾਈਵਰ ਅੱਡੇ ’ਤੇ ਜਾ ਕੇ ਫੋਨ ਕਰਕੇ ਡਿਸਪੈਚਰ ਨੂੰ ਦੱਸ ਦਿੰਦਾ। ਸਵਾਰੀ ਨੂੰ ਉਤਾਰ ਕੇ ਡਰਾਈਵਰ ਨੂੰ ਅੱਡੇ ਜਾਣਾ ਪੈਂਦਾ ਇਸ ਤਰ੍ਹਾਂ ਸਮਾਂ ਬਹੁਤ ਖਰਾਬ ਹੁੰਦਾ ਸੀ। ਰੇਡੀਓ ਡਿਸਪੈਚ ਨਾਲ ਸਮੇਂ ਦੀ ਬੱਚਤ ਹੋਣ ਲੱਗ ਪਈ। ਹਰ ਟੈਕਸੀ ਵਿੱਚ ਆਪਣਾ ਦੋਪਾਸੜ ਰੇਡੀਓ

100/ਟੈਕਸੀਨਾਮਾ