ਪੰਨਾ:ਟੈਕਸੀਨਾਮਾ.pdf/38

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਈਸਟਰ ਮਨਾਉਣ।—ਤੇ ਤੂੰ ਕਿਵੇਂ ਈਸਟਰ ਮਨਾ ਰਿਹਾ ਹੈਂ?”

'‘ਕੰਮ ਕਰਕੇ,” ਆਖ ਕੇ ਮੈਂ ਹੱਸਿਆ।

“ਆਹ! ਤੁਸੀਂ ਲੋਕ ਬਹੁਤ ਮੇਹਨਤੀ ਓਂ। ਪਰ ਤੁਹਾਨੂੰ ਆਪਣੇ ਪਰਿਵਾਰਾਂ ਨਾਲ ਵੀ ਸਮਾਂ ਬਿਤਾਉਣਾ ਚਾਹੀਦੈ।”

“ਮੈਂ ਤਾਂ ਐਵੇਂ ਮਜ਼ਾਕ ਕਰਦਾ ਸੀ। ਕੱਲ੍ਹ ਨੂੰ ਮੈਂ ਛੁੱਟੀ ਕਰਨੀ ਹੈ ਤੇ ਅੱਜ ਵੀ ਸਵੇਰੇ-ਸਵੇਰੇ ਹੀ ਕੰਮ ਕਰਨਾ ਹੈ। ਫਿਰ ਸਾਡੀ ਵਿਸਾਖੀ ਪ੍ਰੇਡ ਹੈ। ਉੱਥੇ ਜਾਣਾ ਹੈ,” ਮੈਂ ਛੁੱਟੀ ਕਰਨ ਬਾਰੇ ਗੱਪ ਮਾਰ ਦਿੱਤੀ।

“ਓਹ ਅੱਛਾ, ਤਾਂ ਅੱਜ ਵਿਸਾਖੀ ਪ੍ਰੇਡ ਹੈ? ਦੁਰਭਾਗ ਵੱਸ ਮੈਂ ਸਮੋਸੇ ਤੇ ਮੁਫ਼ਤ ਦਾ ਹੋਰ ਭੋਜਨ ਨਹੀਂ ਖਾ ਸਕਾਂਗੀ।” ਮੈਨੂੰ ਲੱਗਾ ਜਿਵੇਂ ਉਸ ਦੇ ਚੇਹਰੇ 'ਤੇ ਵਿਸਾਖੀ ਪ੍ਰੇਡ ਵਿੱਚ ਸ਼ਾਮਿਲ ਨਾ ਹੋ ਸਕਣ ਦਾ ਪਛਤਾਵਾ ਹੋਵੇ। ਉਹ ਫਿਰ ਬੋਲੀ, “ਤੁਸੀਂ ਬਹੁਤ ਦਿਆਲੂ ਲੋਕ ਹੋ। ਮੈਂ ਪੜ੍ਹਾਈ ਤੋਂ ਥੋੜ੍ਹਾ ਧਿਆਨ ਪਾਸੇ ਕਰਨਾ ਚਾਹੁੰਦੀ ਸੀ ਇਸ ਕਰ ਕੇ ਜਾ ਰਹੀ ਹਾਂ। ਜੇ ਮੈਨੂੰ ਵਿਸਾਖੀ ਪ੍ਰੇਡ ਦਾ ਪਤਾ ਹੁੰਦਾ ਤਾਂ ਸ਼ਾਇਦ ਮੈਂ ਨਾ ਹੀ ਜਾਂਦੀ।”

ਮੈਂ ਟੈਕਸੀ ਬਰਾਡਵੇ ਤੋਂ ਗਰੈਨਵਿਲ 'ਤੇ ਪਾ ਲਈ। ਟ੍ਰੈਫਿਕ ਨਾਂ-ਮਾਤਰ ਹੀ ਸੀ।

“ਅੱਛਾ ਤਾਂ ਇੱਥੇ ਵੈਨਕੂਵਰ ਤੂੰ ਪੜ੍ਹਾਈ ਕਰਨ ਹੀ ਆਈ ਹੋਈ ਹੈਂ? ਕਾਹਦੀ ਪੜ੍ਹਾਈ ਕਰਦੀ ਹੈਂ?”

“ਮੈਂ ਯੂ ਬੀ ਸੀ ’ਚ ਮੈਡੀਸਨ ਪੜ੍ਹਦੀ ਹਾਂ।”

“ਡਾਕਟਰ ਬਣੇਂਗੀ?”

“ਕੋਸ਼ਿਸ਼ ਕਰ ਰਹੀ ਹਾਂ।”

“ਤੇਰੇ ਮਾਪਿਆਂ ਨੂੰ ਤਾਂ ਤੇਰੇ ’ਤੇ ਬਹੁਤ ਮਾਣ ਹੋਵੇਗਾ?”

ਉਹ ਮੁਸਕਰਾਈ। ਮੈਂ ਸੋਚਿਆ ਕਿ ਕਿੰਨੀ ਲਾਇਕ ਕੁੜੀ ਹੈ। ਕਿਤੇ ਮੇਰੇ ਬੱਚੇ ਵੀ ਇਸ ਤਰ੍ਹਾਂ ਦੇ ਸਿਆਣੇ ਤੇ ਹੁਸ਼ਿਆਰ ਨਿਕਲਣ।

“ਤੇਰੇ ਮਾਂ-ਬਾਪ ਕੀ ਕਰਦੇ ਹਨ?” ਉਸ ਨੇ ਸਪਾਟ ਚੇਹਰੇ ਨਾਲ ਮੇਰੇ ਵੱਲ ਵੇਖਿਆ। ਮੈਨੂੰ ਆਪਣੀ ਗਲਤੀ ਦਾ ਅਹਿਸਾਸ ਹੋਇਆ ਕਿ ਮੈਨੂੰ ਇਹ ਨਿੱਜੀ ਸਵਾਲ ਨਹੀਂ ਸੀ ਪੁੱਛਣਾ ਚਾਹੀਦਾ। ਮੈਂ ਹਾਲੇ ਅਨੈਤਿਕ ਪ੍ਰਸ਼ਨ ਲਈ ਮੁਆਫ਼ੀ ਮੰਗਣ ਬਾਰੇ ਸੋਚ ਹੀ ਰਿਹਾ ਸੀ ਕਿ ਉਹ ਬੋਲੀ, “ਮੇਰੇ ਪਿਤਾ ਦਾ ਆਪਣਾ ਕਾਰੋਬਾਰ ਹੈ।” ਆਖ ਕੇ ਉਹ ਬਾਹਰ ਵੱਲ ਵੇਖਣ ਲੱਗੀ। ਮੇਰਾ ਜੀਅ ਕੀਤਾ ਕਿ ਪੁੱਛਾਂ ਕਿ ਤੇਰੀ ਮਾਂ ਕੀ ਕਰਦੀ ਹੈ? ਪਰ ਮੈਂ ਪੁੱਛਿਆ ਨਹੀਂ। ਸੋਚਿਆ ਕਿ ਤਲਾਕਸ਼ੁਦਾ ਮਾਪਿਆ ਦੀ ਸੰਤਾਨ ਹੋਵੇਗੀ ਨਹੀਂ ਤਾਂ ਮਾਂ ਬਾਰੇ ਵੀ ਦੱਸਦੀ। ਮੈਂ ਪੁੱਛਿਆ, “ਤੇਰੀ

ਪੜ੍ਹਾਈ ਵੱਲ ਉਚੇਚਾ ਧਿਆਨ ਦਿੰਦੇ ਹੋਣਗੇ ਜਦ ਤੂੰ ਛੋਟੀ ਸੀ?”

38/ਟੈਕਸੀਨਾਮਾ