ਪੰਨਾ:ਟੈਕਸੀਨਾਮਾ.pdf/73

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਲਸ਼ਿਓਰ ਵੀ ਪਾਸੇ ਹੋ ਗਿਆ ਤੇ ਵਾਪਸ ਟਰੱਕ ਚਲਾਉਣ ਲੱਗ ਪਿਆ। ਸਾਨੂੰ ਵੋਟਿੰਗ ਦਾ ਹੱਕ ਮਿਲ ਗਿਆ। ਅਸੀਂ ਭਾਈਬੰਦਾਂ ਵਾਂਗੂ ਕੰਮ ਕਰਨ ਲੱਗੇ। ਪਹਿਲਾਂ ਏਅਰਪੋਰਟ ਤੋਂ ਸਿਰਫ ਮੈਕਲੋਅਰ ਕੈਬ ਹੀ ਸਵਾਰੀਆਂ ਚੁੱਕ ਸਕਦੀ ਸੀ। ਮੈਂ ਰੌਲਾ ਪਾਇਆ ਕਿ ਏਅਰਪੋਰਟ ਇੰਟਰਨੈਸ਼ਨਲ ਆ, ਸਾਨੂੰ ਵੀ ਮੌਕਾ ਮਿਲਣਾ ਚਾਹੀਦਾ। ਮੈਂ ਬੌਨੀਜ਼ ਵਾਸਤੇ ਸੰਨ ਅੱਸੀ ਵਿਚ ਕਂਟਰੈਕਟ ਲੈ ਲਿਆ। ਦੂਜੇ ਦਿਨ ਅਖਬਾਰਾਂ 'ਚ ਸੁਰਖੀ ਸੀ, ‘ਬਲੂਜ਼ ਆਊਟ, ਔਰੈਂਜ ਇਨ' ਬੌਨੀਜ਼ ਦਾ ਓਦੋਂ ਔਰੈਂਜ ਰੰਗ ਹੁੰਦਾ ਸੀ।

ਫੇਰ ਡਾਊਨ-ਟਾਊਨ 'ਚੋਂ ਆਪਣੇ ਕੁਝ ਬੰਦੇ ਆ ਗਏ ਬੌਨੀਜ਼ ਵਿਚ। ਬੌਨੀਜ਼ ਦੀਆਂ ਪਲੇਟਾਂ ਸਸਤੀਆਂ ਸੀ ਨਾਲੇ ਡਾਊਨ-ਟਾਊਨ ਚ ਮਿਲਦੀਆਂ ਵੀ ਨਹੀਂ ਸੀ। ਉਨ੍ਹਾਂ ਨੇ ਆ ਕੇ ਕੁਝ ਪਲੇਟਾਂ ਖ੍ਰੀਦ ਲਈਆਂ। ਉਹ ਦੂਜਾ ਗਰੁੱਪ ਬਣ ਗਿਆ। ਸਾਡੀ ਦੂਜੇ ਗਰੁੱਪ ਨਾਲ ਖੜਕਦੀ ਰਹਿੰਦੀ। ਫੇਰ ਸ਼ੇਅਰ ਹੋਲਡਰਾਂ ਦੀ ਇਲੈਕਸ਼ਨ ਹੋਈ। ਸੱਤ ਡਰੈਕਟਰ ਚੁਨਣੇ ਸਨ। ਛੇ ਸਾਡੇ ਗਰੁੱਪ ਦੇ ਬਣ ਗਏ ਤੇ ਇਕ ਦੂਜੇ ਗਰੁੱਪ ਦਾ ਬਣ ਗਿਆ। ਜਿਹੜੇ ਕੁਝ ਗੋਰੇ ਰਹਿੰਦੇ ਸਨ, ਉਨ੍ਹਾਂ ਦੀਆਂ ਵੋਟਾਂ ਮੇਰੇ ਨਾਲ ਸੀ। ਅਸੀਂ ਸੋਹਣ ਦੀਓ ਨੂੰ ਪ੍ਰੈਜ਼ੀਡੈਂਟ ਬਣਾ ਦਿੱਤਾ। ਮੈਨੂੰ ਬਨਾਉਣ ਨੂੰ ਕਹਿੰਦੇ ਸੀ ਪਰ ਮੈਂ ਬਣਿਆ ਨੀ। ਦੋਹਾਂ ਗਰੁੱਪਾਂ ਵਿਚ ਖਹਿਬਾਜ਼ੀ ਚੱਲਦੀ ਰਹਿੰਦੀ। ਇਸੇ ਖਹਿਬਾਜੀ ’ਚ ਹੀ ਇੱਕ ਮੁੰਡਾ ਸੀ ਚਾਰਲੀ ਸੇਖੋਂ, ਉਹ ਮਾਰ ਦਿੱਤਾ ਗਿਆ। ਮੇਰਾ ਮੂੰਹ-ਮੁਲ੍ਹਾਜਾ ਸਾਰਿਆਂ ਨਾਲ ਈ ਸੀ। ਫੇਰ ਪਿਆਰੇ ਹੋਰੀਂ, ਗਿੱਲ ਤੇ ਝੂਟੀ ਹੋਰੀਂ ਵੀ ਆ ਗਏ। ਏਨ੍ਹਾਂ ਨੇ ਕਈ ਕਈ ਟੈਕਸੀਆਂ ਲੈ ਲਈਆਂ। ਜਿਹੜੇ ਬੰਦੇ ਨੂੰ ਕੋ-ਆਰਡੀਨੇਟਰ ਬਣਾ ਦਿੰਦੇ, ਉਹ ਆਪਣੀਆਂ ਟੈਕਸੀਆਂ ਤੇ ਤਾਂ ਡਰਾਈਵਰ ਲਾ ਦਿੰਦਾ, ਦੂਜਿਆਂ ਦੀਆਂ ਟੈਕਸੀਆਂ ਖੜ੍ਹੀਆਂ ਰਹਿੰਦੀਆਂ। ਮੂੰਹ ਤੇ ਸਾਰੇ ਆਖੀ ਜਾਂਦੇ ਕਿ ਹਾਂ ਬਈ ਹਾਂ ਸਾਰੀਆਂ ਟੈਕਸੀਆਂ ਤੇ ਵਾਰੀ ਅਨੁਸਾਰ ਡਰਾਈਵਰ ਲੱਗਣੇ ਚਾਹੀਦੇ ਆ ਪਰ ਇੱਕ ਦੇ ਜਾਂਦਿਆਂ ਹੀ ਦੂਜਾ ਆਖਣ ਲੱਗ ਜਾਂਦਾ ਨਹੀਂ ਬਈ ਨਹੀਂ ਮੇਰੀ ਟੈਕਸੀ ਨੀ ਖੜ੍ਹੀ ਰਹਿਣੀ ਚਾਹੀਦੀ ਹੋਰਾਂ ਦੀਆਂ ਭਾਵੇਂ ਖੜ੍ਹੀਆਂ ਰਹਿਣ। ਮੈਨੂੰ ਕਹਿਣ ਲੱਗੇ ਬਈ ਤੂੰ ਬਣ ਕੋ- ਆਰਡੀਨੇਟਰ। ਮੈਂ ਏਨ੍ਹਾਂ ਨੂੰ ਕਿਹਾ ਬਈ ਸਾਰੇ ਪੈਸੇ ਇੱਕ ਅਕਾਊਂਟ ਵਿਚ ਜਮ੍ਹਾਂ ਕਰਾ ਦਿਆ ਕਰੀਏ ਤੇ ਦੋ-ਹਫਤੇ ਜਾਂ ਮਹੀਨੇ ਬਾਅਦ ਹਿਸਾਬ ਕਰਕੇ ਸਾਰਿਆਂ ਨੂੰ ਹਿੱਸੇ ਆਉਂਦੇ ਦੇ ਦਿਆ ਕਰੀਏ ਏਸ ਤਰ੍ਹਾਂ ਕਿਸੇ ਨੂੰ ਫਿਕਰ ਨਾ ਰਹੂ ਕਿ ਕੀਹਦੀ ਟੈਕਸੀ ਤੇ ਡਰਾਈਵਰ ਲੱਗਾ ਹੈ ਕੀਹਦੀ ਖੜੀ ਹੈ। ਪਰ ਇਹ ਗੱਲ ਕਿਸੇ ਦੇ ਖਾਨੇ ਨਾ ਵੜੀ। ਕੋ- ਆਰਡੀਨੇਟਰ ਦੇ ਕੰਮ ਦੀ ਬਹੁਤ ਸਿਰਦਰਦੀ ਸੀ। ਮੈਂ ਕਿਹਾ ਮੈਥੋਂ ਨੀ ਹੁੰਦਾ ਇਹ ਕੰਮ। ਆਪਣੇ ਬੰਦਿਆਂ ਨਾਲ ਕੰਮ ਕਰਨਾ ਬਹੁਤ ਔਖਾ ਹਰੇਕ ਨੂੰ ਬੱਸ ਮੇਰੀ ਟੈਕਸੀ ਮੇਰੀ ਟੈਕਸੀ ਦੀ ਪਈ ਰਹਿੰਦੀ ਸੀ।। 1990-91 ’ਚ ਮੈਂ ਟੈਕਸੀ ਬਿਜ਼ਨੈੱਸ 'ਚੋਂ ਬਾਹਰ ਹੋ ਗਿਆ। ਜੇਲ੍ਹ ਗਾਰਡ ਦੀ ਨੌਕਰੀ ਤੋਂ ਰੀਟਾਇਰਮੈਂਟ ਹੋ ਗਈ। ਫੇਰ

ਮੈਂ ਰੀਅਲਟਰ ਦਾ ਕੋਰਸ ਕਰ ਲਿਆ। ਤੇ ਹੁਣ ਇੰਸ਼ੋਰੈਂਸ ਦੇ ਕੰਮ 'ਚ ਆਂ ।

ਟੈਕਸੀਨਾਮਾ/73