ਪੰਨਾ:ਟੈਕਸੀਨਾਮਾ.pdf/75

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਹਮਦਰਦੀ ਰੱਖਦਾ ਸੀ। ਉਹਨੇ ਤਾਂ ਇੱਥੋਂ ਤੱਕ ਵੀ ਕਿਹਾ ਕਿ ਤੁਹਾਨੂੰ ਹੋਰ ਟੈਕਸੀਆਂ ਦੇ ਲਾਈਸੈਂਸ ਦਿਵਾਉਣ ਦੀ ਕੋਸ਼ਿਸ਼ ਕਰ ਲੈਨੇ ਆਂ, ਤੁਸੀਂ ਆਪਣੀ ਕੰਪਨੀ ਖੋਲ੍ਹ ਲਵੋ। ਉਦੋਂ ਅਸੀਂ ਹਾਲੇ ਐਨੀ ਜੋਗੇ ਹੈ ਨੀ ਸੀ। ਅਸੀਂ ਸੋਚਦੇ ਸੀ ਕਿ ਕੰਪਨੀ ਦੇ ਵਿੱਚ ਹੀ ਆਪਣੀ ਟੈਕਸੀ ਹੋਵੇ। ਅਸੀਂ ਸਾਲ ਕੁ ਬਾਅਦ ਫਿਰ ਅਪਲਾਈ ਕੀਤਾ। ਉਦੋਂ ਹਿਊਮਨ ਰਾਈਟਸ ਕਮੀਸ਼ਨ ਬਣਿਆ ਹੀ ਸੀ। ਅਸੀਂ ਉਨ੍ਹਾਂ ਕੋਲ ਗਏ। ਉਨ੍ਹਾਂ ਯੈਲੋ ਕੈਬ ਨਾਲ ਗੱਲ ਕੀਤੀ ਤੇ ਕੰਪਨੀ ਨੇ ਸਾਨੂੰ ਟੈਕਸੀ ਖ੍ਰੀਦਣ ਦੀ ਇਜਾਜ਼ਤ ਦੇ ਦਿੱਤੀ। ਇਸ ਤਰ੍ਹਾਂ ਯੈਲੋ ਕੈਬ ਕੰਪਨੀ ਵਿੱਚ ਮੈਂ ਤੇ ਸੁਖਜਿੰਦਰ ਸਿੰਘ ਅਰੋੜਾ ਭਾਰਤੀ ਮੂਲ ਦੇ ਪਹਿਲੇ ਓਨਰ ਓਪਰੇਟਰ ਬਣੇ। ਸਾਡੇ ਤੋਂ ਪਹਿਲਾਂ ਪੰਜ-ਸੱਤ ਚਾਈਨੀਜ਼ ਮੂਲ ਦੇ ਓਨਰ ਓਪਰੇਟਰ ਸੀ। ਬਾਕੀ ਸਾਰੇ ਗੋਰੇ ਹੀ ਸਨ। ਕਿਸੇ ਕੋਲ ਤਿੰਨ- ਟੈਕਸੀਆਂ ਸੀ ਕਿਸੇ ਕੋਲ ਚਾਰ। ਦੋ-ਤਿੰਨ ਲੇਡੀਜ਼ ਡਰਾਈਵਰ ਹੁੰਦੀਆਂ ਸਨ। ਉਨ੍ਹਾਂ ਨੂੰ ਟੈਕਸੀ ਚਲਾਉਂਦੀਆਂ ਦੇਖ ਸਾਨੂੰ ਹੈਰਾਨੀ ਵੀ ਹੁੰਦੀ।(ਅੱਜ-ਕੱਲ੍ਹ ਯੈਲੋ ਕੈਬ ਵਿੱਚ ਇੱਕ ਵੀ ਨਹੀਂ) ਚਾਈਨੀਜ਼ ਨੂੰ ਯੈਲੋ ਕੈਬ ਵਿੱਚ ਸਾਡੇ ਤੋਂ ਪਹਿਲਾਂ ਬਰੇਕ ਮਿਲ ਗਈ ਸੀ। ਜਦੋਂ ਸਾਨੂੰ ਬਰੇਕ ਮਿਲੀ ਉਹ ਬਹੁਤੇ ਖੁਸ਼ ਨੀ ਸੀ ਹੋਏ।

ਉਦੋਂ ਛੋਟੀਆਂ ਛੋਟੀਆਂ ਟੈਕਸੀ ਕੰਪਨੀਆਂ ਵੀ ਹੁੰਦੀਆਂ ਸੀ। ਮੇਰਾ ਭਰਾ ਮੇਰੇ ਤੋਂ ਇਕ ਸਾਲ ਪਹਿਲਾਂ ਆਇਆ ਸੀ। ਉਹ ਫੋਰਮ ਇਮਪਰੈਸ ਵਿਚ ਟੈਕਸੀ ਚਲਾਉਂਦਾ ਸੀ। ਇਹ ਹੇਸਟਿੰਗਜ਼ ਤੇ ਲੋਕਵੁੱਡ ਤੋਂ ਕੰਮ ਕਰਦੇ ਸੀ। ਇਕ-ਦੋ ਚਾਈਨਾ ਟਾਊਨ ਵਿਚ ਵੀ ਕੰਪਨੀਆਂ ਹੁੰਦੀਆਂ। ਉਹ ਬਾਅਦ ਵਿਚ ਯੈਲੋ 'ਚ ਈ ਰਲ ਗਈਆਂ ਸੀ। ਹੋਰ ਇਕ ਅਡਵਾਂਸ ਕੈਬ ਹੁੰਦੀ ਸੀ। ਉਹ ਆਪਣੇ ਬੰਦਿਆਂ ਨੂੰ ਡਰਾਈਵਰ ਵੀ ਨਹੀਂ ਸੀ ਰੱਖਦੇ ਪਰ ਬਾਅਦ ਵਿਚ ਨੱਬੇਵਿਆਂ 'ਚ ਆ ਕੇ ਉਹ ਕੰਪਨੀ ਵੀ ਯੈਲੋ ਕੈਬ ਵਿਚ ਆਣ ਰਲੀ।

ਤੁਹਾਨੂੰ ਪਤਾ ਬਈ ਪਹਿਲਾਂ ਆਪਣੇ ਬੰਦੇ ਮਿੱਲਾਂ 'ਚ ਕੰਮ ਕਰਦੇ ਸੀ। ਉਦੋਂ ਬਹੁਤੇ ਪੜ੍ਹੇ-ਲਿਖੇ ਲੋਕ ਨਹੀਂ ਸੀ ਆਉਂਦੇ ਇੰਡੀਆ ਤੋਂ। ਜਦੋਂ ਸੰਨ ਸੱਤਰ ਦੇ ਕਰੀਬ ਪੜ੍ਹੇ ਲਿਖੇ ਲੋਕ ਆਉਣੇ ਸ਼ੁਰੂ ਹੋਏ। ਉਂਹ ਇੰਗਲਿਸ਼ ਵਿਚ ਗੱਲਬਾਤ ਕਰ ਲੈਂਦੇ ਸੀ। ਮਿੱਲਾਂ ਦੇ ਭਾਰੇ ਕੰਮ ਨਾਲੋਂ ਉਹ ਇਹ ਹੌਲਾ ਕੰਮ ਜ਼ਿਆਦਾ ਪਸੰਦ ਕਰਦੇ। ਜਦੋਂ ਫਿਰ ਆਪਣੇ ਲੋਕਾਂ ਨੂੰ ਟੈਕਸੀ ਖ੍ਰੀਦਣ ਦੀ ਬ੍ਰੇਕ ਮਿਲੀ ਤਾਂ ਬਹੁਤ ਸਾਰੇ ਆਪਣੇ ਲੋਕ ਟੈਕਸੀ ਵਿਚ ਆ ਗਏ। ਆਪਣੇ ਬੰਦੇ ਟੈਕਸੀ ਖ੍ਰੀਦਣ ਨੂੰ ਤਰਜੀਹ ਦਿੰਦੇ। ਇਸ ਤਰ੍ਹਾਂ ਟੈਕਸੀ ਪਲੇਟਾਂ ਦੀਆਂ ਕੀਮਤਾਂ ਵਧ ਗਈਆਂ। ਹੌਲੀ-ਹੌਲੀ ਗੋਰੇ ਮੁਨਾਫਾ ਕਮਾ ਕੇ ਵੇਚ ਗਏ ਤੇ ਆਪਣੇ ਬੰਦੇ ਜ਼ਿਆਦਾ ਹੋ ਗਏ। ਉਨ੍ਹਾਂ ਪੁਰਾਣੇ ਲੋਕਾਂ ਵਿੱਚੋਂ ਤਾਂ ਹੁਣ ਕੋਈ ਗੋਰਾ ਰਿਹਾ ਨਹੀਂ। ਹਾਂ ਇਕ ਹੈਗਾ ਵਾਲਟਰ ਉਹ ਮੇਰੇ ਤੋਂ ਵੀ ਪਹਿਲਾਂ ਦਾ ਹੈ। ਉਹ ਬਜ਼ੁਰਗ ਆ। ਹਾਲੇ ਵੀ 55 ਨੰਬਰ ਟੈਕਸੀ ਦਾ ਮਾਲਕ ਆ। ਟੈਕਸੀ ਚਲਾਉਂਦਾ ਵੀ ਆ ਜਾਂ ਪਹਿਲੇ ਬੰਦਿਆਂ ਚੋਂ ਜਿਸ ਬੰਦੇ ਨੇ ਯੈਲੋ ਕੈਬ ਸ਼ੁਰੂ ਕੀਤੀ ਸੀ ਟੋਮਸ ਸਕਾਰ, ਉਸਦਾ ਮੁੰਡਾ ਕਦੇ-ਕਦੇ ਹੁਣ ਵੀ ਟੈਕਸੀ ਚਲਾਉਂਦਾ ਹੈ। ਕਦੇ ਉਹ ਡਿਸਪੈਚ ਕਰਨ ਲੱਗਦਾ ਹੈ। ਬਾਕੀ

ਵੇਚ-ਵੂਚ ਗਏ ।

ਟੈਕਸੀਨਾਮਾ/75