ਪੰਨਾ:ਤਾਰਿਆਂ ਦੇ ਨਾਲ ਗੱਲਾਂ ਕਰਦਿਆਂ – ਗੁਰਭਜਨ ਗਿੱਲ.pdf/128

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ



———98———

ਕਿਸ ’ਤੇ ਰੋਸ ਕਰੇਂਗੀ ਜਿੰਦੇ, ਤੀਰਾਂ ਜਾਂ ਤਲਵਾਰਾਂ ’ਤੇ।
ਟੁੱਟ ਗਿਆ ਹੈ ਮਾਣ ਵੀ ਆਖ਼ਰ, ਜਿਹੜਾ ਸੀ ਦਿਲਦਾਰਾਂ ’ਤੇ।

ਆਮ ਸਾਧਾਰਨ ਬੰਦੇ ਨਾਲੋਂ ਟੁੱਟ ਕੇ 'ਕੱਲਾ ਰਹਿ ਜਾਏਂਗਾ,
ਬਹੁਤਾ ਹੀ ਤੂੰ ਨਿਰਭਰ ਰਹਿਨੈਂ ਟੀ.ਵੀ. ਜਾਂ ਅਖ਼ਬਾਰਾਂ ’ਤੇ।

ਭੁੱਖਣ ਭਾਣੇ ਕਾਫ਼ਲਿਆਂ ਤੋਂ ਕਿੱਦਾਂ ਜਾਨ ਬਚਾਵੇਂਗਾ,
ਤੇਰੇ ਮਹਿਲੀਂ ਪਹੁੰਚ ਗਏ ਜੇ, ਤੁਰਦੇ-ਤੁਰਦੇ ਤਾਰਾਂ ’ਤੇ।

ਅੱਖ ਬਚਾ ਕੇ ਲੰਘ ਜਾਂਦਾ ਏ, ਚੋਰੀ ਏਸ ਚੁਰਸਤੇ ’ਚੋਂ,
ਪੜ੍ਹਦਾ ਕਿਉਂ ਨਹੀਂ ਕੋਲ ਖਲੋ ਕੇ, ਲਿਖਿਐ ਜੋ ਦੀਵਾਰਾਂ ’ਤੇ।

ਅੱਥਰੂ-ਅੱਥਰੂ ਖੇਤੀ ਹੁਣ ਤਾਂ, ਬੰਦ ਮਸ਼ੀਨਾਂ ਸਹਿਕਦੀਆਂ,
ਦੇਸ਼ ਮੇਰੇ ਦੀ ਧੜਕਣ ਅੱਜ ਕੱਲ੍ਹ ਨਿਰਭਰ ਹੈ ਬਾਜ਼ਾਰਾਂ 'ਤੇ।

ਸੁਰਖ਼ ਉਨਾਭੀ ਨੇੜਰ ਤੇਰੇ, ਬਣ ਗਏ ਨੀਮ ਗੁਲਾਬੀ ਨੇ,
ਉਂਗਲੀ ਉੱਠਦੀ ਨਾ ਹੁਣ ਤੇਰੀ, ਹੁੰਦੇ ਅਤਿਆਚਾਰਾਂ ’ਤੇ।

ਤੂੰ ਵੀ ਤਾਂ ਮਸ਼ਗੂਲੇ ਕੀੜੇ, ਹੱਥ ਬੰਨ੍ਹ ਅਰਜ਼ ਗੁਜ਼ਾਰਦਿਆਂ,
ਰਾਤੋ ਰਾਤ ਨਹੀਂ ਇਹ ਪਹੁੰਚੇ, ਤਰਲਿਆਂ ਤੋਂ ਹਥਿਆਰਾਂ ’ਤੇ

*

ਤਾਰਿਆਂ ਦੇ ਨਾਲ ਗੱਲਾਂ ਕਰਦਿਆਂ /128