ਪੰਨਾ:ਤਾਰਿਆਂ ਦੇ ਨਾਲ ਗੱਲਾਂ ਕਰਦਿਆਂ – ਗੁਰਭਜਨ ਗਿੱਲ.pdf/26

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਮਨੁੱਖ ਦਾ ਅੰਦਰਲਾ ਡਰ, ਸ਼ਹਿਰੀਕਰਨ ਵਿਚ ਗੁਆਚੀ ਮਾਨਵ ਪਛਾਣ, ਸਮਾਜਵਾਦੀ ਚੇਤਨਾ, ਲੋਕ ਰਾਜ ਦੇ ਉਲਟ ਮਾਅਨੇ, ਹਿੰਸਾ, ਨਿੱਕੇ ਨਿੱਕੇ ਯੁੱਧਾਂ ਦਾ ਨਿਖੇਧ, ਲੋਕਾਂ ਨੂੰ ਵਰਗਲਾਉਂਦੇ ਡੇਰੇ ਤੇ ਬਾਬੇ, ਭਰੂਣ ਹੱਤਿਆਵਾਂ, ਗਲੋਬਲਾਈਜੇਸ਼ਨ, ਮੰਡੀ ਵਿਚ ਖਲੋਤਾ ਮਨੁੱਖ, ਸਭਿਆਚਾਰਕ ਸੰਕਟ, ਪੰਜਾਬੀਅਤ ਦਾ ਦਰਦ, ਨਿੱਕੀ ਕਿਸਾਨੀ ਦੀ ਦੁਰਦਸ਼ਾ, ਡਿੱਗ ਰਹੇ ਚੇਤੰਨਤਾ ਦੇ ਮਿਆਰ ਆਦਿ ਜਿਹੇ ਸੈਂਕੜੇ ਮਹੱਤਵਪੂਰਨ ਵਿਸ਼ੇ ਉਸ ਦੇ ਸ਼ਿਅਰਾਂ ਦੇ ਵਿਸ਼ੇ ਹਨ। ਛੰਦ ਅਤੇ ਬਹਿਰ ਵਿਚ ਉਹ ਪ੍ਰਬੀਨ ਸ਼ਾਇਰ ਹੈ ਅਤੇ ਗ਼ਜ਼ਲ ਦੀਆਂ ਤਕਨੀਕੀ ਜੁਗਤਾਂ ਨੂੰ ਪੂਰਨ ਤੌਰ 'ਤੇ ਨਿਭਾਉਂਦਾ ਹੈ। ਉਸ ਦੇ ਕਾਫ਼ੀਏ ਅਤੇ ਰਦੀਫ਼ ਤਾਜ਼ਗੀ ਭਰਪੂਰ ਅਤੇ ਨਵੇਂ-ਨਵੇਂ ਹਨ। ਉਸ ਨੇ ਉਹ ਬਹਿਰ ਅਤੇ ਛੰਦ ਵਰਤੇ ਹਨ ਜੋ ਉਸ ਦੀ ਰੂਹ ਵਿਚ ਸਮਾਏ ਹੋਏ ਹਨ ਅਤੇ ਲੋਕਾਂ ਦੇ ਸੁਰ ਵਿਚ ਵੀ ਸ਼ਾਮਿਲ ਹੋ ਚੁੱਕੇ ਹਨ। ਉਸ ਨੇ ਛੰਦਾਂ ਬਹਿਰਾਂ ਦਾ ਵਿਖਾਵਾ ਨਹੀਂ ਕੀਤਾ ਸਗੋਂ ਛੰਦਾਂ ਬਹਿਰਾਂ ਨੂੰ ਇਕ ਵਾਹਕ ਵਜੋਂ ਸਹਿਜ ਨਾਲ ਤੇ ਲੋੜ ਮੂਲਕ ਤੌਰ 'ਤੇ ਲਿਆ ਹੈ। ਮੈਂ ਗੁਰਭਜਨ ਗਿੱਲ ਨੂੰ ਪੰਜਾਬੀ ਗ਼ਜ਼ਲ ਦਾ ਵਾਰਸ ਕਿਹਾ ਹੈ ਕਿਉਂਕਿ ਉਸ ਨੇ ਗ਼ਜ਼ਲ ਨੂੰ ਵਾਰਿਸ ਸ਼ਾਹ ਦੇ ਬੈਂਤਾਂ ਵਾਂਗ ਹੀ ਲੋਕਾਂ ਵਿਚ ਹਰਮਨ ਪਿਆਰੀ ਕੀਤਾ ਹੈ। ਉਸ ਦੀਆਂ ਗ਼ਜ਼ਲਾਂ ਦਾ ਹਥਲਾ ਸੰਗ੍ਰਹਿ "ਤਾਰਿਆਂ ਦੇ ਨਾਲ ਗੱਲਾਂ ਕਰਦਿਆਂ" ਸੰਪਾਦਤ ਕਰਦਿਆਂ ਮੈਨੂੰ ਗ਼ਜ਼ਲ ਵਾਸਤੇ ਕੁਝ ਚੰਗਾ ਕਰਨ ਦਾ ਅਹਿਸਾਸ ਹੋ ਰਿਹਾ ਹੈ।

-ਸੁਲੱਖਣ ਸਿੰਘ ਸਰਹੱਦੀ
ਪਿੰਡ ਕੋਹਾੜ, ਗੁਰਦਾਸਪੁਰ

ਤਾਰਿਆਂ ਦੇ ਨਾਲ ਗੱਲਾਂ ਕਰਦਿਆਂ /26